“ਕੈਨੇਡਾ ਦੇ ਦੂਸਰੇ 12 ਪ੍ਰੀਮੀਅਰ ਵੀ ਆਪਣੇ ਰਾਜਾਂ ਵਿੱਚ ਟਰੰਪ ਨੂੰ ਕਰਾਰਾ ਜਵਾਬ ...”
(27 ਫਰਵਰੀ 2025)
ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਵੱਲੋਂ ਆਪਣੇ ਗੁਆਂਢੀ ਮਿੱਤਰ, ਵਿਸ਼ਵਾਸਪਾਤਰ ਅਤੇ ਵੱਡੇ ਕਾਰੋਬਾਰੀ ਸਹਿਯੋਗੀ ਰਾਸ਼ਟਰ ਕੈਨੇਡਾ ਦੀ ਪ੍ਰਭੂਸੱਤਾ, ਅਜ਼ਾਦੀ ਅਤੇ ਭੂਗੋਲਿਕ ਹੋਂਦ ’ਤੇ ਵਿਸ਼ਵਾਸ਼ਘਾਤੀ ਹਮਲੇ ਨੂੰ ਪ੍ਰਮੁੱਖ ਰਾਜਨੀਤਕ ਮੁੱਦਾ ਬਣਾਉਂਦੇ ਇਸਦੇ ਔਂਟੇਰੀਓ ਸੂਬੇ ਦੇ ਪ੍ਰੀਮੀਅਰ (ਮੁੱਖ ਮੰਤਰੀ) ਡੱਗ ਫੋਰਡ ਨੇ ਉਸ ਨੂੰ ਮੂੰਹ ਤੋੜ ਜਵਾਬ ਦੇਣ, ਭਵਿੱਖ ਵਿੱਚ ਰਾਸ਼ਟਰ ਦੀ ਰਾਖੀ ਲਈ ਫੈਡਰਲ ਇਕਜੁੱਟਤਾ ਨਾਲ ਮੁਕਾਬਲਾ ਕਰਨ ਅਤੇ ਰਾਸ਼ਟਰੀ ਪ੍ਰਭੂਸੱਤਾ ਦੀ ਰਾਖੀ ਲਈ ਚਟਾਨ ਵਾਂਗ ਡਟਣ ਲਈ ਸੂਬੇ ਦੇ ਲੋਕਾਂ ਤੋਂ ਮਜ਼ਬੂਤ ਫ਼ਤਵਾ ਹਾਸਲ ਕਰਨ ਲਈ ਮਧਕਾਲੀ ਚੋਣਾਂ ਦਾ ਐਲਾਨ ਕੀਤਾ। ਇਹ ਚੋਣਾਂ ਅੱਜ (27 ਫਰਵਰੀ, 2025) ਹੋਣ ਜਾ ਰਹੀਆਂ ਹਨ।
ਡੱਗ ਫੋਰਡ 29 ਜੂਨ, 2018 ਨੂੰ ਪਹਿਲੀ ਵਾਰ ਰਾਜ ਵਿੱਚ ਲਿਬਰਲ ਪਾਰਟੀ ਦੀ ਕੈਥਲੀਨ ਵਿੰਨ ਸਰਕਾਰ ਨੂੰ ਬੁਰੀ ਤਰ੍ਹਾਂ ਹਰਾ ਕੇ ਸੱਤਾ ਵਿੱਚ ਆਏ ਸਨ। ਉਹ ਪਰੌਗ੍ਰੈਸਿਵ ਕੰਜ਼ਰਵੇਟਿਵ (ਪੀ.ਸੀ.) ਦੇ ਆਗੂ ਹਨ ਅਤੇ ਟਰਾਂਟੋ ਦੇ ਨਾਮਵਰ ਅਤੇ ਧੜੱਲੇਦਾਰ ਰਹੇ ਮੇਅਰ ਮਰਹੂਮ ਰੌਬ ਫੋਰਡ ਦੇ ਭਰਾ ਹਨ। ਇਨ੍ਹਾਂ ਚੋਣਾਂ ਵਿੱਚ ਉਨ੍ਹਾਂ ਦੀ ਅਗਵਾਈ ਵਿੱਚ ਪੀ.ਸੀ. ਨੇ 76, ਲਿਬਰਲ ਪਾਰਟੀ ਨੇ 7, ਨਿਊ ਡੈਮੋਕ੍ਰੈਟਿਕ ਪਾਰਟੀ ਨੇ 40 ਜਦਕਿ ਗਰੀਨ ਪਾਰਟੀ ਨੇ 1 ਸੀਟ ਜਿੱਤੀ ਸੀ 124 ਮੈਂਬਰੀ ਔਂਟੇਰੀਓ ਪ੍ਰੋਵਿੰਸ਼ੀਅਲ ਅਸੈਂਬਲੀ ਵਿੱਚ।
ਰਾਜ ਵਿੱਚ ਵਧੀਆ, ਸਫ਼ਲ ਸਰਕਾਰ ਦੇਣ ਅਤੇ ਕੋਵਿਡ-19 ਮਹਾਂਮਾਰੀ ਨਾਲ ਫੈਡਰਲ ਜਸਟਿਨ ਟਰੂਡੋ ਦੀ ਲਿਬਰਲ ਪਾਰਟੀ ਦੀ ਸਰਕਾਰ ਨਾਲ ਰਾਜਨੀਤਕ ਮਤਭੇਦਾਂ ਤੋਂ ਉੱਪਰ ਉੱਠ ਕੇ ਪੂਰੇ ਸਹਿਯੋਗ ਨਾਲ ਨਜਿੱਠਣ, ਸਨਅਤ ਅਤੇ ਕਾਰੋਬਾਰ ਦੀ ਵਿਕਾਸ ਗਤੀ ਕਾਇਮ ਰੱਖਣ ਕਰਕੇ 2 ਜੂਨ, 2022 ਨੂੰ ਹੋਈਆਂ ਔਂਟੇਰੀਓ ਸੂਬੇ ਦੀਆਂ ਚੋਣਾਂ ਵਿੱਚ ਡੱਗ ਫੋਰਡ ਦੀ ਅਗਵਾਈ ਵਿੱਚ ਪੀ.ਸੀ. ਨੇ 83 ਸੀਟਾਂ ਹਾਸਲ ਕੀਤੀਆਂ, ਭਾਵ ਪਿਛਲੀਆਂ ਚੋਣਾਂ ਨਾਲੋਂ 7 ਜ਼ਿਆਦਾ। ਐੱਨ.ਡੀ.ਪੀ. ਪਾਰਟੀ ਨੇ 31, ਲਿਬਰਲ ਪਾਰਟੀ ਨੇ 8, ਗਰੀਨ ਪਾਰਟੀ ਨੇ 1, ਜਦਕਿ 1 ਸੀਟ ਅਜ਼ਾਦ ਉਮੀਦਵਾਰ ਨੇ ਪ੍ਰਾਪਤ ਕੀਤੀ। ਰਾਜ ਵਿੱਚ ਡੱਗ ਫੋਰਡ ਦਾ 4 ਸਾਲਾਂਦਾ ਕਾਰਜਕਾਲ ਅਜੇ ਜੂਨ 2026 ਨੂੰ ਪੂਰਾ ਹੋਣਾ ਸੀ, ਉਸ ਦੀ ਸਰਕਾਰ ਨੂੰ ਕੋਈ ਅੰਦਰੂਨੀ ਜਾਂ ਬਾਹਰੀ ਰਾਜਨੀਤਕ ਚੁਣੌਤੀ ਦੇਸ਼ ਅਤੇ ਰਾਜ ਅੰਦਰ ਦਰਪੇਸ਼ ਨਹੀਂ ਸੀ, ਲੇਕਿਨ ਦੇਸ਼ ਦੀ ਅਣਖ, ਪ੍ਰਭੂਸੱਤਾ ਅਤੇ ਅਜ਼ਾਦੀ ’ਤੇ ਹਮਲੇ ਦੀ ਕਾਇਰਾਨਾ ਅਤੇ ਧੋਖਾਘੜੀ ਭਰੀ ਵੰਗਾਰ ਨੇ ਉਸਦੀ ਜ਼ਮੀਰ ਨੂੰ ਹਿਲਾ ਕੇ ਰੱਖ ਦਿੱਤਾ, ਜਿਸਦੇ ਦੋ ਟੁੱਕ ਰਾਜਨੀਤਕ ਇੱਛਾ ਸ਼ਕਤੀ ਨਾਲ ਜਵਾਬ ਲਈ ਉਸਨੇ ਲੋਕਾਂ ਦੀ ਕਚਹਿਰੀ ਵਿੱਚੋਂ ਮੁੜ ਤਾਜ਼ਾ ਰਾਜਨੀਤਕ ਫ਼ਤਵਾ ਹਾਸਲ ਕਰਨ ਲਈ ਮੱਧਕਾਲੀ ਚੋਣਾਂ ਕਰਾਉਣ ਦਾ ਨਿਰਣਾ ਲਿਆ। ਇਹ ਨਿਰਣਾ ਕੋਈ ਸੌਖਾ ਕਾਰਜ ਨਹੀਂ ਸੀ। ਮੱਧਕਾਲੀ ਚੋਣਾਂ ਕਰਕੇ ਰਾਜ ਦੇ ਖਜ਼ਾਨੇ ’ਤੇ 189 ਮਿਲੀਅਨ ਡਾਲਰ ਦਾ ਖਰਚਾ ਪਿਆ ਹੈ। ਰਾਜ ਦਾ ਖਜ਼ਾਨਾ ਪਹਿਲਾ ਹੀ 6.6 ਬਿਲੀਅਨ ਡਾਲਰ ਦੇ ਕਰਜ਼ ਹੇਠ ਦੱਬਿਆ ਪਿਆ ਹੈ। ਇਸੇ ਕਰਕੇ ਉਸ ਦੀ ਸਰਕਾਰ ਅਤੇ ਲੀਡਰਸ਼ਿੱਪ ਨੂੰ ਵਿਰੋਧੀ ਰਾਜਨੀਤਕ ਪਾਰਟੀਆਂ ਦੇ ਤਾਬੜਤੋੜ ਰਾਜਨੀਤਕ, ਆਰਥਿਕ, ਮੌਕਾਪ੍ਰਸਤ ਮੁੱਦਿਆਂ ’ਤੇ ਹਮਲਿਆਂ ਦਾ ਸਾਹਮਣਾ ਕਰਨਾ ਪਿਆ।
ਲਲਕਾਰ
ਜਿਸ ਵਿਸ਼ਵ ਦੇ ਸਭ ਤੋਂ ਤਾਕਤਵਰ ਦੇਸ਼ ਅਮਰੀਕਾ ਦੇ ਆਪਹੁਦਰੇ, ਏਕਾਧਿਕਾਰਵਾਦੀ, ਨਾਰਸਿਸਟ ਕਿਸਮ ਦੇ ਦੂਸਰੀ ਵਾਰ ਬਣੇ ਰਾਸ਼ਟਰਪਤੀ ਡੌਨਲਡ ਟਰੰਪ ਦੀਆਂ ਆਪਹੁਦਰੀਆਂ, ਸਾਮਰਾਜ ਪ੍ਰਸਾਰਵਾਦੀ ਧਮਕੀਆਂ ਨੂੰ ਅਜੇ ਤਕ ਵਿਸ਼ਵ ਦਾ ਕੋਈ ਵੀ ਆਗੂ ਲਲਕਾਰ ਨਾ ਸਕਿਆ, ਜਿਨ੍ਹਾਂ ਵਿੱਚ ਚੀਨ, ਰੂਸ, ਭਾਰਤ ਆਦਿ ਦੇਸ਼ ਸ਼ਾਮਿਲ ਹਨ, ਅਹੁਦਾ ਤਿਆਗ ਰਹੇ ਵਿਚਾਰੇ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਤਾਂ ਕੀ ਜਵਾਬ ਦੇਣਾ ਸੀ, ਜਿਸਦੇ ਮੂੰਹ ’ਤੇ ਉਸਨੇ ਆਪਣੇ ਨਿਵਾਸ ਮਾਰ-ਆ-ਲਾਗੋ ਵਿਖੇ ਉਸ ਨੂੰ ‘ਸ਼੍ਰੀਮਾਨ ਗਵਰਨਰ’ ਅਮਰੀਕਾ ਦਾ 51ਵਾਂ ਸੂਬਾ ਬਣਨ ਜਾ ਰਹੇ ਕੈਨੇਡਾ ਦਾ ਪੁਕਾਰਿਆ, ਉਸ ਮੂੰਹ-ਖਾਰ ਰਾਸ਼ਟਰਪਤੀ ਨੂੰ ਔਂਟੇਰੀਓ ਰਾਜ ਦੇ ਮੁੱਖ ਮੰਤਰੀ ਨੇ ਪੱਟਾਂ ’ਤੇ ਥਾਪੀ ਮਾਰਦਿਆਂ ਲਲਕਾਰਿਆ। ਭਵਿੱਖ ਵਿੱਚ ਉਸਦੇ ਚਾਰ ਸਾਲਾਂ ਕਾਰਜ ਦਾ ਪੈਰ-ਪੈਰ ’ਤੇ ਮੂੰਹ ਤੋੜਵਾਂ ਜਵਾਬ ਦੇਣ ਲਈ ਆਪ ਰਾਜ ਵਿੱਚ ਮਧਕਾਲੀ ਚੋਣਾਂ ਕਰਵਾ ਕੇ 4 ਸਾਲ ਲਈ ਫ਼ਤਵਾ ਲੈਣ ਦਾ ਦ੍ਰਿੜਤਾਪੂਰਵਕ ਨਿਰਣਾ ਲਿਆ। ਉਸਨੇ ਸਪਸ਼ਟ ਕਿਹਾ ਕਿ ਕੈਨੇਡਾ ਵਿਕਰੀ ਲਈ ਨਹੀਂ। ਇਹ ਨਾਅਰਾ ਪੂਰੇ ਦੇਸ਼ ਅੰਦਰ ਰਾਸ਼ਟਰ ਦੀ ਪ੍ਰਭੂਸੱਤਾ, ਅਜ਼ਾਦੀ ਅਤੇ ਸਨਮਾਨ ਦੀ ਅਵਾਜ਼ ਬਣ ਗਿਆ।
ਹੋਇਆ ਇੰਝ ਕਿ ਜਦੋਂ ਫਾਕਸ ਨਿਊਜ਼ ਨਾਲ ਇੱਕ ਇੰਟਰਵਿਊ ਵਿੱਚ ਮੁੱਖ ਮੰਤਰੀ ਡੱਗ ਫੋਰਡ ਨੂੰ ਕਿਹਾ ਗਿਆ ਕਿ ਇੰਝ ਤਾਂ ਕੈਨੇਡਾ ਦੇ ਸੁਭਾਗ ਹੋਣਗੇ ਜੇਕਰ ਉਹ ਅਮਰੀਕਾ ਵਰਗੀ ਗਲੋਬਲ ਫੌਜੀ ਅਤੇ ਆਰਥਿਕ ਮਹਾਸ਼ਕਤੀ ਦਾ 51ਵਾਂ ਸੂਬਾ ਬਣ ਜਾਵੇ। ਫੋਰਡ ਦਾ ਦੋ-ਟੁੱਕ ਜਵਾਬ ਸੀ, “ਨਹੀਂ, ‘ਕੈਨੇਡੀਅਨ ਬਣਨਾ ਵੱਡਾ ਸੁਭਾਗ ਹੈ। ਕੈਨੇਡਾ ਵਿਕਰੀ ਲਈ ਨਹੀਂ।”
ਟੋਪੀ:
ਕੈਨੇਡਾ ਦੀ ਰਾਜਧਾਨੀ ਅਟਾਵਾ ਦੀ ਜੈਕਪਾਈਨ ਡਾਇਨਾਮਿਕ ਬਰਾਂਡਿੰਗ ਕੰਪਨੀ ਦੇ ਲੀਆਮ ਮੂਨੀ ਅਨੁਸਾਰ ਉਨ੍ਹਾਂ ਇਸ ਵਿਚਾਰ ’ਤੇ ਕੰਮ ਕਰਦੇ ਆਪਣੇ ਪਾਰਟਨਰ ਨਾਲ ਮਿਲ ਕੇ ਇੱਕ ਟੋਪੀ ਤਿਆਰ ਕੀਤੀ ਜਿਸ ’ਤੇ ਲਿਖਿਆ ‘ਕੈਨੇਡਾ ਇਜ਼ ਨਾਟ ਫਾਰ ਸੇਲ’ ਮੁੱਖ ਮੰਤਰੀ ਡੱਗ ਫੋਰਡ ਇਹ ਟੋਪੀ ਪਹਿਨ ਕੇ ਦੂਬਰੇ 12 ਮੁੰਖ ਮੰਤਰੀਆਂ ਨਾਲ ਜਦੋਂ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੂੰ ਮਿਲਣ ਗਏ ਤਾਂ ਪੂਰੇ ਰਾਸ਼ਟਰ ਵਿੱਚ ਬੱਲੇ-ਬੱਲੇ ਹੋ ਗਈ। ਕੈਨੇਡਾ ਦੇ ਲੋਕਾਂ ਦੇ ਦਿਲਾਂ ਅਤੇ ਰੂਹਾਂ ਨੂੰ ਇਸ ਰਾਸ਼ਟਰਵਾਦੀ ਨਾਅਰੇ ਨੇ ਇੰਝ ਟੁੰਬਿਆ ਕਿ ਇੱਕ ਦਿਨ ਵਿੱਚ ਹੀ 4 ਲੱਖ 50 ਹਜ਼ਾਰ ਡਾਲਰ ਦੀਆਂ ਟੋਪੀਆਂ ਦੀ ਵਿਕਰੀ ਦਾ ਰਿਕਾਰਡ ਬਣ ਗਿਆ। ਦਰਅਸਲ ਕੈਨੇਡੀਅਨ ਲੋਕ ਔਂਟੇਰੀਓ ਦੇ ਮੁੱਖ ਮੰਤਰੀ ਡੱਗ ਫੋਰਡ ਦੇ ਮੁਖਾਰਬਿੰਦ ਵਿੱਚੋਂ ਨਿਕਲੇ ਅਜਿਹੇ ਸ਼ਬਦਾਂ ਵਿੱਚੋਂ ਰਾਸ਼ਟਰਵਾਦ ਦੀਆਂ ਮੁੱਸ-ਮੁੱਸ ਕੇ ਨਿਕਲੀਆਂ ਝਰਨਾਟਾਂ ਨਾਲ ਸਰਸ਼ਾਰ ਹੋ ਕੇ ਜਾਗ ਪਏ।
ਪਿੱਠ ਵਿੱਚ ਛੁਰਾ:
ਅਮਰੀਕਾ ਵੱਲੋਂ ਕੈਨੇਡਾ ਨੂੰ ਆਪਣਾ ਸੂਬਾ ਬਣਾਉਣ ਦੇ ਇਹ ਘਿਨਾਉਣੇ ਮਨਸੂਬੇ ਸੰਨ 1867 ਅਤੇ 1891 ਵਿੱਚ ਵੀ ਟੈਰਿਫ ਦਬਾਅ ਰਾਹੀਂ ਵੇਖੇ ਗਏ। ਐਤਕੀਂ ਕੈਨੇਡਾ, ਮੈਕਸੀਕੋ ’ਤੇ 25 ਪ੍ਰਤੀਸ਼ਤ ਟੈਰਿਫ, ਮੈਕਸੀਕੋ ਖਾੜੀ ਦਾ ਨਾਮ ਬਦਲ ਕੇ ਅਮਰੀਕਾ ਖਾੜੀ, ਡੈਨਮਾਰਕ ਦਾ ਵੱਡਾ ਜਜ਼ੀਰਾ ਗਰੀਨਲੈਂਡ, ਪਨਾਮਾ ਨਹਿਰ, ਗਾਜ਼ਾ ਕਬਜ਼ੇ ਹੇਠ ਕਰਨ, ਰੂਸ-ਯੂਕਰੇਨ ਜੰਗਬੰਦੀ ਬਦਲੇ ਯੂਕਰੇਨੀ ਖਣਿਜਾਂ ’ਤੇ ਕਬਜ਼ਾ, ਅਮਰੀਕੀ ਏਡ ਦੱਖਣੀ ਅਫਰੀਕਾ, ਭਾਰਤ ਅਤੇ ਹੋਰ ਥਾਈਂ ਬੰਦ ਕਰਨ ਦੇ ਮਨਸੁਬਿਆਂ ਕਰਕੇ ਔਂਟੇਰੀਓ ਚੋਣਾਂ ਵਿੱਚ ਇਹ ਮਸ਼ਹੂਰ ਹੁੰਦਾ ਵੇਖਿਆ ਕਿ ਸਾਲ-2025 ਕਿੱਧਰੇ ਅਮਰੀਕਾ ਵੱਲੋਂ ਵੱਖ-ਵੱਖ ਰਾਸ਼ਟਰਾਂ ਅਤੇ ਭਾਈਚਾਰਿਆਂ ਦੀ ਪਿੱਠ ਵਿੱਚ ਛੁਰਾ ਘੌਂਪੇ ਜਾਣ ਦਾ ਸਾਲ ਹੀ ਨਾ ਕਿਤੇ ਕੌਮਾਂਤਰੀ ਪੱਧਰੀ ’ਤੇ ਐਲਾਨ ਦਿੱਤਾ ਜਾਵੇ।
ਰਿਓੜੀ ਵੰਡ:
ਚੋਣਾਂ ਜਿੱਤਣ ਲਈ ਰਿਓੜੀ ਵੰਡ ਭਾਰਤ ਵਿੱਚ ਹੀ ਬਦਨਾਮ ਨਹੀਂ, ਇਹ ਬਦਨਾਮ ਵਰਤਾਰਾ ਬੜੇ ਸ਼ਰਮਨਾਕ ਢੰਗ ਨਾਲ ਵਿਸ਼ਵ ਵਿਆਪੀ ਰੂਪ ਧਾਰਨ ਕਰ ਰਿਹਾ ਹੈ। ਪੱਛਮੀ ਲੋਕਤੰਤਰ ਵੀ ਇਸ ਨੂੰ ਆਪਣਾ ਰਹੇ ਹਨ। ਔਂਟੇਰੀਓ ਮੱਧਕਾਲੀ ਅਸੈਂਬਲੀ ਚੋਣਾਂ ਤੋਂ ਐੱਨ ਪਹਿਲਾਂ ਡੱਗ ਫੋਰਡ ਸਰਕਾਰ ਵੱਲੋਂ 200 ਡਾਲਰ ਚੈੱਕ ਟੈਕਸ ਰਿਬੇਟ ਵਜੋਂ ਹਰ ਔਂਟੇਰੀਓ ਪਰਿਵਾਰ ਨੂੰ ਭੇਜਿਆ ਗਿਆ। 5.7 ਸੈਂਟ ਗੈਸ ਟੈਕਸ ਕਟੌਤੀ ਸਰਕਾਰ ਵੱਲੋਂ ਕੀਤੀ ਜਾ ਰਹੀ ਹੈ, ਜਿਸ ਤੋਂ ਭਾਵ ਹੈ 125 ਡਾਲਰ ਹਰ ਘਰ ਨੂੰ ਬੱਚਤ। 60 ਕਿਲੋਮੀਟਰ 401 ਹਾਈਵੇਅ ਹੇਠ ਸੁਰੰਗ ਡੱਗ ਫੋਰਡ ਦਾ ਡਰੀਮ ਪ੍ਰਾਜੈਕਟ ਹੈ। ਸਨਅਤ, ਕਾਰੋਬਾਰ, ਰੋਜ਼ਗਾਰ, ਵਿਕਾਸ ਹਿਤ 15 ਖੋਜੀ ਯੂਨੀਵਰਸਿਟੀਆਂ ਦਾ ਭਵਿੱਖ ਵਿੱਚ ਨਿਰਮਾਣ, ਵਿਸ਼ਵ ਵਿੱਚ ਨੰਬਰ ਇੱਕ ਟ੍ਰਾਂਸਪੋਰਟ ਸਿਸਟਮ, ਹਰ ਕਮਿਊਨਿਟੀ ਨੂੰ ਔਟੋਮੈਟਿਕ ਸੁਵਿਧਾਵਾਂ, ਮੂਲ ਢਾਂਚੇ ਦਾ ਨਵ ਨਿਰਮਾਣ, ਸਿਹਤ ਸਿਸਟਮ ਲਈ ਭਰਤੀ, 50 ਸਾਲਾਂ ਬਾਅਦ ਅਮਨ ਕਾਨੂੰਨ ਲਈ ਮੌਤ ਦੀ ਸਜ਼ਾ ਦੀ ਬਹਾਲੀ ਆਦਿ ਪੀਸੀ ਦੇ ਮੁੱਖ ਚੋਣ ਮੁੱਦੇ ਰਹੇ।
ਐੱਨ.ਡੀ.ਪੀ. ਆਗੂ ਮਾਰਟ ਸਟਾਈਲਜ਼ ਨੇ ਹਰ ਘਰ ਨੂੰ 1140 ਡਾਲਰ ਸਲਾਨਾ ਗਰਾਸਰੀ ਰਿਬੇਟ ਦੇਣ ਦਾ ਐਲਾਨ ਕੀਤਾ ਭਾਵ ਖਜ਼ਾਨੇ ’ਤੇ 4.9 ਬਿਲੀਅਨ ਦਾ ਸਲਾਨਾ ਭਾਰ। ਕਿਰਾਏ ਸਿਸਟਮ ’ਤੇ ਕੰਟਰੋਲ ਕਰਨਾ।
ਲਿਬਰਲ ਪਾਰਟੀ ਆਗੂ ਬੋਨੀ ਕਰੌਂਬੀ ਵੱਲੋਂ ਇਨਕਮ ਟੈਕਸ ਰਿਬੇਟ ਦਾ ਐਲਾਨ ਕੀਤਾ ਹੈ। 51446 ਤੋਂ 75000 ਡਾਲਰ ਸਲਾਨਾ ਆਮਦਨ ਵਾਲਿਆਂ ਨੂੰ 9.15 ਦੀ ਥਾਂ 7.15 ਪ੍ਰਤੀਸ਼ਤ ਟੈਕਸ ਲਗਾਇਆ ਜਾਵੇਗਾ। ਇਸ ਨਾਲ ਮੱਧ ਵਰਗ ਨੂੰ ਸਲਾਨਾ 2.8 ਬਿਲੀਅਨ ਬੱਚਤ ਹੋਵੇਗੀ। ਪ੍ਰਤੀ ਟੈਕਸਦਾਤਾ ਨੂੰ 950 ਡਾਲਰ ਸਲਾਨਾ ਬੱਚਤ ਹੋਵੇਗੀ। ਹੀਟਿੰਗ ਤੋਂ ਐੱਚ.ਐੱਸ.ਟੀ. ਛੋਟ ਭਾਵ 200 ਡਾਲਰ ਬੱਚਤ।
ਗਰੀਨ ਪਾਰਟੀ ਦੇ ਮਾਈਕ ਸ਼ਰੀਨਰ ਨੇ ਰਿਓੜੀ ਵੰਡ ਵਜੋਂ ਮੱਧ ਅਤੇ ਹੇਠਲੇ ਵਰਗਾਂ ਨੂੰ 4.7 ਬਿਲੀਅਨ ਡਾਲਰ ਦੀ ਟੈਕਸ ਰਿਬੇਟ ਦਾ ਐਲਾਨ ਕੀਤਾ। 65 ਹਜ਼ਾਰ ਡਾਲਰ ਸਲਾਨਾ ਆਮਦਨ ਵਾਲਿਆਂ, ਘਰ ਦੀ ਸਾਂਝੀ ਆਮਦਨ ਇੱਕ ਲੱਖ ਡਾਲਰ ਵਾਲਿਆਂ ਨੂੰ ਸਲਾਨਾ 1700 ਡਾਲਰ ਦੀ ਬੱਚਤ ਹੋਵੇਗੀ।
ਲੇਕਿਨ ਇੱਕ ਲੱਖ ਡਾਲਰ ਦਾ ਸਵਾਲ ਇਹ ਹੈ ਕਿ ਰਾਜ ਅੰਦਰ ਵਧਦੀ ਮਹਿੰਗਾਈ, ਬੇਰੋਜ਼ਗਾਰੀ, ਚਰਮਰਾ ਰਹੇ ਸਕੂਲ ਸਿਸਟਮ ਲਈ 21.7 ਬਿਲੀਅਨ ਡਾਲਰ ਦੀ ਲੋੜ, ਸੰਨ 2022 ਤੋਂ 25 ਪ੍ਰਤੀਸ਼ਤ ਬੇਘਰਿਆਂ ਵਿੱਚ ਲਗਾਤਾਰ ਵਾਧਾ, 2.5 ਮਿਲੀਅਨ ਔਂਟੇਰੀਓ ਨਿਵਾਸੀਆਂ ਨੂੰ ਫੈਮਲੀ ਡਾਕਟਰ ਉਪਲਬਧ ਨਾ ਹੋਣ ਕਰਕੇ ਐਮਰਜੈਂਸੀ ਕਲੀਨਕਾਂ ’ਤੇ 8 ਤੋਂ 12 ਘੰਟੇ ਉਡੀਕ ਕਰਨਾ, ਇੰਨੇ ਨੂੰ ਭਾਵੇਂ ਕਿਸੇ ਦਾ ਦਮ ਨਿਕਲ ਜਾਏ, 4-5 ਸਰਜਰੀਆਂ ਦੀ ਉਡੀਕ ਵਿੱਚ ਮਰੀਜ਼ਾਂ ਦਾ ਮਰਨਾ, ਕਿਰਾਏ ਦੇਣ ਵਿੱਚ ਮੁਸ਼ਕਿਲ ਘਰ ਖਰੀਦਣਾ ਤਾਂ ਦੂਰ ਦੀ ਗੱਲ ਆਦਿ ਵਾਲੀ ਸਥਿਤੀ ਵਿੱਚ ਉੂਠ ਤੋਂ ਛਾਣਨੀ ਲਾਹੁਣ ਵਾਲੀ ਰਿਓੜੀ ਵੰਡ ਕੀ ਕੋਈ ਮਹੱਤਵ ਰੱਖਦੀ ਹੈ?
ਡੱਗ ਫੋਰਡ ਦੀ ਜਿੱਤ:
ਵੱਡੀਆਂ ਆਰਥਿਕ, ਰੋਜ਼ਗਾਰ, ਸਿਹਤ ਅਤੇ ਸਿੱਖਿਆ, ਟਰਾਂਸਪੋਰਟ ਸਮੱਸਿਆਵਾਂ ਦੇ ਬਾਵਜੂਦ ਮੁੱਖ ਮੰਤਰੀ ਡੱਗ ਫੋਰਡ ਦੀ ਮੱਧਕਾਲੀ ਚੋਣਾਂ ਵਿੱਚ ਜਿੱਤ ਕਿਉਂ ਨਿਸ਼ਚਿਤ ਹੈ? ਰਾਜਨੀਤੀ ਦਰਅਸਲ ਇੱਕ ਕਲਾ ਹੈ। ਅਟਲ ਬਿਹਾਰੀ ਵਾਜਪਾਈ ‘ਭਾਰਤ ਉਦੈ, ‘ਖੁਸ਼ਨੁਮਾ ਅਹਿਸਾਸ’ ਦੇ ਸਫ਼ਲ ਨਾਅਰਿਆਂ ਦੇ ਬਾਵਜੂਦ ਸੰਨ 2004 ਵਿੱਚ ਮੱਧਕਾਲੀ ਚੋਣਾਂ ਹਾਰ ਗਏ, ਦੂਸਰੀ ਵਿਸ਼ਵ ਜੰਗ ਦਾ ਜੇਤੂ ਬਰਤਾਨਵੀ ਆਪ ਹੁਦਰਾ ਹੰਕਾਰੀ ਆਗੂ ਵਿਨਸਟਨ ਚਰਚਿਲ 1945 ਦੀਆਂ ਆਮ ਚੋਣਾਂ ਹਾਰ ਗਿਆ। ਲੇਕਿਨ ਰਾਜਨੀਤਕ ਕਲਾ ਦਾ ਮਾਹਿਰ ਫਿਲਮੀ ਨਾਇਕ ਅਮਰੀਕੀ ਰਾਸ਼ਟਰਪਤੀ ਰੋਨਲਡ ਰੇਗਨ ਦੂਸਰੀ ਵਾਰ ਸੰਨ 1984 ਵਿੱਚ ‘ਅਮਰੀਕਾ ਵਿੱਚ ਮੁੜ ਨਵੀਂ ਸਵੇਰ’ ਦਾ ਸਫ਼ਲ ਨਾਅਰਾ ਆਪਣੀ ਵਧੀਆ ਚੋਣ ਮੁਹਿੰਮ ਕਰਕੇ ਜਿੱਤ ਗਿਆ। ‘ਅਮਰੀਕਾ ਫਰਸਟ’ ਕਹਿਣ ਵਾਲਾ ਟਰੰਪ ਸੰਨ 2020 ਵਿੱਚ ਚੋਣਾਂ ਹਾਰ ਗਿਆ।
ਕੈਨੇਡਾ ਦੇ ਦੂਸਰੇ 12 ਪ੍ਰੀਮੀਅਰ ਵੀ ਆਪਣੇ ਰਾਜਾਂ ਵਿੱਚ ਟਰੰਪ ਨੂੰ ਕਰਾਰਾ ਜਵਾਬ ਦੇਣ ਲਈ ਜ਼ੋਰ ਲਗਾ ਰਹੇ ਹਨ ਪਰ ਡੱਗ ਫੋਰਡ ਦਾ ਅੰਦਾਜ਼ ਨਵੇਕਲਾ ਹੈ। ਉਹ ਦਿਲ ਤੋਂ ਜੁਰਅਤ ਅਤੇ ਦਲੇਰੀ ਨਾਲ ਬੋਲਣ ਵਾਲਾ ਆਗੂ ਹੈ। ਉਸਨੇ ਅਮਰੀਕੀ ਵਸਤਾਂ ਦੇ ਬਾਈਕਾਟ ਦੇ ਐਲਾਨ ਅਤੇ ਅਮਲ ਸ਼ੁਰੂ ਕਰ ਦਿੱਤਾ ਸੀ, ਜੋ ਟਰੰਪ ਵੱਲੋਂ ਟੈਰਿਫ ਇੱਕ ਮਹੀਨਾ ਅੱਗੇ ਪਾਉਣ ਕਰਕੇ ਰੋਕ ਦਿੱਤਾ। ਉਸ ਨੇ ਔਂਟੇਰੀਅਨਾਂ ਦੇ ਵਿਸ਼ਵਾਸ ਦੇ ਭਰੋਸੇ ਟਰੰਪ ਨਾਲ ਕਰੜੇ ਹੱਥੀਂ ਸਿੱਝਣ ਲਈ ਮੱਧਕਾਲੀ ਚੋਣਾਂ ਦਾ ਜਿਵੇਂ ਨਿਰਣਾ ਲਿਆ, ਉਸ ਨਾਲ ਉਹ ਕੈਨੇਡੀਅਨਾਂ ਦੇ ਕੈਪਟਨ ਵਜੋਂ ਉੱਭਰਿਆ ਹੈ। ਉਸ ਦੀ ਹਰਮਨ ਪਿਆਰਤਾ ਵਿਰੋਧੀ ਪਾਰਟੀਆਂ ਦੇ ਆਗੂਆਂ ਨੂੰ ਚੋਣ ਸਰਵਿਆਂ ਵਿੱਚ ਲਗਾਤਾਰ ਪਛਾੜਦੀ ਚਲੀ ਗਈ। ਟਰੰਪ ਦੀ ਧਮਕੀ ਦਾ ਲਲਕਾਰ ਕੇ ਜਵਾਬ ਦੇਣ ਅਤੇ ਟੈਰਿਫ ਸਮੱਸਿਆਂ ਨਾਲ ਅਮਰੀਕੀ ਸਹਿਯੋਗੀਆਂ ਨਾਲ ਮਿਲ ਕੇ ਨਿਪਟਣ ਦੇ ਯਤਨਾਂ ਕਰਕੇ ਉਸਦੀ ਇੱਕ ਰਾਸ਼ਟਰੀ ਹੀਰੋ ਵਜੋਂ ਸਥਪਤੀ ਕਰਕੇ ਉਸਦੀ ਅੱਜ ਦੀਆਂ ਅਸੈਂਬਲੀ ਚੋਣ ਵਿੱਚ ਜਿੱਤ ਤੈਅ ਹੈ।
* * * * *
ਨੋਟ: ਹਰ ਲੇਖਕ ਸਰੋਕਾਰ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲ ਕੇ ਰੱਖੇ।
ਰਚਨਾਵਾਂ ਸਬੰਧੀ ਆਪਣੇ ਵਿਚਾਰ ਸਾਂਝੇ ਕਰੋ: (This email address is being protected from spambots. You need JavaScript enabled to view it.)