“ਸਮੱਸਿਆਵਾਂ ਦੇ ਹੱਲ ਲਈ ਵਿਗਿਆਨਕ ਪਹੁੰਚ ਅਪਣਾਉਂਦੇ ਹੋਇਆ ਸਿਰੜ ਨਾਲ ...”
(8 ਜੁਲਾਈ 2021)
ਮਨੁੱਖ ਮੁੱਢ ਕਦੀਮ ਤੋਂ ਹੀ ਪੁਰਾਣੇ ਵਿਚਾਰਾਂ, ਮਾਨਤਾਵਾਂ ਤੇ ਪੁਰਾਣੀਆਂ ਧਾਰਨਾਵਾਂ ਨੂੰ ਰੱਦ ਕਰਦਾ ਆਇਆ ਹੈ। ਇਸਦੇ ਉਲਟ ਆਪਣੇ ਜੀਵਨ ਵਿੱਚ ਸਥਿਤੀਆਂ ਅਤੇ ਲੋੜਾਂ ਮੁਤਾਬਕ ਨਵੀਆਂ ਧਾਰਨਾਵਾਂ ਨੂੰ ਅਪਣਾਉਂਦਾ ਰਿਹਾ ਹੈ। ਅਜੋਕੇ ਸਮੇਂ ਦੇ ਮਨੁੱਖ ਨੇ ਪਹਿਲੀਆਂ ਅਨੇਕਾਂ ਹੀ ਮਿੱਥਾਂ ਨੂੰ ਤੋੜਿਆ ਹੈ ਅਤੇ ਨਵੀਆਂ ਸੋਚਾਂ ਨੂੰ ਅਪਣਾ ਕੇ ਆਪਣੇ ਜੀਵਨ ਨੂੰ ਹੋਰ ਸੁਖਾਲਾ ਬਣਾਉਣ ਵੱਲ ਪੁਲਾਂਘ ਪੁੱਟੀ ਹੈ। ਉਸ ਨੇ ਵੇਲਾ ਵਿਹਾ ਚੁੱਕੇ ਰੀਤੀ ਰਿਵਾਜਾਂ ਨੂੰ ਨਕਾਰਿਆ ਹੈ।
ਆਦਿ ਮਾਨਵ ਨੇ ਜੀਵਨ ਵਿਕਾਸ ਦੀ ਪੌੜੀ ਚੜ੍ਹਦਿਆਂ ਅੰਧ-ਵਿਸ਼ਵਾਸ਼ਾਂ, ਭੂਤਾਂ-ਪ੍ਰੇਤਾਂ, ਜਾਦੂ-ਟੂਣਿਆਂ ਅਤੇ ਗੈਬੀ ਆਤਮਾਵਾਂ ਆਦਿ ਦੀਆਂ ਅਨੇਕਾਂ ਕਲਪਿਤ ਧਾਰਨਾਵਾਂ ਨੂੰ ਤਿਲਾਂਜਲੀ ਦਿੱਤੀ ਹੈ। ਪ੍ਰੰਤੂ ਅਜੇ ਵੀ ਸਮਾਜ ਦਾ ਵੱਡਾ ਹਿੱਸਾ ਇਨ੍ਹਾਂ ਫਜ਼ੂਲ ਦੇ ਕਰਮ-ਕਾਡਾਂ, ਜਾਦੂ-ਟੂਣਿਆਂ, ਧਾਗੇ-ਤਵੀਤਾਂ ਜਿਹੀਆਂ ਗੈਰ ਵਿਗਿਆਨਕ ਧਾਰਨਾਵਾਂ ਵਿੱਚ ਗ੍ਰਸਿਆ ਹੋਇਆ ਹੈ। ਉਹ ਲੋਕ ਆਪਣੇ ਕਿਸੇ ਕੰਮ ਦੇ ਹੋਣ ਜਾਂ ਨਾ ਹੋਣ ਨੂੰ ਅਦਿੱਖ ਗੈਬੀ ਸ਼ਕਤੀਆਂ, ਬਾਬਿਆਂ ਦੀ ਕਿਰਪਾ ਆਦਿ ਨਾਲ ਜੋੜ ਕੇ ਹੀ ਵੇਖਦੇ ਆ ਰਹੇ ਹਨ। ਕੁਝ ਖੇਤਰਾਂ ਵਿੱਚ ਕਿਸੇ ਔਰਤ ਨੂੰ ਇਸੇ ਕਰਕੇ ਹੀ ਕੁੱਟ-ਕੁੱਟ ਕੇ ਮਾਰ ਦਿੱਤਾ ਜਾਂਦਾ ਹੈ ਕਿ ਉਸ ਵਿੱਚ ਪ੍ਰੇਤ ਆਤਮਾਵਾਂ ਪ੍ਰਵੇਸ਼ ਕਰ ਗਈਆਂ ਹਨ। ਔਰਤ ਨੂੰ ‘ਡਾਇਨ, ਚੁੜੇਲ’ ਆਦਿ ਕਹਿ ਕੇ ਭੰਡਿਆ ਜਾਂਦਾ ਹੈ। ਜੇਕਰ ਕੋਈ ਵਿਅਕਤੀ ਕਿਸੇ ਕਾਰਣ ਕਿਸੇ ਮਨੋਰੋਗ ਦਾ ਸ਼ਿਕਾਰ ਹੋ ਕੇ ਅਵਾ-ਤਵਾ, ਊਟ-ਪਟਾਂਗ ਬੋਲਣ ਲੱਗ ਜਾਂਦਾ ਹੈ ਜਾਂ ਅਸਾਧਾਰਨ ਵਿਵਹਾਰ ਕਰਦਾ ਪ੍ਰਤੀਤੀ ਹੁੰਦਾ ਹੈ ਤਾਂ ਜ਼ਿਆਦਾਤਰ ਲੋਕ ਉਸ ਨੂੰ ਭੂਤਾਂ-ਪ੍ਰੇਤਾਂ ਦਾ ਸਾਇਆ ਜਾਂ ਜਿੰਨ ਚਿੰਬੜੇ ਹੋਣ ਦਾ ਦਾਅਵਾ ਕਰਦੇ ਹਨ। ਅਜਿਹੀ ਮਾਨਸਿਕਤਾ ਮਨੁੱਖ ਦੇ ਨਿੱਜੀ ਜੀਵਨ ਲਈ ਅਤੇ ਸਮਾਜ ਲਈ ਬੇਹੱਦ ਨੁਕਸਾਨਦੇਹ ਹੁੰਦੀ ਹੈ।
ਅਜੋਕੇ ਵਿਗਿਆਨਕ ਦੌਰ ਵਿੱਚ ਇਹ ਸਾਬਤ ਹੋ ਚੁੱਕਾ ਹੈ ਕਿ ਕਿਸੇ ਮਨੁੱਖ ਦਾ ਅਸਾਧਾਰਨ ਵਿਵਹਾਰ ਕਿਸੇ ਭੂਤ-ਪ੍ਰੇਤ ਜਾਂ ਜਿੰਨ-ਚੁੜੇਲ ਚਿੰਬੜੇ ਹੋਣ ਕਰਕੇ ਨਹੀਂ ਹੁੰਦਾ ਬਲਕਿ ਇਹ ਇੱਕ ਮਨੋਰੋਗ ਹੈ, ਜਿਸਦਾ ਇਲਾਜ ਸੰਭਵ ਹੈ। ਅਜਿਹੇ ਮਨੋਰੋਗੀ ਨੂੰ ਕਿਸੇ ਮਨੋਰੋਗਾਂ ਦੇ ਮਾਹਿਰ ਡਾਕਟਰ ਕੋਲ ਲਿਜਾ ਕੇ ਸਹੀ ਇਲਾਜ ਕਰਵਾ ਕੇ ਠੀਕ ਕੀਤਾ ਜਾ ਸਕਦਾ ਹੈ ਨਾ ਕਿ ਬਾਬਿਆਂ, ਚੇਲਿਆਂ ਅਤੇ ਅਖੌਤੀ ਪੀਰਾਂ ਦੇ ਧਾਗੇ-ਤਵੀਤਾਂ ਨਾਲ। ਇਸੇ ਤਰ੍ਹਾਂ ਜੋਤਿਸ਼ੀ ਵੀ ਆਪਣੇ ਟੇਵੇ ਲਗਾ ਕੇ, ਉਪਾਅ ਕਰਕੇ ਸਮੱਸਿਆਵਾਂ ਦਾ ਹੱਲ ਕਰਨ ਦਾ ਦਾਅਵਾ ਕਰਦੇ ਹਨ ਜੋ ਕਿ ਨਿਰਮੂਲ ਹੈ। ਜੋਤਸ਼ੀ/ਬਾਬੇ ਆਦਿ ਕਿਸੇ ਵਿਅਕਤੀ ਦੀ ਕਮਜ਼ੋਰ ਅਤੇ ਅੰਧ ਵਿਸ਼ਵਾਸੀ ਮਾਨਸਿਕਤਾ ਦਾ ਖ਼ੂਬ ਫ਼ਾਇਦਾ ਉਠਾ ਕੇ ਉਸ ਦੀ ਆਰਥਿਕ ਲੁੱਟ ਕਰਦੇ ਹਨ। ਅੰਧ ਵਿਸ਼ਵਾਸ ਦੀ ਦਲਦਲ ਵਿੱਚ ਫਸਿਆ ਵਿਅਕਤੀ ਕਦੇ ਕਿਸੇ ਸਾਧ-ਬਾਬੇ ਕੋਲੋਂ, ਕਦੇ ਕਿਸੇ ਚੇਲੇ ਕੋਲੋਂ ਤੇ ਕਦੇ ਕਿਸੇ ਜੋਤਿਸ਼ੀ ਕੋਲੋਂ ਆਪਣੀਆਂ ਸਮੱਸਿਆਵਾਂ ਦੇ ਹੱਲ ਲਈ ਪੈਸੇ ਲੁਟਾਉਂਦਾ ਰਹਿੰਦਾ ਹੈ। ਇਸ ਤਰ੍ਹਾਂ ਕਿਸੇ ਮਨੋਰੋਗੀ ਦੀ ਲੁੱਟ-ਖਸੁੱਟ ਸਦਕਾ ਇਨ੍ਹਾਂ ਸਾਧ ਚੇਲਿਆਂ ਦਾ ਗੋਰਖ਼ ਧੰਦਾ ਚਲਦਾ ਰਹਿੰਦਾ ਹੈ।
ਹਰ ਮਨੁੱਖੀ ਜੀਵਨ ਸਮੱਸਿਆਵਾਂ ਦੇ ਅੰਗ-ਸੰਗ ਹੀ ਬਸਰ ਹੁੰਦਾ ਹੈ। ਕਿਹੜਾ ਵਿਅਕਤੀ ਹੈ ਜਿਸ ਨੂੰ ਜੀਵਨ ਵਿੱਚ ਔਕੜਾਂ, ਮੁਸੀਬਤਾਂ, ਸਮੱਸਿਆਵਾਂ ਦਾ ਸਾਹਮਣਾ ਕਦੇ ਵੀ ਨਾ ਕਰਨਾ ਪਿਆ ਹੋਵੇ? ਹਰ ਵਿਅਕਤੀ ਨੂੰ ਹੀ ਆਪਣੇ ਜੀਵਨ ਵਿੱਚ ਅਨੇਕਾਂ ਸਮੱਸਿਆਵਾਂ ਨਾਲ ਦੋ-ਚਾਰ ਹੋਣਾ ਪੈਂਦਾ ਹੈ। ਪਰ ਸਮੱਸਿਆਵਾਂ ਦੇ ਹੱਲ ਲਈ ਵਿਗਿਆਨਕ ਪਹੁੰਚ ਅਪਣਾਉਂਦੇ ਹੋਇਆ ਸਿਰੜ ਨਾਲ ਸਖ਼ਤ ਮਿਹਨਤ ਕਰਨੀ ਚਾਹੀਦੀ ਹੈ। ਆਪਣੀਆਂ ਸਮੱਸਿਆਵਾਂ ਲਈ ਆਪਣੀ ਕਿਸਮਤ ਨੂੰ ਕੋਸਣ ਦੀ ਬਜਾਏ ਇਨ੍ਹਾਂ ਸਮੱਸਿਆਵਾਂ ਦੇ ਹੱਲ ਦਾ ਯਤਨ ਕਰਨਾ ਚਾਹੀਦਾ ਹੈ। ਨਿਰਾਸ਼ਾਵਾਦੀ ਸੋਚ ਨੂੰ ਤਿਆਗ ਕੇ ਆਸ਼ਾਵਾਦੀ ਸੋਚ ਤੇ ਵਿਗਿਆਨਕ ਪਹੁੰਚ ਅਪਣਾਉਣੀ ਚਾਹੀਦੀ ਹੈ। ਜ਼ਿੰਦਗੀ ਦਾ ਸਾਥ ਮਾਨਣ ਅਤੇ ਇਸ ਨੂੰ ਉਸਾਰੂ ਲੀਹਾਂ ਉੱਤੇ ਤੋਰਨ ਲਈ ਚੰਗੀਆਂ ਪੁਸਤਕਾਂ ਪੜ੍ਹਨੀਆਂ ਚਾਹੀਦੀਆਂ ਹਨ। ਚੰਗੇ ਵਿਚਾਰ ਅਪਣਾਉਣੇ ਚਾਹੀਦੇ ਹਨ। ਸਮਾਜ ਦੇ ਅਗਾਂਹ ਵਧੂ ਲੋਕਾਂ ਨਾਲ ਰਾਬਤਾ ਰੱਖਣਾ ਚਾਹੀਦਾ ਹੈ। ਪਦਾਰਥਵਾਦ ਦੀ ਬਜਾਏ ਭਾਈਚਾਰਕ ਸਾਂਝ ਨੂੰ ਪਹਿਲ ਦੇਣੀ ਚਾਹੀਦੀ ਹੈ। ਮਾੜੇ ਵਿਚਾਰਾਂ ਨੂੰ ਤਿਆਗਦਿਆਂ ਚੰਗੇ, ਉਸਾਰੂ ਤੇ ਅਗਾਂਹ ਵਧੂ ਵਿਚਾਰਾਂ ਨੂੰ ਆਪਣੇ ਜੀਵਨ ਵਿੱਚ ਅਪਣਾਉਣਾ ਚਾਹੀਦਾ ਹੈ। ਅੰਧ ਵਿਸ਼ਵਾਸੀ, ਪਿਛਾਂਹ ਖਿੱਚੂ ਅਤੇ ਲਾਈਲੱਗਤਾ ਨੂੰ ਤਿਆਗਦਿਆਂ ਨਿੱਤ-ਦਿਨ ਵਿਗਿਆਨਕ ਸੋਚ ਦੇ ਧਾਰਨੀ ਬਣਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ।
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)
(2886)
(ਸਰੋਕਾਰ ਨਾਲ ਸੰਪਰਕ ਲਈ: