“ਦੇਸ਼ ਦੇ ਸੰਵਿਧਾਨ ਨੂੰ ਬਚਾਉਣ ਲਈ, ਲੋਕਾਂ ਨੂੰ ਨਿਆਂ ਇਨਸਾਫ਼ ਦਿਵਾਉਣ ਲਈ, ਧਰਮ ਨਿਰਪੱਖਤਾ ਨੂੰ ਮਜ਼ਬੂਤ ਕਰਨ ਲਈ ...”
(15 ਫਰਵਰੀ 2024)
ਇਸ ਸਮੇਂ ਪਾਠਕ: 610.
ਲੋਕ ਸਭਾ ਚੋਣਾਂ ਨੇੜੇ ਆਉਣ ’ਤੇ ਰਾਜ ਕਰਦੀ ਪਾਰਟੀ ਦੀ ਹਮੇਸ਼ਾ ਚਿੰਤਾ ਵਧ ਜਾਂਦੀ ਹੈ, ਕਿਉਂਕਿ ਉਸ ਨੂੰ ਖਦਸ਼ਾ ਹੁੰਦਾ ਹੈ ਕਿ ਸਰਕਾਰ ਵੱਲੋਂ ਆਮ ਲੋਕਾਂ ਨੂੰ ਸੁਖ ਸਹੂਲਤਾਂ ਨਾ ਦਿੱਤੀ ਜਾ ਸਕਣ ਅਤੇ ਇਨਸਾਫ਼ ਨਾ ਦਿੱਤੇ ਜਾਣ ਸਦਕਾ ਆਮ ਲੋਕ ਉਸਦੇ ਵਿਰੁੱਧ ਵੋਟ ਦਾ ਇਸਤੇਮਾਲ ਕਰਕੇ ਸੱਤਾ ਤੋਂ ਲਾਂਭੇ ਨਾ ਕਰ ਦੇਣ। ਦੂਜੇ ਪਾਸੇ ਵਿਰੋਧੀ ਪਾਰਟੀਆਂ ਹੌਸਲੇ ਵਿੱਚ ਹੁੰਦੀਆਂ ਹਨ ਕਿਉਂਕਿ ਉਹਨਾਂ ਨੂੰ ਉਮੀਦ ਹੁੰਦੀ ਹੈ ਕਿ ਉਹ ਬੇਇਨਸਾਫੀਆਂ ਦੇ ਆਧਾਰ ’ਤੇ ਲੋਕਾਂ ਨੂੰ ਲਾਮਬੰਦ ਕਰਕੇ ਵੋਟਾਂ ਹਾਸਲ ਕਰ ਲੈਣਗੇ। ਲੋਕ ਸਭਾ ਚੋਣਾਂ ਵਿੱਚ ਕੁਝ ਮਹੀਨਿਆਂ ਦਾ ਸਮਾਂ ਹੀ ਰਹਿ ਗਿਆ ਹੈ, ਪਰ ਇਸ ਵਾਰ ਰੁਝਾਨ ਪਹਿਲਾਂ ਨਾਲੋਂ ਵੱਖਰਾ ਦਿਖਾਈ ਦਿੰਦਾ ਹੈ। ਭਾਜਪਾ ਪੂਰੇ ਹੌਸਲੇ ਵਿੱਚ ਹੈ ਕਿ ਉਹ ਤੀਜੀ ਵਾਰ ਸ਼ਾਨ ਨਾਲ ਸੱਤਾ ਹਾਸਲ ਕਰੇਗੀ। ਵਿਰੋਧੀ ਪਾਰਟੀਆਂ ਚਿੰਤਾ ਵਿੱਚ ਹਨ ਕਿ ਇਸ ਫਿਰਕੂ ਅਤੇ ਤਾਨਾਸ਼ਾਹੀ ਰਵੱਈਏ ਵਾਲੀ ਪਾਰਟੀ ਨੂੰ ਸੱਤਾ ਤੋਂ ਲਾਂਭੇ ਕਿਵੇਂ ਕੀਤਾ ਜਾਵੇ? ਸਵਾਲ ਉੱਠਦਾ ਹੈ ਕਿ ਇਸ ਵਾਰ ਅਜਿਹਾ ਕਿਉਂ ਹੈ?
ਕੇਂਦਰ ਵਿੱਚ ਦੋ ਵਾਰ ਸੱਤਾ ’ਤੇ ਰਹੀ ਭਾਜਪਾ ਨੇ ਕੋਈ ਵਿਸ਼ੇਸ਼ ਕ੍ਰਿਸ਼ਮਾ ਨਹੀਂ ਕਰ ਵਿਖਾਇਆ ਕਿ ਲੋਕ ਉਸ ਨੂੰ ਵੋਟਾਂ ਪਾਉਣਗੇ, ਸਗੋਂ ਉਸਨੇ ਕਾਰਪੋਰੇਟ ਘਰਾਣਿਆਂ ਦਾ ਪੱਖ ਪੂਰਿਆ ਹੈ, ਉਹਨਾਂ ਦੀ ਆਮਦਨ ਅਤੇ ਜਾਇਦਾਦ ਵਿੱਚ ਚੋਖਾ ਵਾਧਾ ਕੀਤਾ ਹੈ। ਦੇਸ਼ ਵਿੱਚ ਮਹਿੰਗਾਈ ਵਧੀ ਹੈ, ਜਿਸਨੇ ਲੋਕਾਂ ਦਾ ਜਿਊਣਾ ਦੁੱਭਰ ਕੀਤਾ ਹੋਇਆ ਹੈ। ਬੇਰੁਜ਼ਗਾਰੀ ਅਤੇ ਭ੍ਰਿਸ਼ਟਾਚਾਰ ਨੇ ਪਿਛਲੇ ਸਾਰੇ ਰਿਕਾਰਡ ਮਾਤ ਪਾ ਦਿੱਤੇ ਹਨ। ਭਾਜਪਾ ਸਰਕਾਰ ਦਾ ਰਵੱਈਆ ਤਾਨਾਸ਼ਾਹਾਂ ਵਾਲਾ ਰਿਹਾ ਹੈ, ਸੰਵਿਧਾਨ ਦੀ ਕੋਈ ਪਰਵਾਹ ਨਹੀਂ ਕੀਤੀ ਜਾ ਰਹੀ। ਸੰਵਿਧਾਨ ਨੂੰ ਤੋੜਨ ਦੇ ਯਤਨ ਲਗਾਤਾਰ ਜਾਰੀ ਹਨ। ਅਦਾਲਤਾਂ ਵਿੱਚ ਦਖ਼ਲ ਅੰਦਾਜ਼ੀ ਕੀਤੀ ਜਾ ਰਹੀ ਹੈ। ਸੰਸਦ ਵਿੱਚੋਂ ਵਿਰੋਧੀ ਧਿਰਾਂ ਦੇ ਮੈਂਬਰਾਂ ਨੂੰ ਬਾਹਰ ਕਰਕੇ ਮਨਮਰਜ਼ੀ ਦੇ ਬਿੱਲ ਪਾਸ ਕੀਤੇ ਜਾ ਰਹੇ ਹਨ। ਵਿਰੋਧੀ ਧਿਰ ਦਾ ਕੋਈ ਅਸਰ ਨਹੀਂ ਰਹਿਣ ਦਿੱਤਾ। ਭਾਜਪਾ ਦੁਨੀਆਂ ਭਰ ਵਿੱਚ ਹੋ ਰਹੀ ਬਦਨਾਮੀ ਨੂੰ ਬੜੀ ਬੇਸ਼ਰਮੀ ਨਾਲ ਹੱਸ ਕੇ ਅੱਖੋਂ ਪਰੋਖੇ ਕੀਤਾ ਜਾ ਰਿਹਾ ਹੈ। ਪਰ ਫਿਰ ਵੀ ਭਾਜਪਾ ਹੌਸਲੇ ਵਿੱਚ ਹੈ ਕਿ ਆਉਣ ਵਾਲੀਆਂ ਚੋਣਾਂ ਵਿੱਚ ਉਹ ਸ਼ਾਨਦਾਰ ਜਿੱਤ ਹਾਸਲ ਕਰੇਗੀ।
ਵਿਚਾਰ ਕਰੀਏ ਤਾਂ ਇਸਦਾ ਕਾਰਨ ਹੈ ਕਿ ਭਾਜਪਾ ਹਿੰਦੂ ਪੱਤਾ ਖੇਡਣ ਵਿੱਚ ਸਫ਼ਲ ਹੈ। ਉਸਨੇ ਹਿੰਦੂਤਵੀ ਏਜੰਡਾ ਲਾਗੂ ਕਰਕੇ ਭਾਰਤ ਨੂੰ ਹਿੰਦੂ ਰਾਸ਼ਟਰ ਬਣਾਉਣ ਦੀ ਗੱਲ ਭਾਰਤ ਦੇ ਹਿੰਦੂ ਲੋਕਾਂ ਦੇ ਦਿਮਾਗ ਵਿੱਚ ਇਸ ਕਦਰ ਵਾੜ ਦਿੱਤੀ ਹੈ ਕਿ ਉਹਨਾਂ ਨੂੰ ਹੋਰ ਕਿਸੇ ਮੁੱਦੇ, ਇਨਸਾਫ਼, ਸਹੂਲਤਾਂ ਆਦਿ ਦੀ ਕੋਈ ਸੋਝੀ ਹੀ ਨਹੀਂ ਰਹੀ। ਪਹਿਲਾਂ ਵੀ ਦੋ ਵਾਰ ਅਜਿਹਾ ਹਿੰਦੂ ਪੱਤਾ ਖੇਡ ਕਿ ਭਾਜਪਾ ਸੱਤਾ ਹਾਸਲ ਕਰ ਲਈ ਅਤੇ ਫਿਰ ਆਪਣੇ ਰਾਜ ਦੌਰਾਨ ਉਸਨੇ ਹੋਰ ਧਰਮਾਂ, ਧਰਮ ਆਧਾਰਤ ਪਾਰਟੀਆਂ ਜਾਂ ਧਰਮ ਨਿਰਪੱਖਤਾ ਨੂੰ ਪੂਰੀ ਤਰ੍ਹਾਂ ਕਮਜ਼ੋਰ ਕਰਨ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ। ਹੁਣ ਤਾਂ ਇਹ ਸੱਤਾਧਾਰੀ ਇਸ ਤੋਂ ਵੀ ਅੱਗੇ ਲੰਘ ਗਏ ਹਨ ਕਿ ਉਹ ਹਿੰਦੂ ਧਰਮ ਤੋਂ ਵੀ ਆਪਣੇ ਆਪ ਨੂੰ ਉੱਚ ਦਰਜੇ ਦੇ ਸਮਝਣ ਲੱਗ ਪਏ ਹਨ। ਇਸਦਾ ਪਰਤੱਖ ਰੂਪ ਅਯੁੱਧਿਆ ਵਿੱਚ ਸਥਾਪਤ ਰਾਮ ਮੰਦਰ ਦੇ ਉਦਘਾਟਨੀ ਸਮਾਮਗ ਸਮੇਂ ਦਿਖਾਈ ਦਿੱਤਾ। ਮੰਦਰ ਮੁਕੰਮਲ ਨਾ ਹੋਣ ਦੀ ਸੂਰਤ ਵਿੱਚ ਹਿੰਦੂ ਧਰਮ ਦੇ ਮਹਾਂ ਸ਼ੰਕਰਾਚਾਰੀਆਂ ਵੱਲੋਂ ਪਰੰਪਰਾ ਦੇ ਉਲਟ ਕਹਿੰਦਿਆਂ ਰੋਕਣ ਦੇ ਬਾਵਜੂਦ ਰਾਜਨੀਤੀ ਲਾਹਾ ਲੈਣ ਲਈ ਸੱਤਪਧਾਰੀਆਂ ਨੇ ਉਦਘਾਟਨ ਕੀਤਾ ਤੇ ਸ਼ੰਕਰਾਚਾਰੀ ਸਿਰ ਸੁੱਟ ਕੇ ਬੈਠੇ ਦੇਖਦੇ ਰਹੇ।
ਭਾਜਪਾ ਨੇ ਆਪਣੇ ਸ਼ਾਸਨ ਦੌਰਾਨ ਅਦਾਲਤਾਂ ਨੂੰ ਵੀ ਟਿੱਚ ਸਮਝਿਆ ਹੈ। ਜਿਸ ਅਪਰਾਧੀ ਤੋਂ ਵੀ ਉਸ ਨੂੰ ਲਾਭ ਮਿਲਣ ਦੀ ਉਮੀਦ ਹੁੰਦੀ ਹੈ, ਉਸਦੇ ਗੁਨਾਹਾਂ ਨੂੰ ਅੱਖੋਂ ਓਹਲੇ ਕਰਦਿਆਂ ਅਦਾਲਤਾਂ ਤੋਂ ਉੱਪਰ ਸਮਝ ਕੇ ਉਸ ਨੂੰ ਜੇਲ੍ਹੋਂ ਬਾਹਰ ਜਾਣ ਦੀ ਇਜਾਜ਼ਤ ਦਿੱਤੀ ਜਾਂਦੀ ਹੈ। ਮਿਸਾਲ ਵਜੋਂ ਡੇਰਾ ਸੱਚਾ ਸੌਦਾ ਦੇ ਮੁਖੀ ਰਾਮ ਰਹੀਮ ਗੁਰਮੀਤ ਸਿੰਘ ਨੂੰ ਬਲਾਤਕਾਰ ਤੇ ਕਤਲ ਕੇਸਾਂ ਵਿੱਚ ਅਦਾਲਤ ਨੇ ਸਜ਼ਾਵਾਂ ਦਿੱਤੀਆਂ ਹਨ, ਪਰ ਕੇਂਦਰ ਅਤੇ ਹਰਿਆਣਾ ਵਿੱਚ ਭਾਜਪਾ ਦੀ ਸਰਕਾਰ ਹੋਣ ਸਦਕਾ ਜਦੋਂ ਵੀ ਉਹ ਬਾਹਰ ਆਉਣ ਲਈ ਅਰਜ਼ੀ ਦਿੰਦਾ ਹੈ, ਉਸ ਨੂੰ ਪ੍ਰਵਾਨਗੀ ਦੇ ਦਿੱਤੀ ਜਾਂਦੀ ਹੈ। ਉਸ ਤੋਂ ਘੱਟ ਅਪਰਾਧ ਕਰਨ ਵਾਲੇ ਵਿਅਕਤੀ ਜੇਲ੍ਹਾਂ ਵਿੱਚ ਰੁਲ਼ ਰਹੇ ਹਨ, ਉਹਨਾਂ ਦੀ ਕੋਈ ਸੁਣਵਾਈ ਨਹੀਂ। ਇਸਦਾ ਅਸਲ ਕਾਰਨ ਤਾਂ ਡੇਰੇ ਨਾਲ ਸਬੰਧਤ ਪ੍ਰੇਮੀਆਂ ਦੀਆਂ ਵੋਟਾਂ ਹਾਸਲ ਕਰਨਾ ਹੀ ਹੈ। ਇਸੇ ਤਰ੍ਹਾਂ ਬਿਲਕੀਸ ਬਾਨੋ ਮਾਮਲੇ ਨਾਲ ਸਬੰਧਤ ਅਪਰਾਧੀਆਂ ਨੂੰ ਸੰਵਿਧਾਨ ਦੀਆਂ ਧੱਜੀਆਂ ਉਡਾਉਂਦਿਆਂ ਜੇਲ੍ਹ ਵਿੱਚੋਂ ਛੱਡ ਦਿੱਤਾ ਸੀ। ਅਪਰਾਧ ਹੋਰ ਸੂਬੇ ਵਿੱਚ ਕੀਤਾ ਪਰ ਸਜ਼ਾ ਮੁਆਫ਼ੀ ਹੋਰ ਸੂਬੇ ਨੇ ਕਰਕੇ ਉਹਨਾਂ ਨੂੰ ਰਿਹਾਅ ਕਰ ਦਿੱਤਾ। ਇੱਥੇ ਹੀ ਬੱਸ ਨਹੀਂ, ਜੇਲ੍ਹ ਤੋਂ ਬਾਹਰ ਆਉਣ ’ਤੇ ਉਹਨਾਂ ਨੂੰ ਸਨਮਾਨਿਤ ਵੀ ਕੀਤਾ। ਇਹ ਤਾਂ ਬੀਬੀ ਬਿਲਕੀਸ ਬਾਨੋ ਹੀ ਵੱਡੇ ਜਿਗਰੇ ਵਾਲੀ ਔਰਤ ਹੈ, ਜਿਸਨੇ ਕਾਨੂੰਨੀ ਲੜਾਈ ਲੜ ਕੇ ਦੋਸ਼ੀਆਂ ਨੂੰ ਮੁੜ ਅੰਦਰ ਭੇਜ ਕੇ ਸਾਹ ਲਿਆ। ਇਹਨਾਂ ਅਪਰਾਧੀਆਂ ਦੀ ਰਿਹਾਈ ਵੀ ਹਿੰਦੂ ਵੋਟਾਂ ਨੂੰ ਪ੍ਰਭਾਵਿਤ ਕਰਨ ਲਈ ਹੀ ਕਰਵਾਈ ਗਈ ਸੀ।
ਇਹ ਕੰਮ ਲੋਕਰਾਜੀ ਸਰਕਾਰਾਂ ਵਾਲੇ ਨਹੀਂ ਹਨ, ਬਲਕਿ ਤਾਨਾਸ਼ਾਹਾਂ ਵਾਲੇ ਹਨ। ਇੱਥੇ ਹੀ ਬੱਸ ਨਹੀਂ, ਭਾਜਪਾ ਆਪਣੀ ਇਸ ਡਿਕਟੇਟਰਸ਼ਾਹੀ ਸੋਚ ਅਪਣਾਉਂਦਿਆਂ ਵਿਰੋਧੀ ਆਵਾਜ਼ ਨੂੰ ਦਬਾਅ ਰਹੀ ਹੈ। ਵਿਰੋਧੀ ਆਵਾਜ਼ ਭਾਵੇਂ ਸੰਸਦ ਦੇ ਅੰਦਰ ਹੋਵੇ ਜਾਂ ਬਾਹਰ, ਪ੍ਰੈੱਸ ਜਾਂ ਬੁੱਧੀਜੀਵੀਆਂ ਵੱਲੋਂ ਉਠਾਈ ਜਾਂਦੀ ਹੋਵੇ, ਸਭ ਨੂੰ ਦਬਾਉਣ ਲਈ ਝੂਠੇ ਮੁਕੱਦਮਿਆਂ ਵਿੱਚ ਫਸਾਇਆ ਜਾਂਦਾ ਹੈ, ਜੇਲ੍ਹਾਂ ਵਿੱਚ ਤੁੰਨਿਆਂ ਜਾਂਦਾ ਹੈ। ਈ ਡੀ ਰਾਹੀਂ ਵਿਰੋਧੀ ਪਾਰਟੀ ਦੇ ਮੁੱਖ ਮੰਤਰੀ ਹੇਮੰਤ ਸਰੇਨ ਨੂੰ ਗ੍ਰਿਫਤਾਰ ਕਰਕੇ ਜ਼ਲੀਲ ਕੀਤਾ ਜਾ ਰਿਹਾ ਹੈ। ਇਸ ਤੋਂ ਅੱਗੇ ਲਾਲੂ ਯਾਦਵ, ਅਰਵਿੰਦਰ ਕੇਜਰੀਵਾਲ ਵਰਗਿਆਂ ਦੀ ਲਿਸਟ ਤਿਆਰ ਹੈ। ਭਾਜਪਾ ਚੋਣਾਂ ਜਿੱਤਣ ਲਈ ਧੱਕਾ ਕਰਨ ਦਾ ਨਮੂਨਾ ਚੰਡੀਗੜ੍ਹ ਮੇਅਰ ਦੀ ਚੋਣ ਸਮੇਂ ਵਿਖਾ ਚੁੱਕੀ ਹੈ, ਕਿਸੇ ਕਾਨੂੰਨ, ਕੋਰਟ ਜਾਂ ਸੰਵਿਧਾਨ ਦੀ ਕੋਈ ਪਰਵਾਹ ਨਹੀਂ ਕੀਤੀ।
ਹੁਣ ਖਦਸ਼ਾ ਇਹ ਵੀ ਪ੍ਰਗਟ ਹੋ ਗਿਆ ਹੈ ਕਿ ਜੇਕਰ ਭਾਜਪਾ ਤੀਜੀ ਵਾਰ ਕੇਂਦਰ ਵਿੱਚ ਸੱਤਾ ’ਤੇ ਕਾਬਜ਼ ਹੋ ਗਈ ਤਾਂ ਭਾਰਤੀ ਸੰਵਿਧਾਨ ਵਿੱਚ ਵੀ ਕਥਿਤ ਤੌਰ ’ਤੇ ਆਪਣੀ ਮਨ ਮਰਜ਼ੀ ਦੀਆਂ ਤਬਦੀਲੀਆਂ ਕਰ ਸਕਦੀ ਹੈ। ਕਾਂਗਰਸ ਪ੍ਰਧਾਨ ਸ੍ਰੀ ਮਾਲਿਕਾਰੁਜਨ ਖੜਗੇ ਨੇ ਵੀ ਅਜਿਹੀ ਚਿੰਤਾ ਪ੍ਰਗਟ ਕਰਦਿਆਂ ਕਿਹਾ ਹੈ ਕਿ ਜੇਕਰ ਤੀਜੀ ਵਾਰ ਭਾਜਪਾ ਦੀ ਸਰਕਾਰ ਬਣ ਗਈ ਤਾਂ ਇਹ ਲੋਕ ਸਭਾ ਦੀਆਂ ਆਖ਼ਰੀ ਚੋਣਾਂ ਹੋਣਗੀਆਂ। ਉਹਨਾਂ ਦੇ ਇਸ ਬਿਆਨ ਨੂੰ ਵਿਰੋਧੀ ਆਗੂ ਵੱਲੋਂ ਦਿੱਤਾ ਬਿਆਨ ਕਹਿ ਕੇ ਛੱਡ ਦੇਣ ਦੀ ਬਜਾਏ ਇਸ ਨੂੰ ਡੁੰਘਾਈ ਨਾਲ ਵਿਚਾਰਨ ਦੀ ਲੋੜ ਹੈ। ਭਾਜਪਾ ਜੋ ਤਾਨਾਸ਼ਾਹੀ ਰਵੱਈਆ ਇਖਤਿਆਰ ਕਰ ਚੁੱਕੀ ਹੈ, ਉਸਦਾ ਰਾਹ ਇਹ ਹੀ ਦਿਖਾਈ ਦਿੰਦਾ ਹੈ, ਦੇਸ਼ ਵਿੱਚ ਤਾਨਾਸ਼ਾਹੀ ਰਾਜ ਸਥਾਪਤ ਕਰਨ ਵੱਲ ਕਦਮ ਵਧਾਏ ਜਾ ਰਹੇ ਹਨ, ਜੋ ਨਾ ਦੇਸ਼ ਦੇ ਹਿਤ ਵਿੱਚ ਹਨ ਅਤੇ ਨਾ ਹੀ ਲੋਕ ਹਿਤ ਵਿੱਚ।
ਅਸਲ ਸਵਾਲ ਤਾਂ ਉਹੋ ਹੈ ਕਿ ਜਦੋਂ ਭਾਜਪਾ ਦਾ ਰਵੱਈਆ ਆਮ ਜਨਤਾ ਦਾ ਪੱਖ ਪੂਰਨ ਵਾਲਾ ਨਹੀਂ, ਫਿਰ ਉਹ ਚੋਣਾਂ ਜਿੱਤਣ ਲਈ ਹੌਸਲੇ ਵਿੱਚ ਕਿਉਂ ਹੈ? ਇਸਦਾ ਜਵਾਬ ਇਹ ਹੀ ਹੈ ਕਿ ਉਸ ਨੂੰ ਹਿੰਦੂ ਪੱਤਾ ਖੇਡਣ ਦੀ ਜਾਚ ਆ ਗਈ ਹੈ, ਵਿਰੋਧੀਆਂ ਨੂੰ ਦਬਾਅ ਕੇ ਰੱਖਣ ਦੀਆਂ ਤਰਕੀਬਾਂ ਆ ਗਈਆਂ ਹਨ। ਬਹੁ ਗਿਣਤੀ ਹਿੰਦੂਆਂ ਨੂੰ ਖੁਸ਼ ਕਰਨ ਲਈ ਘੱਟ ਗਿਣਤੀਆਂ ਉੱਤੇ ਹਮਲੇ ਕਰਕੇ ਲਾਹਾ ਲਿਆ ਜਾ ਰਿਹਾ ਹੈ। ਅਮੀਰ ਲੋਕਾਂ ਤੇ ਕਾਰਪੋਰੇਟ ਘਰਾਣਿਆਂ ਨੂੰ ਸਹੂਲਤਾਂ ਦੇ ਕੇ ਆਪਣੇ ਨਾਲ ਜੋੜਿਆ ਜਾ ਰਿਹਾ ਹੈ। ਗਰੀਬਾਂ ਅਤੇ ਘੱਟ ਗਿਣਤੀਆਂ ਨੂੰ ਡਰਾਇਆ ਅਤੇ ਖਰੀਦਿਆ ਜਾ ਰਿਹਾ ਹੈ। ਇਸ ਤੋਂ ਇਲਾਵਾ ਵੋਟਿੰਗ ਮਸ਼ੀਨਾਂ ਉੱਤੇ ਵੀ ਲੋਕਾਂ ਨੇ ਇਤਰਾਜ਼ ਕੀਤਾ ਹੈ ਕਿ ਇਹ ਭਾਜਪਾ ਦੇ ਹੱਕ ਵਿੱਚ ਭੁਗਤੀਆਂ ਹਨ, ਪਰ ਲੋਕਾਂ ਦੀ ਗੱਲ ਸੁਣਨ ਲਈ ਵੀ ਕੋਈ ਤਿਆਰ ਨਹੀਂ ਹੈ। ਬਹੁਤ ਸਾਰੀਆਂ ਪਾਰਟੀਆਂ ਨੇ ਭਾਜਪਾ ਦਾ ਮੁਕਾਬਲਾ ਕਰਨ ਲਈ ‘ਇੰਡੀਆ’ ਗਠਜੋੜ ਕਾਇਮ ਕੀਤਾ ਤਾਂ ਭਾਜਪਾ ਉਸ ਨੂੰ ਤੋੜਨ ਲਈ ਯਤਨਸ਼ੀਲ ਹੈ। ਜਿਹੜੀ ਭਾਜਪਾ ਕਾਂਗਰਸ ਮੁਕਤ ਭਾਰਤ ਦਾ ਨਾਅਰਾ ਲਾਉਂਦੀ ਨਹੀਂ ਸੀ ਥੱਕਦੀ, ਹੁਣ ਇੰਡੀਆ ਮੁਕਤ ਦਾ ਨਾਅਰਾ ਲਾ ਰਹੀ ਹੈ। ਉਸਨੇ ਸਾਰੀਆਂ ਵਿਰੋਧੀ ਪਾਰਟੀਆਂ ਨੂੰ ਆਪਣੇ ਨਿਸ਼ਾਨੇ ’ਤੇ ਲੈ ਲਿਆ ਹੈ।
ਭਾਰਤ ਵਾਸੀਆਂ ਨੂੰ ਸਮਝ ਲੈਣਾ ਚਾਹੀਦਾ ਹੈ ਕਿ ਭਾਜਪਾ ਲੋਕਾਂ ਨੂੰ ਗੁਮਰਾਹ ਕਰਕੇ ਸੱਤਾ ਹਥਿਆਉਣਾ ਚਾਹੁੰਦੀ ਹੈ ਤੇ ਉਸਦਾ ਤੀਜੀ ਵਾਰ ਕੇਂਦਰੀ ਸੱਤਾ ’ਤੇ ਕਾਬਜ਼ ਹੋਣਾ ਦੇਸ਼ ਅਤੇ ਲੋਕਾਂ ਦੇ ਹਿਤਾਂ ਲਈ ਖਤਰਨਾਕ ਹੋਵੇਗਾ। ਦੇਸ਼ ਦੇ ਸੰਵਿਧਾਨ ਨੂੰ ਬਚਾਉਣ ਲਈ, ਲੋਕਾਂ ਨੂੰ ਨਿਆਂ ਇਨਸਾਫ਼ ਦਿਵਾਉਣ ਲਈ, ਧਰਮ ਨਿਰਪੱਖਤਾ ਨੂੰ ਮਜ਼ਬੂਤ ਕਰਨ ਲਈ, ਹਿੰਦੂ ਰਾਸ਼ਟਰ ਬਣਾਉਣ ਤੋਂ ਠੱਲ੍ਹਣ ਲਈ, ਇਹ ਜ਼ਰੂਰੀ ਹੈ ਕਿ ਭਾਜਪਾ ਨੂੰ ਕੇਂਦਰ ਵਿੱਚ ਮੁੜ ਸੱਤਾ ਹਾਸਲ ਕਰਨ ਤੋਂ ਰੋਕਿਆ ਜਾਵੇ।
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(4726)
(ਸਰੋਕਾਰ ਨਾਲ ਸੰਪਰਕ ਲਈ: (