“ਦਿੱਲੀ ਵਿਧਾਨ ਸਭਾ ਦੀਆਂ ਚੋਣਾਂ ਤੋਂ ਪਹਿਲਾਂ ਰਾਮ ਰਹੀਮ ਨੂੰ ਪੈਰੋਲ ਦੇਣ ਦਾ ...”
(30 ਜਨਵਰੀ 2025)
ਚੋਣ ਲੋਕ ਸਭਾ ਦੀ ਹੋਵੇ, ਰਾਜ ਸਭਾ ਦੀ ਜਾਂ ਫਿਰ ਸਥਾਨਕ ਸਰਕਾਰਾਂ ਦੀ, ਭਾਰਤੀ ਜਨਤਾ ਪਾਰਟੀ ਡੇਰਾ ਸਿਰਸਾ ਦੇ ਮੁਖੀ ਰਾਮ ਰਹੀਮ ਨੂੰ ਪੈਰੋਲ ਨਾ ਦੇਵੇ, ਇਹ ਗੱਲ ਦਿਲ ਨੂੰ ਜਚਦੀ ਨਹੀਂ। ਭਾਜਪਾ ਨੂੰ ਇੰਝ ਲਗਦਾ ਹੈ ਕਿ ਰਾਮ ਰਹੀਮ ਉਹਨਾਂ ਦੀ ਫਸੀ ਹੋਈ ਸਿਆਸੀ ਗੱਡੀ ਕੱਢ ਦੇਣਗੇ। ਦਿੱਲੀ ਵਿਧਾਨ ਸਭਾ ਦੀਆਂ ਚੋਣਾਂ ਵਿੱਚ ਜਦੋਂ ਇੱਕ ਹਫਤੇ ਦਾ ਸਮਾਂ ਰਹਿ ਗਿਆ ਹੈ ਤਾਂ ਬਲਾਤਕਾਰ ਅਤੇ ਕਤਲਾਂ ਦੇ ਦੋਸ਼ੀ ਰਾਮ ਰਹੀਮ ਨੂੰ 30 ਦਿਨਾਂ ਦੀ ਪੈਰੋਲ ਦਿੱਤੀ ਗਈ ਹੈ। ਇਹ ਪਹਿਲੀ ਵਾਰ ਹੈ ਕਿ ਉਸ ਪੈਰੋਲ ਦੌਰਾਨ ਆਪਣੇ ਮੁੱਖ ਡੇਰੇ ਜਾਣ ਦੀ ਆਗਿਆ ਵੀ ਦੇ ਦਿੱਤੀ ਗਈ ਹੈ। ਸਿਰਸਾ ਉਹ ਥਾਂ ਹੈ ਜਿੱਥੇ ਰਾਮ ਰਹੀਮ ਸਿੰਘ ਜੇਲ੍ਹ ਜਾਣ ਤੋਂ ਪਹਿਲਾਂ ਬਲਾਤਕਾਰ ਅਤੇ ਕਤਲਾਂ ਨੂੰ ਅੰਜਾਮ ਦਿੰਦਾ ਰਿਹਾ ਹੈ। ਇਸ ਤੋਂ ਪਹਿਲਾਂ ਉਸ ਨੂੰ ਪੈਰੋਲ ਦੇਣ ਵੇਲੇ ਉਸ ਨੂੰ ਯੂਪੀ ਦੇ ਬਾਗਪਤ ਡੇਰੇ ਵਿੱਚ ਹੀ ਬੰਦ ਰਹਿਣ ਦੇ ਆਦੇਸ਼ ਦਿੱਤੇ ਜਾਂਦੇ ਸਨ, ਜਿੱਥੋਂ ਉਹ ਵੀਡੀਓ ਕਾਨਫਰੰਸਿੰਗ ਰਾਹੀਂ ਆਪਣੇ ਚੇਲਿਆਂ ਨੂੰ ਸੰਬੋਧਨ ਕਰਦਾ ਰਿਹਾ ਹੈ।
ਰਾਮ ਰਹੀਮ ਨੂੰ ਸਭ ਤੋਂ ਪਹਿਲਾਂ 24 ਅਕਤੂਬਰ 2020 ਨੂੰ ਪੈਰੋਲ ਦਿੱਤੀ ਗਈ ਸੀ। ਉਦੋਂ ਤਿੰਨ ਨਵੰਬਰ ਨੂੰ ਵੜੌਦਾ ਦੀ ਜ਼ਿਮਨੀ ਚੋਣ ਸੀ। ਉਸ ਤੋਂ ਬਾਅਦ 21 ਮਈ 2021 ਨੂੰ ਬਿਮਾਰ ਮਾਂ ਨੂੰ ਮਿਲਣ ਦੇ ਬਹਾਨੇ ਇੱਕ ਦਿਨ ਦੀ ਫਰਲੋਅ ਦਿੱਤੀ ਗਈ ਸੀ। ਪੰਜਾਬ ਵਿਧਾਨ ਸਭਾ ਦੀਆਂ 2022 ਦੀਆਂ ਚੋਣਾਂ ਵੇਲੇ 21 ਦਿਨ ਦੀ ਪੈਰੋਲ ਮਿਲੀ ਸੀ। ਪੰਜਾਬ ਵਿੱਚ 14 ਫਰਵਰੀ ਨੂੰ ਵੋਟਾਂ ਪਈਆਂ ਸਨ।
ਹੋਰ ਤਾਂ ਹੋਰ, ਹਰਿਆਣਾ ਵਿੱਚ ਸਥਾਨਕ ਸਰਕਾਰ ਦੀਆਂ ਚੋਣਾਂ ਜੂਨ 2022 ਨੂੰ ਹੋਈਆਂ ਚੋਣਾਂ ਵੇਲੇ ਰਾਮ ਰਹੀਮ ਇੱਕ ਮਹੀਨੇ ਦੀ ਪੈਰੋਲ ’ਤੇ ਜੇਲ੍ਹ ਵਿੱਚੋਂ ਬਾਹਰ ਆਇਆ ਸੀ। ਹਰਿਆਣਾ ਪੰਚਾਇਤ ਦੀਆਂ 15 ਅਕਤੂਬਰ ਨੂੰ ਚੋਣਾਂ ਹੋਈਆਂ ਤਾਂ ਉਸ ਨੂੰ 40 ਦਿਨ ਦੀ ਪੈਰੋਲ ਮਿਲੀ। ਉਸ ਤੋਂ ਬਾਅਦ ਤਿੰਨ ਅਕਤੂਬਰ ਨੂੰ ਹਰਿਆਣਾ ਦੀ ਆਦਮਪੁਰ ਵਿਧਾਨ ਸਭਾ ਹਲਕੇ ਦੀ ਜ਼ਿਮਨੀ ਚੋਣ ਵੀ ਸੀ। ਫਿਰ 21 ਜਨਵਰੀ 2023 ਨੂੰ ਮੁੜ ਰਾਮ ਰਹੀਮ 40 ਦਿਨ ਦੀ ਫਰਲੋ ’ਤੇ ਬਾਹਰ ਆ ਗਿਆ। ਉਸ ਤੋਂ ਬਾਅਦ 20 ਜੁਲਾਈ ਨੂੰ 30 ਦਿਨ ਦੀ ਪੈਰੋਲ ਮਿਲ ਗਈ।
ਮੁਲਕ ਦੀਆਂ 2024 ਦੀਆਂ ਲੋਕ ਸਭਾ ਚੋਣਾਂ ਵੇਲੇ ਰਾਮ ਰਹੀਮ ਨੂੰ 50 ਦਿਨ ਦੀ ਪੈਰੋਲ ’ਤੇ ਜੇਲ੍ਹ ਵਿੱਚੋਂ ਬਾਹਰ ਕੱਢ ਦਿੱਤਾ ਗਿਆ। ਲੋਕ ਸਭਾ ਵੋਟਾਂ 19 ਅਪਰੈਲ ਨੂੰ ਪਈਆਂ ਸਨ। ਇੱਥੇ ਹੀ ਬੱਸ ਨਹੀਂ, 13 ਅਗਸਤ ਨੂੰ 21 ਦਿਨ ਦੀ ਫਰਲੋਅ ਅਤੇ ਇੱਕ ਅਕਤੂਬਰ ਨੂੰ 21 ਦਿਨ ਦੀ ਪੈਰੋਲ ’ਤੇ ਰਾਮ ਰਹੀਮ ਜੇਲ੍ਹ ਵਿੱਚੋਂ ਬਾਹਰ ਗਿਆ ਸੀ। ਪੰਜ ਅਕਤੂਬਰ ਨੂੰ ਹਰਿਆਣਾ ਚੋਣਾਂ ਲਈ ਵੋਟਾਂ ਪਈਆਂ ਸਨ।
ਰਾਮ ਰਹੀਮ ਨੂੰ ਬਲਾਤਕਾਰ ਅਤੇ ਕਤਲ ਦੇ ਦੋਸ਼ਾਂ ਵਿੱਚ ਤਾਉਮਰ ਦੀ ਕੈਦ ਸੁਣਾਈ ਗਈ ਸੀ। ਦੋਸ਼ ਸਿੱਧ ਹੋਣ ਤੋਂ ਬਾਅਦ ਹੀ ਸਜ਼ਾ ਸੁਣਾਈ ਜਾਂਦੀ ਹੈ। ਦੂਜੇ ਬੰਨੇ ਬੰਦੀ ਸਿੰਘ ਹਨ, ਜਿਹੜੇ 30-30 ਸਾਲ ਦੀ ਸਜ਼ਾ ਭੁਗਤ ਵੀ ਚੁੱਕੇ ਹਨ ਪਰ ਉਹਨਾਂ ਵਿੱਚੋਂ ਕਈਆਂ ਨੂੰ ਛੱਡਣਾ ਤਾਂ ਇੱਕ ਪਾਸੇ ਰਿਹਾ, ਪੈਰੋਲ ’ਤੇ ਬਾਹਰ ਵੀ ਨਹੀਂ ਆਉਣ ਦਿੱਤਾ ਗਿਆ। ਬੇਅੰਤ ਸਿੰਘ ਕਤਲ ਕੇਸ ਦੇ ਦੋਸ਼ੀ ਜਗਤਾਰ ਸਿੰਘ ਹਵਾਰਾ ਨੂੰ ਹਾਲੇ ਤਕ ਇੱਕ ਘੰਟੇ ਦੀ ਵੀ ਪੈਰੋਲ ਨਹੀਂ ਮਿਲੀ। ਇਸੇ ਕੇਸ ਦੇ ਇੱਕ ਹੋਰ ਦੋਸ਼ੀ ਅਤੇ ਫਾਂਸੀ ਦੀ ਸਜ਼ਾਯਾਫਤਾ ਭਾਈ ਬਲਵੰਤ ਸਿੰਘ ਰਾਜੋਆਣਾ ਨੂੰ 29 ਸਾਲਾਂ ਵਿੱਚ ਸਿਰਫ ਤਿੰਨ ਘੰਟੇ ਦੀ ਪੈਰੋਲ ਉਦੋਂ ਦਿੱਤੀ ਗਈ ਜਦੋਂ ਉਹਨਾਂ ਦੇ ਵੱਡੇ ਭਰਾ ਦੀ ਅੰਤਿਮ ਅਰਦਾਸ ਸੀ। ਸਿਤਮ ਇਹ ਕਿ ਬੰਦੀ ਸਿੰਘਾਂ ਉੱਤੇ ਤਾਂ ਸਿਰਫ ਕਤਲ ਦੇ ਦੋਸ਼ ਹਨ ਜਦੋਂ ਕਿ ਰਾਮ ਰਹੀਮ ਤਾਂ ਬਲਾਤਕਾਰੀ ਵੀ ਸਿੱਧ ਹੋ ਚੁੱਕਾ ਹੈ।
ਇਸ ਵਿੱਚ ਕੋਈ ਸ਼ੱਕ ਦੀ ਗੁੰਜਾਇਸ਼ ਹੀ ਨਹੀਂ ਹੈ ਕਿ ਸੱਤਾਧਾਰੀ ਭਾਜਪਾ ਸਿਆਸੀ ਫਾਇਦਾ ਲੈਣ ਲਈ ਹਰ ਹਰਬਾ ਵਰਤ ਰਹੀ ਹੈ। ਇਹ ਵੀ ਸਭ ਨੂੰ ਪਤਾ ਹੈ ਕਿ ਦਿੱਲੀ ਵਿਧਾਨ ਸਭਾ ਦੀਆਂ ਚੋਣਾਂ ਤੋਂ ਪਹਿਲਾਂ ਰਾਮ ਰਹੀਮ ਨੂੰ ਪੈਰੋਲ ਦੇਣ ਦਾ ਮਤਲਬ ਸਿੱਧਾ ਹੀ ਦਿੱਲੀ ਚੋਣਾਂ ਵਿੱਚ ਲਾਭ ਲੈਣ ਦਾ ਇੱਕ ਹੀਲਾ ਹੈ। ਹਰੇਕ ਕੈਦੀ ਨੂੰ ਪੈਰੋਲ ਦੀ ਅਰਜ਼ੀ ਦੇਣ ਦਾ ਕਾਨੂੰਨੀ ਅਧਿਕਾਰ ਹੈ ਪਰ ਦੂਜਿਆਂ ਦੀਆਂ ਪੈਰੋਲ ਦੀਆਂ ਅਰਜ਼ੀਆਂ ਰੱਦ ਕਰ ਦੇਣਾ ਅਤੇ ਰਾਮ ਰਹੀਮ ਨੂੰ ਚੋਣਾਂ ਤੋਂ ਪਹਿਲਾਂ ਹਰ ਵਾਰ ਫਰਲੋ ’ਤੇ ਜੇਲ੍ਹ ਵਿੱਚੋਂ ਬਾਹਰ ਕੱਢ ਦੇਣਾ ਕਈ ਤਰ੍ਹਾਂ ਦੇ ਸਵਾਲ ਖੜ੍ਹੇ ਕਰਦਾ ਹੈ। ਇਹ ਪਹਿਲੀ ਵਾਰ ਨਹੀਂ ਜਦੋਂ ਰਾਮ ਰਹੀਮ ਆਪਣੇ ਚੇਲਿਆਂ ਨੂੰ ਇੱਕ ਸਿਆਸੀ ਪਾਰਟੀ ਦੇ ਹੱਕ ਵਿੱਚ ਭੁਗਤਣ ਦਾ ਸੁਨੇਹਾ ਲਾਉਣਗੇ। ਹੈਰਾਨੀ ਦੀ ਗੱਲ ਇਹ ਹੈ ਕਿ ਇੱਕ ਬੰਦਾ, ਜਿਸਦੇ ਉੱਤੇ ਬਲਾਤਕਾਰ ਅਤੇ ਕਤਲ ਦੇ ਦੋ ਸਿੱਧ ਹੋ ਚੁੱਕੇ ਹਨ, ਫਿਰ ਵੀ ਉਸਦੇ ਚੇਲੇ ਅੱਖਾਂ ਮੀਟ ਕੇ ਪੂਜਣ ਲੱਗੇ ਹੋਏ ਹਨ। ਦੂਜੇ ਬੰਨੇ ਬੰਦੀ ਸਿੰਘਾਂ ਦੇ ਚੰਗੇ ਆਚਰਣ ਦੀ ਰਿਪੋਰਟ ਸੰਬੰਧਿਤ ਜੇਲ੍ਹ ਦੇ ਸੁਪਰਡੈਂਟ ਵੱਲੋਂ ਸਰਕਾਰ ਨੂੰ ਭੇਜੀ ਜਾ ਚੁੱਕੀ ਹੈ ਪਰ ਬਾਵਜੂਦ ਇਸਦੇ ਵਿਚਾਰ ਕਰਨ ਲਈ ਕੋਈ ਤਿਆਰ ਨਹੀਂ ਹੈ। ਇਨ੍ਹਾਂ ਹਾਲਾਤ ਵਿੱਚ ਸਿੱਖ ਆਪਣੇ ਹੀ ਮੁਲਕ ਵਿੱਚ ਆਪਣੇ ਆਪ ਨੂੰ ਬਿਗਾਨਾ ਨਾ ਸਮਝਣ ਤਾਂ ਹੋਰ ਕੀ ਕਰਨ? ਮੁਲਕ ਦਾ ਸੰਵਿਧਾਨ ਇੱਕ ਹੈ ਪਰ ਲਾਗੂ ਕਰਨ ਵੇਲੇ ਦੋਹਰ ਮੇਹਰ ਕੀਤੀ ਜਾ ਰਹੀ ਹੈ।
ਭਾਰਤੀ ਜਨਤਾ ਪਾਰਟੀ ਪਿਛਲੇ 26 ਸਾਲਾਂ ਤੋਂ ਮੁਲਕ ਦੀ ਰਾਜਧਾਨੀ ਦਿੱਲੀ ਦੀ ਸੱਤਾ ਤੋਂ ਪਰੇ ਹੈ। ਸੱਤਾਧਾਰੀ ਆਮ ਆਦਮੀ ਪਾਰਟੀ ਕੁਰਸੀ ’ਤੇ ਟਿਕੇ ਰਹਿਣ ਲਈ ਪੂਰਾ ਤਾਣ ਲਾ ਰਹੀ ਹੈ ਜਦਕਿ ਭਾਰਤੀ ਜਨਤਾ ਪਾਰਟੀ ਕੁਰਸੀ ਖਿਸਕਾਉਣ ਲਈ ਪੂਰੀ ਵਾਹ ਲਾ ਰਹੀ ਹੈ। ਭਾਜਪਾ ਨੂੰ ਇਸ ਵੇਲੇ ਦਿੱਲੀ ਵਿੱਚ ਆਪਣੀ ਗੱਡੀ ਫਸੀ ਲਗਦੀ ਹੈ ਅਤੇ ਭਾਜਪਾ ਨੂੰ ਇਹ ਯਕੀਨ ਹੈ ਕਿ ਰਾਮ ਰਹੀਮ ਭਾਜਪਾ ਨੂੰ ਜਿਤਾਉਣ ਲਈ ਆਪਣਾ ਬਣਦਾ ਹਿੱਸਾ ਪਾ ਦੇਵੇਗਾ।
ਇੱਥੇ ਹੀ ਬੱਸ ਨਹੀਂ ਉਹ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀਆਂ ਘਟਨਾਵਾਂ ਲਈ ਵੀ ਦੋਸ਼ੀ ਸਿੱਧ ਹੋਇਆ ਹੈ। ਐੱਸ ਟੀ ਆਈ ਵੱਲੋਂ ਉਹ ਮੁੱਖ ਦੋਸ਼ੀ ਠਹਿਰਾਇਆ ਗਿਆ ਹੈ। ਹੋਰ ਤਾਂ ਹੋਰ ਉਸ ਉੱਤੇ ਆਪਣੇ ਡੇਰੇ ਦੇ ਮੈਨੇਜਰ ਰਣਜੀਤ ਸਿੰਘ ਨੂੰ ਕਤਲ ਕਰਨ ਦੇ ਦੋਸ਼ ਵੀ ਲੱਗੇ ਹਨ। ਹੈਰਾਨੀ ਦੀ ਗੱਲ ਇਹ ਕਿ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ 2024 ਵਿੱਚ ਉਸ ਨੂੰ ਸੀਬੀਆਈ ਦੀ ਜਾਂਚ ਵਿੱਚ ਖਾਮੀਆਂ ਦੱਸ ਕੇ ਛੱਡ ਦਿੱਤਾ ਸੀ ਪਰ ਮੁਲਕ ਦੀ ਸਿਖਰਲੀ ਅਦਾਲਤ ਸੁਪਰੀਮ ਕੋਰਟ ਨੇ ਤਿੰਨ ਜਾਂ ਜਨਵਰੀ ਨੂੰ ਦੁਬਾਰਾ ਤੋਂ ਮੁਕੱਦਮਾ ਚਲਾਉਣ ਦੀ ਇਜਾਜ਼ਤ ਦੇ ਦਿੱਤੀ ਹੈ।
ਦੂਜੇ ਬੰਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਰਾਮ ਰਹੀਮ ਨੂੰ ਦਿੱਤੀ ਪੈਰੋਲ ’ਤੇ ਇਤਰਾਜ਼ ਜਿਤਾਇਆ ਹੈ ਪਰ ਭਾਰਤੀ ਜਨਤਾ ਪਾਰਟੀ ਨੂੰ ਕਿਸੇ ਦੀ ਕੀ ਪਰਵਾਹ? ਸ਼੍ਰੋਮਣੀ ਕਮੇਟੀ ਨੇ ਡੇਰਾ ਸਿਰਸਾ ਮੁਖੀ ਰਾਮ ਰਹੀਮ ਨੂੰ ਪੈਰੋਲ ਦੇਣ ’ਤੇ ਸਖਤ ਇਤਰਾਜ਼ ਪ੍ਰਗਟ ਕਰਦਿਆਂ ਫੌਰੀ ਪੈਰੋਲ ਰੱਦ ਕਰਕੇ ਉਸ ਨੂੰ ਮੁੜ ਜੇਲ੍ਹ ਭੇਜਣ ਦੀ ਮੰਗ ਕੀਤੀ ਹੈ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਹੈ ਕਿ ਇਹ ਫੈਸਲਾ ਸਰਕਾਰ ਦੀ ਦੋਹਰੀ ਪਹੁੰਚ ਦਰਸਾਉਂਦਾ ਹੈ। ਸਿਆਸੀ ਲਾਹੇ ਲਈ ਰਾਮ ਰਹੀਮ ਨੂੰ ਵਾਰ-ਵਾਰ ਫਰਲੋ ਜਾਂ ਪੈਰੋਲ ਦਿੱਤੀ ਜਾ ਰਹੀ ਹੈ, ਜਦਕਿ ਤਿੰਨ ਦਹਾਕਿਆਂ ਤੋਂ ਦੇਸ਼ ਦੀਆਂ ਵੱਖ-ਵੱਖ ਜੇਲ੍ਹਾਂ ਵਿੱਚ ਬੰਦ ਬੰਦੀ ਸਿੰਘਾਂ ਨੂੰ ਸਜ਼ਾਵਾਂ ਪੂਰੀਆਂ ਕਰਨ ਦੇ ਬਾਵਜੂਦ ਰਿਹਾਅ ਨਹੀਂ ਕੀਤਾ ਜਾ ਰਿਹਾ ਹੈ। ਐਡਵੋਕੇਟ ਧਾਮੀ ਨੇ ਕਿਹਾ ਹੈ ਕਿ ਭਾਜਪਾ ਸਿਆਸੀ ਲਾਹੇ ਲਈ ਰਾਮ ਰਹੀਮ ਦੇ ਘਿਨਾਉਣੇ ਅਪਰਾਧਾਂ ਨੂੰ ਨਜ਼ਰਅੰਦਾਜ਼ ਕਰਕੇ ਪਹਿਲਾਂ ਵੀ ਪੈਰੋਲ ਦਿੰਦੀ ਰਹੀ ਹੈ।
ਰਾਮ ਰਹੀਮ ਕੱਲ੍ਹ ਸਖਤ ਸੁਰੱਖਿਆ ਪ੍ਰਬੰਧਾਂ ਹੇਠ ਸੁਨਾਰੀਆ ਜੇਲ੍ਹ ਵਿੱਚੋਂ ਬਾਹਰ ਆ ਗਿਆ ਸੀ। ਉਹ ਦਸ ਦਿਨ ਲਈ ਡੇਰਾ ਸਿਰਸਾ ਠਹਿਰੇਗਾ ਇਸ ਤੋਂ ਬਾਅਦ ਯੂਪੀ ਦੇ ਬਾਗਪਤ ਸਥਿਤ ਬਰਨਾਵਾ ਵਿੱਚ ਰਹੇਗਾ। ਉਸ ਦੇ ਬਾਹਰ ਆਉਣ ’ਤੇ ਸੁਰੱਖਿਆ ਦੇ ਵਿਸ਼ੇਸ਼ ਬੰਦੋਬਸਤ ਕੀਤੇ ਗਏ ਹਨ। ਇੱਥੋਂ ਤਕ ਕਿ ਉਸ ਦੀ ਆਪਣੀ ਸੁਰੱਖਿਆ ਵੀ ਵਧਾ ਦਿੱਤੀ ਗਈ ਹੈ। ਡੇਰਾ ਸਿਰਸਾ ਦਾ ਆਪਣਾ ਇੱਕ ਰਾਜਨੀਤਿਕ ਵਿੰਗ ਹੈ ਜਿਹੜਾ ਮੁਖੀ ਦੀ ਇੱਛਾ ਦਾ ਪ੍ਰਗਟ ਸੁਨੇਹਾ ਪ੍ਰੇਮੀਆਂ ਤਕ ਲਾ ਦਿੰਦਾ ਰਿਹਾ ਹੈ। ਅਕਾਲੀਆਂ ਨੇ ਵੀ ਵੋਟਾਂ ਦੇ ਲਾਲਚ ਵਿੱਚ ਡੇਰਾ ਮੁਖੀ ਨਾਲ ਨਰਮੀ ਵਰਤ ਕੇ ਇਸ ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਸਵਾਂਗ ਰਚਾਉਣ ਦੇ ਦੋਸ਼ਾਂ ਤੋਂ ਬਰੀ ਕਰ ਦਿੱਤਾ ਸੀ। ਇਹ ਵੱਖਰੀ ਗੱਲ ਹੈ ਕਿ ਅਕਾਲੀ ਦਲ ਹੁਣ ਉਸੇ ਦਾ ਖਮਿਆਜ਼ਾ ਭੁਗਤ ਰਿਹਾ ਹੈ।
ਇੱਕ ਪਾਸੇ ਭਾਰਤੀ ਜਨਤਾ ਪਾਰਟੀ ਪੰਜਾਬ ਦੀ ਸੱਤਾ ਉੱਤੇ ਕਾਬਜ਼ ਹੋਣਾ ਚਾਹੁੰਦੀ ਹੈ, ਦੂਜੇ ਪਾਸੇ ਉਹ ਸਿੱਖਾਂ ਦੀ ਨਰਾਜ਼ਗੀ ਮੁੱਲ ਲੈਣ ਤੋਂ ਵੀ ਝਿਜਕ ਨਹੀਂ ਰਹੀ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀਆਂ ਦਾ ਮਾਮਲਾ ਸਿੱਖਾਂ ਦੇ ਦਿਲਾਂ ਨਾਲ ਜੁੜਿਆ ਹੋਇਆ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਹੁਰਮਤੀ ਦੇ ਦੋਸ਼ੀਆਂ ਨੂੰ ਸਿੱਖ ਕਿਸੇ ਹਾਲਤ ਵਿੱਚ ਵੀ ਮੁਆਫ ਕਰ ਸਕਦੇ। ਰਾਮ ਰਹੀਮ ਨੂੰ ਵਾਰ ਵਾਰ ਪੈਰੋਲ ਦਿੱਤੀ ਜਾ ਰਹੀ ਹੈ ਕਿਉਂਕਿ ਭਾਜਪਾ ਨੂੰ ਚੋਣਾਂ ਵਿੱਚ ਫ਼ਾਇਦਾ ਹੁੰਦਾ ਨਜ਼ਰ ਆਉਂਦਾ ਹੈ। ਹਰਿਆਣਾ ਅਤੇ ਕੇਂਦਰ ਵਿੱਚ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਹੈ, ਇਸ ਕਰਕੇ ਡਬਲ ਇੰਜਣ ਸਰਕਾਰ ਨੇ ਦਿੱਲੀ ਦੀ ਸੱਤਾ ਉੱਤੇ ਕਾਬਜ਼ ਹੋਣ ਲਈ ਮੁੜ ਤੋਂ ਇਹ ਖੇਡ ਰਚਿਆ ਹੈ।
* * * * *
ਨੋਟ: ਹਰ ਲੇਖਕ ਸਰੋਕਾਰ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲ ਕੇ ਰੱਖੇ।
ਰਚਨਾਵਾਂ ਸਬੰਧੀ ਆਪਣੇ ਵਿਚਾਰ ਸਾਂਝੇ ਕਰੋ: (This email address is being protected from spambots. You need JavaScript enabled to view it.)