“ਧਰਮ ਆਸਥਾ ਦਾ ਮਸਲਾ ਹੈ, ਇਸ ਵਿੱਚ ਜ਼ੋਰ ਜਬਰਦਸਤੀ ਲਈ ਕੋਈ ਥਾਂ ਨਹੀਂ। ਇਸ ਕਰਕੇ ਕਿਸੇ ਨੇ ...”
(31 ਜਨਵਰੀ 2023)
ਇਸ ਵੇਲੇ ਮਹਿਮਾਨ: 97.
ਅਸੀਂ ਪਹਿਲਾਂ ਵੀ ਕਈ ਵਾਰ ਇਹ ਕਿਹਾ ਹੈ ਕਿ ਦਿੱਲੀ ਦੀਆਂ ਬਰੂਹਾਂ ’ਤੇ ਲੜਿਆ ਗਿਆ ਕਿਸਾਨ ਸੰਘਰਸ਼ ਕਈ ਅਰਥਾਂ ਵਿੱਚ ਇਤਿਹਾਸਕ ਸੀ। ਇਸ ਕਰਕੇ ਇਸਦੀ ਪੰਜਾਬ ਦੀ ਸਥਿਤੀ ’ਤੇ ਛਾਪ ਇੱਕ ਲੰਬੇ ਸਮੇਂ ਤਕ ਨਜ਼ਰ ਆਉਂਦੀ ਰਹੇਗੀ। ਜ਼ੀਰਾ ਵਿੱਚ ਮਾਲਬਰੋਜ਼ ਸ਼ਰਾਬ ਫੈਕਟਰੀ ਵਿਰੁੱਧ ਮੋਰਚਾ, ਲਤੀਫਪੁਰਾ ਉਜਾੜੇ ਵਿਰੁੱਧ ਜਲੰਧਰ ਵਿੱਚ ਮੋਰਚਾ, ਸ਼ੇਰਪੁਰ ਇਲਾਕੇ ਵਿੱਚ ਲੱਗਿਆ ਨਹਿਰੀ ਪਾਣੀ ਦੀ ਪ੍ਰਾਪਤੀ ਲਈ ਮੋਰਚਾ ਅਤੇ ਮੋਹਾਲੀ ਵਿੱਚ ਸਜ਼ਾ ਪੂਰੀ ਕਰ ਚੁੱਕੇ ਸਿੱਖ ਬੰਦੀਆਂ ਦੀ ਰਿਹਾਈ ਲਈ ਮੋਰਚਾ, ਦਿੱਲੀ ਮੋਰਚੇ ਦੇ ਪ੍ਰਤੱਖ ਅਕਸ ਹਨ। ਪਰ ਇੱਥੇ ਅਸੀਂ ਇੱਕ ਵੱਖਰੇ ਪਹਿਲੂ ’ਤੇ ਚਰਚਾ ਕਰਾਂਗੇ।
ਦਿੱਲੀ ਮੋਰਚੇ ’ਤੇ ਜਾਣ ਤੋਂ ਪਹਿਲਾਂ ਸਤੰਬਰ ਵਿੱਚ ਕਿਸਾਨ ਜਥੇਬੰਦੀਆਂ ਦੇ ਸਾਂਝੇ ਥੜ੍ਹੇ ਵੱਲੋਂ ਦਿੱਤੇ ਪੰਜਾਬ ਬੰਦ ਦੇ ਸੱਦੇ ਨੂੰ ਮਿਲਿਆ ਸਮੁੱਚੇ ਪੰਜਾਬ ਦਾ ਇੱਕਮੁੱਠ ਹੁੰਗਾਰਾ ਇੱਕ ਮੀਲ ਪੱਥਰ ਸੀ। ਇਸਨੇ ਪੰਜਾਬ ਨੂੰ ਐਨ ਤਲ ਤੋਂ ਛੇੜਾ ਦੇ ਦਿੱਤਾ। ਸਤਲੁਜ-ਰਾਵੀ-ਬਿਆਸ ਦੇ ਪਾਣੀਆਂ ਵਿੱਚ ਹਲਚਲ ਸਾਫ਼ ਨਜ਼ਰ ਆ ਰਹੀ ਸੀ। ਇਸਨੇ ਪੰਜਾਬ ਦੀਆਂ ਸਭ ਕਿਸਮ ਦੀਆਂ ਰਾਜਨੀਤਕ ਸ਼ਕਤੀਆਂ ਨੂੰ ਸਰਗਰਮ ਹੋਣ ਦਾ ਮੌਕਾ ਦੇ ਦਿੱਤਾ। ਇਹ ਮੌਕਾ ਉਹਨਾਂ ਸ਼ਕਤੀਆਂ ਨੂੰ ਮਿਲਿਆ ਜੋ ਡੱਡੂਆਂ ਦੀ ਤਰ੍ਹਾਂ (ਦੜੀਆਂ) ਹਾਈਬਰਨੋਸ਼ਨ ਦੀ ਸਥਿਤੀ ਵਿੱਚ ਸਨ। ਜੋ ਕਦੀ ਕਿਸੇ ਉਜਾੜ ਪੁਲ ’ਤੇ ਇੱਕ ਨਾਅਰਾ ਲਿਖ ਕੇ ਜਾਂ ਕਿਸੇ ਕਿੱਕਰ ’ਤੇ ਝੰਡਾ ਬੰਨ੍ਹ ਕੇ ਆਪਣੀ ਹੋਂਦ ਜਤਲਾਉਣ ਦੀ ਕੋਸ਼ਿਸ਼ ਕਰ ਰਹੀਆਂ ਸਨ। ਕੋਈ ਇਸ ਸਥਿਤੀ ਵਿੱਚੋਂ ਇੱਕ ਖੇਤਰੀ ਪਾਰਟੀ ਬਣਾਉਣ, ਕੋਈ ਪੰਜਾਬ ਨੂੰ ਫੈਡਰਲ ਇਕਾਈ ਬਣਾਉਣ, ਕੋਈ ਖਾਲਿਸਤਾਨ ਬਣਾਉਣ ਅਤੇ ਕੋਈ ਇਸ ਵਿੱਚੋਂ ਹਥਿਆਰਬੰਦ ਇਨਕਲਾਬ ਕੱਢਣ ਲਈ ਯਤਨਸ਼ੀਲ ਸਨ। ਕਿਸਾਨ ਜਥੇਬੰਦੀਆਂ ਵਿੱਚ ਲੁਕੇ ਮੋਦੀ ਦੇ ਕੌਕਸੀ ਏਜੰਟਾਂ ਨੂੰ ਛੱਡ ਬਾਕੀ ਕਿਸਾਨ ਜਥੇਬੰਦੀਆਂ ਕਿਸਾਨ ਵਿਰੋਧੀ ਫਾਸ਼ੀ ਖੇਤੀ ਕਾਨੂੰਨਾਂ ਦੀ ਵਾਪਸੀ ਲਈ ਲੜਾਈ ਲੜ ਰਹੀਆਂ ਸਨ।
ਅਜਿਹੀ ਸਥਿਤੀ ਵਿੱਚ ਸਟੇਟ ਕਿਵੇਂ ਚੁੱਪ ਕਰਕੇ ਬੈਠ ਸਕਦੀ ਸੀ। ਉਸਨੇ ਨਾ ਸਿਰਫ ਆਪਣੀਆਂ ਜ਼ਾਹਰਾ ਏਜੰਸੀਆਂ ਨੂੰ ਸਰਗਰਮ ਕੀਤਾ ਬਲਕਿ ‘ਸਿੱਖ ਚਿੰਤਕਾਂ’ ਦੇ ਭੇਸ ਵਿੱਚ ਵਿਚਰ ਰਹੇ ਆਪਣੇ ਵਿਸ਼ੇਸ਼ ਏਜੰਟਾਂ ਨੂੰ ਅੱਗੇ ਕੀਤਾ, ਜੋ ਖਾਲਿਸਤਾਨੀ ਲਹਿਰ ਤੇ ਨਕਸਲਬਾੜੀ ਲਹਿਰ ਵਿੱਚ ਆਪਣੀ ਘਾਤਕ ਖਿੰਡਾਊ ਸਮਰੱਥਾ ਪ੍ਰਦਰਸ਼ਿਤ ਕਰ ਚੁੱਕੇ ਸਨ। ਇਨ੍ਹਾਂ ਨੇ ਖੇਤੀ ਕਾਨੂੰਨਾਂ ਦੀ ਵਾਪਸੀ ਲਈ ਸੰਘਰਸ਼ ਕਰ ਰਹੀਆਂ ਕਿਸਾਨ ਜਥੇਬੰਦੀਆਂ ਤੋਂ ਬਿਨਾਂ ਆਪਣਾ-ਆਪਣਾ ਏਜੰਡਾ ਲੈ ਕੇ ਚੱਲ ਰਹੀਆਂ ਧਿਰਾਂ ਨੂੰ ਇਕਮੁੱਠ ਕਰਕੇ, ਲੀਡਰਸ਼ਿੱਪ ’ਤੇ ਕਬਜ਼ਾ ਕਰਕੇ ਇਸ ਘੋਲ ਨੂੰ ਨੇਸਤੋਨਾਬੂਦ ਕਰਨਾ ਸੀ। ਇਨ੍ਹਾਂ ਸਾਰਿਆਂ ਨੂੰ ਲੈ ਕੇ, ਬੁਰੀ ਤਰ੍ਹਾਂ ਅਸਫ਼ਲ ਫਿਲਮੀ ਐਕਟਰ ਦੀਪ ਸਿੱਧੂ (ਜਿਸਦੀਆਂ ਮੋਦੀ ਅਤੇ ਅਮਿਤ ਸ਼ਾਹ ਨਾਲ ਤਸਵੀਰਾਂ ਵਾਇਰਲ ਹੋਈਆਂ) ਨੂੰ ਚਿਹਰਾ ਬਣਾ ਕੇ ਸ਼ੰਭੂ ਧਰਨਾ ਲਗਾਇਆ, ਜਿਸਨੂੰ ਸ਼ੰਭੂ ਮੋਰਚਾ ਦਾ ਨਾਮ ਦਿੱਤਾ ਗਿਆ। ਦਿੱਲੀ ਪਹੁੰਚਣ ’ਤੇ ਇਹਨਾਂ ਨੇ ਅਗਲੇ ਦਿਨ ਐਕਟਰ ਯੋਗਰਾਜ ਵਰਗੇ ‘ਅਕਲਮੰਦਾਂ’ ਨੂੰ ਨਾਲ ਲੈ ਕੇ ਰਾਤ ਵੇਲੇ ਸਟੇਜ ’ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ। ਇਹੀ ਕੋਸ਼ਿਸ਼ ਦੋਬਾਰਾ 25 ਜਨਵਰੀ ਨੂੰ ਕੀਤੀ ਅਤੇ 26 ਜਨਵਰੀ ਨੂੰ ਇਹ ਸਾਰਾ ਮੋਰਚਾ ਖਿੰਡਾਊ ਗਠਜੋੜ ਇਕਮੁੱਠ ਹੋ ਕੇ ਐਕਸ਼ਨ ਵਿੱਚ ਆਇਆ। ਇਹਨਾਂ ਦੇ ਇਸ ਐਕਸ਼ਨ ਨੂੰ ਦਿੱਲੀ ਪੁਲੀਸ ਦੇ ਰਵੱਈਏ ਦੇ ਰੂਪ ਵਿੱਚ ਸਟੇਟ ਦੀ ਹਿਮਾਇਤ ਪ੍ਰਤੱਖ ਸੀ।
ਪਰ ਇਹ ਮੋਰਚੇ ਦੇ ਇਤਿਹਾਸਕ ਪੱਖ ਦੀ ਡੂੰਘਾਈ ਨੂੰ ਸਮਝਣੋਂ ਅਸਮਰੱਥ ਰਹੇ। ਇਹ ਨਾ ਸਮਝ ਸਕੇ ਕਿ ਦਿੱਲੀ ਬਰੂਹਾਂ ’ਤੇ ਬੈਠੇ ਕਿਸਾਨ-ਮਜ਼ਦੂਰ ਹੀ ਨਹੀਂ ਬਲਕਿ ਪੂਰਾ ਪੰਜਾਬ ਮੋਰਚੇ ਦੀ ਪਿੱਠ ’ਤੇ ਖੜ੍ਹਾ ਸੀ। ਇਹੀ ਨਹੀਂ, ਇਹ ਮੋਰਚਾ ਸਿਰਫ ਪੰਜਾਬ ਦਾ ਨਹੀਂ ਰਿਹਾ ਸੀ, ਸਗੋਂ ਹਰਿਆਣਾ, ਪੱਛਮੀ ਉੱਤਰ ਪ੍ਰਦੇਸ਼, ਉੱਤਰਾਖੰਡ ਅਤੇ ਰਾਜਸਥਾਨ ਵੀ ਸ਼ਾਮਿਲ ਸੀ। ਇਸ ਕਰਕੇ 26 ਜਨਵਰੀ ਅਤੇ 27-28 ਜਨਵਰੀ ਦੀਆਂ ਹਰਕਤਾਂ ਮੋਰਚਾ ਖਤਮ ਨਾ ਕਰ ਸਕੀਆਂ। ਇਹਨਾਂ ਦੀ ਬਦਕਿਸਮਤੀ ਕਿ ਜਿਨ੍ਹਾਂ ਕਿਸਾਨ ਆਗੂਆਂ ਨੂੰ ਇਹ ਕਹਿੰਦੇ ਸੀ ਕਿ ਇਹ ਛੋਟੇ-ਮੋਟੇ ਸੰਘਰਸ਼ ਲੜਨ ਜੋਗੇ ਹਨ, ਇਹਨਾਂ ਦੀਆਂ ਲੱਤਾਂ ਭਾਰ ਨਹੀਂ ਝੱਲਦੀਆਂ, ਉਹਨਾਂ ਦੀ ਅਗਵਾਈ ਵਿੱਚ ਘੋਲ ਸ਼ਾਨ ਨਾਲ ਜਿੱਤਿਆ ਅਤੇ ਕਿਸਾਨ ਜੈਕਾਰੇ ਛੱਡਦੇ, ਨਾਅਰੇ ਲਾਉਂਦੇ ਅਤੇ ਭੰਗੜੇ ਪਾਉਂਦੇ ਪੰਜਾਬ ਨੂੰ ਪਰਤੇ। ਇਸ ਜਿੱਤ ਨੇ ਇਹਨਾਂ ਤਾਕਤਾਂ ਨੂੰ ਨਿਤਾਣੇ ਤਾਂ ਕਰ ਦਿੱਤਾ ਪਰ ਖਤਮ ਨਹੀਂ ਕੀਤਾ ਅਤੇ ਨਾ ਹੀ ‘ਪੰਥਕ-ਵਿਦਵਾਨ’ ਆਈ.ਬੀ. ਏਜੰਟ ਚੁੱਪ ਕਰਕੇ ਬੈਠੇ ਹਨ। ਉਹ ਕਿਸਾਨ-ਘੋਲਾਂ ਦੇ ਗਹਿਰੇ ਅਸਰਾਂ ਅਤੇ ਭਵਿੱਖੀ ਸੰਘਰਸ਼ ਨੂੰ ਤਾਰਪੀਡੋ ਕਰਨ ਲਈ ਪੰਜਾਬ ਵਿੱਚ ਲਾਂਬੂ ਲਾਉਣ ਲਈ ਯਤਨਸ਼ੀਲ ਹਨ।
ਮੋਰਚੇ ਵੇਲੇ ਇਹਨਾਂ ਦੀ ਕੋਈ ਇਕਹਿਰੀ ਜਥੇਬੰਦਕ ਹੋਂਦ ਨਹੀਂ ਸੀ। ਬਾਦ ਵਿੱਚ ਦੀਪ ਸਿੱਧੂ ਨੇ ‘ਵਾਰਿਸ ਪੰਜਾਬ ਦੇ’ ਜਥੇਬੰਦੀ ਦਾ ਐਲਾਨ ਕੀਤਾ। ਪਰ ਇਸਦੇ ਜਥੇਬੰਦਕ ਤਾਣੇ-ਬਾਣੇ ਬਾਰੇ ਕੁਝ ਵੀ ਜਨਤਕ ਨਹੀਂ ਕੀਤਾ ਗਿਆ। ਇਹ ਦੀਪ ਦੇ ਮਨ ਦੀ ਰਚਨਾ ਸੀ। ਪਰ ਦੀਪ ਦੀ ਮੌਤ ਤੋਂ ਬਾਅਦ ਉਸਦੇ ਸੰਗੀਆਂ ਵਿੱਚ ਪੈਸੇ ਨੂੰ ਲੈ ਕੇ ਸਾਹਮਣੇ ਆਏ ਮੱਤਭੇਦਾਂ ਵਿੱਚ ਇਹ ਸਾਹਮਣੇ ਆਇਆ ਕਿ ਇਸਦੀ ਕੋਈ 16 ਮੈਂਬਰੀ ਕਮੇਟੀ ਸੀ। ਇਸ ਵਿੱਚ ਕੌਣ-ਕੌਣ ਹਨ? ਇਸ ਬਾਰੇ ਕਦੀ ਕੁਝ ਨਹੀਂ ਦੱਸਿਆ ਗਿਆ। ਦੀਪ ਦੀ ਮੌਤ ਤੋਂ ਛੇਤੀ ਬਾਅਦ ਸੋਸ਼ਲ ਮੀਡੀਆ ’ਤੇ ਐਲਾਨ ਕੀਤਾ ਗਿਆ ਕਿ ਦੁਬਈ ਰਹਿੰਦਾ, ਟਰਾਂਸਪੋਰਟ ਵਿੱਚ ਨੌਕਰੀ ਕਰਦਾ ਕੋਈ ਅੰਮ੍ਰਿਤਪਾਲ ਸਿੰਘ ‘ਵਾਰਿਸ ਪੰਜਾਬ ਦੇ’ ਜਥੇਬੰਦੀ ਦਾ ਮੁਖੀ ਹੋਵੇਗਾ। ਇਹ ਚੋਣ ਕਿਸਨੇ ਕੀਤੀ? ਦੀਪ ਦੇ ਸੰਗੀ ਕਹਿੰਦੇ ਹਨ ਕਿ 16 ਮੈਂਬਰੀ ਕਮੇਟੀ ਦੀ ਕੋਈ ਮੀਟਿੰਗ ਨਹੀਂ ਹੋਈ ਅਤੇ ਨਾ ਹੀ ਇਸ ਕਮੇਟੀ ਨੇ ਕਿਸੇ ਨੂੰ ਜਥੇਬੰਦੀ ਦਾ ਮੁਖੀ ਥਾਪਿਆ ਹੈ। ਫਿਰ ਅੰਮ੍ਰਿਤਪਾਲ ਨੂੰ ਕਿਸਨੇ ਥਾਪਿਆ? ਇਹ ਇੱਕ ਗੁੱਝਾ ਭੇਦ ਹੈ। ਪਰ ਇਹ ਕਿਸੇ ਦਿਸ਼ਾ ਵੱਲ ਸੰਕੇਤ ਜ਼ਰੂਰ ਹੈ। ਮੁਖੀ ਥਾਪੇ ਜਾਣ ਤੋਂ ਬਾਅਦ ਉਹ ਫੌਰੀ ਤੌਰ ’ਤੇ ਭਾਰਤ ਨਹੀਂ ਆਇਆ। ਕਿਉਂਕਿ ਉਦੋਂ ਉਹ ਘੋਨ-ਮੋਨ ਸੀ। ਉਸਦਾ ਦਾੜ੍ਹੀ-ਕੇਸਾਂ ਵਾਲਾ ਰੂਪ ਬਣਾ ਕੇ ਉਸ ਨੂੰ ਲਿਆਂਦਾ ਗਿਆ। ਇਹ ਯੋਜਨਾਬੰਦੀ ਕਿਸਦੀ ਸੀ? ਉਸਦੇ ਆਉਂਦਿਆਂ ਹੀ ਨਿਹੰਗ ਬਾਣੇ ਵਿੱਚ ਇੱਕ ਗਰੁੱਪ, ਜਿਸ ਕੋਲ ਸਪਰਿੰਗਫੀਲਡ ਅਤੇ 315 ਬੋਰ ਰਾਈਫਲ ਜਿਹੇ ਹਥਿਆਰ ਸਨ, ਕਿੱਥੋਂ ਆ ਗਿਆ? ਪੰਜਾਬੀ ਦਾ ਗੋਦੀ ਮੀਡੀਆ ਉਸਦਾ ਗੁੱਡਾ ਬੰਨ੍ਹਣ ਵਿੱਚ ਕਿਉਂ ਜੁੱਟ ਗਿਆ? ਇਹ ਸਾਰੇ ਸਵਾਲ ਸਨ ਜੋ ਅੰਮ੍ਰਿਤਪਾਲ ਸਿੰਘ ਆਪਣੇ ਨਾਲ ਲੈ ਕੇ ਆਇਆ ਸੀ। ਚਾਹੇ ਇਹ ਸਾਰੇ ਸਵਾਲ ਇੱਕ ਖਾਸ ਦਿਸ਼ਾ ਵੱਲ ਇਸ਼ਾਰਾ ਕਰਦੇ ਸਨ, ਪਰ ਤਾਂ ਵੀ ਅਸੀਂ ਸਵਾਲ ਨਹੀਂ ਉਠਾਏ। ਉਹ ਪੰਜਾਬ ਦੀ ਧਰਤੀ ’ਤੇ ਕੀ ਕਰਦਾ, ਅਸੀਂ ਇਹ ਦੇਖਣਾ ਚਾਹੁੰਦੇ ਸੀ ਤੇ ਹੁਣ ਕਾਫੀ ਕੁਝ ਸਪਸ਼ਟ ਹੋ ਗਿਆ ਹੈ।
ਰੋਡੇ ਲਿਜਾ ਕੇ ਉਸਦੀ ਦਸਤਾਰਬੰਦੀ ਕਰਨ ਦਾ ਅਰਥ ਉਸ ਨੂੰ ਦੂਜਾ ਭਿੰਡਰਾਂਵਾਲਾ ਬਣਾਉਣਾ ਹੈ। ਉਹ ਆਪਣੇ ਗੱਲਬਾਤ ਦੇ ਅੰਦਾਜ਼ ਵਿੱਚ ਵੀ ਭਿੰਡਰਾਂਵਾਲੇ ਦੀ ਨਕਲ ਕਰਨ ਦੀ ਕੋਸ਼ਿਸ਼ ਹੀ ਕਰਦਾ ਹੈ। ਜਰਨੈਲ ਸਿੰਘ ਇੱਕ ਧਾਰਮਿਕ ਸੰਸਥਾ ਦਮਦਮੀ ਟਕਸਾਲ ਦਾ ਮੁਖੀ ਸੀ। ਪਰ ਅੰਮ੍ਰਿਤਪਾਲ ਸਿੰਘ ਕੁਝ ਵੀ ਨਹੀਂ, ਇੱਕ ਵਿਅਕਤੀ ਹੈ।
ਇਸ ਨੇ ਆਉਂਦਿਆਂ ਹੀ ਸਭ ਤੋਂ ਪਹਿਲਾਂ ਧਰਮ ਪਰਿਵਰਤਨ ਦਾ ਮੁੱਦਾ ਉਠਾਇਆ ਅਤੇ ਇਸਨੇ ਮੁਸਲਮਾਨਾਂ, ਇਸਾਈਆਂ ਨੂੰ ਜ਼ਿੰਮੇਵਾਰ ਦੱਸਦਿਆਂ, ਇਸਾਈਆਂ ਨੂੰ ਧਮਕਾਉਣਾ ਸ਼ੁਰੂ ਕੀਤਾ। ਹਾਲਾਂਕਿ ਅਜਿਹਾ ਕੋਈ ਮੁੱਦਾ ਨਹੀਂ ਸੀ। ਉਂਝ ਸਿੱਖੀ ਸੋਚ ਦੀ ਆਜ਼ਾਦੀ ਦੀ ਵਿਚਾਰਧਾਰਾ ਹੈ। ਭਾਵੇਂ ਗੁਰੂ ਨਾਨਕ ਦੇਵ ਜੀ ਨੇ ਕਿਹਾ ਸੀ ਕਿ “ਦਇਆ ਕਪਾਹ ਸੰਤੋਖ ਸੂਤ, ਜਤਿ ਗੰਢੀ ਸਤਿ ਵੱਟ ਇਹ ਜਨੇਊ ਜੀਓ ਕਾ ਹਈ ਤਾਂ ਪਾਂਡੇ ਘਤਿ” ਪਰ ਜਦੋਂ ਔਰੰਗਜੇਬ ਨੇ ਜ਼ਬਰਦਸਤੀ ਜਨੇਊ ਲਾਹੁਣੇ ਸ਼ੁਰੂ ਕੀਤੇ ਤਾਂ ਇਹ ਗੁਰੂ ਸਾਹਿਬ, ਗੁਰੂ ਤੇਗ ਬਹਾਦਰ ਸਨ ਜਿਹਨਾਂ ਨੇ ਇਸ ਵਿਰੁੱਧ ਆਵਾਜ਼ ਉਠਾਈ। ਇਸ ਕਰਕੇ ਨਹੀਂ ਕਿ ਉਹ ਜਨੇਊ ਧਾਰਨ ਦੇ ਹਿਮਾਇਤੀ ਸਨ ਬਲਕਿ ਇਸ ਲਈ ਕਿ ਮਨੁੱਖ ਨੇ ਕਿਹੜਾ ਧਰਮ ਅਪਣਾਉਣਾ ਹੈ, ਇਹ ਉਸਦੀ ਮਰਜ਼ੀ ਹੈ। ਧਰਮ ਆਸਥਾ ਦਾ ਮਸਲਾ ਹੈ, ਇਸ ਵਿੱਚ ਜ਼ੋਰ ਜਬਰਦਸਤੀ ਲਈ ਕੋਈ ਥਾਂ ਨਹੀਂ। ਇਸ ਕਰਕੇ ਕਿਸੇ ਨੇ ਇਸਾਈ ਬਣਨਾ ਜਾਂ ਸਿੱਖ, ਉਸਦੀ ਮਰਜ਼ੀ ਦਾ ਮਾਮਲਾ ਹੈ ਤੇ ਹੁਣ ਫਿਰ ਉਹ ਮਸਲਾ ਕਿਉਂ ਨਹੀਂ ਰਿਹਾ। ਹਕੀਕਤ ਵਿੱਚ ਧਰਮ-ਬਦਲੀ ਕੋਈ ਮੁੱਦਾ ਹੀ ਨਹੀਂ ਸੀ, ਇਸਦੇ ਦਬਾਕੜਿਆਂ ਦਾ ਮਕਸਦ ਹੋਰ ਸੀ। ਪੰਜਾਬ ਵਿੱਚ ਇਸਾਈ ਦਲਿਤ ਹਨ ਤੇ ਇਸਦਾ ਮਕਸਦ ਦਲਿਤਾਂ ਨੂੰ ਡਰਾ ਕੇ ਭਾਜਪਾ ਦੀ ਝੋਲੀ ਵਿੱਚ ਪਾਉਣਾ ਸੀ।
ਫਿਰ ਇਸਨੇ ਰਾਧਾ ਸੁਆਮੀਆਂ ਅਤੇ ਨਿਹੰਗਾਂ ਦੇ ਝਗੜੇ ਵਿੱਚ ਜਾ ਲੱਤ ਅੜਾਈ। ਇੱਥੋਂ ਹਟ ਕੇ ਇਸਨੇ ਕੁਝ ਗੁਰਦੁਆਰਿਆਂ ਵਿੱਚੋਂ ਬੈਂਚ ਅਤੇ ਕੁਰਸੀਆਂ ਚੁੱਕ ਕੇ ਜਲਾਉਣੀਆਂ ਸ਼ੁਰੂ ਕਰ ਦਿੱਤੀਆਂ। ਦਲੀਲ ਦੇ ਨਾਂ ’ਤੇ ਕੋਈ ਗ੍ਰੰਥ ਸਾਹਿਬ ਦੇ ਬਰਾਬਰ ਨਹੀਂ ਬੈਠ ਸਕਦਾ। ਹਾਲਾਂਕਿ ਗ੍ਰੰਥ ਸਾਹਿਬ ਇੱਕ ਉੱਚੇ ਥੜੇ ’ਤੇ ਪ੍ਰਕਾਸ਼ ਕੀਤਾ ਜਾਂਦਾ ਹੈ ਜਦਕਿ ਇਹ ਬੈਂਚ/ਕੁਰਸੀਆਂ ਕਾਫੀ ਨੀਵੇਂ ਹੁੰਦੇ ਹਨ। ਗ੍ਰੰਥ ਸਾਹਿਬ ਦੇ ਬਰਾਬਰ ਜੇਕਰ ਕੋਈ ਬੈਠਦਾ ਹੈ ਤਾਂ ਉਹ ਗ੍ਰੰਥੀ ਹੈ। ਤਨਖਾਹਦਾਰ ਗ੍ਰੰਥੀ ਬਰਾਬਰ ਬੈਠ ਸਕਦਾ; ਸ਼ਰਧਾਲੂ ਸਿੱਖ ਨੀਵੇਂ ਥਾਂ, ਜੋ ਗ੍ਰੰਥ ਸਾਹਿਬ ਤੋਂ ਨਹੀਂ, ਬਾਕੀ ਸੰਗਤ ਤੋਂ ਉੱਚਾ ਹੈ, ’ਤੇ ਨਹੀਂ ਬੈਠ ਸਕਦਾ। ਇਉਂ ਇਸਨੇ ਸਿੱਖਾਂ ਦੇ ਇੱਕ ਹਿੱਸੇ ਨਾਲ ਵਿਰੋਧ ਸ਼ੁਰੂ ਕਰ ਲਿਆ। ਇਹਨਾਂ ਸਾਰੀਆਂ ਘਟਨਾਵਾਂ ਵਿੱਚ ਇੱਕ ਪੈਟਰਨ ਸਾਂਝਾ ਹੈ ਕਿ ਇਹ ਸਾਰੀਆਂ ਲੋਕਾਂ ਨੂੰ ਆਪਸ ਵਿੱਚ ਲੜਾਉਣ ਵਾਲੀਆਂ ਹਨ। ਉਸਦੀ ਇੱਕ ਵੀ ਸਰਗਰਮੀ ਅਜਿਹੀ ਨਹੀਂ ਜੋ ਸਰਕਾਰ ਜਾਂ ਸਟੇਟ ਵਿਰੁੱਧ ਹੋਵੇ, ਸਿਰਫ ਸਿੱਖ ਗੁਲਾਮ ਹਨ, ਦਾ ਰਟਣ-ਮੰਤਰ ਹੈ।
ਪੰਜਾਬ ਵਿੱਚ ਕਈ ਥਾਂਈਂ ਸੰਘਰਸ਼ ਚੱਲ ਰਹੇ ਹਨ, ਮੋਰਚੇ ਲੱਗੇ ਹੋਏ ਹਨ। ਜ਼ੀਰੇ ਦੇ ਪਿੰਡ ਮਨਸੂਰਵਾਲ ਵਿੱਚ ਦੀਪ ਮਲਹੋਤਰੇ ਦੀ ਕੰਪਨੀ ਦੀ ਮਾਲਬਰੋਜ਼ ਸ਼ਰਾਬ ਫੈਕਟਰੀ ਬੰਦ ਕਰਵਾਉਣ ਲਈ ਮੋਰਚਾ ਲੱਗਿਆ ਹੋਇਆ ਹੈ। ਜਲੰਧਰ ਵਿੱਚ ਲਤੀਫਪੁਰਾ ਪਿੰਡ ਵਿੱਚ ਸਰਕਾਰ ਨੇ ਲੋਕਾਂ ਦੇ ਘਰਾਂ ’ਤੇ ਬੁਲਡੋਜ਼ਰ ਚਲਾ ਕੇ ਘਰ ਢਾਹ ਦਿੱਤੇ ਅਤੇ ਉਹ ਲੋਕ ਕੜਾਕੇ ਦੀ ਸਰਦੀ ਵਿੱਚ ਖੁੱਲ੍ਹੇ ਅਸਮਾਨ ਹੇਠ ਕਕਰਾਲੀਆਂ ਰਾਤਾਂ ਕੱਟਣ ਲਈ ਮਜਬੂਰ ਹਨ। ਉਹਨਾਂ ਦੇ ਮੁੜ-ਵਸੇਬੇ ਦਾ ਮੋਰਚਾ ਲੱਗਿਆ ਹੋਇਆ। ਇਸੇ ਤਰ੍ਹਾਂ ਸੰਗਰੂਰ-ਮਲੇਰਕੋਟਲਾ ਦੇ ਸ਼ੇਰਪੁਰ-ਧੂਰੀ ਇਲਾਕੇ ਵਿੱਚ ਕਿਸਾਨਾਂ ਦੀ ਨਹਿਰੀ ਪਾਣੀ ਦੀ ਪ੍ਰਾਪਤੀ ਲਈ ਸੰਘਰਸ਼ ਚੱਲ ਰਿਹਾ ਹੈ ਅਤੇ ਹੁਣ ਕੁਝ ਸਿੱਖ ਜਥੇਬੰਦੀਆਂ ਵੱਲੋਂ ਮੁਹਾਲੀ ਵਿੱਚ ਸਜ਼ਾ ਭੁਗਤ ਚੁੱਕੇ ਸਿੱਖ ਬੰਦੀਆਂ ਦੀ ਰਿਹਾਈ ਲਈ ਮੋਰਚਾ ਲਗਾਇਆ ਹੈ। ਇਹਨਾਂ ਸਾਰੇ ਮੋਰਚਿਆਂ ਵਿੱਚੋਂ ਜ਼ੀਰਾ ਤੋਂ ਬਿਨਾਂ ਇਸਨੇ ਕਿਤੇ ਸ਼ਮੂਲੀਅਤ ਨਹੀਂ ਕੀਤੀ। ਲਤੀਫਪੁਰਾ ਵਿੱਚ ਉੱਜੜੇ ਲੋਕਾਂ ਵਿੱਚੋਂ ਹਾਲਾਂਕਿ ਵੱਡੀ ਗਿਣਤੀ ਵਿੱਚ ਸਿੱਖ ਹਨ ਪਰ ਇਸਨੇ ਰਸਮੀ ਤੌਰ ’ਤੇ ਨਿਖੇਧੀ ਦਾ ਬਿਆਨ ਵੀ ਨਹੀਂ ਦਿੱਤਾ। ਜ਼ੀਰੇ ਜਾ ਕੇ ਇਸਨੇ ਕਿਹਾ ਹੈ ਕਿ ਅਸੀਂ ਧਰਨਾ ਲਾ ਕੇ ਸਰਕਾਰ ਤੋਂ ਮੰਗ ਕਰ ਰਹੇ ਹਾਂ, ਇਹ ਗੁਲਾਮੀ ਹੈ। ਜਿਸਦਾ ਅਰਥ ਹੈ ਕਿ ਲੋਕਾਂ ਨੂੰ ਆਜ਼ਾਦ ਹੋਣ ਲਈ ਸਰਕਾਰ ਵਿਰੁੱਧ ਧਰਨੇ ਮੁਜ਼ਾਹਰੇ ਨਹੀਂ ਕਰਨੇ ਚਾਹੀਦੇ। ਦੂਸਰੀ ਉਹ ਨਸੀਹਤ ਦੇ ਕੇ ਆਇਆ ਕਿ ਜਥੇਬੰਦੀਆਂ ਦੇ ਝੰਡਿਆਂ ਦੀ ਥਾਂ ਨਿਸ਼ਾਨ ਸਾਹਿਬ ਲਾਉਣਾ ਚਾਹੀਦਾ ਹੈ।
ਇਸਨੇ ਦਰਬਾਰ ਸਾਹਿਬ ਤੋਂ ਅਨੰਦਪੁਰ ਤਕ ਮਾਰਚ ਕੀਤਾ (ਰਾਹੁਲ ਗਾਂਧੀ ਨੇ ਤਾਂ ਪੂਰਾ ਦੇਸ਼ ਗਾਹ ਮਾਰਿਆ ਹੈ) ਇਸ ਤੋਂ ਬਿਨਾਂ ਇਸਦੇ ਸਿਰਫ ਬਿਆਨ ਹਨ, ਇੰਟਰਵਿਊ ਹਨ। ਉਸਦੇ ਇਹ ਬਿਆਨ/ਇੰਟਰਵਿਊ ਜਾਂ ਤਾਂ ਗਪੌੜ ਹਨ ਤੇ ਜਾਂ ਸਵੈ-ਵਿਰੋਧੀ ਹਨ। ਉਹ ਬਰਗਾੜੀ ਇਨਸਾਫ ਮੋਰਚੇ ਵਿੱਚ ਗਿਆ। ਉੱਥੇ ਵਿਧਾਨ ਸਭਾ ਦੇ ਸਪੀਕਰ, ਕੁਲਤਾਰ ਸਿੰਘ ਸੰਧਵਾਂ ਨੇ ਸਰਕਾਰ ਵੱਲੋਂ ਬੋਲਦਿਆਂ ਕਿਹਾ ਕਿ ਸਰਕਾਰ ਵੱਲੋਂ ਡੇਢ ਮਹੀਨੇ ਵਿੱਚ ਸਾਰਾ ਮਸਲਾ ਹੱਲ ਕਰ ਦਿੱਤਾ ਜਾਵੇਗਾ, ਸਰਕਾਰ ਨੂੰ ਡੇਢ ਮਹੀਨੇ ਦਾ ਸਮਾਂ ਦਿਓ। ਇਸ ’ਤੇ ਬੋਲਦਿਆਂ ਅੰਮ੍ਰਿਤਪਾਲ ਸਿੰਘ ਨੇ ਕਿਹਾ ਕਿ ਸਰਕਾਰ ਨੇ ਡੇਢ ਮਹੀਨੇ ਦਾ ਸਮਾਂ ਮੰਗਿਆ ਹੈ, ਇਹ ਸਮਾਂ ਦਿੱਤਾ। ਪਰ ਜੇਕਰ ਡੇਢ ਮਹੀਨੇ ਤਕ ਇਨਸਾਫ ਨਾ ਮਿਲਿਆ ਤਾਂ ਕੋਈ ਧਰਨਾ/ਮੋਰਚਾ ਨਹੀਂ ਲਾਇਆ ਜਾਵੇਗਾ, ਕੋਈ ਰਸਤਾ ਨਹੀਂ ਰੋਕਿਆ ਜਾਵੇਗਾ, ਫਿਰ ਸਿੱਧਾ ਖਾਲਸਾ ਰਾਜ ਦਾ ਐਲਾਨ ਕਰ ਦਿੱਤਾ ਜਾਵੇਗਾ। ਹੁਣ ਇਸ ਗੱਲ ਨੂੰ ਛੇ ਮਹੀਨੇ ਹੋਣ ਨੂੰ ਆਏ ਹਨ, ਪਰ ਨਾ ਤਾਂ ਸਰਕਾਰ ਵੱਲੋਂ ਇਨਸਾਫ ਮਿਲਿਆ ਹੈ ਅਤੇ ਨਾ ਹੀ ਇਸਨੇ ਖਾਲਸਾ ਰਾਜ ਦਾ ਐਲਾਨ ਕੀਤਾ ਹੈ। ਉਹ ਆਪਣੇ ਐਲਾਨ ਤੋਂ ਇਸ ਤਰ੍ਹਾਂ ਭੱਜਿਆ ਹੈ ਜਿਵੇਂ ਚੋਰ ਉਸ ਥਾਂ ਤੋਂ ਭੱਜਦਾ ਹੈ ਜਿੱਥੇ ਉਸਨੇ ਚੋਰੀ ਕੀਤੀ ਹੁੰਦੀ ਹੈ। ਇੱਕ ਥਾਂ ਉਹ ਸਿੱਖਾਂ ਨੂੰ ਗੁਲਾਮ ਦੱਸਣ ਲਈ ਕਹਿੰਦਾ ਹੈ ਕਿ ਗੈਰ-ਕਾਨੂੰਨੀ ਗਤੀਵਿਧੀਆਂ ਰੋਕੂ ਕਾਨੂੰਨ (ਯੂ.ਏ.ਪੀ.ਏ.) ਕੇਵਲ ਸਿੱਖਾਂ ’ਤੇ ਹੀ ਲੱਗਦਾ ਹੈ, ਹੋਰ ਕਿਸੇ ’ਤੇ ਨਹੀਂ ਲੱਗਦਾ। ਪਰ ਹਕੀਕਤ ਇਹ ਹੈ ਕਿ ਇਸ ਕਾਲੇ ਕਾਨੂੰਨ ਤਹਿਤ ਜੇਲ੍ਹਾਂ ਵਿੱਚ ਮੁਸਲਮਾਨ ਅਤੇ ਕਬਾਇਲੀ ਬੰਦ ਹਨ। ਇਸ ਤੋਂ ਬਿਨਾਂ ਨਕਸਲਬਾੜੀ ਕਾਮਰੇਡਾਂ ’ਤੇ ਵੀ ਯੂ.ਏ.ਪੀ.ਏ. ਲੱਗਿਆ ਹੋਇਆ ਹੈ। ਪਰ ਇਹ ਸ਼ਖਸ ਬੜੀ ਸਫ਼ਾਈ ਨਾਲ ਝੂਠ ਬੋਲੀ ਜਾਂਦਾ ਹੈ ਕਿਉਂਕਿ ਸਾਹਮਣੇ ਜਾਂ ਤਾਂ ਭੇਡਾਂ ਹਨ ਜਾਂ ਪਲਾਂਟਡ ਮੀਡੀਆ ਹੈ। ਉਹ ਕਹਿੰਦਾ ਹੈ ਕਿ ਉਸਨੇ ਅੰਮ੍ਰਿਤ ਛਕ ਕੇ ਆਪਣਾ ਜੀਵਨ ਗੁਰੂ ਸਾਹਿਬ ਨੂੰ ਭੇਟ ਕਰ ਦਿੱਤਾ ਹੈ, ਉਸਦਾ ਜੀਵਨ ਵਾਹਿਗੁਰੂ ਦੀ ਰਜ਼ਾ ਵਿੱਚ ਹੈ। ਪਰ ਜ਼ਰਾ ਕੁ ਠੰਢ ਲੱਗ ਕੇ ਸਿਹਤ ਵਿਗੜਦੀ ਹੈ ਤਾਂ ਵਾਹਿਗੁਰੂ ਦੀ ਰਜ਼ਾ ਨੂੰ ਪਾਸੇ ਸੁੱਟ, ਅੰਮ੍ਰਿਤਸਰ ਦੇ ਸਭ ਤੋਂ ਮਹਿੰਗੇ ਪ੍ਰਾਈਵੇਟ ਹਸਪਤਾਲ ਵਿੱਚ ਭੱਜ ਕੇ ਜਾ ਦਾਖਲ ਹੁੰਦਾ ਹੈ।
ਅੰਮ੍ਰਿਤਪਾਲ ਵਾਰ-ਵਾਰ ਕਹਿੰਦਾ ਹੈ ਕਿ ਭਾਰਤ ਦੇਸ਼ ਵਿੱਚ ਸਿੱਖ ਗੁਲਾਮ ਹਨ ਅਤੇ ਸਿੱਖਾਂ ਕੋਲ ਇੱਕੋ ਰਾਹ ਹੈ, ਉਹ ਹੈ ਆਪਣਾ ਵੱਖਰਾ ਰਾਜ ਖਾਲਸਾ ਰਾਜ ਯਾਨਿ ਖਾਲਿਸਤਾਨ। ਪਰ ਉਸਦੇ ਇੱਕ ਸਾਥੀ ਵਰਿੰਦਰ ਸਿੰਘ ਦੀ ਸਪਰਿੰਗਫੀਲਡ ਰਾਈਫਲ ਵਿੱਚੋਂ ਹਵਾਈ ਫਾਇਰ ਕਰਦੇ ਦੀ ਫੋਟੋ/ਵੀਡੀਓ ਵਾਇਰਲ ਹੋ ਜਾਂਦੀ ਹੈ, ਜਿਸਦੇ ਅਧਾਰ ’ਤੇ ਪੱਟੀ ਦੀ ਪੁਲੀਸ ਉਸ ਨੂੰ ਗ੍ਰਿਫਤਾਰ ਕਰਕੇ ਲੈ ਗਈ। ਅੰਮ੍ਰਿਤਪਾਲ ਆਪਣੇ ਸਾਥੀਆਂ ਸਮੇਤ ਥਾਣੇ ਪਹੁੰਚਿਆ ਅਤੇ ਥਾਣੇ ਦੇ ਬਾਹਰ ਬਿਆਨ ਦਿੰਦਾ ਕਹਿੰਦਾ ਹੈ ਕਿ ਅਸੀਂ ਤਾਂ ਅੰਮ੍ਰਿਤ ਛਕਾ ਰਹੇ ਹਾਂ ਤੇ ਲੋਕਾਂ ਦੇ ਨਸ਼ੇ ਛੁਡਾ ਰਹੇ ਹਾਂ। ਨਸ਼ੇ ਛੁਡਾਉਣਾ ਸਰਕਾਰ ਦਾ ਕੰਮ ਹੈ ਤੇ ਸਰਕਾਰ ਦਾ ਕੰਮ ਅਸੀਂ ਕਰ ਰਹੇ ਹਾਂ। ਹੁਣ ਸਰਕਾਰ ਨੇ ਦੇਖਣਾ ਹੈ ਕਿ ਉਸਨੇ ਸਾਨੂੰ ਕਿਹੜੇ ਰਾਹ ਤੋਰਨਾ ਹੈ। ਕਿੱਥੇ ਖਾਲਸਾ ਰਾਜ ਅਤੇ ਖਾਲਿਸਤਾਨ ਤੋਂ ਉਰੇ ਕੋਈ ਗੱਲ ਹੀ ਨਹੀਂ। ਕਿਸੇ ਰੂਪ ਵਿੱਚ ਵੀ ਸੰਘਰਸ਼ ਗੁਲਾਮੀ ਦਾ ਪ੍ਰਗਟਾਵਾ ਹੈ ਅਤੇ ਕਿੱਥੇ ਸਰਕਾਰ ਦਾ ਕਰਨ ਵਾਲਾ ਨਸ਼ਾ ਛੁਡਾਉਣ ਦਾ ਸਮਾਜ ਸੁਧਾਰ ਵਾਲਾ ਕੰਮ। ਭਾਈ ਅੰਮ੍ਰਿਤਪਾਲ ਸਿੰਹਾਂ, ਤੇਰੇ ਮੂੰਹ ਵਿੱਚ ਕਿੰਨੀਆਂ ਕੁ ਜੀਭਾਂ ਹਨ? ਪੰਜਾਬੀ ਵਿੱਚ ਇੱਕ ਕਹਾਵਟ ਹੈ - ਅਖੇ ਬੜ੍ਹਕ ਮਾਰਦਾ ਹਾਂ, ਕਿਉਂਕਿ ਸਾਨ੍ਹ ਹਾਂ, ਮੋਕ ਮਾਰਦਾ ਹਾਂ, ਕਿਉਂਕਿ ਗਊ ਦਾ ਜਾਇਆ ਹਾਂ।
ਅੰਮ੍ਰਿਤਪਾਲ ਸਿੰਘ ਦਾ ਇੱਕੋ ਮਨਭਾਉਂਦਾ ਪ੍ਰਵਚਨ ਹੈ ਕਿ ਸਿੱਖ ਭਾਰਤ ਵਿੱਚ ਗੁਲਾਮ ਹਨ ਅਤੇ ਖਾਲਿਸਤਾਨ ਹੀ ਸਿੱਖਾਂ ਨੂੰ ਆਜ਼ਾਦ ਕਰ ਸਕਦਾ ਹੈ। ਪਰ ਉਸਨੇ ਕਦੀ ਵੀ ਗੁਲਾਮੀ ਦੀ ਪ੍ਰੀਭਾਸ਼ਾ ਨਹੀਂ ਦਿੱਤੀ ਕਿ ਆਖਿਰ ਗੁਲਾਮੀ ਕਹਿੰਦੇ ਕਿਸ ਨੂੰ ਹਨ ਅਤੇ ਉਸ ਪ੍ਰੀਭਾਸ਼ਾ ਅਨੁਸਾਰ ਸਿੱਖ ਕਿਵੇਂ ਗੁਲਾਮ ਹਨ? ਜੇਕਰ ਗੁਲਾਮ ਹਨ ਤਾਂ ਕਿਸਦੇ ਗੁਲਾਮ ਹਨ? ਆਜ਼ਾਦੀ ਲਈ ਜਿਸ ਯੂਟੋਪੀਏ ਦੀਆਂ, ਖਾਲਿਸਤਾਨ, ਕਿਵੇਂ ਸੰਭਵ ਹੈ? 46 ਹਜ਼ਾਰ ਪੰਜਾਬੀਆਂ ਦਾ ਖ਼ੂਨ ਵਹਾ ਕੇ ਵੀ ਸਿੱਖ ਇਸ ਅਖੌਤੀ ਆਜ਼ਾਦੀ ਤੋਂ ਯੋਜਨਾਂ (ਮਿਣਤੀ ਦੀ ਇਕਾਈ, ਸੌ ਕੋਹ = ਇੱਕ ਯੋਜਨ) ਦੂਰ ਕਿਉਂ ਹਨ? ਇਹਨਾਂ ਸਵਾਲਾਂ ਦੇ ਜਵਾਬ ਦੇਣ ਜੋਗੀ ਉਸ ਕੋਲ ਬੁੱਧੀ ਹੀ ਨਹੀਂ। ਅਸੀਂ ਸੰਖੇਪ ਵਿੱਚ ਇਸ ਪ੍ਰਵਚਨ ’ਤੇ ਗੱਲ ਕਰਾਂਗੇ।
ਉਹ ਇੰਨਾ ਭੰਬਲਭੂਸੇ ਵਿੱਚ ਹੈ ਕਿ ਉਹ ਹਰ ਗੱਲ ਨੂੰ ਹੀ ਗੁਲਾਮੀ ਕਹੀ ਜਾਂਦਾ ਹੈ। ਮੋਰਚਾ ਲਾ ਕੇ ਸਰਕਾਰ ਤੋਂ ਮੰਗ ਕਰਨ ਨੂੰ ਵੀ ਉਹ ਗੁਲਾਮੀ ਕਹੀ ਜਾਂਦਾ। ਪਰ ਫਿਰ ਜਿਹੜੀਆਂ ਮੁੱਖ ਗੱਲਾਂ ਕਰਦਾ ਹੈ ਉਨ੍ਹਾਂ ਵਿੱਚੋਂ ਇੱਕ ਹੈ ਗੁਰਬਾਣੀ ਦੀ ਬੇਅਦਬੀ ਦਾ ਇਨਸਾਫ ਨਾ ਮਿਲਣਾ। ਇਹ ਸਹੀ ਹੈ ਕਿ ਰਾਜਨੀਤੀ ਦੀਆਂ ਉਲਝਣਾਂ ਕਾਰਨ ਇਹ ਮਾਮਲਾ ਨਿੱਤਰਿਆ ਨਹੀਂ। ਪਰ ਹਕੀਕਤ ਤਾਂ ਇਹ ਵੀ ਹੈ ਕਿ ਜਦੋਂ ਬੇਦਅਬੀ ਦੀ ਘਟਨਾ ਵਾਪਰੀ ਉਦੋਂ ਪੰਜਾਬ ਵਿੱਚ ਸਿੱਖਾਂ ਦੀ ਪਾਰਟੀ ਹੋਣ ਦਾ ਦਾਅਵਾ ਕਰਨ ਵਾਲੀ ਪਾਰਟੀ, ਅਕਾਲੀ ਦਲ ਦੀ ਸਰਕਾਰ ਸੀ। ਇਹ ਦੇਰੀ ਸਿਰਫ ਇਸ ਮਾਮਲੇ ਵਿੱਚ ਹੀ ਨਹੀਂ ਬਲਕਿ ਅਨੇਕਾਂ ਅਜਿਹੇ ਮਾਮਲੇ ਹਨ ਜੋ ਵਰ੍ਹਿਆਂਬੱਧੀ ਲਟਕਦੇ ਰਹਿੰਦੇ ਹਨ। ਉਦਾਹਰਣ ਵਜੋਂ ਸੰਘੀ ਸਰਕਾਰ ਨੇ ਜੰਮੂ-ਕਸ਼ਮੀਰ ਦੇ ਭਾਰਤ ਨਾਲ ਇਲਹਾਕ ਦਾ ਅਧਾਰ ਅਤੇ ਸੰਵਿਧਾਨਕ ਗਾਰੰਟੀ, ਸੰਵਿਧਾਨ ਦੀ ਧਾਰਾ 370 ਨੂੰ ਗੈਰ-ਸੰਵਿਧਾਨਕ ਅਤੇ ਗੈਰ-ਕਾਨੂੰਨੀ ਢੰਗ ਨਾਲ ਖਤਮ ਕਰ ਦਿੱਤਾ। ਇਹੀ ਨਹੀਂ, ਉਸਦਾ ਰਿਆਸਤ ਦਾ ਰੁਤਬਾ ਖਤਮ ਕਰਕੇ ਦੋ ਕੇਂਦਰ ਸਾਸ਼ਿਤ ਪ੍ਰਦੇਸ਼ਾਂ ਵਿੱਚ ਵੰਡ ਦਿੱਤਾ। ਅਜਿਹਾ ਕਰਨ ਦੀ ਸੰਵਿਧਾਨ ਵਿੱਚ ਕੋਈ ਵਿਵਸਥਾ ਨਹੀਂ ਅਤੇ ਸਰਕਾਰ ਨੂੰ ਕੋਈ ਅਧਿਕਾਰ ਨਹੀਂ। ਇਸ ਸਬੰਧ ਵਿੱਚ ਅਨੇਕਾਂ ਪਟੀਸ਼ਨਾਂ ਸੁਪਰੀਮ ਕੋਰਟ ਵਿੱਚ ਪਾਈਆਂ ਗਈਆਂ। ਪਰ ਸਾਲ ਬੀਤ ਗਏ, ਅਜੇ ਤਕ ਇਹਨਾਂ ਨੂੰ ਸੂਚੀਬੱਧ ਨਹੀਂ ਕੀਤਾ ਗਿਆ। ਇੱਥੋਂ ਤਕ ਕਿ ਹੈਬੀਅਸ ਕਾਰਪਸ, ਜਿਸਦਾ ਨਿਪਟਾਰਾ 24 ਘੰਟੇ ਅੰਦਰ ਕਰਨਾ ਹੁੰਦਾ ਹੈ, ਉਹ ਵੀ ਨਹੀਂ ਸੁਣੀਆਂ ਗਈਆਂ। ਕੀ ਜੰਮੂ ਕਸ਼ਮੀਰ ਦੇ ਲੋਕ ਫਿਰ ਗੁਲਾਮ ਨਹੀਂ? ਦੂਸਰੀ ਵੱਡੀ ਉਦਾਹਰਣ ਦਰਬਾਰ ਸਾਹਿਬ ’ਤੇ ਹਮਲਾ ਕਰਕੇ ਅਕਾਲ-ਤਖਤ ਢਾਹੇ ਜਾਣ ਤੇ ਸਿੱਖਾਂ ਦੇ ਦਿੱਲੀ ਵਿੱਚ ਕਤਲਾਮ ਦੀ ਦਿੰਦਾ ਹੈ। ਪਰ ਇਹ ਹਮਲੇ ਸਿਰਫ ਸਿੱਖਾਂ ’ਤੇ ਹੀ ਨਹੀਂ ਸਭ ਘੱਟ ਗਿਣਤੀਆਂ ’ਤੇ ਹੋ ਰਹੇ ਹਨ। ਦਰਬਾਰ ਸਾਹਿਬ ’ਤੇ ਹਮਲੇ ਲਈ ਭਿੰਡਰਾਂਵਾਲਾ-ਸੁਬੇਗ ਸਿੰਘ ਵੱਲੋਂ ਅੰਦਰ ਮੋਰਚਾਬੰਦੀ ਅਤੇ ਹਥਿਆਰਾਂ ਦਾ ਜਮ੍ਹਾਂ ਹੋਣਾ ਇੱਕ ਬਹਾਨਾ ਸੀ। ਪਰ ਮੁਸਲਮਾਨਾਂ ਦੇ ਮੁਕੱਦਸ ਅਸਥਾਨ ਬਾਬਰੀ ਮਸਜਿਦ ਨੂੰ ਬਿਨਾਂ ਕਿਸੇ ਬਹਾਨੇ ਦੇ ਗੁੰਡਾਗਰਦੀ ਨਾਲ ਢਾਹ ਦਿੱਤਾ ਗਿਆ। ਸਿੱਖਾਂ ਦਾ ਦਿੱਲੀ ਵਿੱਚ ਕਤਲਾਮ ਹੋਇਆ ਤੇ ਮੁਸਲਮਾਨਾਂ ਦਾ ਗੁਜਰਾਤ ਵਿੱਚ। ਉੜੀਸਾ ਵਿੱਚ ਇਸਾਈ ਪਾਦਰੀ ਤੇ ਛੋਟੇ ਬੱਚਿਆਂ ਨੂੰ ਜਿਉਂਦਿਆਂ ਜਲਾ ਦਿੱਤਾ ਗਿਆ। ਚਰਚਾਂ ਨੂੰ ਅੱਗਾਂ ਲਾਈਆਂ ਗਈਆਂ। ਸੋ ਇਕੱਲੇ ਸਿੱਖ ਹੀ ਨਹੀਂ ਸਭ ਘੱਟ ਗਿਣਤੀਆਂ ਹੀ ਨਿਸ਼ਾਨੇ ’ਤੇ ਹਨ। ਸੰਖੇਪ ਟਿੱਪਣੀ ਇਨ੍ਹਾਂ ਦੇ ਹੱਲ ਖਾਲਿਸਤਾਨ ਬਾਰੇ। ਇਹ ਸਿੱਖ ਰਾਜ ਬਾਰੇ ਰਣਜੀਤ ਸਿੰਘ ਦੀ ਮਿਸਾਲ ਦਿੰਦੇ ਹਨ। ਪਰ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਆਮ ਜਗੀਰੂ ਰਾਜ ਸੀ, ਇਸ ਨੂੰ ਸਿੱਖ ਸਮਝਣਾ ਇੱਕ ਵਹਿਮ ਹੈ। ਦੂਸਰੇ ਰਣਜੀਤ ਸਿੰਘ, ਪਟਿਆਲਾ, ਨਾਭਾ, ਜੀਂਦ ਤੇ ਕਪੂਰਥਲਾ ਰਿਆਸਤਾਂ (ਸਭ ਦੇ ਹਾਕਮ ਸਿੱਖੀ ਸਰੂਪ ਵਾਲੇ ਸਨ) ਉਦੋਂ ਹੋਂਦ ਵਿੱਚ ਆਈਆਂ ਜਦੋਂ ਕੇਂਦਰ ਵਿੱਚ ਕੋਈ ਹਕੂਮਤ ਹੀ ਨਹੀਂ ਸੀ। ਦੱਖਣ ਵਿੱਚ ਮਰਹੱਟੇ ਸਨ, ਭਰਤਪੁਰ-ਆਗਰਾ ਵਿੱਚ ਜਾਟਾਂ ਦਾ ਰਾਜ ਸੀ, ਰੋਹੇਲਖੰਡ ਵਿੱਚ ਰੁਹੇਲਿਆਂ ਦਾ, ਰਾਜਪੂਤਾਨੇ ਵਿੱਚ ਰਾਜਪੂਤਾਂ ਅਤੇ ਪੂਰਬ ਵਿੱਚ ਅੰਗਰੇਜ਼ ਸਨ। ਰਾਜਧਾਨੀ ਦਾ ਅਮਨ-ਕਾਨੂੰਨ ਅਤੇ ਚੌਥ (ਮਾਲੀਆ) ਦਾ ਅਧਿਕਾਰ ਮਰਹੱਟਿਆਂ ਕੋਲ ਸੀ। ਇਸ ਸਥਿਤੀ ਵਿੱਚ ਰਣਜੀਤ ਸਿੰਘ ਸਮੇਤ ਇਹ ਰਿਆਸਤਾਂ ਹੋਂਦ ਵਿੱਚ ਆਈਆਂ। ਅੰਗਰੇਜ਼ਾਂ ਦਾ ਮਜ਼ਬੂਤ ਕੇਂਦਰੀ ਰਾਜ ਆਇਆ ਤਾਂ ਸਭ ਖਤਮ ਹੋ ਗਈਆਂ। ਅੱਜ ਵੀ ਇੱਕ ਮਜ਼ਬੂਤ ਕੇਂਦਰ ਹੈ, ਇਸ ਲਈ ਖਾਲਸਾ ਰਾਜ ਇੱਕ ਯੂਟੋਪੀਏ ਤੋਂ ਵੱਧ ਕੁਝ ਨਹੀਂ।
ਅੱਜ ਕੇਂਦਰ ਵਿੱਚ ਫਾਸ਼ੀਵਾਦੀ ਸੰਘ ਦੀ ਸਰਕਾਰ ਹੈ, ਜਿਸ ਨੇ ਲੋਕਾਂ ਵਿਰੁੱਧ ਫਾਸ਼ੀ ਹੱਲਾ ਵਿੱਢਿਆ ਹੋਇਆ ਹੈ। ਇਸ ਵਿਰੁੱਧ ਮਜ਼ਦੂਰਾਂ, ਕਿਸਾਨਾਂ, ਘੱਟ ਗਿਣਤੀਆਂ, ਔਰਤਾਂ, ਦਲਿਤਾਂ ਅਤੇ ਕਬਾਇਲੀਆਂ ਨੂੰ ਇਕੱਠੇ ਅਤੇ ਇੱਕਮੁੱਠ ਹੋ ਕੇ ਲੜਨ ਦੀ ਜ਼ਰੂਰਤ ਹੈ। ਇਹ ਸਮੇਂ ਦੀ ਅਣਸਰਦੀ ਲੋੜ ਹੈ। ਪਰ ਅੰਮ੍ਰਿਤਪਾਲ ਸਿੰਘ ਸੰਘ ਦੇ ਫਾਸ਼ੀਵਾਦ ਵਿਰੁੱਧ ਅਤੇ ਮੋਦੀ ਸਰਕਾਰ ਵਿਰੁੱਧ ਇੱਕ ਸ਼ਬਦ ਨਹੀਂ ਬੋਲਦਾ। ਉਹ ਸਿੱਖਾਂ ਨੂੰ ਬਾਕੀ ਲੋਕਾਂ ਨਾਲੋਂ ਨਿਖੇੜ ਕੇ ਅਲੱਗ-ਥਲੱਗ ਕਰਨ ਦਾ ਕੰਮ ਕਰ ਰਿਹਾ ਹੈ। ਉਹ ਸਿੱਖਾਂ ਨੂੰ ਇਸਾਈਆਂ, ਮੁਸਲਮਾਨਾਂ, ਜਨਤਕ ਜਥੇਬੰਦੀਆਂ ਅਤੇ ਕਮਿਊਨਿਸਟਾਂ ਵਿਰੁੱਧ ਭੜਕਾ ਰਿਹਾ ਹੈ। ਇਹੀ ਨਹੀਂ, ਉਹ ਸਿੱਖਾਂ ਅੰਦਰ ਵੀ ਵਿਰੋਧ ਖੜ੍ਹੇ ਕਰ ਰਿਹਾ ਹੈ। ਇਹ ਕਹਿਣ ਦੀ ਲੋੜ ਨਹੀਂ ਕਿ ਉਹ ਕਿਸਦੀ ਸੇਵਾ ਵਿੱਚ ਭੁਗਤ ਰਿਹਾ ਹੈ। ਇਸ ਨਾਲ ਉਸਦੀ ਆਮਦ ਨਾਲ ਜੁੜੇ ਸਵਾਲਾਂ ਦੇ ਜਵਾਬ ਬਾਰੇ ਵੀ ਸਪਸ਼ਟ ਸੰਕੇਤ ਮਿਲ ਜਾਂਦਾ ਹੈ।
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(3768)
(ਸਰੋਕਾਰ ਨਾਲ ਸੰਪਰਕ ਲਈ: