“ਭਾਰਤ-ਅਮਰੀਕਾ ਇਸ ਵੱਡੇ ਆਵਾਜਾਈ, ਵਪਾਰਕ ਅਤੇ ਯੁੱਧਨੀਤਕ ਪ੍ਰਾਜੈਕਟ ਨੂੰ ...”
(22 ਫਰਵਰੀ 2025)
ਵਾਕਿਆ ਹੀ ਅਜੋਕੇ ਗਲੋਬਲ ਅੰਤਰਦੇਸ਼ੀ ਸਹਿਯੋਗ ਦੇ ਸੰਦਰਭ ਵਿੱਚ ਡਿਪਲੋਮੈਟਿਕ ਉੱਤਮਤਾ, ਦੂਰ-ਅੰਦੇਸ਼ੀ, ਸੂਝ-ਬੂਝ ਅਤੇ ਸੰਤੁਲਿਤ ਕਾਇਮ ਰੱਖਣ ਦੀ ਰਚਨਾਤਮਿਕ ਗੁਣਵੱਤਾ ਕੋਈ ਭਾਰਤੀ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਤੋਂ ਸਿੱਖੇ। ਆਪਹੁਦਰੇਪਣ, ਡਿਪਲੋਮੈਟਿਕ ਦਬਦਬੇ, ਵਪਾਰਕ ਸੌਦਾਗਰੀ ਦੇ ਮਾਹਿਰ ਅਤੇ ‘ਅਮਰੀਕਾ ਫਸਟ’ ਨੀਤੀ ’ਤੇ ਅਡਿੱਗ ਅਮਰੀਕਾ ਦੇ ਦੂਸਰੀ ਵਾਰ ਰਾਸ਼ਟਰਪਤੀ ਬਣਨ ਲਈ ਕਿਸਮਤ ਦੇ ਧਨੀ ਡੋਨਾਲਡ ਟਰੰਪ ਨੇ 20 ਜਨਵਰੀ, 2025 ਨੂੰ ਸੱਤਾ ਸੰਭਾਲਣ ਬਾਅਦ ਅਮਰੀਕੀ ਫੌਜੀ ਸ਼ਕਤੀ, ਆਰਥਿਕ ਬਲ ਅਤੇ ਵਪਾਰਕ ਨੀਤੀ ਵਿੱਚ ਹਮਲਾਵਰ ਤਬਦੀਲੀ ਰਾਹੀਂ ਗਲੋਬ ਦਾ ਭੂਗੋਲ ਬਦਲਣ ਦਾ ਐਲਾਨ ਦਰ ਐਲਾਨ ਕਰਦਿਆਂ ਪੂਰੇ ਵਿਸ਼ਵ ਵਿੱਚ ਉਥਲ-ਪੁਥਲ ਮਚਾ ਰੱਖੀ ਹੈ। ਆਪਣੀ ਨਵੀਂ ‘ਪ੍ਰਸਪਰ ਕਰ’ ਨੀਤੀ ਰਾਹੀਂ ਵਿਸ਼ਵ ਭਰ ਦੇ ਅਤੇ ਖਾਸ ਕਰਕੇ ਗੁਆਂਢੀ ਮਿੱਤਰ ਦੇਸ਼ਾਂ ਨੂੰ ਆਰਥਿਕ ਸੰਕਟ ਦੇ ਖੂਹ ਵਿੱਚ ਧਕੇਲਣ ਤੋਂ ਬਾਜ਼ ਨਹੀਂ ਆ ਰਿਹਾ। ਉਸਨੇ ਵਿਸ਼ਵ ਭਰ ਦੇ ਦੇਸ਼ਾਂ ਨਾਲ ਸਟੀਲ ਅਤੇ ਐਲਮਨੀਅਮ ਵਸਤਾਂ ’ਤੇ 25 ਪ੍ਰਤੀਸ਼ਤ ਟੈਰਿਫ ਠੋਕਣ ਦਾ ਐਲਾਨ ਕਰ ਦਿੱਤਾ। ਚੀਨ ਨਾਲ ਤਾਂ ‘ਟੈਰਿਫ ਜੰਗ’ ਸ਼ੁਰੂ ਕਰਦੇ ਜਦੋਂ ਉਸਦੇ ਆਯਾਤ ’ਤੇ 10 ਪ੍ਰਤੀਸ਼ਤ ਠੋਕਿਆ, ਜਵਾਬ ਵਿੱਚ ਉਸਨੇ ਵੀ 10 ਪ੍ਰਤੀਸ਼ਤ ਅਮਰੀਕੀ ਅਯਾਤ ਵਸਤਾਂ ’ਤੇ ਠੋਕ ਦਿੱਤਾ। ਗੁਆਂਢੀ ਕੈਨੇਡਾ ਅਤੇ ਮੈਕਸੀਕੋ ’ਤੇ 25 ਪ੍ਰਤੀਸ਼ਤ ਦੀ ਧਮਕੀ ਉਨ੍ਹਾਂ ਵੱਲੋਂ ਗੱਲਬਾਤ ਰਾਹੀਂ 30 ਦਿਨ ਪਿੱਛੇ ਪਾ ਦਿੱਤੀ। ਕੈਨੇਡਾ ਨੂੰ 51ਵਾਂ ਅਮਰੀਕੀ ਸੂਬਾ ਬਣਾਉਣ, ਮੈਕਸੀਕੋ ਖਾੜੀ ਨੂੰ ਅਮਰੀਕਾ ਖਾੜੀ ਨਾਮ ਦੇਣ, ਨਹਿਰ ਪਨਾਮਾ, ਗ੍ਰੀਨਲੈਂਡ ਜ਼ਜ਼ੀਰੇ, ਗਾਜ਼ਾ ’ਤੇ ਕਬਜ਼ਾ ਕਰਨ ਦੇ ਮਨਸੂਬਿਆਂ ਨੇ ਵਿਸ਼ਵ ਭਰ ਦੇ ਆਗੂਆਂ ਦੀ ਨੀਂਦ ਉਡਾ ਰੱਖੀ ਹੈ। ਇਸੇ ਦੌਰਾਨ ਮਨਸੂਬਿਆਂ ਦੀ ਪੂਰਤੀ ਲਈ ਇਜ਼ਰਾਈਲ, ਜਪਾਨ ਅਤੇ ਜਾਰਡਨ ਦੇ ਆਗੂਆਂ ਨਾਲ ਮਿਲਣੀ ਬਾਅਦ ਚੌਥੇ ਆਗੂ ਭਾਰਤੀ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ 13 ਫਰਵਰੀ, 2025 ਨੂੰ ਵਾਈਟ ਹਾਊਸ ਵਿਖੇ ਉਸ ਨੂੰ ਮਿਲੇ।
ਡਿਪਲੋਮੈਟਿਕ ਗੁਰੂ:
ਭਾਰਤੀ ਪ੍ਰਧਾਨ ਮੰਤਰੀ ਪੂਰੇ ਵਿਸ਼ਵ ਵਿੱਚ ਆਪਣੇ 11 ਸਾਲ ਦੇ ਕਾਰਜਕਾਲ ਵਿੱਚ ਡਿਪਲੋਮੈਟਿਕ ਗੁਰੂ ਵਜੋਂ ਉੱਭਰੇ ਹਨ। ਡੋਨਾਲਡ ਟਰੰਪ ਵਰਗੇ ਆਗੂ ਨਾਲ ਉਸਦੇ ਪਹਿਲੇ ਕਾਰਜਕਾਲ ਵੇਲੇ ਅਤਿ ਮਿੱਤਰਤਾਨਾ ਸੰਬੰਧ, ਕੈਨੇਡਾ ਦੇ ਸਾਬਕਾ ਪ੍ਰਧਾਨ ਮੰਤਰੀ ਸਟੀਫਨ ਹਾਰਪਰ, ਜਪਾਨ ਦੇ ਪ੍ਰਧਾਨ ਮੰਤਰੀਆਂ, ਰੂਸੀ ਰਾਸ਼ਟਰਪਤੀ ਵਲਾਦੀਮੀਰ ਪੂਤਿਨ, ਬ੍ਰਾਜ਼ੀਲ ਦੇ ਰਾਸ਼ਟਰਪਤੀਆਂ, ਅਫਗਾਨ ਆਗੂਆਂ, ਬੰਗਲਾ ਦੇਸ਼ ਦੀ ਸਾਬਕਾ ਪ੍ਰਧਾਨ ਮੰਤਰੀ ਸ਼ੇਖ ਹਸੀਨਾ, ਅਰਬ ਰਾਸ਼ਟਰਾਂ ਤੇ ਅਮਰੀਕਾ ਆਦਿ ਨਾਲ ਉਨ੍ਹਾਂ ਦੇ ਸਾਜ਼ਗਾਰ ਸੰਬੰਧ ਕਿਸੇ ਤੋਂ ਛੁਪੇ ਨਹੀਂ। ਸਤੰਬਰ, 2014 ਵਿੱਚ ਚੀਨੀ ਰਾਸ਼ਟਰਪਤੀ ਸ਼੍ਰੀ ਜਿੰਨ ਪਿੰਗ ਦੀ ਭਾਰਤ ਯਾਤਰਾ ਸਮੇਂ ਸ਼੍ਰੀ ਮੋਦੀ ਨੇ ਜਿਵੇਂ ਦੋਹਾਂ ਦੇਸ਼ਾਂ ਵਿੱਚ ਸਹਿਯੋਗ, 3488 ਕਿਲੋਮੀਟਰ ਲੰਬੀ ਸਰਹੱਦ ’ਤੇ ਸਦੀਵੀ ਸ਼ਾਂਤੀ ਲਈ ਉਨ੍ਹਾਂ ਦੀ ਖ਼ਾਤਰਦਾਰੀ, ਸਨਮਾਨ ਅਤੇ ਰਾਸ਼ਟਰੀ ਪ੍ਰਹੁਣਾਚਾਰੀ ਵਿੱਚ ਕੋਈ ਕਸਰ ਨਹੀਂ ਸੀ ਛੱਡੀ, ਉਸਦੀ ਵਿਸ਼ਵਭਰ ਵਿੱਚ ਸਰਹਾਨਾ ਹੋਈ ਸੀ। ਵੱਖਰੀ ਗੱਲ ਹੈ ਕਿ ਚੀਨੀ ਆਗੂ ਸਮਝ ਨਾ ਸਕੇ। ਇਵੇਂ ਹੀ ਦਸਬੰਰ, 2015 ਨੂੰ ਰੂਸ ਦੌਰੇ ਤੋਂ ਵਾਪਸੀ ਸਮੇਂ ਉਹ ਪਾਕਿਸਾਤਨ ਦੇ ਤੱਤਕਾਲੀ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਦੇ 66ਵੇਂ ਜਨਮ ਦਿਨ ’ਤੇ ਵਧਾਈ ਬਹਾਨੇ ਅਚਾਨਕ ਸਿਰਫ਼ ਸਦੀਵੀ ਮਿੱਤਰਤਾ ਅਤੇ ਅੱਤਵਾਦ ਨਾਲ ਮਿਲਕੇ ਸਿੱਝਣ ਲਈ ਲਾਹੌਰ ਹਵਾਈ ਅੱਡੇ ’ਤੇ ਉੱਤਰ ਕੇ ਉਨ੍ਹਾਂ ਦੇ ਘਰ ਚਲੇ ਗਏ। ਜੇ ਪਾਕਿਸਤਾਨੀ ਆਗੂ ਅਜੇ ਤਕ ਨਹੀਂ ਸਮਝ ਰਹੇ ਤਾਂ ਇਸ ਤੋਂ ਵੱਡੀ ਤ੍ਰਸਾਦੀ ਕੀ ਹੋ ਸਕਦੀ ਹੈ।
ਹੋਮ ਵਰਕ:
ਮੋਦੀ ਸਾਹਿਬ ਅਮਰੀਕੀ ਰਾਸ਼ਟਰਪਤੀ ਦੇ ਦੂਸਰੇ ਕਾਰਜਕਾਲ ਦੇ ਮਨੋਭਾਵਾਂ ਦੇ ਡੁੰਘਾਈ ਨਾਲ ਵਿਸ਼ਲੇਸ਼ਣ ਕਰਦੇ ਪੂਰਾ ਹੋਮ ਵਰਕ ਕਰਕੇ ਵਾਸ਼ਿੰਗਟਨ ਪੁੱਜੇ ਸਨ, ਫਰਾਂਸ ਯਾਤਰਾ ਬਾਅਦ। ਉਨ੍ਹਾਂ ਨੇ ਟਰੰਪ ਦੀ ਵਪਾਰਕ ਜੰਗ ਸੋਚ ਨੂੰ ਭਾਰਤ ਪ੍ਰਤੀ ਠੰਢਾ ਕਰਨ ਲਈ ਬੱਜਟ ਵਿੱਚ ਜਿਨ੍ਹਾਂ ਅਮਰੀਕੀ ਵਸਤਾਂ ’ਤੇ ਮੂੰਹ ਚਿੜਾਉਣ ਵਾਲਾ ਭਾਰੀ ਟੈਰਿਫ ਲਗਾ ਹੋਇਆ ਸੀ, ਉਸ ਵਿੱਚ ਕਟੌਤੀ ਕਰ ਦਿੱਤੀ। ਅਮਰੀਕੀ ਵਸਤਾਂ ’ਤੇ ਔਸਤ ਟੈਰਿਫ 13 ਪ੍ਰਤੀਸ਼ਤ ਤੋਂ ਘਟਾ ਕੇ 11 ਪ੍ਰਤੀਸ਼ਤ ਕਰ ਦਿੱਤਾ। ਵੈਸੇ ਵੀ ਗਲੋਬਲ ਵਪਾਰ ਖੋਜ ਸੰਸਥਾ ਦੇ ਸੰਸਥਾਪਕ ਅਨੁਸਾਰ 75 ਪ੍ਰਤੀਸ਼ਤ ਅਮਰੀਕੀ ਆਯਾਤ ਵਸਤਾਂ ’ਤੇ 5 ਪ੍ਰਤੀਸ਼ਤ ਟੈਕਸ ਹੈ। ਭਾਰਤ ਵਿੱਚੋਂ ਅਮਰੀਕਾ ਨਿਰਯਾਤ ਵਸਤਾਂ ’ਤੇ ਔਸਤਨ 3 ਪ੍ਰਤੀਸ਼ਤ ਟੈਕਸ ਲਗਦਾ ਹੈ। ਇਹ ਵੀ ਸਹੀ ਹੈ ਕਿ ਇਨ੍ਹਾਂ ਕਰਕੇ ਅਮਰੀਕਾ ਨੂੰ 45.7 ਬਿਲੀਅਨ ਵਪਾਰ ਘਾਟਾ ਪੈਂਦਾ ਹੈ। ਨਵੰਬਰ, 2024 ਵਿੱਚ 82.52 ਅਰਬ ਡਾਲਰ ਦੇ ਵਪਾਰ ਵਿੱਚੋਂ ਭਾਰਤੀ ਨਿਰਯਾਤ 52.89 ਅਰਬ ਡਾਲਰ ਦਾ ਸੀ ਜਦੋਂ ਕਿ ਅਮਰੀਕੀ ਆਯਾਤ 29.63 ਅਰਬ ਡਾਲਰ ਸੀ। ਸੋ ਅਮਰੀਕੀ-ਭਾਰਤੀ ਵਪਾਰ ਨੂੰ ਸੰਤੁਲਿਤ ਕਰਨ ਸੰਬੰਧੀ ਪੂਰੀ ਕਵਾਇਦ ਪ੍ਰਧਾਨ ਮੰਤਰੀ ਕਰਕੇ ਗਏ ਸਨ।
ਨਾਯਾਬ ਸਨਮਾਨ:
145 ਕਰੋੜ ਭਾਰਤੀਆਂ, ਵਿਸ਼ਵ ਦੀ ਸਭ ਤੋਂ ਵੱਡੀ ਮੰਡੀ, ਸਭ ਤੋਂ ਵੱਡੇ ਲੋਕਤੰਤਰ ਦੇ ਆਗੂ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਜਿਵੇਂ ਪੂਰੀ ਸਜ-ਧਜ, ਮਾਣ-ਸਨਮਾਨ ਅਤੇ ਅਲੌਕਿਕ ਸ਼ਿਸ਼ਟਾਚਾਰ ਰਾਹੀਂ ਵਾਈਟ ਹਾਊਸ ਵਿੱਚ ਰਾਸ਼ਟਰਪਤੀ ਟਰੰਪ ਨੇ ਆਉ ਭਗਤ ਕੀਤੀ, ਉਸ ਤੋਂ ਪੂਰਾ ਵਿਸ਼ਵ ਦੰਗ ਰਹਿ ਗਿਆ। ਉਨ੍ਹਾਂ ਦੀ ਪਤਨੀ ਮੇਲੀਨੀਆ ਸ਼੍ਰੀ ਮੋਦੀ ਨੂੰ ਵਾਈਟ ਹਾਊਸ ਦੇ ਬਾਹਰੋਂ ਅੰਦਰ ਲੈ ਕੇ ਗਈ। ‘ਵੀ ਮਿਸ ਯੂ ਆ ਲਾਟ’ ਕਹਿੰਦੇ ਟਰੰਪ ਬਗਲਗੀਰ ਹੋਏ!’ ‘ਗਰੇਟ ਟੂ ਸੀ ਯੂ ਅਗੇਨ’, ‘ਗਰੇਟ ਫਰੈਂਡ ਆਫ ਮਾਈਨ’ ਆਦਿ ਮੋਹ ਭਰੇ ਸ਼ਬਦਾਂ ਦੀ ਵਰਖਾ ਕੀਤੀ। ਵਿਜ਼ਟਰ ਬੁੱਕ ’ਤੇ ਅਨੁਭਵ ਲਿਖਣ ਵੇਲੇ ਰਾਸ਼ਟਰਪਤੀ ਟਰੰਪ ਨੇ ਕੁਰਸੀ ਖਿੱਚ ਕੇ ਪਿੱਛੇ ਕਰਕੇ ਬਿਠਾਇਆ ਅਤੇ ਉਨ੍ਹਾਂ ਪਿੱਛੇ ਆਦਰ ਸਹਿਤ ਖੜ੍ਹੇ ਰਹੇ। ਪਿਛਲੇ ਕਾਰਜਕਾਲ ਦੀਆਂ ਮਿਲਣੀਆਂ ਦੀ ਬੁਕਲੈਟ ਪੇਸ਼ ਕਰਦੇ ਟਰੰਪ ਨੇ ਲਿਖਿਆ, ‘ਪ੍ਰਧਾਨ ਮੰਤਰੀ ਜੀ ਤੁਸੀਂ ਮਹਾਨ ਹੋ?’
ਵਪਾਰਕ ਸਮਝੌਤੇ:
ਕਾਰੋਬਾਰ ਵਪਾਰ ਦਾ ਮੂਲ ਮੰਤਰ ਲਾਭ ਹੁੰਦਾ ਹੈ। ਦੋਹਾਂ ਰਾਸ਼ਟਰਾਂ ਨੇ ਆਪਸੀ ਲਾਭ, ਵਿਕਾਸ, ਮਿਲਵਰਤਨ, ਨਿੱਘੇ ਸੰਬੰਧਾਂ ਖਾਤਰ ਸਪੇਸ ਯਾਤਰਾ, ਕੌਮਾਂਤਰੀ ਸੁਰੱਖਿਆ, ਊਰਜਾ ਅਤੇ ਆਵਾਜਾਈ ਖੇਤਰਾਂ ਸੰਬੰਧੀ ਸਮਝੌਤੇ ਕੀਤੇ। ਸੰਨ 2023 ਵਿੱਚ ਭਾਰਤ ਅਤੇ ਅਮਰੀਕਾ ਦਰਮਿਆਨ 190 ਬਿਲੀਅਨ ਡਾਲਰ ਦਾ ਵਪਾਰ ਦਰਜ ਕੀਤਾ ਗਿਆ। ਸੰਨ 2030 ਤਕ ਇਸ ਵਿੱਚ ਵਾਧਾ ਕਰਦਿਆਂ 500 ਬਿਲੀਅਨ ਡਾਲਰ ਸਲਾਨਾ ਤਕ ਪਹੁੰਚਾਉਣ ਦਾ ਟੀਚਾ ਮਿਥਿਆ ਗਿਆ।
ਸਭ ਜਾਣਦੇ ਹਨ ਕਿ ਸੁਰੱਖਿਆ ਖੇਤਰ ਵਿੱਚ ਭਾਰਤ ਅਤੇ ਰੂਸ ਵੱਡੇ ਭਾਈਵਾਲ ਹਨ। ਅਮਰੀਕਾ ਨਾਲ ਭਾਰਤ ਨੇ ਇਸ ਖੇਤਰ ਵਿੱਚ 20 ਬਿਲੀਅਨ ਡਾਲਰ ਦੇ ਸੌਦੇ ਕਰਨ ਦਾ ਨਿਰਣਾ ਕੀਤਾ ਹੈ। ਅਮਰੀਕਾ ਭਾਰਤ ਨੂੰ ਤਕਨੀਕ ਸਹਿਤ ਪੰਜਵੀਂ ਪੀੜ੍ਹੀ ਦੇ ਐੱਫ 35 ਲੜਾਕੂ ਜੈੱਟ ਹਵਾਈ ਜਹਾਜ਼ ਸਪਲਾਈ ਕਰੇਗਾ। ਸ਼ਾਇਦ ਇਹ ਭਾਰਤ ਰੂਸੀ ਲੜਾਕੂ ਜੈੱਟ ਸੁਖੋਈ 57 ਦੀ ਥਾਂ ਇਹ ਖਰੀਦ ਰਿਹਾ ਹੈ। ਪਿਛਲੇ ਸਾਲ ਭਾਰਤ ਲੰਬੀ ਗੱਲਬਾਤ ਬਾਅਦ ਅਮਰੀਕੀ 31 ਐੱਮ.ਕਿਊ.ਸੀ. ਅਤੇ ਸਕਾਈ ਗਾਰਡੀਅਨ ਡਰੋਨ ਖਰੀਦਣ ਲਈ ਤਿਆਰ ਹੋ ਗਿਆ ਸੀ। ਅਮਰੀਕੀ ਖੋਜ ਸੇਵਾ ਅਨੁਸਾਰ ਭਾਰਤ ਆਪਣੀ ਫੌਜ ਨੂੰ ਅਤਿ ਆਧੁਨਿਕ ਬਣਾਉਣ ਲਈ 200 ਬਿਲੀਅਨ ਡਾਲਰ ਖਰਚਣ ਜਾ ਰਿਹਾ ਹੈ।
ਭਾਰਤ-ਅਮਰੀਕਾ ਇਸ ਵੱਡੇ ਆਵਾਜਾਈ, ਵਪਾਰਕ ਅਤੇ ਯੁੱਧਨੀਤਕ ਪ੍ਰਾਜੈਕਟ ਨੂੰ ਮੂਲ ਰੂਪ ਵਿੱਚ ਚੀਨ ਦੇ ਬੈੱਲਟ ਐਂਡ ਰੋਡ ਪ੍ਰਾਜੈਕਟ ਮੁਕਾਬਲੇ ਉਸਾਰਨ ਲਈ ਸਹਿਮਤ ਹੋ ਗਏ ਹਨ, ਜੋ ਭਾਰਤ ਤੋਂ ਇਸਰਾਈਲ, ਇਟਲੀ, ਯੂਰਪ ਅਤੇ ਅਮਰੀਕਾ ਤਕ ਜਾਏਗਾ। ਇਹ ਰਸਤੇ ਵਿੱਚ ਬੰਦਰਗਾਹਾਂ, ਰੇਲਵੇ, ਸਮੁੰਦਰ ਹੇਠਾਂ ਰਸਤਿਆਂ, ਕੇਬਲਾਂ ਰਾਹੀਂ ਜੋੜਿਆ ਜਾਵੇਗਾ। ਚੀਨ ਨਾਲ ਮੁਕਾਬਲੇਬਾਜ਼ੀ ਕਰਕੇ ਇਸ ਪ੍ਰਾਜੈਕਟ ਦੀ ਅਗਵਾਈ ਅਮਰੀਕਾ ਕਰੇਗਾ।
ਅੱਤਵਾਦ ਨਾਲ ਲੜਨਾ:
ਕੌਮਾਂਤਰੀ ਅਤਿਵਾਦ ਖਿਲਾਫ ਦੋਵੇਂ ਦੇਸ਼ ਮਿਲ ਕੇ ਲੜਨ ਲਈ ਰਾਜ਼ੀ ਹੋ ਗਏ ਹਨ। ਟਰੰਪ ਪ੍ਰਸ਼ਾਸਨ ਨੇ ਇਸ ਸੰਬੰਧ ਵਿੱਚ ਵੱਡੀ ਕਾਰਵਾਈ ਕਰਦੇ ਸ਼ਿਕਾਗੋ ਕਾਰੋਬਾਰੀ ਤੁਹਵਰ ਹੁਸੈਨ ਰਾਣਾ ਨੂੰ ਭਾਰਤ ਹਵਾਲੇ ਕਰਨ ਦਾ ਫੈਸਲਾ ਲਿਆ ਹੈ। ਸੰਨ 2013 ਵਿੱਚ ਅਮਰੀਕੀ ਫੈਡਰਲ ਅਦਾਲਤ ਨੇ ਇਸ ਪਾਕਿਸਤਾਨੀ ਕੈਨੇਡੀਅਨ ਨਾਗਰਿਕ ਨੂੰ ਡੈਨਮਾਰਕ ਸੰਬੰਧੀ ਅੱਤਵਾਦੀ ਸਾਜ਼ਿਸ਼ ਵਿੱਚ ਸਾਜ਼ੋ-ਸਮਾਨ ਸਪਲਾਈ ਦੇ ਦੋਸ਼ ਹੇਠ ਸਜ਼ਾ ਸੁਣਾਈ ਸੀ। ਇਸ ਨੇ ਸੰਨ 2008 ਵਿੱਚ 26/11 ਮੁੰਬਈ ਹਮਲਿਆਂ ਵਿੱਚ ਸਾਜ਼ੋ-ਸਮਾਨ ਸਪਲਾਈ ਕੀਤਾ ਸੀ, ਜਿਸ ਵਿੱਚ 175 ਲੋਕ ਮਾਰੇ ਗਏ ਸਨ। ਸ਼੍ਰੀ ਮੋਦੀ ਨੇ ਇਸ ਹਮਲੇ ਨੂੰ ਨਸਲਘਾਤੀ ਹਮਲਾ ਗਰਦਾਨਿਆ ਸੀ। ਪਾਕਿਸਤਾਨ ਅੰਦਰ ਸਰਕਾਰੀ ਅਤੇ ਗੈਰ-ਸਰਕਾਰੀ ਸ਼ਹਿ, ਸਿਖਲਾਈ, ਮਾਰੂ ਹਥਿਆਰ ਸਪਲਾਈ ਕਰਕੇ ਅੱਤਵਾਦੀ ਗਰੁੱਪਾਂ ਵਿਰੁੱਧ ਵੀ ਕਾਰਵਾਈ ਦਾ ਨਿਰਣਾ ਲਿਆ ਗਿਆ। ਇਵੇਂ ਹੀ ਰੈਡੀਕਲ ਇਸਲਾਮਿਕ ਅਤਿਵਾਦ ਗਰੁੱਪਾਂ ਵਿਰੁੱਧ।
ਗੈਰ-ਕਾਨੂੰਨੀ ਪ੍ਰਵਾਸ:
ਸ਼੍ਰੀ ਮੋਦੀ ਨੇ ਗੈਰ-ਕਾਨੂੰਨੀ ਪ੍ਰਵਾਸ ਦਾ ਵਿਰੋਧ ਕਰਦੇ ਅਮਰੀਕਾ ਨੂੰ ਪੂਰੀ ਸਹਾਇਤਾ ਅਤੇ ਮਿਲਵਰਤਣ ਦਾ ਭਰੋਸਾ ਦਿੱਤਾ। ਉਸ ਰਾਸ਼ਟਰੀ ਅਤੇ ਕੌਮਾਂਤਰੀ ਪੱਧਰ ਇਸ ਸਮੱਸਿਆ ਨੂੰ ਪੈਦਾ ਕਰਨ ਵਾਲੇ ਗ੍ਰੋਹਾਂ ਵਿਰੁੱਧ ਕਾਰਵਾਈ ਕਰਨ ਦਾ ਵਚਨ ਦਿੱਤਾ। ਇਹ ਨੌਜਵਾਨਾਂ ਅਤੇ ਪਰਿਵਾਰਾਂ ਦੇ ਭਵਿੱਖ ਨੂੰ ਬਰਬਾਦ ਕਰ ਰਿਹਾ ਹੈ।
ਬੰਗਲਾ ਦੇਸ਼:
ਸ਼ੇਖ ਹਸੀਨਾ ਦੇ ਰਾਜ ਪਲੇਟ ਲਈ ਅਮਰੀਕੀ ਡੀਪ ਸਟੇਟ ਦਾ ਬਾਈਡਨ ਪ੍ਰਸ਼ਾਸਨ ਵੇਲੇ ਹੱਥ ਦੱਸਿਆ ਜਾਂਦਾ ਸੀ, ਕਿਉਂਕਿ ਉਸਨੇ ਅਮਰੀਕਾ ਨੂੰ ਫੌਜੀ ਅੱਡੇ ਲਈ ਖਾੜੀ ਬੰਗਾਲ ਵਿੱਚ ਜਗ੍ਹਾ ਦੇਣ ਤੋਂ ਨਾਂਹ ਕਰ ਦਿੱਤੀ ਸੀ। ਸ਼ੇਖ ਹਸੀਨਾ ਨੂੰ ਭਾਰਤ ਨੇ ਰਾਜਨੀਤਕ ਪਨਾਹ ਦੇ ਰੱਖੀ ਹੈ। ਡੋਨਾਲਡ ਟਰੰਪ ਨੇ ਇਹ ਮਸਲਾ ਮੋਦੀ ’ਤੇ ਛੱਡ ਦਿੱਤਾ ਹੈ ਅਤੇ ਅਮਰੀਕੀ ਦਖ਼ਲ ਤੋਂ ਨਾਂਹ ਕਰ ਦਿੱਤੀ ਹੈ। ਚੀਨ-ਭਾਰਤ ਤਨਾਜ਼ਿਆਂ ਵਿੱਚ ਵੀ ਉਸ ਨੇ ਕਿਸੇ ਵੀ ਤਰ੍ਹਾਂ ਦੇ ਦਖ਼ਲ ਤੋਂ ਕੋਰੀ ਨਾਂਹ ਕਰ ਦਿੱਤੀ ਹੈ। ਰੂਸ-ਯੂਕ੍ਰੇਨ ਜੰਗ ਵਿੱਚ ਭਾਰਤ ਨੇ ਸ਼ਾਂਤੀ ਪੱਖੀ ਦਰਸਾਉਂਦੇ ਟਰੰਪ ਨੂੰ ਇਸਦੇ ਹੱਲ ਲਈ ਅੱਗੇ ਵਧਣ ਲਈ ਕਿਹਾ ਹੈ।
ਮੈਗਾ-ਮੀਗਾ:
ਜੇ ਟਰੰਪ ਨੇ ਭਾਰਤ ਨੂੰ ਟੈਰਿਫ ਤੋਂ ਰਾਹਤ ਤੋਂ ਨਾਂਹ ਕੀਤੀ ਹੈ ਅਤੇ ਰਾਹਤ ਲਈ ਉਸ ਤੋਂ ਤੇਲ ਅਤੇ ਗੈਸ ਖਰੀਦਣ ਦਾ ਪ੍ਰਸਤਾਵ ਰੱਖਿਆ ਹੈ, ਤਾਂ ਮੋਦੀ ਨੇ ਸਪਸ਼ਟ ਕਿਹਾ ਜਿਵੇਂ ਉਹ ‘ਮੈਗਾ’ (Make America Great Again) ਤਹਿਤ ਅਮਰੀਕਾ ਨੂੰ ਮੁੜ ਮਹਾਨ ਬਣਾਉਣਾ ਚਾਹੁੰਦਾ ਹੈ ਤਾਂ ਉਹ (ਮੋਦੀ) ‘ਮੀਗਾ’ (Make India Great Again) ਤਹਿਤ ਭਾਰਤ ਨੂੰ ਮੁੜ ਵਿਸ਼ਵ ਗੁਰੂ ਸਿਰਜਣਾ ਚਾਹੁੰਦਾ ਹੈ। ਹਾਂ, ਦੋਵੇਂ ਮਿਲ ਕੇ ਇੱਕ-ਇੱਕ, ਦੋ ਗਿਆਰਾਂ ਹੋ ਸਕਦੇ ਹਨ। ਮੋਦੀ ਦਾ ਲੋਹਾ ਮੰਨਦੇ ਟਰੰਪ ਨੇ ਉਸ ਨੂੰ ਆਪਣੇ ਨਾਲੋਂ ਉੱਤਮ ਸੌਦਾਗਰ ਦਰਸਾਇਆ।
ਦੋ ਮਹਾਨ ਲੋਕਤੰਤਰੀ ਦੇਸ਼ਾਂ ਦੇ ਆਗੂਆਂ ਟਰੰਪ ਅਤੇ ਮੋਦੀ ਦਰਮਿਆਨ ਇਹ ਵਪਾਰਕ, ਰਾਜਨੀਤਕ, ਡਿਪਲੋਮੈਟਿਕ ਮਿਲਣੀ ਬਹੁਤ ਹੀ ਸਾਜ਼ਗਾਰ ਅਤੇ ਅਰਥ ਭਰਪੂਰ ਰਹੀ, ਜੋ ਦੋਹਾਂ ਦੇਸ਼ਾਂ ਦੇ ਵਿਕਾਸ ਅਤੇ ਲੋਕਾਂ ਦੀ ਖੁਸ਼ਹਾਲੀ ਲਈ ਲਾਹੇਵੰਦ ਸਿੱਧ ਹੋਵੇਗੀ।
* * * * *
ਨੋਟ: ਹਰ ਲੇਖਕ ਸਰੋਕਾਰ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲ ਕੇ ਰੱਖੇ।
ਰਚਨਾਵਾਂ ਸਬੰਧੀ ਆਪਣੇ ਵਿਚਾਰ ਸਾਂਝੇ ਕਰੋ: (This email address is being protected from spambots. You need JavaScript enabled to view it.)