“ਜਦੋਂ ਹਰ ਖੁੱਲ੍ਹਾ ਬੋਰਵੈੱਲ ਸੁਰੱਖਿਅਤ ਢੰਗ ਨਾਲ ਬੰਦ ਹੋਵੇਗਾ, ਨਿਯਮਾਂ ਦੀ ...”
(2 ਜੁਲਾਈ 2026)
ਅੱਖਾਂ ਖੋਲ੍ਹੋ! ... ਅੱਖਾਂ ਖੋਲ੍ਹੋ!! ... ਅੱਖਾਂ ਖੋਲ੍ਹੋ!!! ---- ਸਰੋਕਾਰ ਦੀ ਪੁਕਾਰ।
ਅੰਬਾਲਾ: ਜਿੰਦਗੀ ਦੀ ਜੰਗ ਹਾਰ ਗਿਆ ਮਾਸੂਮ! 21 ਘੰਟਿਆਂ ਬਾਅਦ ਬੋਰਵੈੱਲ ’ਚੋਂ ਕੱਢਿਆ ਨਿਰਵੈਰ ਸਿੰਘ।
(ਪੀਟੀਸੀ ਨਿਊਜ਼, 1 ਜੁਲਾਈ 2026) ਅੰਬਾਲਾ ਦੇ ਨੇੜੇ ਧਨਯੋਦਾ ਪਿੰਡ ਤੋਂ ਇੱਕ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ। ਮੰਗਲਵਾਰ ਸਵੇਰੇ ਇੱਕ 4 ਸਾਲਾ ਬੱਚਾ ਖੇਡਦੇ ਸਮੇਂ 250 ਫੁੱਟ ਡੂੰਘੇ ਖੁੱਲ੍ਹੇ ਬੋਰਵੈੱਲ ਵਿੱਚ ਡਿੱਗ ਪਿਆ ਸੀ, ਜਿਸ ਨੂੰ ਕੜੀ ਮੁਸ਼ਕਤ ਤੋਂ ਬਾਅਦ ਲਗਭਗ 3:40 ਵਜੇ ਬੋਰਵੈੱਲ ਵਿੱਚੋਂ ਬਾਹਰ ਕੱਢਿਆ ਗਿਆ। ਉਸਨੂੰ ਤੁਰੰਤ ਐਂਬੂਲੈਂਸ ਰਾਹੀਂ ਅੰਬਾਲਾ ਛਾਉਣੀ ਦੇ ਸਿਵਲ ਹਸਪਤਾਲ ਲਿਜਾਇਆ ਗਿਆ। ਹਸਪਤਾਲ ਦੇ ਡਾਕਟਰ ਨੇ ਦੱਸਿਆ ਕਿ ਜਦੋਂ ਬੱਚੇ ਨੂੰ ਐਮਰਜੈਂਸੀ ਵਾਰਡ ਵਿੱਚ ਲਿਆਂਦਾ ਗਿਆ ਤਾਂ ਉਹ ਮਰ ਚੁੱਕਾ ਸੀ।
* * *
ਜਦੋਂ ਵੀ ਦੇਸ਼ ਦੇ ਕਿਸੇ ਕੋਨੇ ਤੋਂ ਇਹ ਖ਼ਬਰ ਆਉਂਦੀ ਹੈ ਕਿ ਇੱਕ ਨਿੱਕਾ ਜਿਹਾ ਬੱਚਾ ਖੁੱਲ੍ਹੇ ਬੋਰਵੈੱਲ ਵਿੱਚ ਡਿੱਗ ਗਿਆ ਹੈ, ਤਾਂ ਸਾਰਾ ਦੇਸ਼ ਇੱਕ ਅਜੀਬ ਬੇਚੈਨੀ ਵਿੱਚ ਘਿਰ ਜਾਂਦਾ ਹੈ। ਟੈਲੀਵਿਜ਼ਨ ਚੈਨਲ ਲਗਾਤਾਰ ਪ੍ਰਸਾਰਣ ਕਰਦੇ ਹਨ, ਸੋਸ਼ਲ ਮੀਡੀਆ ’ਤੇ ਅਰਦਾਸਾਂ ਦੀ ਲਹਿਰ ਚੱਲ ਪੈਂਦੀ ਹੈ, ਬਚਾਅ ਦਸਤੇ ਦਿਨ-ਰਾਤ ਇੱਕ ਕਰ ਦਿੰਦੇ ਹਨ ਅਤੇ ਹਰ ਕੋਈ ਉਸ ਮਾਸੂਮ ਦੇ ਸੁਰੱਖਿਅਤ ਬਾਹਰ ਆਉਣ ਦੀ ਉਡੀਕ ਕਰਦਾ ਹੈ। ਪਰ ਜਦੋਂ ਕਈ ਘੰਟਿਆਂ ਜਾਂ ਕਈ ਦਿਨਾਂ ਦੀ ਜੱਦੋ-ਜਹਿਦ ਤੋਂ ਬਾਅਦ ਵੀ ਉਹ ਨੰਨ੍ਹੀ ਜ਼ਿੰਦਗੀ ਬਚਾਈ ਨਹੀਂ ਜਾ ਸਕਦੀ ਤਾਂ ਸਿਰਫ਼ ਇੱਕ ਪਰਿਵਾਰ ਹੀ ਨਹੀਂ, ਸਗੋਂ ਪੂਰੇ ਸਮਾਜ ਦੀ ਜ਼ਮੀਰ ਵੀ ਜ਼ਖ਼ਮੀ ਹੋ ਜਾਂਦੀ ਹੈ। ਸਭ ਤੋਂ ਦੁਖਦਾਈ ਗੱਲ ਇਹ ਹੈ ਕਿ ਇਹ ਨਾ ਤਾਂ ਪਹਿਲੀ ਘਟਨਾ ਹੁੰਦੀ ਹੈ ਅਤੇ ਨਾ ਹੀ ਸ਼ਾਇਦ ਆਖ਼ਰੀ। ਇਹੀ ਹਕੀਕਤ ਸਾਨੂੰ ਮਜਬੂਰ ਕਰਦੀ ਹੈ ਕਿ ਅਸੀਂ ਪੁੱਛੀਏ, “ਆਖ਼ਰ ਕਦੋਂ ਤੱਕ ਮਾਸੂਮ ਬੱਚੇ ਬੋਰਵੈਲਾਂ ਵਿੱਚ ਡਿੱਗਦੇ ਰਹਿਣਗੇ?”
ਹੁਣ ਇਹ ਘਟਨਾਵਾਂ ਅਚਾਨਕ ਵਾਪਰਨ ਵਾਲੇ ਹਾਦਸੇ ਨਹੀਂ ਰਹੀਆਂ, ਸਗੋਂ ਇੱਕ ਗੰਭੀਰ ਸਮਾਜਿਕ ਅਤੇ ਪ੍ਰਸ਼ਾਸਨਿਕ ਸਮੱਸਿਆ ਦਾ ਰੂਪ ਧਾਰ ਚੁੱਕੀਆਂ ਹਨ। ਇਸ ਦੇ ਕਾਰਨ ਵੀ ਸਾਡੇ ਸਾਹਮਣੇ ਹਨ ਅਤੇ ਹੱਲ ਵੀ, ਪਰ ਅਫ਼ਸੋਸ ਇਹ ਹੈ ਕਿ ਅਸੀਂ ਅਜੇ ਤੱਕ ਇਸ ਨੂੰ ਰੋਕਣ ਵਿੱਚ ਕਾਮਯਾਬ ਨਹੀਂ ਹੋ ਸਕੇ। ਇਹ ਕੋਈ ਕੁਦਰਤੀ ਆਫ਼ਤ ਨਹੀਂ, ਸਗੋਂ ਮਨੁੱਖੀ ਲਾਪਰਵਾਹੀ, ਕਮਜ਼ੋਰ ਪ੍ਰਸ਼ਾਸਨਿਕ ਨਿਗਰਾਨੀ ਅਤੇ ਕਾਨੂੰਨਾਂ ਦੀ ਢਿੱਲੀ ਪਾਲਣਾ ਦਾ ਸਿੱਧਾ ਨਤੀਜਾ ਹੈ।
ਦੇਸ਼ ਵਿੱਚ ਹਰ ਸਾਲ ਹਜ਼ਾਰਾਂ ਬੋਰਵੈੱਲ ਖੋਦੇ ਜਾਂਦੇ ਹਨ। ਜਿੱਥੇ ਪਾਣੀ ਨਹੀਂ ਮਿਲਦਾ ਜਾਂ ਨਵਾਂ ਬੋਰਵੈੱਲ ਬਣ ਜਾਣ ਕਾਰਨ ਪੁਰਾਣੇ ਦੀ ਲੋੜ ਨਹੀਂ ਰਹਿੰਦੀ, ਉੱਥੇ ਉਸ ਨੂੰ ਨਿਯਮਾਂ ਅਨੁਸਾਰ ਸੁਰੱਖਿਅਤ ਢੰਗ ਨਾਲ ਬੰਦ ਕਰਨ ਦੀ ਬਜਾਏ ਖੁੱਲ੍ਹਾ ਹੀ ਛੱਡ ਦਿੱਤਾ ਜਾਂਦਾ ਹੈ। ਇਹ ਖੁੱਲ੍ਹੇ ਬੋਰਵੈੱਲ ਅਸਲ ਵਿੱਚ ਮੌਤ ਦੇ ਖੂਹ ਬਣ ਜਾਂਦੇ ਹਨ। ਖੇਡਦੇ ਹੋਏ ਬੱਚਿਆਂ ਨੂੰ ਨਾ ਇਸ ਦੇ ਖ਼ਤਰੇ ਦਾ ਅਹਿਸਾਸ ਹੁੰਦਾ ਹੈ ਅਤੇ ਨਾ ਹੀ ਉਹ ਸਮਝ ਸਕਦੇ ਹਨ ਕਿ ਘਾਹ ਜਾਂ ਮਿੱਟੀ ਹੇਠਾਂ ਲੁਕਿਆ ਇਹ ਛੋਟਾ ਜਿਹਾ ਸੁਰਾਖ਼ ਉਨ੍ਹਾਂ ਦੀ ਜ਼ਿੰਦਗੀ ਨਿਗਲ ਸਕਦਾ ਹੈ। ਹਰ ਵਾਰ ਅਜਿਹੇ ਹਾਦਸੇ ਤੋਂ ਬਾਅਦ ਸਰਕਾਰੀ ਮਸ਼ੀਨਰੀ ਪੂਰੀ ਤਾਕਤ ਨਾਲ ਹਰਕਤ ਵਿੱਚ ਆ ਜਾਂਦੀ ਹੈ। ਭਾਰੀ ਮਸ਼ੀਨਾਂ ਮੌਕੇ 'ਤੇ ਪਹੁੰਚਦੀਆਂ ਹਨ, ਮਾਹਿਰ ਬੁਲਾਏ ਜਾਂਦੇ ਹਨ, ਵਿਕਲਪਿਕ ਸੁਰੰਗਾਂ ਖੋਦੀਆਂ ਜਾਂਦੀਆਂ ਹਨ ਅਤੇ ਬਚਾਅ ਕਾਰਜਾਂ ’ਤੇ ਲੱਖਾਂ-ਕਰੋੜਾਂ ਰੁਪਏ ਖ਼ਰਚ ਕੀਤੇ ਜਾਂਦੇ ਹਨ। ਇਹ ਸਭ ਲਾਜ਼ਮੀ ਹੈ, ਪਰ ਇਸ ਤੋਂ ਵੀ ਵੱਡਾ ਸਵਾਲ ਇਹ ਹੈ ਕਿ ਜੇਕਰ ਉਹ ਬੋਰਵੈੱਲ ਪਹਿਲਾਂ ਹੀ ਸੁਰੱਖਿਅਤ ਢੰਗ ਨਾਲ ਬੰਦ ਕਰ ਦਿੱਤਾ ਗਿਆ ਹੁੰਦਾ ਤਾਂ ਕੀ ਇਹ ਨੌਬਤ ਆਉਂਦੀ? ਬਚਾਅ ਮੁਹਿੰਮਾਂ ਸਾਡੀ ਤਕਨੀਕੀ ਸਮਰੱਥਾ ਦਾ ਪ੍ਰਗਟਾਵਾ ਤਾਂ ਕਰਦੀਆਂ ਹਨ, ਪਰ ਇਹ ਸਾਡੀ ਲਾਪਰਵਾਹੀ ਅਤੇ ਪ੍ਰਬੰਧਕੀ ਅਸਫ਼ਲਤਾ ਨੂੰ ਵੀ ਬੇਨਕਾਬ ਕਰਦੀਆਂ ਹਨ। ਇਸ ਮਾਮਲੇ ਵਿੱਚ ਜ਼ਿੰਮੇਵਾਰੀ ਸਿਰਫ਼ ਸਰਕਾਰ ਦੀ ਨਹੀਂ ਹੈ, ਜ਼ਮੀਨ ਮਾਲਕਾਂ, ਬੋਰਵੈੱਲ ਖੋਦਣ ਵਾਲੇ ਠੇਕੇਦਾਰਾਂ, ਪੰਚਾਇਤਾਂ ਅਤੇ ਸਥਾਨਕ ਪ੍ਰਸ਼ਾਸਨ ਦੀ ਵੀ ਬਰਾਬਰ ਦੀ ਜ਼ਿੰਮੇਵਾਰੀ ਬਣਦੀ ਹੈ। ਜੇ ਕੋਈ ਵਿਅਕਤੀ ਆਪਣੀ ਜ਼ਮੀਨ ’ਤੇ ਖੁੱਲ੍ਹਾ ਬੋਰਵੈੱਲ ਛੱਡ ਦਿੰਦਾ ਹੈ ਤਾਂ ਉਹ ਸਿਰਫ਼ ਨਿਯਮਾਂ ਦੀ ਉਲੰਘਣਾ ਹੀ ਨਹੀਂ ਕਰਦਾ, ਸਗੋਂ ਦੂਜਿਆਂ ਦੀ ਜ਼ਿੰਦਗੀ ਨੂੰ ਵੀ ਖ਼ਤਰੇ ਵਿੱਚ ਪਾ ਦਿੰਦਾ ਹੈ। ਅਜਿਹੀ ਲਾਪਰਵਾਹੀ ਨੂੰ ਇੱਕ ਆਮ ਗ਼ਲਤੀ ਨਹੀਂ, ਸਗੋਂ ਗੰਭੀਰ ਅਪਰਾਧ ਵਜੋਂ ਦੇਖਿਆ ਜਾਣਾ ਚਾਹੀਦਾ ਹੈ।
ਇਸ ਤੋਂ ਵੀ ਵੱਧ ਚਿੰਤਾ ਵਾਲੀ ਗੱਲ ਇਹ ਹੈ ਕਿ ਅਸੀਂ ਹਰ ਹਾਦਸੇ ਤੋਂ ਬਾਅਦ ਕੁਝ ਦਿਨਾਂ ਲਈ ਹੀ ਭਾਵੁਕ ਹੁੰਦੇ ਹਾਂ। ਅਖ਼ਬਾਰਾਂ ਵਿੱਚ ਲੇਖ ਲਿਖੇ ਜਾਂਦੇ ਹਨ, ਟੈਲੀਵਿਜ਼ਨ ’ਤੇ ਬਹਿਸਾਂ ਹੁੰਦੀਆਂ ਹਨ ਅਤੇ ਅਧਿਕਾਰੀ ਸਖ਼ਤ ਕਾਰਵਾਈ ਦੇ ਦਾਅਵੇ ਕਰਦੇ ਹਨ। ਪਰ ਕੁਝ ਹਫ਼ਤਿਆਂ ਬਾਅਦ ਸਭ ਕੁਝ ਪਹਿਲਾਂ ਵਾਂਗ ਹੋ ਜਾਂਦਾ ਹੈ। ਨਾ ਖੁੱਲ੍ਹੇ ਬੋਰਵੈੱਲਾਂ ਦਾ ਕੋਈ ਵਿਆਪਕ ਸਰਵੇਖਣ ਹੁੰਦਾ ਹੈ, ਨਾ ਉਨ੍ਹਾਂ ਦੀ ਪੱਕੀ ਸੂਚੀ ਤਿਆਰ ਕੀਤੀ ਜਾਂਦੀ ਹੈ ਅਤੇ ਨਾ ਹੀ ਲਾਪਰਵਾਹ ਲੋਕਾਂ ਨੂੰ ਮਿਸਾਲੀ ਸਜ਼ਾ ਮਿਲਦੀ ਹੈ। ਨਤੀਜੇ ਵਜੋਂ ਕੁਝ ਸਮੇਂ ਬਾਅਦ ਕਿਸੇ ਹੋਰ ਰਾਜ, ਕਿਸੇ ਹੋਰ ਪਿੰਡ ਅਤੇ ਕਿਸੇ ਹੋਰ ਪਰਿਵਾਰ ’ਤੇ ਇਹੀ ਕਹਿਰ ਟੁੱਟ ਪੈਂਦਾ ਹੈ।
ਹੁਣ ਲੋੜ ਇਸ ਗੱਲ ਦੀ ਹੈ ਕਿ ਬੋਰਵੈਲਾਂ ਸਬੰਧੀ ਨਿਯਮਾਂ ਨੂੰ ਸਿਰਫ਼ ਕਾਗਜ਼ਾਂ ਤੱਕ ਸੀਮਤ ਨਾ ਰੱਖਿਆ ਜਾਵੇ, ਹਰ ਜ਼ਿਲ੍ਹੇ ਵਿੱਚ ਖੁੱਲ੍ਹੇ ਅਤੇ ਬੰਦ ਪਏ ਬੋਰਵੈਲਾਂ ਦਾ ਡਿਜਿਟਲ ਰਿਕਾਰਡ ਤਿਆਰ ਕੀਤਾ ਜਾਵੇ। ਸਮੇਂ-ਸਮੇਂ ’ਤੇ ਨਿਯਮਤ ਜਾਂਚ ਹੋਵੇ ਅਤੇ ਜਿੱਥੇ ਵੀ ਕੋਈ ਖੁੱਲ੍ਹਾ ਬੋਰਵੈੱਲ ਮਿਲੇ, ਉਸ ਨੂੰ ਤੁਰੰਤ ਸੁਰੱਖਿਅਤ ਢੰਗ ਨਾਲ ਬੰਦ ਕਰਵਾਇਆ ਜਾਵੇ। ਨਾਲ ਹੀ ਲਾਪਰਵਾਹੀ ਕਰਨ ਵਾਲਿਆਂ ’ਤੇ ਸਖ਼ਤ ਜੁਰਮਾਨੇ ਦੇ ਨਾਲ ਕਾਨੂੰਨੀ ਕਾਰਵਾਈ ਵੀ ਯਕੀਨੀ ਬਣਾਈ ਜਾਵੇ। ਜਦੋਂ ਤੱਕ ਸਜ਼ਾ ਦਾ ਡਰ ਨਹੀਂ ਹੋਵੇਗਾ, ਉਦੋਂ ਤੱਕ ਨਿਯਮਾਂ ਦੀ ਪਾਲਣਾ ਵੀ ਅਧੂਰੀ ਹੀ ਰਹੇਗੀ।
ਇਸ ਦੇ ਨਾਲ-ਨਾਲ ਸਮਾਜਿਕ ਜਾਗਰੂਕਤਾ ਵੀ ਬਹੁਤ ਜ਼ਰੂਰੀ ਹੈ। ਸਕੂਲਾਂ ਵਿੱਚ ਬੱਚਿਆਂ ਨੂੰ ਅਜਿਹੇ ਖ਼ਤਰਿਆਂ ਬਾਰੇ ਜਾਣਕਾਰੀ ਦਿੱਤੀ ਜਾਵੇ। ਪਿੰਡਾਂ ਵਿੱਚ ਪੰਚਾਇਤਾਂ, ਕਿਸਾਨ ਜਥੇਬੰਦੀਆਂ ਅਤੇ ਸਮਾਜਿਕ ਸੰਸਥਾਵਾਂ ਸਮੇਂ-ਸਮੇਂ ’ਤੇ ਖੁੱਲ੍ਹੇ ਬੋਰਵੈਲਾਂ ਦੀ ਜਾਂਚ ਕਰਨ। ਜੇ ਕਿਤੇ ਵੀ ਖੁੱਲ੍ਹਾ ਬੋਰਵੈੱਲ ਨਜ਼ਰ ਆਵੇ ਤਾਂ ਉਸ ਦੀ ਤੁਰੰਤ ਸੂਚਨਾ ਪ੍ਰਸ਼ਾਸਨ ਨੂੰ ਦਿੱਤੀ ਜਾਵੇ। ਸੁਰੱਖਿਆ ਸਿਰਫ਼ ਸਰਕਾਰ ਦੀ ਨਹੀਂ, ਸਗੋਂ ਪੂਰੇ ਸਮਾਜ ਦੀ ਸਾਂਝੀ ਜ਼ਿੰਮੇਵਾਰੀ ਹੈ।
ਇਹ ਵੀ ਯਾਦ ਰੱਖਣਾ ਚਾਹੀਦਾ ਹੈ ਕਿ ਹਰ ਵਾਰ ਬੋਰਵੈੱਲ ਵਿੱਚ ਡਿੱਗਣ ਵਾਲਾ ਬੱਚਾ ਕਿਸੇ ਦਾ ਪੁੱਤਰ, ਧੀ, ਪੋਤਾ ਜਾਂ ਪੋਤੀ ਹੁੰਦਾ ਹੈ। ਉਹ ਕਿਸੇ ਪਰਿਵਾਰ ਦੀਆਂ ਆਸਾਂ, ਸੁਪਨਿਆਂ ਅਤੇ ਭਵਿੱਖ ਦਾ ਕੇਂਦਰ ਹੁੰਦਾ ਹੈ। ਇੱਕ ਪਲ ਦੀ ਲਾਪਰਵਾਹੀ ਪੂਰੇ ਪਰਿਵਾਰ ਦੀ ਜ਼ਿੰਦਗੀ ਨੂੰ ਸਦਾ ਲਈ ਬਦਲ ਦਿੰਦੀ ਹੈ। ਮਾਪਿਆਂ ਦੀਆਂ ਅੱਖਾਂ ਵਿੱਚ ਵਸ ਜਾਣ ਵਾਲਾ ਉਹ ਦਰਦ ਕਿਸੇ ਮੁਆਵਜ਼ੇ, ਐਲਾਨ ਜਾਂ ਹਮਦਰਦੀ ਨਾਲ ਘੱਟ ਨਹੀਂ ਕੀਤਾ ਜਾ ਸਕਦਾ।
ਕਿਸੇ ਵੀ ਸੱਭਿਆਚਾਰਕ ਅਤੇ ਜ਼ਿੰਮੇਵਾਰ ਸਮਾਜ ਦੀ ਪਛਾਣ ਇਸ ਗੱਲ ਨਾਲ ਨਹੀਂ ਹੁੰਦੀ ਕਿ ਉਹ ਹਾਦਸੇ ਤੋਂ ਬਾਅਦ ਕਿੰਨੀ ਤੇਜ਼ੀ ਨਾਲ ਬਚਾਅ ਕਰਦਾ ਹੈ, ਸਗੋਂ ਇਸ ਨਾਲ ਹੁੰਦੀ ਹੈ ਕਿ ਉਹ ਅਜਿਹੇ ਹਾਦਸਿਆਂ ਨੂੰ ਵਾਪਰਨ ਤੋਂ ਪਹਿਲਾਂ ਕਿੰਨੀ ਸੰਜੀਦਗੀ ਨਾਲ ਰੋਕਦਾ ਹੈ। ਜੇ ਹਰ ਵਾਰ ਇੱਕ ਮਾਸੂਮ ਦੀ ਜਾਨ ਜਾਣ ਤੋਂ ਬਾਅਦ ਹੀ ਸਾਡੀ ਨੀਂਦ ਖੁੱਲ੍ਹਦੀ ਹੈ ਤਾਂ ਸਾਨੂੰ ਆਪਣੇ ਪ੍ਰਬੰਧ ਅਤੇ ਆਪਣੀ ਸਮਾਜਿਕ ਜ਼ਿੰਮੇਵਾਰੀ ਦੋਵਾਂ ’ਤੇ ਗੰਭੀਰਤਾ ਨਾਲ ਮੁੜ ਵਿਚਾਰ ਕਰਨ ਦੀ ਲੋੜ ਹੈ।
ਹੁਣ ਸਮਾਂ ਸਿਰਫ਼ ਦੁੱਖ ਪ੍ਰਗਟ ਕਰਨ ਦਾ ਨਹੀਂ, ਸਗੋਂ ਠੋਸ ਅਤੇ ਫ਼ੈਸਲਾਕੁੰਨ ਕਦਮ ਚੁੱਕਣ ਦਾ ਹੈ। ਜਦੋਂ ਤੱਕ ਹਰ ਖੁੱਲ੍ਹੇ ਬੋਰਵੈੱਲ ਨੂੰ ਸੁਰੱਖਿਅਤ ਢੰਗ ਨਾਲ ਬੰਦ ਨਹੀਂ ਕੀਤਾ ਜਾਂਦਾ, ਜਦੋਂ ਤੱਕ ਲਾਪਰਵਾਹੀ ਕਰਨ ਵਾਲਿਆਂ ਨੂੰ ਸਖ਼ਤ ਸਜ਼ਾ ਨਹੀਂ ਮਿਲਦੀ ਅਤੇ ਜਦੋਂ ਤੱਕ ਸਮਾਜ ਇਸ ਨੂੰ ਆਪਣਾ ਸਾਂਝਾ ਫ਼ਰਜ਼ ਨਹੀਂ ਮੰਨਦਾ, ਉਦੋਂ ਤੱਕ ਇਹ ਸਵਾਲ ਵਾਰ-ਵਾਰ ਸਾਡੇ ਸਾਹਮਣੇ ਖੜ੍ਹਾ ਰਹੇਗਾ।
ਸਾਨੂੰ ਇਹ ਯਕੀਨੀ ਬਣਾਉਣਾ ਹੋਵੇਗਾ ਕਿ ਦੇਸ਼ ਦੇ ਕਿਸੇ ਵੀ ਕੋਨੇ ਵਿੱਚ ਕੋਈ ਮਾਪੇ ਆਪਣੇ ਬੱਚੇ ਨੂੰ ਖੁੱਲ੍ਹੇ ਬੋਰਵੈੱਲ ਦੀ ਭੇਟ ਚੜ੍ਹਦਾ ਨਾ ਵੇਖਣ ਕਿਉਂਕਿ ਇੱਕ ਵੀ ਮਾਸੂਮ ਜ਼ਿੰਦਗੀ ਦੀ ਕੀਮਤ ਕਿਸੇ ਵੀ ਲਾਪਰਵਾਹੀ ਨਾਲੋਂ ਕਈ ਗੁਣਾ ਵੱਧ ਹੈ। ਜਦੋਂ ਹਰ ਖੁੱਲ੍ਹਾ ਬੋਰਵੈੱਲ ਸੁਰੱਖਿਅਤ ਢੰਗ ਨਾਲ ਬੰਦ ਹੋਵੇਗਾ, ਨਿਯਮਾਂ ਦੀ ਸਖ਼ਤੀ ਨਾਲ ਪਾਲਣਾ ਹੋਵੇਗੀ ਅਤੇ ਸਮਾਜ ਆਪਣੀ ਜ਼ਿੰਮੇਵਾਰੀ ਨਿਭਾਏਗਾ, ਤਦ ਹੀ ਅਸੀਂ ਨਿਸ਼ਚਿੰਤ ਹੋ ਕੇ ਕਹਿ ਸਕਾਂਗੇ ਕਿ ਅਸੀਂ ਆਪਣੇ ਬੱਚਿਆਂ ਲਈ ਇੱਕ ਸੁਰੱਖਿਅਤ ਭਵਿੱਖ ਦੀ ਨੀਂਹ ਰੱਖ ਦਿੱਤੀ ਹੈ।
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (sarokar2015@gmail.com)




















































































































