“ਇਸ ਲਈ ਟਰੰਪ ਦੀ ਥਾਂ ਵਿਸ਼ਵ ਦੀਆਂ ਲੋਕਸ਼ਾਹੀ ਅਤੇ ਸ਼ਾਂਤੀ ਪਸੰਦ ਸ਼ਕਤੀਆਂ ਅਤੇ ਆਗੂਆਂ ਨੂੰ ...”
(2 ਮਾਰਚ 2025)
ਆਧੁਨਿਕ ਕਾਲ ਅਤੇ ਆਧੁਨਿਕ ਇਤਿਹਾਸ ਵਿੱਚ ਵਿਸ਼ਵ ਮਹਾਸ਼ਕਤੀ ਅਮਰੀਕਾ ਦਾ ਏਕਾਧਿਕਾਰਵਾਦੀ ਨਿਰੰਕੁਸ਼ ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਸਭ ਤੋਂ ਵੱਡੀ ਡਿਪਲੋਮੈਟਿਕ ਨਾਕਾਮੀ ਦੀ ਪ੍ਰਧਾਨਗੀ ਕਰਦਾ ਨਜ਼ਰ ਆਇਆ। 28 ਫਰਵਰੀ 2025 ਨੂੰ ਵਾਈਟ ਹਾਊਸ ਦੇ ਓਵਲ ਦਫਤਰ ਵਿੱਚ ਤੱਤੀ ਭੜਕਾਹਟ ਭਰੀ, ਗੁੱਸੇ ਗਿਲੇ ਦਰਮਿਆਨ ਰਾਜਨੀਤਕ ਉੱਚ ਪੱਧਰੀ ਪ੍ਰੋਟੋਕੋਲ ਦੀਆਂ ਧੱਜੀਆਂ ਉਡਾਉਂਦੀ ਵਾਰਤਾ ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ, ਉਪ ਰਾਸ਼ਟਰਪਤੀ ਜੇ.ਡੀ. ਵੈਂਸ ਅਤੇ ਪ੍ਰਾਹੁਣੇ ਯੁਕਰੇਨੀ ਰਾਸ਼ਟਰਪਤੀ ਵੋਲੋਡਮਰ ਜ਼ਲੈਂਸਕੀ ਦਰਮਿਆਨ ਤੱਕੀ ਗਈ। ਦੂਸਰੇ ਵਿਸ਼ਵ ਯੁੱਧ ਬਾਅਦ ਦੀ ਵਿਸ਼ਵ ਵਿਵਸਥਾ ਯੁਕਰੇਨ ਨਾਲ ਰੌਲੇ-ਰੱਪੇ ਦੌਰਾਨ ਪੂਰੀ ਗਲੋਬਲ ਬਰਾਦਰੀ ਸਾਹਮਣੇ ਬੁਰੀ ਤਰ੍ਹਾਂ ਢਹਿ-ਢੇਰੀ ਹੁੰਦੀ ਵਿਖਾਈ ਦਿੱਤੀ। ਇੱਥੇ ਵਰਨਣਯੋਗ ਹੈ ਕਿ ਅਮਰੀਕੀ ਰਾਜਨੀਤਕ ਅਤੇ ਡਿਪਲੋਮੈਟਿਕ ਇਤਿਹਾਸ ਵਿੱਚ ਕਦੇ ਕੋਈ ਰਾਸ਼ਟਰਪਤੀ ਆਪਣੇ ਵਿਰੋਧੀ, ਸਹਿਯੋਗੀ ਜਾਂ ਰਾਸ਼ਟਰੀ ਪ੍ਰਾਹੁਣੇ ’ਤੇ ਭੜਕਦਾ, ਉਸ ਨੂੰ ਤ੍ਰਿਸਕਾਰਦਾ ਅਤੇ ਨੀਵਾਂ ਵਿਖਾਉਦਾ ਨਹੀਂ ਵੇਖਿਆ ਗਿਆ।
ਪ੍ਰੈੱਸ ਸਨਮੁਖ ਯੁਕਰੇਨ ਰਾਸ਼ਟਰਪਤੀ ਜ਼ਲੈਂਸਕੀ ਨੂੰ ਅਮਰੀਕੀ ਉਪ ਰਾਸ਼ਟਰਪਤੀ ਜੇ.ਡੀ. ਵੈਂਸ ਲੋਹਾ ਲਾਖਾ ਹੋਇਆ ਕਹਿ ਰਿਹਾ ਸੀ ਕਿ ਉਸ ਦਾ ਵਰਤਾਰਾ ਅਮਰੀਕਾ ਪ੍ਰਤੀ ‘ਅਪਮਾਨਜਨਕ’ ਹੈ। ਤੁਸੀਂ ਅਮਰੀਕੀ ਹਿਮਾਇਤ ਲਈ ਧੰਨਵਾਦੀ ਨਹੀਂ ਹੋ। ਤੁਸੀਂ ਅਕਤੂਬਰ 2024 ਤੋਂ ਅਮਰੀਕਾ ਅਤੇ ਉਸਦੇ ਰਾਸ਼ਟਰਪਤੀ ਖਿਲਾਫ ਵਿਰੋਧੀ ਮੁਹਿੰਮ ਚਲਾ ਰਹੇ ਹੋ, ਜੋ ਤੁਹਾਡੇ ਦੇਸ਼ ਨੂੰ ਜੰਗ ਦੀ ਬਰਬਾਦੀ ਤੋਂ ਬਚਾਉਣਾ ਚਾਹੁੰਦਾ ਹੈ।
ਰੂਸੀ ਕਾਤਲ:
ਯੁਕਰੇਨ ਦਾ ਰਾਸ਼ਟਰਪਤੀ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਨੂੰ ਉਸਦੇ ਦੇਸ਼ ਵਾਸੀਆਂ ਦਾ ਕਾਤਲ, ਇੱਕੋ ਅੱਤਵਾਦੀ ਰਾਸ਼ਟਰ ਨੇਤਾ ਦਰਸਾ ਰਿਹਾ ਸੀ, ਜਿਸ ਨੇ ਉਸ ਦੇ ਦੇਸ਼ ’ਤੇ ਹਮਲਾ ਕੀਤਾ, ਉਸਦੇ ਖੇਤਰ ਦਾ ਪੰਜਵਾਂ ਹਿੱਸਾ ਦੱਬ ਲਿਆ। ਉਸ ਦਰਿੰਦੇ ਨਾਲ ਉਹ ਆਪਣੀ ਪਵਿੱਤਰ ਧਰਤੀ ਲਈ ਸਮਝੌਤਾ ਨਹੀਂ ਕਰੇਗਾ।
ਬੇਇੱਜ਼ਤੀ:
ਰਾਸ਼ਟਰਪਤੀ ਡੌਨਲਡ ਟਰੰਪ ਯੁਕਰੇਨ ਰਾਸ਼ਟਰਪਤੀ ’ਤੇ ਦਬਾ ਪਾਉਂਦਾ ਨਜ਼ਰ ਆਇਆ, ਜਦੋਂ ਉਸ ਨੇ ਸਾਫ ਕਿਹਾ, “ਜਾਂ ਤਾਂ ਤੁਸੀਂ ਸਮਝੌਤੇ ’ਤੇ ਦਸਤਖਤ ਕਰੋ, ਨਹੀਂ ਤਾਂ ਅਸੀਂ ਇਸ ਤੋਂ ਲਾਂਭੇ ਹਾਂ, ਤੁਹਾਨੂੰ ਜੰਗ ਲੜਨੀ ਪਏਗੀ, ਜੋ ਮੇਰੇ ਅਨੁਸਾਰ ਸਹੀ ਨਹੀਂ ਹੋਵੇਗਾ। ... ਜੇ ਅਸੀਂ ਸਮਝੌਤਾ ਕਰ ਲੈਂਦੇ ਹਾਂ, ਤੁਸੀਂ ਵਧੀਆ ਸਥਿਤੀ ਵਿੱਚ ਹੋਵੋਗੇ। ਪਰ ਤੁਸੀਂ ਸਾਡੇ ਧੰਨਵਾਦ ਦੇ ਪਾਤਰ ਨਹੀਂ ਬਣ ਰਹੇ। ਮੈਂ ਇਮਾਨਦਾਰੀ ਨਾਲ ਕਹਿੰਦਾ ਹਾਂ ਕਿ ਇਹ ਸਹੀ ਨਹੀਂ ਹੋਵੇਗਾ।”
ਟਰੰਪ ਨੇ ਕਦੇ ਕਿਸੇ ਵਿਸ਼ਵ ਆਗੂ ਦੀ ਦਿਲੋਂ ਇੱਜ਼ਤ ਨਹੀਂ ਕੀਤੀ, ਨਾ ਆਪਣੇ ਪਹਿਲੇ ਕਾਰਜਕਾਲ ਵੇਲੇ ਅਤੇ ਨਾ ਹੀ ਹੁਣ ਵਾਲੇ ਦੂਸਰੇ ਕਾਰਜਕਾਲ ਵਿੱਚ, ਜੋ 20 ਜਨਵਰੀ, 2025 ਤੋਂ ਸ਼ੁਰੂ ਹੋਇਆ ਹੈ। ਜਦੋਂ ਜ਼ਲੈਂਸਕੀ ਦਬਾਅ ਹੇਠ ਆਉਂਦਾ ਨਾ ਲੱਗਾ ਤਾਂ ਟਰੰਪ ਤੀਸਰੇ ਨਿਵਾਣ ਭਰੇ ਦਰਜੇ ਦੀ ਲਾਹ-ਪਾਹ ਤੇ ਉੱਤਰ ਪਿਆ, “ਤੁਸੀਂ ਲੱਖਾਂ ਲੋਕਾਂ ਦੀਆਂ ਜਾਨਾਂ ਲਈ ਜੂਏਬਾਜ਼ੀ ਕਰ ਰਹੇ ਹੋ। ਤੁਸੀਂ ਤੀਸਰੀ ਵਿਸ਼ਵ ਜੰਗ ਲਈ ਜੂਏਬਾਜ਼ੀ ਕਰ ਰਹੇ ਹੋ। ਤੁਹਾਡਾ ਦੇਸ਼ ਵੱਡੀ ਮੁਸੀਬਤ ਵਿੱਚੋਂ ਗੁਜ਼ਰ ਰਿਹਾ ਹੈ। ਅਸਾਂ ਤੁਹਾਨੂੰ 350 ਬਿਲੀਅਨ ਡਾਲਰ ਦੀ ਆਰਥਿਕ ਅਤੇ ਫੌਜੀ ਮਦਦ ਦਿੱਤੀ। ਫੌਜੀ ਸਾਜ਼ੋ ਸਮਾਨ ਮੁਹਈਆ ਕਰਾਇਆ, ਨਹੀਂ ਤਾਂ ਦੋ ਹਫਤਿਆਂ ਵਿੱਚ ਜੰਗ ਖਤਮ ਹੋ ਜਾਂਦੀ। ਤੁਸੀਂ ਸਹੀ ਨਹੀਂ ਕਰ ਰਹੇ। ਅਮਰੀਕੀ ਪ੍ਰਸ਼ਾਸਨ ਅਤੇ ਅਮਰੀਕਾ ਦਾ ਅਪਮਾਨ ਕਰ ਰਹੇ ਹੋ। ...” ਸੋ ਇਵੇਂ 10 ਮਿੰਟ ਵਿੱਚ ਇਹ ਇਤਿਹਾਸਕ ਉੱਚ ਪੱਧਰੀ ਵਾਰਤਾ ਤੜੱਕ ਕਰਕੇ ਟੁੱਟ ਗਈ, ਜਦੋਂ ਜ਼ਲੈਂਸਕੀ ਵਾਰਤਾ ਛੱਡ ਚਲਾ ਗਿਆ। ਖਾਣਾ ਵਿੱਚੇ ਰਹਿ ਗਿਆ। ਸਮਝੌਤਾ ਟੁੱਟ ਗਿਆ। ਜ਼ਲੈਂਸਕੀ ਵੱਲੋਂ ਹਡਸਨ ਸੰਸਥਾ ਵਿਖੇ ਰਾਤ ਨੂੰ ਦਿੱਤਾ ਜਾਣ ਵਾਲਾ ਭਾਸ਼ਨ ਸਥਗਿਤ (ਮੁਲਤਵੀ) ਕਰ ਦਿੱਤਾ ਗਿਆ। ਟਰੰਪ ਨੇ ਹੋਰ ਹੇਠਾਂ ਗਿਰਦਿਆਂ ਰਾਸ਼ਟਰਪਤੀ ਜ਼ਲੈਂਸਕੀ ਨੂੰ ਆਪਣੇ ਦੋ ਸਹਿਯੋਗੀਆਂ ਸਕੱਤਰ ਰੂਬੀਓ ਅਤੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਮਾਈਕ ਵਾਲਜ਼ ਨੂੰ ਉਸ ਨੂੰ ਸੁਨੇਹਾ ਦੇਣ ਲਈ ਕਿਹਾ ਕਿ ਉਹ ਬਾਹਰ ਚਲਿਆ ਜਾਵੇ।
ਵਾਈਟ ਹਾਊਸ ਨੇ ਇਹ ਵੀ ਦਰਸਾਉਣ ਦਾ ਯਤਨ ਕੀਤਾ ਕਿ ਯੁਕਰੇਨੀਅਨ ਗੱਲਬਾਤ ਜਾਰੀ ਰੱਖਣਾ ਚਾਹੁੰਦੇ ਸਨ ਪਰ ਉਨ੍ਹਾਂ ਨੂੰ ਇਸ ਸੰਬੰਧੀ ਨਾਂਹ ਕਰ ਦਿੱਤੀ ਗਈ ਹੈ।
ਬਸਤੀ:
ਦਰਅਸਲ ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਅਤੇ ਇਸ ਵਾਰ ਉਸਦੀ ਵਿਸ਼ਵ ਦੇ ਧਨਾਢ ਕਾਰਪੋਰੇਟਰਾਂ ਦੀ ਜੁੰਡਲੀ ਨੇ ਇੱਕ ਨਵੀਂ ਵਿਸ਼ਵ ਭੂਗੋਲਿਕ, ਰਾਜਨੀਤਕ, ਆਰਥਿਕ ਅਤੇ ਵਪਾਰਕ ਵਿਵਸਥਾ ਆਪਣੀ ਪ੍ਰੀਕਲਪਨਾ ਅਨੁਸਾਰ ਸਥਾਪਿਤ ਕਰਨ ਦੀਆਂ ਦਹਿਸ਼ਤ ਅੰਗੇਜ਼ ਧਮਕੀਆਂ, ਅਫਵਾਹਾਂ ਅਤੇ ਦਬਾਵਾਂ ਦਾ ਸਿਲਸਿਲਾ ਸ਼ੁਰੂ ਕਰ ਦਿੱਤਾ।
ਕੈਨੇਡਾ ਨੂੰ 51ਵਾਂ ਸੂਬਾ, ਉਸਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੂੰ ਸ਼੍ਰੀਮਾਨ ਗਵਰਨਰ, ਨਸ਼ਾ ਤਸਕਰੀ ਅਤੇ ਗੈਰ-ਕਾਨੂੰਨੀ ਪ੍ਰਵਾਸ ਨਾ ਰੋਕਣ ਦੇ ਦੋਸ਼ਾਂ ਦੀ ਸਜ਼ਾ ਵਜੋਂ ਗਵਾਂਢੀ ਦੇਸ਼ਾਂ ਕੈਨੇਡਾ ਅਤੇ ਮੈਕਸੀਕੋ ਵੱਲੋਂ ਅਮਰੀਕੀ ਅਯਾਤ ’ਤੇ 25 ਪ੍ਰਤੀਸ਼ਤ ਟੈਰਿਫ, ਚੀਨੀ ਅਯਾਤ ’ਤੇ 10 ਪ੍ਰਤੀਸ਼ਤ ਟੈਰਿਫ, ਮੈਕਸੀਕੋ ਖਾੜੀ ਨੂੰ ਅਮਰੀਕੀ ਖਾੜੀ ਵਿੱਚ ਤਬਦੀਲ ਕਰਨ, ਪਨਾਮਾ ਨਹਿਰ, ਡੈਨਮਾਰਕ ਸੰਬੰਧਿਤ ਵੱਡੇ ਜ਼ਜੀਰੇ ਗ੍ਰੀਨਲੈਂਡ, ਫਨਾਹ ਹੋਈ ਗਾਜ਼ਾ ਪੱਟੀ ’ਤੇ ਕਬਜ਼ੇ, ਵਿਸ਼ਵ ਭਰ ਵਿੱਚੋਂ ਆਯਾਤ ਸਟੀਲ ਅਤੇ ਐਲੂਮੀਨੀਅਮ ਵਸਤਾਂ ’ਤੇ 10 ਪ੍ਰਤੀਸ਼ਤ ਟੈਰਿਫ, ਯੂਰਪੀਨ ਦੇਸ਼ਾਂ ਅਤੇ ਨਾਟੋ ਸੰਗਠਨ ਦੀ ਧੋਣ ’ਤੇ ਗੋਡਾ ਰੱਖਣ ਦੀਆਂ ਧਮਕੀਆਂ ਉੱਤੇ ਅਮਲ ਆਰੰਭ ਦਿੱਤਾ।
ਅਮਰੀਕੀ ਰਾਸ਼ਟਰਪਤੀ ਚੋਣਾਂ ਦੌਰਾਨ ਟਰੰਪ ਨੇ ਜਿੱਤਣ ਦੀ ਸੂਰਤ ਵਿੱਚ ਰੂਸ-ਯੁਕਰੇਨ ਜੰਗ ਬੰਦ ਕਰਾਉਣ ਦਾ ਵਾਅਦਾ ਵੀ ਕੀਤਾ ਸੀ। ਲੇਕਿਨ ਇਸ ਜੰਗਬੰਦੀ ਦੀ ਕੀਮਤ ਕਿਵੇਂ ਯੁਕਰੇਨ ਦੇ ਰਾਸ਼ਟਰਪਤੀ ਜ਼ਲੈਂਸਕੀ ਦੀ ਬਾਂਹ ਮਰੋੜ ਕੇ ਵਸੂਲਣੀ ਚਾਹੁੰਦਾ ਸੀ, ਇਸ ਯੋਜਨਾ ਬਾਰੇ ਵਿਸ਼ਵ ਦਾ ਕੋਈ ਆਗੂ ਨਹੀਂ ਸੀ ਜਾਣਦਾ।
ਯੁਕਰੇਨ ਜੰਗਬੰਦੀ ਜਾਂ ਇਸਦੇ ਭਵਿੱਖ ਬਾਰੇ ਸਾਬਕਾ ਅਮਰੀਕੀ ਰਾਸ਼ਟਰਪਤੀ ਜੋਅ ਬਾਈਡਨ ਦੀ ਨੀਤੀ ਸੀ, “ਯੁਕਰੇਨ ਬਗੈਰ, ਯੁਕਰੇਨ ਸੰਬੰਧੀ ਕੋਈ ਸਮਝੌਤਾ ਨਹੀਂ।” ਪਰ ਟਰੰਪ ਨੇ ਇਸ ਨੀਤੀ ਨੂੰ ਆਪਣੇ ਬੂਟਾਂ ਹੇਠ ਮਸਲਦਿਆਂ ਉਲਟ ਇਹ ਨੀਤੀ ਅਪਣਾਈ ਕਿ ਜ਼ਲੈਂਸਕੀ ਨੂੰ ਵਾਈਟ ਹਾਊਸ ਬੁਲਾ ਕੇ, ਚੁੱਪਚਾਪ ਸਮਝੌਤੇ ’ਤੇ ਦਸਤਖਤ ਕਰਨ ਲਈ ਕਿਹਾ ਜਾਵੇ।
ਇਸ ਮੰਤਵ ਲਈ ਯੁਕਰੇਨ ਨੂੰ ਵਾਰਤਾਲਾਪ ਤੋਂ ਬਾਹਰ ਰੱਖਕੇ ਅਮਰੀਕੀ ਅਤੇ ਰੂਸੀ ਅਧਿਕਾਰੀਆਂ ਦਰਮਿਆਨ ਸ਼ਾਂਤੀਵਾਰਤਾ ਸਾਊਦੀ ਅਰਬ ਵਿੱਚ ਸ਼ੁਰੂ ਕੀਤੀ ਗਈ। ਯੁਕਰੇਨ ’ਤੇ ਦਬਾ ਵਧਾਉਣ ਲਈ ਟਰੰਪ ਨੇ ਹਿਲਟਰ ਦੇ ਸੂਚਨਾ ਮੰਤਰੀ ਜੋਸ਼ਫ ਗੋਬਲਜ਼ ਦੀ ਤਰਜ਼ ’ਤੇ ਝੂਠ ਪ੍ਰਚਾਰਨਾ ਅਰੰਭ ਦਿੱਤਾ। ਯੁਕਰੇਨ ਦੇ ਰਾਸ਼ਟਰਪਤੀ ਜ਼ਲੈਂਸਕੀ ਨੂੰ ‘ਡਿਕਟੇਟਰ’ ਪ੍ਰਚਾਰਨਾ ਸ਼ੁਰੂ ਕਰ ਦਿੱਤਾ, ਜੋ ਚੋਣਾਂ ਬਗੈਰ ਦੇਸ਼ ’ਤੇ ਲੰਬੇ ਸਮੇਂ ਤੋਂ ਕਬਜ਼ਾ ਜਮਾਈ ਬੈਠਾ ਹੈ।
ਦੂਸਰਾ ਵੱਡਾ ਕੁਫਰ ਇਹ ਤੋਲਣਾ ਸ਼ੁਰੂ ਕੀਤਾ ਕਿ ਰੂਸ-ਯੁਕਰੇਨ ਜੰਗ ਵਿੱਚ ਹਮਲਾਵਰ ਯੁਕਰੇਨ ਹੈ। ਪਰ ਹਕੀਕਤ ਵਿੱਚ ਪਰਦੇ ਪਿੱਛੇ ਇਸ ਜੰਗ ਲਈ ਜ਼ਿੰਮੇਵਾਰ ਅਮਰੀਕਾ ਹੈ ਜੋ ਇੱਕ ਤਾਂ ਰੂਸ ਨੂੰ ਕਮਜ਼ੋਰ ਕਰਨ ਲਈ ਜੰਗ ਵਿੱਚ ਉਲਝਾਉਣਾ ਚਾਹੁੰਦਾ ਸੀ, ਦੂਜੇ ਯੁਕਰੇਨ ਨੂੰ ਨਾਟੋ ਦੇਸ਼ਾਂ ਦੇ ਸੰਗਠਨ ਦਾ ਮੈਂਬਰ ਬਣਨ ਲਈ ਉਕਸਾ ਰਿਹਾ ਸੀ। ਰੂਸ ਕਿਸੇ ਵੀ ਸੂਰਤ ਵਿੱਚ ਬਰਦਾਸ਼ਤ ਨਹੀਂ ਸੀ ਕਰ ਸਕਦਾ ਕਿ ਯੁਕਰੇਨ ਨਾਟੋ ਸੰਗਠਨ ਦਾ ਮੈਂਬਰ ਬਣੇ ਅਤੇ ਇਵੇਂ ਨਾਟੋ ਸੰਗਠਨ ਉਸ ਦੀ ਸਰਹੱਦ ’ਤੇ ਆ ਕੇ ਬੈਠ ਜਾਵੇ। ਇਸੇ ਲਈ ਉਸ ਨੇ ਸੰਨ 2014 ਵਿੱਚ ਯੁਕਰੇਨ ਦੇ ਜਜ਼ੀਰੇ ਕਰੀਮਿਆ ’ਤੇ ਕਬਜ਼ਾ ਕਰ ਲਿਆ ਸੀ।
ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਦਾ ਇਰਾਦਾ ਰੂਸ-ਯੁਕਰੇਨ ਜੰਗਬੰਦੀ ਬਹਾਨੇ ਯੁਕਰੇਨ ਦੇ ਜ਼ਮੀਨੀ ਖਣਿਜਾਂ ’ਤੇ ਕਬਜ਼ਾ ਕਰਨਾ ਹੈ। ਖਣਿਜਾਂ, ਤੇਲ, ਗੈਸ ਮਾਲੀਏ ਦਾ 50 ਪ੍ਰਤੀਸ਼ਤ ਉਸਦੀ ਸੁਰੱਖਿਆ, ਬਚਾਉ ਅਤੇ ਵਿਕਾਸ ਬਦਲੇ ਸਲਾਨਾ ਬਟੋਰਨਾ ਸੀ। ਉਸਦਾ ਕਹਿਣਾ ਸੀ ਕਿ ਜਦੋਂ ਅਮਰੀਕੀ ਕਾਰਪੋਰੇਟ ਕੰਪਨੀਆਂ ਉਸ ਦੇ ਖਣਿਜਾਂ ਦੀ ਖੁਦਾਈ ਕਰਨਗੀਆਂ, ਉਸਦੇ ਸੁਰੱਖਿਆ ਦਸਤੇ ਉਨ੍ਹਾਂ ਦੀ ਰਾਖੀ ਕਰਨਗੇ ਤਾਂ ਰੂਸ ਉਸ ਉੱਤੇ ਹਮਲਾ ਕਰਨ ਦੀ ਜੁਰਅਤ ਨਹੀਂ ਕਰੇਗਾ। ਹਕੀਕਤ ਇਹ ਵੀ ਹੈ ਕਿ ਯੁਕਰੇ ਖਣਿਜਾਂ ਵਾਲੀ ਧਰਤੀ ਦਾ ਵਡੇਰਾ ਭਾਗ ਪਹਿਲਾਂ ਹੀ ਰੂਸੀ ਕਬਜ਼ੇ ਹੇਠ ਹੈ, ਜਿਸ ਨੂੰ ਉਹ ਖਾਲੀ ਕਰਨ ਲਈ ਰਾਜ਼ੀ ਨਹੀਂ, ਜਿਵੇਂ ਉਸ ਦੇ ਵਿਦੇਸ਼ ਮੰਤਰੀ ਨੇ ਐਲਾਨ ਕੀਤਾ ਹੈ।
ਚਲਾਕੀ ਤੋਂ ਜਾਣੂ:
ਸੋਵੀਅਤ ਯੂਨੀਅਨ ਕਾਲ ਵੇਲੇ ਦੇ ਪ੍ਰੌੜ੍ਹ ਯੁਕਰੇਨੀ ਅਮਰੀਕੀ ਸਾਮਰਾਜਵਾਦੀ ਲੋਟੂ ਅਤੇ ਮੌਕਾਪ੍ਰਸਤੀ ਨੀਤੀਆਂ ਤੋਂ ਭਲੀਭਾਂਤ ਜਾਣੂ ਹਨ ਕਿਉਂਕਿ ਇਹ ਸੋਵੀਅਤ ਪ੍ਰਾਪੇਗੰਡੇ ਦਾ ਹਿੱਸਾ ਹੁੰਦਾ ਸੀ। ਉਨ੍ਹਾਂ ਨੂੰ ਅਮਰੀਕੀਆਂ ’ਤੇ ਜ਼ਰਾ ਵੀ ਵਿਸ਼ਵਾਸ ਨਹੀਂ ਸੀ। ਹੁਣ ਜਦੋਂ ਯੁਕਰੇਨੀ ਰਾਸ਼ਟਰਪਤੀ ਦੀ ਵਾਈਟ ਹਾਊਸ ਵਿੱਚ ਬਾਂਹ ਮਰੋੜਕੇ ਅਮਰੀਕਾ ਨੇ ਯੁਕਰੇਨ ਨੂੰ ਭਵਿੱਖੀ ਬਸਤੀ ਬਣਾਉਣ ਵਾਲੇ ਸਮਝੌਤੇ ’ਤੇ ਦਸਤਖਤ ਕਰਨ ਲਈ ਦਬਾ ਪਾਇਆ ਤਾਂ ਉਨ੍ਹਾਂ ਦੇ ਮਨ ਵਿੱਚ ਅਮਰੀਕੀ ਸਾਮਰਾਜਵਾਦੀ-ਬਸਤੀਵਾਦੀ ਪਿੱਠ ਵਿੱਚ ਛੁਰਾ ਮਾਰਨ ਵਾਲੇ ਇਰਾਦੇ ਹੋਰ ਪ੍ਰਪੱਕ ਹੋ ਗਏ।
ਜ਼ਲੈਂਸਕੀ ਪ੍ਰਸ਼ੰਸਾ:
ਯੁਕਰੇਨੀ ਰਾਸ਼ਟਰਪਤੀ ਨੇ ਅਮਰੀਕੀ ਰਾਸ਼ਟਰਪਤੀ ਦੀ ਰਿਹਾਇਸ਼ ਵਿੱਚ ਉਸਦੇ ਸਾਹਮਣੇ ਅਜਿਹੇ ਬਸਤੀਵਾਦੀ ਸਮਝੌਤੇ ਤੋਂ ਜਿਵੇਂ ਨਾਂਹ ਕੀਤੀ ਹੈ, ਇਸ ਨਾਲ ਉਸ ਦੀ ਬਹਾਦਰੀ, ਦਲੇਰੀ, ਰਾਸ਼ਟਰ ਭਗਤੀ, ਡਿਪਲੋਮੈਟਿਕ ਸੂਝ ਦੀ ਪ੍ਰਸ਼ੰਸਾ ਸਾਰੇ ਵਿਸ਼ਵ ਵਿੱਚ ਹੋ ਰਹੀ ਹੈ। ਯੂਰਪੀਨ ਯੂਨੀਅਨ ਦੇ ਕਰੀਬ 20 ਦੇਸ਼ਾਂ ਦੇ ਮੁਖੀਆਂ ਨੇ ਉਸ ਦਾ ਸਾਥ ਦੇਣ ਦਾ ਵਿਸ਼ਵਾਸ ਦਿੱਤਾ ਹੈ। ਇਸ ਵਿੱਚ ਫਰਾਂਸ, ਜਰਮਨੀ, ਫਿਨਲੈਂਡ, ਸਵੀਡਨ, ਸਪੇਨ, ਪੁਰਤਗਾਲ, ਅਸਟੋਨੀਆ, ਨੀਦਰਲੈਂਡ, ਡੈਨਮਾਰਕ, ਯੂਰਪੀਨ ਕਮਿਸ਼ਨ ਅਤੇ ਕੌਂਸਲ ਦੇ ਪ੍ਰਧਾਨ ਸ਼ਾਮਲ ਹਨ। ਯੂ.ਕੇ. ਪ੍ਰਧਾਨ ਮੰਤਰੀ ਕੀਰ ਸਟਾਰਮਰ ਨੇ ਤੁਰਕੀ ਰਾਸ਼ਟਰਪਤੀ ਐਰਡੋਗਨ ਨਾਲ ਇਸ ਸੰਬੰਧੀ ਗੱਲਬਾਤ ਕੀਤੀ ਹੈ।
ਅਜੇ ਤਕ ਹੰਗਰੀ ਦੇ ਪ੍ਰਧਾਨ ਮੰਤਰੀ ਵਿਕਟਰ ਆਰਬਨ ਨੇ ਟਰੰਪ ਦੀ ਹਮਾਇਤ ਕੀਤੀ ਹੈ। ਯੂਰਪੀਨ ਵਿਦੇਸ਼ ਨੀਤੀ ਦੇ ਮੁਖੀ ਕਾਜ ਕਾਲੱਸ ਨੇ ਟਰੰਪ ਦੀ ਆਪੇ ਉਸਾਰੀ ਵਿਸ਼ਵ ਲੀਡਰਸ਼ਿੱਪ ਨਕਾਰਦੇ ਹੋਏ ‘ਅਜ਼ਾਦ ਵਿਸ਼ਵ ਨੂੰ ਨਵੀਂ ਲੀਡਰਸ਼ਿੱਪ ਦੀ ਲੋੜ’ ਨੂੰ ਉਭਾਰਿਆ। ਲੋਕਤੰਤਰ ਅਤੇ ਲੋਕਤੰਤਰੀ ਸ਼ਕਤੀਆ ਦੀ ਰਾਖੀ ਲਈ ਅਜੋਕੋ ਏਕਾਧਿਕਾਰਵਾਦੀ ਨਿਰੰਕੁਸ਼ ਕਿਸਮ ਦੇ ਉੱਭਰਦੇ ਸ਼ਾਸਕਾਂ ਨੂੰ ਨਕਾਰਨ ਦੀ ਮੰਗ ਉੱਭਰ ਰਹੀ ਹੈ। ਫਰਾਂਸ ਦੇ ਰਾਸ਼ਟਰਪਤੀ ਇਮੈਨੂਅਲ ਮੈਕਰਾਂ ਨੇ ਰੂਸ ਨੂੰ ਹਮਲਾਵਰ ਕਰਾਰ ਦਿੱਤਾ। ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਅਤੇ ਆਸਟ੍ਰੇਲੀਅਨ ਪ੍ਰਧਾਨ ਮੰਤਰੀ ਐਨਥਨੀ ਅਲਬਾਨੀਜ਼ ਨੇ ਵੀ ਇਸ ਔਖੀ ਘੜੀ ਵਿੱਚ ਯੁਕਰੇਨ ਨਾਲ ਖੜ੍ਹਨ ਦਾ ਐਲਾਨ ਕੀਤਾ।
ਜ਼ਲੈਂਸਕੀ ਦੀ ਦਲੇਰੀ ਨੇ ਕੈਨੇਡੀਅਨ, ਮੈਕਸੀਕਨ, ਪਨਾਮੀਅਨ, ਗ੍ਰੀਨਲੈਂਡਰ ਅਤੇ ਗਾਜ਼ਾ ਲੜਾਕੂ ਹਮਾਸ ਵਿੱਚ ਟਰੰਪ ਦੀਆਂ ਗਿੱਦੜ ਭਬਕੀਆਂ, ਟੈਰਿਫ ਡਰਾਵਿਆਂ ਵਿਰੁੱਧ ਆਪਣੇ ਰਾਸ਼ਟਰੀ ਹਿਤਾਂ ਲਈ ਲੜਨ ਦਾ ਜਜ਼ਬਾ ਪੈਦਾ ਕੀਤਾ ਹੈ। ਭਾਰਤੀ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਬਰਿਕਸ ਸੰਗਠਨ ਦੇ ਖਾਤਮੇ ਦੇ ਟਰੰਪ ਦੇ ਇਰਾਦੇ ਨੂੰ ਚੁਣੌਤੀ ਦਿੰਦੇ ਹੋਏ ਬਰਿਕਸ ਰਾਸ਼ਟਰਾਂ ਦੀ ਇਕਜੁਟਤਾ ਦਾ ਸ਼ੀਸ਼ਾ ਵਿਖਾਇਆ ਹੈ। ਰੂਸ-ਯੁਕਰੇਨ ਜੰਗਬੰਦੀ ਹੋਣੀ ਜ਼ਰੂਰੀ ਹੈ, ਇਸ ਲਈ ਟਰੰਪ ਦੀ ਥਾਂ ਵਿਸ਼ਵ ਦੀਆਂ ਲੋਕਸ਼ਾਹੀ ਅਤੇ ਸ਼ਾਂਤੀ ਪਸੰਦ ਸ਼ਕਤੀਆਂ ਅਤੇ ਆਗੂਆਂ ਨੂੰ ਪਹਿਲ ਕਰਨੀ ਚਾਹੀਦੀ ਹੈ। ਇਹੀ ਸਹੀ ਸਮਾਂ ਅਤੇ ਸਹੀ ਅਜ਼ਮਾਇਸ਼ ਦੀ ਘੜੀ ਹੈ।
* * * * *
ਨੋਟ: ਹਰ ਲੇਖਕ ਸਰੋਕਾਰ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲ ਕੇ ਰੱਖੇ।
ਰਚਨਾਵਾਂ ਸਬੰਧੀ ਆਪਣੇ ਵਿਚਾਰ ਸਾਂਝੇ ਕਰੋ: (This email address is being protected from spambots. You need JavaScript enabled to view it.)