“ਕਦੇ ਪ੍ਰਤੀ ਜੀਅ ਆਮਦਨ ਪੱਖੋਂ ਪੰਜਾਬ ਦੇਸ਼ ਦਾ ਨੰਬਰ ਇੱਕ ਸੂਬਾ ਸੀ, ਅੱਜ ...”
(26 ਨਵੰਬਰ 2026)
ਪੰਜਾਬ ਅੱਜ ਰਾਜਨੀਤਿਕ, ਆਰਥਿਕ, ਸਮਾਜਿਕ, ਧਾਰਮਿਕ, ਸੱਭਿਆਚਾਰਕ ਅਤੇ ਭਵਿੱਖੀ ਸੰਭਾਲ ਮਾਡਲਹੀਣ ਬਦਹਾਲੀ ਦੇ ਚੌਰਾਹੇ ’ਤੇ ਖੜ੍ਹਾ ਹੈ। ਫਰਵਰੀ-ਮਾਰਚ 2027 ਨੂੰ ਹੋਣ ਵਾਲੀਆਂ ਪੰਜਾਬ ਵਿਧਾਨ ਸਭਾ ਚੋਣਾਂ ਸਿਰ ’ਤੇ ਮੰਡਲਾ ਰਹੀਆਂ ਹਨ। ਇਸ ਦੌਰਾਨ ਕਿਸੇ ਵੀ ਰਾਜਨੀਤਿਕ ਪਾਰਟੀ ਕੋਲ ਨਾ ਤਾਂ ਕੋਈ ਸੰਜੀਵਨੀ ਬੂਟੀ ਵਾਲਾ ਪ੍ਰੋਗਰਾਮ ਅਤੇ ਨਾ ਹੀ ਕੋਈ ਜ਼ਹੀਨ, ਜੁਝਾਰੂ, ਆਰਥਿਕ ਮਾਹਿਰ ਅਤੇ ਦੂਰਦ੍ਰਿਸ਼ਟੀਵਾਨ ਆਗੂ ਹੈ ਜੋ ਆਰਥਿਕ, ਰਾਜਨੀਤਿਕ, ਧਾਰਮਿਕ, ਸਮਾਜਿਕ, ਸੱਭਿਆਚਾਰਕ ਅਤੇ ਵਿਕਾਸ ਪੱਖੋਂ ਗਰਕ ਚੁੱਕੇ ਅਤੇ ਜਿੱਲ੍ਹਣ ਭਰੇ ਖੂਹ ਵਿੱਚ ਡਿਗੇ ਪੰਜਾਬ ਨੂੰ ਬਾਹਰ ਕੱਢ ਕੇ ਮੁੜ ਸਥਾਪਿਤ ਕਰ ਸਕੇ।
ਹੈਰਾਨਕੁਨ ਵਰਤਾਰਾ:
ਦੇਸ਼ ਵਿਦੇਸ਼ ਵਿੱਚ ਬੈਠੇ ਪੰਜਾਬੀ ਅੱਜ ਬੁਰੀ ਤਰ੍ਹਾਂ ਅਵਾਜ਼ਾਰ ਹਨ ਕਿ ਸ਼ਾਨਾਮੱਤੇ ਵਿਰਸੇ ਵਾਲੇ ਪੰਜਾਬ ਨੂੰ ਜੋ “ਜੀਂਦਾ ਗੁਰਾਂ ਦੇ ਨਾਂਅ ’ਤੇ” ਕਰਕੇ ਵੀ ਮਸ਼ਹੂਰ ਹੈ ਨੂੰ ਬਹੁਤ ਹੀ ਬੇਗੈਰਤ ਅਤੇ ਹੈਰਾਨਕੁਨ ਰਾਜਨੀਤਿਕ, ਧਾਰਮਿਕ ਅਤੇ ਸਮਾਜਿਕ ਘੁੰਮਣਘੇਰੀ ਵਿੱਚ ਫਸਾਇਆ ਜਾ ਰਿਹਾ ਹੈ। ਇਸ ਸ਼ਹੀਦਾਂ ਦੀ ਧਰਤੀ ਨੂੰ “ਲਾਸ਼ਾਂ ਅਤੇ ਮਰਗਾਂ ਦੀ ਸ਼ਰਮਨਾਕ ਰਾਜਨੀਤੀ” ਵਿੱਚ ਉਲਝਾਇਆ ਜਾ ਰਿਹਾ ਹੈ। ਅਜਿਹੀ ਰਾਜਨੀਤੀ ਦੇ ਨਾਇਕ ਦੂਰਦ੍ਰਿਸ਼ਟੀਹੀਣ ਅਤੇ ਰਾਜਨੀਤੀ ਤੋਂ ਕੋਰੇ ਲੱਖਾ ਸਿਧਾਣਾ ਅਤੇ ਭਾਨਾ ਸਿੱਧੂ ਆਦਿ ਵਰਗੇ ਬਣਾਏ ਜਾ ਰਹੇ ਹਨ। ਅਤੇ ਇਸ ਰਾਜਨੀਤੀ ਦੇ ਹਜ਼ਾਰਾਂ ਅੰਧ ਭਗਤ ਇਨ੍ਹਾਂ ਦੇ ਪਿਛਲੱਗ ਬਣੇ ਬੈਠੇ ਹਨ। ਰਾਜਨੀਤਿਕ ਤੌਰ ’ਤੇ ਦੂਰਦ੍ਰਿਸ਼ਟੀਹੀਣ “ਸ਼੍ਰੋਮਣੀ ਅਕਾਲੀ ਦਲ ਵਾਰਸ ਪੰਜਾਬ ਦੇ” ਆਗੂ ਮਰਗਾਂ ਦੀ ਰਾਜਨੀਤੀ ਵਿੱਚ ਕਿਵੇਂ ਫਸਦੇ ਨਜ਼ਰ ਆਏ ਇਸਦੀ ਮਿਸਾਲ ਪਿਛਲੇ ਤਿੰਨ ਸਾਲਾਂ ਤੋਂ ਡਿਬੜੂਗੜ ਜੇਲ੍ਹ, ਅਸਾਮ ਵਿੱਚ ਪਹਿਲਾਂ ਐੱਨ ਐੱਸ ਏ ਅਤੇ ਹੁਣ ਅਜਨਾਲਾ ਥਾਣੇ ਦੇ ਘਰਾਓ ਕੇਸ ਵਿੱਚ ਬੰਦ ਇਸ ਅਕਾਲੀ ਦਲ ਦੇ ਪ੍ਰਧਾਨ ਅੰਮ੍ਰਿਤਪਾਲ ਸਿੰਘ ਦੀ ਦਾਦੀ ਚਰਨ ਕੌਰ, ਜੋ 8 ਨਵੰਬਰ, 2026 ਨੂੰ ਸਵਰਗ ਸਿੱਧਾਰ ਗਈ ਸੀ, ਦੇ ਸਸਕਾਰ ਤੇ ਉਸਦੀ ਆਮਦ ਨੂੰ ਸੁਨਿਸ਼ਚਿਤ ਬਣਾਉਣ ਸੰਬੰਧੀ ਉਡੀਕ ਅਤੇ ਰਾਜਨੀਤੀ ਕਰਦੇ ਰਹੇ। ਉਨ੍ਹਾਂ ਦੀ ਦਾਦੀ ਕਿਸੇ “ਰਾਜ ਮਾਤਾ” ਸਨਮਾਨ ਨਾਲ ਸੁਸ਼ੋਭਤ ਨਹੀਂ ਸਨ, ਉਹ ਤਾਂ ਆਮ ਪੰਜਾਬੀਆਂ ਦੀ ਮਾਤਾ ਜਾਂ ਦਾਦੀ ਦੀ ਤਰ੍ਹਾਂ ਸਨ। ਉਨ੍ਹਾਂ ਦਾ ਸਸਕਾਰ ਸਮੇਂ ਸਿਰ ਪਰਿਵਾਰਿਕ ਸਨਮਾਨ ਨਾਲ ਕਰ ਦੇਣਾ ਚਾਹੀਦਾ ਸੀ। ਲੇਕਿਨ ਸ਼੍ਰੋਮਣੀ ਅਕਾਲੀ ਦਲ ਵਾਰਸ ਪੰਜਾਬ ਦੇ ਪੰਜਾਬ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਰਾਜਨੀਤਿਕ ਲਾਹੇ ਲਈ ਇਸ ਨੂੰ ਇੱਕ ਮੁੱਦਾ ਬਣਾ ਕੇ ਪੇਸ਼ ਕਰਦੇ ਰਹੇ।
ਗਲਤ ਪ੍ਰਸ਼ਾਸਨਿਕ ਸਟੈਂਡ
ਦਰਅਸਲ ਲੋਕਤੰਤਰ ਵਿਵਸਥਾ ਵਿੱਚ ਜੇ ਕਿਸੇ ਜੇਲ੍ਹ ਵਿੱਚ ਬੰਦ ਕੈਦੀ, ਅਪਰਾਧੀ, ਰਾਜਨੀਤੀਵਾਨ ਜਾਂ ਸਮਾਜਿਕ ਸ਼ਖਸੀਅਤ ਸਬੰਧਤ ਕਿਸੇ ਨਜ਼ਦੀਕੀ ਰਿਸ਼ਤੇਦਾਰ ਦੀ ਮੌਤ ਹੋ ਜਾਂਦੀ ਹੈ ਜਾਂ ਕੁਦਰਤੀ ਆਫਤ ਨਾਲ ਨੁਕਸਾਨ ਹੋ ਜਾਂਦਾ ਹੈ ਤਾਂ ਇਨਸਾਫ ਮੰਗ ਕਰਦਾ ਹੈ ਕਿ ਉਸਨੂੰ ਆਪਣੇ ਘਰ ਅਤੇ ਰਿਸ਼ਤੇਦਾਰਾਂ ਨੂੰ ਮਿਲਣ ਲਈ ਪੈਰੋਲ ਮਿਲੇ। ਲੇਕਿਨ ਭਾਰਤੀ ਸੰਵਿਧਾਨ ਅਤੇ ਕਾਨੂੰਨ ਦਾ ਬਾਬਾ ਆਲਮ ਹੀ ਨਿਰਾਲਾ। ਸੌਦਾ ਸਾਧ ਸਿਰਸਾ ਵਰਗੇ ਕਾਤਲ ਅਤੇ ਅਪਰਾਧੀ ਬਾਬੇ ਨੂੰ ਤਾਂ ਰਾਜਨੀਤਿਕ ਲਾਹੇ ਲਈ ਆਏ ਦਿਨ ਪੈਰੋਲ ਮਿਲ ਜਾਂਦੀ ਹੈ ਲੇਕਿਨ ਜ਼ਰੂਰਤਮੰਦ ਕੈਦੀਆਂ ਨੂੰ ਨਹੀਂ ਦਿੱਤੀ ਜਾਂਦੀ। ਖਾਸ ਕਰਕੇ ਘੱਟ ਗਿਣਤੀ ਸਿੱਖ ਭਾਈਚਾਰੇ ਨਾਲ ਸੰਬੰਧਿਤ ਬੰਦੀ ਸਿੰਘਾਂ ਅਤੇ ਅੰਮ੍ਰਿਤਪਾਲ ਵਰਗੇ ਕੈਦੀਆਂ ਨੂੰ ਇਜਾਜ਼ਤ ਨਹੀਂ ਦਿੱਤੀ ਜਾਂਦੀ। ਜੇਕਰ ਸ਼੍ਰੋਮਣੀ ਅਕਾਲੀ ਦਲ ਵਾਰਸ ਪੰਜਾਬ ਦੇ ਅਦਾਲਤ ਦਾ ਦਰਵਾਜ਼ਾ ਨਾ ਖੜਕਾਉਂਦੇ ਤਾਂ ਸ਼ਾਇਦ ਅੰਮ੍ਰਿਤਪਾਲ ਨੂੰ ਵੀ ਤਿੰਨ ਘੰਟੇ ਦੀ ਪੈਰੋਲ ਤੋਂ ਵੀ ਵਾਂਝਿਆਂ ਰੱਖਿਆ ਜਾਂਦਾ। ਇਸ ਸੰਬੰਧੀ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਬੜੇ ਦਲੇਰਾਨਾ ਢੰਗ ਨਾਲ ਮੁੱਦਾ ਉਠਾਇਆ ਹੈ ਕਿ ਅੰਮ੍ਰਿਤਪਾਲ ਸਿੰਘ, ਜੋ ਭਾਰਤੀ ਪਾਰਲੀਮੈਂਟ ਦਾ ਚੁਣਿਆ ਨੁਮਾਇੰਦਾ ਹੈ, ਨੇ ਕੀ ਅਜਿਹਾ ਗੁਨਾਹ ਕੀਤਾ ਹੈ ਕਿ ਉਸ ਨੂੰ ਜੇਲ੍ਹ ਵਿੱਚ ਰੱਖਿਆ ਜਾ ਰਿਹਾ ਹੈ? ਉਹ ਵੀ ਪੰਜਾਬ ਤੋਂ ਦੂਰ? ਇਵੇਂ ਹੀ ਬੰਦੀ ਸਿੰਘਾਂ ਨੂੰ, ਜਿਨ੍ਹਾਂ ਨੇ ਆਪਣੀਆਂ ਸਜ਼ਾਵਾਂ ਢੇਰ ਚਿਰ ਪਹਿਲਾਂ ਪੂਰੀਆਂ ਕਰ ਲਈਆਂ ਹਨ, ਨੂੰ ਜੇਲ੍ਹਾਂ ਵਿੱਚ ਬੰਦ ਰੱਖਣ ਦੀ ਕੋਈ ਤੁਕ ਨਹੀਂ। ਪਰ ਲੱਖ ਟਕੇ ਦਾ ਸਵਾਲ ਇਹ ਹੈ ਕਿ ਜਦੋਂ ਪਿਛਲੇ ਦਿਨੀਂ ਕੈਪਟਨ ਨੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕੀਤੀ ਸੀ ਤਾਂ ਉਸ ਸਮੇਂ ਇਸ ਮੁੱਦੇ ’ਤੇ ਗੱਲ ਕਿਉਂ ਨਹੀਂ ਕੀਤੀ? ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ਅਤੇ ਖੁਫੀਆ ਏਜੰਸੀਆਂ ਦੇ ਮੂੰਹ ’ਤੇ ਇਹ ਕਰਾਰੀ ਚਪੇੜ ਸੀ ਕਿ ਅੰਮ੍ਰਿਤਪਾਲ ਸਿੰਘ ਦੀ ਆਮਦ ’ਤੇ ਕੋਈ ਅਮਨ ਕਾਨੂੰਨ ਸੰਬੰਧੀ ਘਟਨਾ ਨਹੀਂ ਵਾਪਰੀ ਜਿਸ ਬਾਰੇ ਇਨ੍ਹਾਂ ਨੇ ਵਾਵੇਲਾ ਖੜ੍ਹਾ ਕੀਤਾ ਹੋਇਆ ਸੀ।
ਨਾਕਾਮ ਰਾਜਨੀਤੀ
ਮਾਤਾ ਚਰਨ ਕੌਰ ਦੇ ਸਸਕਾਰ ਅਤੇ ਅੰਮ੍ਰਿਤਪਾਲ ਸਿੰਘ ਦੀ ਆਮਦ ਨੂੰ ਅਕਾਲੀ ਦਲ ਵਾਰਸ ਪੰਜਾਬ ਇੱਕ ਵੱਡਾ ਰਾਜਨੀਤਿਕ ਸਮਾਰੋਹ ਬਣਾ ਕੇ ਵਿਧਾਨ ਸਭਾ ਚੋਣਾਂ ਮੱਦੇ ਨਜ਼ਰ ਲਾਭ ਉਠਾਉਣਾ ਚਾਹੁੰਦਾ ਸੀ ਲੇਕਿਨ ਪੰਜਾਬ ਦੇ ਲੋਕਾਂ ਨੇ ਇਸ ਪ੍ਰਤੀ ਹੁੰਗਾਰਾ ਨਹੀਂ ਭਰਿਆ। ਸਿਰਫ ਗਰਮ ਖਿਆਲੀ ਨੌਜਵਾਨ ਅਤੇ ਆਗੂਆਂ ਨਾਲ ਸੰਬੰਧਿਤ ਪੰਜ ਕੁ ਹਜ਼ਾਰ ਲੋਕ ਉੱਥੇ ਇਕੱਤਰ ਹੋ ਸਕੇ ਜਦੋਂ ਕਿ ਉਨ੍ਹਾਂ ਨੂੰ ਇੱਕ ਲੱਖ ਸਮਰਥਕ ਆਉਣ ਦੀ ਆਸ ਸੀ। ਪੰਜਾਬ ਦੇ ਸਿੱਖ ਨੌਜਵਾਨਾਂ ਦੇ ਘਾਣ ਸੰਬੰਧੀ 10-12 ਸਾਲਾ ਰਾਜਕੀ ਅਤੇ ਗੈਰ ਰਾਜਕੀ ਅੱਤਵਾਦ ਵੇਲੇ ਅਤੇ ਅਜੋਕੇ ਗੈਂਗਸਟਰਵਾਦ ਸੰਬੰਧਿਤ ਕਾਰਨਾਮਿਆਂ ਤੋਂ ਚੰਗੀ ਤਰ੍ਹਾਂ ਜਾਣੂ ਹਨ। ਭਾਵੇਂ ਨਾਬਰੀਵਾਦ ਉਨ੍ਹਾਂ ਨੂੰ ਵਿਰਾਸਤ ਵਿੱਚੋਂ ਹਾਸਲ ਹੈ ਲੇਕਿਨ ਉਹ ਕਿਸੇ ਵੀ ਤਰ੍ਹਾਂ ਪੰਜਾਬ ਦੇ ਅਮਨ ਕਾਨੂੰਨ ਨੂੰ ਲਾਂਬੂ ਨਹੀਂ ਲਾਉਣਾ ਚਾਹੁੰਦੇ ਅਤੇ ਨਾ ਹੀ ਆਪਣੀ ਨੌਜਵਾਨ ਪੀੜ੍ਹੀ ਨੂੰ ਇਸਦੀ ਵੇਦੀ ’ਤੇ ਕੁਰਬਾਨ ਕਰਨਾ ਚਾਹੁੰਦੇ ਹਨ।
ਬੇਸਮਝ ਸਿੱਖ ਭਾਈਚਾਰਾ:
ਆਮ ਆਦਮੀ ਪਾਰਟੀ, ਭਾਜਪਾ ਅਤੇ ਕਾਂਗਰਸ ਪਾਰਟੀਆਂ ਚਾਹੁੰਦੀਆਂ ਹਨ ਅਤੇ ਹਮੇਸ਼ਾ ਹੀ ਰਾਜਨੀਤਿਕ ਗੋਦਾਂ ਗੁੰਦਦੀਆਂ ਰਹਿੰਦੀਆਂ ਹਨ ਕਿ ਪੰਜਾਬ ਵਿੱਚ ਸਿੱਖ ਭਾਈਚਾਰੇ ਨੂੰ ਕਦੇ ਵੀ ਇੱਕਜੁੱਟ ਨਾ ਹੋਣ ਦਿੱਤਾ ਜਾਵੇ ਅਤੇ ਇਨ੍ਹਾਂ ਵਿੱਚ ਤਿੱਖੀ ਪਾਟੋਧਾੜ ਪਈ ਰਹੇ। ਉਨ੍ਹਾਂ ਦੇ ਸਿੱਖ ਧਾਰਮਿਕ, ਰਾਜਨੀਤਿਕ ਅਤੇ ਸਮਾਜਿਕ ਸੰਸਥਾਵਾਂ ਵਿੱਚ ਲਗਾਤਾਰ ਦਖਲ ਅਤੇ ਪ੍ਰਭਾਵ ਕਰਕੇ ਅੱਜ ਪੰਥਕ ਭਾਈਚਾਰਾ ਖੱਖੜੀ-ਖੱਖੜੀ ਹੋਇਆ ਪਿਆ ਹੈ। ਸਿੱਖ ਪੰਥ ਅੱਜ ਸ਼੍ਰੋਮਣੀ ਗੁਰਦੁਆਰਾ ਕਮੇਟੀ ਸ਼੍ਰੀ ਅੰਮ੍ਰਿਤਸਰ, ਹਰਿਆਣਾ, ਦਿੱਲੀ ਅਤੇ ਪਟਨਾ ਸਾਹਿਬ ਅਤੇ ਹਜ਼ੂਰ ਸਾਹਿਬ ਬੋਰਡਾਂ ਵਿੱਚ ਵੰਡਿਆ ਪਿਆ ਹੈ। ਸਿੱਖ ਰਾਜਨੀਤੀ ਸ਼੍ਰੋਮਣੀ ਅਕਾਲੀ ਦਲ ਬਾਦਲ, ਪੁਨਰ ਸੁਰਜੀਤ, ਵਾਰਸ ਪੰਜਾਬ ਦੇ, ਅਕਾਲੀ ਦਲ ਮਾਨ ਅਤੇ ਹੋਰ ਅਨੇਕ ਧੜਿਆਂ ਵਿੱਚ ਵੰਡੀ ਪਈ ਹੈ। ਭਾਵੇਂ ਭਾਜਪਾ ਦਾ ਪੰਜਾਬ ਵਿੱਚ ਦਲ ਬਦਲੂਆਂ ਦੇ ਕਬਜ਼ੇ ਕਰਕੇ ਰਾਜਨੀਤਿਕ ਅਧਾਰ ਮਲੀਆਮੇਟ ਹੋਇਆ ਪਿਆ ਹੈ ਪਰ ਇਹ ਕੇਂਦਰ ਸਰਕਾਰ ਅਤੇ ਕੇਂਦਰੀ ਨੇਤਾਵਾਂ ਦੇ ਮਾਧਿਅਮ ਰਾਹੀਂ ਅਕਾਲੀ ਧੜਿਆਂ ਨੂੰ ਵੱਖ ਵੱਖ ਤੌਰ ’ਤੇ ਸੈਨਤਾਂ ਮਾਰ ਮਾਰ ਕੇ ਪੱਕੇ ਪੈਰੀਂ ਇੱਕ ਦੂਜੇ ਦੇ ਵਿਰੋਧ ਵਿੱਚ ਖੜ੍ਹੇ ਕਰਨ ਵਿੱਚ ਕਾਮਯਾਬੀ ਹਾਸਲ ਕਰ ਰਹੀ ਹੈ। ਸੱਤਾ ਲਈ ਤਰਲੋਮੱਛੀ ਅਤੇ ਅੰਨ੍ਹੇ ਹੋਏ ਵੱਖ-ਵੱਖ ਅਕਾਲੀ ਆਗੂਆਂ ਨੂੰ ਪੰਥਕ ਏਕਤਾ ਬਿਲਕੁਲ ਸੁੱਝ ਨਹੀਂ ਰਹੀ। ਪੰਥ ਹਮੇਸ਼ਾ ਪੰਜਾਬ ਦੀ ਰਾਜਨੀਤੀ ਦਾ ਧੁਰਾ ਰਿਹਾ ਹੈ, ਧੁਰਾ ਹੈ ਅਤੇ ਧੁਰਾ ਰਹੇਗਾ; ਇਸਦੀ ਸਮਝ ਅਜੋਕੇ ਮੂੜ੍ਹ ਅਕਾਲੀ ਆਗੂਆਂ ਨੂੰ ਨਹੀਂ ਪੈ ਰਹੀ। ਇਸ ਤੋਂ ਵੱਡੀ ਪੰਜਾਬ ਦੀ ਤਰਾਸਦੀ ਹੋਰ ਕੀ ਹੋ ਸਕਦੀ ਹੈ?
ਹਾਲੋਂ ਬੇਹਾਲ ਪੰਜਾਬ:
ਪਿਛਲੇ ਹਫਤੇ (18 ਨਵੰਬਰ, 2026) ਨੂੰ ਪੰਜਾਬ ਦੇ ਨਾਮਵਰ ਪੱਤਰਕਾਰ ਅਤੇ ਸਾਬਕਾ ਆਮ ਆਦਮੀ ਪਾਰਟੀ ਵਿਧਾਇਕ ਕੰਵਰ ਸੰਧੂ ਨੇ ਸੀਆਈਆਈ ਦੇ ਚੰਡੀਗੜ੍ਹ ਹੈੱਡਕੁਆਰਟਰ ’ਤੇ ਤੀਸਰੇ ਪੰਜਾਬ ਸੰਮੇਲਨ ਦਾ “ਚੌਰਾਹੇ ’ਤੇ ਪੰਜਾਬ: ਲੀਡਰਸ਼ਿੱਪ, ਪਛਾਣ ਅਤੇ ਅਗਾਮੀ ਰਾਹ” ਵਿਸ਼ੇ ’ਤੇ ਆਯੋਜਨ ਕੀਤਾ। ਇਸ ਵਿੱਚ ਵੱਖ ਵੱਖ ਰਾਜਨੀਤਿਕ ਪਾਰਟੀਆਂ, ਸਾਬਕਾ ਅਫਸਰਸ਼ਾਹਾਂ, ਆਰਥਿਕ ਮਾਹਿਰਾਂ ਅਤੇ ਕਾਨੂੰਨਦਾਨਾਂ ਨੇ ਭਾਗ ਲਿਆ। ਇਹ ਬਹੁਤ ਵੱਡਾ ਉਪਰਾਲਾ ਸੀ ਜਿਸ ਵਿੱਚ ਪੰਜਾਬ ਦੀ ਅਜੋਕੀ ਬਦਹਾਲੀ ਅਤੇ ਭਵਿੱਖ ਵਿੱਚ ਇਸ ਨੂੰ ਰਸਤਾ ਦਿਖਾਉਣ ਦਾ ਯਤਨ ਕੀਤਾ ਗਿਆ। ਸਪਸ਼ਟ ਦੱਸਿਆ ਗਿਆ ਕਿ ਕਦੇ ਪ੍ਰਤੀ ਜੀਅ ਆਮਦਨ ਪੱਖੋਂ ਪੰਜਾਬ ਦੇਸ਼ ਦਾ ਨੰਬਰ ਇੱਕ ਸੂਬਾ ਸੀ, ਅੱਜ 18ਵੇਂ ਨੰਬਰ ’ਤੇ ਮੂਧੇ ਮੂੰਹ ਡਿਗਿਆ ਪਿਆ ਹੈ। ਇਸਦੀ ਜੀਡੀਪੀ ਦਾ 45 ਪ੍ਰਤੀਸ਼ਤ ਕਰਜ਼ ਵਿੱਚ ਡੁੱਬਾ ਹੈ। ਰਾਜ ਸਿਰ ਇਸ ਸਮੇਂ ਕਰੀਬ 5 ਲੱਖ ਕਰੋੜ ਕਰਜ਼ਾ ਹੈ। ਇਹ ਕੁੱਲ ਮਿਲਾ ਕੇ ਪਿਛਲੇ 25 ਸਾਲਾਂ ਦੀ ਦੇਣ ਹੈ। ਸੰਨ 1996 ਵਿੱਚ ਇਹ ਕਰਜ਼ਾ ਸਿਰਫ 15 ਹਜ਼ਾਰ ਕਰੋੜ ਸੀ। ਪੰਜਾਬ ਦੀ ਬਰਬਾਦੀ ਦਾ ਕਾਰਨ ਰਾਜਨੀਤੀਵਾਨਾਂ ਦੀ ਸੱਤਾ ਦੀ ਹਾਬੜ ਕਾਰਨ ਬੇਹਿਸਾਬ ਸਲਾਨਾ ਮੁਫਤਖੋਰੀਆਂ ਹਨ। ਨਾਨਕ ਦੇ ਸਿਧਾਂਤ ਕਿਰਤ ਕਰੋ ਅਤੇ ਵੰਡ ਛਕੋ ਨੂੰ ਛੱਡ ਕੇ ਰਾਜਨੀਤੀਵਾਨਾਂ ਦੀਆਂ ਮੁਫਤਖੋਰੀਆਂ ਕਰਕੇ ਗਰਕ ਹੋਏ ਪੰਜਾਬੀਆਂ ਦੇ ਮੱਥੇ ’ਤੇ ਇਹ ਬਦਨੁਮਾ ਕਲੰਕ ਨਹੀਂ ਤਾਂ ਹੋਰ ਕੀ ਹੈ?
ਪੰਜਾਬ ਦੇ 66 ਲੱਖ ਲੋਕ ਨਸ਼ਿਆਂ ਦੇ ਆਦੀ ਬਣੇ ਪਏ ਹਨ। ਹੁਣ ਤਾਂ ਔਰਤਾਂ ਵੀ ਨਸ਼ਾ ਤਸਕਰ ਅਤੇ ਨਸ਼ਾਖੋਰ ਬਣ ਚੁੱਕੀਆਂ ਹਨ। ਅਮਰਿੰਦਰ ਸਿੰਘ ਵੱਲੋਂ ਘਰ ਘਰ ਨੌਕਰੀ ਅਤੇ ਆਮ ਆਦਮੀ ਪਾਰਟੀ ਵੱਲੋਂ ਰੁਜ਼ਗਾਰ ਦੇ ਦਾਅਵੇ ਝੂਠੇ ਅਤੇ ਫਜ਼ੂਲ ਹਨ। ਪੰਜਾਬ ਵਿੱਚ ਸਾਰੇ ਦੇਸ਼ ਦੇ ਹਿਸਾਬ ਨਾਲ ਸਭ ਤੋਂ ਵੱਧ (22 ਪ੍ਰਤੀਸ਼ਤ) 15 ਤੋਂ 29 ਸਾਲ ਦੇ ਨੌਜਵਾਨ ਬੇਰੁਜ਼ਗਾਰ ਹਨ। ਅੱਤਵਾਦ ਵੇਲੇ 17-18 ਹਜ਼ਾਰ ਸਨਅਤੀ ਅਦਾਰੇ ਜਾਂ ਤਾਂ ਪਲਾਇਨ ਕਰ ਗਏ ਜਾਂ ਬੰਦ ਹੋ ਗਏ। ਕਿਧਰੇ ਕੋਈ ਨਵਾਂ ਨਿਵੇਸ਼ ਜਾਂ ਸਨਅਤ ਪੰਜਾਬ ਨਹੀਂ ਪਰਤਿਆ। ਕਿਸਾਨੀ ਨੂੰ ਦਬਾਉਣ ਲਈ ਐੱਮਐੱਸ ਪੀ ਤੋਂ ਮਹਿਰੂਮ ਰੱਖਿਆ ਗਿਆ। ਜਿਸ ਪੰਜਾਬੀ ਨੇ ਅਵਾਜ਼ ਚੁੱਕੀ ਉਸ ਨੂੰ ਕੁੱਟਿਆ, ਝੂਠੇ ਕੇਸਾਂ ਵਿੱਚ ਫਸਾਇਆ ਅਤੇ ਜੇਲ੍ਹ ਬੰਦ ਕੀਤਾ ਗਿਆ। ਸਭ ਸਰਕਾਰਾਂ ਨੇ ਪੰਜਾਬ ਵਿੱਚ ਪਾਕਿਸਤਾਨ ਵਿੱਚਲੇ ਫੌਜੀ ਰਾਜ ਵਾਂਗ ਪੁਲਿਸ ਰਾਜ ਮਜ਼ਬੂਤ ਕੀਤਾ।
ਸੋ ਅਜਿਹੇ ਪੰਜਾਬ ਨੂੰ ਆਰਥਿਕ ਬਦਹਾਲੀ, ਰਾਜਨੀਤਿਕ ਦਿਸ਼ਾਹੀਣਤਾ ਅਤੇ ਧਾਰਮਿਕ ਖਿੱਚੋਤਾਣ ਵਿੱਚੋਂ ਬਾਹਰ ਕੱਢਣ ਲਈ ਕਿਸੇ ਲੱਖਾ ਸਿਧਾਣਾ, ਭਾਨਾ ਸਿੱਧੂ, ਅੰਮ੍ਰਿਤਪਾਲ ਆਦਿ ਵਰਗਿਆਂ ਦੀ ਅਗਵਾਈ ਦੀ ਲੋੜ ਨਹੀਂ ਬਲਕਿ ਕਿਸੇ ਜ਼ਹੀਨ, ਦੂਰਦ੍ਰਿਸ਼ਟੀਵਾਨ ਅਤੇ ਆਰਥਿਕ ਮਾਹਰ ਆਗੂਆਂ ਦੀ ਲੋੜ ਹੈ ਜਿਹੜੇ ਹਰ ਵਰਗ, ਜਾਤ, ਧਰਮ ਅਤੇ ਖਿੱਤੇ ਦੇ ਪੰਜਾਬੀਆਂ ਨੂੰ ਨਾਲ ਲੈ ਕੇ ਅਤੇ ਕੇਂਦਰੀ ਸਰਕਾਰਾਂ ਨਾਲ ਸੁਹਿਰਦ ਤਾਲਮੇਲ ਰਾਹੀਂ ਪੰਜਾਬ ਦੀਆਂ ਸਮੱਸਿਆਵਾਂ ਨੂੰ ਨਜਿੱਠਦਿਆਂ ਇਸ ਨੂੰ ਮੁੜ ਵਿਕਾਸ ਦੀਆਂ ਲੀਹਾਂ ’ਤੇ ਖੜ੍ਹਾ ਕਰ ਸਕਣ।
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (This email address is being protected from spambots. You need JavaScript enabled to view it.)



























































































































