“ਸਭ ਤੋਂ ਪਹਿਲਾ ਕੰਮ, ਸਕੂਲ ਦੇ ਇੱਕਦਮ ਮੁਹਰੇ ਸ਼ਰਾਬ ਦਾ ਠੇਕਾ ਖੋਲ੍ਹਿਆ ਗਿਆ,ਜਿੱਥੇ ਪਿੰਡ ਦੇ ...”
(24 ਜਨਵਰੀ 2023)
ਮਹਿਮਾਨ: 53.
ਪੰਜਾਬ ਦੇ ਜ਼ਿਲ੍ਹਾ ਹਸ਼ਿਆਰਪੁਰ ਦੀ ਵੱਖੀ ਵਿੱਚ ਸਥਿਤ ਸ਼ਿਵਾਲਿਕ ਪਰਬਤਮਾਲਾ ਦੇ ਨਾਲ-ਨਾਲ ਕੰਢੀ ਖੇਤਰ ਦੀ ਧੁੰਨੀ ਵਿੱਚ ਵਸਦਾ ਮੇਰਾ ਪਿੰਡ ‘ਤੁੰਗ’ ਅੱਜ ਤੋਂ 50-60 ਵਰ੍ਹੇ ਪਹਿਲੋਂ ਵਿਕਾਸ ਪੱਖੋਂ ਸਭ ਤੋਂ ਪਛੜਿਆ ਹੋਇਆ ਪਿੰਡ ਸਮਝਿਆ ਜਾਂਦਾ ਸੀ। ਅੱਧੀ ਸਦੀ ਪਹਿਲੋਂ ਇਹ ਪਹਾੜੀ ਪਿੰਡ ਪੀਣ ਵਾਲੇ ਪਾਣੀ, ਬਿਜਲੀ, ਸੜਕਾਂ, ਹਸਪਤਾਲ, ਸਕੂਲ ਵਰਗੀਆਂ ਜ਼ਿੰਦਗੀ ਦੀਆਂ ਮੁਢਲੀਆਂ ਸਹੂਲਤਾਂ ਤੋਂ ਸੱਖਣਾ ਸੀ। ਫਿਰ ਵੀ ਇਸਦੇ ਪਹਾੜਾਂ ਦੇ ਤੁਣ, ਅਰਜੈਣ, ਸਿੰਬਲ, ਸਰੀਂਹ, ਕਨੇਰ, ਕੈਂਬਲ, ਧੰਮਣ, ਕੈਂਡੂ, ਟਾਹਲੀ, ਚੀਲ੍ਹ, ਢੇਊ, ਅੰਬਾਂ ਜਿਹੇ ਰੁੱਖ ਪਰਬਤ ਸਿਖਰਾਂ ਦਾ ਮੁਕਾਬਲਾ ਕਰਦੇ। ਖੇਤਾਂ, ਰੁੱਖਾਂ ਦੇ ਪੈਰਾਂ ਵਿੱਚ ਵਿਛੀਆਂ ਮਲ੍ਹਿਆਂ, ਬੇਰੀਆਂ, ਮਾਹਲ ਕੰਗਣੀਆਂ, ਸੂੰਨਣਾ, ਮਹਿੰਦਰੂ, ਬੰਨ੍ਹਾਂ-ਬਸੂਟੀਆਂ ਗਰੁਨੇ, ਕਾਂਗੂਆਂ, ਰੱਤਕਾਂ ਦੀਆਂ ਝਾੜੀਆਂ ਹਵਾ ਵਗਣ ਜਾਂ ਵਰਖਾ ਪੈਣ ’ਤੇ ਕਿਸੇ ਨਾਚੀ ਦੇ ਪੈਰਾਂ ਵਿੱਚ ਬੱਝੇ ਘੁੰਗਰੂਆਂ ਵਾਂਗ ਛਣਕ ਕੇ ਫਿਜ਼ਾ ਵਿੱਚ ਸੰਗੀਤ ਲਹਿਰੀ ਪੈਦਾ ਕਰ ਦਿੰਦੀਆਂ। ਇੱਥੇ ਦੀ ਵਾਦੀ ਮੋਰ, ਘੁੱਗੀਆਂ, ਗੁਟਾਰਾਂ, ਜੰਗਲੀ ਤੋਤਿਆਂ, ਕਬੂਤਰਾਂ, ਚਿੜੀਆਂ ਕਾਵਾਂ ਅਤੇ ਕੋਇਲ ਆਦਿ ਪੰਛੀ ਦੀ ਤੜਕਸਾਰ ਹੀ ਵੰਨ-ਸੁਵੰਨੀਆਂ ਸੁਰੀਲੀਆਂ ਆਵਾਜ਼ਾਂ ਨਾਲ ਗੂੰਜ ਉੱਠਦੀ ਤੇ ਜੰਗਲੀ ਕੁੱਕੜ ਦੀ ਬਾਂਗ ਨਾਲ ਸਾਰਾ ਪਿੰਡ ਜਾਗ ਕੇ ਆਪਣੇ ਕੰਮੀਕਾਰੀਂ ਲੱਗ ਜਾਂਦਾ। ਰਾਤਾਂ ਨੂੰ ਪਹਾੜਾਂ ਦੇ ਜੰਗਲ ਵਿੱਚੋਂ ਗਿੱਦੜਾਂ-ਸਿਆਰਾਂ, ਜੰਗਲੀ ਕੁੱਤੇ-ਬਿੱਲੀਆਂ ਤੇ ਹੋਰ ਜਾਨਵਰਾਂ ਦੇ ਹਵਾਂਕਣ-ਮਿਆਂਕਣ, ਰੁਦਨ, ਭੌਂਕਣ ਦੀਆਂ ਡਰਾਉਣੀਆਂ ਹੂਕਾਂ ਰਾਤ ਦੇ ਸੰਨਾਟੇ ਨੂੰ ਹੋਰ ਵੀ ਸਹਿਮ, ਦਹਿਸ਼ਤ ਤੇ ਡਰ ਭਰਿਆ ਬਣਾ ਦਿੰਦੀਆਂ। ਇਹ ਪਿੰਡ ਹਰੜਾਂ, ਬਹੇੜਿਆਂ, ਆਵਲ, ਕਨਿਆਰ, ਫਕੂੜੇ, ਗਲਗਲਾਂ, ਪਲਾਹਾਂ, ਖੈਰਾਂ, ਸੰਖੀਰਿਆਂ, ਗੁੜਮਾਰ ਬੂਟੀਆਂ, ਕੈਕਟਸ, ਥੋਹਰਾਂ ਵਰਗੀਆਂ ਅਨਗਿਣਤ ਜੜੀਆਂ-ਬੂਟੀਆਂ ਨਾਲ ਮਾਲੋਮਾਲ ਸਨ।
ਬੇਸ਼ਕ ਪਿੰਡ ਦੀ ਇੱਕ ਇੰਚ ਥਾਂ ਵੀ ਪੱਧਰੀ ਨਹੀਂ ਸੀ। ਧਰਤੀ ਦੇ ਉੱਪਰ ਹੇਠਾਂ ਪੱਥਰ ਹੀ ਪੱਥਰ ਸਨ। ਖੱਡਾਂ ਪੱਥਰਾ ਦਾ ਦਰਿਆ ਨਜ਼ਰ ਆਉਂਦੀਆਂ। ਉੱਚੇ-ਨੀਵੇਂ, ਉੱਭੜ-ਖਾਬੜ, ਕੰਡਿਆਲੇ-ਪਥਰੀਲੇ ਗੋਹਰ-ਘਾਟੀਆਂ। ਦਿਨ ਦੇ ਉਜਾਲੇ ਵਿੱਚ ਵੀ ਸੱਪ, ਬਿੱਛੂ, ਨਿਉਲੇ, ਸਰ੍ਹਾਲਾਂ, ਅਜਗਰ, ਕੰਨਖਜੂਰੇ ਘੁੰਮਦੇ ਫਿਰਦੇ। ਨਾਮਾਤਰ ਦੀ ਖੇਤੀ ਸਿਰਫ ਬਰਖਾ ’ਤੇ ਹੀ ਨਿਰਭਰ ਕਰਦੀ। ਪੀਣ ਵਾਲਾ ਪਾਣੀ ਕੋਹਾਂ ਦੂਰ ਕਈ ਪਿੰਡਾਂ ਲਈ ਇੱਕੋ-ਇੱਕ ਬਹੁਤ ਡੂੰਘੇ ਖੂਹ ਤੋਂ ਨਸੀਬ ਹੁੰਦਾ। ਕਈ ਵਾਰ ਟੋਭਿਆਂ-ਛੱਪੜਾਂ ਦਾ ਪਾਣੀ ਵੀ ਕੱਪੜ-ਛਾਣ ਕਰਕੇ ਪੀਣਾ ਪੈਂਦਾ। ਉਸ ਪਿੰਡ ਦੇ ਜੰਮੇ ਬੰਦੇ ਦੀ ਅੱਧੀ ਤੋਂ ਜ਼ਿਆਦਾ ਉਮਰ ਸਿਰਾਂ ’ਤੇ ਪਾਣੀ ਢੋਂਦਿਆਂ ਲੰਘ ਜਾਂਦੀ। ਔੜ ਪੈਣ ’ਤੇ ਫਸਲਾਂ ਸੁੱਕ ਜਾਂਦੀਆਂ। ਖੁੰਡਾਂ ’ਤੇ ਬੱਝੇ ਪਸ਼ੂ ਹੀ ਨਹੀਂ, ਡੀਹਾਈਡਰੇਸ਼ਨ ਕਰਕੇ ਬੰਦੇ ਵੀ ਰੱਬ ਨੂੰ ਪਿਆਰੇ ਹੋ ਜਾਂਦੇ। ਦੂਰ-ਦੁਰੇਡੇ ਪਿੰਡਾਂ ਵਿੱਚ ਕੋਈ ਡਾਕਟਰ-ਡਿਸਪੈਂਸਰੀ ਨਹੀਂ ਸੀ। ਕਈ ਮਰੀਜ਼ਾਂ ਨੂੰ ਮੰਜੇ ’ਤੇ ਪਾ ਕੇ 15-20 ਕੋਹ ਮੋਢਿਆਂ ’ਤੇ ਚੱਕ ਕੇ ਤਲਵਾੜਾ ਜਾਂ ਹਾਜੀਪੁਰ ਦੇ ਹਸਪਤਾਲਾਂ ਵਿੱਚ ਪੁਜਾਉਣਾ ਪੈਂਦਾ। ਅਣਗਿਣਤ ਮਾਂਵਾਂ ਤੇ ਬੱਚੇ ਜਣੇਪੇ ਸਮੇਂ ਡਾਕਟਰੀ ਸਹੂਲਤ ਨਾ ਮਿਲਣ ਕਰਕੇ ਜਹਾਨ ਛੱਡ ਜਾਂਦੇ। ਲੋਕੀਂ ਹਰ ਬਿਮਾਰੀ ਕਿਸੇ ਬਾਬੇ, ਦੇਵੀ ਜਾਂ ਕੁੱਲ ਦੇਵਤੇ ਦੀ ਕਰੋਪੀ ਮੰਨ ਕੇ ਉਸ ਨੂੰ ਮਨਾਉਣ ਦੀਆਂ ਕੋਸ਼ਿਸ਼ਾਂ ਵਿੱਚ ਮਰੀਜ਼ ਦੀ ਜਾਨ ਗੁਆ ਬਹਿੰਦੇ। ਮੁਕੇਰੀਆਂ ਤੋਂ ਕਮਾਹੀ ਦੇਵੀ ਲਈ ਇੱਕੋ-ਇੱਕ ਆਜ਼ਾਦ ਬੱਸ ਸ਼ਾਮ ਨੂੰ ਆਉਂਦੀ ਤੇ ਸਵੇਰੇ ਸਵਾਰੀਆਂ ਨਾਲ ਛੱਤ ਤਕ ਭਰ ਕੇ ਚਲੀ ਜਾਂਦੀ। ਕਮਾਹੀ ਤੋਂ 5-7 ਕੋਹਾਂ ਤੋਂ ਪਿੰਡਾਂ ਵਾਲੇ ਬੱਸ ਫੜਣ ਆਉਂਦੇ। ਰੁਜ਼ਗਾਰ ਦੇ ਨਾਂ ’ਤੇ ਨਿਮਨ ਕਿਰਸਾਨੀ, ਦਿਹਾੜੀ-ਦੱਪਾ ਜਾਂ ਫਿਰ ਚੰਗੇ ਕੱਦ-ਕਾਠ ਵਾਲੇ ਜਵਾਨ ਮੁੰਡੇ ਫੌਜ ਜਾਂ ਪੁਲਿਸ ਵਿੱਚ ਭਰਤੀ ਹੋ ਜਾਂਦੇ। ਪਿੰਡ ਵਿੱਚ ਕਿਸਾਨ ਕਾਲੀਆਂ-ਬੋਲੀਆਂ ਰਾਤਾਂ ਨੂੰ, ਖੇਤਾਂ ਵਿਚਾਲੇ ਬਣਾਏ ਮੰਣ੍ਹੇ ’ਤੇ ਬੈਠ ਕੇ ਜੰਗਲੀ ਜਾਨਵਰਾਂ ਤੋਂ ਆਪਣੀ ਫਸਲ ਦੀ ਰਾਖੀ ਕਰਦੇ, ਪਿੰਡ ਦੀਆਂ ਔਰਤਾਂ ਆਪਣੀ ਨਸਲ ਬਚਾਉਣ ਲਈ ਜੱਦੋਜਹਿਦ ਕਰਦੀਆਂ ਤੇ ਉਨ੍ਹਾਂ ਦੇ ਹੀ ਜਵਾਨ ਪੁੱਤਰ ਦੇਸ਼ ਦੀਆਂ ਸਰਹੱਦਾਂ ’ਤੇ ਮਚਾਨਾਂ ’ਤੇ ਬੈਠ ਕੇ ਦੁਸ਼ਮਣਾਂ ਤੋਂ ਦੇਸ਼ ਦੀ ਰਾਖੀ ਕਰਦੇ ਤੇ ਅਸੀਂ ਦੇਸ਼ ਵਾਸੀ ਸੁੱਖ-ਚੈਨ ਦੀ ਨੀਂਦ ਸੌਂਦੇ।
ਇਨ੍ਹਾਂ ਸਭ ਥੁੜਾਂ, ਤੰਗੀਆਂ-ਤੁਰਸ਼ੀਆਂ ਦੇ ਬਾਵਜੂਦ ਮੇਰਾ ਪਿੰਡ ਕੁਦਰਤੀ ਆਬੋ ਹਵਾ, ਉੱਚੀਆਂ ਨੈਤਿਕ ਕਦਰਾਂ-ਕੀਮਤਾਂ, ਰੱਬ ਤੋਂ ਭੈਅ ਖਾਂਦਾ ਕਈ ਗੱਲਾਂ ਵਿੱਚ ਸਿਹਤਮੰਦ ਸੀ। ਕਈ ਅਲਾਮਤਾਂ ਤੋਂ ਰਹਿਤ ਸੀ। ਥੋੜ੍ਹਾ ਖਾ-ਪੀ, ਲਾ-ਪਾ ਕੇ ਵੀ ਸਬਰ-ਸੰਤੋਖ ਤੇ ਬੇਫਿਕਰੀ ਨਾਲ ਜਿਉਂਦਾ ਤੇ ਵਸਦਾ ਸੀ। ਆਪਸੀ ਭਾਈਚਾਰਾ ਸੀ। ਮੇਰੇ ਪਿੰਡ ਦੀ ਮਿੱਟੀ ਦੀ ਤਾਸੀਰ ਇਹੋ ਜਿਹੀ ਨਹੀਂ ਸੀ ਕਿ ਉੱਥੇ ਅਪਰਾਧੀ ਪੈਦਾ ਹੋਣ। ਉਹ ਅਨਪੜ੍ਹ, ਅੰਧਵਿਸ਼ਵਾਸੀ, ਵਹਿਮੀ, ਅੱਖੜ, ਅੜੀਅਲ, ਅਣਖੀ ਜ਼ਰੂਰ ਸਨ ਪਰ ਜ਼ਮੀਨ ਚੋਰ, ਜੰਗਲ ਚੋਰ, ਪੱਥਰ ਚੋਰ, ਰੇਤਾ ਚੋਰ, ਹਰਾਮ ਖੋਰ ਤੇ ਮੂੰਹ ਜ਼ੋਰ ਬਿਲਕੁਲ ਨਹੀਂ ਸਨ। ਮੇਰੇ ਪਿੰਡ ਵਾਲੇ ਜਦੋਂ ਆਪਣੇ ਨਿੱਤ ਦੇ ਕੰਮਾਂ ਕਾਰਾਂ ਲਈ ਆਪਣੇ ਖੂਹਾਂ, ਖੇਤਾਂ-ਖਲਿਆਣਾਂ, ਜੰਗਲਾਂ, ਪਹਾੜਾਂ ਜਾਂ ਹੋਰ ਕਿਸੇ ਪਿੰਡਾਂ ਨੂੰ ਜਾਂਦੇ ਤਾਂ ਆਪਣੇ ਘਰਾਂ ਨੂੰ ਜੰਦਰੇ ਨਾ ਲਾਉਂਦੇ, ਵੱਧ ਤੋਂ ਵੱਧ ਬੂਹੇ ਢੋਅ ਦਿੰਦੇ ਜਾਂ ਫਿਰ ਦਰਵਾਜੇ ਦੀ ਕੁੰਡੀ ਅੜਾ ਜਾਂਦੇ ਤਾਂ ਜੋ ਕੋਈ ਅਵਾਰਾ ਜਾਨਵਰ ਅੰਦਰ ਵੜ ਕੇ ਸਮਾਨ ਨੂੰ ਨੁਕਸਾਨ ਨਾ ਪੁਜਾ ਸਕੇ, ਰਸੋਈ ਵਿੱਚੋਂ ਖਾਣ ਦੀਆਂ ਵਸਤਾਂ ਨੂੰ ਖਾ ਜਾਂ ਖਰਾਬ ਨਾ ਕਰ ਦੇਵੇ। ਹਾਂ, ਜੇ ਕੁਝ ਦਿਨਾਂ ਲਈ ਘਰ ਦੇ ਸਾਰੇ ਜੀਆਂ ਨੇ ਪਿੰਡੋਂ ਬਾਹਰ ਜਾਣਾ ਹੁੰਦਾ, ਫਿਰ ਜੰਦਰੇ ਦੀ ਤਲਾਸ਼ ਹੁੰਦੀ। ਕਈ ਵਾਰ ਤਾਂ ਘਰ ਵਿੱਚ ਜੰਦਰੀ ਵੀ ਨਾ ਮਿਲਦੀ। ਮਿਲਦੀ ਤਾਂ ਜੰਗ ਖਾਧੀ ਹੋਈ। ਪਹਿਲਾਂ ਉਸ ਨੂੰ ਤੇਲ ਦੇ ਕੇ ਰਲਾ ਕੀਤਾ ਜਾਂਦਾ। ਉਹ ਜੰਦਰਾ ਇੰਨਾ ਮਜ਼ਬੂਤ ਨਾ ਹੁੰਦਾ ਕਿ ਘਰ ਦੀ ਰਾਖੀ ਕਰ ਸਕੇ। ਇੱਕੋ ਝਟਕੇ ਨਾਲ ਖੁੱਲ੍ਹ ਵੀ ਜਾਂਦਾ। ਜੋ ਵੀ ਸੀ ਆਉਂਦਿਆਂ ਜਾਂਦਿਆਂ ਨੂੰ ਇਹ ਸੂਚਨਾ ਮਿਲ ਜਾਂਦੀ ਕਿ ਇਸ ਘਰ ਦਾ ਪਰਿਵਾਰ ਪਿੰਡੋਂ ਬਾਹਰ ਗਿਆ ਹੋਇਆ ਹੈ। ਜੰਦਰਾ ਕਿਸੇ ਸੂਚਨਾ ਪੱਤਰ ਵਾਂਗ ਬਾਹਰ ਲਟਕਿਆ ਹੁੰਦਾ, ਆਂਢੀਆਂ-ਗੁਆਂਢੀਆਂ ਨੂੰ ਉਨ੍ਹਾਂ ਦੀ ਜਿੰਮੇਦਾਰੀ ਦਾ ਅਹਿਸਾਸ ਕਰਾਉਂਦਾ ਕਿ ਉਹ ਮਗਰੋਂ ਉਨ੍ਹਾਂ ਦੇ ਪਿਛਵਾੜੇ ਬੱਝੇ ਪਸ਼ੂਆਂ ਦਾ ਖਿਆਲ ਰੱਖਣ, ਉਨ੍ਹਾਂ ਨੂੰ ਸਮੇਂ ਸਿਰ ਕੁਤਰ ਕੇ ਰੱਖੇ ਹੋਏ ਪੱਠੇ ਪਾ ਦਿਆ ਕਰਨ ਤੇ ਆਪਣੇ ਪਸ਼ੂਆਂ ਦੇ ਨਾਲ ਹੀ ਇਨ੍ਹਾਂ ਨੂੰ ਟੋਭੇ ’ਤੇ ਲਿਜਾ ਕੇ ਪਾਣੀ ਡਾਹ ਦਿਆ ਕਰਨ। ਦੂਸਰਿਆਂ ਦੇ ਜਾਨਵਰ ਵਿਹੜੇ-ਵਰਾਂਡੇ ਵਿੱਚ ਗੋਹਾ-ਗੋਬਰ ਨਾ ਕਰ ਜਾਇਆ ਕਰਨ ’ਤੇ ਘਰੇਲੂ ਬਾੜਣੂ ਨੂੰ ਨੁਕਸਾਨ ਨਾ ਪੁਜਾਉਣ।
ਇਸ ਤੋਂ ਵੱਡੀ ਗੱਲ ਇਹ ਸੀ ਕਿ ਮੇਰੇ ਪਿੰਡ ਦੇ ਔਰਤਾਂ-ਮਰਦ ਹਨੇਰ-ਸਨੇਰੇ ਬੇਖੌਫ ਸਫਰ ਕਰ ਸਕਦੇ ਸਨ। ਉਨ੍ਹਾਂ ਨੂੰ ਜੰਗਲੀ ਜਾਨਵਰਾਂ ਤੋਂ ਖਤਰਾ ਜ਼ਰੂਰ ਹੋ ਸਕਦਾ ਸੀ ਪਰ ਇਨਸਾਨ ਤੋਂ ਜੰਗਲੀ ਬਣੇ ਕਿਸੇ ਆਦਮੀ ਤੋਂ ਬਿਲਕੁਲ ਵੀ ਕੋਈ ਖਤਰਾ ਨਹੀਂ ਸੀ। ਧੀਆਂ-ਭੈਣਾਂ ਸਭ ਦੀਆਂ ਸਾਂਝੀਆਂ ਸਨ। ਉਹ ਖੂਹ, ਖੇਤ, ਜੰਗਲ, ਪਹਾੜ ਖੱਡ ਕਿਧਰੇ ਵੀ ਇਕੱਲੀਆਂ ਆਉਂਦੀਆਂ-ਜਾਂਦੀਆਂ ਆਪਣੇ ਆਪ ਨੂੰ ਸੁਰੱਖਿਅਤ ਸਮਝਦੀਆਂ ਸਨ। ਉਨ੍ਹਾਂ ਨੂੰ ਕਿਸੇ ਮਰਦ ਤੋਂ ਕੋਈ ਭੈਅ ਨਹੀਂ ਸੀ। ਪਿੰਡ ਵਿੱਚ ਕਦੇ ਕੋਈ ਚੋਰੀ-ਚਕਾਰੀ, ਲੁੱਟ-ਖੋਹ, ਛੇੜ-ਛਾੜ, ਇੱਜ਼ਤ ਲੁੱਟਣ ਜਾਂ ਕਤਲੋਗਾਰਤ ਦੀ ਕੋਈ ਖਬਰ ਨਹੀਂ ਸੀ ਸੁਣੀ। ਇਸਦੇ ਬਾਵਜੂਦ ਜੇ ਕੁਦਰਤੀ ਖਿੱਚ ਕਰਕੇ ਮਰਦ-ਔਰਤ ਵਿਚਕਾਰ ਅੱਖਾਂ ਚਾਰ ਹੋਣ ’ਤੇ ਪਿਆਰ-ਮੁਹੱਬਤ ਦੀਆਂ ਤੰਦਾਂ ਜੁੜ ਵੀ ਜਾਂਦੀਆਂ ਤਾਂ ਉਸ ਨੂੰ ਸੱਤ ਕੱਪੜਿਆਂ ਹੇਠ ਲੁਕਾ ਕੇ ਰੱਖਿਆ ਜਾਂਦਾ। ਉਸ ਨੂੰ ਸ਼ਰੇਆਮ ਉਜਾਗਰ ਕਰਨਾ ਬੱਜਰ ਗੁਨਾਹ ਸਮਝਿਆ ਜਾਂਦਾ। ਪ੍ਰੇਮੀ ਅੰਦਰੋਂ-ਅੰਦਰੀ ਘੁੱਟ-ਘੁੱਟ ਕੇ ਤਿਲ-ਤਿਲ ਕਰਕੇ ਮਰਦੇ ਰਹਿੰਦੇ ਪਰ ਮਜ਼ਾਲ ਐ ਜੇ ਉਸ ਨੂੰ ਆਪਣੀ ਜ਼ੁਬਾਨ ’ਤੇ ਲੈ ਕੇ ਆਉਂਦੇ। ਪਰ ਮੇਰੇ ਪਿੰਡ ਦੇ ਲੋਕ ਇੰਨੇ ਸਾਊ-ਸਿਧਰੇ ਤੇ ਦੇਵਤਾ ਵੀ ਨਹੀਂ ਸਨ ਕਿ ਉਨ੍ਹਾਂ ਵਿਚਕਾਰ ਕੋਈ ਮਨਭੇਦ ਜਾਂ ਮਤਭੇਦ, ਤਕਰਾਰ, ਰੰਜਿਸ਼ ਜਾਂ ਈਰਖਾ ਦੀ ਭਾਵਨਾ ਪੈਦਾ ਨਾ ਹੁੰਦੀ। ਪਰ ਇੱਕ ਮਰਿਆਦਾ ਵਿੱਚ ਰਹਿ ਕੇ। ਬੋਲਚਾਲ ਬੰਦ ਹੁੰਦੀ ਪਰ ਦੂਸਰੇ ਨੂੰ ਪਤਾ ਨਾ ਲੱਗਣ ਦਿੰਦੇ। ਸੌ ਗਿਲੇ-ਸ਼ਿਕਵੇ ਹੋਣ ਦੇ ਬਾਵਜੂਦ ਦੁੱਖ-ਸੁਖ, ਔਖੀ-ਭਾਰੀ, ਵਿਆਹ-ਸ਼ਾਦੀ ’ਤੇ ਇਕੱਠੇ ਹੋ ਜਾਂਦੇ। ਆਪਣੇ ਝਗੜੇ-ਮਸਲੇ ਪਿੰਡ ਵਿੱਚ ਹੀ ਪਰਾਹ-ਪੰਚਾਇਤ ਵਿੱਚ ਬੈਠ ਕੇ ਹੱਲ ਕਰ ਲੈਂਦੇ। ਪਿੰਡ ਵਿੱਚ ਪੁਲਿਸ ਪ੍ਰਵੇਸ਼ ਨੂੰ ਪਿੰਡ ਦੀ ਇੱਜ਼ਤ-ਹੱਤਕ ਸਮਝਿਆ ਜਾਂਦਾ।
ਫਿਰ ਕੋਈ ਅੱਜ ਤੋਂ 25-30 ਵਰ੍ਹੇ ਪਹਿਲਾਂ ਮੇਰੇ ਪਿੰਡ ਵਿੱਚ ਵਿਕਾਸ ਨਾਂ ਦੀ ਚਿੜੀ ਨੇ ਪ੍ਰਵੇਸ਼ ਕੀਤਾ। ਪਹਾੜਾਂ ਦੇ ਸੀਨੇ ਚੀਰ ਕੇ ਸੜਕਾਂ ਦਾ ਜਾਲ ਵਿਛਾਇਆ ਗਿਆ। ਸਰਕਾਰੀ ਮੁਆਵਜੇ ’ਤੇ ਲੋਕਾਂ ਦੇ ਖੇਤ, ਪਹਾੜ, ਜੰਗਲ ਖਰੀਦ ਲਏ ਗਏ। ਮੋਢੇ ’ਤੇ ਹਲ-ਪੰਜਾਲੀ, ਡਾਟ-ਤੰਗਲੀਆਂ, ਬੌਲਦਾਂ ਮਗਰ ਪਰੈਣ ਲੈਕੇ ਆਪਣੇ ਖੇਤਾਂ ਨੂੰ ਜਾਣ ਵਾਲੇ ਲੋਕ ਹੱਥਾਂ ਵਿੱਚ ਗੈਂਤੀਆਂ, ਕੁਦਾਲਾਂ, ਕਹੀਆਂ-ਬੇਲਚੇ ਲੈ ਕੇ ਪਹਾੜਾਂ ’ਤੇ ਬਣਦੀਆਂ ਸੜਕਾਂ ’ਤੇ ਦਿਹਾੜੀਆਂ ਲਾਉਣ ਚੱਲ ਪਏ। ਬਰੂਦ ਲਾ-ਲਾ ਕੇ ਪਹਾੜਾਂ ਦੇ ਸੀਨੇ ਜ਼ਖਮੀ ਕੀਤੇ ਗਏ। ਬਰੂਦ ਦੇ ਧਮਾਕਿਆਂ ਨਾਲ ਪਹਾੜ ਤੇ ਪਿੰਡ ਦਾ ਕਣ ਕਣ ਕੰਬ ਜਾਂਦਾ। ਜੇਸੀਬੀ ਅਤੇ ਬੁਲਡੋਜ਼ਰਾਂ ਦੀਆਂ ਕੰਨਪਾੜੂ ਆਵਾਜ਼ਾਂ ਨੇ ਉਸ ਪਹਾੜੀ ਪਿੰਡ ਦੀ ਸਾਰੀ ਸ਼ਾਂਤੀ ਭੰਗ ਕਰ ਦਿੱਤੀ। ਧੂੜ-ਮਿੱਟੀ ਦੇ ਗੁਬਾਰ ਨੇ ਪਿੰਡ ਦੀ ਸ਼ੁੱਧ ਆਬੋ ਹਵਾ ਨੂੰ ਪਲੀਤ ਕਰ ਦਿੱਤਾ। ਸਭ ਤੋਂ ਪਹਿਲਾ ਕੰਮ, ਸਕੂਲ ਦੇ ਇੱਕਦਮ ਮੁਹਰੇ ਸ਼ਰਾਬ ਦਾ ਠੇਕਾ ਖੋਲ੍ਹਿਆ ਗਿਆ, ਜਿੱਥੇ ਪਿੰਡ ਦੇ ਕਿਸਾਨਾਂ ਤੋਂ ਦਿਹਾੜੀਦਾਰ ਬਣੇ ਮਰਦ ਸਾਰੇ ਦਿਨ ਦੀ ਕਮਾਈ ਉਸ ਪਾਗਲ ਪਾਣੀ ਲਈ ਰੋੜ੍ਹਨ ਲਈ ਪਾਗਲ ਹੋਏ ਫਿਰਦੇ। ਪਿੰਡ ਵਿੱਚ ਲੜਾਈ-ਝਗੜੇ ਤੇ ਘਰਾਂ ਵਿੱਚ ਘਰੇਲੂ ਹਿੰਸਾ ਦੇ ਮਾਮਲੇ ਵੱਧ ਗਏ। “ਬਾਪੂ ਜੀ, ਨਾ ਪੀਉ ਸ਼ਰਾਬ, ਮੈਨੂੰ ਲੈ ਦਿਉ ਇੱਕ ਕਿਤਾਬ” ਵਰਗੇ ਨਾਰ੍ਹਿਆਂ ਨੇ ਜਨਮ ਲਿਆ। ਲੋਕਲ ਘੱਟ ਤੇ ਬਾਹਰਲੇ ਸੂਬਿਆਂ ਦੀ ਲੇਬਰ ਤੋਂ ਮੇਰੇ ਪਿੰਡ ਵਾਲੇ ਕਈ ਲੋਕ ਤਮਾਕੂ-ਜ਼ਰਦਾ, ਗੁਟਕਾ-ਖੈਣੀ ਤੇ ਹੋਰ ਨਸ਼ੇ ਖਾਣਾ ਸਿੱਖ ਗਏ। ਇਹ ਸਮਾਨ ਵੀ ਪਿੰਡ ਦੀਆਂ ਹੱਟੀਆਂ ’ਤੇ ਸ਼ਰੇਆਮ ਵਿਕਣ ਲੱਗ ਪਿਆ। ਪਿੰਡ ਦੇ ਕੁਝ ਭੇਤੀਆਂ ਨੇ ਥੋੜ੍ਹੇ ਜਿਹੇ ਪੈਸੇ ਦੇ ਲਾਲਚ ਵਿੱਚ ਆਪਣੇ ਪਿੰਡ ਦੀ ਅਮੀਰ ਵਿਰਾਸਤ, ਇੱਜ਼ਤ-ਆਬਰੂ ਬਾਹਰਲੇ ਠੇਕੇਦਾਰਾਂ, ਕੰਪਨੀਆਂ ਵਾਲਿਆਂ ਦੇ ਹੱਥ ਗਹਿਣੇ ਰੱਖ ਦਿੱਤੀ। ਪਿੰਡ ਦੀ ਹਰ ਦੁਰਲੱਭ ਤੇ ਕੀਮਤੀ ਵਸਤੂ ਕੌਡੀਆਂ ਭਾਅ ਲੁਟਾਈ ਜਾਣੀ ਸ਼ੁਰੂ ਹੋ ਗਈ।
ਪਿੰਡ ਵਿੱਚ ਪਹਿਲੋਂ ਦੀਵਿਆਂ ਨਾਲੋਂ ਵੀ ਮੱਧਮ ਬਿਜਲੀ ਦੇ ਲਾਟੂ ਚਮਕਣ ਲੱਗੇ, ਫਿਰ ਵਾਟਰ ਸਪਲਾਈ ਦੀ ਸਕੀਮ ਹੇਠ ਪਹਿਲੋਂ ਦੋ-ਦੋ, ਤਿੰਨ-ਤਿੰਨ ਮਹੱਲਿਆਂ ਨੂੰ ਇੱਕ-ਇੱਕ ਪਾਣੀ ਦੀ ਟੂਟੀ ਦਿੱਤੀ ਗਈ। ਸਮਾਂ ਪਾ ਕੇ ਹਰ ਮਹੱਲੇ ਨੂੰ ਇੱਕ ਟੂਟੀ ਲਾ ਦਿੱਤੀ ਗਈ, ਜਿਸ ਨਾਲ ਖੂਹ-ਟੋਭੇ ਵਿਰਾਨ ਹੋ ਗਏ। ਰਾਤ-ਬਰਾਤੀ ਪਾਣੀ ਛੱਡਿਆ ਜਾਂਦਾ। ਲੋਕ ਵਾਰੀ ਲਈ ਲੜਾਈ-ਝਗੜਾ, ਮਾਰ-ਕੁਟਾਈ, ਸਿਰ ਤਕ ਪਾੜਨ ਲੱਗ ਪਏ। ਪੰਚਾਇਤ ਤੋਂ ਵਿਸ਼ਵਾਸ ਉੱਠ ਗਿਆ। ਗੱਲ-ਗੱਲ ਤੇ ਥਾਣੇ-ਕਚਹਿਰੀ ਦੀ ਘੁਸਪੈਠ ਸ਼ੁਰੂ ਹੋ ਗਈ। ਪਿੰਡ ਦੀ ਅਮਨ ਸ਼ਾਂਤੀ ਲਹੂ-ਲੁਹਾਣ ਹੋ ਗਈ। ਪਿੰਡ ਵਾਲਿਆਂ ਨੂੰ ਪਤਾ ਹੀ ਨਾ ਲੱਗਾ ਕਦੋਂ ਇਨ੍ਹਾਂ ਸੜਕਾਂ ਰਾਹੀਂ ਪਿੰਡ ਵਿੱਚ ਜੰਗਲ ਮਾਫੀਆ, ਜ਼ਮੀਨ ਮਾਫੀਆ, ਪੱਥਰ ਮਾਫੀਆ, ਰੇਤ ਮਾਫੀਆ, ਖੈਰ-ਬਰੋਜਾ ਮਾਫੀਆ ਤੇ ਡਰੱਗ ਮਾਫੀਆ ਆ ਵੜਿਆ ਤੇ ਰਾਤੋ-ਰਾਤ ਪਹਾੜਾਂ ਤੋਂ ਜੰਗਲ, ਖੱਡਾਂ ਤੋਂ ਪੱਥਰ, ਚੋਆਂ ਤੋਂ ਰੇਤ, ਜੰਗਲਾਂ ਤੋਂ ਖੈਰ ਤੇ ਬਰੋਜਾ ਗਾਇਬ ਹੋਣ ਲੱਗ ਪਿਆ। ਇਨ੍ਹਾਂ ਵਿੱਚੋਂ ਕਈਆਂ ਨੂੰ ਰਾਜਨੀਤਕ ਸਰਪ੍ਰਸਤੀ ਵੀ ਹਾਸਿਲ ਹੁੰਦੀ ਰਹੀ। ਪਹਾੜੀ ਰਮਣੀਕ ਥਾਂ ’ਤੇ ਸੈਰ ਸਪਾਟੇ ਦੇ ਨਾਂ ’ਤੇ ਐਸ਼ਪ੍ਰਸਤ ਰੰਗਰਲੀਆਂ ਮਨਾਉਣ ਵਾਲੇ, ਜੰਗਲੀ ਜਾਨਵਰਾਂ ਦਾ ਸ਼ਿਕਾਰ ਕਰਨ ਵਾਲੇ ਆਉਣੇ ਸ਼ੁਰੂ ਹੋ ਗਏ। ਸਰਕਾਰੀ ਤੇ ਪ੍ਰਾਇਵੇਟ ਕੰਪਨੀਆਂ ਦੇ ਅਫਸਰਾਂ/ ਠੇਕੇਦਾਰਾਂ ਲਈ ਐੱਗ-ਪੈੱਗ-ਲੈੱਗ ਦਾ ਇੰਤਜ਼ਾਮ ਹੋਣ ਲੱਗ ਪਿਆ। ਦਿਹਾੜੀਦਾਰ ਔਰਤਾਂ ਦਾ ਸ਼ੋਸ਼ਣ ਸ਼ੁਰੂ ਹੋ ਗਿਆ। ਬਾਹਰੀ ਘੁਸਪੈਠ ਨਾਲ ਪਿੰਡ ਦੀਆਂ ਔਰਤਾਂ ਸੁਰੱਖਿਅਤ ਨਾ ਰਹੀਆਂ। ਉਨ੍ਹਾਂ ਨਾਲ ਛੇੜਖਾਨੀ ਤੇ ਜ਼ਬਰਜਿਨਾਹ ਦੇ ਮਾਮਲੇ ਸੁਣਾਈ ਦੇਣ ਲੱਗੇ। ਕਈ ਗਭਰੂ ਚਿੱਟੇ ਦਿਨ ਚਿੱਟਾ ਲੈਣ ਲੱਗ ਪਏ।
ਜੰਗਲ ਕੱਟ ਕੇ ਸਾੜਨ ਨਾਲ ਜੰਗਲੀ ਜਾਨਵਰਾਂ ਨੇ ਘਰਾਂ ਵੱਲ ਰੁਖ ਕਰ ਲਿਆ ਤੇ ਬਾਂਦਰਾਂ ਹੱਥੋਂ ਖੇਤਾਂ ਵਿੱਚ ਫਸਲ ਤੇ ਘਰਾਂ ਦਾ ਸਾਮਾਨ ਬਰਬਾਦ ਹੋਣ ਲੱਗਾ। ਪਹਾੜਾਂ ਦੀਆਂ ਟੀਸੀਆਂ ’ਤੇ ਨੈੱਟ ਕੰਪਨੀਆਂ ਵਾਲਿਆਂ ਦੇ ਉੱਚੇ-ਉੱਚੇ ਟਾਵਰ ਦਿਸਣ ਲੱਗ ਪਏ। ਸ਼ਹਿਰਾਂ ਵਾਂਗ ਮੇਰਾ ਪਿੰਡ ਵੀ ਪਹਿਲੋਂ ਡਰੱਗ ਅਡਿਕਟਡ ਤੇ ਫਿਰ ਨੈੱਟ ਅਡਿਕਟਡ ਹੋਣ ਲੱਗ ਪਿਆ। ਪਿੰਡ ਦੀ ਖੇਤੀ ਹੀ ਨਹੀਂ ਉੱਜੜੀ, ਲੋਕ ਵੀ ਸ਼ਹਿਰਾਂ ਵੱਲ ਖਿਸਕਣ ਲੱਗ ਪਏ। ਕਈ ਮਹੱਲੇ ਹੀ ਉੱਜੜ ਕੇ ਖੰਡਰਾਤ ਵਿੱਚ ਤਬਦੀਲ ਹੋਣ ਲੱਗ ਪਏ। ਮੇਰੇ ਪਿੰਡ ਵਿੱਚ ਜਿਉਂ-ਜਿਉਂ ਵਿਕਾਸ ਪੈਰ ਪਸਾਰਦਾ ਗਿਆ, ਮੇਰੇ ਪਿੰਡ ਦੀ ਹਰ ਸ਼ੈਅ ਸੁੰਗੜਦੀ ਗਈ। ਦ੍ਰਖਤ, ਪੰਛੀ, ਪਹਾੜ, ਜੰਗਲ, ਖੇਤ, ਖੂਹ, ਖੱਡਾਂ, ਚੋਅ, ਘਾਟੀਆਂ, ਹਰਿਆਲੀ, ਖੁਸ਼ਹਾਲੀ, ਬੋਲੀ, ਸੱਭਿਆਚਾਰ, ਭਾਈਚਾਰਾ ਕੀ, ਪਿੰਡ ਹੀ ਇਸ ਵਿਕਾਸ ਦੀ ਭੇਂਟ ਚੜ੍ਹ ਗਿਆ ਹੈ। ਇਸ ਵਿਕਾਸ ਨੇ ਮੇਰੇ ਪਿੰਡ ਨੂੰ ਕੁਝ ਦੇਣ ਦੀ ਥਾਂ ਉਸ ਦਾ ਬਹੁਤ ਕੁਝ ਖੋਹ ਲਿਆ ਹੈ, ਲੁੱਟ ਲਿਆ ਹੈ।
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(3756)
(ਸਰੋਕਾਰ ਨਾਲ ਸੰਪਰਕ ਲਈ: