“ਕੈਨੇਡੀਅਨ ਲੋਕਾਂ ਅਤੇ ਅਮਰੀਕੀ ਲੋਕਾਂ ਵਿੱਚ ਆਪਸੀ ਰਿਸ਼ਤੇ, ਮੇਲਜੋਲ, ਭਾਈਚਾਰਾ ਸਦੀਆਂ ...”
(12 ਮਾਰਚ 2025)
ਜਦੋਂ ਤੋਂ ਆਪਣੇ ਦੂਸਰੇ ਕਾਰਜਕਾਲ ਦੀ ਸ਼ੁਰੂਆਤ ਕਰਦੇ ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਨੇ 20 ਜਨਵਰੀ, 2025 ਨੂੰ ਸਹੁੰ ਚੁੱਕੀ ਹੈ, ਪੂਰੇ ਵਿਸ਼ਵ ਅੰਦਰ ਅਮਰੀਕੀ ਅਤੇ ਦੂਸਰੇ ਰਾਸ਼ਟਰਾਂ ਦਰਮਿਆਨ ਆਪਸੀ ਡਿਪਲੋਮੈਟਿਕ, ਕੌਮਾਂਤਰੀ, ਆਰਥਿਕ, ਵਪਾਰਕ, ਯੁੱਧਨੀਤਕ ਰਿਸ਼ਤਿਆਂ ਵਿੱਚ ਭੂਚਾਲ ਆਇਆ ਪਿਆ ਹੈ। ਸਾਰਾ ਵਿਸ਼ਵ, ਵੱਖ-ਵੱਖ ਦੇਸ਼ਾਂ ਦੇ ਆਗੂ, ਕੌਮਾਂਤਰੀ ਰਾਜਨੀਤੀ, ਕਾਨੂੰਨ ਅਤੇ ਡਿਪਲੋਮੇਸੀ ਦੇ ਮਾਹਿਰ ਹੈਰਾਨ ਹਨ। ਜਿੰਨੀ ਤੇਜ਼ ਗਤੀ ਨਾਲ ਅਮਰੀਕੀ ਰਾਸ਼ਟਰਪਤੀ ਆਪਣੀ ਸੋਚ ਅਤੇ ਸਟੈਂਡ ਬਦਲ ਰਿਹਾ ਹੈ, ਇਸਦਾ ਕਿਸੇ ਵੀ ਪ੍ਰਬੁੱਧ ਤੋਂ ਪ੍ਰਬੁੱਧ ਵਿਅਕਤੀ ਲਈ ਅੰਦਾਜ਼ਾ ਲਾਉਣਾ ਬਹੁਤ ਔਖਾ ਹੈ। ਲੇਕਿਨ ਜਿਵੇਂ ਰਸ਼ਟਰਪਤੀ ਟਰੰਪ ਅੱਖ ਦੇ ਫੋਰ ਵਿੱਚ ਕਦੇ ਦੋ ਕਦਮ ਅੱਗੇ, ਇੱਕ ਕਦਮ ਪਿੱਛੇ, ਕਦੇ ਤੋਲਾ ਅਤੇ ਕਦੇ ਮਾਸਾ ਜਿਹਾ ਵਤੀਰਾ ਆਪਣਾ ਰਹੇ ਹਨ, ਇਸ ਤੋਂ ਇੰਜ ਪ੍ਰਤੀਤ ਹੁੰਦਾ ਹੈ ਕਿ ਜਿਵੇਂ ਕੋਈ ਅਜੀਬ ਕਿਸਮ ਦਾ ‘ਸਾਈਕੋਡਰਾਮਾ’ ਚੱਲ ਰਿਹਾ ਹੋਵੇ।
ਹਮਲਾਵਰ ਨੀਤੀ: ਡੌਨਡਲ ਟਰੰਪ ਨੇ ਇੱਕ ਵਾਰ ਫਿਰ ਪੂਰੇ ਵਿਸ਼ਵ ਨੂੰ ਆਪਣੀ ਆਰਥਿਕ, ਫੌਜੀ ਅਤੇ ਡਿਪਲੋਮੈਟਿਕ ਸਰਦਾਰੀ ਹੇਠ ਦਬਾਉਣ ਲਈ ‘ਅਮਰੀਕੀ ਹਮਲਾਵਰ ਥਾਣੇਦਾਰੀ’ ਨੀਤੀ ਨੂੰ ਅਮਲ ਵਿੱਚ ਲਿਆਉਣ ਦੇ ਯਤਨ ਸ਼ੁਰੂ ਹੀ ਨਹੀਂ ਕੀਤੇ ਬਲਕਿ ਇਸ ਵਾਰ ਆਪਣੇ ਸਰਮਾਏਦਰਾਨਾ ਸਾਮਰਾਜ ਦੇ ਪਸਾਰ ਲਈ ਗੁਆਂਢੀ ਪ੍ਰਭੂਸੱਤਾ ਸੰਪੰਨ ਦੇਸ਼ ਕੈਨੇਡਾ ਨੂੰ ਅਮਰੀਕਾ ਵਿੱਚ ਮਿਲਾ ਕੇ 51ਵਾਂ ਸੂਬਾ ਬਣਾਉਣ, ਖਣਿਜ ਭੰਡਾਰਾਂ ਨਾਲ ਭਰਪੂਰ ਗਰੀਨਲੈਂਡ ਜਜ਼ੀਰੇ ’ਤੇ ਕਬਜ਼ਾ ਕਰਨ, ਜੋ ਯੂਰਪੀ ਦੇਸ਼ ਡੈਨਮਾਰਕ ਦੀ ਪੁਰਾਣੀ ਬਸਤੀ ਹੈ, ਯੁੱਧਨੀਤਕ ਸਥਿਤੀ ਪੱਖੋਂ ਲਾਭਕਾਰੀ ਪਨਾਮਾ ਨਹਿਰ ਅਤੇ ਇਸਦੀ ਸ਼ਹਿ, ਫੌਜੀ ਸਹਿਯੋਗ, ਆਰਥਿਕ ਮਦਦ ਨਾਲ ਇਜ਼ਰਾਈਲ ਵੱਲੋਂ ਢਾਹ-ਢੇਰੀ ਕੀਤੇ ਹਮਸ ਫਸਲਤਨੀਆਂ ਦੇ ਗਾਜ਼ਾ ਪੱਟੀ ਇਲਾਕੇ ’ਤੇ ਕਬਜ਼ਾ, ਚੀਨ ਅਤੇ ਆਪਣੇ ਗਵਾਂਢੀ ਮਿੱਤਰ ਦੇਸ਼ਾਂ ਕੈਨੇਡਾ ਅਤੇ ਮੈਕਸੀਕੋ ’ਤੇ ਟੈਰਿਫ ਠੋਕਣਾ, ਪੂਰੇ ਵਿਸ਼ਵ ਦੇ ਦੇਸ਼ਾਂ ਤੋਂ ਬਰਾਬਰ ਟੈਰਿਫ ਲਗਾਉਣ ਦਾ ਇਰਾਦਾ ਜੱਗ ਜ਼ਾਹਿਰ ਕਰਨਾ।
ਉਸ ਵੱਲੋਂ ਜਾਰਡਨ ਦੇ ਸ਼ਾਹ ਅਬਦੁੱਲਾ ਤੇ ਉੱਜੜੇ ਫਲਸਤੀਨੀਆਂ ਨੂੰ ਆਪਣੇ ਦੇਸ਼ ਵਿੱਚ ਮਿਸਰ ਸਮੇਤ ਵਸਾਉਣ ਦਾ ਦਬਾਅ ਵਾਈਟ ਹਾਊਸ ਬੁਲਾ ਕੇ ਦਬਾਅ ਪਾਉਣਾ, ਭਾਰਤ ਦੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨਾਲ ਇੱਕ ਪਾਸੇ ਐੱਫ-35 ਲੜਾਕੂ ਜਹਾਜ਼ਾਂ ਸਮੇਤ ਵਪਾਰ ਸਮਝੌਤੇ ਕਰਨਾ ਦੂਸਰੇ ਪਾਸੇ ਬਰਿਕਸ ਸੰਗਠਨ ਸਮਾਪਤੀ ਅਤੇ ਬਰਾਬਰ ਟੈਰਿਫ ਠੋਕਣ ਦੇ ਗੈਰ ਮਿੱਤਰਤਾਨਾ ਸੰਕੇਤ ਦੇਣਾ, ਯੁਕਰੇਨੀ ਰਾਸ਼ਟਰਪਤੀ ਵਲੋਦੋਮੀਰ ਜ਼ਲੈਂਸਕੀ ਵੱਲੋਂ ਬਾਂਹ ਮਰੋੜ ਰੂਸ-ਯੁਕਰੇਨ ਜੰਗ ਸੰਬੰਧੀ ਸ਼ਾਂਤੀ ਸਮਝੌਤਾ ਕਰਨ ਤੋਂ ਨਾਂਹ ਕਰਨ ’ਤੇ ਬੇਇੱਜ਼ਤ ਕਰਕੇ ਵਾਈਟ ਹਾਊਸ ਤੋਂ ਬਾਹਰ ਕੀਤਾ ਜਾਣਾ ਆਦਿ ਉਸ ਦੀ ਭੱਦੀ, ਅਨੈਤਿਕ ਅਤੇ ਨਿੰਦਣਯੋਗ ਡਿਪਲੋਮੇਸੀ ਦੇ ਸਬੂਤ ਹਨ।
ਹੈਰਾਨਗੀ ਇਸ ਗੱਲ ਦੀ ਹੈ ਕਿ ਅਮਰੀਕੀ ਰਾਸ਼ਟਰਪਤੀ ਦੀ ਅਜਿਹੀ ਹਮਲਾਵਰ, ਬੇਇੱਜ਼ਤੀ ਭਰਪੂਰ ਅਤੇ ਕਬਜ਼ਾਕਾਰੀ ਨੀਤੀ ਦਾ ਕਿਸੇ ਵੀ ਵਿਸ਼ਵ ਸੰਸਥਾ ਜਿਵੇਂ ਯੂ.ਐੱਨ.ਓ., ਯੂਰਪੀਨ ਯੂਨੀਅਨ, ਅਰਬ, ਏਸ਼ੀਆਈ, ਅਫਰੀਕੀ, ਲਾਤੀਨੀ ਅਮਰੀਕੀ ਜਾਂ ਬਰਿਕਸ ਸੰਗਠਨ ਨੇ ਮੂੰਹ ਤੋੜ ਜਵਾਬ ਨਹੀਂ ਦੀਤਾ।
ਰਾਹਤ: 4 ਮਾਰਚ ਨੂੰ ਕੈਨੇਡਾ ਅਤੇ ਮੈਕਸੀਕੋ ਅਯਾਤ ’ਤੇ 25 ਪ੍ਰਤੀਸ਼ਤ, ਚੀਨ ਅਯਾਤ ’ਤੇ 10 ਪ੍ਰਤੀਸ਼ਤ ਟੈਰਿਫ ਨੀਤੀ ਠੋਕਣ ਦੇ ਅਮਲ ਨਾਲ ਹੀ ਅਮਰੀਕੀ ਸਟਾਕ ਮਾਰਕੀਟ ਇੰਨੀ ਬੁਰੀ ਤਰ੍ਹਾਂ ਮੂਧੇ ਮੂੰਹ ਡਿਗ ਪਈ ਜਿਵੇਂ ਦਿਵਾਲੀਏਪਨ ਦੀ ਸ਼ਿਕਾਰ ਹੋ ਗਈ ਹੋਵੇ। ਇਸ ਝਟਕੇ ਨੇ ਟਰੰਪ, ਟਰੰਪ ਪ੍ਰਸ਼ਾਸਨ ਅਤੇ ਖਰਬਪਤੀ ਸਹਿਯੋਗੀ ਜੁੰਡਲੀ ਨੂੰ ਝੰਜੋੜ ਕੇ ਰੱਖ ਦਿੱਤਾ। ਇਸ ਟੈਰਿਫ ਕਰਕੇ ਅੱਠ ਦਿਨਾਂ ਵਿੱਚ ਅਮਰੀਕੀ, ਕੈਨੇਡੀਆਈ ਅਤੇ ਮੈਕਸੀਕੋ ਦੀ ਅਤਿ ਤਾਕਤਵਰ ਆਟੋ ਸਨਅਤ ਦਾ ਬੰਦਾ ਹੋਣਾ ਤੈਅ ਸੀ। ਤਿੰਨ ਵੱਡੀਆਂ ਆਟੋ ਸਨਅਤਾਂ ਜਨਰਲ ਮੋਟਰਜ਼, ਫੋਰਡ ਅਤੇ ਸਟੈਲੈਂਟਸ ਦੇ ਦਬਾਅ ਹੇਠ ਟਰੰਪ ਨੇ ਇੱਕ ਕਦਮ ਪਿਛਾਂਹ ਪੁੱਟਦੇ ਇਸ ਸਨਅਤ ’ਤੇ ਲੱਗਣ ਵਾਲਾ ਕੈਨੇਡਾ ਅਤੇ ਮੈਕਸੀਕੋ ਤੇ 25 ਪ੍ਰਤੀਸ਼ਤ ਟੈਰਿਫ ਵਾਪਸ ਲੈ ਲਿਆ।
ਦਰਅਸਲ ਸਟਾਕ ਮਾਰਕੀਟ ਦੇ ਮੂਧੇ ਮੂੰਹ ਡਿਗਣ ਦੇ ਨਾਲ ਖੇਤੀ ਸਨਅਤ ਦਾ ਦਬਾਅ ਵੀ ਇੰਨਾ ਭਾਰੂ ਸੀ ਕਿ ਇੱਕ ਕਦਮ ਹੋਰ ਪਿੱਛੇ ਪੁੱਟਦੇ ਮੈਕਸੀਕੋ ਦੀ ਰਾਸ਼ਟਰਪਤੀ ਕਲਾਊਡੀਆ ਸ਼ੀਨਾਬਾਮ ਅਤੇ ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨਾਲ ਟੈਲੀਫੋਨ ’ਤੇ ਗੱਲਬਾਤ ਬਾਅਦ ਟਰੰਪ ਨੇ ਅਮਰੀਕਾ ਮੈਕਸੀਕੋ ਕੈਨੇਡਾ ਸੰਧੀ-2018 ਅਧੀਨ ਸਭ ਵਸਤਾਂ ਤੋਂ ਇੱਕ ਮਹੀਨੇ ਤਕ ਟੈਰਿਫ਼ ਵਾਪਸ ਲੈ ਲਿਆ।
ਦੂਸਰੇ ਪਾਸੇ ਰਾਸ਼ਟਰਪਤੀ ਬਣਨ ਬਾਅਦ ਅਮਰੀਕੀ ਕਾਂਗਰਸ ਵਿੱਚ ਆਪਣੇ ਪਹਿਲੇ ਭਾਸ਼ਣ ਵਿੱਚ ਉਸਨੇ ਚੀਨ ਅਤੇ ਭਾਰਤ ਦਾ ਵਿਸ਼ੇਸ਼ ਤੌਰ ’ਤੇ ਜ਼ਿਕਰ ਕਰਦੇ ਇਨ੍ਹਾਂ ਦੇ ਅਯਾਤ ’ਤੇ 100 ਪ੍ਰਤੀਸ਼ਤ ਟੈਰਿਫ ਲਗਾਉਣ ਦਾ ਐਲਾਨ ਕੀਤਾ। ਚੀਨ ਨੇ ਤਾਂ ਅਮਰੀਕਾ ਨੂੰ ਢੁਕਵਾਂ ਜਵਾਬ ਦੇਣ ਲਈ ਪਹਿਲਾਂ ਹੀ ਵਪਾਰਕ ਰਣਨੀਤੀ ਬਣਾ ਰੱਖੀ ਹੈ ਪਰ ਭਾਰਤ ਦਾ ਪ੍ਰਧਾਨ ਮੰਤਰੀ ਨਰੇਂਦਰ ਮੋਦੀ, ਜੋ ਟਰੰਪ ਨੂੰ ਆਪਣਾ ਮਿੱਤਰ ਪ੍ਰਚਾਰਦਾ ਸੀ, ਉਸਦੇ ਪਹਿਲੇ ਕਾਰਜਕਾਲ (2017-2021) ਦੌਰਾਨ 2016 ਵਿੱਚ ਆਪਣੀ ਇੱਕ ਫੇਰੀ ਦੌਰਾਨ ਅਮਰੀਕੀ ਰਾਸ਼ਟਰਪਤੀ ਚੋਣਾਂ ਵੇਲੇ ‘ਅਬ ਕੀ ਬਾਰ, ਟਰੰਪ ਸਰਕਾਰ’ ਦੇ ਨਾਅਰੇ ਲਾਉਂਦਾ ਵੀ ਨਜ਼ਰ ਆਇਆ ਸੀ, ਨਾਲ ਟਰੰਪ ਆਪਣੀ ਟੈਰਿਫ ਨੀਤੀ ਨਾਲ ਜੱਗੋਂ ਤੇਰ੍ਹਵੀਂ ਕਰਦਾ ਨਜ਼ਰ ਆਇਆ।
ਏਕਾਧਿਕਾਰਵਾਦੀ ਸਾਮਰਾਜਵਾਦੀ ਸਰਮਾਏਦਾਰ ਕਦੇ ਕਿਸੇ ਦਾ ਸਕਾ ਨਹੀਂ ਹੋ ਸਕਦਾ। ਉਹ ਆਪਣੇ ਦੇਸ਼, ਲੋਕਾਂ, ਸੰਸਥਾਵਾਂ ਪ੍ਰਤੀ ਕਦੇ ਵਫ਼ਦਾਰ ਨਹੀਂ ਹੁੰਦਾ। ਧਨ ਕੁਬੇਰਤਾ, ਸਾਮਰਾਜ ਪ੍ਰਸਾਰਵਾਦ, ਜਨਤਕ ਲੁੱਟ-ਚੋਂਘ, ਪ੍ਰਸ਼ਾਸਨਿਕ ਜਬਰ ਉਸਦਾ ਧਰਮ ਹੁੰਦਾ ਹੈ। ਇਸੇ ਦੀ ਪਾਲਣਾ ਰਾਸ਼ਟਰਪਤੀ ਟਰੰਪ ਕਰ ਰਿਹਾ ਹੈ।
ਪਰਖ਼ਚੇ: 90 ਮਿੰਟ ਦੇ 5 ਮਾਰਚ ਦੇ ਅਮਰੀਕੀ ਕਾਂਗਰਸ ਵਿੱਚ ਰਾਸ਼ਟਰਪਤੀ ਟਰੰਪ ਦੇ ਭਾਸ਼ਣ ਦੇ ਜਿਵੇਂ ਸੰਨ 2016 ਅਤੇ 2020 ਵਿੱਚ ਰਾਸ਼ਟਰਪਤੀ ਚੋਣਾਂ ਵੇਲੇ ਉਮੀਦਵਾਰ ਰਹੇ, ਡੈਮੋਕਰੈਟਿਕ ਪਾਰਟੀ ਪੱਖੀ ਵਰਮੌਂਟ ਸੂਬੇ ਸੰਬੰਧੀ ਅਜ਼ਾਦ ਸੈਨੇਟਰ, 83 ਸਾਲਾ ਪ੍ਰੌੜ੍ਹ ਰਾਜਨੀਤੀਵਾਨ ਬਰਨੀ ਸੈਂਡਰਜ਼ ਨੇ ਹੋਰਨਾਂ ਤੋਂ ਇਲਾਵਾ ਸਦਨ ਵਿੱਚ ਆਪਣੇ ਭਾਸ਼ਣ ਰਾਹੀਂ ਪਰਖ਼ਚੇ ਉਡਾਏ, ਦੇਸ਼ ਅਤੇ ਕੌਮਾਂਤਰੀ ਭਾਈਚਾਰੇ ਨੂੰ ਹਕੀਕਤਾਂ ਤੋਂ ਜਾਣੂ ਕਰਾਇਆ, ਉਸ ਤੋਂ ਅਮਰੀਕਾ ਦੇ ਆਰਥਿਕ ਨਿਘਾਰ, ਗੁਰਬਤ, ਬੇਰੋਜ਼ਗਾਰੀ, ਅਵਾਸਹੀਣਤਾ, ਸਿਹਤ, ਸਿੱਖਿਆ, ਬੁਢਾਪਾ, ਸਮਾਜਿਕ ਸੁਰੱਖਿਆ ਸੇਵਾਵਾਂ ਦੀ ਮੰਦੀ ਹਾਲਤ ਦਾ ਪਤਾ ਚਲਦਾ ਹੈ।
ਉਸ ਨੇ ਟਰੰਪ ਸਰਕਾਰ ਨੂੰ ਅਰਬਪਤੀਆਂ ਦੁਆਰਾ, ਅਰਬਪਤੀਆਂ ਦੀ ਸਰਕਾਰ ਗਰਦਾਨਿਆ ਜੋ ਇੱਕ ਨਵੀਂ ਵਿਸ਼ਵ ਵਿਵਸਥਾ ਲਈ ਬਜ਼ਿੱਦ ਹੋ ਕੇ ਅਮਰੀਕਾ ਨੂੰ ਬਲਦੀ ਦੇ ਬੁੱਥੇ ਵਿੱਚ ਝੋਕ ਰਹੇ ਹਨ। ਅਮਰੀਕੀ ਲੋਕਤੰਤਰ ਦੇ ਇਤਿਹਾਸ ਵਿੱਚ ਪਹਿਲੀ ਵਾਰ ਇੱਕ ਰਾਸ਼ਟਰਪਤੀ ਲੋਕਤੰਤਰ ਨੂੰ ਪਿੱਠ ਦੇ ਕੇ ਡਿਕਟੇਟਰਸ਼ਿੱਪ ਵੱਲ ਅੱਗੇ ਵਧ ਰਿਹਾ ਹੈ। ਅਮਰੀਕਾ ਅੰਦਰ ਲੋਕਤੰਤਰ ਲੋਕਾਂ ਲਈ ਹੈ ਨਾ ਕਿ ਅਰਬ ਖ਼ਬਰਪਤੀ ਧਨ ਕੁਬੇਰਾਂ ਲਈ।
ਬਜਟ ਵਿੱਚ 2 ਟ੍ਰਿਲੀਅਨ ਡਾਲਰ ਖਰਚਿਆਂ ਸੰਬੰਧੀ ਕਟੌਤੀ, ਅਗਲੇ 10 ਸਾਲਾਂ ਵਿੱਚ 4.5 ਟ੍ਰਿਲੀਅਨ ਟੈਕਸ ਕਟੌਤੀ, ਕਰੀਬ 1.9 ਟ੍ਰਿਲੀਅਨ ਡਾਲਰ ਬਜਟ ਘਾਟੇ ਦੀ ਸੰਨ 2029 ਤਕ ਪੂਰਤੀ ਨੀਤੀਆਂ ਕੀ ਦਰਸਾਉਂਦੀਆਂ ਹਨ? ਸਿਹਤ ਸੇਵਾਵਾਂ ਵਿੱਚ 270 ਬਿਲੀਅਨ ਡਾਲਰ ਕਟੌਤੀ ਕਿਉਂ?
ਰਾਸ਼ਟਰਪਤੀ ਨੇ ਜਲਵਾਯੂ ਤਬਦੀਲੀ ਕਰਕੇ ਨੁਕਸਾਨ, ਗਰਕ ਹੁੰਦੀਆਂ ਸਿਹਤ ਸੇਵਾਵਾਂ, ਹਸਪਤਾਲਾਂ ਦਾ ਮੰਦਾ ਹਾਲ, ਡਾਕਟਰਾਂ ਦੀ ਘਾਟ, 80 ਲੱਖ ਬੇਘਰੇ ਲੋਕਾਂ, 50 ਪ੍ਰਤੀਸ਼ਤ ਕਿਰਤੀਆਂ ਦੀ ਉਮਰ ਵਿੱਚ 7 ਸਾਲ ਜਿਊਣ ਦੀ ਕਮੀ, ਪ੍ਰਤੀ ਘੰਟਾ ਉਜਰਤ 17 ਡਾਲਰ ਕੀਤੇ ਜਾਣ, ਕਿਉਂਕਿ 60 ਪ੍ਰਤੀਸ਼ਤ ਅਮਰੀਕੀ ਮਸਾਂ ਦੋ ਡੰਗ ਦੀ ਰੋਟੀ ਖਾਣ ਲਈ ਮਜਬੂਰ ਹਨ, ਟੈਕਸ ਵਿਵਸਥਾ, ਜੋ 5 ਪ੍ਰਤੀਸ਼ਤ ਸਰਮਾਏਦਾਰਾਂ ਲਈ ਲਾਭਕਾਰੀ ਹੈ ਜਦਕਿ 95 ਪ੍ਰਤੀਸ਼ਤ ਅਮਰੀਕੀਆਂ ਲਈ ਮਾਰੂ ਹੋਣ ਜਾ ਰਹੀ ਹੈ, ਦੇਸ਼ ਦੇ ਕਰੀਬ 20 ਪ੍ਰਤੀਸ਼ਤ ਬਜ਼ੁਰਗ ਸ਼ਰਮਨਾਕ 15000 ਡਾਲਰ ਨਾਲ ਸਲਾਨਾ ਗੁਜ਼ਾਰਾ ਕਰਨ ਲਈ ਮਜਬੂਰ ਹਨ, ਜੋ ਬੇਘਰਿਆਂ ਨੂੰ 4 ਮਿਲੀਅਨ ਯੂਨਿਟ ਉਸਾਰ ਕੇ ਦੇਣ ਦੀ ਫੌਰੀ ਲੋੜ ਹੈ, ਆਦਿ ਬਾਰੇ ਆਪਣੇ ਭਾਸ਼ਣ ਵਿੱਚ ਇੱਕ ਸ਼ਬਦ ਨਹੀਂ ਕਿਹਾ। ਬਰਨੀ ਸੈਂਡਰ ਸਮੇਤ ਵਿਰੋਧੀ ਧਿਰ ਡੈਮੋਕ੍ਰੈਟਾਂ ਨੇ ਅਮਰੀਕਨਾਂ ਨੂੰ ਵੰਗਾਰਿਆ ਕਿ ਉਨ੍ਹਾਂ ਅਜਿੱਤ ਬ੍ਰਿਟਿਸ਼ ਸਾਮਰਾਜ ਨੂੰ ਹਰਾਇਆ, ਉਨ੍ਹਾਂ ਮਾਨਵ, ਕਿਰਤੀ, ਵਾਤਾਵਰਣ ਸੰਭਾਲ, ਔਰਤਾਂ, ਕਾਲੇ ਲੋਕਾਂ, ਜਨਤਕ ਅਧਿਕਾਰਾਂ ਲਈ ਲੜਾਈਆਂ ਜਿਤੀਆਂ। ਹੁਣ ਟਰੰਪ ਅਤੇ ਉਸਦੀ ਖ਼ਰਬਪਤੀ ਕਾਰਪੋਰੇਟਵਾਦੀ ਜੁੰਡਲੀ ਦੀ ਆਪਹੁਦਰੀ ਲੋਕਮਾਰੂ ਅਤੇ ਲੋਕਤੰਤਰਮਾਰੂ ਡਿਕਟੇਟਰਸ਼ਿੱਪ ਨੂੰ ਹਰਾਉਣਾ ਜ਼ਰੂਰੀ ਹੈ। ਜਿੱਤ ਲੋਕਤੰਤਰ ਅਤੇ ਅਮਰੀਕੀਆਂ ਦੀ ਹੋਵੇਗੀ।
ਕੈਨੇਡੀਅਨ ਜਾਗ੍ਰਿਤੀ: ਅੰਨ੍ਹੇ ਸਾਨ੍ਹ ਦੀ ਤਰ੍ਹਾਂ ਜਿਵੇਂ ਕੈਨੇਡਾ ਦੀ ਆਰਥਿਕਤਾ ਉਜਾੜ ਕੇ ਉਸ ਨੂੰ ਗੋਡਿਆਂ ਭਰਨੇ ਕਰਕੇ ਅਮਰੀਕਾ ਦਾ 51ਵਾਂ ਰਾਜ ਸਥਾਪਿਤ ਕਰਨ ਲਈ ਅਮਰੀਕੀ ਰਾਸ਼ਟਰਪਤੀ ਟਰੰਪ ਭੂਤਰਿਆ ਹਮਲਾਵਰ ਹੈ, ਉਸਨੇ ਸੰਨ 1867 ਤੋਂ ਇਸ ਪ੍ਰਭੂਸਤਾ ਸੰਪੰਨ, ਖੇਤਰਫਲ ਵਿੱਚ ਅਮਰੀਕਾ ਨਾਲੋਂ ਵੱਡੇ ਲੇਕਿਨ 4 ਕਰੋੜ ਦੀ ਅਬਾਦੀ ਵਾਲੇ ਦੇਸ਼ ਦੇ ਸਭ ਧਰਮਾਂ, ਮਜ਼ਹਬਾਂ, ਇਲਾਕਿਆਂ, ਨਸਲਾਂ, ਰਾਜਨੀਤਕ ਪਾਰਟੀਆਂ ਦੇ ਲੋਕਾਂ ਨੂੰ ਇੱਕ ਪਲੇਟ ਫਾਰਮ ’ਤੇ ਇਕੱਤਰ ਕਰ ਦਿੱਤਾ ਹੈ। ਉਹ ਦੁਖੀ ਹਨ ਕਿ ਜਿਸ ਸਰਮਾਏਦਾਰ ਅਤੇ ਤਾਕਤਵਰ ਦੇਸ਼ ਦੇ ਉਹ ਅਤਿ ਨਜ਼ਦੀਕੀ ਹਮਜੋਲੀ, ਭਰੋਸੇਮੰਦ ਮਿੱਤਰ ਅਤੇ ਭਾਈਵਾਲ ਰਹੇ, ਉਸਨੇ ਉਨ੍ਹਾਂ ਪਿੱਠ ਵਿੱਚ ਛੁਰਾ ਘੋਂਪਿਆ ਹੈ, ਭਵਿੱਖ ਵਿੱਚ ਹੁਣ ਉਹ ਇਸ ’ਤੇ ਨਿਰਭਰ ਨਹੀਂ ਰਹਿਣਗੇ।
ਦੇਸ਼ ਅੰਦਰ ਸੁਝਾਅ ਆ ਰਹੇ ਹਨ:
1. ਜਿਵੇਂ ਪਹਿਲੀ ਵਿਸ਼ਵਜੰਗ ਵਿੱਚ ਸੰਕਟ ਸਮੇਂ ਪ੍ਰਧਾਨ ਮੰਤਰੀ ਰਾਬਰਟ ਬੋਰਡਨ ਦੀ ਅਗਵਾਈ ਵਿੱਚ ਲਿਬਰਲਾਂ ਅਤੇ ਕਜ਼ਰਵੇਟਿਵਾਂ ਮਿਲ ਕੇ ਸੰਨ 1917 ਤੋਂ 1921 ਤਕ ਰਾਸ਼ਟਰੀ ਸਰਕਾਰ ਗਠਤ ਕੀਤੀ ਸੀ, ਹੁਣ ਵੀ ਚੋਣਾਂ ਕਰਾਉਣ ਤਦੀ ਥਾਂ ਅਜਿਹੀ ਸਰਕਾਰ ਗਠਤ ਕਰਕੇ ਟਰੰਪ ਟੈਰਿਫ ਅਤੇ ਕੈਨੇਡਾ ਨਿਗਲਣ ਦਾ ਮੁਕਾਬਲਾ ਕੀਤਾ ਜਾਵੇ।
2. ਦੂਸਰੇ ਰਾਸ਼ਟਰਾਂ ਨਾਲ ਵਪਾਰ ਅਤੇ ਨਿਵੇਸ਼ ਸਮਝੌਤੇ ਕੀਤੇ ਜਾਣ।
3. ਅੰਤਰ ਰਾਜੀ ਵਪਾਰਕ ਬੈਰੀਅਰ ਖ਼ਤਮ ਕੀਤੇ ਜਾਣ, ਜਿਸ ਨਾਲ ਤੁਰੰਤ 3.8 ਪ੍ਰਤੀਸ਼ਤ ਪ੍ਰਤੀ ਜੀਅ ਆਮਦਨ ਵਿੱਚ ਵਾਧਾ ਅਤੇ 15 ਪ੍ਰਤੀਸ਼ਤ ਕੀਮਤਾਂ ਵਿੱਚ ਕਮੀ ਪ੍ਰਾਪਤ ਹੋਵੇਗੀ।
4. ਕਾਰਪੋਰੇਟ ਅਤੇ ਨਿੱਜੀ ਟੈਕਸ ਵਿੱਚ ਕਟੌਤੀ ਕੀਤੀ ਜਾਵੇ।
5. ਆਪਣੀ ਸੁਰੱਖਿਆ ਅਤੇ ਫ਼ੌਜੀ ਕੁਸ਼ਲਤਾ ਤੇ ਬਜਟ ਵਿੱਚ ਵਾਧਾ ਕੀਤਾ ਜਾਵੇ।
6. ਕੈਨੇਡੀਅਨ ਵਸਤਾਂ ਦਾ ਉਤਪਾਦਨ ਅਤੇ ਖਰੀਦ ਕੀਤੀ ਜਾਵੇ, ਅਮਰੀਕੀ ਵਸਤਾਂ ਦਾ ਬਾਈਕਾਟ ਕੀਤਾ ਜਾਵੇ।
7. ਅਮਰੀਕਾ ਨਾਲ ਉੰਨਾ ਚਿਰ ਵਪਾਰਕ ਜੰਗ ਜਾਰੀ ਰੱਖੀ ਜਾਏ ਜਦੋਂ ਤਕ ਟੈਰਿਫ ਵਾਪਸ ਨਹੀਂ ਲੈਂਦਾ।
ਕੈਨੇਡੀਅਨ ਲੋਕਾਂ ਅਤੇ ਅਮਰੀਕੀ ਲੋਕਾਂ ਵਿੱਚ ਆਪਸੀ ਰਿਸ਼ਤੇ, ਮੇਲਜੋਲ, ਭਾਈਚਾਰਾ ਸਦੀਆਂ ਪੁਰਾਣਾ ਹੈ। ਕੈਨੇਡੀਅਨ ਲੀਡਰਸ਼ਿੱਪ ਨੇ ਸਾਫ ਕਰ ਦਿੱਤਾ ਹੈ ਕਿ ਉਨ੍ਹਾਂ ਦੀ ਲੜਾਈ ਅਮਰੀਕੀਆਂ ਨਾਲ ਨਹੀਂ, ਟਰੰਪ ਅਤੇ ਇਸਦੇ ਪ੍ਰਸ਼ਾਸਨ ਨਾਲ ਹੈ।
ਵਿਸ਼ਵ ਜਾਗ੍ਰਿਤੀ: 50 ਕਰੋੜ ਦੀ ਅਬਾਦੀ ਵਾਲੀ ਯੂਰਪੀਨ ਯੂਨੀਅਨ ਅਤੇ ਨਾਟੋ ਦੇਸ਼ਾਂ ਨੂੰ ਹੋਸ਼ ਆ ਗਈ ਹੈ, ਟਰੰਪ ਦੇ ਸਾਮਰਾਜ ਪ੍ਰਸਾਰਵਾਦੀ ਵਤੀਰੇ ਤੋਂ। ਉਨ੍ਹਾਂ ਵੱਲੋਂ ਯੁਕਰੇਨ ਦੀ ਪਿੱਠ ’ਤੇ ਆਉਣ ਨਾਲ ਟਰੰਪ ਮੁੜ ਯੁਕਰੇਨ ਪ੍ਰਤੀ ਠੰਢਾ ਪੈ ਗਿਆ ਹੈ। ਅਰਬ ਦੇਸ਼ਾਂ ਵੱਲੋਂ ਗਾਜ਼ਾ ਉਸਾਰੀ ਲਈ 53 ਬਿਲੀਅਨ ਡਾਲਰ ਯੋਜਨਾ ਘੜੀ ਗਈ ਹੈ। ਚੀਨ 40 ਸਾਲਾਂ ਵਿੱਚ 18 ਟ੍ਰਿਲੀਅਨ ਡਾਲਰ ਦੀ ਆਰਥਿਕਤਾ ਵਜੋਂ ਉੱਭਰਿਆ ਹੈ। ਤਿੰਨ ਟ੍ਰਿਲੀਅਨ ਰਿਜ਼ਰਵ ਭੰਡਾਰ ਰੱਖਦਾ ਹੈ। ਉਹ ਅਗਲੇ 10-15 ਸਾਲਾਂ ਵਿੱਚ ਅਮਰੀਕਾ ਦੀ ਥਾਂ ਵਿਸ਼ਵ ਲੀਡਰ ਬਣ ਜਾਵੇਗਾ। ਯਕੀਨ ਹੈ ਕਿ ਵਿਸ਼ਵ ਜਾਗ੍ਰਿਤੀ ਅੱਗੇ ਅਮਰੀਕੀ ਰਾਸ਼ਟਰਪਤੀ ਟਰੰਪ ਅਤੇ ਉਸਦੀ ਕਾਰਪੋਰੇਟ ਜੁੰਡਲੀ ਦਾ ਵੇਗ ਟੁੱਟ ਜਾਵੇਗਾ, ‘ਸਾਈਕੋਡਰਾਮੇ’ ਦਾ ਅੰਤ ਹੋ ਜਾਵੇਗਾ।
* * * * *
ਨੋਟ: ਹਰ ਲੇਖਕ ਸਰੋਕਾਰ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲ ਕੇ ਰੱਖੇ।
ਰਚਨਾਵਾਂ ਸਬੰਧੀ ਆਪਣੇ ਵਿਚਾਰ ਸਾਂਝੇ ਕਰੋ: (