“ਤੇਲ ਦੀਆਂ ਕੀਮਤਾਂ ਵਿੱਚ ਵਾਧਾ ਹਰ ਦੇਸ਼ ਦੀ ਆਰਥਿਕਤਾ ਨੂੰ ਨਿਚੋੜ ਕੇ ...”
(9 ਮਾਰਚ 2026)

ਅਮਰੀਕੀ ਖੁਫੀਆ ਏਜੰਸੀਆਂ ਰਾਸ਼ਟਰਪਤੀ ਡੌਨਲਡ ਟਰੰਪ ਅਤੇ ਅਮਰੀਕੀ ਪ੍ਰਸ਼ਾਸਨ ਨੂੰ ਇਹ ਰਿਪੋਰਟ ਦੇ ਚੁੱਕੀਆਂ ਸਨ ਕਿ ਆਉਣ ਵਾਲੇ ਇੱਕ ਦਹਾਕੇ ਵਿੱਚ ਕਿਸੇ ਵੀ ਤਰ੍ਹਾਂ ਇਰਾਨ ਅਮਰੀਕਾ ਲਈ ਖਤਰਾ ਨਹੀਂ ਬਣ ਸਕਦਾ। ਵੈਸੇ ਵੀ ਉਮਾਨ ਦੀ ਵਿਚੋਲਗੀ ਨਾਲ ਅਮਰੀਕਾ ਅਤੇ ਇਰਾਨ ਦਰਮਿਆਨ ਚੱਲ ਰਹੀ ਗੱਲਬਾਤ ਲਗਭਗ ਸਿਰੇ ਚੜ੍ਹ ਚੁੱਕੀ ਸੀ ਜਿਵੇਂ ਕਿ ਉਮਾਨ ਦੇ ਵਿਦੇਸ਼ ਮੰਤਰੀ ਬਦਰ ਅਲਬੂਸੈਦੀ ਨੇ ਖੁੱਲ੍ਹ ਕੇ ਇੰਕਸ਼ਾਫ ਕੀਤਾ ਹੈ। ਸੋ ਅਜਿਹੀ ਸਥਿਤੀ ਵਿੱਚ ਅਮਰੀਕਾ ਵੱਲੋਂ ਇਰਾਨ ਉੱਤੇ ਹਮਲੇ ਦੀ ਕੋਈ ਤੁਕ ਨਹੀਂ ਸੀ ਬਣਦੀ। ਇਸਦੇ ਬਾਵਜੂਦ ਅਮਰੀਕੀ ਰਾਸ਼ਟਰਪਤੀ ਟਰੰਪ ਨੇ ਇਸਰਾਈਲ ਨਾਲ ਮਿਲ ਕੇ ਇਰਾਨ ਉੱਤੇ ਤਾਬੜਤੋੜ ਹਮਲੇ ਕਰਨ ਅਤੇ ਉੱਥੇ ਸੱਤਾ ਦੀ ਤਬਦੀਲੀ ਕਰਨ ਦਾ ਨਿਰਣਾ ਕਿਉਂ ਲਿਆ?
ਕੌਮਾਂਤਰੀ ਡਿਕਟੇਟਰ:
ਦੂਸਰੀ ਮਹਾਂ ਜੰਗ ਤੋਂ ਬਾਅਦ ਵਿਸ਼ਵ ਥਾਣੇਦਾਰ ਵਜੋਂ ਭੂਮਿਕਾ ਨਿਭਾਉਂਦਾ ਆ ਰਿਹਾ ਅਮਰੀਕਾ ਅੱਜ ਰਾਸ਼ਟਰਪਤੀ ਡੌਨਲਡ ਟਰੰਪ ਦੀ ਪਾਗਲਾਨਾ ਅਗਵਾਈ ਵਿੱਚ ਕੌਮਾਂਤਰੀ ਡਿਕਟੇਟਰ ਵਜੋਂ ਭੂਮਿਕਾ ਨਿਭਾਉਣ ਲਈ ਬਦਨਾਮ ਹੋ ਰਿਹਾ ਹੈ। ਉਸਦੀ ਮਾਨਸਿਕ ਸਥਿਤੀ ਬਿਲਕੁਲ ਸਥਿਰ ਨਹੀਂ ਹੈ। ਅਮਰੀਕੀ ਸੁਪਰੀਮ ਕੋਰਟ ਵੱਲੋਂ ਉਸਦੇ ਟੈਰਿਫ ਟੈਰਰ ਵਿਰੋਧ ਫੈਸਲੇ ਦੇ ਬਾਵਜੂਦ ਉਸ ਵੱਲੋਂ ਮੁੜ ਪੂਰੇ ਵਿਸ਼ਵ ਦੇ ਦੇਸ਼ਾਂ ’ਤੇ ਟੈਰਫ ਠੋਕਣਾ, ਕੈਨੇਡਾ, ਗ੍ਰੀਨਲੈਂਡ ਅਤੇ ਪਨਾਮਾ ਉੱਤੇ ਕਬਜ਼ੇ ਦਾ ਰਾਗ ਅਲਾਪਣਾ, ਵੈਨਜ਼ੁਵੇਲਾ ਦੇ ਰਾਸ਼ਟਰਪਤੀ ਅਤੇ ਉਸਦੀ ਪਤਨੀ ਨੂੰ ਮਿਲਟਰੀ ਕਾਰਵਾਈ ਰਾਹੀਂ ਉਹਨਾਂ ਦੇ ਬਿਸਤਰ ਵਿੱਚੋਂ ਕੱਢ ਕੇ ਜਬਰੀ ਅਮਰੀਕਾ ਲਿਆ ਕੇ ਕੈਦ ਕਰਨਾ ਆਦਿ ਇਸਦਾ ਪ੍ਰਮਾਣ ਹਨ।
ਮੱਧ ਪੂਰਬੀ ਸ਼ੈਤਾਨ:
ਏਸ਼ੀਆ ਮਹਾਦੀਪ ਦੇ ਮੱਧ ਪੂਰਬ ਵਿਚਲੇ ਇਸਰਾਈਲ ਦੇਸ਼ ਦਾ ਪ੍ਰਧਾਨ ਮੰਤਰੀ ਬੈਂਜਮੈਨ ਨੇਤਨਯਾਹੂ ਇੱਕ ਕੱਟੜਵਾਦੀ, ਨਸਲਘਾਤੀ, ਸੱਜੇ ਪੱਖੀ ਹੌਲਨਾਕ ਸ਼ੈਤਾਨ ਵਜੋਂ ਜਾਣਿਆ ਜਾਂਦਾ ਹੈ। ਉਹ ਅੱਤ ਦਾ ਭ੍ਰਿਸ਼ਟਾਚਾਰੀ ਅਤੇ ਮਾਨਵ ਤਬਾਹੀ ਲਈ ਬਦਨਾਮ ਹੈ। ਇਸਰਾਈਲੀ ਸੁਪਰੀਮ ਕੋਰਟ ਵਿੱਚ ਭ੍ਰਿਸ਼ਟਾਚਾਰ ਦੇ ਕੇਸ ਦਾ ਸਾਹਮਣਾ ਕਰ ਰਿਹਾ ਹੈ ਅਤੇ ਕੌਮਾਂਤਰੀ ਅਦਾਲਤ ਵਿੱਚ ਨਸਲਘਾਤ ਦੋਸ਼ ਵਜੋਂ ਮੁਕੱਦਮੇ ਵਿੱਚ ਨਾਮਜ਼ਦ ਹੈ। ਉਹ ਅਮਰੀਕੀ ਰਾਸ਼ਟਰਪਤੀ ਟਰੰਪ ਦੀ ਮਨੋਸਥਿਤੀ ਤੋਂ ਭਲੀਭਾਂਤ ਜਾਣੂ ਹੈ, ਇਸੇ ਲਈ ਉਸਨੇ ਜੂਨ 2025 ਵਿੱਚ 12 ਰੋਜ਼ਾ ਇਸਰਾਇਲ ਅਤੇ ਇਰਾਨ ਜੰਗ ਵਿੱਚ ਉਸ ਨੂੰ ਘੜੀਸ ਲਿਆ ਸੀ। ਉਸ ਸਮੇਂ ਰਾਸ਼ਟਰਪਤੀ ਟਰੰਪ ਵੱਲੋਂ ਕੀਤੀ ਗਈ ਜੰਗਬੰਦੀ ਤੋਂ ਉਹ ਖੁਸ਼ ਨਹੀਂ ਸੀ ਅਤੇ ਲਗਾਤਾਰ ਅਜਿਹੇ ਮੌਕੇ ਦੀ ਤਲਾਸ਼ ਵਿੱਚ ਸੀ ਕਿ ਰਾਸ਼ਟਰਪਤੀ ਟਰੰਪ ਅਤੇ ਅਮਰੀਕਾ ਨੂੰ ਮੁੜ ਇਰਾਨ ਜੰਗ ਵਿੱਚ ਉਲਝਾ ਲਿਆ ਜਾਵੇ। ਗਾਜ਼ਾ ਵਿੱਚ ਫਲਸਤੀਨੀਆ ਦੇ ਮਲੀਆਮੇਟ ਬਾਅਦ ਉਹ ਇਰਾਨ ਨੂੰ ਮਧ ਪੂਰਬ ਖਿੱਤੇ ਵਿੱਚ ਚੁਣੌਤੀ ਸਮਝ ਰਿਹਾ ਸੀ। ਇਸ ਮੰਤਵ ਲਈ ਉਸਨੇ ਅਮਰੀਕਾ ਅੰਦਰ ਤਾਕਤਵਰ ਕਾਰਪੋਰੇਟ ਯਹੂਦੀ ਲਾਬੀ ਰਾਹੀਂ ਟਰੰਪ ਉੱਤੇ ਦਬਾਅ ਬਣਾਉਣਾ ਜਾਰੀ ਰੱਖਿਆ ਜਿਸ ਵਿੱਚ ਉਸ ਨੂੰ ਆਖਰਕਾਰ ਕਾਮਯਾਬੀ ਮਿਲ ਗਈ।
ਦੂਸਰੇ ਪਾਸੇ ਟਰੰਪ ’ਤੇ ਦਬਾਅ ਬਣਾਉਣ ਲਈ ਸਾਊਦੀ ਅਰਬ ਦੇ ਕਰਾਉਨ ਪ੍ਰਿੰਸ ਮੁਹੰਮਦ ਬਿਨ ਸੁਲਤਾਨ, ਜੋ ਕੂਟਨੀਤਕ ਕੌਮਾਂਤਰੀ ਗਲਿਆਰਿਆਂ ਵਿੱਚ ਐੱਮ ਬੀ ਐੱਸ ਦੇ ਨਾਮ ਵਜੋਂ ਮਸ਼ਹੂਰ ਹੈ, ਨੂੰ ਵੀ ਕੂਟਨੀਤੀ ਰਾਹੀਂ ਆਪਣੇ ਨਾਲ ਜੋੜ ਲਿਆ। ਉਹ ਵੀ ਇੱਕ ਸ਼ੈਤਾਨ ਕਿਸਮ ਦਾ ਵਿਅਕਤੀ ਹੈ ਜਿਸ ’ਤੇ ਦੋ ਅਕਤੂਬਰ 2018 ਵਿੱਚ ਤੁਰਕੀ ਦੇ ਮਸ਼ਹੂਰ ਸ਼ਹਿਰ ਇੰਸਤਨਬੁਲ ਵਿਖੇ 59 ਸਾਲਾ ਨਾਮਵਰ ਪੱਤਰਕਾਰ ਜਮਾਲ ਖਸ਼ੋਗੀ ਨੂੰ ਫਿਲਮੀ ਅੰਦਾਜ਼ ਵਿੱਚ ਮਾਰ ਮੁਕਾਉਣ ਦੇ ਦੋਸ਼ ਲਗਦੇ ਹਨ। ਐੱਮ ਬੀ ਐੱਸ ਜਨਤਕ ਤੌਰ ’ਤੇ ਅਮਰੀਕਾ ਅਤੇ ਇਰਾਨ ਵਿਚਕਾਰ ਸਮਝੌਤੇ ਅਤੇ ਮੱਧ ਪੂਰਬ ਵਿੱਚ ਸ਼ਾਂਤੀ ਦੀਆਂ ਗੱਲਾਂ ਕਰਦਾ ਸੀ, ਲੇਕਿਨ ਅੰਦਰਖਾਤੇ ਉਹ ਬਾਰ ਬਾਰ ਰਾਸ਼ਟਰਪਤੀ ਡੌਨਲਡ ਟਰੰਪ ਦੇ ਜ਼ਿਹਨ ਵਿੱਚ ਇਹ ਗੱਲ ਬਿਠਾਉਂਦਾ ਆ ਰਿਹਾ ਸੀ ਕਿ ਇਰਾਨ ਪਰਮਾਣੂ ਬੰਬ ਬਣਾ ਰਿਹਾ ਹੈ, ਉਸ ਕੋਲ ਵਿਨਾਸ਼ਕਾਰੀ ਮਿਸਾਇਲ ਸ਼ਕਤੀ ਮੌਜੂਦ ਹੈ, ਜੋ ਉਹ ਨਿਸ਼ਚਿਤ ਤੌਰ ’ਤੇ ਭਵਿੱਖ ਵਿੱਚ ਅਮਰੀਕਾ ਨੂੰ ਨਿਸ਼ਾਨੇ ’ਤੇ ਲਵੇਗਾ। ਇਸੇ ਗੱਲ ’ਤੇ ਅਮਰੀਕਾ ਅੰਦਰ ਯਹੂਦੀ ਕਾਰਪੋਰੇਟ ਲਾਬੀ ਰਾਹੀਂ ਅਤੇ ਨਿੱਜੀ ਤੌਰ ’ਤੇ ਨੇਤਨਯਾਹੂ ਰਾਸ਼ਟਰਪਤੀ ਟਰੰਪ ’ਤੇ ਦਬਾਅ ਬਣਾ ਰਿਹਾ ਸੀ ਕਿ ਇਰਾਨੀ ਮਿਸਾਈਲ ਸ਼ਕਤੀ ਅਤੇ ਪਰਮਾਣੂ ਬੰਬ ਤਿਆਰ ਕਰਨ ਦੀ ਜ਼ਿਦ ਅਮਰੀਕਾ ਅਤੇ ਖਾਸ ਕਰਕੇ ਇਸਰਾਇਲ ਸਮੇਤ ਪੂਰੇ ਵਿਸ਼ਵ ਲਈ ਬਹੁਤ ਮਾਰੂ ਸਿੱਧ ਹੋਵੇਗੀ। ਜੇਕਰ ਇਸਦੀ ਸਿਰੀ ਸਮੇਂ ਸਿਰ ਨਾ ਚਿੱਥੀ ਗਈ ਤਾਂ ਇਹ ਇੰਨਾ ਤਾਕਤਵਰ ਹੋ ਜਾਵੇਗਾ ਕਿ ਫਿਰ ਭਵਿੱਖ ਵਿੱਚ ਕਿਸੇ ਦੇ ਕਾਬੂ ਨਹੀਂ ਆ ਸਕੇਗਾ। ਇਸ ਲਈ ਹੁਣੇ ਹੀ ਕਾਰਵਾਈ ਜ਼ਰੂਰੀ ਹੈ। ਅਮਰੀਕੀ ਰਾਸ਼ਟਰਪਤੀ ਜੋ ਪਹਿਲਾਂ ਹੀ ਜੰਗੀ ਬੇੜਿਆਂ ਰਾਹੀਂ ਇਰਾਨ ਨੂੰ ਘੇਰੀ ਬੈਠਾ ਸੀ, ਤੁਰੰਤ ਹਮਲਾ ਕਰਨ ਲਈ ਰਾਜ਼ੀ ਹੋ ਗਿਆ। ਇਹ ਗੱਲ ਖੁਦ ਟਰੰਪ ਨੇ ਮੰਨੀ ਹੈ ਕਿ ਉਸਨੂੰ ਆਪਣੀ ਯੋਜਨਾ ਤੋਂ ਪਹਿਲਾਂ ਇਹ ਹਮਲਾ ਕਰਨ ਦਾ ਨਿਰਣਾ ਲੈਣਾ ਪਿਆ। ਮਸ਼ਹੂਰ ਅਮਰੀਕੀ ਅਖਬਾਰ ਵਾਸ਼ਿੰਗਟਨ ਪੋਸਟ ਨੇ ਲਿਖਿਆ ਕਿ ਇਹ ਹਮਲਾ ਇਸਰਾਇਲ ਅਤੇ ਸਾਊਦੀ ਅਰਬ ਵੱਲੋਂ ਪਿਛਲੇ ਕੁਝ ਹਫਤਿਆਂ ਤੋਂ ਟਰੰਪ ’ਤੇ ਦਬਾਅ ਬਣਾਉਣ ਬਾਅਦ ਕੀਤਾ ਗਿਆ।
ਇਸ ਹਮਲੇ ਤੋਂ ਪਹਿਲਾਂ ਇਸਰਾਈਲੀ ਸ਼ੈਤਾਨ ਪ੍ਰਧਾਨ ਮੰਤਰੀ ਨੇਤਨਯਾਹੂ ਆਪਣੀ ਖੁਫੀਆ ਏਜੰਸੀ ਮੋਸਾਦ ਰਾਹੀਂ ਇਰਾਨ ਦੇ ਸੁਪਰੀਮ ਆਗੂ 86 ਸਾਲਾ ਆਇਤੁਲਾ ਅਲੀ ਖਾਮਨੇਈ ਦੇ ਸਟੀਕ ਪ੍ਰੋਗਰਾਮ ਦੀ ਜਾਣਕਾਰੀ ਪ੍ਰਾਪਤ ਕਰ ਲਈ ਸੀ। ਉਸਨੇ ਉਸਦੇ ਨਿੱਜੀ ਸਟਾਫ ਵਿੱਚ ਆਪਣੇ ਜਾਸੂਸ ਫਿੱਟ ਕਰ ਰੱਖੇ ਸਨ। ਉਸ ਨੂੰ ਇਸ ਗੱਲ ਦੀ ਪੱਕੀ ਜਾਣਕਾਰੀ ਸੀ ਕਿ ਹਮਲੇ ਵਾਲੇ ਦਿਨ 28 ਫਰਵਰੀ ਨੂੰ ਅਲੀ ਖਾਮਨੇਈ ਆਪਣੇ ਤਹਿਰਾਨ ਵਿਖੇ ਘਰ ਅਤੇ ਦਫਤਰ ਵਿੱਚ ਮੀਟਿੰਗ ਕਰਨ ਵਾਲਾ ਹੈ। ਸੋ ਅਮਰੀਕੀ-ਇਸਰਾਇਲੀ ਤਾਬੜਤੋੜ 30 ਮਿਸਾਈਲਾਂ ਦੇ ਹਮਲੇ ਵਿੱਚ ਆਇਤੁਲਾ ਅਲੀ ਖਾਮਨੇਈ ਉੱਚ ਕਮਾਂਡਰਾਂ ਅਲੀ ਸ਼ਮਖਾਨੀ ਅਤੇ ਅਲੀ ਲਾਰਜਾਨੀ ਸਮੇਤ ਮਾਰੇ ਗਏ। ਇਸ ਹਮਲੇ ਵਿੱਚ ਸੁਪਰੀਮ ਆਗੂ ਦੀ ਧੀ, ਜਵਾਈ, ਨੂੰਹ ਅਤੇ 14 ਮਹੀਨਿਆਂ ਦੀ ਨੰਨੀ ਪੋਤਰੀ ਜਿਹਰਾ ਮੁਹੰਮਦੀ ਗੋਲਪਾਇਗਾਨੀ ਆਦਿ ਮਾਰੇ ਗਏ। ਇਸ ਤੋਂ ਇਲਾਵਾ 40 ਉੱਚ ਪੱਧਰੀ ਮਿਲਟਰੀ ਅਤੇ ਸਿਵਲ ਅਧਿਕਾਰੀ ਵੀ ਮਾਰੇ ਗਏ। ਅਮਰੀਕੀ-ਇਸਰਾਇਲੀ ਸਾਂਝੀ ਕਮਾਨ ਨੇ ਇਰਾਨ ਦੇ ਅਨੇਕ ਮਿਲਟਰੀ ਅਤੇ ਸਿਵਿਲ ਟਿਕਾਣਿਆਂ ’ਤੇ ਹਮਲੇ ਕੀਤੇ। ਅਤੀ ਸ਼ਰਮਨਾਕ ਅਤੇ ਅਣਮਨੁੱਖੀ ਕਾਰਵਾਈ ਵਿੱਚ ਇੱਕ ਲੜਕੀਆਂ ਦੇ ਸਕੂਲ ’ਤੇ ਹਮਲਾ ਕਰਕੇ 165 ਵਿਦਿਆਰਥਣਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਇਰਾਨ, ਜੋ ਆਪਣੇ ਸੁਪਰੀਮ ਧਾਰਮਿਕ ਆਗੂ ਦੀ ਰਾਖੀ ਲਈ ਹਮੇਸ਼ਾ ਚੁਕੰਨਾ ਰਹਿੰਦਾ ਸੀ ਕਿਵੇਂ ਇਸਰਾਇਲ ਵੱਲੋਂ ਉਸਦੀ ਸੁਰੱਖਿਆ ਵਿੱਚ ਮੋਰੀ ਕਰਨ ਵਿੱਚ ਸਫਲਤਾ ਅਤੇ ਦਫਤਰ ਵਿੱਚ ਮੀਟਿੰਗ ਦੀ ਜਾਣਕਾਰੀ ਸਬੰਧੀ ਹੌਲਨਾਕ ਨਕਾਮੀ ਦਾ ਸ਼ਿਕਾਰ ਹੋ ਗਿਆ, ਅਤੀ ਹੈਰਾਨਗੀ ਵਾਲੀ ਗੱਲ ਸੀ।
ਲਾਜਵਾਬ ਸਿਸਟਮ:
ਲੇਕਿਨ ਦੂਸਰੇ ਪਾਸੇ ਇਰਾਨ ਦੀ ਲੀਡਰਸ਼ਿੱਪ ਦੇ ਲਾਜਵਾਬ ਉੱਤਰਾਧਿਕਾਰੀ ਅਤੇ ਪਰਪੱਕ ਰਾਜਨੀਤਿਕ ਅਤੇ ਧਾਰਮਿਕ ਸਿਸਟਮ ਤੋਂ ਅਮਰੀਕਾ ਹੀ ਨਹੀਂ ਬਲਕਿ ਪੂਰਾ ਵਿਸ਼ਵ ਹੈਰਾਨ ਰਹਿ ਗਿਆ। ਅਰਬ ਬਹਾਰ ਲਹਿਰ ਦੀ ਤਰਜ਼ ’ਤੇ ਸੁਪਰੀਮ ਲੀਡਰ ਆਇਤੁਲਾ ਅਲੀ ਖਾਮਨੇਈ ਦੀ ਮੌਤ ਬਾਅਦ ਇਰਾਨੀ ਲੀਡਰਸ਼ਿੱਪ ਅਤੇ ਸੱਤਾ ਵਿੱਚ ਤਬਦੀਲੀ ਦੀ ਅਮਰੀਕਾ ਅਤੇ ਇਸਰਾਈਲ ਜੋ ਆਸਾਂ ਲਾਈ ਬੈਠੇ ਸਨ, ਉਸ ਉੱਤੇ ਬਿਲਕੁਲ ਪਾਣੀ ਫਿਰ ਗਿਆ। ਪਿਛਲੇ ਕੁਝ ਸਮੇਂ ਤੋਂ ਇਰਾਨ ਅੰਦਰ ਸੱਤਾ ਦੀ ਤਬਦੀਲੀ ਅਤੇ ਲੋਕਤੰਤਰ ਦੀ ਬਹਾਲੀ ਲਈ ਜੋ ਅਮਰੀਕਾ ਅਤੇ ਇਸਰਾਈਲ ਦੀ ਸ਼ਹਿ ’ਤੇ ਲੋਕ ਮੁਜ਼ਾਹਰੇ ਕਰ ਰਹੇ ਸਨ, ਕੋਈ ਅੱਗੇ ਨਹੀਂ ਆਇਆ। ਉਲਟਾ ਸੁਪਰੀਮ ਆਗੂ ਦੀ ਸ਼ਹਾਦਤ ਨੇ ਪੂਰੇ ਇਰਾਨ ਨੂੰ ਇੱਕਜੁੱਟ ਕਰ ਦਿੱਤਾ। ਜਿਸਦੀ ਪ੍ਰਾਪਤੀ ਸੁਪਰੀਮ ਆਗੂ ਆਪਣੇ ਜਿਊਂਦੇ ਜੀਅ ਨਾ ਕਰ ਸਕਿਆ, ਉਹੋ ਉਹ ਆਪਣੀ ਸ਼ਹਾਦਤ ਨਾਲ ਪੂਰੀ ਕਰ ਗਿਆ।
ਜਵਾਬੀ ਕਾਰਵਾਈ:
ਇਸ ਹਮਲੇ ਦੀ ਜਵਾਬੀ ਕਾਰਵਾਈ ਇਰਾਨ ਮਿਲਟਰੀ ਅਤੇ ਆਈਆਰਜੀਸੀ ਲੜਾਕੂਆਂ ਵੱਲੋਂ ਲਗਾਤਾਰ ਬੜੀ ਸ਼ਿੱਦਤ ਨਾਲ ਅਮਰੀਕੀ ਮੱਧ ਪੂਰਬੀ ਫੌਜੀ ਅੱਡਿਆਂ ਅਤੇ ਇਸਰਾਈਲ ਵਿਰੋਧੀ ਹੀ ਨਹੀਂ ਬਲਕਿ ਇਨ੍ਹਾਂ ਦੇ ਪਿੱਠੂ ਅਰਬ ਮੁਲਕਾਂ ਜਿਵੇਂ ਸਾਊਦੀ ਅਰਬ, ਦੁਬਈ, ਦੋਹਾ, ਬਹਿਰੀਨ, ਕਤਰ, ਯੂ ਏ ਈ, ਕੁਵੈਤ ਅਤੇ ਇਰਾਕ ਆਦਿ ’ਤੇ ਇਬਰਤਨਾਕ ਮਿਸਾਈਲ ਹਮਲਿਆਂ ਨਾਲ ਕੀਤੀ ਜਾ ਰਹੀ ਹੈ। ਇੱਥੋਂ ਤਕ ਕਿ ਸਾਈਪ੍ਰਸ ਵਿੱਚ ਬਰਤਾਨਵੀ ਫੌਜੀ ਅੱਡੇ ਨੂੰ ਵੀ ਨਿਸ਼ਾਨਾ ਬਣਾਇਆ ਗਿਆ। ਅਮਰੀਕਾ ਦੇ ਕਈ ਲੜਾਕੂ ਜਹਾਜ਼ ਨਸ਼ਾਨਾ ਬਣਾਏ ਗਏ। ਇਸਰਾਇਲੀ ਪ੍ਰਧਾਨ ਮੰਤਰੀ ਦੇ ਦਫਤਰ ’ਤੇ ਵੀ ਹਮਲਾ ਕੀਤਾ ਗਿਆ ਲੇਕਿਨ ਉਹ ਬਚ ਨਿਕਲਿਆ। ਇਹ ਵੀ ਡਰ ਹੈ ਕਿ ਭਵਿੱਖ ਵਿੱਚ ਅਮਰੀਕੀ ਰਾਸ਼ਟਰਪਤੀ ਟਰੰਪ ਵੀ ਉਹਨਾਂ ਦੇ ਨਿਸ਼ਾਨੇ ’ਤੇ ਰਹੇਗਾ।
ਟਰੰਪ ਨੇ ਮੰਨਿਆ ਹੈ ਕਿ ਮੱਧ ਪੂਰਬ ਵਿੱਚ ਇਰਾਨ ਵਿਰੁੱਧ ਕਾਰਵਾਈ ਚਾਰ ਪੰਜ ਹਫਤੇ ਹੀ ਨਹੀਂ ਬਲਕਿ ਲੰਬੀ ਚੱਲ ਸਕਦੀ ਹੈ। ਅਮਰੀਕੀ ਰਾਸ਼ਟਰਪਤੀ ਇਰਾਨ ਦੇ ਮਿਲਟਰੀ ਅਤੇ ਪੁਲਿਸ ਅਧਿਕਾਰੀਆਂ ਨੂੰ ਹਥਿਆਰ ਸੁੱਟਣ ਲਈ ਕਹਿ ਰਿਹਾ ਹੈ। ਇਵੇਂ ਹੀ ਮੁਤਬਾਦਲ ਲੀਡਰਸ਼ਿੱਪ ਨਾਲ ਗੱਲਬਾਤ ਕਰਨ ਦੀ ਗੱਲ ਵੀ ਕਰ ਰਿਹਾ ਹੈ ਅਤੇ ਉਹਨਾਂ ਨੂੰ ਭਵਿੱਖ ਵਿੱਚ ਅਮਰੀਕਾ ਦੇ ਇਤਿਹਾਦੀ ਬਣ ਕੇ ਚੱਲਣ ਅਤੇ ਉਹਨਾਂ ਦੀ ਸੁਰੱਖਿਆ ਦਾ ਭਰੋਸਾ ਦੇ ਰਿਹਾ ਹੈ। ਦੂਸਰੇ ਪਾਸੇ ਇਹ ਵੀ ਡਰਾਵੇ ਦਿੰਦਾ ਹੈ ਕਿ ਉਹ ਉਹਨਾਂ ਦਾ ਪੂਰਾ ਸਿਸਟਮ ਨੇਸਤੋਨਾਬੂਦ ਘਰ ਦੇਵੇਗਾ।
ਇਰਾਨ ਦੇ ਸੁਪਰੀਮ ਧਾਰਮਿਕ ਆਗੂ ਆਇਤੁਲਾ ਖਮਨੇਈ ਦੀ ਮੌਤ ਵਿਰੁੱਧ ਪੂਰੇ ਵਿਸ਼ਵ ਦੇ ਵੱਖ-ਵੱਖ ਦੇਸ਼ਾਂ ਅਤੇ ਅਮਰੀਕਾ ਅੰਦਰ ਮੁਜ਼ਾਹਰੇ ਹੋ ਰਹੇ ਹਨ। ਪਾਕਿਸਤਾਨ ਅੰਦਰ ਕਰਾਚੀ ਵਿਖੇ ਅਮਰੀਕੀ ਦੂਤਾਵਾਸ ਅੱਗੇ 10 ਮਜ਼ਾਹਰਾਕਾਰੀਆਂ ਨੂੰ ਅਮਰੀਕੀ ਸੁਰੱਖਿਆ ਗਾਰਡਾਂ ਵੱਲੋਂ ਗੋਲੀਆਂ ਮਾਰ ਕੇ ਭੁੰਨਣ ਅਤੇ ਕਈਆਂ ਨੂੰ ਜ਼ਖਮੀ ਕਰਨ ਕਰਕੇ ਪੂਰੇ ਵਿਸ਼ਵ ਵਿੱਚ ਰਾਸ਼ਟਰਪਤੀ ਟਰੰਪ ਦੀ ਨਿੰਦਿਆ ਹੋ ਰਹੀ ਹੈ। ਲੈਬਨਾਨ ਵਿੱਚ ਹਿਜ਼ਬੁੱਲਾ ਲੜਾਕੂ ਵੀ ਇਸ ਜੰਗ ਵਿੱਚ ਕੁੱਦ ਪਏ ਹਨ ਅਤੇ ਉਹਨਾਂ ਨੇ ਸੈਂਕੜੇ ਰਾਕਟ ਇਸਰਾਇਲ ਵਿੱਚ ਦਾਗੇ ਹਨ। ਸਪੇਨ ਵਿੱਚੋਂ ਅਮਰੀਕਾ ਆਪਣੇ ਲੜਾਕੂ ਜਹਾਜ਼ ਕੱਢ ਰਿਹਾ ਹੈ ਕਿਉਂਕਿ ਉਸਨੇ ਸਾਫ ਕਿਹਾ ਕਿ ਉਸਦੀ ਧਰਤੀ ’ਤੇ ਅਮਰੀਕੀ ਅੱਡਿਆਂ ਤੋਂ ਇਰਾਨ ਉੱਤੇ ਹਮਲਿਆਂ ਦੀ ਇਜਾਜ਼ਤ ਨਹੀਂ। ਇੰਜ ਲਗਦਾ ਹੈ ਕਿ ਅਮਰੀਕਾ ਵੀਅਤਨਾਮ, ਇਰਾਕ ਅਤੇ ਅਫਗਾਨਿਸਤਾਨ ਵਾਂਗ ਦੋ ਸ਼ੈਤਾਨ ਆਗੂਆਂ ਜਿਵੇਂ ਨੇਤਨਯਾਹੂ ਅਤੇ ਜੀ ਬੀ ਐੱਸ ਦੀ ਗਲਤ ਸਲਾਹ ’ਤੇ ਇਰਾਨ ਅੰਦਰ ਫਸ ਰਿਹਾ ਹੈ ਅਤੇ ਜਲਦੀ ਤੋਂ ਜਲਦੀ ਇਸ ਆਫਤ ਤੋਂ ਨਿਪਟਾਰਾ ਚਾਹੁੰਦਾ ਹੈ। ਇਰਾਨ ਨਾ ਤਾਂ ਇਰਾਕ ਹੈ ਨਾ ਲਿਬੀਆ, ਨਾ ਸੀਰੀਆ ਅਤੇ ਨਾ ਅਫਗਾਨਿਸਤਾਨ। ਇਰਾਨ 2500 ਸਾਲਾ ਪਰਸ਼ੀਅਨ ਸੱਭਿਅਤਾ ’ਤੇ ਖੜ੍ਹਾ ਹੈ। ਜੰਗ ਦਾ ਨਤੀਜਾ ਭਾਵੇਂ ਕੋਈ ਵੀ ਨਿਕਲੇ ਲੇਕਿਨ ਰਾਸ਼ਟਰਪਤੀ ਟਰੰਪ ਅਤੇ ਅਮਰੀਕਾ ਦਾ ਸ਼ਰਮਨਾਕ ਜਨਾਜ਼ਾ ਨਿਕਲਣਾ ਨਿਸ਼ਚਿਤ ਹੈ। ਅਮਰੀਕਾ ਨੂੰ ਇਸ ਜੰਗ ਦੀ ਭਾਰੀ ਕੀਮਤ ਚੁਕਾਉਣੀ ਪਵੇਗੀ।
ਆਰਥਿਕ ਪ੍ਰਭਾਵ:
ਹਾਰਮੋਜ ਜਲ ਡਮਰੂ ਦੀ ਨਾਕਾਬੰਦੀ ਕਾਰਨ ਸਾਊਦੀ ਅਰਬ ਦੀਆਂ ਰਿਫਾਇਨਰੀਆਂ ਉੱਤੇ ਇਰਾਨ ਵੱਲੋਂ ਮਿਸਾਇਲਾਂ ਦਾਗਣ ਅਤੇ ਬਾਕੀ ਮੱਧ ਪੂਰਬ ਅਰਬ ਦੇਸ਼ਾਂ ’ਤੇ ਹਮਲੇ ਕਰਨ ਕਰਕੇ ਆਵਾਜਾਈ, ਵਪਾਰ, ਤੇਲ ਸਪਲਾਈ ਅਤੇ ਕਾਰੋਬਾਰ ਉੱਤੇ ਬਹੁਤ ਵੱਡਾ ਅਸਰ ਪੈਣਾ ਸ਼ੁਰੂ ਹੋ ਗਿਆ ਹੈ। ਸਟਾਕ ਮਾਰਕੀਟਾਂ ਧੜਾਧੜ ਮੂਧੇ ਮੂੰਹ ਪੈ ਰਹੀਆਂ ਹਨ। ਤੇਲ ਦੀਆਂ ਕੀਮਤਾਂ ਵਿੱਚ ਵਾਧਾ ਹਰ ਦੇਸ਼ ਦੀ ਆਰਥਿਕਤਾ ਨੂੰ ਨਿਚੋੜ ਕੇ ਰੱਖ ਦੇਵੇਗਾ। ਦੂਸਰੇ ਪਾਸੇ ਟਰੰਪ ਟੈਰਰ ਟੈਰਫ ਵੱਖ ਵੱਖ ਦੇਸ਼ਾਂ ਵਿੱਚ ਆਰਥਿਕ ਪਰੇਸ਼ਾਨੀਆ ਦਾ ਬਾਇਸ ਬਣੇਗਾ। ਇਹ ਵੀ ਪ੍ਰਤੱਖ ਸਮਝ ਆ ਰਿਹਾ ਹੈ ਕਿ ਜਿਵੇਂ ਚੀਨ ਅਤੇ ਰੂਸ ਮਹਾਸ਼ਕਤੀਆਂ ਅਮਰੀਕਾ ਨੂੰ ਕਿਸੇ ਡੂੰਘੀ ਖਾਈ ਵਿੱਚ ਧਕੇਲਣ ਲਈ ਚੱਕਰਵਿਊ ਰਚਨਾ ਕਰ ਰਹੀਆਂ ਹੋਣ।
ਸ਼ੈਤਾਨ ਇਸਰਾਇਲੀ ਪ੍ਰਧਾਨ ਮੰਤਰੀ ਨੇਤਨਯਾਹੂ ਦੀ ਕੱਟੜਵਾਦੀ ਅਤੇ ਨਸਲਘਾਤੀ ਯੋਜਨਾ ਹੈ ਕਿ ਇਸ ਜੰਗ ਦੀ ਆੜ ਵਿੱਚ ਫਲਸਤੀਨੀਆ ਨੂੰ ਗਾਜ਼ਾ ਅਤੇ ਪੱਛਮੀ ਕਿਨਾਰੇ ਵਿੱਚੋਂ ਜਬਰੀ ਭੱਜਣ ਲਈ ਮਜਬੂਰ ਕੀਤਾ ਜਾਵੇ। ਲੇਕਿਨ ਇੰਜ ਲਗਦਾ ਹੈ ਕਿ ਉਹ ਆਪਣੀ ਇਸ ਘਿਨਾਉਣੀ ਕਾਰਵਾਈ ਵਿੱਚ ਕਾਮਯਾਬ ਨਹੀਂ ਹੋਵੇਗਾ।
ਗੈਰ ਸੰਵਿਧਾਨਿਕ ਹਮਲਾ:
ਅਮਰੀਕੀ ਕੇਂਦਰੀ ਕਮਾਂਡ ਦੇ ਮੁਖੀ ਰਹੇ ਲੈਫ. ਕਰਨਲ ਰਾਚੇਲ ਵਾਲਡਿੰਗਹਮ ਦਾ ਕਹਿਣਾ ਹੈ, “ਟਰੰਪ ਨੇ ਇਰਾਨ ’ਤੇ ਹਮਲਾ ਕਰਕੇ ਕੌਮਾਂਤਰੀ ਕਾਨੂੰਨ ਦੀ ਹੀ ਕਈ ਪੱਖਾਂ ਤੋਂ ਉਲੰਘਣਾ ਨਹੀਂ ਕੀਤੀ ਬਲਕਿ ਅਮਰੀਕੀ ਸੰਵਿਧਾਨ ਅਤੇ ਜੰਗੀ ਸ਼ਕਤੀਆਂ ਦੇ ਮਤੇ ਦੀ ਵੀ ਉਲੰਘਣਾ ਕੀਤੀ ਹੈ।” ਬੈਕਾ ਬਲਿੰਟ ਡੈਮੋਕਰੇਟ ਪ੍ਰਤਿਨਿਧ ਦਾ ਕਹਿਣਾ ਹੈ ਕਿ ਇਰਾਨੀ ਅਪਰੇਸ਼ਨ ਖਤਰਨਾਕ ਅਤੇ ਗੈਰ ਕਾਨੂੰਨੀ ਹੈ ਜੋ ਕਾਂਗਰਸ ਦੀ ਮਨਜ਼ੂਰੀ ਬਗੈਰ ਸ਼ੁਰੂ ਕੀਤਾ ਗਿਆ ਹੈ। ਸਪੀਕਰ ਜੌਹਨਸਨ ਨੂੰ ਕਾਂਗਰਸ ਸੈਸ਼ਨ ਬੁਲਾ ਕੇ ਇਸ ’ਤੇ ਰੋਕ ਲਾਉਣੀ ਚਾਹੀਦੀ ਹੈ। ਹਾਲ ਦੀ ਘੜੀ ਚੰਗੀ ਗੱਲ ਇਹ ਹੈ ਕਿ ਟਰੰਪ ਦੇ ਕੌਮਾਂਤਰੀ ਡਿਕਟੇਟਰਾਨਾ ਵਤੀਰੇ ਕਰਕੇ ਅਮਰੀਕਾ ਦੇ ਇਤਿਹਾਦੀ ਅਤੇ ਨਾਟੋ ਦੇਸ਼ ਇਸ ਜੰਗ ਤੋਂ ਦੂਰੀ ਬਣਾਈ ਰੱਖ ਰਹੇ ਹਨ। ਫਿਰ ਵੀ ਖੌਫਨਾਕ ਡਰ ਇਹ ਹੈ ਕਿ ਕਿਤੇ ਇਹ ਜੰਗ ਤੀਸਰੀ ਵਿਸ਼ਵ ਜੰਗ ਦਾ ਰੂਪ ਧਾਰਨ ਕਰਕੇ ਮਾਨਵੀ ਬਰਬਾਦੀ ਦਾ ਕਾਰਨ ਨਾ ਬਣ ਜਾਵੇ। ਇਸ ਲਈ ਰੂਸ, ਚੀਨ, ਬਰਤਾਨੀਆ, ਬਰਾਜ਼ੀਲ, ਸਾਊਥ ਅਫਰੀਕਾ, ਜਪਾਨ, ਜਰਮਨੀ ਆਦਿ ਦੇਸ਼ਾਂ ਦੇ ਆਗੂਆਂ ਨੂੰ ਸਿਰ ਜੋੜ ਕੇ ਬੈਠਣਾ ਚਾਹੀਦਾ ਹੈ ਅਤੇ ਦਲੇਰਾਨਾ ਕਦਮ ਪੁੱਟਦਿਆਂ ਇਸ ਵਿਸ਼ਵ ਨੂੰ ਤੀਸਰੀ ਮਾਰੂ ਜੰਗ ਵਿੱਚ ਧੱਕੇ ਜਾਣ ਤੋਂ ਬਚਾਉਣ ਜ਼ਰੂਰੀ ਹੈ।
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (