“ਮੰਜ਼ਿਲ ਦੀ ਤਾਂ ਇਹਨੂੰ ਭੋਰਾ ਹੋਸ਼ ਨਹੀਂ, ਪਾਗਲ ਖ਼ਬਰੇ ਕੀ ਲੱਭਦਾ ਹੈ ਰਾਹਵਾਂ ਵਿਚ। ...”
(14 ਫਰਵਰੀ 2019)
(1)
ਕਦ ਇਹ ਬੰਦੇ ਤੋਂ ਵੈਰਾਗੀ ਹੋਵਣਗੇ,
ਕਦ ਵਿਹੜੇ ਦੇ ਪੰਛੀ ਬਾਗੀ ਹੋਵਣਗੇ।
ਖਬਰੇ ਕਿਸਨੇ ਮਰਨਾ ਕਿਸਨੇ ਹਰਨਾ ਹੈ,
ਫੌਜਾਂ ਦੀ ਥਾਂ ਸਾਹਵੇਂ ਰਾਗੀ ਹੋਵਣਗੇ।
ਦੀਪਕ ਰਾਗ ਜੇ ਅਗਨ ਬਾਣ ਤੋਂ ਜਿੱਤ ਗਿਆ,
ਫੌਜਾਂ ਦੇ ਹੱਥ ਫੁੱਲ ਗੁਲਾਬੀ ਹੋਵਣਗੇ।
ਜੰਗਲ ਨੂੰ ਅੱਗ ਲਾ ਕੇ ਸੌਂ ਨੀਂ ਸਕਦਾ ਤੂੰ,
ਕੱਲ੍ਹ ਨੂੰ ਹਮਲੇ ਫੇਰ ਜੁਆਬੀ ਹੋਵਣਗੇ।
**
(2)
ਉਲਝ ਗਏ ਹਾਂ ਚੌਰਾਹੇ ’ਤੇ ਰਾਹਵਾਂ ਵਿਚ,
ਮੋਰਚਿਆਂ ਦਾ ਜ਼ਿਕਰ ਨਹੀਂ ਕਵਿਤਾਵਾਂ ਵਿਚ।
ਆਪਣੀ ਲਾਸ਼ ਨੂੰ ਮੋਢੇ ਚੁੱਕ ਤੁਰਨਾ ਵੀ ਹੈ,
ਤੇ ਹੱਥਕੜੀਆਂ ਵੀ ਲਾਈਆਂ ਨੇ ਬਾਹਵਾਂ ਵਿਚ।
ਮੰਜ਼ਿਲ ਦੀ ਤਾਂ ਇਹਨੂੰ ਭੋਰਾ ਹੋਸ਼ ਨਹੀਂ,
ਪਾਗਲ ਖ਼ਬਰੇ ਕੀ ਲੱਭਦਾ ਹੈ ਰਾਹਵਾਂ ਵਿਚ।
ਮਚ ਮਚ ਕੋਲਾ ਹੋਇਆ ਸੀਨਾ ਹਾਕਮ ਦਾ,
ਲਟ ਲਟ ਦੀਵਾ ਬਲਦਾ ਵੇਖ ਹਵਾਵਾਂ ਵਿਚ।
**
(3)
ਖਬਰੇ ਕਿੱਥੇ ਪੁੱਜ ਗਏ ਹਾਂ ਕਵਿਤਾ ਪੜ੍ਹਦੇ ਪੜ੍ਹਦੇ,
ਘਰ ਦਾ ਰਸਤਾ ਭਟਕ ਗਏ ਹਾਂ ਜੁਗਨੂੰ ਫੜਦੇ ਫੜਦੇ।
ਤਖਤਾਂ ਤਾਜਾਂ ਨੂੰ ਇਸ ਹਾਲ ’ਚ ਕੌਣ ਚੁਣੌਤੀ ਦੇਵੇ,
ਬੀਤ ਰਿਹਾ ਹੈ ਸਭ ਦਾ ਜੀਵਨ ਖੁਦ ਨਾ’ ਲੜਦੇ ਲੜਦੇ।
ਉਸ ਹਾਲਤ ਵਿਚ ਇੱਕੋ ਰਸਤਾ ਡੁੱਬ ਜਾਵਣ ਦਾ ਬਚਦਾ,
ਮੰਜ਼ਿਲ ਤੀਕਰ ਜੇ ਨਾ ਪਹੁੰਚੇ ਸੂਰਜ ਚੜ੍ਹਦੇ ਚੜ੍ਹਦੇ।
**
(4)
ਧੋਬੀ ਤੇਲੀ ਮੋਚੀ ਨਾਈਂ ਐ ਦਰਜੀ,
ਰੋਕ ਦਿਓ ਮਿਲ ਕੇ ਹਾਕਮ ਦੀ ਮਨ ਮਰਜ਼ੀ।
ਜੰਗਲ ਧਰਤੀ ਲੋਕ ਇਕੱਠੇ ਹੋ ਚੁੱਕੇ,
ਮੈਂ ਦਰਿਆਵਾਂ ਨੂੰ ਪਾ ਦਿੱਤੀ ਹੈ ਅਰਜ਼ੀ।
ਜੰਗਲ ਦੇ ਵਿਚ ਪਹਿਲਾਂ ਫੌਜਾਂ ਘੇਰ ਲਵੋ,
ਮਹਿਲ ਨੂੰ ਆਪਾਂ ਘੇਰ ਲਵਾਂਗੇ ਜਦ ਮਰਜ਼ੀ।
ਭਾਵੇਂ ਹੋਸ਼ ਨਹੀਂ ਸੀ ਪਰ ਮੈਂ ਕਹਿ ਸਕਦਾਂ,
ਮੈਨੂੰ ਲੱਗ ਕੇ ਅੱਗ ਧੁਰ ਅੰਦਰ ਤਕ ਲਰਜ਼ੀ।
**
(5)
ਚੋਰ ਸਿਪਾਹੀ ਮਿਲ ਕੇ ਬਾਜ਼ੀ ਖੇਡ ਰਹੇ,
ਹਾਕਮ ਪੰਡਿਤ ਮੁੱਲਾਂ ਕਾਜ਼ੀ ਖੇਡ ਰਹੇ।
ਗੰਗਾ ਵਿਚ ਜੋ ਗੋਤੇ ਲਾਉਣ ਉਹੀ ਬੰਦੇ,
ਮੱਕੇ ਦੇ ਵਿਚ ਹਾਜੀ ਹਾਜੀ ਖੇਡ ਰਹੇ।
ਦੇਖ ਤਮਾਸ਼ਾ ਸ਼ਹਿਰ ’ਚ ਕਿੰਨਾ ਡਰ ਲਗਦੈ,
ਧੜ ਤੋਂ ਸਿਰ ਲਾਹ ਲਾਹ ਕੇ ਗਾਜ਼ੀ ਖੇਡ ਰਹੇ।
**
(6)
ਚੁੱਪ ਚੁਪੀਤੇ ਦਿਨ ਚੜ੍ਹਦਾ ਹੈ ਚੋਰੀ ਚੋਰੀ ਸੂਰਜ ਢਲਦਾ,
ਲੋਕ ਦੁਪਹਿਰਾਂ ਲੁਕ ਲੁਕ ਕੱਟਣ ਡਰ ਡਰ ਕੇ ਹੈ ਦੀਵਾ ਬਲਦਾ।
ਦਰਿਆ ਆਪਣੇ ਦੁਖ ਵਿਚ ਉਛਲਣ ਰਸਤੇ ਆਪੋ ਦੇ ਵਿਚ ਉਲਝੇ,
ਪੌਣਾਂ ਆਪਣੇ ਗੇੜ ’ਚ ਭਟਕਣ ਜੰਗਲ ਆਪਣੀ ਅੱਗ ’ਚ ਜਲਦਾ।
ਹੈਰਾਨੀ ਹੁੰਦੀ ਹੈ ਕਿੱਦਾਂ ਆਪਣੇ ਇਹ ਮਾੜੇ ਦਿਨ ਆਏ,
ਸਤਲੁਜ ਦੇ ਪਾਣੀ ਨਾਲ ਯਾਰੋ ਹੁਣ ਕੋਈ ਬੂਟਾ ਨਾ ਫਲ਼ਦਾ।
ਕੋਰੇ ਕਾਗਜ਼ ਉੱਪਰ ਮੈਥੋਂ ਵੱਡੇ ਅੱਖਰਾਂ ਵਿਚ ਲਿਖਵਾ ਲੈ,
ਐ ਰਾਜਨ ਇਸ ਹਾਲ ’ਚ ਤੇਰਾ ਰਾਜ ਨਹੀਂ ਬਹੁਤਾ ਚਿਰ ਚਲਦਾ।
ਮੁੱਕ ਜਾਣੀ ਸੀ ਚਿੰਤਾ ਚਿਰ ਦੀ ਤੇ ਇਕ ਪਾਸਾ ਹੋ ਜਾਣਾ ਸੀ,
ਪੰਛੀ ਟੁੱਟ ਕੇ ਪੈ ਜਾਣੇ ਸਨ ਜੇ ਨਾ ਅੱਜ ਸ਼ਿਕਾਰੀ ਟਲਦਾ।
ਦੇਖੀਂ ਕਿਧਰੇ ਰੁਕ ਨਾ ਜਾਵੀਂ ਆਖ਼ਰ ਵੇਲੇ ਝੁਕ ਨਾ ਜਾਵੀਂ,
ਸਾਹਵੇਂ ਹੋ ਕੇ ਗੋਲੀ ਮਾਰੀਂ ਖੇਡ ਮਸਾਂ ਬਸ ਪਲ ਦੋ ਪਲ ਦਾ।
*****
(1484)
(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.om)