DarbaraSKahlon8ਪੱਛਮੀ ਦੇਸ਼ਾਂ ਦੇ ਮਜ਼ਬੂਤ ਲੋਕਤੰਤਰ ਦਾ ਅਧਾਰ ਪਾਰਟੀ ਲੀਡਰਾਂ ਅਤੇ ਉਮੀਦਵਾਰਾਂ ਵਿੱਚ ਰਾਸ਼ਟਰੀ ...
(25 ਅਪਰੈਲ 2025)

 

ਇਸ ਸਮੇਂ ਕੈਨੇਡਾ ਦੀ ਜਨਸੰਖਿਆ: 41.5 ਮਿਲੀਅਨ।
ਇਸ ਸਮੇਂ ਵੋਟਰਾਂ ਦੀ ਗਿਣਤੀ: 28.2 ਮਿਲੀਅਨ।
ਪਿਛਲੇ ਹਫਤੇ ਅਗਾਊਂ ਵੋਟ ਪਾ ਚੁੱਕੇ ਵੋਟਰਾਂ ਦੀ ਗਿਣਤੀ: 7.3 ਮਿਲੀਅਨ
ਪਿਛਲੇ 25 ਸਾਲਾਂ ਦੌਰਾਨ ਕਿੰਨੇ ਪ੍ਰਤੀਸ਼ਤ ਵੋਟਰਾਂ ਨੇ ਆਪਣੇ ਵੋਟ ਅਧਿਕਾਰ ਦੀ ਵਰਤੋਂ ਕੀਤੀ: 65%
ਕੌਣ ਜਿੱਤਿਆ, ਕੌਣ ਹਾਰਿਆ ਦਾ ਪਤਾ ਸੋਮਵਾਰ ਸ਼ਾਮ ਨੂੰ ਅੱਠ, ਨੌਂ ਜਾਂ ਦਸ ਵਜੇ ਤਕ ਲੱਗ ਜਾਵੇਗਾ। --- ਸਰੋਕਾਰ।

*   *   *

ਇਹ ਵੋਟਾਂ ਸੋਮਵਾਰ 28 ਅਪਰੈਲ ਨੂੰ ਬੈਲਟ ਪੇਪਰ ਰਾਹੀਂ ਪੈਣਗੀਆਂ। 

ਵਿਸ਼ਵ ਦੇ ਪਹਿਲੇ 5 ਨਾਮਵਰ ਪਾਰਦਰਸ਼ੀ ਅਤੇ ਇਮਾਨਦਾਰ ਲੋਕਤੰਤਰ ਦੇਸ਼ਾਂ ਵਿੱਚ ਸ਼ੁਮਾਰ ਖੂਬਸੂਰਤ ਅਤੇ ਰੂਸ ਤੋਂ ਬਾਅਦ ਵਿਸ਼ਵ ਦਾ ਦੂਸਰਾ ਵੱਡਾ ਖੇਤਰਫ਼ਲ ਵਜੋਂ ਜਾਣਿਆ ਜਾਂਦਾ ਦੇਸ਼ ਕੈਨੇਡਾ ਇਸ ਸਮੇਂ ਬੁਰੀ ਤਰ੍ਹਾਂ ਆਰਥਿਕ ਅਤੇ ਰਾਸ਼ਟਰੀ ਸੁਰੱਖਿਆ ਦੇ ਸੰਕਟ ਵਿੱਚ ਘਿਰਿਆ ਹੋਣ ਕਰਕੇ ਅਚਨਚੇਤ 28 ਅਪਰੈਲ, 2025 ਨੂੰ ਫੈਡਰਲ ਚੋਣਾਂ ਕਰਾਉਣ ਜਾ ਰਿਹਾ ਹੈ। ਇਨ੍ਹਾਂ ਚੋਣਾਂ ਰਾਹੀਂ ਕਰੀਬ 2 ਕਰੋੜ 90 ਲੱਖ ਕੈਨੇਡੀਅਨ ਮਤਦਾਤਾ 45ਵੀਂ ਲੋਕਸਭਾ (ਹਾਊਸ ਆਫ ਕੌਮਨਜ਼) ਦੇ 343 ਮੈਂਬਰਾਂ ਦੀ ਚੋਣ ਕਰਨਗੇ। ਇਨ੍ਹਾਂ ਚੋਣਾਂ ’ਤੇ 570 ਮਿਲੀਅਨ ਡਾਲਰ ਖਰਚਾ ਆਏਗਾ।

ਚੋਣਾਂ ਦਾ ਐਲਾਨ: ਸੱਤਾਧਾਰੀ ਲਿਬਰਲ ਪਰਟੀ, ਜੋ ਦੇਸ਼ ਅੰਦਰ ਸਾਬਕਾ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਅਗਵਾਈ ਵਿੱਚ ਘੱਟ ਗਿਣਤੀ ਸਰਕਾਰ ਚਲਾ ਰਹੀ ਸੀ, ਅੰਦਰ ਲੀਡਰਸ਼ਿੱਪ ਨੂੰ ਲੈ ਕੇ ਉੱਠੇ ਵਿਰੋਧ ਕਰਕੇ ਪ੍ਰਧਾਨ ਮੰਤਰੀ ਨੇ 2 ਜਨਵਰੀ, 2025 ਨੂੰ ਅਸਤੀਫੇ ਦਾ ਐਲਾਨ ਕਰ ਦਿੱਤਾ। ਅੰਦਰੂਨੀ ਚੋਣਾਂ ਰਾਹੀਂ ਵਿਸ਼ਵ ਪ੍ਰਸਿੱਧ ਅਰਥ ਸ਼ਾਸਤਰੀ ਮਾਰਕ ਕਾਰਨੀ, ਜੋ ਬੈਂਕ ਆਫ ਕੈਨੇਡਾ ਅਤੇ ਇੰਗਲੈਂਡ ਦੇ ਚੇਅਰਮੈਨ ਰਹਿ ਚੁੱਕੇ ਹਨ, ਨੂੰ ਵੱਡੀ ਹਿਮਾਇਤ ਨਾਲ ਪਾਰਟੀ ਆਗੂ ਚੁਣ ਲਿਆ ਗਿਆਉਨ੍ਹਾਂ ਜਸਟਿਨ ਟਰੂਡੋ ਦੀ ਥਾਂ 24ਵੇਂ ਪ੍ਰਧਾਨ ਮੰਤਰੀ ਵਜੋਂ 14 ਮਾਰਚ ਨੂੰ ਸਹੁੰ ਚੁੱਕੀ। ਉਹ ਦੇਸ਼ ਦੇ ਅਜਿਹੇ ਦੂਸਰੇ ਪ੍ਰਧਾਨ ਮੰਤਰੀ ਬਣੇ ਜੋ ਅਜੇ ਪਾਰਲੀਮੈਂਟ ਦੇ ਮੈਂਬਰ ਨਹੀਂ ਹਨ।

ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਦੇ ਟੈਰਰ ਟੈਰਿਫ, ਕੈਨੇਡਾ ਨੂੰ ਅਮਰੀਕਾ ਦਾ 51ਵਾਂ ਰਾਜ ਬਣਾਉਣ ਦੀ ਧਮਕੀ ਅਤੇ ਰਾਸ਼ਟਰੀ ਸੁਰੱਖਿਆ ਦੇ ਚੁਣੌਤੀ ਭਰੇ ਸੰਕਟ ਨੂੰ ਲੈ ਕੇ ਪ੍ਰਧਾਨ ਮੰਤਰੀ ਕਾਰਨੀ ਨੇ 23 ਮਾਰਚ ਨੂੰ ਗਵਰਨਰ ਜਨਰਲ ਮੇਰੀ ਸਾਇਮਾ ਨੂੰ ਪਾਰਲੀਮੈਂਟ ਭੰਗ ਕਰਨ ਦੀ ਸਿਫਾਰਸ਼ ਕਰਦੇ 28 ਅਪਰੈਲ ਨੂੰ ਅਚਨਚੇਤ ਫੈਡਰਲ ਚੋਣਾਂ ਦਾ ਐਲਾਨ ਕਰ ਦਿੱਤਾ। ਇਹ ਚੋਣਾਂ ਕੈਨੇਡਾ ਦੀ ਹੋਂਦ, ਭਵਿੱਖ ਅਤੇ ਮਜ਼ਬੂਤ ਰਾਸ਼ਟਰ ਸਥਾਪਤੀ ਨੂੰ ਲੈ ਕੇ ਇਤਿਹਾਸਕ ਸਥਾਨ ਰੱਖਦੀਆਂ ਹਨ।

ਜਨਤਕ ਰਾਏ ਪਲਟਾ: ਪਾਰਲੀਮੈਂਟ ਭੰਗ ਹੋਣ ਸਮੇਂ 343 ਮੈਂਬਰੀ ਹਾਊਸ ਆਫ ਕਾਨਜ਼ ਵਿੱਚ ਰਾਜਨੀਤਕ ਪਾਰਟੀਆਂ ਦੀ ਪ੍ਰਤੀਨਿਧਤਾ ਇਵੇਂ ਸੀ: ਲਿਬਰਲ ਪਾਰਟੀ 152, ਕਜ਼ਰਵੇਟਿਵ ਪਾਰਟੀ 120, ਨਿਊਡੈਮੋਕ੍ਰੈਟਿਕ ਪਾਰਟੀ (ਐੱਨ ਡੀ ਪੀ) 24, ਬਲਾਕ ਕਿਊਬੈਕ 33, ਗਰੀਨ ਪਾਰਟੀ 2 ਆਦਿ। ਚੋਣ ਕਮਿਸ਼ਨ ਅਨੁਸਾਰ ਚੋਣ ਮੁਹਿੰਮ ਲਈ 37 ਦਿਨ ਜ਼ਰੂਰੀ ਹਨ। ਇਸੇ ਕਰਕੇ 28 ਅਪਰੈਲ ਨੂੰ ਚੋਣਾਂ ਕਰਾਉਣ ਦਾ ਐਲਾਨ ਕੀਤਾ ਤਾਂ ਕਿ 23 ਮਾਰਚ ਤੋਂ 28 ਅਪਰੈਲ ਤਕ ਇਹ ਸਮਾਂ ਮਿਲ ਸਕੇ। ਇਵੇਂ ਦੋ ਡਿਬੇਟ, ਇੱਕ ਫਰਾਂਸੀਸੀ ਅਤੇ ਇੱਕ ਅੰਗਰੇਜ਼ੀ ਭਾਸ਼ਾ ਵਿੱਚ 16 ਅਤੇ 17 ਅਪਰੈਲ ਨੂੰ ਮਾਂਟਰੀਆਲ (ਕਿਊਬੈਕ) ਵਿਖੇ ਰੱਖੇ ਗਏ।

ਕਿਸੇ ਰਾਜਨੀਤਕ ਪਾਰਟੀ ਦੇ ਸਮਰੱਥ ਅਗੂ ਦੀ ਚੋਣ ਲੋਕ ਰਾਏ ਨੂੰ ਕਿਵੇਂ ਉਲਟ ਪੁਲਟ ਕਰ ਦਿੰਦੀ ਹੈ, ਇਸਦੀ ਤਾਜ਼ਾ ਮਿਸਾਲ ਕੈਨੇਡਾ ਹੈ। ਜਨਵਰੀ 2 ਨੂੰ ਜਦੋਂ ਲਿਬਰਲ ਪਾਰਟੀ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਪਦ ਤਿਆਗਣ ਦੀ ਇੱਛਾ ਜ਼ਾਹਿਰ ਕੀਤੀ, ਉਸ ਤੋਂ ਇੱਕ ਦਿਨ ਪਹਿਲਾਂ ਪਾਪੂਲੈਰਿਟੀ ਅਤੇ ਭਵਿੱਖੀ ਚੋਣਾਂ ਜੋ ਅਕਤੂਬਰ 20, 2025 ਨੂੰ ਹਕੀਕਤ ਵਿੱਚ ਮੌਜੂਦਾ ਪਾਰਲੀਮੈਂਟ ਦੇ 4 ਸਾਲਾ ਕਾਰਜਕਾਲ ਅਨੁਸਾਰ ਹੋਣੀਆਂ ਤੈਅ ਸਨ, ਸਰਵਿਆਂ ਅਧਾਰਿਤ ਪਾਰਟੀ ਸਥਿਤੀ ਕੁਝ ਇਵੇਂ ਸੀ: ਕੰਜ਼ਰਵੇਟਿਵ ਪਾਰਟੀ 46.9 ਪ੍ਰਤੀਸ਼ਤ, ਐੱਨਡੀਪੀ 18.7 ਪ੍ਰਤੀਸ਼ਤ, ਲਿਬਰਲ 18.6, ਬਲਾਕ ਕਿਊਬੈਕ 9.7 ਅਤੇ ਗਰੀਨ ਪਾਰਟੀ ਨੂੰ 2.7 ਪ੍ਰਤੀਸ਼ਤ ਹਿਮਾਇਤ ਹਾਸਲ ਸੀ। ਕੰਜ਼ਰਵੇਟਿਵ ਪਾਰਟੀ ਆਗੂ ਪੇਅਰ ਪੋਲੀਅਵ ਪੂਰੇ ਭਰੋਸੇ ਵਿੱਚ ਸਨ ਕਿ ਉਹ ਕੈਨੇਡਾ ਦੇ ਅਗਲੇ 25ਵੇਂ ਪ੍ਰਧਾਨ ਮੰਤਰੀ ਹੋਣਗੇ। ਉਹ ਪੂਰੀ ਤਰ੍ਹਾਂ ਬੇਖਬਰ ਸਨ ਕਿ ਕੀ ਅਮਰੀਕੀ ਰਾਸ਼ਟਰਪਤੀ ਦੀ ਟੈਰਿਰ ਟੈਰਿਫ ਦੇ ਰੂਪ ਵਿੱਚ ਆਰਥਿਕ ਅਤੇ ਕੈਨੇਡਾ ਨੂੰ 51ਵਾਂ ਅਮਰੀਕੀ ਸੂਬਾ ਬਣਾਉਣ ਦੀ ਰਾਜਨੀਤਕ ਅਤੇ ਯੁੱਧਨੀਤਕ ਧਮਕੀ ਉਸ ਦੀ ਭਵਿੱਖੀ ਪ੍ਰਧਾਨ ਮੰਤਰੀ ਚੁਣੇ ਜਾਣ ਦੀ ਬਣੀ ਕਿਸਮਤ ਨੂੰ ਬੇਦਰਦੀ ਨਾਲ ਪਲਟਣ ਵਿੱਚ ਅਹਿਮ ਰੋਲ ਅਦਾ ਕਰੇਗੀ?

ਦਰਅਸਲ ਅਮਰੀਕੀ ਰਾਸ਼ਟਰਪਤੀ ਦੇ ਕੈਨੇਡਾ ਅਤੇ ਮੈਕਸੀਕੋ ਗੁਆਂਢੀ ਦੇਸ਼ਾਂ ਵਿਰੁੱਧ ਦੁਸ਼ਮਣੀ ਭਰੇ ਵਤੀਰੇ, ਨੀਤੀਗਤ ਫੈਸਲਿਆਂ, ਅਮਰੀਕਾ ਵਿੱਚ ਨਸ਼ੀਲੇ ਪਦਾਰਥਾਂ ਦੀ ਸਪਲਾਈ ਅਤੇ ਗੈਰ ਕਾਨੂੰਨੀ ਪ੍ਰਵਾਸੀਆਂ ਦੀ ਘੁਸਪੈਠ ਦੇ ਦੋਸ਼ਾਂ ਦੇ ਚਲਦੇ, ਕੈਨੇਡਾ ਨੂੰ ਇੱਕ ਐਸੇ ਸਮਰੱਥ, ਤਜ਼ਰਬਾਕਾਰ, ਅਰਥ ਸ਼ਾਸਤਰੀ ਅਤੇ ਦ੍ਰਿੜ੍ਹ ਇਰਾਦੇ ਵਾਲੀ ਸ਼ਖਸੀਅਤ ਦੀ ਲੋੜ ਸੀ। ਦੇਸ਼ ਅੰਦਰ ਮਹਿੰਗਾਈ, ਹਾਊਸਿੰਗ, ਬੇਰੋਜ਼ਗਾਰੀ, ਅਮਨ ਕਾਨੂੰਨ, ਸੁਰੱਖਿਆ, ਸਥਾਨਿਕ ਮੂਲ ਦੇ ਲੋਕਾਂ ਦੀ ਸਮੱਸਿਆਵਾਂ, ਆਮ ਕੈਨੇਡੀਅਨ ਪਰਿਵਾਰਾਂ ਵੱਲੋਂ ਕਰਿਆਨਾ ਖਰੀਦ ਅਤੇ ਰੋਜ਼ਾਨਾ ਜੀਵਨ ਵਿੱਚ ਵਧਦੀਆਂ ਤਕਲੀਫਾਂ, ਪਰਵਾਸ ਸਮੱਸਿਆ ਕਰਕੇ ਸੱਤਾਧਾਰੀ ਲਿਬਰਲਾਂ ਵਿਰੁੱਧ ਰੋਹ ਪੈਦਾ ਹੋਇਆ ਪਿਆ ਸੀ। ਉਹ ਇਸ ਤੋਂ ਛੁਟਕਾਰਾ ਪਾਉਣ ਦਾ ਲੋਕ ਮਨ ਬਣਾਈ ਬੈਠੇ ਸਨ ਕਿ ਟਰੰਪ ਆਫਤ ਨੇ ਸਭ ਕੁਝ ਪਲਟ ਕੇ ਰੱਖ ਦਿੱਤਾ। ਇਸ ਨਾਲ ਬੜੀ ਤੇਜ਼ੀ ਅਤੇ ਸੰਜੀਦਗੀ ਨਾਲ ਜਨਤਕ ਤਰਜੀਹਾਂ ਵਿੱਚ ਤਬਦੀਲੀ ਹੁੰਦੀ ਵੇਖੀ ਗਈ।

ਸੰਕਟ ਮੋਚਨ: ਫੋਰਟ ਸਮਿੱਥ (ਉੱਤਰ-ਪੱਛਮ ਖੇਤਰ) ਵਿੱਚ ਇੱਕ ਸਥਾਨਿਕ ਮੂਲ ਦੇ ਲੋਕਾਂ ਦੇ ਸਕੂਲ ਦੇ ਪ੍ਰਿੰਸੀਪਲ ਦੇ ਘਰ ਪੈਦਾ ਹੋਇਆ, ਅਡਮੰਟਨ (ਅਲਬਰਟਾ) ਵਿੱਚ ਪਲਿਆ, ਆਕਸਫੋਰਡ ਯੂਨੀਵਰਸਿਟੀ ਤੋਂ ਪੀ. ਐੱਚ. ਡੀ. ਕਰਨ ਵਾਲਾ ਮਾਰਕ ਕਾਰਨੀ ਬੈਂਕ ਆਫ ਕੈਨੇਡਾ ਦਾ 2008 ਤੋਂ 2013 ਅਤੇ ਬੈਂਕ ਆਫ ਇੰਗਲੈਂਡ 2013 ਤੋਂ 2018 ਤਕ ਗਵਰਨਰ ਰਿਹਾ। ਉਸ ਨੇ ਕੈਨੇਡਾ ਨੂੰ 2007-08 ਦੀ ਆਰਥਿਕ ਮੰਦੀ ਨਾਲ ਨਜਿੱਠਣ ਅਤੇ ਯੂ. ਕੇ. ਨੂੰ ਆਰਥਿਕ ਮੁਸੀਬਤਾਂ ਨਾਲ ਨਜਿੱਠਣ ਵਿੱਚ ਅਹਿਮ ਰੋਲ ਅਦਾ ਕੀਤਾ। ਉਹ ਟਰੂਡੋ ਸਰਕਾਰ ਦੇ ਆਰਥਿਕ ਸਲਾਹਕਾਰ ਸਨ। ਉਹ ਭਾਰਤ ਦੇ ਨਾਮਵਰ ਅਰਥ ਸ਼ਾਸਤਰੀ ਅਤੇ 10 ਸਾਲ ਪ੍ਰਧਾਨ ਮੰਤਰੀ ਰਹੇ ਡਾ. ਮਨਮੋਹਨ ਸਿੰਘ ਵਾਂਗ ਕੈਨੇਡਾ ਦੇ ਆਰਥਿਕ ਸੰਕਟ ਮੋਚਨ ਕਰਕੇ ਪ੍ਰਧਾਨ ਮੰਤਰੀ ਵਜੋਂ ਉੱਭਰੇ ਹਨ। ਲੋਕ ਸਮਝਦੇ ਹਨ ਕਿ ਉਹ ਨਾ ਸਿਰਫ ਆਪਹੁਦਰੇ ਨੀਮ ਪਾਗਲ ਅਮਰੀਕੀ ਰਾਸ਼ਟਰਪਤੀ ਟਰੰਪ ਦੇ ਹਮਲਿਆਂ ਤੋਂ ਰਾਸ਼ਟਰ ਦੀ ਸੁਰੱਖਿਆ ਕਰੇਗਾ ਬਲਕਿ ਦੇਸ਼ ਅੰਦਰੂਨੀ ਆਰਥਿਕ, ਸਮਾਜਿਕ, ਵਿੱਤੀ, ਸੱਭਿਆਚਾਰਕ, ਪਰਵਾਸ, ਸਥਾਨਿਕ ਮੂਲ ਦੇ ਲੋਕਾਂ ਦੀਆਂ ਸਮੱਸਿਆਵਾਂ ਨਜਿੱਠਣ ਦਾ ਯਤਨ ਕਰੇਗਾ।

ਮਾਰਕ ਕਾਰਨੀ ਦੀ ਅਗਵਾਈ ਕਰਕੇ ਹੋਈ ਰਾਜਨੀਤਕ ਉਥਲ-ਪੁਥਲ ਨੇ ਰਾਜਸੀ ਅਤੇ ਚੋਣ ਯੁੱਧਨੀਤਕ ਪੰਡਤਾਂ ਨੂੰ ਹੈਰਾਨ ਕਰ ਦਿੱਤਾ ਹੈ। ਇਸ ਸਮੇਂ ਚੋਣ ਸਰਵੇ ਦਰਸਾਅ ਰਹੇ ਹਨ, ਲਿਬਰਲਾਂ ਨੂੰ 43.2 ਪ੍ਰਤੀਸ਼ਤ, ਕੰਜ਼ਰਵੇਟਿਵਾਂ ਨੂੰ 38, ਐਨਡੀਪੀ ਨੂੰ 8.3, ਬਲਾਕ ਕਿਊਬੈਕ ਨੂੰ 5.9, ਗਰੀਨ ਪਾਰਟੀ ਨੂੰ 2.1, ਪੀਪਲਜ਼ ਪਾਰਟੀ ਨੂੰ 1.7 ਅਤੇ ਹੋਰਨਾਂ ਨੂੰ 0.9 ਪ੍ਰਤੀਸ਼ਤ ਵੋਟਰਾਂ ਦੀ ਹਿਮਾਇਤ ਹਾਸਲ ਹੈ। ਹਾਊਸ ਆਫ ਕੌਮਨਜ਼ ਵਿੱਚ ਬਹੁਮਤ ਲਈ 172 ਸੀਟਾਂ ਦਰਕਾਰ ਹਨ। ਇਸ ਵੇਲੇ ਲਿਬਰਲ 194, ਕੰਜ਼ਰਵੇਟਿਵ 122, ਐਨਡੀਪੀ5, ਬਲਾਕ ਕਿਊਬਕ 21, ਗਰੀਨ ਪਾਰਟੀ ਇੱਕ ਅਤੇ ਬਾਕੀ ਜ਼ੀਰੋ ਸੀਟਾਂ ਲਿਜਾ ਸਕਦੇ ਹਨ। ਹੁਣ ਬਹੁਤ ਉਲਟ ਫੇਰ ਹੋਣ ਦੀ ਆਸ ਨਹੀਂ ਪਰ ਫਿਰ ਵੀ ਸਥਿਤੀਆਂ ਬਦਲਦਿਆਂ ਕੋਈ ਬਹੁਤਾ ਚਿਰ ਵੀ ਨਹੀਂ ਲਗਦਾ।

ਬਹੁਮਤ ਸਰਕਾਰ: ਪਿਛਲੀਆਂ 8 ਫੈਡਰਲ ਚੋਣਾਂ ਸਮੇਂ 5 ਵਾਰ ਕਿਸੇ ਵੀ ਰਾਜਨੀਤਕ ਪਾਰਟੀ ਨੂੰ ਬਹੁਮਤ ਪ੍ਰਾਪਤ ਨਹੀਂ ਹੋਇਆ। ਸੰਨ 2019 ਅਤੇ ਸੰਨ 2021 ਦੀਆਂ ਟਰੂਡੋ ਸਰਕਾਰਾਂ ਐੱਨਡੀਪੀ ਅਤੇ ਬਲਾਕ ਕਿਊਬੈਕ ਦੀ ਮੁੱਦਿਆਂ ਅਧਾਰਿਤ ਬਾਹਰੋਂ ਹਿਮਾਇਤ ਦੀਆਂ ਬੈਸਾਖੀਆਂ ਸਹਾਰੇ ਚਲਦੀਆਂ ਰਹੀਆਂ। ਦੇਸ਼ ਵਿੱਚ ਸਥਿਰ ਅਤੇ ਮਜ਼ਬੂਤ ਸਰਕਾਰਾਂ ਨਾ ਹੋਣ ਕਰਕੇ ਅਜੋਕਾ ਆਰਥਿਕ ਸੰਕਟ ਅਤੇ ਰੋਜ਼ ਮੱਰਾ ਜੀਵਨ ਵਿੱਚ ਬੇਚੈਨੀ, ਬੇਰੋਜ਼ਗਾਰੀ, ਅਮਨ ਕਾਨੂੰਨ, ਰਾਸ਼ਟਰੀ ਸੁਰੱਖਿਆ, ਪਰਵਾਸ ਆਦਿ ਦੇ ਮਸਲੇ ਪੈਦਾ ਹੋਏ ਹਨ। ਵੋਟਰ ’ਤੇ ਇਸੇ ਕਰਕੇ ਦਬਾਅ ਹੈ ਕਿ ਉਹ ਇੱਕ ਮਜ਼ਬੂਤ ਅਤੇ ਸਮਰੱਥ ਸਰਕਾਰ ਲਈ ਕਿਸੇ ਪਰਟੀ ਨੂੰ ਪੂਰਨ ਬਹੁਮਤ ਨਾਲ ਜਿਤਾਉਣ।

ਸਿੱਖ ਪ੍ਰਭਾਵ: ਭਾਰਤ ਦੇ ਕੈਨੇਡਾ ਵਿੱਚ ਰਹੇ ਸਾਬਕਾ ਹਾਈ ਕਮਿਸ਼ਨਰ ਅਜੈ ਬਿਸਾਰੀਆ ਨੇ ਕੈਨੇਡੀਅਨ ਸਿਆਸਤ ਵਿੱਚ ਖਾਲਿਸਤਾਨੀ ਅਨਸਰਾਂ ਨੂੰ ਸ਼ਾਤਰ ਅਤੇ ਸਰਗਰਮ ਭਾਰਤ ਵਿਰੋਧੀ ਸਮੂਹ ਦੱਸਿਆ, ਜਿਸਦਾ ਖਾਸ ਅਤੇ ਅਨੁਪਾਦਕ ਕਬਜ਼ਾ ਹੈ। ਇਹ ਕੈਨੇਡੀਅਨ ਚੋਣਾਂ ਵਿੱਚ ਬਾਹਰੀ ਦਖਲ ਹੈ। ਕੀ ਭਾਰਤ ਦੇਸ਼ ਅੰਦਰ ਖਾਲਿਸਤਾਨੀ ਗਤੀਵਿਧੀਆਂ ਰੋਕ ਸਕਿਆ ਹੈ? ਕੀ ਇਸ ਧਾਰਾ ਦੇ ਨੁਮਾਇੰਦੇ ਪਾਰਲੀਮੈਂਟ ਮੈਂਬਰ ਨਹੀਂ, ਕੀ ਹਿੰਦੂਆਂ, ਮੁਸਲਮਾਨਾਂ ਜਾਂ ਈਸਾਈਆਂ ਵਿੱਚ ਅਜਿਹੇ ਕੱਟੜਵਾਦੀ ਅਨਸਰ ਮੌਜੂਦ ਨਹੀਂ, ਜਿਨ੍ਹਾਂ ਨੂੰ ਡੀਪ ਸਟੇਟ ਦਾ ਥਾਪੜਾ ਪ੍ਰਾਪਤ ਹੁੰਦਾ ਹੈ? ਇਹ ਅਤਿ ਨਿੰਦਣਯੋਗ ਦਖਲ ਹੈ।

ਪੂਰੇ ਵਿਸ਼ਵ ਵਿੱਚ ਵੱਖ ਵੱਖ ਦੇਸ਼ਾਂ ਵਿੱਚ ਸਿੱਖ ਭਾਈਚਾਰੇ ਨੇ ਲੋੜਵੰਦਾਂ ਦੀ ਸੇਵਾ, ਸੰਕਟਕਾਲ ਸਮੇਂ ਬਿਮਾਰਾਂ, ਜ਼ਖ਼ਮੀਆਂ ਲਈ ਦਵਾਈਆਂ, ਲੰਗਰ ਅਤੇ ਜ਼ਰੂਰੀ ਵਸਤਾਂ ਦੀ ਸੇਵਾ ਨਿਰਸੁਆਰਥ ਕਰਦਿਆਂ ਆਪਣੀ ਵਿਲੱਖਣ ਪਛਾਣ ਬਣਾਈ ਹੈ। ਰਾਜਨੀਤੀ ਵਿੱਚ ਵੱਡੇ ਸਥਾਨ ਪ੍ਰਾਪਤ ਕੀਤੇ ਹਨ। ਕੈਨੇਡਾ ਦੀਆਂ ਫੈਡਰਲ ਅਤੇ ਸੂਬਾਈ ਚੋਣਾਂ ਵਿੱਚ ਇਨ੍ਹਾਂ ਨੇ ਅਤਿ ਸਨਮਾਨਜਕ ਪਛਾਣ ਬਣਾਈ ਹੈ। ਸੰਨ 1993 ਵਿੱਚ ਪਹਿਲੇ ਸਿੱਖ ਦਸਤਾਰਧਾਰੀ ਕੈਨੇਡੀਅਨ ਪਾਰਲੀਮੈਂਟ ਵਿੱਚ ਸ. ਗੁਰਬਖਸ਼ ਸਿੰਘ ਮੱਲੀ ਸਾਂਸਦ ਬਣੇ। ਉਹ 18 ਸਾਲ ਸਾਂਸਦ ਰਹਿਣ ਸਮੇਂ ਵੱਖ-ਵੱਖ ਸਰਕਾਰਾਂ ਵਿੱਚ ਪਾਰਲੀਮਾਨੀ ਸਕੱਤਰ ਰਹੇ। ਸੰਨ 2019 ਵਿੱਚ 47 ਸਿੱਖ ਫੈਡਰਲ ਚੋਣਾਂ ਲੜੇ 22 ਜਿੱਤੇ। 2021 ਵਿੱਚ 47 ਵਿੱਚੋਂ 17 ਜਿੱਤੇ, ਜਿਨ੍ਹਾਂ ਵਿੱਚੋਂ 16 ਮੁੜ ਮੈਦਾਨ ਵਿੱਚ ਹਨ। ਇਸ ਸਮੇਂ ਚੋਣਾਂ ਵਿੱਚ 65 ਉਮੀਦਵਾਰ ਖੜ੍ਹੇ ਹਨ। ਜਗਮੀਤ ਸਿੰਘ ਸੰਨ 2017 ਤੋਂ ਐੱਨ ਡੀ ਪੀ ਪਾਰਟੀ ਦੀ ਅਗਵਾਈ ਕਰ ਰਹੇ ਹਨ। ਲਿਬਰਲਾਂ ਨੇ 17, ਕੰਜ਼ਰਵੇਟਿਵਾਂ ਨੇ 26, ਐੱਨਡੀਪੀ ਨੇ 10, ਗਰੀਨ ਪਾਰਟੀ ਨੇ 4, ਪੀਪਲਜ਼ ਪਾਰਟੀ ਨੇ 8 ਸਿੱਖਾਂ ਨੂੰ ਉਮੀਦਵਾਰ ਬਣਾਇਆ ਹੋਇਆ ਹੈ। ਅਨੀਤਾ ਅਨੰਦ ਅਤੇ ਕਮਲ ਖਹਿਰਾ ਕਾਰਨੀ ਸਰਕਾਰ ਵਿੱਚ ਮੰਤਰੀ ਹਨ।

ਡਿਬੇਟ: ਪੱਛਮੀ ਦੇਸ਼ਾਂ ਦੇ ਮਜ਼ਬੂਤ ਲੋਕਤੰਤਰ ਦਾ ਅਧਾਰ ਪਾਰਟੀ ਲੀਡਰਾਂ ਅਤੇ ਉਮੀਦਵਾਰਾਂ ਵਿੱਚ ਰਾਸ਼ਟਰੀ ਅਤੇ ਸਥਾਨਿਕ ਪੱਧਰ ’ਤੇ ਡਿਬੇਟ ਹਨ। ਘੱਟੋ-ਘੱਟ ਦੋ ਡਿਬੇਟ ਤਾਂ ਰਾਸ਼ਟਰੀ ਪੱਧਰ ’ਤੇ ਕਰਵਾਏ ਜਾਂਦੇ ਹਨ। ਇਹ ਲੋਕ ਰਾਏ ਵਿੱਚ ਬਦਲਵ ਲਿਆਉਣ ਅਤੇ ਲੀਡਰਸ਼ਿੱਪ ਤਬਦੀਲੀ ਵਿੱਚ ਅਹਿਮ ਰੋਲ ਅਦਾ ਕਰਦੇ ਹਨ। ਪਿਛਲੇ ਸਾਲ ਸੰਨ 2024 ਵਿੱਚ ਅਮਰੀਕਾ ਵਿੱਚ ਰਾਸ਼ਟਰਪਤੀ ਜੋਅ ਬਾਈਡਨ ਨੂੰ ਬਦਲ ਕੇ ਉਸਦੀ ਥਾਂ ਡੈਮੋਕ੍ਰੈਟਿਕ ਪਾਰਟੀ ਉਮੀਦਵਾਰ ਕਮਲਾ ਹੈਰਿਸ ਲਿਆਂਦੀ ਕਿਉਂਕਿ ਜੋਅ ਬਾਈਡਨ ਪਹਿਲੇ ਡਿਬੇਟ ਵਿੱਚ ਰਿਪਬਲੀਕਨ ਉਮੀਦਵਾਰ ਅਜੋਕੇ ਰਾਸ਼ਟਰਪਤੀ ਡੌਨਲਡ ਟਰੰਪ ਦਾ ਸਾਹਮਣਾ ਨਹੀਂ ਕਰ ਸਕਿਆ ਸੀ।

ਕੈਨੇਡਾ ਅੰਦਰ ਫਰੈਂਚ ਅਤੇ ਅੰਗਰੇਜ਼ੀ ਡਿਬੇਟ ਸਮੇਂ ਵਿਰੋਧੀ ਧਿਰਾਂ ਸੰਬੰਧਿਤ ਆਗੂਆਂ, ਜਿਵੇਂ ਕੰਜ਼ਰਵੇਟਿਵ ਦੇ ਪੀਅਰ ਪੋਲੀਐਵ, ਐੱਨਡੀਪੀ ਦੇ ਜਗਮੀਤ ਸਿੰਘ ਅਤੇ ਬਲਾਕ ਕਿਊਬੈੱਕ ਦੇ ਬਲਾਂਚੇ ਨੇ ਲਿਬਰਲ ਪ੍ਰਧਾਨ ਮੰਤਰੀ ਮਾਰਕ ਕਾਰਨੀ ’ਤੇ ਤਿੱਖੇ ਹਮਲੇ ਕੀਤੇ ਪਰ ਉਹ ਜ਼ਰਾ ਵੀ ਨਹੀਂ ਥਿੜਕੇ। ਡਿਬੇਟ ਬਾਅਦ ਕਾਰਨੀ ਦੀ ਹਰਮਨ ਪਿਆਰਤਾ ਵਿੱਚ ਵਾਧਾ ਦਰਜ ਕੀਤਾ ਗਿਆ ਹੈ। ਪੋਲੀਐਵ ਨੇ ਅੰਗਰੇਜ਼ੀ ਡਿਬੇਟ ਦਾ ਇੱਕ-ਇੱਕ ਮਿੰਟ ਬਾਖੂਬੀ ਵਰਤਣ ਤੋਂ ਕੋਈ ਕਸਰ ਬਾਕੀ ਨਹੀਂ ਛੱਡੀ ਤਾਂ ਕਿ ਉਹ ਆਪਣਾ ਗਵਾਚਾ ਵਕਾਰ ਮੁੜ ਪ੍ਰਾਪਤ ਕਰ ਸਕੇ। ਡਿਬੇਟ ਵਿੱਚ ਸਭ ਤੋਂ ਵਧੀਆ ਹਮਲਾਵਰ ਭੂਮਿਕਾ ਐੱਨਡੀਪੀ ਆਗੂ ਜਗਮੀਤ ਨੇ ਨਿਭਾਈ। ਇਹ ਵੱਖਰੀ ਗੱਲ ਹੈ ਕਿ ਉਹ ਅਤੇ ਉਨ੍ਹਾਂ ਦੀ ਪਾਰਟੀ ਆਪਣਾ ਪਹਿਲਾਂ ਵਾਲਾ ਜਲਵਾ ਕਾਇਮ ਨਾ ਕਰ ਸਕੇ। ਆਖਰੀ ਸਮੇਂ ਗਰੀਨ ਪਾਰਟੀ ਆਗੂ ਜੋਨਾਥਨ ਪੈਡਨਾਲਟ ਨੂੰ ਡਿਬੇਟ ਵਿੱਚੋਂ ਡਿਬੇਟ ਕਮਿਸ਼ਨ ਨੇ ਇਸ ਕਰਕੇ ਲਾਂਭੇ ਕਰ ਦਿੱਤਾ ਕਿਉਂਕਿ ਪਾਰਟੀ ਤਿੰਨ ਸ਼ਰਤਾਂ ਜਿਵੇਂ ਪਾਰਲੀਮੈਂਟ ਭੰਗ ਹੋਣ ਸਮੇਂ ਘੱਟੋ ਘੱਟ ਇੱਕ ਸਾਂਸਦ, ਚੋਣਾਂ ਦੇ 28 ਦਿਨ ਪਹਿਲਾਂ 4 ਪ੍ਰਤੀਸ਼ਤ ਵੋਟਰਾਂ ਦੀ ਹਿਮਾਇਤ ਅਤੇ 90 ਪ੍ਰਤੀਸ਼ਤ ਹਲਕਿਆਂ ਵਿੱਚ ਉਮੀਦਵਾਰ ਖੜ੍ਹੇ ਕੀਤੇ ਹੋਣ ਵਿੱਚੋਂ ਆਖਰੀ ਦੋ ਸ਼ਰਤਾਂ ਪੂਰੀਆਂ ਨਹੀਂ ਸੀ ਕਰਦੀ।

ਚੋਣ ਮੁਹਿੰਮ ਟੀਮਾਂ: ਲਿਬਰਲਾਂ ਨੇ ਚੋਣ ਮੁਹਿੰਮ ਮਾਹਿਰਾਂ ਦੀ ਟੀਮ ਨਿਯੁਕਤ ਕੀਤੀ ਹੋਈ ਹੈ, ਜਿਨ੍ਹਾਂ ਐਂਡਰੀਊ ਬੀਵਨ ਡਾਇਰੈਕਟਰ, ਟਾਮ ਪਿੱਟ ਡਾਟਾ ਸੀਈਓ, ਬਰਾਡਨ ਕੈਲੇ ਜਲਵਾਯੂ ਮਾਹਿਰ, ਐਂਡਰੀ ਲਾਈਨ ਹੈਲੇ ਕੋ-ਡਾਇਰੈਕਟਰ, ਗੈਰੀ ਬਟਸ ਆਰਥਿਕ ਸੁਧਾਰ ਮਾਹਿਰ ਆਦਿ। ਕੰਜ਼ਰਵੇਟਿਵਾਂ ਵਿੱਚ ਤੇਜ਼ ਤਰਾਰ ਬੀਬੀ ਜੈਨੀ ਬਰਨੀ, ਜੋ 10 ਸਾਲ ਪੋਲੀਵਰ ਦੀ ਪੇਮਿਕਾ ਵੀ ਰਹੀ, ਮੱਟ ਵੁਲਫ ਰਾਜਸੀ ਮਾਹਿਰ, ਹਾਵਰਡ ਐਗਲਿਨ ਸਲਾਹਕਾਰ, ਬੈਨ ਵੁਡਫਿਨਟਨ ਸੰਚਾਰ ਡਾਇਰੈਕਟਰ, ਬਰੁੱਕ ਪਿੱਗਟ, ਜੋ ਬਰਨੀ ਦੀ ਸਹੇਲੀ ਅਤੇ ਸਟੀਫਨ ਹਾਰਪਰ ਸਰਕਾਰ ਵੇਲੇ ਪਬਲਿਕ ਰਿਲੇਸ਼ਨ ਡਾਇਰੈਕਟਰ ਸੀ। ਚੋਣ ਮੁਹਿੰਮ ਮਘਾਉਣ ਵਿੱਚ ਦੂਸਰੀਆਂ ਪਾਰਟੀਆਂ ਨੇ ਵੀ ਵਿੱਤ ਅਨੁਸਾਰ ਨਿਯੁਕਤੀਆਂ ਕੀਤੀਆਂ ਹੋਈਆਂ ਹਨ। ਇਹ ਸਭ ਕੈਨੇਡੀਅਨ ਸਮਾਜ ਦੀ ਕਰੀਮ ਹਨ।

ਚੋਣ ਪਲੇਟਫਾਰਮ: ਕੈਨੇਡਾ ਵਿੱਚ ਰਾਜਨੀਤਕ ਪਾਰਟੀਆਂ ਦੇ ਆਗੂ ਆਖਰੀ 8 ਜਾਂ 10 ਦਿਨਾਂ ਵਿੱਚ ਆਪਣੇ ਚੋਣ ਪਲੇਟਫਾਰਮ ਜਾਰੀ ਕਰਦੇ ਹਨ, ਜਿਨ੍ਹਾਂ ਵਿੱਚ ਉਨ੍ਹਾਂ ਦੀ ਪਾਰਟੀ ਦਾ ਉਹ ਪ੍ਰੋਗਰਾਮ ਹੁੰਦਾ ਹੈ, ਜਿਸ ਅਗਲੇ ਚਾਰ ਸਾਲਾਂ ਦੀਆਂ ਯੋਜਨਾਵਾਂ, ਖਰਚੇ, ਜਨਤਕ ਹਿਤੂ ਪ੍ਰੋਗਰਾਮ, ਰਾਹਤਾਂ, ਵਿਅਕਤੀਗਤ ਲਾਭਾਂ ਦਾ ਵੇਰਵਾ ਅਤੇ ਖਰਚ, ਨਿਵੇਸ਼, ਸਨਅਤ, ਸੁਰੱਖਿਆ ਸੰਬੰਧੀ ਪ੍ਰੋਗਰਾਮ ਦਰਜ ਹੁੰਦੇ ਹਨ। ਇਹ ਵੋਟਰ ਨੂੰ ਪਾਰਟੀ ਹਿਮਾਇਤ ਲਈ ਮਿਕਨਾਤੀਸੀ ਖਿੱਚ ਭਰਪੂਰ ਹੁੰਦੇ ਹਨ।

ਸਰਬ ਸੰਮਤੀ: ਸਭ ਪਾਰਟੀਆਂ ਅਤੇ ਆਗੂ ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਵੱਲੋਂ ਧੋਖਾਧੜੀ, ਟੈਰਿਫ ਅਤੇ 51ਵਾਂ ਸੂਬਾ ਬਣਾਉਣ ਦੇ ਵਿਰੋਧ ਵਿੱਚ ਇਕਜੁੱਟ ਹਨ। ਕੈਨੇਡਾ ਦਾ 75 ਪ੍ਰਤੀਸ਼ਤ ਵਪਾਰ ਜੋ ਅਮਰੀਕਾ ਨਾਲ ਹੈ, ਦੀ ਥਾਂ ਹੁਣ ਸਮਾਨ ਵਿਚਾਰਾਂ ਵਾਲੇ ਰਾਸ਼ਟਰਾਂ ਨਾਲ ਵਪਾਰ ਵਧਾਉਣ, 100% ਫੌਜੀ ਸੁਰੱਖਿਆ, ਜੋ ਅਮਰੀਕਾ ਦੇ ਹੱਥ ਦੀ ਥਾਂ ਆਪਣੀ ਫੌਜ, ਹਥਿਆਰ, ਬਰਫ ਤੋੜਨ ਵਾਲੇ ਸਮੁੰਦਰੀ ਜਹਾਜ਼, ਆਧੁਨਿਕ ਫੌਜੀ ਸਾਜ਼ੋ-ਸਾਮਾਨ ਨਾਲ ਫੌਜ ਨੂੰ ਲੈਸ ਕਰਨ ਅਤੇ ਤਨਖਾਹਾਂ ਵਿੱਚ ਵਾਧਾ ਕਰਨ ਪ੍ਰੋਗਰਾਮਾਂ ਨਾਲ ਸਹਿਮਤ ਹਨ। ਊਰਜਾ ਉਤਪਾਦਨ ਅਤੇ ਸਹਿਯੋਗੀ ਦੇਸ਼ਾਂ ਨੂੰ ਸਪਲਾਈ ਵਿੱਚ ਵਾਧਾ ਕੀਤਾ ਜਾਵੇਗਾ। ਹਾਊਸਿੰਗ ਉਸਾਰੀ ਵਧਾਉਣ ਅਤੇ ਟੈਕਸ ਕਟੌਤੀਆਂ ਨਾਲ ਸਹਿਮਤ ਹਨ।

ਇਸ ਸਮੇਂ ਦੇਸ਼ ਦੀ ਪ੍ਰਭੂਸੱਤਾ, ਇਸਦੀ ਸ਼ਾਨਾਮਤੀ ਹੋਂਦ ਦੀ ਰਾਖੀ, ਆਰਥਿਕ ਮਜ਼ਬੂਤੀ ਅਤੇ ਟਰੰਪ ਜਿਹੇ ਭਿਆਨਕ ਦੈਂਤ ਨਾਲ ਨਜਿੱਠਣ ਲਈ 28 ਅਪਰੈਲ ਨੂੰ ਇੱਕ ਬਹੁਮਤ ਵਾਲੀ ਸਰਕਾਰ ਅਤੇ ਸਮਰੱਥ ਰਾਜਨੀਤਕ ਆਗੂ ਦੀ ਚੋਣ ਸੂਝਬੂਝ ਨਾਲ ਮਤਦਾਤਾਵਾਂ ਵੱਲੋਂ ਜ਼ਰੂਰੀ ਹੈ। ਵੇਖੋ! ਊਠ ਕਿਸ ਕਰਵਟ ਬੈਠਦਾ ਹੈ।

*       *       *       *       *

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ)
ਸਰੋਕਾਰ ਨਾਲ ਸੰਪਰਕ ਲਈ: (This email address is being protected from spambots. You need JavaScript enabled to view it.om)

About the Author

ਦਰਬਾਰਾ ਸਿੰਘ ਕਾਹਲੋਂ

ਦਰਬਾਰਾ ਸਿੰਘ ਕਾਹਲੋਂ

Kingston, Ontario, Canada.
(Retd. Punjab State Information Commissioner)
Phone: (Canada 1 - 289 - 829 - 2929)

Email: (kahlondarbarasingh@gmail.com)

More articles from this author