“ਲੋਕ ਅਣਭੋਲ ਜਾਂ ਲਾਈਲੱਗ ਨਹੀਂ ਹਨ। ਉਹ ਹਰ ਪਾਰਟੀ ਦੀ ਪਿਛਲੀ ਕਾਰਗੁਜ਼ਾਰੀ ...”
(23 ਅਗਸਤ 2025)
ਸਿਆਸਤ ਹਮੇਸ਼ਾ ਹੀ ਚਲਦੀ ਰਹਿੰਦੀ ਹੈ, ਇਹ ਕਦੇ ਠੰਢੀ ਨਹੀਂ ਹੁੰਦੀ, ਪਰੰਤੂ ਜਦੋਂ ਚੋਣਾਂ ਨੇੜੇ ਆ ਜਾਣ ’ਤੇ ਇਹ ਵਧੇਰੇ ਗਰਮ ਹੋ ਜਾਂਦੀ ਹੈ। ਪੰਜਾਬ ਦੀਆਂ ਚੋਣਾਂ ਅਜੇ ਬਹੁਤੀਆਂ ਨੇੜੇ ਤਾਂ ਨਹੀਂ ਹਨ, ਪਰ ਇਸ ਸੂਬੇ ਦੀ ਸਿਆਸਤ ਨਿੱਤ ਦਿਨ ਗਰਮਾਈ ਫੜ ਰਹੀ ਹੈ। ਸਾਰੀਆਂ ਹੀ ਪਾਰਟੀਆਂ ਨੇ ਆਪਣੇ ਆਪਣੇ ਪ੍ਰੋਗਰਾਮ ਉਲੀਕ ਲਏ ਹਨ ਅਤੇ ਉਹਨਾਂ ਦਾ ਪ੍ਰਚਾਰ ਕਰ ਰਹੀਆਂ ਹਨ। ਜੇ ਭਾਜਪਾ ਕੇਂਦਰ ਸਰਕਾਰ ਦੀਆਂ ਪ੍ਰਾਪਤੀਆਂ ਦੇ ਨਾਲ ਨਾਲ ਹਿੰਦੂ ਪੱਤਾ ਖੇੜਣ ਦੇ ਰਾਹ ਤੁਰ ਪਈ ਹੈ ਤਾਂ ਕਾਂਗਰਸ ਮਰਹੂਮ ਪ੍ਰਧਾਨ ਮੰਤਰੀ ਸ੍ਰ. ਮਨਮੋਹਨ ਸਿੰਘ ਦੀਆਂ ਨੀਤੀਆਂ ਅਤੇ ਧਰਮ ਨਿਰਪੱਖਤਾ ਅਤੇ ਸੱਤਾ ਹਥਿਆਉਣ ਲਈ ਵੋਟ ਚੋਰੀ ਆਦਿ ਮੁੱਦੇ ਉਭਾਰ ਰਹੀ ਹੈ। ਆਮ ਆਦਮੀ ਪਾਰਟੀ ਮੌਜੂਦਾ ਸਰਕਾਰ ਦੀ ਭ੍ਰਿਸ਼ਟਾਚਾਰ ਵਿਰੋਧੀ ਮੁਹਿੰਮ ਅਤੇ ਰੁਜ਼ਗਾਰ ਦੇਣ ਦੇ ਅਧਾਰ ’ਤੇ ਲੋਕਾਂ ਵਿੱਚ ਜਾਣ ਦੀ ਤਿਆਰੀ ਕਰ ਚੁੱਕੀ ਹੈ। ਪ੍ਰੰਤੂ ਲੋਕਾਂ ਦੀ ਸਭ ਤੋਂ ਵੱਧ ਨਿਗਾਹ ਰਾਜ ਦੀ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ’ਤੇ ਲੱਗੀ ਹੋਈ ਹੈ।
ਪੰਜਾਬ ਦੇ ਲੋਕ ਖੇਤਰੀ ਪਾਰਟੀ ਦੀ ਮਜ਼ਬੂਤੀ ਚਾਹੁੰਦੇ ਵੀ ਹਨ ਅਤੇ ਅਕਾਲੀ ਦਲ ਨੇ ਪੰਜਾਬ ਵਿੱਚ ਸਰਕਾਰਾਂ ਵੀ ਚਲਾਈਆਂ ਹਨ। ਪੰਜਾਬ ਵਾਸੀ ਕਾਫ਼ੀ ਹੱਦ ਤਕ ਇਸ ਨੂੰ ਪੰਥਕ ਪਾਰਟੀ ਵੀ ਕਹਿੰਦੇ ਹਨ ਅਤੇ ਇਸਦਾ ਸਿੱਖਾਂ ਵਿੱਚ ਅਧਾਰ ਕੁਝ ਜ਼ਿਆਦਾ ਹੈ। ਪੰਜਾਬ ਵਿੱਚ ਸਿੱਖਾਂ ਦੀ ਬਹੁਗਿਣਤੀ ਹੋਣ ਸਦਕਾ ਇਸ ਨੂੰ ਲਾਭ ਵੀ ਮਿਲਦਾ ਰਿਹਾ ਹੈ। ਪਿਛਲੀ ਸ਼੍ਰੋਮਣੀ ਅਕਾਲੀ ਦਲ ਦੀ ਸ੍ਰ. ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਵਾਲੀ ਸਰਕਾਰ ਦੌਰਾਨ ਹੋਈਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀ ਘਟਨਾਵਾਂ ਨੇ ਅਕਾਲੀ ਦਲ ਨੂੰ ਬਹੁਤ ਕਮਜ਼ੋਰ ਕਰ ਦਿੱਤਾ ਹੈ। ਸ੍ਰੀ ਅਕਾਲ ਤਖ਼ਤ ਸਾਹਿਬ, ਜਿਸ ਤੋਂ ਸਿੱਖ ਪੰਥ ਹਮੇਸ਼ਾ ਧਾਰਮਿਕ ਅਤੇ ਰਾਜਨੀਤਕ ਸੇਧ ਲੈਂਦਾ ਰਿਹਾ ਹੈ, ਦੇ ਸਨਮੁਖ ਖੜ੍ਹ ਕੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ੍ਰ. ਸੁਖਬੀਰ ਸਿੰਘ ਬਾਦਲ ਨੇ ਅਜਿਹੀਆਂ ਮੰਦਭਾਗੀਆਂ ਘਟਨਾਵਾਂ ਦੀ ਜ਼ਿੰਮੇਵਾਰੀ ਵੀ ਕਬੂਲ ਲਈ ਸੀ। ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੀ ਫਸੀਲ ਤੋਂ ਪੰਜ ਸਿੰਘ ਸਾਹਿਬਾਨਾਂ ਨੇ ਸ੍ਰ. ਸੁਖਬੀਰ ਬਾਦਲ ਅਤੇ ਉਸਦੇ ਸਹਿਯੋਗੀਆਂ ਨੂੰ ਧਾਰਮਿਕ ਸਜ਼ਾ ਵੀ ਸੁਣਾਈ ਅਤੇ ਉਹਨਾਂ ਭੁਗਤ ਵੀ ਲਈ।
ਸ੍ਰ. ਬਾਦਲ ਅਤੇ ਹੋਰ ਅਕਾਲੀ ਆਗੂਆਂ ਨੂੰ ਧਾਰਮਿਕ ਸਜ਼ਾ ਸੁਣਾਉਣ ਨਾਲੋਂ ਸਿੰਘ ਸਾਹਿਬਾਨਾਂ ਦਾ ਇਹ ਕਹਿਣਾ ਕਿ ਇਹ ਲੀਡਰਸ਼ਿੱਪ ਹੁਣ ਅਗਵਾਈ ਕਰਨ ਦੇ ਯੋਗ ਨਹੀਂ ਰਹੀ, ਇਸ ਲਈ ਅਕਾਲੀ ਦਲ ਦੀ ਪੁਨਰ ਸੁਰਜੀਤੀ ਕਰਨੀ ਚਾਹੀਦੀ ਹੈ, ਜ਼ਿਆਦਾ ਦੁਖਦਾਈ ਲੱਗਿਆ। ਸ੍ਰ. ਬਾਦਲ ਸਮਝਣ ਲੱਗੇ ਕਿ ਪੁਨਰ ਸੁਰਜੀਤੀ ਕਰਨ ਨਾਲ ਉਹਨਾਂ ਦਾ ਸੱਤਾ ਹਥਿਆਉਣ ਦਾ ਰਾਹ ਬੰਦ ਹੋ ਜਾਵੇਗਾ। ਇਸ ਲਈ ਉਸਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਇਸ ਹੁਕਮ ਨੂੰ ਮੰਨਣ ਤੋਂ ਟਾਲਾ ਵੱਟ ਲਿਆ। ਪਰ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਹੁਕਮਾਂ ਅਨੁਸਾਰ ਪੰਜ ਮੈਂਬਰੀ ਨੇ ਭਰਤੀ ਕੀਤੀ, ਸੰਵਿਧਾਨ ਅਨੁਸਾਰ ਡੈਲੀਗੇਟ ਬਣਾਏ ਅਤੇ ਸਹੀ ਢੰਗ ਨਾਲ ਚੋਣ ਕਰਕੇ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਸਾਬਕਾ ਕਾਰਜਕਾਰੀ ਜਥੇਦਾਰ ਸ੍ਰੀ ਹਰਪ੍ਰੀਤ ਸਿੰਘ ਨੂੰ ਅਕਾਲੀ ਦਲ ਦਾ ਪ੍ਰਧਾਨ ਚੁਣ ਲਿਆ।
ਇਸ ਚੋਣ ਵਿੱਚ ਸ਼ੱਕ ਦੀ ਕੋਈ ਗੁੰਜਾਇਸ ਹੀ ਨਹੀਂ ਹੈ ਕਿ ਚੋਣ ਸਹੀ ਨਹੀਂ ਕੀਤੀ ਗਈ। ਇਹ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਹੁਕਮਾਂ ਅਨੁਸਾਰ ਹੀ ਕੀਤੀ ਗਈ ਹੈ। ਇਹੀ ਕਾਰਨ ਹੈ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਵਿੱਚ ਸ਼ਰਧਾ ਰੱਖਣ ਵਾਲੇ ਸਿੱਖ ਇਸ ਨਾਲ ਆਪਣੇ ਆਪ ਜੁੜ ਗਏ। ਇਸ ਚੋਣ ਨਾਲ ਅਕਾਲੀ ਦਲ ਦੋ ਬਣ ਗਏ ਹਨ। ਅਜਿਹਾ ਹੋਣ ਨਾਲ ਲੋਕਾਂ ਵਿੱਚ ਦੁਬਿਧਾ ਜ਼ਰੂਰ ਖੜ੍ਹੀ ਹੋ ਗਈ ਹੈ। ਸਿੱਖਾਂ ਵਿੱਚ ਵੱਡੇ ਪੱਧਰ ’ਤੇ ਚਰਚਾ ਹੋ ਰਹੀ ਹੈ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਹੁਕਮਾਂ ਅਨੁਸਾਰ ਬਣਾਏ ਅਕਾਲੀ ਦਲ ਨਾਲ ਤੁਰਿਆ ਜਾਵੇ ਜਾਂ ਅਕਾਲ ਤਖ਼ਤ ਸਾਹਿਬ ਦੇ ਹੁਕਮਾਂ ਨੂੰ ਦਰਕਿਨਾਰ ਕਰਨ ਵਾਲੇ ਅਕਾਲੀ ਦਲ ਨਾਲ। ਅਜਿਹਾ ਉਹ ਲੋਕ ਸੋਚ ਰਹੇ ਹਨ, ਜਿਨ੍ਹਾਂ ਉੱਪਰ ਧਰਮ ਦਾ ਪ੍ਰਭਾਵ ਕੁਝ ਜ਼ਿਆਦਾ ਹੈ।
ਦੂਜੀ ਚਰਚਾ ਸਿਆਸੀ ਹੈ। ਨਵੇਂ ਅਕਾਲੀ ਦਲ ਨੇ ਸਪਸ਼ਟ ਕੀਤਾ ਹੈ ਕਿ ਉਹਨਾਂ ਨਵਾਂ ਕੋਈ ਦਲ ਨਹੀਂ ਬਣਾਇਆ, ਉਹਨਾਂ ਦੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਹੀ ਹੈ। ਪਹਿਲਾਂ ਬਣਿਆ ਸੰਵਿਧਾਨ, ਚੋਣ ਨਿਸ਼ਾਨ, ਦਫਤਰ ਆਦਿ ਸਭ ਉੱਪਰ ਉਹਨਾਂ ਦਾ ਹੱਕ ਹੈ ਅਤੇ ਉਹ ਇਨ੍ਹਾਂ ਨੂੰ ਹਾਸਲ ਕਰਨ ਲਈ ਹਰ ਸੰਭਵ ਯਤਨ ਕਰਨਗੇ। ਦੂਜੇ ਪਾਸੇ ਸ੍ਰ. ਸੁਖਬੀਰ ਸਿੰਘ ਬਾਦਲ ਦੀ ਅਗਵਾਈ ਵਾਲੇ ਅਕਾਲੀ ਦਲ ਦਾ ਕਹਿਣਾ ਹੈ ਸੰਵਿਧਾਨ, ਨਿਸ਼ਾਨ ਅਤੇ ਦਫਤਰ ਸਾਡੇ ਕੋਲ ਹੋਣ ਕਰਕੇ ਹੀ ਅਸਲੀ ਅਕਾਲੀ ਦਲ ਸਾਡਾ ਹੈ ਅਤੇ ਇਹ ਕਿਸੇ ਕੀਮਤ ਉੱਤੇ ਛੱਡੇ ਨਹੀਂ ਜਾਣਗੇ। ਦੋਵਾਂ ਅਕਾਲੀ ਦਲਾਂ ਦਾ ਭਾਵੇਂ ਚੋਣ ਨਿਸ਼ਾਨ ਤੱਕੜੀ ਹਾਸਲ ਕਰਨ ’ਤੇ ਜ਼ੋਰ ਲੱਗਾ ਹੋਇਆ ਹੈ ਪਰ ਆਮ ਲੋਕਾਂ ਜਾਂ ਵੋਟਰਾਂ ਉੱਪਰ ਅਜਿਹਾ ਕੋਈ ਪ੍ਰਭਾਵ ਵਿਖਾਈ ਨਹੀਂ ਦੇ ਰਿਹਾ। ਕੁਝ ਸਾਲ ਪਹਿਲਾਂ ਤਕ ਲੋਕਾਂ ਦੇ ਮਨਾਂ ਚੋਣ ਨਿਸ਼ਾਨ ਦਾ ਬਹੁਤ ਅਸਰ ਹੁੰਦਾ ਸੀ। ਆਮ ਲੋਕ ਕਿਹਾ ਕਰਦੇ ਸਨ ਕਿ ਅਸੀਂ ਤਾਂ ਪੰਥ ਨੂੰ ਵੋਟ ਪਾਉਣੀ ਹੈ ਅਤੇ ਪੰਥ ਦਾ ਨਿਸ਼ਾਨ ਤੱਕੜੀ ਹੈ। ਅਸੀਂ ਤੱਕੜੀ ’ਤੇ ਮੋਹਰ ਲਾਵਾਂਗੇ, ਉਹ ਜਿੱਤੇ ਚਾਹੇ ਹਾਰੇ। ਉਸ ਸਮੇਂ ਲੋਕ ਬਹੁਤੇ ਜਾਗਰੂਕ ਨਹੀਂ ਸਨ, ਅਣਪੜ੍ਹਤਾ ਭਾਰੂ ਸੀ ਅਤੇ ਅਜਿਹਾ ਪ੍ਰਭਾਵ ਕਬੂਲਦੇ ਸਨ। ਹੁਣ ਲੋਕ ਬਹੁਤ ਜਾਗਰਿਤ ਹੋ ਗਏ ਹਨ।
ਇਸ ਮਾਮਲੇ ਸਬੰਧੀ ਪਿਛਲੀਆਂ 2024 ਦੀਆਂ ਲੋਕ ਸਭਾ ਚੋਣਾਂ ਵੱਲ ਝਾਤ ਮਾਰੀਏ ਤਾਂ ਇਸ ਬਾਰੇ ਲੋਕਾਂ ਦੀ ਸੋਚ ਸਪਸ਼ਟ ਹੋ ਜਾਂਦੀ ਹੈ। ਸ਼੍ਰੋਮਣੀ ਅਕਾਲੀ ਦਲ ਦੇ ਨਿਸ਼ਾਨ ਤੱਕੜੀ ’ਤੇ ਚੋਣ ਲੜ ਕੇ ਕੇਵਲ ਬੀਬੀ ਹਰਸਿਮਰਤ ਕੌਰ ਬਾਦਲ ਹੀ ਸੰਸਦ ਮੈਂਬਰ ਬਣ ਸਕੀ। ਉਸ ਸਮੇਂ ਬਣਾਈ ਨਵੀਂ ਪਾਰਟੀ ਵਾਰਿਸ ਪੰਜਾਬ ਦੇ, ਜਿਸਦਾ ਅਧਾਰ ਵੀ ਅਕਾਲੀ ਦਲ ਵਾਂਗ ਪੰਥਕ ਹੀ ਸੀ, ਉਸਦੇ ਦੋ ਸੰਸਦ ਮੈਂਬਰ ਹੋਰ ਨਿਸਾਨਾਂ ’ਤੇ ਚੋਣ ਜਿੱਤ ਗਏ। ਅੰਮ੍ਰਿਤਪਾਲ ਸਿੰਘ ਕੋਲ ਨਾ ਅਕਾਲੀ ਦਲ ਵਾਲਾ ਦਫਤਰ ਸੀ ਨਾ ਨਿਸ਼ਾਨ, ਪਰ ਉਹ ਖਡੂਰ ਸਾਹਿਬ ਹਲਕੇ ਤੋਂ ਚਾਰ ਲੱਖ ਤੋਂ ਵਧੇਰੇ ਵੋਟ ਹਾਸਲ ਕਰਕੇ ਸੰਸਦ ਮੈਂਬਰ ਬਣਿਆ ਜਦੋਂ ਕਿ ਤੱਕੜੀ ਵਾਲਾ ਅਕਾਲੀ ਦਲ ਦਾ ਸੀਨੀਅਰ ਲੀਡਰ ਵਿਰਸਾ ਸਿੰਘ ਵਲਟੋਹਾ ਬੁਰੀ ਤਰ੍ਹਾਂ ਲੋਕਾਂ ਨੇ ਨਕਾਰ ਦਿੱਤਾ। ਇਸੇ ਤਰ੍ਹਾਂ ਹਲਕਾ ਫਰੀਦਕੋਟ ਤੋਂ ਸਰਬਜੀਤ ਸਿੰਘ ਕਰੀਬ ਤਿੰਨ ਲੱਖ ਵੋਟਾਂ ਪ੍ਰਾਪਤ ਕਰਕੇ ਐੱਮ ਪੀ ਬਣਿਆ ਜਦੋਂ ਕਿ ਤੱਕੜੀ ਨਿਸ਼ਾਨ ਵਾਲਾ ਰਾਜਵਿੰਦਰ ਸਿੰਘ ਧਰਮਕੋਟ ਹਾਰ ਗਿਆ। ਇਸ ਤੋਂ ਵੀ ਪਹਿਲਾਂ ਜੇ ਦੇਖਿਆ ਜਾਵੇ ਤਾਂ ਸ੍ਰ. ਸਿਮਰਨਜੀਤ ਸਿੰਘ ਮਾਨ ਹੋਰ ਨਿਸ਼ਾਨਾਂ ’ਤੇ ਜਿੱਤਦੇ ਰਹੇ ਹਨ।
ਅਕਾਲੀ ਸਿਆਸਤ ਵਿੱਚ ਹੁਣ ਭਾਜਪਾ ਨਾਲ ਸਬੰਧਾਂ ਬਾਰੇ ਵੀ ਬੜਾ ਰੌਲਾ ਪੈ ਰਿਹਾ ਹੈ। ਪਹਿਲਾਂ ਜਿਹੜਾ ਅਕਾਲੀ ਆਗੂ ਵਿਰੋਧ ਕਰਦਾ ਹੁੰਦਾ ਸੀ, ਉਸ ਨੂੰ ਕਾਂਗਰਸ ਨਾਲ ਰਲਿਆ ਕਹਿ ਦਿੰਦੇ ਸਨ। ਹੁਣ ਭਜਪਾ ਕੇਂਦਰ ਵਿੱਚ ਸੱਤਾ ’ਤੇ ਹੈ ਤਾਂ ਉਸ ਨਾਲ ਰਲਿਆ ਕਹਿ ਦਿੰਦੇ ਹਨ। ਇਨ੍ਹਾਂ ਆਗੂਆਂ ਦੀ ਫਿਤਰਤ ਹੀ ਅਜਿਹੀ ਹੈ। ਸ੍ਰ. ਸੁਖਬੀਰ ਸਿੰਘ ਬਾਦਲ ਦੇ ਅਕਾਲੀ ਦਲ ਵੱਲੋਂ ਜਥੇਦਾਰ ਹਰਪ੍ਰੀਤ ਸਿੰਘ ਅਤੇ ਉਸਦੇ ਅਕਾਲੀ ਦਲ ਨੂੰ ਭਾਜਪਾ ਦੇ ਇਸ਼ਾਰੇ ’ਤੇ ਕੰਮ ਕਰਨ ਦਾ ਪ੍ਰਚਾਰ ਕੀਤਾ ਜਾ ਰਿਹਾ ਹੈ। ਪਰ ਭਾਜਪਾ ਨਾਲ ਲੰਬਾ ਸਮਾਂ ਤਾਂ ਅਕਾਲੀ ਦਲ ਬਾਦਲ ਦਾ ਗੱਠਜੋੜ ਹੀ ਰਿਹਾ ਹੈ। ਬਾਦਲ ਪਰਿਵਾਰ ਨੇ ਭਾਜਪਾ ਤੋਂ ਵਜ਼ੀਰੀਆਂ ਹਾਸਲ ਕੀਤੀਆਂ ਅਤੇ ਮਾਣੀਆਂ ਵੀ ਹਨ। ਹੁਣ ਜਦੋਂ ਭਾਜਪਾ ਨੇ ਧੱਕ ਕੇ ਪਾਸੇ ਕਰ ਦਿੱਤਾ ਤਾਂ ਭਾਜਪਾ ਬੁਰੀ ਹੋ ਗਈ ਹੈ ਅਤੇ ਆਪਣੇ ਵਿਰੋਧੀਆਂ ਨੂੰ ਉਸ ਨਾਲ ਰਲੇ ਹੋਣ ਦੇ ਦੋਸ਼ ਲਾਉਣ ਲੱਗ ਪਏ। ਪਰ ਪੰਜਾਬ ਦੇ ਲੋਕ ਅੰਨ੍ਹੇ ਬੋਲੇ ਨਹੀਂ ਹਨ, ਸਭ ਸਮਝਦੇ ਹਨ।
ਜਿੱਥੋਂ ਤਕ ਸੰਵਿਧਾਨ ਦੀ ਗੱਲ ਹੈ, ਦੋਵੇਂ ਅਕਾਲੀ ਦਲ ਇੱਕੋ ਹੀ ਸੰਵਿਧਾਨ ’ਤੇ ਪਹਿਰਾ ਦੇ ਰਹੇ ਹਨ। ਦਫਤਰ ਕਿਤੇ ਵੀ ਨਵਾਂ ਬਣਾਇਆ ਜਾ ਸਕਦਾ ਹੈ, ਇਹ ਕੋਈ ਵੱਡਾ ਮਾਮਲਾ ਨਹੀਂ ਹੈ। ਨਿਸ਼ਾਨ ਬਾਰੇ ਵੀ ਸਪਸ਼ਟ ਹੈ ਕਿ ਹੁਣ ਚੋਣ ਨਿਸ਼ਾਨ ਨੂੰ ਵੋਟ ਨਹੀਂ ਪੈਂਦੀ। ਉਮੀਦਵਾਰ ਦੀ ਸ਼ਖਸੀਅਤ, ਉਸਦੀ ਪਾਰਟੀ ਦੀ ਸੋਚ ਅਤੇ ਨੀਤੀਆਂ ਨੂੰ ਹੀ ਵੋਟ ਪੈਂਦੀ ਹੈ। ਲੋਕ ਅਣਭੋਲ ਜਾਂ ਲਾਈਲੱਗ ਨਹੀਂ ਹਨ। ਉਹ ਹਰ ਪਾਰਟੀ ਦੀ ਪਿਛਲੀ ਕਾਰਗੁਜ਼ਾਰੀ ਵੀ ਘੋਖਣਗੇ ਅਤੇ ਅੱਗੇ ਲਈ ਭਰੋਸਾ ਵੀ ਲੈਣਗੇ। ਅੱਜ ਹਰ ਹੱਟੀ-ਭੱਠੀ, ਗਲੀ ਕੂਚੇ ਵਿੱਚ ਸਿਆਸਤ ਖਾਸ ਕਰਕੇ ਅਕਾਲੀ ਸਿਆਸਤ ਰਿੜਕੀ ਜਾ ਰਹੀ ਹੈ, ਵਿਚਾਰਾਂ ਹੋ ਰਹੀਆਂ ਹਨ। ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿੱਚ ਪੰਜਾਬ ਵਾਸੀ ਦਫਤਰ ਅਤੇ ਨਿਸ਼ਾਨਾਂ ਦੇ ਮੁੱਦਿਆਂ ਤੋਂ ਉੱਪਰ ਉੱਠ ਕੇ ਕੋਈ ਚੰਗਾ ਨਤੀਜਾ ਸਾਹਮਣੇ ਲਿਆਉਣਗੇ। ਇਹ ਉਮੀਦ ਕੀਤੀ ਜਾ ਰਹੀ ਹੈ।
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (