BalrajSidhu7“(1) ਚੈਂਟੇ ਦੀ ਭੈਣ (2) ਛਿੰਦੇ ਦਾ ਟਰੈਕਟਰ (3) ਸਾਡੇ ਭਾਅ ਦਾ ਤਾਂ ਬਣ ਗਿਆ ਖਾਲਿਸਤਾਨ)
(26 ਦਸੰਬਰ 2018)

 

(1) ਚੈਂਟੇ ਦੀ ਭੈਣ

ਪੰਜਾਬ ਦਾ ਕਾਲੇ ਦਿਨਾਂ ਸਮੇਂ ਬਹੁਤ ਨੁਕਸਾਨ ਹੋਇਆ ਸੀਘਰਾਂ ਦੇ ਘਰ ਤਬਾਹ ਹੋ ਗਏ ਸਨਪਰ ਇਹ ਵਕਤ ਕਈਆਂ ਦੇ ਬਹੁਤ ਰਾਸ ਆਇਆਉਹਨਾਂ ਨੇ ਅੱਤਵਾਦ ਦੀ ਆੜ ਵਿੱਚ ਰੱਜ ਕੇ ਹੱਥ ਰੰਗੇਮੈਨੂੰ ਇਸ ਸਮੇਂ ਦੀਆਂ ਤਿੰਨ ਦਿਲਚਸਪ ਘਟਨਾਵਾਂ ਕਈ ਵਾਰ ਯਾਦ ਆਉਂਦੀਆਂ ਹਨ

ਰਈਏ ਇਲਾਕੇ ਦੇ ਇੱਕ ਖਾੜਕੂ ਗੁਰਜੀਤ ਸਿੰਘ ਚੈਂਟੇ (ਨਾਮ ਬਦਲਿਆ ਹੋਇਆ) ਦੀ ਇਲਾਕੇ ਵਿੱਚ ਬਹੁਤ ਦਹਿਸ਼ਤ ਸੀਲੋਕ ਉਸਦੇ ਨਾਮ ਤੋਂ ਹੀ ਕੰਬਦੇ ਸਨਸੇਠ ਉਸ ਦੇ ਇੱਕ ਸੁਨੇਹੇ ’ਤੇ ਪੈਸਿਆਂ ਦੇ ਢੇਰ ਲਗਾ ਦਿੰਦੇ ਸਨਬਾਅਦ ਵਿੱਚ ਉਹ 1988 ਵਿੱਚ ਹੋਏ ਆਪਰੇਸ਼ਨ ਬਲੈਕ ਥੰਡਰ ਵਿੱਚ ਮਾਰਿਆ ਗਿਆ ਸੀ1986 ਨੂੰ ਰਈਏ ਇਲਾਕੇ ਦੇ ਇੱਕ ਸਰਕਾਰੀ ਸਕੂਲ ਵਿੱਚ ਦਸਵੀਂ ਦੇ ਫਾਈਨਲ ਪੇਪਰ ਹੋ ਰਹੇ ਸਨਉਸ ਦਿਨ ਅੰਗਰੇਜ਼ੀ ਦਾ ਪੇਪਰ ਸੀਪੇਂਡੂ ਬੱਚਿਆਂ ਦਾ ਹੱਥ ਅੰਗਰੇਜ਼ੀ ਵਿੱਚ ਵੈਸੇ ਹੀ ਤੰਗ ਹੁੰਦਾ ਹੈਇੰਨੇ ਨੂੰ ਫਲਾਇੰਗ ਵਾਲੇ ਵੀ ਐਲੀ ਐਲੀ ਕਰਦੇ ਆ ਪਏਬਾਕੀ ਸਭ ਤਾਂ ਠੀਕ ਸੀ ਪਰ ਇੱਕ ਕਮਰੇ ਇੱਕ ਲੜਕੀ ਇਕੱਲੀ ਬੈਠੀ ਗਾਈਡ ਤੋਂ ਵੇਖ ਵੇਖ ਕੇ ਪੇਪਰ ਹੱਲ ਕਰ ਰਹੀ ਸੀਸ਼ਿਕਾਰ ਹੱਥ ਆਇਆ ਵੇਖ ਕੇ ਫਲਾਇੰਗ ਵਾਲਿਆਂ ਨੇ ਸੁਪਰਡੰਟ ਨੂੰ ਘੇਰ ਲਿਆ, “ਇਹ ਕੀ ਬਦਤਮੀਜ਼ੀ ਹੈਇਸ ਨੂੰ ਕਿਉਂ ਨਕਲ ਮਾਰਨ ਲਈ ’ਕੱਲੀ ਬਿਠਾਇਆਅਸੀਂ ਕਰਦੇ ਆਂ ਤੇਰੀ ਰਿਪੋਰਟ ਉੱਪਰ।”

ਸੁਪਰਡੰਟ ਪਹਿਲਾਂ ਤਾਂ ਡਰ ਗਿਆ, ਫਿਰ ਹੌਸਲਾ ਕਰ ਕੇ ਬੋਲਿਆ, “ਸਰ ਤੁਸੀਂ ਤਾਂ ਮੇਰੀ ਰਿਪੋਰਟ ਕਰ ਕੇ ਮੈਨੂੰ ਵੱਧ ਤੋਂ ਵੱਧ ਸਸਪੈਂਡ ਹੀ ਕਰਵਾ ਸਕਦੇ ਓ, ਇਸ ਲੜਕੀ ਨੂੰ ਨਕਲ ਮਾਰਨ ਤੋਂ ਰੋਕ ਕੇ ਮੈਂ ਆਪਣਾ ਟੱਬਰ ਨਹੀਂ ਮਰਵਾਉਣਾਤੁਹਾਨੂੰ ਸ਼ਾਇਦ ਪਤਾ ਨਹੀਂ ਇਹ ਫਲਾਣੀ ਫੋਰਸ ਦੇ ਲੈਫਟੀਨੈਂਟ ਜਨਰਲ ਗੁਰਜੀਤ ਸਿੰਘ ਚੈਂਟੇ ਦੀ ਭੈਣ ਆ।” ਸੁਣ ਕੇ ਫਲਾਇੰਗ ਵਾਲਿਆਂ ਦੇ ਕੰਨਾਂ ਵਿੱਚ ਟੀਂ ਟੀਂ ਹੋਣ ਲੱਗ ਪਈਰੰਗ ਬੱਗਾ ਪੈ ਗਿਆ ਤੇ ਲੱਤਾਂ ਕੰਬਣ ਲੱਗ ਪਈਆਂਉਹਨਾਂ ਨੂੰ ਯਮਦੂਤ ਮਾਰੋ ਮਾਰ ਕਰਦੇ ਹੋਏ ਆਪਣੇ ਵੱਲ ਆਉਂਦੇ ਹੋਏ ਦਿਖਾਈ ਦੇਣ ਲੱਗੇਫਲਾਇੰਗ ਦੇ ਇੰਚਾਰਜ ਨੇ ਸੁਪਰਡੰਟ ਨੂੰ ਡਾਂਟ ਕਿ ਕਿਹਾ, “ਤੂੰ ਤਾਂ ਮਰਨਾ ਈ ਆ, ਨਾਲ ਸਾਨੂੰ ਵੀ ਮਰਵਾਏਂਗਾਜੇ ਇਹ ਕੁੜੀ ਫੇਲ੍ਹ ਹੋ ਗਈ ਤਾਂ ਆਪਾਂ ਸਾਰੇ ਗਏ ਸਮਝੋਇਸ ਨੂੰ ’ਕੱਲੀ ਕਿਉਂ ਬਿਠਾਇਆ? ਇਸਦੇ ਨਾਲ ਕਿਸੇ ਸਿਆਣੇ ਮਾਸਟਰ ਦੀ ਡਿਊਟੀ ਲਗਾ ਜੋ ਇਸ ਨੂੰ ਪੇਪਰ ਹੱਲ ਕਰਵਾਏ।” ਫਲਾਇੰਗ ਵਾਲੇ ਸ਼ੂਟ ਵੱਟ ਕੇ ਕਾਰ ਵਿੱਚ ਬੈਠੇ ਤੇ ਅੰਮ੍ਰਿਤਸਰ ਜਾ ਕੇ ਸਾਹ ਲਿਆ

**

(2) ਛਿੰਦੇ ਦਾ ਟਰੈਕਟਰ

ਮੇਰੇ ਨਜ਼ਦੀਕੀ ਪਿੰਡ ਦਾ ਇੱਕ ਲੜਕਾ ਛਿੰਦਾ, ਜੋ ਮੇਰਾ ਜਮਾਤੀ ਸੀ, ਰਾਤ ਨੂੰ 8-9 ਵਜੇ ਬਾਸਮਤੀ ਵਾਲੀਆਂ ਪੈਲੀਆਂ ਵਿੱਚ ਕਣਕ ਬੀਜਣ ਲਈ ਖੇਤ ਵਾਹ ਰਿਹਾ ਸੀਬਾਸਮਤੀ ਵਾਲੇ ਖੇਤਾਂ ਵਿੱਚ ਕਣਕ ਕਾਫੀ ਪਛੇਤੀ ਹੋ ਜਾਂਦੀ ਹੈਅਚਾਨਕ ਕਿਸੇ ਪਾਸੇ ਤੋਂ ਤਿੰਨ ਚਾਰ ਖਾੜਕੂਆਂ ਨੇ ਉਸ ਨੂੰ ਆਣ ਘੇਰਿਆਖਾੜਕੂ ਫੋਰਡ ਟਰੈਕਟਰ ਅਤੇ ਹੀਰੋ ਹਾਂਡੇ ਮੋਟਰ ਸਾਇਕਲ ਨੂੰ ਬਹੁਤ ਪਸੰਦ ਕਰਦੇ ਸਨਉਸ ਕੋਲ ਵੀ ਫੋਰਡ ਟਰੈਕਟਰ ਸੀਉਹਨਾਂ ਅਸਾਲਟਾਂ ਵਿਖਾਈਆਂ ਤੇ ਦਬਕਾ ਮਾਰ ਕੇ ਕਿਹਾ ਕਿ ਸਾਨੂੰ ਫਲਾਣੇ ਪਿੰਡ ਛੱਡ ਕੇ ਆਉਸ ਨੇ ਬਹੁਤ ਤਰਲੇ ਵਾਸਤੇ ਪਾਏ ਕਿ ਤੁਸੀਂ ਟਰੈਕਟਰ ਲੈ ਜਾਉ, ਮੈਂ ਸਵੇਰੇ ਜਿੱਥੋਂ ਕਹੋਂਗੇ, ਜਾ ਕੇ ਲੈ ਆਵਾਂਗਾਉਸ ਨੂੰ ਪਤਾ ਸੀ ਕਿ ਜੇ ਰਸਤੇ ਵਿੱਚ ਕਿਧਰੇ ਪੁਲਿਸ ਮੁਕਾਬਲਾ ਹੋ ਗਿਆ ਤਾਂ ਇਹਨਾਂ ਦੇ ਨਾਲ ਮੈਂ ਵੀ ਮਾਰਿਆ ਜਾਵਾਂਗਾ

ਜਦੋਂ ਖਾੜਕੂ ਨਾ ਮੰਨੇ ਤਾਂ ਛਿੰਦਾ ਵਿਚਾਰਾ ਰੱਬ ਰੱਬ ਕਰਦਾ ਉਹਨਾਂ ਨੂੰ ਲੈ ਕੇ ਚੱਲ ਪਿਆਅਜੇ ਦੂਸਰੇ ਪਿੰਡ ਦੀ ਜੂਹ ਵਿੱਚ ਪਹੁੰਚੇ ਹੀ ਸਨ ਕਿ ਅੱਗੋਂ ਗਸ਼ਤ ਕਰਦੀ ਆ ਰਹੀ ਪੁਲਿਸ ਦੀਆਂ ਗੱਡੀਆਂ ਦੀਆਂ ਲਾਈਟਾਂ ਚਮਕਣ ਲੱਗੀਆਂਅੱਤਵਾਦ ਦੇ ਦਿਨਾਂ ਵਿੱਚ ਅਫਸਰ 2-4 ਗੱਡੀਆਂ ਤੋਂ ਘੱਟ ਗਸ਼ਤ ਕਰਨ ਨਹੀਂ ਨਿਕਲਦੇ ਸਨਲਾਈਟਾਂ ਵੇਖ ਕੇ ਖਾੜਕੂ ਇੱਕ ਦਮ ਟਰੈਕਟਰ ਛੱਡ ਕੇ ਖੇਤਾਂ ਵੱਲ ਭੱਜ ਨਿਕਲੇਗੱਡੀਆਂ ਅਜੇ ਦੂਰ ਸਨਪਰ ਛਿੰਦੇ ਨੂੰ ਪਤਾ ਸੀ ਕਿ ਜੇ ਮੇਰੀ ਪੁੱਛ ਗਿੱਛ ਹੋ ਗਈ ਤਾਂ ਪੁਲਿਸ ਨੂੰ ਪੱਕਾ ਸ਼ੱਕ ਪੈ ਜਾਣਾ ਹੈ ਕਿ ਇਹ ਰਾਤ ਨੂੰ ਇੱਥੇ ਕੀ ਕਰਦਾ ਫਿਰਦਾ ਹੈ? ਉਸ ਨੇ ਇੱਕ ਦਮ ਫੁਰਤੀ ਨਾਲ ਟਰੈਕਟਰ ਨਜ਼ਦੀਕੀ ਖੇਤ ਵਿੱਚ ਵਾੜ ਦਿੱਤਾ ਤੇ ਹਲਾਂ ਸੁੱਟ ਕੇ ਵਾਹੁਣ ਲੱਗ ਪਿਆਉਸ ਨੇ ਸੋਚਿਆ ਕਿ ਪੁਲਿਸ ਨੂੰ ਕਿਹੜਾ ਪਤਾ ਕਿ ਖੇਤ ਕਿਸਦਾ ਹੈ? ਪੁਲਿਸ ਵਾਲੇ ਸ਼ਾਇਦ ਕਿਸੇ ਖਾਸ ਕੰਮ ਜਾ ਰਹੇ ਸਨ, ਉਹ ਬਿਨਾਂ ਛਿੰਦੇ ਨੂੰ ਗੌਲ਼ਿਆਂ ਕਾਹਲੀ ਕਾਹਲੀ ਅੱਗੇ ਲੰਘ ਗਏਉਹਨਾਂ ਦੇ ਜਾਂਦੇ ਸਾਰ ਉਸ ਨੇ ਵਾਹੋ ਦਾਹੀ ਟਰੈਕਟਰ ਭਜਾਇਆ ਤੇ ਘਰ ਜਾ ਵੜਿਆ ਕਿ ਕਿਤੇ ਦੁਬਾਰਾ ਖਾੜਕੂ ਨਾ ਆ ਚੰਬੜਨ

ਜਦੋਂ ਅਸੀਂ ਸਵੇਰੇ ਸਕੂਲ ਜਾਣ ਲਈ ਉਸ ਰਸਤੇ ਲੰਘੇ ਤਾਂ ਅੱਧਾ ਪਿੰਡ ਉਸ ਖੇਤ ਵਿੱਚ ਖੜ੍ਹਾ ਸੀਖੇਤ ਦਾ ਮਾਲਕ ਉੱਚੀ ਉੱਚੀ ਉਸ ਅਣਪਛਾਤੇ ਦੁਸ਼ਮਣ ਨੂੰ ਗਾਲ੍ਹਾਂ ਕੱਢ ਰਿਹਾ ਸੀ, ਜਿਸ ਨੇ ਰਾਤ ਉਸਦੀ ਗਿੱਠ ਗਿੱਠ ਹੋਈ ਕਣਕ ਦਾ ਅੱਧਾ ਕਿੱਲਾ ਵਾਹ ਕੇ ਨਸ਼ਟ ਕਰ ਦਿੱਤੀ ਸੀਛਿੰਦਾ ਘੇਸਲ਼ ਵੱਟ ਕੇ ਲਾਗੋਂ ਦੀ ਲੰਘ ਗਿਆਉਸ ਨੇ ਕਈ ਮਹੀਨਿਆਂ ਬਾਅਦ ਸਾਡੇ ਨਾਲ ਆਪਣੀ ਇਸ ਹਰਕਤ ਦਾ ਭੇਤ ਖੋਲ੍ਹਿਆ

**

(3) ਸਾਡੇ ਭਾਅ ਦਾ ਤਾਂ ਬਣ ਗਿਆ ਖਾਲਿਸਤਾਨ

ਇਹ ਘਟਨਾ ਵੀ ਪੰਜਾਬ ਦੇ ਕਰੜੇ ਦਿਨਾਂ ਦੀ ਹੀ ਹੈ। ਸਾਰੇ ਪੰਜਾਬ ਵਿੱਚ ਮਾਰਧਾੜ ਮੱਚੀ ਹੋਈ ਸੀ। 1990-91 ਵਿੱਚ ਪੰਜਾਬ ਵਿੱਚ ਦਰਜਨਾਂ ਜਥੇਬੰਦੀਆਂ ਸਰਗਰਮ ਸਨ। ਹਰ ਰੋਜ਼ ਸੁਰੱਖਿਆ ਦਸਤਿਆਂ ਅਤੇ ਖਾੜਕੂਆਂ ਵਿੱਚ ਗਹਿਗੱਚ ਮੁਕਾਬਲੇ ਚੱਲ ਰਹੇ ਸਨ। ਅਖਬਾਰਾਂ ਮਾਰਧਾੜ, ਧਮਕੀਆਂ ਅਤੇ ਜ਼ਿੰਮੇਵਾਰੀਆਂ ਦੀਆਂ ਖਬਰਾਂ ਨਾਲ ਭਰੀਆਂ ਰਹਿੰਦੀਆਂ ਸਨ। ਪਰ ਕੁਦਰਤ ਦਾ ਅਟੱਲ ਨਿਯਮ ਹੈ, ਜੋ ਪੈਦਾ ਹੁੰਦਾ ਹੈ, ਉਸ ਨੇ ਖਤਮ ਵੀ ਹੋਣਾ ਹੈ। ਹੌਲੀ ਹੌਲੀ ਸੁਰੱਖਿਆ ਦਸਤਿਆਂ ਦਾ ਹੱਥ ਉੱਪਰ ਹੋਣਾ ਸ਼ੁਰੂ ਹੋ ਗਿਆ ਤੇ 1993-94 ਤੱਕ ਪੰਜਾਬ ਵਿੱਚ ਸ਼ਾਂਤੀ ਛਾ ਗਈ।

ਜਦੋਂ ਵੀ ਕੋਈ ਅਜਿਹੀ ਲਹਿਰ ਚੱਲਦੀ ਹੈ ਤਾਂ ਅਨੇਕਾਂ ਕਿਸਮ ਦੇ ਚੋਰ ਲੁਟੇਰੇ ਵੀ ਫਾਇਦਾ ਉਠਾਉਣ ਲਈ ਉਸ ਵਿੱਚ ਰਲ ਜਾਂਦੇ ਹਨ। ਉਹਨਾਂ ਦਾ ਮਕਸਦ ਸਿਰਫ ਲੁੱਟਮਾਰ ਅਤੇ ਹੋਰ ਕਈ ਕਿਸਮ ਦੀਆਂ ਬਦਮਾਸ਼ੀਆਂ ਕਰਨੀਆਂ ਹੁੰਦਾ ਹੈ। 1990-91 ਵਿੱਚ ਵੀ ਅਜਿਹੇ ਲੋਟੂ ਟੋਲਿਆਂ ਦੀ ਕਮੀ ਨਹੀਂ ਸੀ। ਉਹਨਾਂ ਨੇ ਪੰਜਾਬ ਵਿੱਚ ਅਗਵਾ, ਲੁੱਟਮਾਰ ਅਤੇ ਫਿਰੌਤੀਆਂ ਦੀ ਹਨੇਰੀ ਲਿਆਂਦੀ ਹੋਈ ਸੀ। ਖਾਂਦੇ ਪੀਂਦੇ ਕਿਸਾਨਾਂ, ਉਦਯੋਗਪਤੀਆਂ,ਆੜ੍ਹਤੀਆਂ ਅਤੇ ਸ਼ੈੱਲਰ ਮਾਲਕਾਂ ਦੀ ਸ਼ਾਮਤ ਆਈ ਹੋਈ ਸੀ। ਲੋਕ ਦਿਨ ਢਲਦੇ ਹੀ ਕੁੰਡੇ ਮਾਰ ਕੇ ਅੰਦਰ ਵੜ ਜਾਂਦੇ ਸਨ। ਜੇ ਕਿਤੇ ਡਾਕੀਆ ਜਾਂ ਕੋਈ ਅਣਜਾਣ ਨੌਜਵਾਨ ਦਰਵਾਜ਼ਾ ਖੜਕਾ ਦੇਂਦਾ ਤਾਂ ਘਰ ਵਿੱਚ ਮਾਤਮ ਛਾ ਜਾਂਦਾ ਕਿ ਕਿਤੇ ਫਿਰੌਤੀ ਦੀ ਚਿੱਠੀ ਤਾਂ ਨਹੀਂ ਆ ਗਈ।

ਅਜਿਹੇ ਸਮੇਂ ਹੀ ਭਿੱਖੀਵਿੰਡ ਵੱਲ ਦਾ ਇੱਕ ਨੌਜਵਾਨ ਵੀ ਅਜਿਹੇ ਟੋਲੇ ਵਿੱਚ ਸ਼ਾਮਲ ਹੋ ਗਿਆ। ਜਲਦੀ ਹੀ ਤਰੱਕੀ ਕਰਦਾ ਹੋਇਆ ਉਹ ਜਥੇਬੰਦੀ ਦੇ ‘ਲੈਫਟੀਨੈਂਟ ਜਨਰਲ’ ਦੇ ਅਹੁਦੇ ਤੱਕ ਪਹੁੰਚ ਗਿਆ ਤੇ ਲੁੱਟਾਂ ਖੋਹਾਂ ਕਰ ਕੇ ਕਾਫੀ ਮਾਲ ਵੀ ਕਮਾ ਲਿਆ। ਕੁਝ ਦਿਨਾਂ ਬਾਅਦ ਉਸ ਨੇ ਆਪਣੇ ਹੀ ਆੜ੍ਹਤੀ ਨੂੰ ਜਥੇਬੰਦੀ ਦੇ ਲੈਟਰਪੈਡ ’ਤੇ ਦਸ ਲੱਖ ਦੀ ਫਿਰੌਤੀ ਦੀ ਚਿੱਠੀ ਪਾ ਦਿੱਤੀ। ਉਸ ਸਮੇਂ ਜਥੇਬੰਦੀ ਦੇ ਲੈਟਰਪੈਡ ਦੀ ਮੰਤਰੀ ਦੀ ਚਿੱਠੀ ਜਿੰਨੀ ਵੁੱਕਤ ਹੁੰਦੀ ਸੀ। ਕਈ ‘ਹੋਣਹਾਰ’ ਵਿਦਿਆਰਥੀ ਪੇਪਰਾਂ ਵਿੱਚ ਨਕਲ ਮਾਰਨ ਲਈ ਲੈਟਰਪੈਡ ’ਤੇ ਪਰਚੀਆਂ ਤਿਆਰ ਕਰਦੇ ਹੁੰਦੇ ਸਨ। ਕਿਸੇ ਐਗਜ਼ਾਮੀਨਰ ਦੀ ਹਿੰਮਤ ਨਹੀਂ ਸੀ ਹੁੰਦੀ ਕਿ ਉਹਨਾਂ ਨੂੰ ਰੋਕ ਸਕੇ। ਚਿੱਠੀ ਪੜ੍ਹ ਕੇ ਆੜ੍ਹਤੀ ਨੂੰ ਹੱਥਾਂ ਪੈਰਾਂ ਦੀ ਪੈ ਗਈ। ਦਸ ਲੱਖ ਬਹੁਤ ਵੱਡੀ ਰਕਮ ਹੁੰਦੀ ਹੈ। 1990-91 ਵਿੱਚ ਲੱਖ ਰੁਪਏ ਦੀ ਇੱਕ ਏਕੜ ਵਧੀਆ ਜ਼ਮੀਨ ਆ ਜਾਂਦੀ ਸੀ। ਧੰਦਾ ਚਾਹੇ ਜਾਇਜ਼ ਹੋਵੇ ਜਾਂ ਨਾਜਾਇਜ਼, ਹਰੇਕ ਵਿੱਚ ਸੌਦਾ ਕਰਾਉਣ ਵਾਲੇ ਦਲਾਲ ਪੈਦਾ ਹੋ ਜਾਂਦੇ ਹਨ। ਆੜ੍ਹਤੀ ਨੇ ਵੀ ਅਜਿਹੇ ਦਲਾਲ ਦੀ ਸੇਵਾ ਹਾਸਲ ਕੀਤੀ ਤੇ ਤਰਲੇ ਮਿੰਨਤਾਂ ਅਤੇ ਸੌਦੇਬਾਜ਼ੀ ਕਰਕੇ ਰਕਮ ਸਵਾ ਲੱਖ ’ਤੇ ਲੈ ਆਂਦੀ।

ਮਿਥੇ ਦਿਨ ਉਹ ਰਕਮ ਲੈ ਕੇ ‘ਜਨਰਲ ਸਾਹਿਬ’ ਦੇ ਟਿਕਾਣੇ ਪਹੁੰਚ ਗਿਆ। ਜਨਰਲ ਸਾਹਿਬ ਆਪਣੇ ਟੋਲੇ ਸਮੇਤ ਇੱਕ ਮੋਟਰ ’ਤੇ ਡੇਰਾ ਜਮਾਈ ਬੈਠੇ ਸਨ। ਜਦੋਂ ਆੜ੍ਹਤੀ ਪੈਸੇ ਦੇਣ ਲੱਗਾ ਤਾਂ ਉਸ ਨੇ ਪਛਾਣ ਲਿਆ ਕਿ ਇਹ ਤਾਂ ਫਲਾਣੇ ਕਿਸਾਨ ਦਾ ਮੁੰਡਾ ਟੀਟੂ ਹੈ ਜੋ ਉਸ ਦੀ ਪੱਕੀ ‘ਸਾਮੀ’ ਸੀ। ਟੀਟੂ ਦੇ ਤਾਂ ਰੰਗ ਢੰਗ ਹੀ ਬਦਲੇ ਹੋਏ ਸਨ। ਪਛਾਣ ਨਿੱਕਲ ਆਉਣ ਕਾਰਨ ਆੜ੍ਹਤੀ ਦਾ ਬਲੱਡ ਪ੍ਰੈਸ਼ਰ ਥੋੜ੍ਹਾ ਜਿਹਾ ਨਾਰਮਲ ਹੋ ਗਿਆ। ਉਹ ਹਿੰਮਤ ਕਰ ਕੇ ਬੋਲਿਆ, “ਕਾਕਾ ਇੱਕ ਗੱਲ ਤਾਂ ਦੱਸ। ਇਹ ਤੁਹਾਡਾ ਖਾਲਿਸਤਾਨ ਭਲਾ ਬਣਜੇਗਾ?”

ਟੀਟੂ ਥੋੜ੍ਹਾ ਜਿਹਾ ਹੱਸ ਕੇ ਬੋਲਿਆ, “ਸ਼ਾਹ ਜੀ, ਮੈਂ ਬਚਪਨ ਤੋਂ ਹੀ ਆਪਣੇ ਬਾਪ ਨਾਲ ਤੇਰੀ ਆੜ੍ਹਤ ’ਤੇ ਜਾਂਦਾ ਹੁੰਦਾ ਸੀ। ਤੂੰ ਮੇਰੇ ਬਾਪ ਨੂੰ ਸਾਡੀ ਹੀ ਫਸਲ ਦੇ ਪੈਸੇ ਸੌ ਗੇੜਾ ਮਰਵਾ ਕੇ ਦੇਂਦਾ ਸੀ। ਅੱਜ ਤੂੰ ਮੇਰੇ ਇੱਕ ਸੁਨੇਹੇ ’ਤੇ ਸਵਾ ਲੱਖ ਲੈ ਕੇ ਆ ਗਿਆਂ। ਕਿਉਂ? ਮੈਂ ਛੋਲੇ ਵੇਚੇ ਤੇਰੀ ਆੜ੍ਹਤ ’ਤੇ? ਸਾਡੇ ਭਾਅ ਦਾ ਤਾਂ ਬਣ ਗਿਆ ਖਾਲਿਸਤਾਨ, ਹੋਰ ਕਿਸ ਤਰ੍ਹਾਂ ਬਣਨਾ ਹੈ? ਹੁਣ ਤਾਂ ਇਸੇ ਤਰ੍ਹਾਂ ਚੱਲੂਗਾ।”

ਇਸ ਨਵੇਂ ਬਣਨ ਵਾਲੇ ਦੇਸ਼ ਦੇ ਨਿਵੇਕਲੇ ਕਾਨੂੰਨਾਂ ਬਾਰੇ ਸੁਣ ਕੇ ਆੜ੍ਹਤੀ ਨੂੰ ਗਛ ਪੈਣ ਵਾਲੀ ਹੋ ਗਈ। ਉਹ ਕਾਰੋਬਾਰ ਪਾਣੀਪੱਤ ਕਰਨਾਲ ਸ਼ਿਫਟ ਕਰਨ ਬਾਰੇ ਸੋਚਣ ਲੱਗਾ।

*****

(1440)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.om)

More articles from this author