DarbaraSKahlon8“ਅੱਜ ਪੰਜਾਬ ਇੱਕ ਅਜੀਬ ਰਾਜਨੀਤਿਕ ਗਰਦਸ਼ ਦੀ ਜਕੜ ਵਿੱਚ ਫਸਿਆ ...”
(19 ਅਕਤੂਬਰ 2026)

 

ਅੱਜ ਜਿੱਧਰ ਵੀ ਝਾਤ ਮਾਰੀਏ ਕਦੇ “ਸੋਹਣੇ ਦੇਸ਼ਾਂ ਵਿੱਚੋਂ ਦੇਸ਼ ਪੰਜਾਬ ਨੀ ਸਈਓ, ਜਿਵੇਂ ਫੁੱਲਾਂ ਵਿੱਚੋਂ ਫੁੱਲ ਗੁਲਾਬ ਨੀ ਸਈਓ” ਜਾਣਿਆ ਜਾਂਦਾ ਇਹ ਪੰਜਾਬ ਹਰ ਪਾਸਿਉਂ ਬੁਰੀ ਤਰ੍ਹਾਂ ਵਲੂੰਧਰਿਆ ਨਜ਼ਰ ਆ ਰਿਹਾ ਹੈ। ਦੂਸਰੇ ਪਾਸੇ ਜਦੋਂ ਲੇਖਕ ਅਮਰੀਕਾ ਅਤੇ ਕੈਨੇਡਾ ਵਿੱਚ ਸ਼ਹਿਰਾਂ ਅਤੇ ਕਸਬਿਆਂ ਦੀ ਤਾਂ ਗੱਲ ਹੀ ਛੱਡੋ, ਦੂਰ ਦਰਾਜ ਪਿੰਡਾਂ ਵਿੱਚ ਸਨਅਤਾਂ, ਵਪਾਰਕ ਅਦਾਰਿਆਂ, ਕਾਰੋਬਾਰਾਂ, ਆਵਾਜਾਈ ਅਤੇ ਸੰਚਾਰ ਸਾਧਨਾਂ ਦਾ ਜਾਲ਼ ਵਿਛਿਆ ਦੇਖਦਾ ਹੈ, ਖੇਤਾਂ ਵਿੱਚ ਲਹਿ ਲਹਾਉਂਦੀਆਂ ਫਸਲਾਂ, ਉਨ੍ਹਾਂ ਦੀ ਉੱਤਮ ਮਾਰਕਿਟਿੰਗ ਅਤੇ ਸਾਂਭ ਸੰਭਾਲ ਦਾ ਆਧੁਨਿਕ ਪ੍ਰਬੰਧ ਦੇਖਦਾ ਹੈ ਤਾਂ ਅੱਖਾਂ ਨੀਰ ਨਾਲ ਭਰ ਆਉਂਦੀਆਂ ਹਨ ਕਿ ਜੇ ਪੰਜਾਬ ਅੰਗਰੇਜ਼ ਅਤੇ ਹਿੰਦੁਸਤਾਨ ਦੀ ਬਸਤੀ ਨਾ ਬਣਿਆ ਹੁੰਦਾ ਤਾਂ ਅੱਜ ਵਿਸ਼ਵ ਦੇ ਵਿਕਸਿਤ ਦੇਸ਼ਾਂ ਦੀ ਮੋਹਰਲੀ ਕਤਾਰ ਵਿੱਚ ਖੜ੍ਹਾ ਵਿਖਾਈ ਦੇ ਸਕਦਾ ਸੀ। ਇਹ ਉਹ ਬਹਾਦਰੀ ਦਾ ਮੁਜੱਸਮਾ ਪੰਜਾਬ ਹੈ ਜਿਸਨੇ ਵਿਸ਼ਵ ਜੇਤੂ ਸਿਕੰਦਰ ਮਹਾਨ ਨੂੰ ਇੱਥੋਂ ਵਾਪਸ ਪਰਤਣ ਲਈ ਮਜਬੂਰ ਕੀਤਾ ਸੀ। ਇਹ ਉਹ ਮਹਾਨ ਆਰਥਿਕ ਸ਼ਕਤੀ ਵਾਲਾ ਪੰਜਾਬ ਹੈ ਜਿਸਦਾ ਰੁਪਈਆ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵੇਲੇ ਇੰਗਲੈਂਡ ਦੇ 13 ਪੌਂਡਾਂ ਬਰਾਬਰ ਸੀ। ਲੇਕਿਨ ਸ਼ੇਰੇ ਪੰਜਾਬ ਦੀ ਮੌਤ ਤੋਂ ਬਾਅਦ ਉਸਦੇ ਨਲਾਇਕ ਉੱਤਰਾਧਿਕਾਰੀਆ ਅਤੇ ਦੇਸ਼ ਧ੍ਰੋਹੀ ਸਿੱਖ ਲੀਡਰਸ਼ਿੱਪ ਨੇ ਪਹਿਲਾਂ ਸਨ 1849 ਵਿੱਚ ਅੰਗਰੇਜ਼ ਦੇ ਅਧੀਨ, ਫਿਰ ਦੂਰ ਅੰਦੇਸ਼ੀ ਰਹਿਤ ਲੀਡਰਸ਼ਿੱਪ ਨੇ ਸੰਨ 1947 ਵਿੱਚ ਹਿੰਦੁਸਤਾਨ ਦੀ ਵੰਡ ਵੇਲੇ ਕਾਲੇ ਅੰਗਰੇਜ਼ਾਂ ਅਤੇ ਹੁਣ ਸੰਨ 2022 ਵਿੱਚ ਦਿੱਲੀ ਸਥਿਤ ਅਰਵਿੰਦ ਕੇਜਰੀਵਾਲ ਦੀ ਆਮ ਆਦਮੀ ਪਾਰਟੀ ਲੀਡਰਸ਼ਿੱਪ ਅਧੀਨ ਬਸਤੀ ਵਾਂਗ ਪਰੋਸ ਕੇ ਰੱਖ ਦਿੱਤਾ।

ਦਾਅਵਾ:

ਸਾਡਾ 100 ਫੀਸਦੀ ਪਰਪੱਕ ਦਾਅਵਾ ਹੈ ਕਿ ਜੇਕਰ ਅੱਜ ਪੰਜਾਬ ਦੇ ਹਵਾਲੇ ਇਸਦੀ ਰਾਜਧਾਨੀ ਚੰਡੀਗੜ੍ਹ ਕਰ ਦਿੱਤੀ ਜਾਵੇ ਤਾਂ ਇਸ ਰਾਜ ਦੀ ਸਲਾਨਾ ਆਮਦਨ ਵਿੱਚ 20 ਤੋਂ 25 ਪ੍ਰਤੀਸ਼ਤ ਵਾਧਾ ਹੋ ਜਾਵੇਗਾ ਕਿਉਂਕਿ ਹਰ ਰਾਜਧਾਨੀ ਕਿਸੇ ਵੀ ਦੇਸ਼ ਜਾਂ ਰਾਜ ਦੇ ਵਿਕਾਸ ਦੀ ਮੂਲ ਹੱਬ ਹੁੰਦੀ ਹੈ। ਜੇਕਰ ਅੱਜ ਪੰਜਾਬ ਦੇ ਪਾਕਿਸਤਾਨ ਦੀ 553 ਕਿਲੋਮੀਟਰ ਸਰਹੱਦ ਵਿੱਚ ਪੈਂਦੇ ਤਿੰਨੇ ਲਾਂਘੇ ਵਾਹਗਾ (ਅਟਾਰੀ), ਹੁਸੈਨੀ ਵਾਲਾ ਅਤੇ ਸ੍ਰੀ ਕਰਤਾਰਪੁਰ ਸਾਹਿਬ ਖੋਲ੍ਹ ਦਿੱਤੇ ਜਾਣ ਤਾਂ ਇਸਦੀ ਸਲਾਨਾ ਆਮਦਨ ਵਿੱਚ 35 ਪ੍ਰਤੀਸ਼ਤ ਵਾਧਾ ਹੋ ਸਕਦਾ ਹੈ। ਜਿਹੜਾ ਮੁਕੇਸ਼ ਅੰਬਾਨੀ ਅਮਰੀਕਾ ਵਿੱਚ ਵਿਸ਼ਵ ਵਿੱਚ ਸਭ ਤੋਂ ਵੱਡੀ ਰਿਫਾਇਨਰੀ ਅਤੇ ਇਸਾਰ ਗਰੁੱਪ ਸਭ ਤੋਂ ਵੱਡਾ ਸਟੀਲ ਪਲਾਂਟ ਲਾ ਰਿਹਾ ਹੈ, ਜੇਕਰ ਉਹ ਐਸੀਆਂ ਵੱਡੀਆਂ ਸਨਅਤਾਂ ਪੰਜਾਬ ਵਿੱਚ ਲਾਉਣ ਲਈ ਰਾਜ਼ੀ ਹੋ ਜਾਣ ਤਾਂ ਪੰਜਾਬ ਮੁੜ ਹਿੰਦੁਸਤਾਨ ਦਾ ਪ੍ਰਤੀ ਜੀਅ ਆਮਦਨ ਪੱਖੋਂ ਨੰਬਰ ਇੱਕ ਸੂਬਾ ਬਣ ਸਕਦਾ ਹੈ।

ਦਰਅਸਲ ਅਟਲ ਬਿਹਾਰੀ ਵਾਜਪਾਈ ਦੀ ਅਗਵਾਈ ਵਾਲੀ ਐੱਨਡੀਏ ਸਰਕਾਰ ਨੇ ਜਦੋਂ ਜਨਵਰੀ ਸੰਨ 2003 ਵਿੱਚ ਜੰਮੂ ਕਸ਼ਮੀਰ, ਹਿਮਾਚਲ ਪ੍ਰਦੇਸ਼, ਉੱਤਰਾਖੰਡ ਸਮੇਤ ਪਹਾੜੀ ਰਾਜਾਂ ਨੂੰ ਵਿਸ਼ੇਸ਼ ਸਨਅਤੀ ਪੈਕੇਜ ਦਾ ਐਲਾਨ ਕੀਤਾ ਤਾਂ ਪੰਜਾਬ ਦੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਸਰਹੱਦੀ ਅਤੇ ਅਤਿ ਸੰਵੇਦਨਸ਼ੀਲ ਪੰਜਾਬ ਰਾਜ ਲਈ ਆਪਣੇ ਹੱਕ ਵਜੋਂ ਵਿਸ਼ੇਸ਼ ਸਨਅਤੀ ਪੈਕਜ ਲੈਣ ਲਈ ਦਬਾਅ ਬਣਾਉਣੋ ਬੁਰੀ ਤਰ੍ਹਾਂ ਨਾਕਾਮ ਰਹੀ। ਇਸ ਸਬੰਧੀ ਮੁਜ਼ੱਫਰ ਰਜ਼ਮੀ ਦੀਆਂ ਇਹ ਸਤਰਾਂ ਖੂਬ ਢੁਕਦੀਆਂ ਹਨ:

“ਯੇ ਜਬਰ ਵੀ ਦੇਖਾ ਹੈ ਤਾਰੀਖ ਕੀ ਨਜ਼ਰੋਂ ਨੇ,
ਲਮਹੋਂ ਨੇ ਖਤਾ ਕੀ ਥੀ ਸਦੀਓ ਨੇ ਸਜ਼ਾ ਪਾਈ।

ਕੇਂਦਰ ਸਰਕਾਰ ਦੀ ਅਣਦੇਖੀ ਅਤੇ ਕੈਪਟਨ ਅਮਰਿੰਦਰ ਸਰਕਾਰ ਦੀ ਨਾਕਾਮੀ ਕਰਕੇ ਅੱਜ ਪੰਜਾਬ ਲਗਾਤਾਰ ਪਿਛਲੇ 23 ਸਾਲਾਂ ਤੋਂ ਸਨਅਤੀ ਪੈਕਜ ਦੀ ਅਣਹੋਂਦ ਕਰਕੇ ਨਾ ਸਿਰਫ ਬਹੁਤ ਵੱਡਾ ਨੁਕਸਾਨ ਉਠਾ ਰਿਹਾ ਹੈ ਬਲਕਿ ਪੰਜਾਬੀ ਨੌਜਵਾਨ ਬੇਰੁਜ਼ਗਾਰੀ ਦੀ ਚੱਕੀ ਵਿੱਚ ਬੁਰੀ ਤਰ੍ਹਾਂ ਪਿਸ ਰਿਹਾ ਹੈ। ਦੂਸਰੇ ਪਾਸੇ ਹਰਿਆਣਾ ਪ੍ਰਦੇਸ਼ ਦੀ ਅਣਐਲਾਨੀ ਰਾਜਧਾਨੀ ਵਜੋਂ ਗੁਰੂਗ੍ਰਾਮ ਨੂੰ ਵਿਕਸਿਤ ਕਰਨ ਵਿੱਚ ਕੇਂਦਰ ਸਰਕਾਰਾਂ ਨੇ ਖੁੱਲ੍ਹੇ ਦਿਲ ਨਾਲ ਮਦਦ ਕਰਕੇ ਉਸ ਨੂੰ ਦੇਸ਼ ਦੀਆਂ ਮੋਹਰਲੀਆਂ ਸੂਬਾ ਸਰਕਾਰਾਂ ਦੀ ਕਤਾਰ ਵਿੱਚ ਖੜ੍ਹਾ ਕਰ ਦਿੱਤਾ ਹੈ।

ਮੁਫਤਖੋਰੀ:

ਕਰੀਬ 12 ਸਾਲਾ ਰਾਜਕੀ ਅਤੇ ਗੈਰ ਰਾਜਕੀ ਅੱਤਵਾਦ ਦੀ ਮਾਰ ਨਾਲ ਬੁਰੀ ਤਰ੍ਹਾਂ ਆਰਥਿਕ ਤੌਰ ’ਤੇ ਤੁੰਬੇ ਪੰਜਾਬ ਨੂੰ ਕਿਸੇ ਵੀ ਰਾਜਨੀਤਿਕ ਪਾਰਟੀ ਜਾਂ ਗੱਠਜੋੜ ਸਰਕਾਰਾਂ ਨੇ ਮੁੜ ਪੈਰੀਂ ਖੜ੍ਹਾ ਕਰਨ ਲਈ ਅਜੇ ਤਕ ਕੋਈ ਵੀ ਆਰਥਿਕ, ਵਪਾਰਕ, ਸਨਅਤੀ, ਖੇਤੀ, ਤਕਨੀਕੀ ਅਤੇ ਵਿੱਦਿਅਕ ਨੀਤੀ ਬਣਾਉਣ ਦਾ ਉਪਰਾਲਾ ਨਹੀਂ ਕੀਤਾ। ਬੱਸ ਸੱਤਾ ਅਤੇ ਸੱਤਾ ਪ੍ਰਾਪਤੀ ਬਾਅਦ ਪੰਜਾਬ ਨੂੰ ਦੋਹੀਂ ਹੱਥੀਂ ਲੁੱਟਣ, ਕੁੱਟਣ, ਸ਼ੋਸ਼ਣ ਕਰਨ ਅਤੇ ਇਸਦੇ ਕੁਦਰਤੀ ਸਰੋਤਾਂ ਨੂੰ ਨਜਾਇਜ਼ ਲਾਭਾਂ ਲਈ ਬਰਬਾਦ ਕਰਨ ਲਈ ਪੰਜਾਬ ਦੇ ਬਾਬੇ ਨਾਨਕ ਦੇ ਕਿਰਤ ਸੱਭਿਆਚਾਰ ਨੂੰ ਸਮਰਪਿਤ ਲੋਕਾਂ ਨੂੰ ਅਣਮੰਗੀਆਂ ਮੁਫਤਖੋਰੀਆਂ ਦੀ ਦਲਦਲ ਵਿੱਚ ਅਜਿਹਾ ਫਸਾ ਲਿਆ ਹੈ ਕਿ ਉਹ ਆਪਣੇ ਹੱਕਾਂ ਅਤੇ ਹਿਤਾਂ ਲਈ ਸੰਘਰਸ਼ ਕਰਨਾ ਵੀ ਭੁੱਲ ਗਏ। ਸੰਨ 1997 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਪੰਜਾਬ ਦੇ ਕਿਸੇ ਵਰਗ, ਜਾਤ, ਰੰਗ, ਫਿਰਕੇ ਜਾਂ ਖੇਤਰ ਦੇ ਲੋਕਾਂ ਨੂੰ ਉਨ੍ਹਾਂ ਦਾ ਅਤੇ ਉਨ੍ਹਾਂ ਦੀਆਂ ਭਵਿੱਖੀ ਪੀੜ੍ਹੀਆਂ ਦਾ ਭਵਿੱਖ ਨਿਗਲਣ ਵਾਲੀਆਂ ਮੁਫਤਖੋਰੀਆਂ ਦਾ ਚਿੱਤ ਚੇਤਾ ਵੀ ਨਹੀਂ ਸੀ। ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਵਾਲੇ ਅਕਾਲੀ-ਭਾਜਪਾ ਗੱਠਜੋੜ ਅਤੇ ਕਾਂਗਰਸ ਸਰਕਾਰਾਂ ਤੋਂ ਕਿਸੇ ਨੇ ਮੁਫਤਖੋਰੀਆਂ ਦੀ ਮੰਗ ਨਹੀਂ ਸੀ ਕੀਤੀ। ਪੰਜਾਬ ਦੀ ਨੌਜਵਾਨੀ ਨੂੰ ਨਿਪੁੰਸਕ ਅਤੇ ਅਪਰਾਧਿਕ ਗੈਂਗਸਟਰਵਾਦੀ ਬਣਾਉਣਾ ਅਕਾਲੀ-ਭਾਜਪਾ ਅਤੇ ਕਾਂਗਰਸ ਸਰਕਾਰਾਂ ਦੀ ਦੇਣ ਹੈ। ਪੰਜਾਬ ਵਿੱਚ ਲੈਂਡ, ਸੈਂਡ, ਸ਼ਰਾਬ, ਨਸ਼ਾ, ਫਿਰੌਤੀਬਾਜ਼ ਗੈਂਗਸਟਰਵਾਦੀ, ਭ੍ਰਿਸ਼ਟਾਚਾਰਵਾਦੀ ਤਾਕਤਵਰ ਗਰੋਹ ਸਰਕਾਰਾਂ ਦੀ ਦੇਣ ਹਨ। ਬਾਬੇ ਨਾਨਕ ਦੇ ਪਵਿੱਤਰ ਮਜ਼ਬੂਤ ਆਰਥਿਕਤਾ ਦਾ ਅਧਾਰ “ਕਿਰਤ ਸੱਭਿਆਚਾਰ” ਦੀ ਬਰਬਾਦੀ ਦੀ ਖਾਨਾਪੂਰਤੀ ਲਈ ਪ੍ਰਵਾਸੀਆਂ ਦੀ ਪੰਜਾਬ ਵਿੱਚ ਆਮਦ ਨੇ ਇਸ ਨੂੰ ਸਮਾਜਿਕ, ਆਰਥਿਕ, ਸੱਭਿਆਚਾਰਕ ਅਤੇ ਰਾਜਨੀਤਿਕ ਤੌਰ ’ਤੇ ਹੋਰ ਗੰਧਲਾ ਅਤੇ ਅਪਰਾਧਕ ਬਣਾ ਕੇ ਰੱਖ ਦਿੱਤਾ।

ਬਸਤੀ:

ਕੇਂਦਰ ਸਰਕਾਰਾਂ ਨੇ ਲਗਾਤਾਰ ਨਾ ਸਿਰਫ ਪੰਜਾਬ ਨਾਲ ਬਸਤੀਵਾਦੀ ਵਿਵਹਾਰ ਕਰਦਿਆਂ ਇਸਦੀ ਰਾਜਧਾਨੀ, ਪੰਜਾਬੀ ਭਾਸ਼ੀ ਇਲਾਕੇ, ਦਰਿਆਈ ਪਾਣੀ ਅਤੇ ਹੈੱਡਵਰਕਸ ਖੋਹੇ ਬਲਕਿ 553 ਕਿਲੋਮੀਟਰ ਸਰਹੱਦ ਦੇ ਨਾਲ ਲਗਦੇ 50 ਕਿਲੋਮੀਟਰ ਤਕ ਦੇ ਇਲਾਕੇ ਸਿੱਧੇ ਸੁਰੱਖਿਆ ਕਰਨ ਦੀ ਢੁਚਰ ਰਾਹੀਂ ਆਪਣੇ ਅਧੀਨ ਕਰ ਲਏ। ਲੇਕਿਨ ਨਸ਼ੀਲੇ ਪਦਾਰਥਾਂ ਦੀ ਘਰ ਘਰ ਵਿਕਰੀ, ਗੈਂਗਸਟਰਵਾਦ, ਫਿਰੌਤੀਆਂ ਅਤੇ ਸੰਗੀਨ ਅਪਰਾਧ ਲਗਾਤਾਰ ਇਨ੍ਹਾਂ ਖੇਤਰਾਂ ਦਾ ਮਾਡਲ ਬਣੇ ਪਏ ਹਨ। ਇਨ੍ਹਾਂ ਖੇਤਰਾਂ ਨੂੰ ਵਿਕਸਿਤ ਕਰਨ ਲਈ ਉਨ੍ਹਾਂ ਨੇ ਕਿਸੇ ਵੀ ਤਰ੍ਹਾਂ ਦਾ ਖੇਤੀ, ਵਿੱਦਿਅਕ, ਸਨਅਤੀ, ਮੂਲ ਢਾਂਚੇ ਸੰਬੰਧੀ ਵਿਕਾਸ ਅਤੇ ਇਸ ਖੇਤਰ ਦੇ ਨੌਜਵਾਨਾਂ ਲਈ ਕੇਂਦਰੀ ਸੁਰੱਖਿਆ ਏਜੰਸੀਆਂ ਵਿੱਚ ਵਿਸ਼ੇਸ਼ ਭਰਤੀ ਦਾ ਕੋਈ ਪ੍ਰੋਗਰਾਮ ਚਾਲੂ ਨਹੀਂ ਕੀਤਾ। ਉਲਟਾ ਇਹ ਖੇਤਰ ਅਫਰੀਕਨ ਦੇਸ਼ਾਂ ਵਾਂਗ ਪਛੜਿਆ ਇਲਾਕਾ ਬਣ ਕੇ ਰਹਿ ਗਿਆ।

ਸਨ 2022 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਪੰਜਾਬ ਦੇ ਅਕਾਲੀ ਭਾਜਪਾ ਗੱਠਜੋੜ ਅਤੇ ਕਾਂਗਰਸ ਪਾਰਟੀ ਸੰਬੰਧਿਤ ਸਰਕਾਰਾਂ ਤੋਂ ਦੁਖੀ ਦੇਸ਼ ਵਿਦੇਸ਼ ਦੇ ਪੰਜਾਬੀ ਅਰਵਿੰਦ ਕੇਜਰੀਵਾਲ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ (ਆਪ) ਦੇ ਜੁਮਲਿਆਂ ਅਤੇ ਕਿਸੇ ਅਦਿੱਖ ਇਨਕਲਾਬ ਤੋਂ ਅਜਿਹੇ ਕਾਇਲ ਹੋਏ ਕਿ ਉਨ੍ਹਾਂ ਅੰਨ੍ਹੇਵਾਹ ਵੋਟਾਂ ਪਾ ਕੇ ਕੁੱਲ 117 ਹਲਕਿਆਂ ਵਿੱਚੋਂ 92 ’ਤੇ ਜਿਤਾ ਕੇ ਭਗਵੰਤ ਮਾਨ ਦੀ ਅਗਵਾਈ ਵਿੱਚ ਕਿਸੇ ਰੰਗਲੇ ਪੰਜਾਬ ਦਾ ਸੁਪਨਾ ਸਜਾਇਆ। ਲੇਕਿਨ ਕੇਜਰੀਵਾਲ ਦੇ ਮਨੀਸ਼ ਸਿਸੋਦੀਆਂ, ਸਤਿੰਦਰ ਜੈਨ ਅਤੇ ਸਾਬਕਾ ਰਾਜਨੀਤਿਕ ਅਹਿਲਕਾਰਾਂ ਰਾਗਵ ਚੱਡਾ ਅਤੇ ਸੰਦੀਪ ਪਾਠਕ ਆਦਿ ਅਧੀਨ ਸੈਂਕੜੇ ਗੈਰ ਸੰਵਿਧਾਨਿਕ ਲੋਕਾਂ ਰਾਹੀਂ ਪੰਜਾਬ ਦੀ ਵਿਧਾਨ ਪਾਲਿਕਾ, ਕਾਰਜਪਾਲਿਕਾ ਅਤੇ ਮੀਡੀਆ ਉੱਤੇ ਸੰਪੂਰਨ ਕਬਜ਼ਾ ਜਮਾਉਂਦਿਆਂ ਇਸ ਨੂੰ ਆਪ ਦੀ ਬਸਤੀ ਵਜੋਂ ਸਥਾਪਿਤ ਕਰਨਾ ਸ਼ੁਰੂ ਕਰ ਦਿੱਤਾ। ਹਰ ਪੱਧਰ ’ਤੇ ਬਦਲੀਆਂ, ਨਿਯੁਕਤੀਆਂ, ਨੀਤੀਆਂ ਦਾ ਨਿਰਮਾਣ ਅਤੇ ਅਮਲ ਉਨ੍ਹਾਂ ਦੁਆਰਾ ਕੀਤਾ ਜਾਂਦਾ ਹੈ। ਇਨ੍ਹਾਂ ਦੇ ਬਸਤੀਵਾਦੀ ਪ੍ਰੋਗਰਾਮਾਂ ਕਰਕੇ ਪੰਜਾਬ ਅੱਜ ਸਾਢੇ ਚਾਰ ਲੱਖ ਕਰੋੜ ਰੁਪਏ ਦਾ ਕਰਜ਼ਾਈ, ਨਸ਼ੀਲੇ ਪਦਾਰਥਾਂ ਦਾ ਗੜ੍ਹ, ਗੈਂਗਸਟਰਵਾਦੀ ਅਤੇ ਫਿਰੌਤੀਬਾਜ਼ ਗਰੋਹਾਂ ਦਾ ਅਪਰਾਧਕ ਅੱਡਾ, ਬੇਨਿਯਮੀਆਂ ਅਤੇ ਭ੍ਰਿਸ਼ਟਾਚਾਰ ਦੀ ਖੁੱਲ੍ਹ ਖੇਡ, ਸਰਕਾਰੀ ਕੋਠੀਆਂ ਅਤੇ ਜਾਇਦਾਦਾਂ ਉੱਤੇ ਬਸਤੀਵਾਦੀ ਧਾੜਵੀਆਂ ਦੇ ਕਬਜ਼ੇ ਅਤੇ ਨਿਕੰਮੇ ਨਿਜ਼ਾਮ ਦੀ ਸਰਕਸ ਬਣ ਕੇ ਰਹਿ ਗਿਆ ਹੈ। ਪੰਜਾਬ ਦੀ ਖੁਸ਼ਕਿਸਮਤੀ ਇਹ ਰਹੀ ਕਿ ਨਿਆਂ ਪਾਲਿਕਾ ਆਪ ਬਸਤੀਵਾਦ ਦਾ ਹੱਥਠੋਕਾ ਨਾ ਬਣੀ। ਜਿਹੜੇ ਕਹਿੰਦੇ ਸਨ ਕਿ ਉਨ੍ਹਾਂ ਦੇ ਰਾਜ ਵਿੱਚ ਕਦੇ ਕੋਈ ਧਰਨਾ ਜਾਂ ਮੁਜ਼ਾਹਰਾ ਨਹੀਂ ਹੋਵੇਗਾ, ਸਰਕਾਰ ਸੱਥਾਂ ਵਿੱਚੋਂ ਚੱਲੇਗੀ, ਉਨ੍ਹਾਂ ਦੀਆਂ ਜ਼ਿਆਦਤੀਆਂ ਤੋਂ ਤੰਗ ਆ ਕੇ ਹਰ ਵਰਗ ਦੇ ਧਰਨਾ ਅਤੇ ਮੁਜਾਹਰਾਕਾਰੀ ਅਤੇ ਰਾਜਨੀਤਕ ਵਰਕਰ, ਔਰਤਾਂ ਅਤੇ ਆਦਮੀ ਛਲੀਆਂ ਵਾਂਗ ਕੁੱਟੇ ਜਾਂਦੇ ਹਨ। ਇਸ ਬਸਤੀਵਾਦ ਨਿਜ਼ਾਮ ਦਾ ਪਰਦਾ ਫਾਸ਼ ਉਦੋਂ ਹੋਇਆ ਜਦੋਂ ਪੰਜਾਬ ਵਿੱਚ ਗਮਾਡਾ, ਗਲਾਡਾ, ਮੁੱਖ ਮੰਤਰੀ ਦੇ ਦਫਤਰ ਅਤੇ 39 ਸੈਕਟਰ ਦੀਆਂ ਕੋਠੀਆਂ ਤਕ ਈਡੀ ਅਤੇ ਮਾਣਯੋਗ ਪੰਜਾਬ ਹਰਿਆਣਾ ਹਾਈਕੋਰਟ ਦੇ ਹੁਕਮਾਂ ’ਤੇ ਸੀਬੀਆਈ ਨੇ ਦਸਤਕ ਦਿੱਤੀ। ਇਨ੍ਹਾਂ ਵਿੱਚੋਂ ਹੈ ਕੋਈ ਜੋ ਕੈਫੀ ਆਜ਼ਮੀ ਦੇ ਇਨ੍ਹਾਂ ਸ਼ਬਦਾਂ ਦੀ ਪੂਰਤੀ ਕਰ ਸਕੇ:

ਕੋਈ ਤੋ ਸੂਦ ਚਕਾਏ, ਕੋਈ ਤੋਂ ਜਿਮਾ ਲੇ,
ਉਸ ਇਨਕਲਾਬ ਕਾ ਜੋ ਆਜ ਤਕ ਉਧਾਰ ਸਾ ਹੈ।

ਗਰਦਸ਼:

ਅੱਜ ਪੰਜਾਬ ਇੱਕ ਅਜੀਬ ਰਾਜਨੀਤਿਕ ਗਰਦਸ਼ ਦੀ ਜਕੜ ਵਿੱਚ ਫਸਿਆ ਨਜ਼ਰ ਆ ਰਿਹਾ ਹੈ। ਸਨ 2027 ਦੀਆਂ ਵਿਧਾਨ ਸਭਾ ਚੋਣਾਂ ਸਿਰ ’ਤੇ ਖੜ੍ਹੀਆਂ ਹਨ। ਅੱਧੀ ਦਰਜਨ ਤੋਂ ਵੱਧ ਅਕਾਲੀ ਧੜੇ ਤਲਵਾਰੋ ਤਲਵਾਰੀ ਹੋਏ ਪਏ ਹਨ। ਕਾਂਗਰਸ ਹਾਈ ਕਮਾਨ ਵੱਲੋਂ ਹਾਕੀ ਓਲੰਪਿਕਸ ਕਪਤਾਨ ਪ੍ਰਗਟ ਸਿੰਘ ਨੂੰ ਪੰਜਾਬ ਕਾਂਗਰਸ ਦਾ ਪ੍ਰਧਾਨ ਚੁਣਨ ਬਾਅਦ ਵੀ ਪੰਜਾਬ ਕਾਂਗਰਸ ਇਕਜੁੱਟ ਨਹੀਂ ਦਿਸ ਰਹੀ। ਪੰਜਾਬ ਵਿੱਚ ਜਨਤਕ ਅਧਾਰਹੀਣ ਭਾਜਪਾ ਫੋਕੇ ਸੱਤਾ ਦੇ ਦਾਅਵੇ ਠੋਕ ਰਹੀ ਹੈ। ਅਜਿਹੀ ਰਾਜਨੀਤਿਕ ਗਰਦਿਸ਼ ਭਰੀ ਸਥਿਤੀ ਵਿੱਚ ਕਿਹੜਾ ਮਾਈ ਦਾ ਲਾਲ ਅਜੋਕੇ ਹਾਲੋਂ ਬੇਹਾਲ ਪੰਜਾਬ ਨੂੰ ਸੰਭਾਲੇਗਾ?

*       *       *       *       *

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ:
(This email address is being protected from spambots. You need JavaScript enabled to view it.)

About the Author

ਦਰਬਾਰਾ ਸਿੰਘ ਕਾਹਲੋਂ

ਦਰਬਾਰਾ ਸਿੰਘ ਕਾਹਲੋਂ

Kingston, Ontario, Canada.
(Retd. Punjab State Information Commissioner)
Phone: (Canada 1 - 289 - 829 - 2929)

Email: (kahlondarbarasingh@gmail.com)

More articles from this author