ShavinderKaur7ਸੱਚਮੁੱਚ ਹੀ ਕੇਸੂ ਦੇ ਫੁੱਲ ਵਰਗੀ ਪਰ ਅੰਦਰੋਂ ਲੋਹੇ ਵਰਗੀ ਮਜ਼ਬੂਤ, ਨਿਡਰ, ਨਿਧੜਕ ...
(13 ਅਗਸਤ 2020)

 

ਸਦੀਆਂ ਤੋਂ ਸਾਮੰਤੀ ਅਤੇ ਰੂੜ੍ਹੀਵਾਦੀ ਸੋਚ ਕਾਰਨ ਮਰਦ ਪ੍ਰਧਾਨ ਸਮਾਜ ਪੁੱਤਰਾਂ ਨੂੰ ਪਹਿਲ ਦਿੰਦਾ ਰਿਹਾ ਹੈਮਾਂ-ਪਿਓ, ਦਾਦਾ-ਦਾਦੀ ਆਪਣਾ ਵੰਸ਼ ਚਲਾਉਣ ਲਈ ਪੁੱਤਰ ਦੀ ਇੱਛਾ ਰੱਖਦੇ ਹਨਭਾਵੇਂ ਹੁਣ ਸਥਿਤੀ ਵਿੱਚ ਕਾਫੀ ਫਰਕ ਆਇਆ ਹੈ ਪਰ ਅਜੇ ਵੀ ਜ਼ਿਆਦਾ ਲੋਕਾਂ ਦੀ ਸੋਚ ਵਿੱਚ ਇਹ ਸਮਾਇਆ ਹੋਇਆ ਹੈ ਕਿ ਧੀਆਂ ਤਾਂ ਮਾਪਿਆਂ ਉੱਤੇ ਭਾਰ ਹੀ ਹੁੰਦੀਆਂ ਹਨਇਸੇ ਲਈ ਹੀ ਜਦੋਂ ਧੀ ਨੂੰ ਵਿਆਹ ਕੇ ਸਹੁਰੇ ਘਰ ਤੋਰਿਆ ਜਾਂਦਾ ਹੈ ਤਾਂ ਹਰ ਇੱਕ ਦੇ ਮੂੰਹੋਂ ਇਹ ਸ਼ਬਦ ਹੀ ਨਿਕਲਦੇ ਹਨ, “ਚਲੋ ਭਾਈ ਚੰਗਾ ਹੋਇਆ ਸਿਰੋਂ ਭਾਰ ਲੱਥਾ

ਧੀਆਂ ਮਾਪਿਆਂ ਦੇ ਘਰੇਲੂ ਰੋਟੀ ਟੁੱਕ, ਚੁੱਲ੍ਹਾ ਚੌਕਾ, ਗੋਹਾ ਕੂੜਾ, ਸਾਫ਼ ਸਫ਼ਾਈ ਆਦਿ ਕੰਮਾਂ ਵਿੱਚ ਪੂਰਾ ਹੱਥ ਵਟਾਉਂਦੀਆਂ ਹਨਪਰ ਘਰ ਦੇ ਕੰਮਾਂ ਨੂੰ ਤਾਂ ਕੰਮ ਹੀ ਨਹੀਂ ਸਮਝਿਆ ਜਾਂਦਾਖੇਤੀ ਦੇ ਕੰਮਾਂ ਵਿੱਚ ਤਾਂ ਪੁੱਤ ਹੀ ਬਾਪ ਦਾ ਸਹਾਰਾ ਬਣ ਸਕਦੇ ਹਨਇਸ ਧਾਰਨਾ ਨੇ ਹੀ ਧੀ ਨਾਲੋਂ ਪੁੱਤ ਦੇ ਪੈਦਾ ਹੋਣ ਦੀ ਲਾਲਸਾ ਨੂੰ ਜਨਮ ਦਿੱਤਾ

BaldipTractor2ਇਸ ਧਾਰਨਾ ਨੂੰ ਆਪਣੇ ਕਰਮ ਨਾਲ ਝੂਠਾ ਸਾਬਤ ਕਰ ਦਿੱਤਾ ਹੈ ਬਠਿੰਡੇ ਜ਼ਿਲ੍ਹੇ ਦੇ ਪਿੰਡ ਮਹਿਮਾ ਭਗਵਾਨਾ ਦੀ ਧੀ ਬਲਦੀਪ ਨੇਤਿੰਨ ਧੀਆਂ ਦੇ ਬਾਪ ਜਗਸੀਰ ਸਿੰਘ ਦੀ ਵਿਚਕਾਰਲੀ ਧੀ ਬਲਦੀਪ ਖੇਤੀ ਦੇ ਹਰ ਕੰਮ ਵਿੱਚ ਮਾਹਰ ਹੈਖੇਤੀ ਦੇ ਨਾਲ-ਨਾਲ ਉਸ ਨੇ ਆਪਣੀ ਪੜ੍ਹਾਈ ਵੀ ਜਾਰੀ ਰੱਖੀ ਹੋਈ ਹੈਉਸ ਨੇ ਬਾਰ੍ਹਵੀਂ ਜਮਾਤ ਬਿਆਸੀ ਪਰਸੈਂਟ ਨੰਬਰ ਲੈ ਕੇ ਪਾਸ ਕੀਤੀ ਹੈਉਸ ਨੇ ਟਰੈਕਟਰ ਦਾ ਸਟੇਰਿੰਗ ਹੀ ਆਪਣੇ ਹੱਥਾਂ ਵਿੱਚ ਨਹੀਂ ਫੜਿਆ, ਖਾਲ ਘੜਨ, ਜ਼ਮੀਨ ਵਾਹੁਣ, ਬੀਜਣ, ਵੱਟਾਂ ਪਾਉਣ, ਪਾਣੀ ਲਾਉਣ ਤੋਂ ਬਿਨਾਂ ਝੋਨਾ ਲਾਉਣ ਲਈ ਖੇਤ ਕੱਦੂ ਕਰਨ ਵਾਲੇ ਕੰਮ ਵੀ ਉਹ ਮਾਹਰ ਕਿਸਾਨ ਵਾਂਗ ਕਰਦੀ ਹੈ

ਸੂਰਜ ਦੀ ਆਮਦ ਨੂੰ ਜੀਅ ਆਇਆ ਕਹਿਣ ਲਈ ਅਜੇ ਅਸਮਾਨ ਸੰਦਲੀ ਰੰਗ ਦਾ ਦੁਪੱਟਾ ਲਪੇਟ ਕੇ ਲਾਲ ਸੂਹਾ ਨਜ਼ਰ ਆਉਣ ਹੀ ਲੱਗਿਆ ਹੁੰਦਾ ਹੈ, ਜਦੋਂ ਬਲਦੀਪ ਟਰੈਕਟਰ ਮਗਰ ਹਲ ਪਾਈ, ਰਾਹਾਂ ਵਿੱਚ ਧੂੜਾਂ ਉਡਾਉਂਦੀ ਫੋਰਡ ਟਰੈਕਟਰ ਨੂੰ ਚਲਾਉਂਦੀ ਸਵੈ ਵਿਸ਼ਵਾਸ ਨਾਲ ਧਰਤੀ ਦੀ ਹਿੱਕ ਤੇ ਸਿਆੜ ਕੱਢਣ ਲਈ ਨਿਕਲਦੀ ਹੈ। ਆਪਣੀ ਇਸ ਮਾਣਮੱਤੀ ਧੀ ਤੇ ਜਗਸੀਰ ਸਿੰਘ ਮਾਣ ਨਾਲ ਸਿਰ ਉੱਚਾ ਕਰ ਲੈਂਦਾ ਹੈ

ਪਹਿਲਾਂ ਲੋਕ ਨੂੰ ਉਸ ਨੂੰ ਟਰੈਕਟਰ ਚਲਾਉਂਦੀ ਦੇਖ ਕੇ ਹੈਰਾਨੀ ਹੁੰਦੇ ਸਨਕਈ ਦਕਿਆਨੂਸੀ ਸੋਚ ਵਾਲੇ ਅੰਦਰੇ ਅੰਦਰ ਕੁਲਝਦੇ ਵੀ ਸਨਜਿਸ ਲੜਕੀ ਨੂੰ ਤੱਕ ਕੇ ਕੱਲ੍ਹ ਤਕ ਨੱਕ ਬੁੱਲ੍ਹ ਵੱਟਦੇ ਸਨ, ਅੱਜ ਜਦੋਂ ਉਹ ਧਰਤੀ ਮਾਂ ਦੇ ਗਰਭ ਵਿੱਚੋਂ ਨਵੀਆਂ ਕਰੂੰਬਲਾ ਨੂੰ ਫੁੱਟਣ ਦਾ ਆਹਰ ਕਰ ਰਹੀ ਹੁੰਦੀ ਹੈ ਤਾਂ ਉਹੀ ਲੋਕ ਉਸ ਦੀਆਂ ਉਦਾਹਰਣਾਂ ਆਪਣੇ ਪੁੱਤਾਂ ਨੂੰ ਦਿੰਦੇ ਹਨ

ਜਗਸੀਰ ਸਿੰਘ ਨੂੰ ਤਾਂ ਉਸ ਨੇ ਪਹਿਲਾਂ ਹੀ ਕਹਿ ਦਿੱਤਾ ਸੀ ਕਿ ਬਾਪੂ ਲੜਕੀ ਦਾ ਕੰਮ ਸਿਰਫ ਘਰ ਵਸਾਉਣਾ ਹੀ ਨਹੀਂ ਹੁੰਦਾ, ਉਸ ਨੂੰ ਆਪਣੇ ਨਾਲ ਹੋ ਰਹੇ ਸਮਾਜੀ ਵਿਤਕਰੇ ਨੂੰ ਵੀ ਆਪਣੇ ਕਰਮ ਨਾਲ ਖ਼ਤਮ ਕਰਨਾ ਹੁੰਦਾ ਹੈਲੋਕ ਕੀ ਕਹਿਣਗੇ, ਇਸ ਗੱਲ ਦੀ ਕਦੇ ਪਰਵਾਹ ਨਾ ਕਰੀਂਇੱਥੇ ਜੋ ਆਪਣੀ ਮਿਹਨਤ ਨਾਲ ਤਕਦੀਰ ਅਤੇ ਤਦਬੀਰ ਨੂੰ ਨਵੇਂ ਅਰਥ ਦਿੰਦੇ ਹਨ, ਨੂੰ ਹੀ ਜਿੱਤ ਨਸੀਬ ਹੁੰਦੀ ਹੈਆਪਣੀ ਇਸ ਸੋਚ ਨੂੰ ਕਿ ਖੇਤੀ ਦੇ ਕੰਮਾਂ ਵਿੱਚ ਵੀ ਧੀਆਂ ਪੁੱਤਾਂ ਵਿੱਚ ਕੋਈ ਫਰਕ ਨਹੀਂ, ਸੱਚ ਸਾਬਤ ਕਰਨ ਲਈ ਪਹਿਲਾਂ ਸਾਨੂੰ ਪੁੱਤਾਂ ਵਾਲੇ ਰੋਲ ਨਿਭਾਉਣੇ ਹੀ ਪੈਣਗੇਸੱਚਮੁੱਚ ਹੀ ਕੇਸੂ ਦੇ ਫੁੱਲ ਵਰਗੀ ਪਰ ਅੰਦਰੋਂ ਲੋਹੇ ਵਰਗੀ ਮਜ਼ਬੂਤ, ਨਿਡਰ, ਨਿਧੜਕ ਅਤੇ ਸਵੈ-ਵਿਸ਼ਵਾਸ ਨਾਲ ਭਰਪੂਰ ਇਸ ਕੁੜੀ ਨੇ ਖੇਤਾਂ ਦੀ ਧੀ ਬਣਕੇ ਨਵੀਂ ਪਿਰਤ ਪਾ ਦਿੱਤੀ ਹੈਆਪਣੇ ਕਰਮ ਰਾਹੀਂ ਇਸ ਨੇ ਧੀਆਂ ਨੂੰ ਦੁਰਕਾਰਨ ਵਾਲਿਆਂ, ਜੰਮਣ ਤੋਂ ਪਹਿਲਾਂ ਮਾਰਨ ਵਾਲਿਆਂ ਨੂੰ ਸੋਚਣ ਲਈ ਮਜਬੂਰ ਕਰ ਦਿੱਤਾ ਹੈ

ਖੇਤਾਂ ਦੀ ਧੀ ਹੋਣ ਦੇ ਨਾਲ-ਨਾਲ ਖੇਤਾਂ ਦੀ ਸਲਾਮਤੀ ਲਈ ਵੀ ਉਸ ਨੇ ਨਵੀਂ ਸੰਘਰਸ਼ਮਈ ਉਡਾਣ ਭਰ ਕੇ ਇੱਕ ਹੋਰ ਪਰੰਪਰਾ ਨੂੰ ਜਨਮ ਦਿੱਤਾ ਹੈ

ਕੇਂਦਰੀ ਹਕੂਮਤ ਵਲੋਂ ਖੇਤੀ ਸੁਧਾਰਾਂ ਦੇ ਨਾਂ ’ਤੇ ਖੇਤੀ ਦੇ ਵਿਨਾਸ਼ ਲਈ ਲਿਆਂਦੇ ਤਿੰਨ ਆਰਡੀਨੈਂਸ ਜਿਨ੍ਹਾਂ ਨੂੰ ਰੱਦ ਕਰਵਾਉਣ ਲਈ ਕਿਸਾਨ ਯੂਨੀਅਨਾਂ ਵੱਲੋਂ ਸੰਘਰਸ਼ ਵਿੱਢਿਆ ਹੋਇਆ ਹੈ, ਉਹਨਾਂ ਵਲੋਂ ਟਰੈਕਟਰ ਰੋਸ ਮਾਰਚ ਕਰਨ ਦੀ ਘੋਸ਼ਣਾ ਕੀਤੀ ਗਈ ਤਾਂ ਬਲਦੀਪ ਆਪਣੇ ਦਾਦਾ ਜੀ ਜਰਨੈਲ ਸਿੰਘ ਜੋ ਕਿਸਾਨੀ ਦੇ ਹਰ ਸੰਘਰਸ਼ ਵਿੱਚ ਯੋਗਦਾਨ ਪਾਉਂਦੇ ਰਹੇ ਹਨ, ਦੀ ਸੋਚ ਦੀ ਧਾਰਨੀ ਹੋ ਕੇ ਇਸ ਸੰਘਰਸ਼ ਦੀ ਹਮਾਇਤ ਵਿੱਚ ਉੱਤਰ ਆਈ ਹੈ ਜਦੋਂ ਇਹ ਕਾਫ਼ਲਾ ਸਤਾਈ ਜੁਲਾਈ ਨੂੰ ਪਿੰਡ ਮਹਿਮਾ ਸਰਜਾ ਦੇ ਫੋਕਲ ਪੁਆਇੰਟ ਤੋਂ ਚੱਲਿਆ ਤਾਂ ਦੇਖਣ ਵਾਲਾ ਸੀਆਪਣੇ ਫੋਰਡ ਟਰੈਕਟਰ ਉੱਤੇ ਬੈਨਰ ਅਤੇ ਝੰਡਾ ਲਾਈ ਖੁਦ ਬਲਦੀਪ ਟਰੈਕਟਰ ਚਲਾ ਕੇ ਇਸਦੀ ਅਗਵਾਈ ਕਰ ਰਹੀ ਸੀਸਰਕਾਰਾਂ ਵੱਲੋਂ ਕਿਸਾਨਾਂ ਦੀ ਲੁੱਟ ਲਈ ਘੜੇ ਕਾਨੂੰਨਾਂ ਸਦਕਾ ਪੜ੍ਹਨ ਲਿਖਣ ਦੀ ਉਮਰੇ ਧੀਆਂ ਨੂੰ ਸੰਘਰਸ਼ ਦੇ ਰਾਹ ਪੈਣਾ ਪੈ ਰਿਹਾ ਹੈ

ਪੰਜਾਬ ਦੀ ਮਰ ਰਹੀ ਕਿਸਾਨੀ ਨੂੰ ਬਚਾਉਣ ਲਈ ਜਦੋਂ ਬਲਦੀਪ ਵਰਗੀਆਂ ਧੀਆਂ ਆਪਣੇ ਭਰਾਵਾਂ ਨਾਲ ਮੋਢੇ ਨਾਲ ਮੋਢਾ ਜੋੜ ਕੇ ਸੰਘਰਸ਼ਾਂ ਦੀ ਵਾਗਡੋਰ ਆਪਣੇ ਹੱਥਾਂ ਵਿੱਚ ਫੜ ਲੈਣਗੀਆਂ ਤਾਂ ਧਰਤੀ ਮਾਂ ਵੀ ਇਹਨਾਂ ਆਪਣੀਆਂ ਧੀਆਂ ਤੇ ਮਾਣ ਮਹਿਸੂਸ ਕਰੇਗੀਕੋਈ ਵੀ ਅਜਿਹੇ ਲੋਕ ਦੋਖੀ ਕਾਇਦੇ ਕਾਨੂੰਨ ਇਹਨਾਂ ਅੱਗੇ ਟਿਕ ਨਹੀਂ ਸਕਣਗੇਉਂਝ ਵੀ ਧਰਤੀ ਮਾਂ ਅਤੇ ਇਸਦੀਆਂ ਜਾਈਆਂ ਸਭ ਨੂੰ ਰਿਜ਼ਕ ਦੇਣ ਵਿੱਚ ਵਿਸ਼ਵਾਸ ਰੱਖਦੀਆਂ ਹਨ, ਖੋਹਣ ਵਿੱਚ ਨਹੀਂ

ਪੰਜਾਬੀ ਸ਼ਾਇਰ ਸੁਰਜੀਤ ਪਾਤਰ ਦੀਆਂ ਇਹਨਾਂ ਲਾਈਨਾਂ ਮੁਤਾਬਕ:

ਮੈਂ ਰਾਹਾਂ ’ਤੇ ਨਹੀਂ ਤੁਰਦਾ, ਮੈਂ ਤੁਰਦਾ ਹਾਂ ਤਾਂ ਰਾਹ ਬਣਦੇ,
ਯੁਗਾਂ ਤੋਂ ਕਫਲੇ ਆਉਂਦੇ ਇਸੇ ਸੱਚ ਦੇ ਗਵਾਹ ਬਣਦੇ

ਬਲਦੀਪ ਤੇਰੀਆਂ ਪਾਈਆਂ ਪੈੜਾਂ ਰਾਹਾਂ ਵਿੱਚ ਵਟ ਜਾਣ ਅਤੇ ਹੱਕ ਸੱਚ ਲਈ ਲੜਨ ਵਾਲੇ ਕਾਫਲੇ ਇਹਨਾਂ ਰਾਹਾਂ ਤੇ ਤੁਰਦੇ ਰਹਿਣ - ਮੇਰੇ ਧੁਰ ਅੰਦਰੋਂ ਉਸ ਲਈ ਇਹੀ ਅਸੀਸ ਨਿਕਲਦੀ ਹੈ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(2294)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.gmail.com)

More articles from this author