GurbakhashSBhandal7ਇੱਕ ਵੇਰਾਂ ਟੀਵੀ ’ਤੇ ਇੱਕ ਪ੍ਰੋਗਰਾਮ ਦੇਖਦਿਆਂਕਿਸੇ ਮੁਕਾਬਲੇ ਵਿੱਚ ਭਾਗ ਲੈਣ ਵਾਲੇ ਜਵਾਕ ਦੇ ਬੋਲ ਮੇਰੀ ਰੂਹ ਨੂੰ ਝੰਬ ਗਏ ...
(25 ਜੂਨ 2024)
ਇਸ ਸਮੇਂ ਪਾਠਕ: 275.


ਔਕਾਤ
, ਹੈਸੀਅਤ, ਮਨੁੱਖ ਦਾ ਮਾਨਵੀ ਮੁਲਾਂਕਣ। ਗੁਣਾਂ ਦੀ ਗੁਥਲੀ। ਬਿਰਤੀਆਂ ਦਾ ਬਿਰਤਾਂਤ। ਮਨੁੱਖ-ਭਾਵੀ ਵਿਸ਼ੇਸ਼ਤਾਵਾਂ ਦੀ ਵਿਆਕਰਨ। ਇਨਸਾਨੀਅਤ ਦਾ ਪ੍ਰਕਾਸ਼। ਆਲੇ-ਦੁਆਲੇ ਫੈਲਿਆ ਚਾਨਣ ਦਾ ਸੁਦਰਸ਼ਨ ਚੱਕਰ।

ਔਕਾਤ ਕਦੇ ਵੀ ਖ਼ਾਨਦਾਨ, ਰੁਤਬੇ, ਡਿਗਰੀਆਂ, ਉਪਾਧੀਆਂ, ਜਾਇਦਾਦਾਂ, ਮਹੱਲਾਂ, ਕੋਠੀਆਂ, ਵੱਡੇ ਫਾਰਮਾਂ ਜਾਂ ਅਮੀਰੀ ਦੀ ਮੁਥਾਜ ਨਹੀਂ, ਕਈ ਵਾਰ ਕੁੱਲੀ ਵਿੱਚ ਰਹਿਣ ਵਾਲੇ ਫ਼ਕੀਰ ਦੀ ਔਕਾਤ ਵੀ ਮਹਿਲਾਂ ਵਿੱਚ ਰਹਿਣ ਵਾਲੇ ਰਈਸਜ਼ਾਦਿਆਂ ਤੋਂ ਉੱਪਰ ਹੁੰਦੀ ਹੈ

ਔਕਾਤ, ਹਰ ਵਿਅਕਤੀ ਨੂੰ ਖ਼ੁਦਾ ਦੀ ਜਾਤ ਸਮਝਣਾ, ਮਨੁੱਖ ਦੇ ਭਾਵਾਂ ਦੀ ਕਦਰ ਕਰਨਾ, ਸਾਂਝੀਵਾਲਤਾ ਦਾ ਧਾਰਨੀ ਹੋਣਾ। ‘ਏਕ ਨੂਰ ਤੇ ਸਭ ਜੱਗ ਉਪਜਿਆ’ ਜਿਹੇ ਪ੍ਰਵਚਨਾਂ ਨੂੰ ਕਰਮ-ਧਰਮ ਵਿੱਚ ਧਾਰਨ ਦੀ ਚਾਹਨਾਸਰਬੱਤ ਦੇ ਭਲੇ ਦਾ ਅਰਦਾਸੀਆ।

ਔਕਾਤ, ਕਿਸੇ ਦੀਆਂ ਲੋੜਾਂ ਥੋੜਾਂ ਵਿੱਚ ਪਸੀਜਣਾ, ਦਾਨ ਲਈ ਪਹਿਲ, ਦਸਵੰਧ ਦੀ ਕਰਮ ਯੋਗਤਾ, ਡਿਗਦੇ ਲਈ ਸਹਾਰਾ, ਜ਼ਖ਼ਮ ਲਈ ਮਰਹਮ, ਪੀੜ ਲਈ ਦੁਆ ਅਤੇ ਦਵਾ, ਹਉਕੇ ਲਈ ਦਿਲਾਸਾ, ਟੁੱਟਦੇ ਲਈ ਢਾਰਸ, ਤਿੜਕਣ ਵਿੱਚ ਧਰਵਾਸ, ਬੇਆਸੇ ਲਈ ਆਸ ਅਤੇ ਬੇਔਕਾਤੇ ਨੂੰ ਔਕਾਤ ਨਾਲ ਵਰੋਸਾਉਣਾ।

ਇੱਕ ਵੇਰਾਂ ਟੀਵੀ ’ਤੇ ਇੱਕ ਪ੍ਰੋਗਰਾਮ ਦੇਖਦਿਆਂਕਿਸੇ ਮੁਕਾਬਲੇ ਵਿੱਚ ਭਾਗ ਲੈਣ ਵਾਲੇ ਜਵਾਕ ਦੇ ਬੋਲ ਮੇਰੀ ਰੂਹ ਨੂੰ ਝੰਬ ਗਏ, ਅੱਖਾਂ ਸਿੱਲ੍ਹੀਆਂ ਹੋ ਗਈਆਂ ਅਤੇ ਸੋਚਾਂ ਵਿੱਚ ਤੂਫ਼ਾਨ ਉਮਡਿਆ, ਆਮ ਲੋਕਾਂ ਦੀ ਨੀਚਤਾ ਉੱਪਰ ਰੋਣਾ ਆਇਆ ਅਤੇ ਕਿਸੇ ਦੀ ਪੀੜਾ ਵਿੱਚੋਂ ਖ਼ੁਦ ਲਈ ਖੁਸ਼ੀ ਭਾਲਣ ਵਾਲਿਆਂ ਦੀ ਸੋਚ ’ਤੇ ਸ਼ਰਮਸਾਰੀ ਵੀ। ਹੋਠਾਂ ’ਤੇ ਚੁੱਪ ਅਤੇ ਇਹ ਚੁੱਪ ਮੇਰੇ ਅੰਤਰੀਵ ਵਿੱਚ ਉੱਤਰ ਮੈਨੂੰ ਕੁਰੇਦਣ ਲੱਗੀ। 11 ਕੁ ਸਾਲ ਦੇ ਜਵਾਕ ਦਾ ਕਹਿਣਾ ਸੀ ਕਿ ਮੇਰੇ ਕਲਾਸ ਦੇ ਸਾਥੀ ਅਤੇ ਆਂਢ-ਗੁਆਂਢ ਦੇ ਲੋਕ ਅਕਸਰ ਕਹਿੰਦੇ ਨੇ ਕਿ ਤੇਰਾ ਔਕਾਤ ਹੀ ਕੀ ਆ? ਤੂੰ ਹੈ ਹੀ ਕੀ? ਤੈਨੂੰ ਕਿਹਨੇ ਪੁੱਛਣਾ? ਕੀਹਨੇ ਪਛਾਣਨਾ? ਤੇ ਬੱਚੇ ਨੇ ਮਾਸੂਮ ਜਿਹਾ ਜਵਾਬ ਦਿੱਤਾ ਕਿ ਮੈਂ ਸੋਚਦਾ ਸਾਂ ਕਿ ਔਕਾਤ ਕੋਈ ਬਹੁਤ ਹੀ ਮਹਿੰਗੀ ਚੀਜ਼ ਹੋਣੀ ਆ, ਜਿਹੜੀ ਮਾਪਿਆ ਜਿਹੇ ਗ਼ਰੀਬ ਖਰੀਦ ਨਹੀਂ ਸਕਦੇ, ਤਾਂ ਹੀ ਮੇਰੀ ਕੋਈ ਔਕਾਤ ਨਹੀਂ ਮੈਂ ਤਾਂ ਆਪਣੀ ਔਕਾਤ ਨੂੰ ਭਾਲਣ ਲਈ ਹੀ ਇਸ ਮੁਕਾਬਲੇ ਵਿੱਚ ਆਇਆ ਹਾਂ। ਕਾਸ਼! ਮੈਨੂੰ ਪਤਾ ਲੱਗ ਜਾਵੇ ਕਿ ਮੇਰੀ ਔਕਾਤ ਕੀ ਆ? ਤੇ ਇਹ ਸੁਣ ਕੇ ਮੁਕਾਬਲੇ ਦੇ ਜੱਜ ਅਤੇ ਸਰੋਤੇ ਖ਼ਾਮੋਸ਼ ਹੋ ਗਏ। ਸਾਰਿਆਂ ਦੀਆਂ ਅੱਖਾਂ ਸਿੱਲ੍ਹੀਆਂ ਹੋ ਗਈਆਂ ਅਤੇ ਮਨਾਂ ਵਿੱਚ ਉੱਠੀ ਚੀਸ ਨੇ ਹਾਜ਼ਰੀਨ ਦੇ ਚਿਹਰਿਆਂ ਨੂੰ ਰੁਆਂਸ ਦਿੱਤਾ।

ਜ਼ਰਾ ਸੋਚਣਾ! ਬੱਚੇ ਨੂੰ ਔਕਾਤ ਦੱਸਣ ਅਤੇ ਪੁੱਛਣ ਵਾਲਿਆਂ ਦੀ ਆਪਣੀ ਕੀ ਔਕਾਤ ਹੋਵੇਗੀ? ਬੱਚੇ ਦੇ ਮਨ ’ਤੇ ਕੀ ਬੀਤੀ ਹੋਵੇਗੀ ਜਦੋਂ ਉਸ ਨੂੰ ਔਕਾਤ ਦਾ ਮਿਹਣਾ ਮਾਰਿਆ ਹੋਵੇਗਾ? ਉਸ ਦਾ ਦਿਲ ਤਾਂ ਜ਼ਾਰ-ਜ਼ਾਰ ਰੋਇਆ ਹੋਵੇਗਾ। ਇੱਕ ਡੂੰਘਾ ਜ਼ਖ਼ਮ ਉਸ ਦੇ ਅੰਦਰ ਸਦਾ ਰਿਸਦਾ ਰਹੇਗਾ। ਉਸ ਦੀ ਮਸੂਮੀਅਤ ਨੂੰ ਵਲੂੰਧਰਨ ਦਾ ਦੋਸ਼ੀ ਕੌਣ ਹੋਵੇਗਾ? ਰੂਹ ’ਤੇ ਲੱਗੇ ਅਜਿਹੇ ਫੱਟ ਸਾਰੀ ਉਮਰ ਹੀ ਚਸਕਦੇ ਰਹਿੰਦੇ। ਪਰ ਇਹੀ ਫੱਟ ਹੀ ਕਿਸੇ ਬੇਔਕਾਤੇ ਨੂੰ ਔਕਾਤ ਦੇ ਦਿਸਹੱਦੇ ਦੀ ਦੱਸ ਪਾਉਂਦੇ ਅਤੇ ਔਕਾਤ ਦਾ ਨਵਾਂ ਸਿਰਨਾਵਾਂ ਸਿਰਜਦੇ ਹਨਬਾਅਦ ਵਿੱਚ ਮਿਹਣਾ ਮਾਰਨ ਵਾਲਿਆਂ ਨੂੰ ਆਪੇ ਹੀ ਪਤਾ ਲੱਗ ਜਾਂਦਾ ਹੈ ਕਿ ਔਕਾਤ ਕਿਸ ਨੂੰ ਕਹਿੰਦੇ ਅਤੇ ਕਿਸ ਦੀ ਕਿੰਨੀ ਕੁ ਔਕਾਤ ਹੈ? ਅਕਸਰ ਹੀ ਲੋਕ ਕਿਸੇ ਪੱਥਰ ਨੂੰ ਠੁੱਡ ਮਾਰਦੇ ਹਨ ਪਟ ਜਦੋਂ ਉਸੇ ਪੱਥਰ ਵਿੱਚੋਂ ਮੂਰਤੀ ਤਿਆਰ ਕੀਤੀ ਜਾਂਦੀ ਤਾਂ ਉਸ ਪੱਥਰ-ਰੂਪੀ ਮੂਰਤੀ ਨੂੰ ਨਤਮਸਤਕ ਹੋ ਲੋਕ ਮੰਨਤਾਂ ਮੰਗਣ ਲੱਗ ਪੈਂਦੇ ਹਨ

ਔਕਾਤ, ਬੰਦੇ ਦੇ ਹੱਥ ਵੱਸ। ਉਸ ਦੀ ਸੋਚ ਦੀ ਦਾਸੀ ਅਤੇ ਉਸ ਦੇ ਕਰਮਾਂ ਦੀ ਕਾਮਨੀ। ਕਰਮ-ਸਾਧਨਾਂ ਦੀ ਦੇਵੀ। ਉੱਦਮ ਦਾ ਆਵੇਸ਼। ਮਸਤਕ ਵਿੱਚ ਉੱਗਿਆ ਸੂਰਜ। ਪੂਰਨਿਆਂ ਵਿੱਚੋਂ ਪ੍ਰਗਟਦੀ ਵਰਨਮਾਲਾ। ਲਿਖਤ ਵਿੱਚੋਂ ਪਨਪਦੀ ਸੰਵੇਦਨਾ। ਸੁਹਜ, ਸਲੀਕਾ ਅਤੇ ਸੇਧ ਦਾ ਸੰਗਮ।

ਔਕਾਤ ਨਾ ਤਾਂ ਅਪਹੁੰਚ ਤੇ ਨਾ ਹੀ ਵੱਸੋਂ-ਬਾਹਰੀ ਹੈਨਾ ਹੀ ਅਮੀਰਜ਼ਾਦਿਆਂ ਦੀ ਰਖੇਲ ਅਤੇ ਨਾ ਹੀ ਕਿਸੇ ਕੌਮ, ਮਜ਼੍ਹਬ, ਧਰਮ, ਵਰਣ ਜਾਂ ਜਾਤ ਦੀ ਗ਼ੁਲਾਮ।

ਔਕਾਤ ਵਿਰਾਸਤ ਵਿੱਚ ਵੀ ਨਹੀਂ ਮਿਲਦੀ। ਇਹ ਤਾਂ ਖ਼ੁਦ ਕਮਾਉਣੀ ਪੈਂਦੀ ਹੈ, ਆਪਣੀ ਸਾਵੀਂ ਤੇ ਸੱਚੀ ਸੋਚ, ਸੁੰਦਰ ਵਿਚਾਰ, ਸ਼ੁਭ-ਕਰਮ, ਸਚਿਆਰਾ ਅਚਾਰ-ਵਿਵਹਾਰ, ਸਿਰਜਣ ਸਮਰੱਥਾ ਅਤੇ ਤੱਕੜੀ ਤਪੱਸਿਆ ਨਾਲ।

ਔਕਾਤ ਦਾ ਗੱਲਬਾਤ ਵਿੱਚੋਂ ਪਤਾ ਨਹੀਂ ਲਗਦਾ। ਪਰ ਤੁਹਾਡਾ ਲੋਕਾਂ ਪ੍ਰਤੀ ਕੀ ਵਿਵਹਾਰ ਹੈ, ਤੁਹਾਡੀ ਔਕਾਤ ਦੀ ਚੁਗ਼ਲੀ ਕਰ ਜਾਂਦਾ ਹੈ

ਆਪਣੀ ਹੈਸੀਅਤ ਨੂੰ ਅਜਿਹੀ ਬਣਾਓ ਕਿ ਤੁਹਾਨੂੰ ਮਿਲਣ ਵਾਲਾ ਆਪਣੀ ਔਕਾਤ ਹੀ ਭੁੱਲ ਜਾਵੇ। ਤੁਹਾਡਾ ਵਿਅਕਤੀਤਵ ਅਜਿਹਾ ਹੋਵੇ ਕਿ ਬੰਦਾ ਅਪਣਾ ਜਾਤ ਹੀ ਭੁੱਲ ਜਾਵੇ। ਤੁਹਾਡੇ ਮੁੱਖ ’ਤੇ ਇੰਨਾ ਨੂਰ ਹੋਵੇ ਕਿਸੇ ਨੂੰ ਵਿਹੜੇ ਉੱਤਰੀ ਪ੍ਰਭਾਤ ਹੀ ਭੁੱਲ ਜਾਵੇ।

ਕੁਝ ਲੋਕਾਂ ਨੂੰ ਇੰਨਾ ਫ਼ਤੂਰ ਹੁੰਦਾ ਕਿ ਉਹ ਅਕਸਰ ਹੀ ਕਿਸੇ ਨੂੰ ਕਹਿ ਦਿੰਦੇ ਕਿ ਮੇਰੀ ਔਕਾਤ ਦਾ ਅੰਦਾਜ਼ਾ ਲਗਾਉਣਾ ਤਾਂ ਤੇਰੀ ਔਕਾਤ ਹੀ ਨਹੀਂ ਹੈ।

ਬੰਦਿਆਂ! ਤੂੰ ਕਿਹੜੇ ਧਨ-ਦੌਲਤ ਸਦਕਾ ਆਪਣੀ ਔਕਾਤ ਦੀਆਂ ਡੀਂਗਾਂ ਮਾਰਦਾ ਹੈ? ਯਾਦ ਕਰਿਆ ਕਿ ਕੱਫ਼ਣ ਦੀ ਜੇਬ ਨਹੀਂ ਹੁੰਦੀ। ਸੁੱਕੇ ਪੱਤਿਆਂ ਨੂੰ ਤਾਂ ਟਾਹਣੀ ਵੀ ਆਪਣੇ ਕੋਲ ਨਹੀਂ ਰੱਖਦੀ।

ਔਕਾਤ ਵਿੱਚ ਰਹਿਣ ਵਾਲੇ ਲੋਕ ਆਪਣੀ ਔਕਾਤ ਦੀਆਂ ਕਦੇ ਵੀ ਗੱਲਾਂ ਨਹੀਂ ਕਰਦੇ। ਉਨ੍ਹਾਂ ਦੀ ਔਕਾਤ ਨੂੰ ਕਿਸੇ ਨੂੰ ਦੱਸਣ, ਦਿਖਾਉਣ ਜਾਂ ਅਸਰ-ਅੰਦਾਜ਼ ਕਰਨ ਦੀ ਲੋੜ ਹੀ ਨਹੀਂ ਹੁੰਦੀ।

ਰਾਹ ਜਾਂਦਿਆਂ ਠੇਡਾ ਖਾ ਕੇ ਡਿਗਣਾ, ਕਦੇ ਕਿਸੇ ਮਿਸ਼ਨ ਵਿੱਚ ਫੇਲ ਹੋ ਜਾਣਾ ਜਾਂ ਅਚਨਚੇਤ ਮਿਲੀ ਅਸਫਲਤਾ ਨਿਆਮਤ ਹੁੰਦੀ ਕਿਉਂਕਿ ਅਜਿਹੇ ਮੌਕਿਆਂ ’ਤੇ ਮਨੁੱਖ ਨੂੰ ਆਪਣੀ ਔਕਾਤ ਦਾ ਪਤਾ ਲੱਗ ਜਾਂਦਾ।

ਸਿਆਣਾ ਬੰਦਾ ਔਕਾਤ ਹੀ ਭੁੱਲ ਜਾਵੇ, ਇੰਨਾ ਤਾਂ ਉਹ ਅਮੀਰ ਨਹੀਂ ਹੁੰਦਾ। ਪਰ ਕੋਈ ਉਸ ਨੂੰ ਉਸ ਦੀ ਔਕਾਤ ਬਾਰੇ ਕੁਝ ਕਹੇ, ਕਦੇ ਅਜਿਹਾ ਵੀ ਫ਼ਕੀਰ ਨਹੀਂ ਹੁੰਦਾ। ਹਰ ਬੰਦੇ ਦੀ ਕੋਈ ਨਾ ਕੋਈ ਤਾਂ ਔਕਾਤ ਹੁੰਦੀ ਹੀ ਹੈ

ਰਿਸ਼ਤੇ ਉਨ੍ਹਾਂ ਨਾਲ ਬਣਾਓ, ਸੰਬੰਧ ਅਜਿਹਿਆਂ ਨਾਲ ਸਥਾਪਤ ਕਰੋ ਅਤੇ ਪਿਆਰ ਸਿਰਫ਼ ਉਸ ਨੂੰ ਹੀ ਕਰੋ, ਜਿਸਦੀ ਵਫ਼ਾ ਪਾਲਣ ਦੀ ਔਕਾਤ ਹੋਵੇ। ਵਰਨਾ ਲੋਕ ਤਾਂ ਰਿਸ਼ਤਿਆਂ ਨੂੰ ਵਰਤ ਕੇ ਡਸਟਬਿਨ ਵਿੱਚ ਸੁੱਟ ਦਿੰਦੇ ਨੇ।

ਔਕਾਤ ਬਦਲਦਿਆਂ ਦੇਰ ਨਹੀਂ ਲਗਦੀ। ਸਹੀ ਸਮਾਂ, ਸਹੀ ਮੌਕਾ ਅਤੇ ਸਹੀ ਸੇਧ ਵਿੱਚ ਧਰਿਆ ਇੱਕ ਹੀ ਕਦਮ, ਮਨੁੱਖੀ ਹੈਸੀਅਤ ਵਿੱਚ ਬਦਲਾਅ ਪੈਦਾ ਕਰ ਦਿੰਦਾ ਹੈ

ਕਦੇ ਮਹਾਨ ਵਿਅਕਤੀਆਂ, ਵਿਗਿਆਨੀਆਂ, ਕਲਾਕਾਰਾਂ, ਸਮਾਜ ਸੇਵਕਾਂ ਜਾਂ ਧਾਰਮਿਕ ਗੁਰੂਆਂ ਦੀ ਜੀਵਨ-ਗਾਥਾ ਪੜ੍ਹਨਾ, ਤੁਹਾਨੂੰ ਪਤਾ ਲੱਗੇਗਾ ਕਿ ਤਕਦੀਰ ਬਦਲਣ ਨਾਲ ਬੰਦੇ ਦੀ ਔਕਾਤ ਕਿਵੇਂ ਬਦਲਦੀ ਹੈਜਦੋਂ ਕਿਸੇ ਕੰਮੀ ਦਾ ਬੱਚਾ ਉੱਚ-ਅਧਿਕਾਰੀ ਬਣ ਜਾਂਦਾ ਤਾਂ ਕੰਮੀ ਨੂੰ ਘੂਰਨ ਵਾਲੇ ਜ਼ਿਮੀਂਦਾਰ ਵੀ ਉਸ ਦਾ ਅਦਬ ਕਰਨ ਲੱਗਦੇ। ਡਰ ਹੁੰਦਾ ਕਿ ਪਤਾ ਨਹੀਂ ਸਾਨੂੰ ਇਸਦੀ ਕਿਹੜੇ ਵੇਲੇ ਲੋੜ ਪੈ ਜਾਵੇ। ਇਹੀ ਲੋੜ ਹੀ ਕਿਸੇ ਕੰਮੀ ਦੀ ਔਕਾਤ ਬਦਲਣ ਦਾ ਪ੍ਰਮਾਣ ਹੁੰਦੀ।

ਆਪਣੀ ਔਕਾਤ ਵਿੱਚ ਰਹਿੰਦਿਆਂ, ਸੀਮਤ ਸਾਧਨਾਂ ਨਾਲ ਜੀਵਨ ਨੂੰ ਸੁਖਦ ਅਤੇ ਸੁਪਨਮਈ ਬਣਾਉਣ ਵਾਲੇ, ਜ਼ਿੰਦਗੀ ਦੇ ਅਨਮੋਲ ਹੀਰੇ। ਔਕਾਤ ਤੋਂ ਬਾਹਰ ਜਾ ਕੇ ਆਪਣੀ ਹਉਮੈਂ, ਅਹੰਕਾਰ ਤੇ ਮੈਂ ਨੂੰ ਮੋਹਰੀ ਬਣਾਉਣ ਵਾਲੇ, ਜੀਵਨ ਦੇ ਨਾਲਾਇਕ ਪੁੱਤ। ਅਜਿਹੇ ਲੋਕ ਆਪਣੇ ਅਮਾਨਵੀ ਵਿਹਾਰ ਨਾਲ ਇਨਸਾਨੀਅਤ ਤੋਂ ਗਿਰਨ ਲੱਗਿਆਂ ਪਲ ਵੀ ਨਹੀਂ ਲਾਉਂਦੇ। ਦਰਅਸਲ ਇਹ ਮਨੁੱਖਤਾ ਦੇ ਮੱਥੇ ’ਤੇ ਲੱਗਿਆ ਇੱਕ ਧੱਬਾ ਹੁੰਦੇ ਹਨ

ਜਦੋਂ ਕੋਈ ਹੈਂਕੜਬਾਜ਼ ਕਿਸੇ ਗ਼ਰੀਬ, ਸ਼ਰੀਫ਼, ਇਮਾਨਦਾਰ ਜਾਂ ਸੱਚੇ ਵਿਅਕਤੀ ਨੂੰ ਕਹੇ ਕਿ ਮੈਂ ਤੈਨੂੰ ਤੇਰੀ ਔਕਾਤ ਦੱਸਣਾ ਚਾਹੁੰਦਾ ਹਾਂ। ਤੂੰ ਆਪਣੀ ਔਕਾਤ ਵਿੱਚ ਰਹਿ, ਜਾਂ ਕਹੇ ਕਿ ਮੈਂ ਜਾਣਦਾ ਹਾਂ ਕਿ ਤੇਰੀ ਔਕਾਤ ਕੀ ਏ, ਤਾਂ ਸਮਝ ਜਾਣਾ ਕਿ ਹੈਂਕੜਬਾਜ਼ ਦੀ ਹੀ ਕੋਈ ਔਕਾਤ ਨਹੀਂ। ਯਾਦ ਰੱਖਣਾ ਕਿ ਜ਼ਿਆਦਾਤਰ ਝਗੜੇ, ਕਲੇਸ਼, ਰੋਸੇ, ਮਨ-ਮੁਟਾਈ, ਘਿਰਣਾ, ਮਨਮੁਖਾਂ ਵਾਲਾ ਜਾਂ ਦੁਸ਼ਮਣੀ ਦਾ ਪ੍ਰਗਟਾਵਾ, ਔਕਾਤ ਦਾ ਕਮੀਨਾ ਪ੍ਰਗਟਾਵਾ ਅਤੇ ਦੂਸਰੇ ਨੂੰ ਨੀਵਾਂ ਦਿਖਾਉਣ ਦੀ ਬਿਰਤੀ ਹੁੰਦੀ ਹੈਲੋਕ ਆਪ ਵੱਡੇ ਨਹੀਂ ਹੋਣਾ ਚਾਹੁੰਦੇ ਸਗੋਂ ਉਹ ਉੱਪਰ ਉੱਠਣ ਵਾਲਿਆਂ ਨੂੰ ਨੀਵਾਂ ਸਾਬਤ ਕਰਨ ਲਈ ਕਿਸੇ ਦੀ ਔਕਾਤ ਨੂੰ ਨਿੰਦਣ ਅਤੇ ਬਦਖੋਹੀ ਕਰਨ ਤੀਕ ਉਤਾਰੂ ਹੋ ਜਾਂਦੇ ਹਨ

ਅਕਸਰ ਲੋਕ ਔਕਾਤ ਨੂੰ ਨਕਾਰਾਤਮਿਕ ਰੂਪ ਵਿੱਚ ਹੀ ਜੱਗ-ਜ਼ਾਹਿਰ ਕਰਦੇ ਹਨਕਦੇ ਸਮਾਜ ਵਿੱਚ ਆਪਣੀ ਗੱਲਬਾਤ, ਸਲੀਕੇ ਅਤੇ ਕਰਮ ਸ਼ੈਲੀ ਰਾਹੀਂ ਔਕਾਤ ਦਾ ਸਕਾਰਾਤਮਿਕ ਰੂਪ ਦਿਖਾਉਣਾ, ਦੁਨੀਆ ਤੁਹਾਨੂੰ ਸਲਾਮਾਂ ਕਰੇਗੀ।

ਔਕਾਤ ਤਾਂ ਸੇਵਾ ਭਾਵਨਾ, ਕਿਸੇ ਬੇਆਸਰੇ ਦੇ ਕੰਮ ਆਉਣ ਦੀ ਬਿਰਤੀ, ਅੱਖਰ ਦਾਨ ਦੇਣ ਦਾ ਸੁਭਾਅ, ਰੋਂਦੇ ਦੇ ਹੰਝੂ ਪੂੰਝਣ ਦੀ ਤੜਫ਼, ਅਬਲਾ ਦੇ ਸਿਰੋਂ ਲੱਥੀ ਚੁੰਨੀ ਨੂੰ ਸਿਰ ’ਤੇ ਟਿਕਾਉਣ ਦੀ ਦਲੇਰੀ, ਪਿਆਰ ਦਾ ਪੈਗ਼ਾਮ ਹਰ ਵਿਹੜੇ ਵਿੱਚ ਪਹੁੰਚਾਉਣ ਦੀ ਪਹਿਲਕਦਮੀ, ਮਨੁੱਖੀ ਬਰਾਬਰੀ ਦਾ ਅਹਿਸਾਸ, ਠੇਡੇ ਖਾ ਕੇ ਡਿਗੇ ਨੂੰ ਦਿੱਤਾ ਧਰਵਾਸ ਅਤੇ ਕਿਸੇ ਲਈ ਬਣਿਆ ਅਕਾਸ਼ ਹੁੰਦੀ ਹੈ

ਇਹ ਕੇਹੀ ਔਕਾਤ ਕਿ ਬੰਦਾ ਧਨ ਤੇ ਤਾਕਤ ਦੇ ਨਸ਼ੇ ਵਿੱਚ ਬਿਫ਼ਰਿਆ ਫਿਰੇ, ਸੜਕਾਂ ’ਤੇ ਪੈਦਲ ਜਾਂਦੇ ਜਾਂ ਸੜਕ ਨਕਾਰੇ ਸੁੱਤੇ ਹੋਏ ਘਰ-ਹੀਣਾਂ ਨੂੰ ਕਾਰ ਹੇਠ ਦਰੜੇ, ਦਾਰੂ ਦੀ ਲੋਰ ਵਿੱਚ ਕਾਨੂੰਨ ਦੀਆਂ ਧੱਜੀਆਂ ਉਡਾਏ, ਮਾਪਿਆਂ ਨੂੰ ਘਰੋਂ ਕੱਢ ਕੇ ਬੁਢਾਪਾ ਘਰਾਂ ਵਿੱਚ ਰੁਲਨ ਲਈ ਛੱਡੇ, ਉਨ੍ਹਾਂ ਦੇ ਜਾਅਲੀ ਅੰਗੂਠੇ ਲਗਵਾਏ ਅਤੇ ਜੱਦੀ ਜਾਇਦਾਦ ਤੋਂ ਆਪਣਿਆਂ ਨੂੰ ਹੀ ਮਹਿਰੂਮ ਕਰਕੇ ਗੁਲਛਰੇ ਉਡਾਏ, ਅਧਰਮੀ ਹੁੰਦਿਆਂ ਖ਼ੁਦ ਨੂੰ ਧਰਮੀ ਅਖਵਾਏ, ਆਪਣਿਆਂ ਨੂੰ ਹੀ ਕੁੱਟੇ, ਲੁੱਟੇ ਅਤੇ ਉਨ੍ਹਾਂ ਲਈ ਕਬਰਾਂ ਪੁੱਟੇ। ਗ਼ਰੀਬਾਂ ਦੀਆਂ ਝੁੱਗੀਆਂ ਢਾਹੇ ਅਤੇ ਉਸ ਜਗਾਹ ਤੇ ਆਲੀਸ਼ਾਨ ਬੰਗਲਾ ਜਾਂ ਹੋਟਲ ਬਣਾਵੇ। ਮਾਇਕ ਲਾਭ ਖ਼ਾਤਰ ਲੋਕਾਂ ਦੇ ਧੀਆਂ ਪੁੱਤਾਂ ਨੂੰ ਨਸ਼ਿਆਂ ’ਤੇ ਲਾਵੇ ਅਤੇ ਫਿਰ ਉਨ੍ਹਾਂ ਦੀ ਲਾਸ਼ਾਂ ਤੇ ਮਗਰਮੱਛੂ ਅੱਥਰੂ ਵਹਾਏ।

ਜਦੋਂ ਕੋਈ ਬੰਦਾ ਖ਼ੁਦ ਨੂੰ ਖ਼ੁਦਾ ਅਖਵਾਏ ਤਾਂ ਸਮਝੋ ਕਿ ਉਸ ਦੇ ਸਿਰ ’ਤੇ ਮੰਡਰਾਉਂਦੀ ਹੈ ਮੌਤ ਅਤੇ ਉਸ ਦੀ ਔਕਾਤ ਨੇ ਬਹੁਤ ਜਲਦੀ ਹੋ ਜਾਣਾ ਹੈ ਫ਼ੌਤ। ਜਦੋਂ ਕੋਈ ਲੱਪ ਕੁ ਆਟਾ ਮੰਗਣ ਵਾਲਿਆਂ ਸਾਹਵੇਂ ਭਰੇ ਗੁਦਾਮਾਂ ’ਤੇ ਕੁੰਡਲੀ ਮਾਰੇ ਤਾਂ ਸਮਝ ਲੈਣਾ ਕਿ ਭੁੱਖੀਆਂ ਆਂਦਰਾਂ ਦੀ ਬਦ-ਦੁਆ ਨੇ ਗ਼ਰਕ ਕਰ ਦੇਣਾ ਹੈ ਉਸ ਦਾ ਤਿਲਿਸਮੀ ਹੰਕਾਰ।

ਕਿਸੇ ਦੇ ਸਾਹਮਣੇ ਆਪਣੀ ਔਕਾਤ ਦਿਖਾਉਣਾ, ਆਪਣੇ ਆਪ ਦੀ ਹੇਠੀ, ਧਾਰਮਿਕ ਆਸਥਾ ਦੀ ਬਦਖੋਈ, ਖ਼ੁਦ ਦੀ ਦੁਰਦਸ਼ਾ, ਅੰਤਰੀਵ ਦਾ ਲਹੂ-ਲੁਹਾਣ ਹੋਣਾ ਅਤੇ ਆਪਣੇ ਅੰਦਰਲੇ ਸੋਗ ਦਾ ਪਤਾ ਹੀ ਨਾ ਹੋਣਾ। ਆਪਣੇ ਸਾਹਵੇਂ ਨਮੋਸ਼ੀ ਅਤੇ ਮਨ ਨੂੰ ਮੱਲੀ ਬੈਠੀ ਖ਼ਾਮੋਸ਼ੀ, ਬੋਲਾਂ ਵਿੱਚ ਅੱਗ ਉਗਲਦਾ ਆਪਾ, ਅਤੇ ਆਪਣੇ ਹੀ ਸਾਹ-ਸਾਜ਼ਾਂ ਲਈ ਸਿਆਪਾ, ਨੈਣਾਂ ਵਿੱਚ ਜੰਮਿਆ ਭੈਅ ਅਤੇ ਕਰਮਾਂ ਵਿੱਚ ਕੁਕਰਮਾਂ ਦਾ ਕੁਹਰਾਮ।

ਕੇਰਾਂ ਮੈਂ ਔਕਾਤ ਨੂੰ ਮਿਲਿਆ
ਉਸ ਦੇ ਸਨਮੁਖ ਹੋ

ਉਸ ਨੂੰ ਪੁੱਛਿਆ
ਕਿ ਦੱਸ ਤਾਂ ਸਹੀ
ਤੇਰੀਆਂ ਨਜ਼ਰਾਂ ’ਚ ਮੇਰੀ ਔਕਾਤ ਕੀ ਏ
?

ਔਕਾਤ ਨੇ ਮੈਨੂੰ ਕਿਹਾ,
ਮੈਨੂੰ ਦੱਸਣ ਦੀ ਲੋੜ ਹੀ ਨਹੀਂ,
ਕਦੇ ਤੂੰ ਆਪਣੇ ਆਪ ਨੂੰ ਮਿਲੀਂ,
ਅਤੇ ਖ਼ੁਦ ਨੂੰ ਪੁੱਛੀਂ
ਕਿ ਤੂੰ ਕਿੰਨਿਆਂ ਦੇ ਅੱਥਰੂ ਪੂੰਝੇ ਨੇ?
ਕਦੇ ਮਾਂ ਬਾਪ ਕੋਲ ਬਹਿ ਕੇ
ਉਨ੍ਹਾਂ ਦਾ ਹਾਲ ਚਾਲ ਪੁੱਛਿਆ
ਤੇ ਆਪਣਾ ਦੁੱਖ-ਸੁਖ ਦੱਸਿਆ?
ਮਾਪਿਆਂ ਦੀ ਜੀਵਨ-ਗਾਥਾ ਨੂੰ
ਕਦੇ ਚੇਤਨਾ ਵਿੱਚ ਉਲਥਾਇਆ?
ਕੀ ਮਾਂ ਦੀਆਂ ਅਸੀਸਾਂ
ਤੇ ਬਾਪ ਦੀ ਮਾਣੀ ਛਾਂ ਦਾ ਸ਼ੁਕਰ ਕੀਤਾ?

ਕੀ ਕਦੇ ਕਿਸੇ ਦੇ
ਜੀਵਨ-ਰਾਹ ਦੇ ਰੋੜਿਆਂ ਨੂੰ ਹਟਾਇਆ?
ਪੈਰਾਂ ਵਿੱਚ ਪੁੜੇ ਕੰਡੇ ਨੂੰ ਕੱਢਿਆ?
ਲੀਰਾਂ ਹੋਈ ਪੱਤ ਦਾ ਕੱਜਣ ਬਣਿਆ?
ਖੇਤਾਂ ਵਿੱਚ ਉੱਗਦੀਆਂ ਖੁਦਕੁਸ਼ੀਆਂ ਦੀ ਗੱਲ ਕੀਤੀ?
ਝੁੱਗੀਆਂ ਦੇ ਉੱਡਦੇ ਕੱਖਾਂ-ਕਾਨਿਆਂ ਨੂੰ ਮੁਖ਼ਾਤਬ ਹੋਇਆਂ?
ਛਤੀਰ ਨਾਲ ਲਟਕਦੀ ਲਾਸ਼ ਦੀਆਂ ਅੱਖਾਂ ਵਿੱਚ ਝਾਕਿਆ?
ਅਬਲਾ ਦੇ ਦੀਦਿਆਂ ਵਿੱਚ ਲਟਕਦੇ ਅੱਥਰੂਆਂ ਦੀ ਕਥਾ ਪੜ੍ਹੀ?
ਰਿਸਦੇ ਜ਼ਖ਼ਮ ਦੀ ਚੀਸ ਨੂੰ ਪਿੰਡੇ ’ਤੇ ਹੰਢਾਇਆ?
ਕਦੇ ਬੋਲਾਂ ਵਿੱਚ ਹਮਦਰਦੀ ਦਾ ਨਾਦ ਪੈਦਾ ਹੋਇਆ?

ਨਫ਼ਰਤੀ ਯੁਗ ਵਿੱਚ ਪਿਆਰ ਦਾ ਨਗ਼ਮਾ ਗਾਇਆ?
ਜਾਤਾਂ, ਨਸਲਾਂ, ਅਤੇ ਧਰਮਾਂ ਦੀ ਵਰਨ ਵੰਡ ਵਿਚ
ਸਾਂਝੀਵਾਲਤਾ ਦਾ ਸੁਨੇਹਾ ਦਿੱਤਾ?
ਸ਼ਬਦਾਂ ਵਿੱਚ ਅਰਥਾਂ ਦੇ ਚਿਰਾਗ਼ ਧਰੇ?
ਬੋਲਾਂ ਵਿੱਚ ਅਨਾਥ ਬੱਚਿਆਂ ਦੀ ਲਿਲ੍ਹਕੜੀ ਗੂੰਜੀ?

ਕਦੇ ਆਪਣੇ ਆਪ ਨੂੰ ਮਿਲਿਆਂ?
ਕੀਰਤੀ ਵਿੱਚੋਂ ਚੰਗਿਆਈ ਦੀ ਕਸ਼ੀਦਗੀ ਕੀਤੀ?
ਕਹਿੰਦਿਆਂ ਕਹਿੰਦਿਆਂ … … … … .”
ਔਕਾਤ ਖ਼ਾਮੋਸ਼ ਹੋ ਗਈ

ਅਤੇ

ਮੈਨੂੰ ਮੇਰੀ ਔਕਾਤ ਪਤਾ ਲੱਗ ਗਈ।

ਸਨਿਮਰੀ ਔਕਾਤ ਵਾਲੇ ਵਿਅਕਤੀ ਨਿਰਭਉ ਅਤੇ ਨਿਰਵੈਰ ਦਾ ਨਗ਼ਮਾ, ਜੀਵਨ-ਨਾਦ ਦਾ ਗੀਤ, ਕਲਾਮਈ ਵਰਤਾਰਿਆਂ ਦੀ ਕਾਵਿਕ-ਅਰਾਧਨਾ, ਨਿਮਰਤਾ ਦੀ ਕਸ਼ਿਸ਼, ਸੰਤੁਸ਼ਟੀ, ਸਹਿਜ ਤੇ ਸੰਤੋਖੀ ਪੁਣੇ ਦਾ ਸਮਤੋਲ ਅਤੇ ਸਰੂਪ, ਸਿਆਣਪ ਤੇ ਸਮਝ ਦਾ ਸੰਗਮ ਹੁੰਦੇ ਹਨ, ਜੀਵਨੀ ਦਾਰਸ਼ਨਿਕਤਾ ਦਾ ਮਹਾਂਕਾਵਿ, ਦਇਆ ਤੇ ਦਰਿਆ-ਦਿਲੀ ਦੀ ਦਿਲਗੀਰੀ, ਮੁਹੱਬਤ ਦਾ ਮੁਜੱਸਮਾ ਅਤੇ ਪਿਆਰ ਪਾਕੀਜ਼ਗੀ ਦੀ ਪਾਹੁਲ ਹੁੰਦੇ ਹਨ

ਕੀ ਤੁਸੀਂ ਅਜਿਹੀ ਔਕਾਤ ਨੂੰ ਆਪਣੀ ਸੋਚ ਵਿੱਚ ਚਿੱਤਵਿਆ ਹੈ ਜਾਂ ਅਜਿਹੀ ਔਕਾਤ ਦਾ ਸਜੀਲਾ ਬਿੰਬ ਹੋ? ਸੋਚਣਾ ਜ਼ਰੂਰ। ਬਹੁਤ ਕੁਝ ਤੁਹਾਡੇ ਮਸਤਕ ਵਿੱਚ ਖ਼ੁਦ-ਬਖ਼ੁਦ ਪ੍ਰਗਟ ਹੋ ਜਾਵੇਗਾ ਅਤੇ ਤੁਸੀਂ ਉਸ ਔਕਾਤ ਦਾ ਮਾਣ ਹੋਵੋਗੇ, ਜਿਸਦੀ ਤਮੰਨਾ ਤੁਹਾਡਾ ਦਿਲ ਕਰਦਾ ਹੈ।

*   *   *   *   *

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(5080)
ਸਰੋਕਾਰ ਨਾਲ ਸੰਪਰਕ ਲਈ: 
(This email address is being protected from spambots. You need JavaScript enabled to view it.)

More articles from this author