“ਵਿਦਿਆਰਥੀਆਂ ਨੂੰ ਆਪਣੀ ਜ਼ਿੰਦਗੀ ਵਿੱਚ ਸਹੀ ਦਿਸ਼ਾ ਵੱਲ ਸਖ਼ਤ ਮਿਹਨਤ ਕਰਨ ਦੀ ਲੋੜ ਹੈ ਕਿਉਂਕਿ ...”
(11 ਜਨਵਰੀ 2022)
ਸਬਰ ਸੰਤੋਖ ਅਤੇ ਸਹੀ ਦਿਸ਼ਾ ਵਿੱਚ ਕੀਤੀ ਗਈ ਮਿਹਨਤ ਇੱਕ ਦਿਨ ਜ਼ਰੂਰ ਰੰਗ ਲਿਆਉਂਦੀ ਹੈ, ਇਹ ਗੱਲ ਪਿਛਲੇ ਦਿਨੀਂ 22 ਅਕਤੂਬਰ 2021 ਨੂੰ ਸਹੀ ਸਾਬਤ ਹੋ ਗਈ ਜਦੋਂ ਇਸ ਦਿਨ ਮੈਂ ਪੰਜਾਬ ਸਕੂਲ ਸਿੱਖਿਆ ਵਿਭਾਗ ਵਿੱਚ ਬਤੌਰ ‘ਸਕੂਲ ਲਾਇਬ੍ਰੇਰੀਅਨ’ ਨਿਯੁਕਤ ਹੋਇਆ।
ਸਿੱਖਿਆ ਦੇ ਨਾਲ ਹਰ ਇਨਸਾਨ ਆਪਣੀ ਜੀਵਨ ਵਿੱਚ ਬਹੁਤ ਸਾਰੀਆਂ ਤਬਦੀਲੀਆ ਲਿਆ ਸਕਦਾ ਹੈ, ਕਿਉਂਕਿ ਜਦ ਕੋਈ ਵੀ ਮਨੁੱਖ ਕਿਸੇ ਵੀ ਖੇਤਰ ਵਿੱਚ ਪ੍ਰਬੀਣਤਾ ਹਾਸਲ ਕਰ ਲੈਂਦਾ ਹੈ ਤਾਂ ਉਸ ਨਾਲ ਉਸ ਦੇ ਆਰਥਿਕ ਹਾਲਾਤ ਕਾਫੀ ਚੰਗੇ ਹੋ ਜਾਂਦੇ ਹਨ। ਇਸ ਨਾਲ ਉਹ ਆਪਣੇ ਬੱਚਿਆਂ ਅਤੇ ਆਪਣੇ ਭੈਣ ਭਰਾਵਾਂ ਦਾ ਕਾਫ਼ੀ ਮਾਨਸਿਕ ਅਤੇ ਆਰਥਿਕ ਵਿਕਾਸ ਕਰ ਪਾਉਂਦਾ ਹੈ।
ਮੈਂਨੂੰ ਵੀ ਆਪਣੀ ਛੋਟੀ ਜਿਹੀ ਉਮਰ ਵਿੱਚ ਸਿੱਖਿਆ ਪ੍ਰਾਪਤ ਕਰਨ ਲਈ ਕਈ ਤਰ੍ਹਾਂ ਦੀਆਂ ਔਕੜਾਂ ਦਾ ਸਾਹਮਣਾ ਕਰਨ ਪਿਆ ਪਰ ਮੇਰੇ ਕੁਝ ਕੁ ਦੋਸਤ ਜੋ ਮੈਂਨੂੰ ‘ਮਿਹਨਤੀ ਇਨਸਾਨ’ ਦਾ ਦਰਜਾ ਦਿੰਦੇ ਹਨ, ਉਨ੍ਹਾਂ ਦੀ ਹੱਲਾਸ਼ੇਰੀ ਅਤੇ ਚੰਗੀ ਸੰਗਤ ਨਾਲ ਮੈਂ ਹੋਰ ਅੱਗੇ ਵੱਲ ਵਧਣ ਦੀ ਕੋਸ਼ਿਸ਼ ਕਰਦਾ ਰਿਹਾ। ਇਹ ਦੋਸਤ ਮੈਂਨੂੰ ਐੱਨ.ਬੀ. ਬੁੱਕ ਡਿੱਪੋ, ਬਰਨਾਲਾ ’ਤੇ ਸੇਲਜ਼ਮੈਨ ਵਜੋਂ ਕੰਮ ਕਰਦੇ ਸਮੇਂ ਮਿਲੇ ਸਨ, ਜਿਨ੍ਹਾਂ ਵਿੱਚ ਅਰਵਿੰਦ ਸ਼ਰਮਾ, ਜਿਸਦੇ ਪਿਤਾ ਜੀ ਪੁਲਿਸ ਵਿੱਚ ਸਨ ਤੇ ਜੋ ਕਿ ਉਸ ਟਾਈਮ ਬੀ.ਐੱਡ ਕਰਦਾ ਸੀ ਅਤੇ ਅੱਜਕੱਲ੍ਹ ਇੱਕ ਸਰਕਾਰੀ ਸਕੂਲ ਦੇ ਵਿੱਚ ਅਧਿਆਪਕ ਹੈ। ਦੂਸਰਾ ਦੋਸਤ ਜਗਸੀਰ ਧੌਲਾ ਹੈ। ਉਹ ਵੀ ਬੀ.ਐੱਡ ਹੀ ਕਰਦਾ ਸੀ ਪਰ ਨਾਲ ਥੋੜ੍ਹਾ ਜਹਾ ਟਿਊਸ਼ਨਾਂ ਦਾ ਕੰਮ ਵੀ ਕਰਦਾ ਸੀ ਕਿਉਂਕਿ ਉਹ ਆਰਥਿਕ ਤੌਰ ’ਤੇ ਜ਼ਿਆਦਾ ਮਜ਼ਬੂਤ ਨਹੀਂ ਸੀ। ਪਰ ਅੱਜ ਉਹ ਤੰਗ ਤੁਰਸ਼ੀਆਂ ਦੇ ਦਿਨ ਕੱਟਣ ਤੋਂ ਬਾਅਦ ਇੱਕ ਸਰਕਾਰੀ ਸਕੂਲ ਦੇ ਵਿੱਚ ਅਧਿਆਪਕ ਵਜੋਂ ਤਾਇਨਾਤ ਹੈ। ਇਨ੍ਹਾਂ ਦੋਸਤਾਂ ਤੋਂ ਬਿਨਾਂ ਇੱਕ ਹੋਰ ਮੇਰਾ ਦੋਸਤ ਹੈ ਜੋ ਕਿ ਕਾਫ਼ੀ ਗਰੀਬੀ ਵਿੱਚੋਂ ਉੱਠਿਆ ਸੀ, ਜਿਸਦੇ ਘਰ ਵਿੱਚ ਸਿੱਖਿਆ ਦਾ ਕੋਈ ਮਾਹੌਲ ਨਹੀਂ ਸੀ, ਪਰਿਵਾਰ ਵਿੱਚ ਕੋਈ ਵੀ ਪੜ੍ਹਿਆ ਨਹੀਂ ਸੀ, ਉਹ ਹੈ ਸ. ਗੁਰਜੰਟ ਸਿੰਘ। ਗੁਰਜੰਟ ਸਿੰਘ ਪੰਜਾਬੀ ਯੂਨੀਵਰਸਿਟੀ, ਪਟਿਆਲਾ ਵਿਖੇ ਤਾਇਨਾਤ ਹੈ। ਇਸਦੀ ਇੱਕ ਗੱਲ ਖਾਸ ਹੈ ਕਿ ਇਸ ਨੇ ਪ੍ਰਾਈਵੇਟ ਨੌਕਰੀ ਕਰਦੇ ਦੌਰਾਨ ਬੱਸ ਵਿੱਚ ਪੜ੍ਹਦੇ ਬੀ.ਏ. ਪ੍ਰਾਈਵੇਟ ਅਤੇ ਟਰੇਨ ਵਿੱਚ ਜਾਂਦੇ ਹੋਏ ਐੱਮ.ਏ. ਪੰਜਾਬੀ ਪ੍ਰਾਈਵੇਟ ਅਤੇ ਨੈੱਟ ਦੀ ਪ੍ਰੀਖਿਆ ਪਾਸ ਕੀਤੀ। ਇਹ ਦੋਵੇਂ ਪਤੀ-ਪਤਨੀ ਹੁਣ ਪੀਐੱਚ. ਡੀ ਕਰ ਰਹੇ ਹਨ। ਗੁਰਜੰਟ ਸਿੰਘ ਨੇ ਆਪਣੀ ਪਤਨੀ ਹਰਦੀਪ ਕੌਰ ਨੂੰ ਵੀ ਬਾਰ੍ਹਵੀਂ ਕਲਾਸ ਤੋਂ ਬਾਅਦ ਖੁਦ ਪੜ੍ਹਾਇਆ ਜੋ ਕਿ ਐੱਮ.ਏ. ਪੰਜਾਬੀ ਅਤੇ ਨੈੱਟ ਦੀ ਪ੍ਰੀਖਿਆ ਪਾਸ ਕਰਕੇ ਕਾਲਜ ਵਿੱਚ ਲੈਕਚਰਾਰ ਨਿਯੁਕਤ ਹੋਏ ਹਨ। ਇਨ੍ਹਾਂ ਬਾਰੇ ਇੱਕ ਗੱਲ ਬੜੀ ਪ੍ਰਚਲਿਤ ਹੈ ਕਿ ਇਹ ਵਿਦਿਆਰਥੀਆਂ ਦੀ ਬਹੁਤ ਮਦਦ ਕਰਦੇ ਹਨ ਹਰ ਐਤਵਾਰ ਇਨ੍ਹਾਂ ਦੇ ਕੋਲ ਦੋ-ਚਾਰ ਵਿਦਿਆਰਥੀ ਘਰ ਸਲਾਹ ਲੈਣ ਲਈ ਆਉਂਦੇ ਹਨ।
ਇਸ ਤਰ੍ਹਾਂ ਇਨ੍ਹਾਂ ਦੋਸਤਾ ਦੀ ਹੱਲਾਸੇਰੀ ਨਾਲ ਮੈਂ ਵੀ ਆਪਣੀ ਮੰਜ਼ਿਲ ਵੱਲ ਵਧਿਆ ਅਤੇ ਸਫਲਤਾ ਪ੍ਰਾਪਤ ਕੀਤੀ ਕਿਉਂਕਿ ਮੇਰੇ ਘਰ ਦੇ ਵਿੱਚ ਵੀ ਸਿੱਖਿਆ ਦਾ ਕੋਈ ਮਾਹੌਲ ਨਹੀਂ ਸੀ। ਮੇਰੇ ਪਰਿਵਾਰ ਵਿੱਚ ਮੈਂ ਪਹਿਲਾ ਮੈਂਬਰ ਹਾਂ ਜਿਸਨੇ 10ਵੀਂ ਦੀ ਪ੍ਰੀਖਿਆ ਪਾਸ ਕੀਤੀ।
ਮੈਂ ਜਿਸ ਭਾਈਚਾਰੇ ਨਾਲ ਸਬੰਧਿਤ ਹਾਂ, ਉਸ ਭਾਈਚਾਰੇ ਵਿੱਚ ਬਹੁਤ ਹੀ ਛੋਟੀ ਉਮਰ ਦੇ ਬੱਚਿਆਂ ਨੂੰ ਪੜ੍ਹਾਈ ਤੋਂ ਰੋਕ ਕੇ ਵਿਆਹ ਕਰ ਦਿੱਤੇ ਜਾਂਦੇ ਹਨ। ਮੇਰਾ ਵੀ ਛੇਵੀਂ ਜਮਾਤ ਵਿੱਚ ਪੜ੍ਹਦੇ ਦਾ ਰਿਸ਼ਤਾ ਹੋ ਗਿਆ ਸੀ ਪਰ ਕੁਝ ਕਾਰਨਾਂ ਕਰਕੇ ਉਹ ਸਿਰੇ ਨਹੀਂ ਸੀ ਲੱਗਾ। ਜੇ ਉਸ ਉਮਰ ਵਿੱਚ ਮੇਰਾ ਵਿਆਹ ਕਰ ਦਿੱਤਾ ਜਾਂਦਾ ਤਾਂ ਹੋ ਸਕਦਾ ਮੈਂ ਅੱਜ ਇਹ ਮੰਜ਼ਿਲ ਪ੍ਰਾਪਤ ਨਾ ਕਰ ਪਾਉਂਦਾ।
ਮੈਂ ਜਿੱਥੇ ਰਹਿੰਦਾ ਹਾਂ, ਇੱਥੇ ਸਾਡੇ ਭਾਈਚਾਰੇ ਦੇ ਕਿਸੇ ਵੀ ਲੜਕੀ ਜਾਂ ਲੜਕੇ ਨੇ ਗ੍ਰੈਜੂਏਸ਼ਨ ਨਹੀਂ ਕੀਤੀ ਸੀ। ਸਿਰਫ਼ ਮੈਂਨੂੰ ਇਹ ਮਾਣ ਹਾਸਿਲ ਹੋਇਆ। ਮੈਂਨੂੰ ਇਹ ਡਿਗਰੀ ਕਰਨ ਲਈ ਬੜੀਆਂ ਹੀ ਆਰਥਿਕ ਅਤੇ ਮਾਨਸਿਕ ਔਕੜਾਂ ਦਾ ਸਾਹਮਣਾ ਕਰਨਾ ਪਿਆ ਕਿਉਂਕਿ ਪੜ੍ਹਨ ਲਈ ਫੀਸਾਂ ਭਰਨ ਲਈ ਮੇਰੇ ਕੋਲ ਪੈਸੇ ਘੱਟ ਹੁੰਦੇ ਸਨ ਅਤੇ ਮਾਨਸਿਕ ਤੌਰ ’ਤੇ ਮੇਰੇ ਭਾਈਚਾਰੇ ਦੇ ਲੋਕ ਮੈਂਨੂੰ ਅਕਸਰ ਕਹਿੰਦੇ ਰਹਿੰਦੇ ਸਨ ਕਿ ਦੇਖਲਾਂ’ਗੇ, ਤੂੰ ਕਿਹੜਾ ਪੜ੍ਹ ਕੇ ਜੱਜ ਲੱਗ ਜਾਣਾ ਹੈ। ਪਰ ਜਿਸ ਦਿਨ ਮੈਂਨੂੰ ਨੌਕਰੀ ਮਿਲੀ, ਉਹੋ ਹੀ ਲੋਕ ਮੈਂਨੂੰ ਵਧਾਈਆਂ ਦੇ ਰਹੇ ਸਨ ਅਤੇ ਮੈਂਨੂੰ ਕਹਿ ਰਹੇ ਸਨ ਕਿ ਸਾਡੇ ਬੱਚਿਆਂ ਨੂੰ ਵੀ ਸਲਾਹ ਦਿਆ ਕਰੋ। ਹੁਣ ਉਹ ਆਪਣੇ ਬੱਚਿਆਂ ਨੂੰ ਇਹ ਕਹਿ ਰਹੇ ਸਨ ਕਿ ਉਹ ਦੇਖੋ ਕਿੰਨੀ ਗਰੀਬੀ ਵਿੱਚ ਖੁਦ ਦਿਹਾੜੀ ਕਰ ਕੇ ਪੜ੍ਹਿਆ ਹੈ ਤਾਂ ਅੱਜ ਸਰਕਾਰੀ ਨੌਕਰੀ ’ਤੇ ਲੱਗ ਗਿਆ ਹੈ, ਤੁਸੀਂ ਵੀ ਪੜ੍ਹਾਈ ਕਰੋ ਅਤੇ ਚੰਗੇ ਨਤੀਜੇ ’ਤੇ ਪਹੁੰਚੋ।
‘ਲੋਗ ਤੋਂ ਕਿਸੀ ਕੋ ਭੀ, ਕੁਛ ਭੀ ਬੋਲ ਕਰ ਨਿਕਲ ਜਾਤੇ ਹੈਂ,
ਜਬ ਹਾਲਾਤ ਬਦਲ ਜਾਏਂ, ਤੋ ਲੋਗੋਂ ਕੇ ਬੋਲ ਭੀ ਬਦਲ ਜਾਤੇ ਹੈਂ।
ਜਦੋਂ ਕੁਝ ਲੋਕ ਮੈਂਨੂੰ ਮਾਨਸਿਕ ਪੀੜਾ ਦਿੰਦੇ ਸਨ, ਮੈਂਨੂੰ ਲਗਦਾ ਕਿਤੇ ਉਹ ਵੀ ਸਹੀ ਸਨ ਕਿਉਂਕਿ ਉਨ੍ਹਾਂ ਨੂੰ ਪੜ੍ਹਾਈ ਦੀ ਕੀਮਤ ਦਾ ਹੀ ਨਹੀਂ ਸੀ ਪਤਾ। ਉਹ ਵਹਿਮਾਂ ਭਰਮਾਂ ਅਤੇ ਅੰਧ ਵਿਸ਼ਵਾਸਾਂ ਵਿੱਚ ਹੀ ਉਲਝੇ ਰਹਿੰਦੇ ਸਨ ,ਜੋ ਅੱਜ ਵੀ ਹਨ। ਨਾ ਕੋਈ ਉਨ੍ਹਾਂ ਨੂੰ ਸਿੱਖਿਆ ਦੇ ਮਹੱਤਵ ਬਾਰੇ ਦੱਸਦਾ ਸੀ ਨਾ ਹੀ ਉਹ ਸੁਣਨਾ ਚਾਹੁੰਦੇ ਸਨ। ਪਰ ਮੈਂਨੂੰ ਜਿਉਂ ਜਿਉਂ ਸੂਝ ਆਉਂਦੀ ਗਈ, ਮੈਂ ਬਹੁਤ ਸਾਰੇ ਨੌਜਵਾਨਾਂ ਨੂੰ ਸਲਾਹ ਦੇ ਕੇ ਸਿੱਖਿਆ ਵਾਲੇ ਪਾਸੇ ਤੋਰਿਆ, ਜਿਸਦੀ ਵਜਾਹ ਨਾਲ ਹੁਣ ਬਹੁਤ ਸਾਰੇ ਲੜਕੇ-ਲੜਕੀਆਂ ਉਚੇਰੀ ਸਿੱਖਿਆ ਪ੍ਰਾਪਤ ਕਰ ਰਹੇ ਹਨ। ਕੁਝ ਕੁ ਸਿੱਖਿਆ ਪ੍ਰਾਪਤ ਕਰਕੇ ਪ੍ਰਾਈਵੇਟ, ਅਰਧ ਪ੍ਰਾਈਵੇਟ ਜਾਂ ਸਰਕਾਰੀ ਨੌਕਰੀਆਂ ’ਤੇ ਹਨ।
ਮੈਂਨੂੰ ਵੀ ਉਚੇਰੀ ਸਿੱਖਿਆ ਹਾਸਿਲ ਕਰਨ ਲਈ ਕਈ ਤਰ੍ਹਾਂ ਦੇ ਕੰਮ ਕਰਨੇ ਪਏ ਕਿਉਂਕਿ ਮੇਰੀ ਆਰਥਿਕ ਸਥਿਤੀ ਚੰਗੀ ਨਹੀਂ ਸੀ। ਮੈਂਨੂੰ ਆਪਣੇ ਲੋਕਾਂ ਦੇ ਘਰਾਂ ਵਿੱਚ ਦਿਹਾੜੀ ਕਰਨੀ ਪਈ, ਬੁੱਕ ਡਿੱਪੋ ’ਤੇ ਵੀ ਕੰਮ ਕੀਤਾ। ਬੁੱਕ ਡਿੱਪੋ ’ਤੇ ਕੰਮ ਕਰਦੇ ਸਮੇਂ ਦੌਰਾਨ ਮੈਂ ਇੱਕ ਲਾਇਬ੍ਰੇਰੀ ਦਾ ਕੋਰਸ ਕਰ ਲਿਆ, ਜਿਸਦੇ ਫਰਸਰੂਪ ਮੈਂ ਇੱਕ ਨਿੱਜੀ ਕਾਲਜ ਦੇ ਵਿੱਚ ਲਾਇਬ੍ਰੇਰੀ ਰੀਸਟੋਰਰ ਲੱਗ ਗਿਆ। ਉਸ ਤੋਂ ਬਾਅਦ ਲਗਾਤਾਰ ਮੈਂ ਕਈ ਕਾਲਜਾਂ ਵਿੱਚ ਨੌਕਰੀ ਕੀਤੀ ਅਤੇ ਅਖੀਰ ਅੱਜ ਸਰਕਾਰੀ ਸਕੂਲ ਵਿੱਚ ਸਕੂਲ ਲਾਇਬ੍ਰੇਰੀਅਨ ਵਜੋਂ ਤਾਇਨਾਤ ਹਾਂ।
ਵਿਦਿਆਰਥੀਆਂ ਨੂੰ ਆਪਣੀ ਜ਼ਿੰਦਗੀ ਵਿੱਚ ਸਹੀ ਦਿਸ਼ਾ ਵੱਲ ਸਖ਼ਤ ਮਿਹਨਤ ਕਰਨ ਦੀ ਲੋੜ ਹੈ ਕਿਉਂਕਿ ਪੱਕਿਆ ਹੋਇਆ ਫ਼ਲ ਖਾਣ ਲਈ ਥੋੜ੍ਹਾ ਸਮਾਂ ਇੰਤਜ਼ਾਰ ਜ਼ਰੂਰੀ ਹੈ। ਵਿਦਿਆਰਥੀ ਦੇ ਮਨ ਵਿੱਚ ਅੱਜਕ੍ਹਲ ਇਹ ਗੱਲ ਪੱਕੀ ਕੀਤੀ ਜਾ ਰਹੀ ਹੈ ਕਿ ਨੌਕਰੀ ਤਾਂ ਸਿਰਫ਼ ਪੈਸੇ ਨਾਲ ਜਾਂ ਸਿਫ਼ਾਰਸ਼ ਨਾਲ ਹੀ ਮਿਲਦੀ ਹੈ, ਜਦ ਕਿ ਇਸ ਤਰ੍ਹਾਂ ਦਾ ਕੁਝ ਵੀ ਨਹੀਂ। ਕਿਉਂਕਿ ਅੱਜ ਕੱਲ੍ਹ ਸਾਰਾ ਹੀ ਕੰਮ ਔਨਲਾਇਨ ਹੈ। ਤੁਸੀਂ ਸਵੇਰ ਨੂੰ ਪੇਪਰ ਦੇ ਕੇ ਆਉਂਦੇ ਹੋ ਤਾਂ ਦੂਸਰੇ ਦਿਨ ਤਕ ਜਾਂ ਉਸੇ ਦਿਨ ਹੀ ਹਰੇਕ ਪੇਪਰ ਦੀ ਉੱਤਰ ਕੂੰਜੀ ਆ ਜਾਂਦੀ ਹੈ।
ਸਾਰੇ ਮਾਤਾ ਪਿਤਾ ਨੂੰ ਮੇਰੀ ਸਲਾਹ ਹੈ ਕਿ ਉਹ ਵਿਦਿਆਰਥੀਆਂ ਦੇ ਮਾਨਸਿਕ ਵਿਕਾਸ ਲਈ ਆਪਣੇ ਪਿੰਡਾਂ/ਮੁਹੱਲਿਆਂ ਦੇ ਵਿੱਚ ਇਕੱਠੇ ਹੋ ਹਰ ਸਾਲ ਇੱਕ ਸੈਮੀਨਾਰ ਕਰਵਾਇਆ ਕਰਨ ਜਿਸਦੇ ਵਿੱਚ ਚੰਗੇ ਮਿਹਨਤੀ ਪੜ੍ਹੇ ਲਿਖੇ ਅਤੇ ਗਰੀਬੀ ਵਿੱਚੋਂ ਉੱਠ ਕੇ ਆਏ ਚੰਗੇ ਅਹੁਦਿਆਂ ’ਤੇ ਪਹੁੰਚੇ ਲੋਕ ਬੁਲਾਏ ਜਾਣ। ਨਾਲ ਹੀ ਮਨੋਵਿਗਿਆਨ ਦੇ ਪ੍ਰੋਫੈਸਰਾਂ ਨੂੰ ਵੀ ਬੁਲਾਇਆ ਜਾਵੇ ਤਾਂ ਜੋ ਉਹ ਬੱਚਿਆਂ ਨੂੰ ਮਾਨਸਿਕ ਤੌਰ ’ਤੇ ਮਜ਼ਬੂਤ ਰਹਿਣ ਲਈ ਕੌਸਲਿੰਗ ਕਰਨ। ਜਦੋਂ ਵਿਦਿਆਰਥੀ 15-16 ਸਾਲਾਂ ਦਾ ਹੁੰਦਾ ਹੈ ਉਸ ਦੇ ਮਨ ਵਿੱਚ ਕਈ ਤਰ੍ਹਾਂ ਦੇ ਗਲਤ ਵਿਚਾਰ ਆਉਂਦੇ ਹਨ, ਜੋ ਕਿ ਉਸ ਨੂੰ ਮੰਜ਼ਿਲ ਤੋਂ ਭੜਕਾ ਦਿੰਦੇ ਹਨ। ਜਿਵੇਂ ਕਈ ਲੜਕੇ-ਲੜਕੀਆਂ ਘਰੋਂ ਨਾਬਿਲਗ ਉਮਰ ਦੇ ਵਿੱਚ ਹੀ ਚਲੇ ਜਾਂਦੇ ਹਨ, ਜਾਂ ਨੰਬਰ ਘੱਟ ਆਉਣ ਤੇ ਖੁਦਕਸ਼ੀ ਕਰ ਲੈਂਦੇ ਹਨ। ਅਜਿਹੀਆਂ ਘਟਨਾਵਾਂ ਜਦੋਂ ਵਾਪਰਦੀਆਂ ਹਨ, ਮਾਪਿਆਂ ਨੂੰ ਬਹੁਤ ਦੁੱਖ ਪਹੁੰਚਾਉਂਦੀਆਂ ਹਨ।
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(3271)
(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.)