“ਸਿਸਟਮ ’ਤੇ ਕਾਬਜ਼ ਬੇਹਯਾ ਤਾਂ ਜੇਲ੍ਹ ਤੋਂ ਬਾਹਰ ਆਉਣ ਵਾਲੇ ਬਲਾਤਕਾਰੀਆਂ ਨੂੰ ਸ਼ਰੇਆਮ ਸਨਮਾਨਤ ਕਰ ਰਹੇ ਹਨ ...”
(3 ਨਵੰਬਰ 2023)
ਬੰਦਾ ਕਿੰਨਾ ਵੀ ਵੱਡਾ ਸੂਰਮਾ ਹੋਵੇ, ਅੰਦਰੋਂ ਉਹ ਡਰਪੋਕ ਹੀ ਹੁੰਦਾ ਹੈ! ਉਸ ਅੰਦਰ ਕੋਈ ਨਾ ਕੋਈ ਡਰ ਜ਼ਰੂਰ ਵਸਿਆ ਹੁੰਦਾ ਹੈ। ਵੱਖੋ ਵੱਖਰੀ ਕਿਸਮ ਦੇ ਡਰ, ਵੱਖੋ ਵੱਖਰੇ ਸਮੇਂ ਸਿਰ ਚੁੱਕਦੇ ਰਹਿੰਦੇ ਹਨ। ਸਭ ਤੋਂ ਵੱਡਾ ਡਰ ਆਪਣੀ ਦੁਨੀਆ ਦਾ ਹੁੰਦਾ ਹੈ, ਆਪਣੇ ਭਾਈਚਾਰੇ ਦਾ ਹੁੰਦਾ ਹੈ, ਆਪਣੇ ਪਰਿਵਾਰ ਦਾ ਹੁੰਦਾ ਹੈ ਜੋ ਹਰ ਵੇਲੇ ਬੰਦੇ ਦੇ ਨਾਲ ਚੱਲਦੇ ਹਨ। ਡਰ ਇਹੋ ਕਿ ਇਨ੍ਹਾਂ ਦੇ ਅਕਸ ਨੂੰ ਕਿਤੇ ਢਾਹ ਨਾ ਲੱਗ ਜਾਵੇ। ਇਹ ਡਰ ਹੀ ਹਨ, ਜੋ ਬੰਦੇ ਨੂੰ ਬੰਦੇ ਦਾ ਪੁੱਤ ਬਣਾਈ ਰੱਖਦੇ ਹਨ। ਜੇ ਇਹ ਡਰ ਖਤਮ ਹੋ ਜਾਵੇ ਤਾਂ ਬੰਦਾ, ਬੰਦਾ ਨਾ ਰਹੇ।
ਬੰਦੇ ਅੰਦਰ ਕੁਦਰਤ ਨੇ ਇੱਕ ਇਹ ਪ੍ਰਵਿਰਤੀ ਵੀ ਜਗਾ ਰੱਖੀ ਹੈ ਕਿ ਉਹ ਸੁਹੱਪਣ ਵੱਲ ਖਿੱਚਿਆ ਜਾਂਦਾ ਹੈ। ਉਹ ਸੁਹੱਪਣ ਦੀ ਉਸਤਤ ਕਰਦਾ ਹੈ। ਉਹ ਚਾਹੁੰਦਾ ਹੈ ਕਿ ਇਹ ਸੁਹੱਪਣ ਹਮੇਸ਼ਾ ਉਸਦੇ ਅੰਗ-ਸੰਗ ਰਹੇ ਜੋ ਕਦੇ ਵੀ ਸੰਭਵ ਨਹੀਂ ਹੋ ਸਕਦਾ। ਸਮਾਜ ਵਿੱਚ ਰਹਿੰਦਿਆਂ ਉਹ ਜ਼ਿੰਮੇਵਾਰ ਬਣ ਜਾਂਦਾ ਹੈ। ਉਹ ਇਸ ਸੁਹੱਪਣ ’ਤੇ ਕਾਬਜ਼ ਨਹੀਂ ਹੁੰਦਾ ਪਰ ਉਸ ਸੁਹੱਪਣ ਦੀ ਸਿਫ਼ਤ ਕਰਕੇ ਉਸਦਾ ਅਹਿਸਾਸ ਆਪਣੇ ਨਾਲ ਜ਼ਰੂਰ ਰੱਖਦਾ ਹੈ ਤੇ ਪੂਰੀ ਕੋਸ਼ਿਸ਼ ਕਰਦਾ ਹੈ ਕਿ ਉਹ ਸੁਹੱਪਣ, ਜਿਸ ਨੇ ਉਸ ਨੂੰ ਸਕੂਨ ਦਿੱਤਾ ਹੈ, ਬਰਕਰਾਰ ਰਹੇ ਤਾਂ ਕਿ ਦੂਸਰੇ ਲੋਕ ਵੀ ਇਸ ਨੂੰ ਦੇਖ ਸਕਣ, ਮਾਣ ਸਕਣ ਤੇ ਜੋ ਸੁਹੱਪਣ ਨੂੰ ਹੜੱਪਣ ਦੀ ਕੋਸ਼ਿਸ਼ ਕਰਦਾ ਹੈ, ਉਹ ਬੰਦਾ ਬੰਦਾ ਨਹੀਂ ਹੋ ਸਕਦਾ।
… ਤੇ ਕਈ ਵਾਰ ਅਜਿਹਾ ਵਾਪਰ ਜਾਂਦਾ ਹੈ ਕਿ ਬੰਦਾ ਉਸੇ ਸੁਹੱਪਣ ਦਾ ਸਾਹਮਣਾ ਕਰਨੋਂ ਡਰ ਜਾਂਦਾ ਹੈ ਜਿਸ ਨੂੰ ਉਹ ਹਮੇਸ਼ਾ ਆਪਣੇ ਅੰਗ-ਸੰਗ ਚਾਹੁੰਦਾ ਹੈ, ਜਿਸ ਨੇ ਉਸ ਨੂੰ ਸਿਰੇ ਦਾ ਸਕੂਨ ਦਿੱਤਾ ਹੋਵੇ। ਕੁਝ ਅਜਿਹਾ ਹੀ ਵਾਪਰਿਆ ਹੈ ਮੇਰੇ ਨਾਲ ਵੀ।
ਗੱਲ ਸਤਾਰਾਂ ਅਕਤੂਬਰ ਦੀ ਹੈ। ਅਸੀਂ ਚੈਸ਼ਰ (ਕਨੈਟੀਕਟ) ਵਿੱਚ ਲੋਡ ਡਲਿਵਰ ਕਰਕੇ ਵਾਪਸੀ ਲੋਡ ਲਈ ਨਿਊ ਯਾਰਕ ਸੂਬੇ ਦੇ ਇੱਕ ਪਿੰਡ ਦਿੱਲੀ (Delhi) ਨੂੰ ਤੁਰ ਪਏ। ਇਹ ਪਿੰਡ ਕਾਫੀ ਦੂਰ ਜਾ ਕੇ ਇੱਕ ਵਾਦੀ ਦੇ ਅੰਦਰ ਹੈ। ਸੌੜੀਆਂ ਸੜਕਾਂ ’ਤੇ ਟਰੱਕ ਚਲਾਉਣਾ ਕਿਹੜਾ ਸੌਖਾ ਹੈ। ਫੇਰ ਉਤਾਰ-ਚੜ੍ਹਾ ਇੰਨਾ ਕਿ ਟਰੱਕ ਨੂੰ ਵੀ ਪਸੀਨਾ ਆ ਗਿਆ। ਔਖਿਆਈ ਤਾਂ ਆਈ ਪਰ ਅਸੀਂ ਸਮੇਂ ਸਿਰ ਪਹੁੰਚ ਗਏ। ਡਰਾਈਵ ਮੈਂ ਕਰ ਰਿਹਾ ਸੀ। ਮੇਰਾ ਜੋਟੀਦਾਰ ਅਵਤਾਰ ਸੁੱਤਾ ਪਿਆ ਸੀ। ਉਸ ਨੂੰ ਜਗਾ ਕੇ ਮੈਂ ਚੈੱਕ-ਇਨ ਕਰਨ ਲਈ ਚਲੇ ਗਿਆ। ਇਸ ਜਗ੍ਹਾ ਚੈੱਕ-ਇਨ ਗੇਟ ’ਤੇ ਗਾਰਡ ਸ਼ੈਕ ਵਿੱਚ ਹੀ ਹੋਣੀ ਸੀ। ਜਦੋਂ ਅੱਗੇ ਵਧਿਆ ਤਾਂ ਸਾਹਮਣੇ ਕੰਪਿਊਟਰ ’ਤੇ ਫੁਰਤੀ ਨਾਲ ਕੰਮ ਕਰ ਰਹੀ ਕੁੜੀ ਵੱਲ ਦੇਖ ਕੇ ਸਾਰੀ ਥਕਾਨ ਲਹਿ ਗਈ। ਉਮਰ ਕੋਈ ਅਠਾਰਾਂ-ਵੀਹ ਸਾਲ। ਘੁੰਗਰਾਲੇ ਵਾਲਾਂ ਦੀਆਂ ਮੀਢੀਆਂ ਨਾਲ ਸਜਿਆ ਹੋਇਆ ਉਸ ਦਾ ਚਿਹਰਾ ਇਸ ਤਰ੍ਹਾਂ ਜਾਪ ਰਿਹਾ ਸੀ ਜਿਵੇਂ ਲਾਲ ਗੁਲਾਬ ਦੀ ਨਵੀਂ ਖਿੜੀ ਪੰਖੜੀ ’ਤੇ ਤਰੇਲ ਦਾ ਪਹਿਲਾ ਤੁਪਕਾ ਪਿਆ ਹੋਵੇ। ਮੇਰਾ ਜੀ ਕਰੇ, ਮੈਂ ਉਸਦਾ ਮੱਥਾ ਚੁੰਮ ਲਵਾਂ। ਮੇਰੇ ਵੱਲ ਦੇਖ ਕੇ ਉਹ ਮੁਸਕਰਾਈ ਤੇ ਉਸਨੇ ਮੇਰੇ ਕੋਲ਼ੋਂ ਡਰਾਈਵਿੰਗ ਲਾਇਸੈਂਸ ਮੰਗਿਆ। ਜਦੋਂ ਉਹ ਆਪਣਾ ਕੰਮ ਕਰ ਰਹੀ ਸੀ ਤਾਂ ਮੇਰੀ ਨਜ਼ਰ ਉਸਦੇ ਖੱਬੇ ਹੱਥ ’ਤੇ ਗਈ। ਬਹੁਤ ਹੀ ਸੋਹਣੇ ਢੰਗ ਨਾਲ ਟੈਟੂ ਬਣਾ ਕੇ ਵਿਚਕਾਰ ਜਿਹੇ Peace (ਅਮਨ) ਲਿਖਿਆ ਹੋਇਆ ਸੀ। ਮੇਰਾ ਸਾਰਾ ਧਿਆਨ ਇਸ ਟੈਟੂ ਨੇ ਖਿੱਚ ਲਿਆ। “ਹਿਅਰ ਇਜ਼ ਯੂਅਰ ਲਾਈਸੈਂਸ ਮਿਸਟਰ ਸਿੰਘ … ਗੋ ਟੂ ਦਿ ਡੋਰ 6 ਐਂਡ ਫਾਲੋ ਦਿ ਇੰਸਟਰੱਕਸ਼ਨਜ਼” (ਮਿਸਟਰ ਸਿੰਘ ਇਹ ਐ ਤੁਹਾਡਾ ਲਾਈਸੈਂਸ … ਛੇ ਨੰਬਰ ਵਾਲੇ ਦਰਵਾਜ਼ੇ ’ਤੇ ਜਾਓ ਤੇ ਹਦਾਇਤਾਂ ਦਾ ਮੁਤਬਕ ਚੱਲੋ)। ਉਸਨੇ ਮੈਨੂੰ ਇੱਕ ਹਦਾਇਤਨਾਮਾ ਫੜਾਇਆ ਤੇ ਕਹਿਣ ਲੱਗੀ, “ਦੈਟਸ ਇੱਟ …!” ਉਸ ਦੇ ਬੋਲਾਂ ਵਿੱਚ ਇੱਕ ਖਾਸ ਕਿਸਮ ਦੀ ਚਹਿਕ, ਇੱਕ ਅਜਬ ਜਿਹੀ ਮਿਠਾਸ ਸੀ। ਸੱਚ ਕਹਾਂ ਕਿ ਮੇਰਾ ਤਾਂ ਉੱਥੋਂ ਹਿੱਲਣ ਨੂੰ ਜੀ ਨਾ ਕਰੇ। ਉਹ ਮੇਰੇ ਵੱਲ ਦੇਖ ਕੇ ਮੁਸਕਰਾ ਰਹੀ ਸੀ। ਉਸਦੇ ਅੱਗੇ ਪਈਆਂ ਕਿਤਾਬਾਂ ਦੱਸ ਰਹੀਆਂ ਸਨ ਕਿ ਉਹ ਇੱਕ ਵਿਦਿਆਰਥਣ ਹੈ।
“ਇੱਕ ਗੱਲ ਕਹਾਂ ਤੈਨੂੰ ਬੱਚੇ …” ਮੈਨੂੰ ਜਾਪਿਆ ਕਿ ਮੇਰੇ ਇਨ੍ਹਾਂ ਬੋਲਾਂ ਨੇ ਉਸ ਨੂੰ ਖੁਸ਼ੀ ਦਿੱਤੀ ਹੈ। ਉਸਦੀ ਸਹਿਮਤੀ ’ਤੇ ਮੈਂ ਕਿਹਾ, “ਤੇਰੇ ਵਿੱਚ ਇੱਕ ਗੱਲ ਜੋ ਮੈਨੂੰ ਬਹੁਤ ਪਿਆਰੀ ਲੱਗੀ ਐ, ਉਹ ਐ ਤੇਰਾ ਇਹ ਟੈਟੂ … ਪੀਸ!” ਇਹ ਸੁਣਕੇ ਉਹ ਬਹੁਤ ਖੁਸ਼ ਹੋਈ ਤੇ ਆਪਣਾ ਟੈਟੂ ਵਾਲਾ ਹੱਥ ਛਾਤੀ ’ਤੇ ਰੱਖ ਮੇਰਾ ਸ਼ੁਕਰੀਆ ਅਦਾ ਕਰਨ ਲੱਗੀ।
“… ਪਰ ਇਸ ਤੋਂ ਵੀ ਪਿਆਰੀ ਇੱਕ ਹੋਰ ਸ਼ੈਅ ਹੈ ਤੇਰੇ ਕੋਲ …!” ਮੇਰਾ ਇੰਨਾ ਕਹਿਣ ’ਤੇ ਉਸਨੇ ਸਵਾਲੀਆ ਨਜ਼ਰਾਂ ਨਾਲ ਮੇਰੇ ਵੱਲ ਦੇਖਿਆ।
“ ...ਤੇ ਉਹ ਹੈ ਤੇਰੀ ਮੁਸਕਾਨ … ਬਹੁਤ ਹੀ ਪਿਆਰੀ, ਇੰਨੀ ਪਿਆਰੀ ਕਿ ਇਸ ਤੋਂ ਦੁਨੀਆ ਕੁਰਬਾਨ ਕਰ ਸਕਦਾਂ ਮੈਂ ...”
ਮੇਰੇ ਇੰਨਾ ਕਹਿਣ ’ਤੇ ਉਸਨੇ ਸ਼ੁਕਰਾਨੇ ਵਜੋਂ ਆਪਣੇ ਦੋਵੇਂ ਹੱਥ ਛਾਤੀ ’ਤੇ ਰੱਖ ਲਏ। ਮੈਂ ਦੇਖਿਆ ਕਿ ਉਸ ਦੇ ਸੱਜੇ ਹੱਥ ’ਤੇ Love (ਪਿਆਰ) ਦਾ ਟੈਟੂ ਬਣਿਆ ਹੋਇਆ ਸੀ। ਉਹ ਮੇਰੇ ਅੱਗੇ ਅਮਨ ਤੇ ਪਿਆਰ ਦੀ ਹਰਕਾਰਾ ਬਣੀ ਖੜ੍ਹੀ ਸੀ। ਮੈਨੂੰ ਜਾਪਿਆ ਇਹ ਹੱਥ ਗ਼ਾਜ਼ਾ ਪੱਟੀ ਦੇ ਲੋਕਾਂ ਵਾਸਤੇ ਉੱਠੇ ਹਨ। ਮੇਰਾ ਜੀ ਕਰੇ ਕਿ ਉਸਦੇ ਦੋਵੇਂ ਹੱਥ ਚੁੰਮ ਲਵਾਂ! “ਥੈਂਕ ਯੂ ਮਿਸਟਰ ਸਿੰਘ … ਥੈਂਕ ਯੂ … ਯੂ ਮੇਡ ਮਾਈ ਡੇ …, “(ਸ਼ੁਕਰੀਆ ਮਿਸਟਰ ਸਿੰਘ … ਤੁਸੀਂ ਮੇਰਾ ਦਿਨ ਯਾਦਗਾਰੀ ਬਣਾ ਦਿੱਤਾ ਹੈ) ਉਹ ਵਾਰ ਵਾਰ ਕਹਿ ਰਹੀ ਸੀ।
ਮੈਂ ਉਸ ਨੂੰ ਦੱਸਿਆ ਕਿ ਸਾਡੇ ਸੱਭਿਆਚਾਰ ਵਿੱਚ ਜਦੋਂ ਵੱਡੀ ਉਮਰ ਵਾਲੇ ਬੰਦੇ ਨੂੰ ਛੋਟੀ ਉਮਰ ਦਾ ਕੋਈ ਮੁੰਡਾ-ਕੁੜੀ ਮਿਲਦੈ ਤਾਂ ਉਸ ਨੂੰ ਆਸ਼ੀਰਵਾਦ ਦੇਣ ਲਈ ਅਸੀਂ ਉਸਦੇ ਸਿਰ ’ਤੇ ਹੱਥ ਰੱਖਦੇ ਹਾਂ। ਹੱਥ ਰੱਖਣ ਦਾ ਮਤਲਬ ਇਹ ਹੁੰਦਾ ਹੈ ਕਿ ਵੱਡੀ ਉਮਰ ਵਾਲਾ ਬੰਦਾ ਆਪਣੀ ਸਾਰੀ ਚੰਗੀ ਊਰਜਾ (Positive energy) ਉਸ ਮੁੰਡੇ-ਕੁੜੀ ਨੂੰ ਦੇ ਕੇ ਉਸਦੀ ਲੰਮੀ ਉਮਰ ਲਈ ਦੁਆ ਕਰਦਾ ਹੈ। ਮੇਰਾ ਵੀ ਜੀ ਕਰਦਾ ਹੈ ਕਿ ਮੈਂ ਤੇਰੇ ਸਿਰ ’ਤੇ ਹੱਥ ਰੱਖਾਂ।”
“ਵਾੲ ਨਾਟ? … (ਕਿਉਂ ਨਹੀਂ?)” ਉਸਨੇ ਕਿਹਾ ਪਰ ਮੈਂ ਅਜਿਹਾ ਕਰਨ ਤੋਂ ਝਿਜਕ ਗਿਆ। ਸੋਚਿਆ ਕਿ ਖਬਰੇ ਮੇਰੀ ਭਾਵਨਾ, ਮੇਰੇ ਅਹਿਸਾਸ ਇਸ ਭੋਲ਼ੀ-ਭਾਲ਼ੀ ਕੁੜੀ ਤਕ ਪਹੁੰਚਣ ਵੀ ਜਾਂ ਨਾ … ਕਿਤੇ ਮੇਰੀ ਭਾਵਨਾ ਵਿੱਚ ਹੀ ਕੋਈ ਖੋਟ ਨਾ ਮਿਲ ਜਾਵੇ … ਕਿਤੇ ਨਿੰਕ-ਨੀਨਾ (ਮੇਰੀਆਂ ਧੀਆਂ) ਮੇਰੀ ਇਸ ਹਰਕਤ ਦਾ ਬੁਰਾ ਨਾ ਮਨਾਉਣ … ਉਨ੍ਹਾਂ ਕਹਿਣਾ ਤੁਹਾਨੂੰ ਇੱਥੋਂ ਦੇ ਕਲਚਰ ਦੀ ਅਜੇ ਪੂਰੀ ਸਮਝ ਨਹੀਂ, ਇੱਦਾਂ ਨਾ ਕਰਿਆ ਕਰੋ। ਅਜਿਹੇ ਕਈ ਡਰ ਮੇਰੇ ਅੰਦਰ ਉੱਠ ਖੜੋਏ। ਆਪਣੇ ਆਪ ਨੂੰ ਸੰਭਾਲਦਿਆਂ ਮੈਂ ਕਿਹਾ, “ਕਲੋਜ਼ ਯੂਅਰ ਆਈਜ਼ ਮਾਈ ਚਾਇਲਡ … ਜਸਟ ਇਮੈਜਿਨ ਆ ਟੱਚ ਆਫ ਯੂਅਰ ਡੈਡ’ਜ਼ ਹੈਂਡ … ਇਟਸ ਨਾਟ ਯੂਅਰ ਡੈਡ, ਇਟਸ ਮੀ ਡੀਅਰ ...!” (ਆਪਣੀਆਂ ਅੱਖਾਂ ਬੰਦ ਕਰੋ ਮੇਰੇ ਬੱਚੇ … ਤੇ ਆਪਣੇ ਪਿਤਾ ਦੇ ਹੱਥਾਂ ਦੀ ਛੋਹ ਦੀ ਕਲਪਨਾ ਕਰੋ … ਇਹ ਤੁਹਾਡਾ ਪਿਤਾ ਦਾ ਹੱਥ ਨਹੀਂ … .ਇਹ ਮੈਂ ਹਾਂ ਪਿਆਰੀ ਬੱਚੀ!) ਮੇਰੇ ਇੰਨਾ ਕਹਿਣ ’ਤੇ ਉਸ ਕੁੜੀ ਦੀਆਂ ਅੱਖਾਂ ਨਮ ਹੋ ਗਈਆਂ। ਸੋਚ ਰਿਹਾ ਸੀ ਕਿ ਇਹ ਕੁੜੀ ਨਹੀਂ, ਅਮਨ ਤੇ ਪਿਆਰ ਦੇ ਪੈਗ਼ਾਮ ਵਾਲਾ ਇੱਕ ਪਰਿੰਦਾ ਹੈ … ਉਸ ਨੂੰ ਦੁਆਵਾਂ ਦਿੰਦਾ, ਉਸ ਲਈ ਉੱਚੀਆਂ ਉਡਾਰੀਆਂ ਦੀ ਕਾਮਨਾ ਕਰਦਾ ਮੈਂ ਟਰੱਕ ਵੱਲ ਵਧਿਆ।
ਇਹ ਸੋਚ ਕੇ ਮੈਂ ਖੁਸ਼ ਹੋ ਰਿਹਾ ਸੀ ਕਿ ਇੱਕ ਵਿਦਿਆਰਥਣ ਨੂੰ ਆਪਣੇ ਸੱਭਿਆਚਾਰ ਦੇ ਇਸ ਪਹਿਲੂ ਬਾਰੇ ਦਿੱਤੀ ਜਾਣਕਾਰੀ ਜ਼ਰੂਰ ਚੰਗੀ ਲੱਗੀ ਹੋਵੇਗੀ। ਉਹ ਹੋਰਨਾਂ ਕੋਲ ਵੀ ਇਸ ਬਾਰੇ ਗੱਲ ਕਰੇਗੀ। ਮੇਰਾ ਚਿਹਰਾ ਦੇਖ ਅਵਤਾਰ ਨੇ ਕਿਹਾ, “ਬੜਾ ਖੁਸ਼ ਨਜ਼ਰ ਆ ਰਿਹਾ ਹੈਂ ਬਾਈ ...!” ਮੇਰਾ ਜਵਾਬ ਸੀ, “ਨਵੂ ਨੇ ਮਿਲ ਕੇ ਆਇਆਂ, ਖੁਸ਼ ਕਿਉਂ ਨਾ ਹੋਵਾਂ!” ਜਦੋਂ ਉਸਨੇ ਸਾਰੀ ਗੱਲ ਸੁਣੀ ਤਾਂ ਕਹਿਣ ਲੱਗਾ, “ਮੈਨੂੰ ਵੀ ਬੁਲਾ ਲੈਂਦਾ ਬਾਈ … .!” ਨਵੂ ਅਵਤਾਰ ਦੀ ਧੀ ਦਾ ਨਾਂਅ ਹੈ। ਪੇਸ਼ੇ ਵਜੋਂ ਡੈਂਟਿਸਟ, ਇਸੇ ਕੁੜੀ ਵਰਗੀ ਮਾਸੂਮ ਮੁਸਕਾਨ ਵਾਲੀ ਨਵੂ!
ਖੁਸ਼ੀ ਭਰੇ, ਮਨ ਨੂੰ ਸਕੂਨ ਦੇਣ ਵਾਲੇ ਇਹ ਅਹਿਸਾਸ ਸਾਡੇ ਤੋਂ ਜਲਦੀ ਹੀ ਪੱਲਾ ਛੁਡਾ ਗਏ … ਚਾਹ ਕੇ ਵੀ ਇਨ੍ਹਾਂ ਦਾ ਪੱਲਾ ਘੁੱਟ ਕੇ ਫੜ ਨਹੀਂ ਸਕੇ।
ਦਿੱਤੇ ਗਏ ਦਰਵਾਜ਼ੇ ’ਤੇ ਟ੍ਰੇਲਰ ਲਾ ਕੇ ਕੈਬਿਨ ਵਿੱਚ ਬੈਠ ਕੇ ਚਾਹ ਬਣਾਈ। ਕੱਪ ਹੱਥ ਵਿੱਚ ਲੈ ਕੇ ਫੋਨ ’ਤੇ ਨਜ਼ਰ ਮਾਰੀ। ਕੋਈ ਜ਼ਰੂਰੀ ਮੈਸੇਜ ਤਾਂ ਨਹੀਂ … ਪਰਿਵਾਰ, ਯਾਰਾਂ-ਬੇਲੀਆਂ ਦਾ ਕੋਈ ਸੰਦੇਸ਼ਾ ਤਾਂ ਨਹੀਂ! ਫੇਰ ਫੇਸਬੁੱਕ ’ਤੇ ਚਲੇ ਗਿਆ। ਸਭ ਤੋਂ ਪਹਿਲਾਂ ਨਜ਼ਰ ਪਈ ਇਸ ਖ਼ਬਰ ਨੇ ਸਾਰਾ ਮਜ਼ਾ ਕਿਰਕਿਰਾ ਕਰਕੇ ਰੱਖ ਦਿੱਤਾ … ਨਿਠਾਰੀ ਕਾਂਡ ਵਾਲੇ ਹੈਵਾਨ ਪੰਧੇਰ-ਕੋਲੀ ਅਦਾਲਤ ਨੇ ਬਰੀ ਕਰ ਦਿੱਤੇ ਹਨ!
ਉਸੇ ਵੇਲੇ ਇਸ ਡਰ ਨੇ ਆ ਘੇਰਿਆ ਕਿ ਜੇ ਉਸ ਕੁੜੀ ਨੂੰ ਪਤਾ ਲੱਗ ਗਿਆ ਤਾਂ ਉਹ ਉਸ ਸੱਭਿਆਚਾਰ ਬਾਰੇ ਕੀ ਸੋਚੇਗੀ ਜਿਸਦੀਆਂ ਸਿਫਤਾਂ ਦੇ ਪੁਲ਼ ਉਸ ਕੋਲ ਮੈਂ ਬੰਨ੍ਹੇ ਸਨ? ਉਹ ਉਸ ਹੱਥ ਬਾਰੇ ਕੀ ਸੋਚੇਗੀ ਜੋ ਉਸ ਨੂੰ ਆਪਣੇ ਸਿਰ ’ਤੇ ਮਹਿਸੂਸ ਕਰਨ ਲਈ ਕਿਹਾ ਸੀ … ਉਸ ਕੁੜੀ ਦਾ ਸਾਹਮਣਾ ਕਿਸ ਤਰ੍ਹਾਂ ਕਰਾਂਗਾ ਜੋ ਮੈਨੂੰ ਆਪਣੀ ਧੀ ਜਾਪੀ ਸੀ … ਕੀ ਉਹ ਮੈਨੂੰ ਹੁਣ ਵੀ ਉਸੇ ਨਜ਼ਰ ਨਾਲ ਦੇਖੇਗੀ … ਕਈ ਤੌਖਲੇ ਉੱਠ ਖੜ੍ਹੇ ਸਨ!
ਦੋ ਘੰਟੇ ਵਿੱਚ ਸਾਡਾ ਟ੍ਰੇਲਰ ਲੱਦ ਹੋ ਗਿਆ ਸੀ। ਮੈਨੂੰ ਭਾਵੁਕ ਹੋਇਆ ਦੇਖ ਅਵਤਾਰ ਨੇ ਮੈਨੂੰ ਸਟੀਅਰਿੰਗ ਵੀਲ ’ਤੇ ਬੈਠਣ ਨਹੀਂ ਦਿੱਤਾ, ਭਾਵੇਂ ਕਿ ਸ਼ਿਫਟ ਮੇਰੀ ਚੱਲ ਰਹੀ ਸੀ। ਮੈਂ ਵੀ ਵਿਰੋਧ ਕਰਨਾ ਠੀਕ ਨਹੀਂ ਸਮਝਿਆ। ਇਸ ਮਨੋਦਸ਼ਾ ਵਿੱਚ ਡਰਾਈਵਿੰਗ ਕਰਨਾ ਖੁਦ ਨੂੰ ਤੇ ਲੋਕਾਂ ਨੂੰ ਖਤਰੇ ਵਿੱਚ ਪਾਉਣ ਦੇ ਤੁੱਲ ਹੁੰਦਾ ਹੈ। ਅੰਦਰਲਾ ਡਰ ਮੈਨੂੰ ਇਹ ਸਤਾ ਰਿਹਾ ਸੀ ਕਿ ਗਾਰਡ ਸ਼ੈਕ ’ਤੇ ਉਸ ਕੁੜੀ ਦਾ ਸਾਹਮਣਾ ਕਿਵੇਂ ਕਰਾਂਗਾ, ਟ੍ਰੇਲਰ ਨੂੰ ਸੀਲ ਤਾਂ ਉਸੇ ਨੇ ਲਾਉਣੀ ਐਂ? ਪਰ ਇਹ ਦੇਖ ਕੇ ਤਸੱਲੀ ਹੋਈ ਕਿ ਹੁਣ ਡਿਊਟੀ ਬਦਲ ਚੁੱਕੀ ਸੀ। ਉਸ ਕੁੜੀ ਦੀ ਥਾਂ ਇੱਕ ਅਧੇੜ ਉਮਰ ਦੀ ਔਰਤ ਨੇ ਲੈ ਲਈ ਸੀ। ਉਸ ਕੰਪਲੈਕਸ ਵਿੱਚੋਂ ਬਾਹਰ ਆ ਕੇ ਥੋੜ੍ਹਾ ਜਿਹਾ ਸਾਹ ਆਇਆ। ਪਰ ਨਿਠਾਰੀ ਕਾਂਡ … ਪੰਧੇਰ … ਕੋਲੀ ਪਿੱਛਾ ਨਹੀਂ ਛੱਡ ਰਹੇ ਸਨ …!
… ਭੁੱਲੇ ਤਾਂ ਤੁਸੀਂ ਵੀ ਨਹੀਂ ਹੋਵੋਗੇ ਨਿਠਾਰੀ ਕਾਂਡ!
ਫਰਵਰੀ 2005 - ਅਕਤੂਬਰ 2006 ਵਿਚਾਲੇ ਵਾਪਰੇ ਹੈਵਾਨੀਅਤ ਦੀਆਂ ਨੀਵਾਣਾਂ ਨੂੰ ਪਾਰ ਕਰਦੇ ਇਸ ਕਾਂਡ ਵਿੱਚ 19 ਮਾਸੂਮ ਬਾਲੜੀਆਂ ਨੂੰ ਬਲਾਤਕਾਰ ਤੋਂ ਬਾਅਦ ਬੁਰੀ ਤਰ੍ਹਾਂ ਬੁੱਚੜਾਂ ਵਾਂਗ ਕਤਲ ਕਰਕੇ ਉਨ੍ਹਾਂ ਦੀਆਂ ਲਾਸ਼ਾਂ ਟੁਕੜੇ ਟੁਕੜੇ ਕਰਕੇ ਗੰਦੇ ਨਾਲ਼ੇ ਵਿੱਚ ਸੁੱਟ ਦਿੱਤੀਆਂ ਗਈਆਂ ਸਨ। ਦਿੱਲੀ ਦੇ ਨਾਲ ਲੱਗਦੇ ਨੋਇਡਾ ਖੇਤਰ ਵਿੱਚ ਪੈਂਦੇ ਨਿਠਾਰੀ ਪਿੰਡ ਵਿੱਚ ਵਾਪਰੇ ਇਸ ‘ਕਾਰਨਾਮੇ’ ਨੂੰ ਅੰਜਾਮ ਦੇਣ ਵਾਲਾ ਸੀ ਇੱਕ ਉੱਘਾ ਬਿਜ਼ਨੈਸਮੈਨ ਮਨਿੰਦਰ ਸਿੰਘ ਪੰਧੇਰ ਤੇ ਉਸ ਦਾ ਕਰਿੰਦਾ ਸੁਰਿੰਦਰ ਕੋਲੀ। ਉਹ ਮਾਸੂਮ ਬਾਲੜੀਆਂ ਨੂੰ ਬਹਿਲਾ-ਫੁਸਲਾ ਕੇ ਕੋਠੀ ਵਿੱਚ ਲੈ ਆਉਂਦੇ ਤੇ ਆਪਣੀ ਭੁੱਖ ਮਿਟਾ ਕੇ ਉਨ੍ਹਾਂ ਦਾ ਖੁਰਾ-ਖੋਜ ਮਿਟਾ ਦਿੰਦੇ ਸਨ। ਮੈਨੂੰ ਉਹ ਦਿਨ ਮੁੜ ਯਾਦ ਆ ਗਏ ਹਨ, ਜਦੋਂ ਇਹ ਖ਼ਬਰ ‘ਨਵਾਂ ਜ਼ਮਾਨਾ’ ਵਿੱਚ ਛਾਪ ਕੇ ਅਖ਼ਬਾਰ ਮੈਂ ਘਰ ਨਹੀਂ ਸੀ ਲੈ ਕੇ ਗਿਆ। ਮੈਂ ਡਰ ਰਿਹਾ ਸੀ ਕਿ ਕਿਤੇ ਨਿੱਕ-ਨੀਨਾ ਡਰ ਨਾ ਜਾਣ। ਪਤਾ ਲੱਗਣ ’ਤੇ ਉਹ ਬਹੁਤ ਭਾਵੁਕ ਹੋਈਆਂ ਸਨ। ਇੱਕ ਤੁਫਾਨ ਉੱਠ ਖੜ੍ਹਿਆ ਸੀ ਪੂਰੇ ਦੇਸ਼ ਵਿੱਚ। ਇੰਨੀ ਦਰਿੰਦਗੀ … ਸੋਚ ਕੇ ਵੀ ਕੰਬਣੀ ਛਿੜਦੀ ਹੈ। ਅਦਾਲਤ ਵਿੱਚ ਚੱਲੇ ਕੇਸ ਵਿੱਚ ਦੋਵਾਂ ਨੂੰ ਮੌਤ ਦੀ ਸਜ਼ਾ ਸੁਣਾਈ ਗਈ ਸੀ, ਜਿਸ ਵਿਰੁੱਧ ਉਹ ਅਲਾਹਾਬਾਦ ਹਾਈ ਕੋਰਟ ਗਏ ਸਨ। ਹੁਣ 16 ਅਕਤੂਬਰ ਨੂੰ ਖ਼ਬਰ ਆਈ ਹੈ ਕਿ ਸਬੂਤਾਂ ਦੀ ਘਾਟ ਕਾਰਨ ਦੋਵਾਂ ਨੂੰ ਬਰੀ ਕਰ ਦਿੱਤਾ ਗਿਆ ਹੈ। ਕਮਾਲ ਐ …!
ਮੈਂ ਇਨਸਾਫ਼ ਕਰਨ ਵਾਲੀ ਕੁਰਸੀ ’ਤੇ ਬੈਠਣ ਵਾਲੇ ਉਨ੍ਹਾਂ ਜੱਜਾਂ ਬਾਰੇ ਸੋਚਦਾ ਹਾਂ ਕਿ ਅਜਿਹਾ ਨੰਗੀ-ਚਿੱਟੀ ਬੇਇਨਸਾਫ਼ੀ ਵਾਲਾ ਫੈਸਲਾ ਦੇਣ ਤੋਂ ਬਾਅਦ ਉਹ ਆਪਣੇ ਪਰਿਵਾਰ ਸਾਹਮਣੇ ਕਿਵੇਂ ਗਏ ਹੋਣਗੇ …!
ਮੈਂ ਮਾਨਵਤਾ ਦੇ ਪ੍ਰਤੱਖ ਦੁਸ਼ਮਣਾਂ ਖਿਲਾਫ ਸਬੂਤ ਪੇਸ਼ ਕਰਨ ਵਿੱਚ ਅਣਗਹਿਲੀ ਵਰਤਣ ਵਾਲੇ ‘ਇਮਾਨਦਾਰ’ ਪੁਲਿਸ ਅਫਸਰਾਂ ਬਾਰੇ ਸੋਚਦਾ ਹਾਂ ਕਿ ਉਹ ਆਪਣੀਆਂ ਧੀਆਂ ਸਾਹਮਣੇ ਅੱਖ ਕਿਵੇਂ ਚੁੱਕਣਗੇ …!
ਮੈਂ ਪੰਧੇਰ-ਕੋਲੀ ਪਰਿਵਾਰਾਂ ਬਾਰੇ ਸੋਚਦਾ ਹਾਂ ਕਿ ਉਨ੍ਹਾਂ ਨੂੰ ਇਨ੍ਹਾਂ ਹੈਵਾਨਾਂ ਤੋਂ ਡਰ ਨਹੀਂ ਆਵੇਗਾ?
ਉਨ੍ਹਾਂ ਦੇ ਧੀਆਂ-ਪੁੱਤ ਕਿਸ ਤਰ੍ਹਾਂ ਲੋਕਾਂ ਦਾ ਸਾਹਮਣਾ ਕਰਨਗੇ … ਉਹ ਕੀ ਸੋਚਦੇ ਹੋਣਗੇ ਕਿ ਉਨ੍ਹਾਂ ਦੇ ਪਿਓ ਕਿਹੜੀ ਜੰਗ ਜਿੱਤ ਕੇ ਆਏ ਹਨ!
ਸਾਡੀਆਂ ਧੀਆਂ ਸਾਡੀਆਂ ਹੀ ਹਨ … ਉਨ੍ਹਾਂ ਲਈ ਸੁਰੱਖਿਅਤ ਫਿਜ਼ਾ ਕੌਣ ਯਕੀਨੀ ਬਣਾਏਗਾ? … ਕੋਈ ਤੀਸਰਾ ਜਾਂ ਅਸੀਂ ਖੁਦ?
ਮੈਨੂੰ ਤਾਂ ਮੇਰੇ ਜੋਟੀਦਾਰ ਨੇ ਸਟੀਅਰਿੰਗ ਵੀਲ ਤੋਂ ਲਾਂਭੇ ਕਰ ਦਿੱਤਾ, ਇਸ ਸਿਸਟਮ ਨੂੰ ਚਲਾਉਣ ਵਾਲਿਆਂ ਨੂੰ ਲਾਂਭੇ ਕਰਕੇ ਸਟੀਅਰਿੰਗ ਵੀਲ ਕੌਣ ਸੰਭਾਲ਼ੇਗਾ …!
ਸਿਸਟਮ ’ਤੇ ਕਾਬਜ਼ ਬੇਹਯਾ ਤਾਂ ਜੇਲ੍ਹ ਤੋਂ ਬਾਹਰ ਆਉਣ ਵਾਲੇ ਬਲਾਤਕਾਰੀਆਂ ਨੂੰ ਸ਼ਰੇਆਮ ਸਨਮਾਨਤ ਕਰ ਰਹੇ ਹਨ … ਸਿਸਟਮ ਸਾਡੇ, ਲੋਕਾਂ ਸਿਰ ’ਤੇ ਚੱਲ ਰਿਹਾ ਹੈ, ਫੇਰ ਸਟੀਅਰਿੰਗ ਵੀਲ ਲੋਕ ਕਿਉਂ ਨਾ ਸੰਭਾਲਣ!
ਮਾਨਵੀ ਜਾਮੇ ਵਾਲੇ ਸ਼ਿਕਰਿਆਂ ਨੂੰ ਪਛਾਣੋ!
ਪਰਦੇ ਪਿਛਲੇ ਉਨ੍ਹਾਂ ਦੇ ਪਾਲਕਾਂ ਨੂੰ ਪਛਾਣੋ,
ਸਟੀਅਰਿੰਗ ਵੀਲ ਸੰਭਾਲ਼ੋ ਭਾਈ!
ਜੇ ਸੱਭਿਅਕ ਅਖਵਾਉਣਾ ਹੈ ਤਾਂ ਇਹ ਜ਼ਿੰਮੇਵਾਰੀ ਨਿਭਾਉਣੀ ਹੀ ਹੋਵੇਗੀ!!!
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(4444)
(ਸਰੋਕਾਰ ਨਾਲ ਸੰਪਰਕ ਲਈ: (