“ਘਰ ਵਾਲੇ ਆਂਢ-ਗੁਆਂਢ ਤੋਂ ਮੇਰੇ ਬਾਰੇ ਪੁੱਛਦੇ ਰਹੇ। ਜਦੋਂ ਉਹ ਵਿਹਲੇ ਹੋ ਕੋ ਕੋਠੇ ਚੜ੍ਹੇ ਤਾਂ ...”
(16 ਮਈ 2026)
ਪੁਰਾਣੇ ਸਮੇਂ ਦੀ ਗੱਲ ਹੈ। ਉਸ ਸਮੇਂ ਪੰਜਾਬ ਦੇ ਪਿੰਡਾਂ ਵਿੱਚ ਕੱਚੇ ਘਰ ਆਮ ਹੋਇਆ ਕਰਦੇ ਸਨ। ਲੋਕਾਂ ਦਾ ਰਹਿਣ-ਸਹਿਣ ਵੀ ਸਾਦਾ ਹੀ ਹੁੰਦਾ ਸੀ। ਉਸ ਸਮੇਂ ਮੱਧ-ਵਰਗੀ ਘਰਾਂ ਵਿੱਚ ਜਿੱਥੇ ਖਾਣਾ ਪਕਾਉਣਾ, ਸੌਣਾ ਅਤੇ ਉਸਦੇ ਨਾਲ ਹੀ ਡੰਗਰਾਂ-ਪਸ਼ੂਆਂ ਦੇ ਕਿੱਲੇ ਗੱਡੇ ਹੋਇਆ ਕਰਦੇ ਸਨ। ਕਈ ਥਾਂਵਾਂ ’ਤੇ ਅਜਿਹਾ ਹੁੰਦਾ ਕਿ ਸਿਆਲ ਦੀ ਰੁੱਤ ਵਿੱਚ ਡੰਗਰ ਘਰ ਦੀਆਂ ਅੰਦਰਲੀਆਂ ਕੋਠੜੀਆਂ ਵਿੱਚ ਬੰਨ੍ਹ ਦਿੱਤੇ ਜਾਂਦੇ ਅਤੇ ਕੋਠੜੀਆਂ ਦੇ ਬਾਹਰ ਬਣੇ ਹੋਏ ਦਲਾਨ ਵਿੱਚ ਮੰਜੇ ਡਾਹ ਕੇ ਘਰ ਦੇ ਮੈਂਬਰ ਸੌਂ ਜਾਇਆ ਕਰਦੇ।
ਸਾਡੇ ਘਰ ਇੱਕ ਮੱਝ ਰੱਖੀ ਹੋਈ ਸੀ। ਮੱਝ ਦਾ ਇੱਕ ਛੋਟਾ ਜਿਹਾ ਕੱਟਾ ਵੀ ਸੀ, ਜੋ ਦੁੱਧ ਚੁੰਘਣ ਦੇ ਨਾਲ ਪੱਠੇ ਵੀ ਖਾ ਲੈਂਦਾ ਸੀ। ਗਰਮੀਆਂ ਵਿੱਚ ਅਕਸਰ ਦੁੱਧ ਦੀ ਘਾਟ ਹੁੰਦੀ। ਮੇਰੇ ਬਾਪੂ ਨੇ ਦੁੱਧ ਦੀ ਘਾਟ ਨੂੰ ਦੂਰ ਕਰਨ ਲਈ ਬੇਬੇ ਨੂੰ ਕੱਟਾ ਵੇਚਣ ਦਾ ਸੁਝਾ ਦਿੰਦੇ ਹੋਏ ਇਹ ਤਰਕ ਦਿੱਤਾ ਕਿ ਜਿਹੜਾ ਦੁੱਧ ਕੱਟਾ ਪੀਂਦਾ ਹੈ, ਘੱਟੋ-ਘੱਟ ਉਹ ਵਰਤ ਲਿਆ ਕਰਾਂਗੇ। ਮੈਂ ਕੋਲ ਬੈਠਾ ਉਨ੍ਹਾਂ ਦੀਆਂ ਗੱਲਾਂ ਸੁਣ ਰਿਹਾ ਸੀ। ਕੱਟਾ ਵੇਚਣ ਦੀ ਗੱਲ ਮੈਨੂੰ ਭਾਅ ਗਈ। ਬੇਬੇ ਅਤੇ ਬਾਪੂ ਨੂੰ ਉਨ੍ਹੀਂ ਦਿਨੀਂ ਇੱਕ ਨਜ਼ਦੀਕੀ ਰਿਸ਼ਤੇਦਾਰੀ ਵਿੱਚ ਵਿਆਹ ’ਤੇ ਜਾਣਾ ਪੈ ਗਿਆ। ਮੈਨੂੰ ਅਤੇ ਮੇਰੀ ਭੈਣ ਨੂੰ, ਜੋ ਕਿ ਮੈਥੋਂ ਵੱਡੀ ਸੀ, ਨੂੰ ਦਾਦੀ ਕੋਲ ਛੱਡਕੇ ਉਹ ਵਿਆਹ ਚਲੇ ਗਏ। ਸਭ ਤੋਂ ਛੋਟਾ ਹੋਣ ਕਾਰਨ ਮੈਂ ਜ਼ਿੱਦੀ ਅਤੇ ਇੱਲਤਾਂ ਦੀ ਜੜ੍ਹ ਹੁੰਦਾ ਸੀ। ਬੇਬੇ ਜਿਸ ਸਮੇਂ ਚਰਖਾ ਕੱਤਦੀ ਹੁੰਦੀ ਤਾਂ ਕਈ ਵਾਰ ਮੈਂ ਉਹਦੇ ਕੋਲੋਂ ਖਰਚਣ ਲਈ ਪੈਸੇ ਮੰਗਦਾ। ਜਦੋਂ ਉਹ ਪੈਸੇ ਨਾ ਦਿੰਦੀ ਤਾਂ ਗੁੱਸੇ ਵਿੱਚ ਆਕੇ ਮੈਂ ਆਪਣੇ ਪੈਰ ਨਾਲ ਚਰਖੇ ਦਾ ਤਕਲਾ ਵਿੰਗਾ ਕਰ ਦਿੰਦਾ ਜਾਂ ਚਰਖੇ ਦੇ ਤਕਲੇ ਵਿੱਚ ਪਾਇਆ ਚਮੜੇ ਦਾ ਦਮਕੜਾ ਕੱਢਕੇ ਉਸਦੀ ਭੰਬੀਰੀ ਬਣਾਕੇ ਘੁਮਾਉਣ ਲੱਗ ਜਾਂਦਾ। ਮੇਰੀ ਬੇਬੇ ਮੇਰੀਆਂ ਇਨ੍ਹਾਂ ਹਰਕਤਾਂ ਤੋਂ ਖਫਾ ਹੋਕੇ ਮੈਨੂੰ ਕੋਸਦੀ ਹੀ ਰਹਿੰਦੀ। ਉਦੋਂ ਬਚਪਨ ਹੋਣ ਕਾਰਨ ਚੰਗੇ ਮਾੜੇ ਦੀ ਸਮਝ ਨਹੀਂ ਸੀ ਹੁੰਦੀ।
ਗਰਮੀਆਂ ਦੀਆਂ ਛੁੱਟੀਆਂ ਸਨ। ਦਾਦੀ ਘਰ ਅੰਦਰ ਆਪਣੇ ਆਹਰੇ ਲੱਗੀ ਹੋਈ ਸੀ। ਪਸ਼ੂ ਘਰ ਦੇ ਬਾਹਰ ਬਣੇ ਖੁੱਲ੍ਹੇ ਵਾੜੇ ਵਿੱਚ ਦਰਖਤਾਂ ਦੀ ਛਾਂ ਥੱਲੇ ਬੰਨ੍ਹੇ ਹੋਏ ਸਨ। ਮੈਂ ਆਪਣੇ ਸਾਥੀਆਂ ਨਾਲ ਗਲੀ ਵਿੱਚ ਬੰਟੇ (ਕੱਚ ਦੀਆਂ ਗੋਲੀਆਂ) ਖੇਡ ਰਿਹਾ ਸੀ। ਐਨੇ ਨੂੰ ਇੱਕ ਮੱਝਾਂ ਦਾ ਵਪਾਰੀ ਸਾਡੀ ਗਲੀ ਵਿੱਚੋਂ “ਕੋਈ ਮੱਝ ਵਿਕਾਊ ਹੋਵੇ, ਭਾਈ ਕੋਈ ਕੱਟਾ?” ਦਾ ਹੋਕਾ ਦਿੰਦਾ ਹੋਇਆ ਲੰਘਿਆ। ਮੈਂ ਬੰਟੇ ਛੱਡ ਕੇ ਉਹਦੇ ਮਗਰ ਹੋ ਗਿਆ। ਥੋੜ੍ਹੀ ਦੂਰ ਜਾਕੇ ਕਿਹਾ, “ਅਸੀਂ ਆਪਣਾ ਕੱਟਾ ਵੇਚਣੈ! ਲੈ ਲਵੇਗਾਂ ਭਾਈ? ਮੇਰੇ ਮੂੰਹੋਂ ਇਹ ਲਫਜ਼ ਸੁਣਕੇ ਉਸਨੇ ਪੁੱਛਿਆ, “ਕਿੰਨੇ ਚਿਰ ਦਾ ਏ?”
“ਇਹ ਤਾਂ ਪਤਾ ਨਹੀਂ ...।” ਪਰ ਮੈਂ ਉਸਨੂੰ ਇਸ਼ਾਰੇ ਨਾਲ ਉਸਦਾ ਕੱਦ ਦੱਸ ਦਿੱਤਾ ਅਤੇ ਉਸਨੂੰ ਨਾਲ ਲੈਕੇ ਆਪਣੇ ਪਸ਼ੂਆਂ ਦੇ ਵਾੜੇ ਵਿੱਚ ਜਾ ਵੜਿਆ। ਜਦੋਂ ਉਸਨੇ ਕੱਟਾ ਦੇਖਕੇ ਮੇਰੇ ਵੱਲ ਤੱਕਿਆ ਤਾਂ ਮੈਂ ਕੱਟਾ ਵੇਚਣ ਦੀ ਕਾਹਲੀ ਵਿੱਚ ਝਟਪਟ ਉਸਨੂੰ ਸਫਾਈ ਦਿੰਦੇ ਹੋਏ ਕਿਹਾ, “ਮੇਰਾ ਬਾਪੂ ਕੱਟਾ ਵੇਚਣ ਲਈ ਕਹਿ ਗਿਆ ਹੈ। ਕਿੰਨੇ ਪੈਸੇ ਦੇਵੇਂਗਾ ਭਾਈ ਇਸਦੇ?”
“ਸੱਤਰ ਰੁਪਏ ਮਿਲਣਗੇ ਇਹਦੇ।” ਉਸਨੇ ਕਿਹਾ। ਮੈਂ ਝਟਪਟ ਹਾਂ ਕਰ ਦਿੱਤੀ। ਮੈਂ ਉਹਦੇ ਕੋਲੋਂ ਸੱਤਰ ਰੁਪਏ ਲਏ ਅਤੇ ਉਹ ਕੱਟਾ ਖੋਲ੍ਹਕੇ ਲੈ ਗਿਆ।
ਸਾਡੇ ਘਰ ਦੇ ਨੇੜੇ ਨੱਥੂ ਨਾਂ ਦੇ ਬਾਣੀਏ ਦੀ ਹੱਟੀ ਸੀ। ਉਹਨੇ ਟਾਫੀਆਂ, ਗੱਟੇ (ਚੂਸਣ ਵਾਲੀਆਂ ਧਾਰੀਦਾਰ ਮਿੱਠੀਆਂ ਗੋਲੀਆਂ) ਚੂਰਨ, ਡਬਲ ਰੋਟੀਆਂ ਅਤੇ ਬੰਟੇ ਆਦਿ ਨਿਕਸੁੱਕ ਰੱਖੇ ਹੋਏ ਸਨ। ਇਸ ਤੋਂ ਇਲਾਵਾ ਗਰਮੀਆਂ ਵਿੱਚ ਉਹ ਤਰਖਾਣ ਦੇ ਰੰਦੇ ਨੂੰ ਪੁੱਠਾ ਕਰਕੇ ਬਰਫ ਨੂੰ ਰਗੜ ਕੇ ਉਸਦੇ ਗੋਲੇ ਬਣਾਕੇ, ਰੰਗ ਪਾ ਕੇ ਵੀ ਵੇਚਿਆ ਕਰਦਾ ਸੀ। ਸੱਤਰ ਰੁਪਏ ਮਿਲਣ ਦੀ ਦੇਰ ਸੀ ਕਿ ਮੈਂ ਸਿੱਧਾ ਉਸਦੀ ਹੱਟੀ ਨੂੰ ਹੋ ਤੁਰਿਆ। ਪਹਿਲਾਂ ਬਰਫ ਦੇ ਗੋਲੇ ਖਾਧੇ ਅਤੇ ਫਿਰ ਗੱਟੇ ਲੈ ਲਏ। ਥੋੜ੍ਹੇ ਜਿਹੇ ਆਪਣੀ ਭੈਣ ਨੂੰ ਦੇ ਦਿੱਤੇ ਪਰ ਉਸਨੂੰ ਕੱਟਾ ਵੇਚਣ ਬਾਰੇ ਬਿਲਕੁਲ ਨਹੀਂ ਦੱਸਿਆ। ਜਦੋਂ ਗੱਟੇ ਖਤਮ ਹੋ ਗਏ ਤਾਂ ਦੁਬਾਰਾ ਫਿਰ ਹੱਟੀ ਯਾਦ ਆ ਗਈ। ਜਦੋਂ ਤਕ ਸੱਤਰ ਰੁਪਏ ਖਤਮ ਨਹੀਂ ਹੋਏ, ਉਦੋਂ ਤਕ ਮੇਰਾ ਗੇੜਾ ਨੱਥੂ ਦੀ ਹੱਟੀ ’ਤੇ ਵੱਜਦਾ ਰਿਹਾ।
ਸ਼ਾਮ ਨੂੰ ਦਾਦੀ ਜਦੋਂ ਪਸ਼ੂਆਂ ਨੂੰ ਪੱਠੇ ਪਾਉਣ ਲਈ ਗਈ ਤਾਂ ਉਸਨੂੰ ਕੱਟਾ ਕਿਤੇ ਨਾ ਦਿਸਿਆ। ਸਬੱਬ ਨਾਲ ਉਸੇ ਸਮੇਂ ਬਾਪੂ ਅਤੇ ਬੇਬੇ ਵੀ ਆ ਗਏ ਅਤੇ ਕੱਟਾ ਵੇਚੇ ਜਾਣ ਦੀ ਘਟਨਾ ਬਾਰੇ ਉਨ੍ਹਾਂ ਨੂੰ ਵੀ ਪਤਾ ਲੱਗ ਗਿਆ। ਉਨ੍ਹਾਂ ਦੇ ਆਉਣ ਦੀ ਭਿਣਕ ਪੈ ਜਾਣ ਕਰਕੇ ਮੈਂ ਆਪਣੇ ਸਾਥੀਆਂ ਦੀ ਜੁੰਡਲੀ ਨਾਲ ਉੱਥੋਂ ਖਿਸਕ ਗਿਆ। ਪਰ ਅੰਦਰੋ-ਅੰਦਰੀ ਕੱਟਾ ਵੇਚਣ ਕਾਰਨ ਕੁੱਟ ਪੈਣ ਦਾ ਡਰ ਮੇਰੇ ਮਨ ਵਿੱਚ ਬਣਿਆ ਹੋਇਆ ਸੀ। ਜਦੋਂ ਥੋੜ੍ਹਾ ਹਨੇਰਾ ਹੋਇਆ ਤਾਂ ਮੈਂ ਚੁੱਪ-ਚਾਪ ਦੱਬੇ ਪੈਰੀਂ ਘਰ ਆ ਵੜਿਆ ਅਤੇ ਸਿੱਧਾ ਕੋਠੇ ’ਤੇ ਪਏ ਮੰਜੇ ਉੱਤੇ ਲੇਟ ਗਿਆ। ਕੱਟਾ ਵੇਚਣ ਕਾਰਨ ਕੁੱਟ ਪੈਣ ਦਾ ਸਹਿਮ ਬਣਿਆ ਹੋਣ ਕਾਰਨ ਮੈਨੂੰ ਰਾਤ ਦੀ ਰੋਟੀ ਖਾਣ ਦਾ ਚੇਤਾ ਵੀ ਨਾ ਰਿਹਾ। ਘਰ ਵਾਲੇ ਆਂਢ-ਗੁਆਂਢ ਤੋਂ ਮੇਰੇ ਬਾਰੇ ਪੁੱਛਦੇ ਰਹੇ। ਜਦੋਂ ਵਿਹਲੇ ਹੋ ਕੋ ਕੋਠੇ ਚੜ੍ਹੇ ਤਾਂ ਮੈਨੂੰ ਪਿਆ ਦੇਖ ਕੇ ਬਾਪੂ ਨੇ ਮੇਰੇ ’ਤੇ ਗਾਲ੍ਹਾਂ ਦੀ ਬੁਛਾੜ ਕਰ ਦਿੱਤੀ ਅਤੇ ਕੁੱਟਿਆ ਵੀ। ਮੇਰੇ ਕੁੱਟ ਪੈਂਦੀ ਦੇਖ ਮੇਰੀ ਭੈਣ ਨੀਵੀਂ ਪਾਕੇ ਮੁਸਕਰਾਉਣ ਲੱਗੀ। ਉਸਦੀ ਇਹ ਹਰਕਤ ਦੇਖਕੇ ਅਤੇ ਬਾਪੂ ਦੀ ਕੁੱਟ ਤੋਂ ਖਫਾ ਹੋਕੇ ਮੈਂ ਰੋਂਦੇ-ਰੋਂਦੇ ਨੇ ਕਿਹਾ, “ਗੱਟੇ ਮੈਂ ’ਕੱਲੇ ਨੇ ਨਹੀਂ ਸੀ ਖਾਧੇ, ਇਹਨੇ ਵੀ ਖਾਧੇ ਸਨ।” ਮੇਰੇ ਮੂੰਹੋਂ ਇਹ ਸੁਣ ਕੇ ਸ਼ਾਇਦ ਬੇਬੇ ਨੂੰ ਮੇਰੇ ’ਤੇ ਤਰਸ ਆ ਗਿਆ ਅਤੇ ਉਸਦੀ ਮਮਤਾ ਜਾਗ ਉੱਠੀ। ਉਸਨੇ ਮੈਨੂੰ ਹਟਕੋਰੇ ਲੈਂਦੇ ਨੂੰ ਘੁੱਟ ਕੇ ਆਪਣੇ ਸੀਨੇ ਨਾਲ ਲਾ ਲਿਆ ਅਤੇ ਪੁਚਕਾਰਨ ਲੱਗ ਪਈ।
ਬੇਬੇ ਦਾ ਰੁਖ ਦੇਖ ਕੇ ਬਾਪੂ ਵੀ ਸ਼ਾਂਤ ਹੋ ਗਿਆ ਪਰ ਉਸਦੇ ਚਿਹਰੇ ’ਤੇ ਮੇਰੇ ਪ੍ਰਤੀ ਸ਼ਿਕਨ ਕਈ ਦਿਨ ਨਜ਼ਰ ਆਉਂਦੇ ਰਹੇ। ਅੱਜ ਬੇਬੇ, ਬਾਪੂ ਅਤੇ ਦਾਦੀ ਜੀ ਇਸ ਜਹਾਨੋਂ ਕੂਚ ਕਰ ਗਏ ਹਨ ਪ੍ਰੰਤੂ ਮੇਰੀ ਜ਼ਿੰਦਗੀ ਦੇ ਬਚਪਨ ਦੀ ਇਹ ਘਟਨਾ ਮੇਰੇ ਜ਼ਿਹਨ ਵਿੱਚ ਅੱਜ ਵੀ ਉਸੇ ਤਰ੍ਹਾਂ ਉੱਕਰੀ ਹੋਈ ਹੈ। ਨਾਲ ਹੀ ਮੇਰੇ ਕਾਰੇ ਤੋਂ ਨਾਖੁਸ਼ ਬਾਪੂ ਦਾ ਉਦਾਸ ਚਿਹਰਾ ਹੁਣ ਵੀ ਮਨ ਨੂੰ ਕੁਰੇਦਦਾ ਰਹਿੰਦਾ ਹੈ। ਮੇਰੇ ਬੱਚੇ ਮੈਂਥੋਂ ਇਹ ਕਹਾਣੀ ਅਕਸਰ ਚਸਕੇ ਲੈ ਕੇ ਸੁਣਦੇ ਰਹਿੰਦੇ ਹਨ, ਪਰ ਮੈਨੂੰ ਅਹਿਸਾਸ ਹੈ ਕਿ ਆਪਣੇ ਬਚਪਨੇ ਕਾਰਨ ਮੈਂ ਆਪਣੇ ਬਾਪੂ ਨੂੰ ਕਿੰਨੀ ਠੇਸ ਪਹੁੰਚਾਈ ਸੀ।
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (sarokar2015@gmail.com)














































































































