DarbaraSKahlon8ਹਾਲ ਦੀ ਘੜੀ ਆਪਣੀ ਆਰਥਿਕ ਬਦਹਾਲੀ ਅਤੇ 4.50 ਲੱਖ ਕਰੋੜ ਕਰਜ਼ੇ ...
(7 ਜੁਲਾਈ 2026)


ਪੰਜਾਬ ਵਿੱਚ ਇਸ ਸਮੇਂ ਜਿੱਧਰ ਵੀ ਝਾਤ ਮਾਰੀ ਜਾਵੇ ਚਾਰ ਚੁਫੇਰੇ ਰਾਜਨੀਤਿਕ ਖਲਬਲੀ ਮਚੀ ਪਈ ਲਗਦੀ ਹੈ
ਅਹਿਸਾਸ ਹੁੰਦਾ ਹੈ, ਉਹ ਪੰਜਾਬ ਤੇਰਾ ਕੋਈ ਨਹੀਂ ਬੇਲੀ! ਸਿਧਾਂਤਾਂ, ਵਿਚਾਰਧਾਰਾ, ਉੱਚੀ ਨੈਤਿਕ ਕਦਰਾਂ ਕੀਮਤਾਂ, ਪੰਜਾਬ ਜਿਊਂਦਾ ਗੁਰਾਂ ਦੇ ਨਾਂਅ ’ਤੇ ਆਦਿ ਨੂੰ ਤਾਕ ਤੇ ਰੱਖ ਕੇ ਸਭ ਰਾਜਨੀਤਿਕ ਪਾਰਟੀਆਂ ਨਾਲ ਸਬੰਧਤ ਆਗੂ ਕੁਰਸੀ ਦੀ ਰਾਜਨੀਤੀ ਕਰਦੇ ਨਜ਼ਰ ਆ ਰਹੇ ਹਨ

ਕਾਂਗਰਸ ਪਾਰਟੀ:

ਕਾਂਗਰਸ ਪਾਰਟੀ ਨੇ ਜਿੰਨਾ ਪੰਜਾਬ ਦਾ ਨੁਕਸਾਨ ਕੀਤਾ ਹੈ, ਹੋਰ ਕਿਸੇ ਨੇ ਨਹੀਂ ਕੀਤਾਪੰਜਾਬ ਦੀ ਰਾਜਨੀਤੀ, ਧਰਮ, ਸਮਾਜ, ਪ੍ਰਸ਼ਾਸਨ ਅਤੇ ਭਾਈਚਾਰੇ ਵਿੱਚ ਜਿੰਨੇ ਕੰਡੇ ਇਸਨੇ ਬੀਜੇ, ਹੋਰ ਕਿਸੇ ਪਾਰਟੀ ਨੇ ਨਹੀਂ ਬੀਜੇਸੰਨ 1947 ਅਤੇ 1966 ਵਿੱਚ ਪੰਜਾਬ ਦੀ ਵੰਡ, ਪੰਜਾਬ ਅੰਦਰ ਜਾਣ ਬੁੱਝ ਕੇ ਰਾਜਧਾਨੀ, ਪੰਜਾਬੀ ਭਾਸ਼ਾਈ ਇਲਾਕਿਆਂ, ਪਾਣੀਆਂ, ਹੈੱਡਵਰਕਸਾ ਆਦਿ ਸੰਬੰਧੀ ਮੁੱਦੇ ਇਸ ਕਰਕੇ ਖੜ੍ਹੇ ਰੱਖੇ ਤਾਂ ਕਿ ਪੰਜਾਬ ਦੇ ਰਾਜਨੀਤੀਵਾਨ ਅਤੇ ਰਾਜਨੀਤਿਕ ਪਾਰਟੀਆਂ ਆਪਸ ਵਿੱਚ ਅਤੇ ਕੇਂਦਰ ਨਾਲ ਉਲਝਣ ਵਿੱਚ ਫਸੀਆਂ ਰਹਿਣਪੰਜਾਬ ਵਿੱਚ ਨੀਲਾ ਤਾਰਾ ਅਪਰੇਸ਼ਨ ਅਤੇ ਨਵੰਬਰ ’84 ਕਤਲੇਆਮ ਇਸਦਾ ਅਭੁੱਲ ਸ਼ਰਮਨਾਕ ਕਾਲਾ ਇਤਿਹਾਸ ਹੈ

ਪੰਜਾਬ ਵਿਧਾਨ ਸਭਾ ਚੋਣਾਂ-2027 ਸਿਰ ’ਤੇ ਆਉਣ ਦੇ ਬਾਵਜੂਦ ਕਾਂਗਰਸ ਦੇ ਆਗੂਆਂ ਵਿੱਚ ਲੀਡਰਸ਼ਿੱਪ ਨੂੰ ਲੈ ਕੇ ਘਮਸਾਨ ਮਚਿਆ ਪਿਆ ਸੀਪਾਰਟੀ ਹਾਈ ਕਮਾਨ ਨੂੰ ਸਨ 2024 ਵਿੱਚ ਹਰਿਆਣਾ ਵਿਧਾਨ ਸਭਾ ਚੋਣਾਂ ਵਾਲਾ ਮੰਦਭਾਗਾ ਤਜਰਬਾ ਪੰਜਾਬ ਵਿੱਚ ਨਹੀਂ ਦੁਹਰਾਉਣਾ ਚਾਹੁੰਦੀ ਸੀਇਸ ਲਈ ਪੰਜਾਬ ਵਿੱਚ ਲੀਡਰਸ਼ਿੱਪ ਦੀ ਲੜਾਈ ਨੂੰ ਹੱਲ ਕਰਨ ਲਈ ਉਸਨੇ 11 ਜੂਨ ਨੂੰ ਤਿੰਨ ਮੈਂਬਰੀ ਕਮੇਟੀ ਦਾ ਗਠਨ ਕੀਤਾ ਜਿਸ ਵਿੱਚ ਅਜੇ ਮਾਕਨ, ਮੀਨਾਕਸ਼ੀ ਨਟਰਾਜਨ ਅਤੇ ਭਜਨ ਲਾਲ ਜਾਟਵ ਸ਼ਾਮਲ ਸਨਇਸ ਕਮੇਟੀ ਵੱਲੋਂ ਘੋਰ ਅੰਦਰੂਨੀ ਰਿੜਕਣੇ ਬਾਅਦ ਪਾਰਟੀ ਨੇ ਮੌਜੂਦਾ ਲੀਡਰਸ਼ਿੱਪ ਵਿੱਚ ਤਬਦੀਲੀ ਦੀ ਥਾਂ ਸਭ ਮੋਹਰਲੀ ਕਤਾਰ ਦੇ ਆਗੂਆਂ ਨੂੰ ਵੱਖ ਵੱਖ ਕਮੇਟੀਆਂ ਗਠਤ ਕਰਦਿਆਂ ਉਹਨਾਂ ਦੇ ਮੁਖੀ ਥਾਪ ਕੇ ਸੰਤੁਸ਼ਟ ਕਰਨ ਦਾ ਯਤਨ ਕੀਤਾਪ੍ਰਮੁੱਖ ਤੌਰ ’ਤੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਵਿਧਾਨ ਸਭਾ ਗਰੁੱਪ ਦਾ ਆਗੂ ਪ੍ਰਤਾਪ ਸਿੰਘ ਬਾਜਵਾ ਨੂੰ ਬਣਿਆ ਰਹਿਣ ਦਿੱਤਾਲੀਡਰਸ਼ਿੱਪ ਦੇ ਮੁੱਖ ਦਾਅਵੇਦਾਰ ਸਾਬਕਾ 111 ਰੋਜ਼ਾ ਅਸਫਲ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਵਿਧਾਨ ਸਭਾ ਚੋਣ ਮੁਹਿੰਮ ਕਮੇਟੀ ਦਾ ਚੇਅਰਮੈਨ ਥਾਪ ਦਿੱਤਾਰਾਜਸਥਾਨ ਰਾਜ ਦੇ ਮੁਖੀ (ਇੰਚਾਰਜ) ਸੁਖਜਿੰਦਰ ਸਿੰਘ ਰੰਧਾਵਾ ਨੂੰ ਕੋਰ ਕਮੇਟੀ ਦਾ ਚੇਅਰਮੈਨ ਥਾਪ ਦਿੱਤਾਇਵੇਂ ਹੀ ਹੋਰ ਆਗੂਆਂ ਨੂੰ ਸੰਤੁਸ਼ਟ ਕਰਨ ਦਾ ਯਤਨ ਕੀਤਾ

ਚਾਹੀਦਾ ਤਾਂ ਇਹ ਸੀ ਕਿ ਪੰਜਾਬ ਦੇ ਕਾਂਗਰਸ ਆਗੂ ਹਾਈ ਕਮਾਨ ਦੇ ਫੈਸਲੇ ਬਾਅਦ ਪੂਰਨ ਨਿਸ਼ਚੇ ਨਾਲ ਇੱਕਜੁੱਟ ਹੋ ਕੇ ਅਗਾਮੀ ਵਿਧਾਨ ਸਭਾ ਚੋਣਾਂ ਦੇ ਮੈਦਾਨ ਵਿੱਚ ਕੁੱਦ ਪੈਂਦੇ ਪਰ ਕਹਿੰਦੇ ਹਨ,ਵਿਨਾਸ਼ ਕਾਲੇ ਵਿਪਰੀਤ ਬੁੱਧੀ।” ਬੱਸ! ਇੱਕ ਦਿਨ ਨਹੀਂ ਪੈਣ ਦਿੱਤਾ ਕਿ ਇਸ ਨਵ ਸੰਗਠਨ ਤੋਂ ਘੋਰ ਅਸੰਤੁਸ਼ਟ ਦਲਿਤ ਭਾਈਚਾਰੇ ਨਾਲ ਸੰਬੰਧਿਤ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਆਪਣੇ ਗ੍ਰਹਿ ਮੋਰਿੰਡਾ ਵਿਖੇ ਆਪਣੇ ਹਿਮਾਇਤੀਆਂ ਅਤੇ ਅਸੰਤੁਸ਼ਟ ਆਗੂਆਂ ਦੀ ਮੀਟਿੰਗ ਬੁਲਾਈ ਜਿਸ ਵਿੱਚ ਕਰੀਬ ਦੋ ਦਰਜਨ ਤੋਂ ਵੱਧ ਆਗੂਆਂ ਨੇ ਹਿੱਸਾ ਲਿਆਮੀਟਿੰਗ ਵਿੱਚ ਫੈਸਲੇ ਬਾਰੇ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਕਿਹਾ ਕਿ ਉਹਨਾਂ ਦੀ ਹਾਈ ਕਮਾਨ ਨਾਲ ਕੋਈ ਲੜਾਈ ਨਹੀਂ, ਉਹ ਦਿੱਲੀ ਜਾ ਕੇ ਲੀਡਰਸ਼ਿੱਪ ਨੂੰ ਮਿਲਣਗੇ ਅਤੇ ਪੰਜਾਬ ਦੀ ਸਥਿਤੀ ਬਾਰੇ ਚਾਨਣਾ ਪਾਉਣਗੇਉਹ ਬੇਨਤੀ ਕਰਨਗੇ ਕਿ ਪਾਰਟੀ ਆਪਣੇ ਹੁਣੇ ਲਏ ਗਏ ਫੈਸਲਿਆਂ ’ਤੇ ਮੁੜ ਨਜ਼ਰਸਾਨੀ ਕਰੇ

ਚੰਨੀ ਅਤੇ ਉਸਦੇ ਹਿਮਾਇਤੀਆਂ ਨੇ ਜ਼ਰਾ ਵੀ ਇਸ ਹਕੀਕਤ ਨੂੰ ਆਪਣੇ ਜ਼ਿਹਨ ਵਿੱਚ ਯਾਦ ਕਰਨ ਦਾ ਯਤਨ ਨਹੀਂ ਕੀਤਾ ਕਿ ਗੁਆਂਢੀ ਹਿਮਾਚਲ ਪ੍ਰਦੇਸ਼ ਵਿੱਚ ਵਿਧਾਨ ਸਭਾ ਚੋਣਾਂ ਵੇਲੇ ਸੁਖਵਿੰਦਰ ਸਿੰਘ ਸੁੱਖੂ ਨੂੰ ਚੋਣ ਮੁਹਿੰਮ ਕਮੇਟੀ ਦਾ ਚੇਅਰਮੈਨ ਥਾਪਿਆ ਗਿਆ ਸੀਰਾਜ ਵਿੱਚ ਚੋਣਾਂ ਜਿੱਤਣ ਤੋਂ ਬਾਅਦ ਉਸ ਨੂੰ ਮੁੱਖ ਮੰਤਰੀ ਥਾਪਣਾ ਪਿਆ ਸੀਹੋ ਸਕਦਾ ਸੀ ਕਿ ਚੋਣਾਂ ਜਿੱਤਣ ’ਤੇ ਚੰਨੀ ਨੂੰ ਮੁੜ ਮੁੱਖ ਮੰਤਰੀ ਥਾਪ ਦਿੱਤਾ ਜਾਂਦਾਲੇਕਿਨ ਹਾਈ ਕਮਾਨ ਵਿੱਚ ਅਵਿਸ਼ਵਾਸ ਦੀ ਭਾਵਨਾ ਕਰਕੇ ਉਸਨੇ ਬਗਾਵਤ ਦਾ ਝੰਡਾ ਬੁਲੰਦ ਕਰ ਦਿੱਤਾਇੱਕ ਵਾਰ ਪਹਿਲਾਂ ਵੀ ਉਸਨੇ ਰਾਜ ਵਿੱਚੋਂ 40-50 ਆਗੂਆਂ ਦੇ ਦਸਤਖਤ ਕਰਵਾ ਕੇ ਹਾਈ ਕਮਾਂਡ ’ਤੇ ਦਬਾਅ ਪਾਉਣ ਦਾ ਯਤਨ ਕੀਤਾ ਸੀ ਲੇਕਿਨ ਜਨਰਲ ਸਕੱਤਰ ਕੇਸੀ ਵੇਣੂ ਗੋਪਾਲ ਨੇ ਉਸ ਨੂੰ ਖਰੀਆਂ ਖਰੀਆਂ ਸੁਣਾਉਂਦਿਆਂ ਖੁੰਬ ਠੱਪ ਦਿੱਤੀ ਸੀ

ਪਾਰਟੀ ਹਾਈ ਕਮਾਨ ਨੇ ਚਰਨਜੀਤ ਚੰਨੀ ਵਰਗੇ ਕੌਂਸਲਰ ਤੋਂ ਆਜ਼ਾਦ ਵਿਧਾਇਕ ਬਣੇ ਆਗੂ ਨੂੰ ਕਾਂਗਰਸ ਪਾਰਟੀ ਵਿੱਚ ਸ਼ਾਮਲ ਕਰਕੇ ਰਾਜ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦਾ ਆਗੂ ਥਾਪਿਆ, ਸੁਨੀਲ ਜਾਖੜ, ਨਵਜੋਤ ਸਿੰਘ ਸਿੱਧੂ ਆਦਿ ਦੀ ਥਾਂ ਮੁੱਖ ਮੰਤਰੀ ਬਣਾਇਆਵਿਰੋਧੀ ਧਿਰ ਦਾ ਆਗੂ ਹੁੰਦਿਆਂ ਜਦੋਂ ਵਿਧਾਨ ਸਭਾ ਸਦਨ ਵਿੱਚ ਸੁਖਬੀਰ ਸਿੰਘ ਬਾਦਲ ਨੇ ਉਸ ਨੂੰ ਕੈਪਟਨ ਸਰਕਾਰ ਦੇ ਚਾਰ ਮੁੱਖ ਕੰਮ ਦੱਸਣ ਲਈ ਕਿਹਾ ਤਾਂ ਉਹ ਇੰਨਾ ਬੌਂਦਲ ਗਿਆ ਕਿ ਸਿਰਫ ਘਬਰਾਹਟ ਵਿੱਚ ਇਹ ਹੀ ਕਹਿ ਸਕਿਆ ਕਿ ਉਸਨੇ “ਪੈਚ ਵਰਕ” ਕਰਵਾਇਆ ਸੀ ਕਿ ਨਹੀਂ ਉਸਦਾ ਆਪਣੀ ਜ਼ਬਾਨ ’ਤੇ ਕੋਈ ਕਾਬੂ ਨਹੀਂਵਿਧਾਨ ਸਭਾ ਅੰਦਰ ਉਸਨੇ ਸੁਖਬੀਰ ਬਾਦਲ ਅਤੇ ਮੁੱਖ ਮੰਤਰੀ ਹੁੰਦੇ ਦੇਸ਼ ਦੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਬਾਰੇ ਨੀਵੀਂ ਕਿਸਮ ਦੇ ਸ਼ਬਦਾਂ ਦੀ ਵਰਤੋਂ ਕੀਤੀਮੁੱਖ ਮੰਤਰੀ ਹੁੰਦੇ ਉਸਦਾ ਇੱਕ ਨਿੱਜੀ ਰਿਸ਼ਤੇਦਾਰ ਕਰੀਬ 10 ਕਰੋੜ ਦੇ ਘੁਟਾਲੇ ਵਿੱਚ ਪਕੜਿਆ ਗਿਆਵਿਧਾਨ ਸਭਾ ਚੋਣਾਂ ਵੇਲੇ ਉਹ ਦੋ ਹਲਕਿਆਂ ਚਮਕੌਰ ਸਾਹਿਬ ਅਤੇ ਭਦੌੜ ਤੋਂ ਹਾਰ ਗਿਆਕਰੀਬ ਇੱਕ ਸਾਲ ਗਾਇਬ ਰਿਹਾਲੋਕ ਸਭਾ ਚੋਣਾਂ 2024 ਵਿੱਚ ਪਾਰਟੀ ਨੇ ਉਸ ਨੂੰ ਜਲੰਧਰ ਤੋਂ ਲੜਾਇਆ ਜਿੱਥੋਂ ਉਸਨੇ ਵੱਡੀ ਜਿੱਤ ਪ੍ਰਾਪਤ ਕੀਤੀ ਪਰ ਉਸਦੇ ਹਲਕੇ ਵਿੱਚ ਉਪ ਚੋਣ ਵਿੱਚ ਪਾਰਟੀ ਬੁਰੀ ਤਰ੍ਹਾਂ ਹਾਰ ਗਈਕਿੱਥੇ ਸੀ ਉਸਦੀ ਲੀਡਰਸ਼ਿੱਪ?

ਚਰਨਜੀਤ ਚੰਨੀ ਨੂੰ ਪਾਰਟੀ ਅੰਦਰ ਆਪਣਾ ਪੱਖ ਰੱਖਣ ਦੇ ਪੂਰੇ ਮੌਕੇ ਮਿਲੇ ਲੇਕਿਨ ਹੁਣ ਉਸਦੀ ਬਗਾਵਤ ਨੂੰ ਕੁਚਲਣ ਲਈ ਹਾਈ ਕਮਾਨ ਨੂੰ ਪਾਰਟੀ ਜਾਬਤਾ ਕਾਇਮ ਰੱਖਣ ਲਈ ਉਸ ਨੂੰ ਬਾਹਰ ਦਾ ਰਸਤਾ ਦਿਖਾ ਦੇਣਾ ਚਾਹੀਦਾ ਹੈਭੱਠ ਪਏ ਸੋਨਾ ਜਿਹੜਾ ਕੰਨਾਂ ਨੂੰ ਖਾਵੇਹਕੀਕਤ ਇਹ ਵੀ ਹੈ ਕਿ ਜੇਕਰ ਕੈਪਟਨ ਤੋਂ ਬਾਅਦ ਹਾਈ ਕਮਾਨ ਸੁਨੀਲ ਜਾਖੜ ਨੂੰ ਪੰਜਾਬ ਦਾ ਮੁੱਖ ਮੰਤਰੀ ਬਣਾ ਦਿੰਦੀ ਤਾਂ ਅੱਜ ਰਾਜ ਵਿੱਚ ਕਾਂਗਰਸ ਨੂੰ ਅਜਿਹੀ ਬਦਹਾਲੀ ਦਾ ਸਾਹਮਣਾ ਨਾ ਕਰਨਾ ਪੈਂਦਾਨਾ ਹੀ ਭਾਜਪਾ ਦੇ ਕਾਂਗਰਸੀਕਰਨ ਦਾ ਰਾਹ ਖੁੱਲ੍ਹਦਾ

ਸ਼੍ਰੋਮਣੀ ਅਕਾਲੀ ਦਲ:

ਸ਼੍ਰੋਮਣੀ ਅਕਾਲੀ ਦਲ ਦੀ ਅਜੋਕੀ ਰਾਜਨੀਤਿਕ ਅੱਧੋਗਤੀ ’ਤੇ ਭਾਈ ਗੁਰਦਾਸ ਜੀ ਦੀ ਇੱਕ ਵਾਰ ਦੇ ਇਹ ਸ਼ਬਦ ਖੂਬ ਢੁਕਦੇ ਹਨ ਕਿ ਆਪਣੇ ਹੱਥੀਂ ਆਪਣੀ ਜੜ੍ਹ ਆਪ ਉਪਟੇਸੁਖਬੀਰ ਬਾਦਲ ਸ਼੍ਰੋਮਣੀ ਅਕਾਲੀ ਦਲ ਨੂੰ ਆਪਣੇ ਪਿਤਾ ਪ੍ਰਕਾਸ਼ ਸਿੰਘ ਬਾਦਲ ਵਾਂਗ ਇੱਕਜੁੱਟ ਨਾ ਰੱਖ ਸਕਿਆਅਕਾਲੀ ਦਲ ਦੇ ਵਿਸ਼ਾਲ ਬੋਹੜ ਦਾ ਪੱਤਾ-ਪੱਤਾ ਟੁੱਟਦਾ ਗਿਆ ਅਤੇ ਆਖਰ ਇਹ ਦਲ ਰੁੰਡ ਮਰੁੰਡ ਹੋ ਗਿਆਦਸੰਬਰ 2, 2024 ਦੇ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮਨਾਮੇ ਅਨੁਸਾਰ ਇਸਨੇ ਚੁੱਲ੍ਹਾ ਤਾਂ ਕੀ ਸੰਭਾਲ ਸੀ ਸਗੋਂ ਕਈ ਚੁੱਲ੍ਹਿਆਂ ਵਿੱਚ ਵੰਡਦਾ ਚਲਾ ਗਿਆਰਾਜ ਵਿੱਚ ਸ਼੍ਰੋਮਣੀ ਅਕਾਲੀ ਦਲ ਬਾਦਲ, ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ, ਸ਼੍ਰੋਮਣੀ ਅਕਾਲੀ ਦਲ ਵਾਰਸ ਪੰਜਾਬ ਦੇ, ਸ਼੍ਰੋਮਣੀ ਅਕਾਲੀ ਦਲ ਮਾਨ ਅਤੇ ਪਤਾ ਨਹੀਂ ਹੋਰ ਕਿੰਨੇ ਕੁ ਧੜੇ ਹਨਕਿਸੇ ਨੂੰ ਗੁਰਬਾਣੀ ਦਾ ਅਹਿਸਾਸ ਨਹੀਂਕੋਈ ਧੜਾ ਵੀ “ਹੋਇ ਇਕੱਤਰ ਮਿਲਹੁ ਮੇਰੇ ਭਾਈਦੁਬਿਧਾ ਦੂਰ ਕਰਹੁ ਲਿਵ ਲਾਈ।” ’ਤੇ ਅਮਲ ਕਰਨ ਲਈ ਤਿਆਰ ਨਹੀਂਇਹ ਸਨ 2027 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਆਪਣੀ ਸ਼ਰਮਨਾਕ ਹਾਰ ਲਈ ਆਪੇ ਹੀ ਤਾਣਾਬਾਣਾ ਬੁਣ ਰਹੀਆਂ ਹਨ

ਭਾਜਪਾ:

ਰਾਜ ਵਿੱਚ ਭਾਜਪਾ ਦਾ ਪੂਰਨ ਕਾਂਗਰਸੀਕਰਨ ਹੋ ਚੁੱਕਾ ਹੈਪਹਿਲਾਂ ਸੁਨੀਲ ਜਾਖੜ ਤੇ ਹੁਣ ਜੱਟ ਸਿੱਖ ਕੇਵਲ ਸਿੰਘ ਢਿੱਲੋਂ, ਜੋ ਰਾਜਨੀਤੀ ਦੇ ਦਾਅ ਪੇਚਾਂ ਤੋਂ ਬਿਲਕੁਲ ਕੋਰਾ ਹੈ, ਨੂੰ ਪਾਰਟੀ ਪ੍ਰਧਾਨ ਥਾਪਿਆ ਗਿਆ ਹੈਲੱਖ ਟਕੇ ਦਾ ਸਵਾਲ ਹੈ ਕਿ ਪਾਰਟੀ ਕਿਨ੍ਹਾਂ ਮੁੱਦਿਆਂ ’ਤੇ ਰਾਜ ਅੰਦਰ ਰਾਜ ਵਿਧਾਨ ਸਭਾ ਚੋਣਾਂ ਲੜਨਾ ਚਾਹੁੰਦੀ ਹੈ? ਇਸ ਨੇ ਇੱਕ ਵੀ ਪੰਜਾਬ ਦੇ ਹਿਤ ਵਿੱਚ ਨਿਰਣਾ ਨਹੀਂ ਲਿਆ ਅਤੇ ਨਾ ਹੀ ਪੰਜਾਬ ਦੇ ਮਸਲਿਆਂ ਦੇ ਹੱਲ ਲਈ ਕੋਈ ਕਦਮ ਚੁੱਕਿਆ ਹੈ, ਜਿਵੇਂ ਕਿ ਚੰਡੀਗੜ੍ਹ, ਪੰਜਾਬੀ ਭਾਸ਼ਾਈ ਇਲਾਕੇ, ਹੈੱਡਵਰਕਸ ਪੰਜਾਬ ਨੂੰ ਦੇਣਾ ਅਤੇ ਰਿਪੇਰੀਅਨ ਕਾਨੂੰਨ ਤਹਿਤ ਪਾਣੀਆਂ ਦਾ ਮਸਲਾ ਹੱਲ ਕਰਨਾਸ੍ਰੀ ਮੋਦੀ ਸਰਕਾਰ ਨੇ ਪੰਜਾਬ ਅਤੇ ਕਿਸਾਨੀ ਲਈ ਕੋਈ ਆਰਥਿਕ ਪੈਕੇਜ ਜਾਰੀ ਨਹੀਂ ਕੀਤਾਪਾਰਟੀ ਦੇ ਮੂਲ ਵਰਕਰ ਨਰਾਜ਼ ਹਨਇਸ ਲਈ 117 ਵਿਧਾਨ ਸਭਾ ਹਲਕਿਆਂ ਲਈ ਉਮੀਦਵਾਰ ਲੱਭਣੇ ਵੀ ਔਖੇ ਹਨ

ਆਮ ਆਦਮੀ ਪਾਰਟੀ:

ਸਾਢੇ ਚਾਰ ਸਾਲ ਬਾਅਦ ਭਗਵੰਤ ਮਾਨ ਰਾਜ ਵਿੱਚ ਮੁੱਖ ਮੰਤਰੀ ਵਜੋਂ ਕੰਮ ਕਰਦਾ ਨਜ਼ਰ ਆ ਰਿਹਾ ਹੈ ਅਤੇ ਬਾਹਰਲੇ ਰਾਜਨੀਤਕ ਦਲਾਂ ਦੇ ਸੰਭਾਵੀ ਜੇਤੂ ਉਮੀਦਵਾਰ ਪਾਰਟੀ ਵਿੱਚ ਧੜਾਧੜ ਸ਼ਾਮਲ ਕਰ ਰਿਹਾ ਹੈਰਾਜ ਵਿੱਚ ਪਾਰਟੀ ਸੁਪਰੀਮੋ ਕੇਜਰੀਵਾਲ, ਮੁਖੀ ਮਨੀਸ਼ ਸਸੋਦੀਆਂ ਆਦਿ ਦਾ ਸਨਮਾਨ ਘੱਟ ਚੁੱਕਾ ਹੈ ਸੱਤ ਰਾਜਸਭਾ ਮੈਂਬਰਾਂ ਦੀ ਭਾਜਪਾ ਵਿੱਚ ਸ਼ਮੂਲੀਅਤ ਨੇ ਪਾਰਟੀ ਦਾ ਵੱਡਾ ਨੁਕਸਾਨ ਕੀਤਾ ਹੈ ਇਸਨੇ ਪੰਜਾਬ ਦੀਆਂ ਬੁਨਿਆਦੀ ਸਮੱਸਿਆਵਾਂ ਅਤੇ ਮੁੱਦਿਆਂ ਨੂੰ ਚਿਮਟੇ ਨਾਲ ਵੀ ਨਹੀਂ ਛੂਹਿਆ ਲੇਕਿਨ ਲੋਕ ਲੁਭਾਊ ਸਕੀਮਾਂ ਰਾਹੀਂ ਮੁੱਖ ਮੰਤਰੀ ਇੱਕ ਕਲਾਕਾਰ ਵਜੋਂ ਹਰ ਰੋਜ਼ ਅਗਾਮੀ ਚੋਣਾਂ ਦੇ ਮੱਦੇ ਨਜ਼ਰ ਪਹਿਲਾਂ ਤੋਂ ਤੈਅ ਸ਼ੁਦਾ ਪ੍ਰੋਗਰਾਮਾਂ ਬਲਬੂਤੇ ਚੋਣ ਮੁਹਿੰਮ ਗਰਮਾ ਰਿਹਾ ਹੈਪੰਜਾਬ ਦੇ ਲੋਕ ਹਾਲ ਦੀ ਘੜੀ ਆਪਣੀ ਆਰਥਿਕ ਬਦਹਾਲੀ ਅਤੇ 4.50 ਲੱਖ ਕਰੋੜ ਕਰਜ਼ੇ ਦੀ ਪੰਡ ਨੂੰ ਭੁੱਲੀ ਬੈਠੇ ਹਨਸਭ ਰਾਜਨੀਤਿਕ ਪਾਰਟੀਆਂ ਅੰਦਰੂਨੀ ਡਾਂਗ-ਸੋਟੇ ਵਿੱਚ ਮਸਰੂਫ ਹਨ, ਬੱਸ! ਡਰ ਇਸ ਗੱਲ ਦਾ ਹੈ ਕਿ ਜੇਕਰ ਪੰਜਾਬ ਕਿਤੇ ਬਾਰਿਸ਼ਾਂ ਅਤੇ ਹੜ੍ਹਾਂ ਦਾ ਸ਼ਿਕਾਰ ਹੋ ਗਿਆ ਤਾਂ ਫਿਰ ਪੰਜਾਬੀਆਂ ਨੇ ਆਮ ਆਦਮੀ ਪਾਰਟੀ ਆਗੂਆਂ ਨੂੰ ਪਿੰਡਾਂ, ਸੱਥਾਂ ਅਤੇ ਗਲੀਆਂ ਕੂਚਿਆਂ ਵਿੱਚ ਵੜਨ ਨਹੀਂ ਦੇਣਾ

ਸੌ ਹੱਥ ਰੱਸਾ ਅਤੇ ਸਿਰੇ ’ਤੇ ਗੰਢ ਵਾਲੀ ਗੱਲ ਇਹ ਹੈ ਕਿ ਜੇਕਰ ਪੰਜਾਬੀ ਆਪਣੇ ਹਿਤਾਂ, ਹੱਕਾਂ ਅਤੇ ਭਵਿੱਖ ਪ੍ਰਤੀ ਨਾ ਜਾਗੇ ਤਾਂ ਪੰਜਾਬ ਦੀਆਂ ਭਵਿੱਖੀ ਪੀੜ੍ਹੀਆਂ ਦਾ ਭਵਿੱਖ ਅੰਧਕਾਰ ਵਿੱਚ ਗੁੰਮ ਹੋ ਸਕਦਾ ਹੈ

*       *       *       *       *

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ:  (
sarokar2015@gmail.com)

About the Author

ਦਰਬਾਰਾ ਸਿੰਘ ਕਾਹਲੋਂ

ਦਰਬਾਰਾ ਸਿੰਘ ਕਾਹਲੋਂ

Kingston, Ontario, Canada.
(Retd. Punjab State Information Commissioner)
Phone: (Canada 1 - 289 - 829 - 2929)

Email: (kahlondarbarasingh@gmail.com)

More articles from this author