“ਲੇਕਿਨ ਸ਼ੇਖ ਹਸੀਨਾ ਦੀ ਸੱਤਾ ਵਿੱਚ ਬਣੇ ਰਹਿਣ ਦੀ ਭੁੱਖ ਨੇ ਵੱਡੀਆਂ ਚੁਣੌਤੀਆਂ ਪੈਦਾ ਕੀਤੀਆਂ। ਇਨ੍ਹਾਂ ਵਿੱਚ ਮਨੁੱਖੀ ...”
(15 ਅਗਸਤ 2025)
ਸਾਰਾ ਵਿਸ਼ਵ ਇਹ ਵੇਖ ਕੇ ਦੰਗ ਰਹਿ ਗਿਆ ਹੈ। 17 ਕਰੋੜ ਅਬਾਦੀ ਅਧਾਰਿਤ ਦੱਖਣ-ਪੂਰਬ ਏਸ਼ੀਆ ਦੇ ਭਾਰਤੀ ਉਪ ਮਹਾਦੀਪ ਵਿੱਚ ਸਥਿਤ ਬੰਗਲਾਦੇਸ਼ ਕਿਵੇਂ ਦਰਿੰਦਗੀ ਭਰੇ ਰਾਜਨੀਤਕ ਸੱਭਿਆਚਾਰ ਨਾਲ ਬਦਨਾਮ ਹੈ। ਇੱਕੀਵੀਂ ਸਦੀ ਦੀ ਆਧੁਨਿਕਤਾ ਅਤੇ ਆਧੁਨਿਕ ਜੀਵਨ ਦਾ ਇਸ ’ਤੇ ਰਤਾ ਵੀ ਅਸਰ ਨਹੀਂ ਹੈ। ਜਦੋਂ ਵੀ ਇਸ ਦੇਸ਼ ਵਿੱਚ ਰਾਜਨੀਤਕ ਉਥਲ-ਪੁਥਲ ਦਾ ਜਵਾਰ-ਭਾਟਾ ਵੇਖਣ ਨੂੰ ਮਿਲਦਾ ਹੈ ਤਾਂ ਵਿਰੋਧੀਆਂ, ਆਮ ਜਨ ਜੀਵਨ, ਕਾਰੋਬਾਰੀਆਂ ਦੇ ਨਾਲ-ਨਾਲ ਇੱਥੇ ਘੱਟ ਗਿਣਤੀ ਹਿੰਦੂ ਅਤੇ ਅਹਿਮਦੀ ਭਾਈਚਾਰਿਆਂ ਵਿਰੁੱਧ ਬਰਬਰਤਾਪੂਰਵਕ ਹਿੰਸਾ, ਲੁੱਟਮਾਰ, ਅੱਗਜ਼ਨੀ, ਬਲਾਤਕਾਰ, ਅਪਰਾਧ, ਕੋਹ-ਕੋਹ ਕੇ ਮਾਰਨ ਦੀਆਂ ਘਟਨਾਵਾਂ ਦੀ ਸੁਨਾਮੀ ਆ ਜਾਂਦੀ ਹੈ।
ਜਿਸ ਦੇਸ਼ ਭਗਤ ਰਾਜਨੀਤੀਵਾਨ ‘ਬੰਗ-ਬੰਸੂ’ ਵਜੋਂ ਜਾਣੇ ਜਾਂਦੇ ਇਸ ਦੇਸ਼ ਦੀ ਅਜ਼ਾਦੀ ਦੇ ਪਿਤਾਮਾ ਸ਼ੇਖ ਮੁਜੀਬਰ ਰਹਿਮਾਨ ਨੇ ਇਨ੍ਹਾਂ ਨੂੰ ਭਾਰਤੀ ਫੌਜ ਦੀ ਮਦਦ ਨਾਲ ਸੰਨ 1971 ਵਿੱਚ ਵਹਿਸ਼ੀ, ਬਰਬਰਤਾਵਾਦੀ, ਬਲਾਤਕਾਰੀ, ਜ਼ਾਲਮ ਪਾਕਿਸਤਾਨੀ ਫੌਜੀ ਸ਼ਾਸਨ ਤੋਂ ਅਜ਼ਾਦੀ ਦਿਲਾਈ, ਅਜੋਕੇ ਰਾਜ ਪਲਟੇ ਵੇਲੇ ਉਸਦੀ ਮੂਰਤੀ ਤੇ ਢਾਕਾ ਯੂਨੀਵਰਸਿਟੀ ਸੰਬੰਧਿਤ ਅਤੇ ਸਾਥੀ ਵਿਦਿਆਰਥੀਆਂ ਨੇ ਜਨਤਕ ਤੌਰ ’ਤੇ ਪਿਸ਼ਾਬ ਕਰਕੇ, ਉਸ ਨੂੰ ਥੱਲੇ ਸੁੱਟ ਕੇ ਤੋੜ-ਫੋੜ ਕਰਕੇ ਬਰਬਾਦ ਅਤੇ ਬੇਇੱਜ਼ਤ ਕਰਨ ਦਾ ਗੰਦਾ ਤਾਂਡਵ ਨਾਚ ਨੱਚਿਆ। ਜਿਸ ਢਾਕਾ ਯੂਨੀਵਰਸਿਟੀ ਤੋਂ ਲਿਟਰੇਚਰ ਵਿੱਚ ਗ੍ਰੈਜੂਏਸ਼ਨ ਕਰਦੇ ਵਿਦਿਆਰਥੀ ਆਗੂ ਉੱਭਰੇ, ਇਸ ਦੇਸ਼ ਦੀ ਹੀ ਨਹੀਂ ਵਿਸ਼ਵ ਦੀ ਸਭ ਤੋਂ ਲੰਬਾ ਸਮਾਂ ਪ੍ਰਧਾਨ ਮੰਤਰੀ ਰਹੀ ਸ਼ੇਖ ਹਸੀਨਾ ਵਾਜਿਦ, ਜਿਸ ਨੇ ਦੇਸ਼ ਵਿੱਚੋਂ ਗੁਰਬਤ ਦੂਰ ਕਰਨ, 2009 ਤੋਂ 2023 ਤਕ ਦੇਸ਼ ਦੀ ਵਿਕਾਸ ਦਰ ਨੂੰ 6 ਪ੍ਰਤੀਸ਼ਤ ਟਿਕਾਈ ਰੱਖਿਆ, ਉਸ ਨੂੰ ਨੌਕਰੀਆਂ ਵਿੱਚ ਕੋਟਾ ਨੀਤੀ ਦੇ ਮੁੱਦੇ ਤੇ ਉਸੇ ਢਾਕਾ ਯੂਨੀਵਰਸਿਟੀ ਵਿਦਿਆਰਥੀਆਂ ਨੇ ਸੱਤਾ ਛੱਡਣ ਲਈ ਮਜਬੂਰ ਕਰ ਦਿੱਤਾ ਅਤੇ ਉਸਦੇ ਸਰਕਾਰੀ ਨਿਵਾਸ ਨੂੰ ਲੁੱਟ ਦਾ ਸ਼ਿਕਾਰ ਬਣਾਇਆ। ਹੈਰਾਨਗੀ ਦੀ ਇਹ ਗੱਲ ਵੀ ਰਹੀ ਕਿ ਅਰਧ ਫ਼ੌਜੀ ਦਲ ਅਤੇ ਫ਼ੌਜ ਸ਼ਰਮਨਾਕ ਢੰਗ ਨਾਲ ਮੂਕ ਦਰਸ਼ਕ ਬਣੇ ਰਹੇ।
ਅੰਤ੍ਰਿਮ ਸਰਕਾਰ:
ਸ਼ੇਖ ਹਸੀਨਾ ਵਾਜਿਦ ਅਵਾਮੀ ਲੀਗ ਆਗੂ ਦੇ ਰਾਜ ਪਲਟੇ ’ਤੇ ਬਦੇਸ਼ ਤੋਂ 84 ਸਾਲਾ ਨੋਬਲ ਇਨਾਮ ਜੇਤੂ ਅਰਥ ਸ਼ਾਸਤਰੀ ਡਾ. ਮੁਹੰਮਦ ਯੂਨਸ ਨੂੰ ਬੁਲਾਇਆ ਗਿਆ। ਅਗਸਤ 8, 2024 ਨੂੰ ਉਨ੍ਹਾਂ ਦੀ ਅਗਵਾਈ ਵਿੱਚ ਫ਼ੌਜ ਦੀ ਹਿਮਾਇਤ ਨਾਲ ਉਸ ਨੇ ਅੰਤ੍ਰਿਮ ਸਰਕਾਰ ਸੰਭਾਲ ਲਈ ਹੈ। ਉਸ ਨੇ ਮਾਈਕਰੋਫਾਈਨੈਂਸਿੰਗ ਗ੍ਰਾਮੀਣ ਯੋਜਨਾ ਪ੍ਰੋਗਰਾਮ ਰਾਹੀਂ ਲੱਖਾਂ ਲੋਕਾਂ ਨੂੰ ਬੇਰੋਜ਼ਗਾਰੀ ਦੀ ਦਲ-ਦਲ ਵਿੱਚੋਂ ਬਾਹਰ ਕੱਢਣ ਵਿੱਚ ਅਹਿਮ ਨਾਮਣਾ ਖੱਟਿਆ। ਇਸ ਸਾਲ ਦੇ ਸ਼ੁਰੂ ਵਿੱਚ ਲੇਬਰ ਕਾਨੂੰਨ ਉਲੰਘਣਾ ਦੋਸ਼ ਵਿੱਚ ਸ਼ੇਖ ਹਸੀਨਾ ਵਾਜਿਦ ਸਰਕਾਰ ਵੱਲੋਂ ਨਿਸ਼ਾਨਾ ਬਣਾਇਆ ਜਾ ਰਿਹਾ ਸੀ। ਅੰਤ੍ਰਿਮ ਸਰਕਾਰ ਦੇ ਗਠਨ ਤੋਂ ਪਹਿਲਾਂ ਰਾਸ਼ਟਰਪਤੀ ਸ਼ਾਹਬੁਦੀਨ ਨੇ ਸੰਸਦ ਨੂੰ ਭੰਗ ਕਰ ਦਿੱਤਾ ਤਾਂ ਕਿ ਦੇਸ਼ ਵਿੱਚ ਨਵੀਂਆਂ ਚੋਣਾਂ ਦਾ ਰਾਹ ਖੁੱਲ੍ਹ ਜਾਵੇ। ਲੇਕਿਨ ਹੈਰਾਨਗੀ ਇਹ ਵੀ ਹੈ ਕਿ ਨੋਬਲ ਵਿਜੇਤਾ ਡਾ. ਯੂਨਸ ਇਸ ਤਖ਼ਤ ਪਲਟੇ ਨੂੰ ‘ਅਜ਼ਾਦੀ ਦਾ ਦੂਸਰਾ ਦਿਵਸ’ ਦਰਸਾ ਰਿਹਾ ਹੈ। ਕੱਟੜਪੰਥੀਆਂ, ਜਮਾਤ-ਏ-ਇਸਲਾਮੀ, ਮਦਰੱਸਾ ਮੁਲਾਣਾਵਾਦ, ਫੌਜੀ ਦਖ਼ਲ ਦੇ ਚਲਦੇ ਅੰਤ੍ਰਿਮ ਸਰਕਾਰ ਲਈ ਅਮਨ ਕਾਨੂੰਨ ਕਾਇਮ ਕਰਨਾ, ਘੱਟ ਗਿਣਤੀਆਂ ਦੀ ਰਾਖੀ, ਕੌਮਾਂਤਰੀ ਵਿਸ਼ਵਾਸ ਜਿੱਤਣਾ ਵੱਡੀ ਚੁਣੌਤੀ ਹੋਵੇਗਾ। ਭਾਰਤ ਨਾਲ ਲਗਦੀ 2200 ਕਿਲੋਮੀਟਰ ਸਰਹੱਦ ਰਾਹੀਂ ਵੱਡੇ ਪੱਧਰ ’ਤੇ ਪਲਾਇਨ ਰੋਕਣਾ ਵੀ ਇਸ ਵਿੱਚ ਸ਼ਾਮਲ ਹੈ।
ਬਦਨਾਮ ਇਤਿਹਾਸ:
ਸੰਨ 1971 ਵਿੱਚ ਦੇਸ਼ ਅਜ਼ਾਦੀ ਬਾਅਦ ‘ਬੰਗ ਬੰਧੂ’ ਸ਼ੇਖ ਮੁਜੀਬਰ ਰਹਿਮਾਨ ਪਹਿਲੇ ਪ੍ਰਧਾਨ ਮੰਤਰੀ ਬਣੇ। ਜਨਵਰੀ 1975 ਵਿੱਚ ਸੰਵਿਧਾਨਿਕ ਬਦਲ ਰਾਹੀਂ ਉਹ ਰਾਸ਼ਟਰਪਤੀ ਬਣ ਗਏ। ਲੇਕਿਨ 15 ਅਗਸਤ, 1975 ਨੂੰ ਅੱਧੀ ਰਾਤ ਨੂੰ ਦੋ ਫੌਜੀ ਮੇਜਰਾਂ ਦੇ ਤਾਂਡਵ ਨੇ ਸਾਰੇ ਪਰਿਵਾਰ ਅਤੇ 15 ਹੋਰ ਲੋਕਾਂ ਸਮੇਤ ਕਤਲ ਕਰ ਦਿੱਤਾ। ਸ਼ੇਖ ਹਸੀਨਾ ਵਾਜਿਦ ਆਪਣੀ ਭੈਣ ਸ਼ੇਖ ਰੇਹਾਨਾ ਸਮੇਤ ਆਪਣੇ ਪਤੀ ਨਾਲ ਜਰਮਨੀ ਯਾਤਰਾ ’ਤੇ ਹੋਣ ਕਰਕੇ ਬਚ ਗਈ।
ਖੰਦਾਕੇਰ ਮੁਸ਼ਤਾਕ ਅਹਿਮਦ, ਜਿਸ ਨੇ ਇਹ ਸਾਜ਼ਿਸ਼ ਘੜੀ, ਧਰਮ ਨਿਰਪੱਖ ਸਰਕਾਰ ਦੀ ਥਾਂ ਇਸਲਾਮੀ ਸਰਕਾਰ ਗਠਤ ਕੀਤੀ। ਪਰ ਤਿੰਨ ਨਵੰਬਰ, 1975 ਨੂੰ ਫੌਜ ਦੇ ਚੀਫ ਆਫ ਸਟਾਫ ਖਾਲਿਦ ਮੁਸ਼ਰਫ ਨੇ ਖੰਦਾਕੇਰ ਮੁਸ਼ਤਾਕ ਅਹਿਮਦ ਨੂੰ ਕਤਲ ਕਰਕੇ ਸੱਤਾ ’ਤੇ ਕਬਜ਼ਾ ਕਰ ਲਿਆ। ਮੇਜਰ ਜਨਰਲ ਜਿਹਾ ਉਰ ਰਹਿਮਾਨ ਜੇਲ੍ਹ ਸੁੱਟ ਦਿੱਤਾ। 7 ਨਵੰਬਰ ਨੂੰ ਜ਼ਿਆ ਹਿਮਾਇਤੀਆਂ ਨੇ ਖਾਲਿਦ ਮੁਸ਼ਰਫ ਕਤਲ ਕਰਕੇ ਉਸ ਨੂੰ ਰਾਸ਼ਟਰਪਤੀ ਥਾਪ ਦਿੱਤਾ, ਜਿਸ ਨੇ ਬੰਗਲਾਦੇਸ਼ ਨੈਸ਼ਨਲ ਪਾਰਟੀ ਗਠਿਤ ਕੀਤੀ। 30 ਮਈ, 1981 ਵਿੱਚ ਚਿਟਾਗਾਂਗ ਵਿਖੇ ਉਸਦੀ ਹੱਤਿਆ ਕਰ ਦਿੱਤੀ ਗਈ ਪਰ ਤਖਤਾ ਪਲਟਣ ਤੋਂ ਬਚ ਗਿਆ। ਉਪ ਰਾਸ਼ਟਰਪਤੀ ਅਬਦੁਲ ਸਤਾਰ ਨੇ ਜਨਰਲ ਹੁਸੈਨ ਮੁਹੰਮਦ ਇਰਸ਼ਾਦ ਦੀ ਮਦਦ ਨਾਲ ਅੰਤ੍ਰਿਮ ਰਾਸ਼ਟਰਪਤੀ ਵਜੋਂ ਕਮਾਨ ਸੰਭਾਲੀ। ਅਗਲੇ ਸਾਲ 24 ਮਾਰਚ, 1982 ਨੂੰ ਜਨਰਲ ਨੇ ਬਗੈਰ ਖੂਨ-ਖਰਾਬੇ ਦੇ ਅਬਦੁਸ ਸਤਾਰ ਨੂੰ ਲਾਂਭੇ ਕਰਕੇ ਖੁਦ ਕਮਾਨ ਸੰਭਾਲ ਲਈ। ਮਾਰਸ਼ਲ ਲਾਅ ਨਾਫਜ਼ ਕਰ ਦਿੱਤਾ।
ਸੰਨ 1981 ਵਿੱਚ ਸ਼ੇਖ ਹਸੀਨਾ ਜਲਾਵਤਨੀ ਤੋਂ ਵਾਪਸ ਆਪਣੇ ਦੇਸ਼ ਪਰਤੀ। ਅਵਾਮੀ ਲੀਗ ਦੀ ਕਮਾਨ ਸੰਭਾਲੀ। ਦੂਜੇ ਪਾਸੇ ਬੰਗਲਾਦੇਸ਼ ਨੈਸ਼ਨਲ ਪਾਰਟੀ ਆਗੂ ਖਾਲਿਦਾ ਜ਼ਿਆ ਇੱਕ ਤਾਕਤਵਰ ਆਗੂ ਵਜੋਂ ਉੱਭਰਨ ਲੱਗੀ। ਦੇਸ਼ ਅੰਦਰ ਲੋਕਤੰਤਰ ਦੀ ਸਥਾਪਤੀ ਲਈ ਘੋਰ ਰਾਜਨੀਤਕ ਸ਼ਰੀਕੇਬਾਜ਼ੀ ਦੇ ਬਾਵਜੂਦ ਦੋਹਾਂ ਹੱਥ ਮਿਲਾਏ। ਨਿੱਤ ਦਿਨ ਦੇ ਰਾਜਸੀ ਪ੍ਰਦਰਸ਼ਨਾਂ ਤੋਂ ਤੰਗ ਆ ਕੇ ਮੁਹੰਮਦ ਇਰਸ਼ਾਦ ਨੇ 6 ਦਸੰਬਰ, 1990 ਨੂੰ ਰਾਸ਼ਟਰਪਤੀ ਪਦ ਤੋਂ ਅਸਤੀਫਾ ਦੇ ਦਿੱਤਾ। ਦਸੰਬਰ 12 ਨੂੰ ਗ੍ਰਿਫਤਾਰ ਕਰਕੇ, ਭ੍ਰਿਸ਼ਟਾਚਾਰ ਦੇ ਦੋਸ਼ਾਂ ਵਿੱਚ ਜੇਲ੍ਹ ਸੁੱਟ ਦਿੱਤਾ ਗਿਆ।
ਦੇਸ਼ ਵਿੱਚ ਲੋਕਤੰਤਰੀ ਚੋਣਾਂ ਦਾ ਐਲਾਨ ਵੇਲੇ ਦੋਵੇਂ ਰਾਜਨੀਤਕ ਆਗੂ ਸ਼ੇਖ ਹਸੀਨਾ ਅਤੇ ਖਾਲਿਦਾ ਜ਼ਿਆ ਇੱਕ ਦੂਜੀ ਦੀਆਂ ਘੋਰ ਸੌਕਣਾਂ ਬਣ ਗਈਆਂ। ਬੀ. ਐੱਨ. ਪੀ. ਆਗੂ ਖਾਲਿਦਾ ਜ਼ਿਆ ਜੇਤੂ ਰਹੀ ਅਤੇ ਦੇਸ਼ ਦੀ ਪਹਿਲੀ ਔਰਤ ਪ੍ਰਧਾਨ ਮੰਤਰੀ ਬਣੀ। ਇਵੇਂ ਬੰਗਲਾ ਦੇਸ਼ ਵਿੱਚ ‘ਬੇਗਮਾ ਦੀ ਜੰਗ’ ਦਾ ਆਗਾਜ਼ ਹੋ ਗਿਆ। ਸੰਨ 1996 ਵਿੱਚ ਅਵਾਮੀ ਲੀਗ ਸੁਪਰੀਮੋ ਸ਼ੇਖ ਹਸੀਨਾ ਨੇ ਜਿੱਤ ਹਾਸਿਲ ਕੀਤੀ ਅਤੇ ਪ੍ਰਧਾਨ ਮੰਤਰੀ ਦਾ ਅਹੁਦਾ ਸੰਭਾਲਿਆ। ਲੇਕਿਨ ਸੰਨ 2001 ਦੀਆਂ ਚੋਣਾਂ ਵਿੱਚ ਮੁੜ ਖਾਲਿਦਾ ਜ਼ਿਆ ਬਾਜ਼ੀ ਮਾਰ ਗਈ। ਸ਼ੇਖ ਹਸੀਨਾ ਨੂੰ ਸਾਜ਼ਿਸ਼ ਰਚਣ ਦੇ ਕੇਸ ਵਿੱਚ ਜੇਲ੍ਹ ਭੇਜ ਦਿੱਤਾ ਗਿਆ।
ਸੰਨ 2006 ਵਿੱਚ ਉਸ ਦੇ ਕਾਰਜਕਾਲ ਖਤਮ ਹੋਣ ਬਾਅਦ ਫੌਜ ਨੇ ਫਿਰ 11 ਜਨਵਰੀ, 2007 ਨੂੰ ਸੱਤਾ ’ਤੇ ਕਬਜ਼ਾ ਕਰਕੇ ਦੋਵੇਂ ਬੇਗਮਾਂ ਜੇਲ੍ਹ ਧੱਕ ਦਿੱਤੀਆਂ। ਸੈਨਾ ਮੁਖੀ ਮੋਈਨ ਯੂਨਸ ਅਹਿਮਦ ਨੇ ਅੰਤ੍ਰਿਮ ਸਰਕਾਰ ਗਠਤ ਕੀਤੀ। ਲੇਕਿਨ ਜਨਤਕ ਵਿਰੋਧ ਚਲਦੇ ਦੋਵੇਂ ਬੇਗਮਾਂ ਰਿਹਾਅ ਕਰ ਦਿੱਤੀਆਂ। ਸੰਨ 2009 ਵਿੱਚ ਹੋਈਆਂ ਚੋਣਾਂ ਵਿੱਚ ਸ਼ੇਖ ਹਸੀਨਾ ਨੇ ਬਾਜ਼ੀ ਮਾਰੀ। ਉਹ ਲਗਾਤਾਰ 2009-2014, 2014-2019, 2019-2024 ਸੱਤਾ ਵਿੱਚ ਰਹੀ ਰਹੀ। ਹੁਣ ਚੌਥੀ ਵਾਰ ਜਨਵਰੀ 2024 ਵਿੱਚ ਪ੍ਰਧਾਨ ਮੰਤਰੀ ਬਣੀ। ਇੱਥੇ ਕੜਵੀ ਸਚਾਈ ਇਹ ਵੀ ਹੈ ਕਿ ਬੰਗਲਾ ਦੇਸ਼ ਦੀ ਹੋਂਦ ਤੋਂ ਬਾਅਦ ਹੁਣ ਤਕ ਸਾਰੀ ਜੰਗ ਭਾਰਤ ਪੱਖੀ ਮੁਜੀਬਰ ਰਹਿਮਾਨ ਪਰਿਵਾਰ ਅਤੇ ਪਾਕਿਸਤਾਨ ਪੱਖੀ ਸ਼ਕਤੀਆਂ ਵਿੱਚ ਰਹੀ ਹੈ।
ਪ੍ਰਾਪਤੀਆਂ:
ਸ਼ੇਖ ਹਸੀਨਾ ਦੇ ਸ਼ਾਸਨ ਦੌਰਾਨ ਭਾਰਤ ਨਾਲ ਸੰਬੰਧ ਗੂੜ੍ਹੇ ਹੁੰਦੇ ਚਲੇ ਗਏ। ਭਾਰਤ ਨੇ ਕਈ ਵਿਕਾਸ ਸਕੀਮਾਂ ਅਤੇ ਪੈਦਾਵਾਰੀ ਸਨਅਤਾਂ, ਬਿਜਲੀ, ਪ੍ਰੋਜੈਕਟਾਂ ਵਿੱਚ ਧੰਨ ਨਿਵੇਸ਼ ਕੀਤਾ। ਦੇਸ਼ ਅੰਦਰ ਮੂਲ ਢਾਂਚਾ ਮਜ਼ਬੂਤ ਕੀਤਾ ਗਿਆ। ਡਿਜੀਟਲਾਈਜੇਸ਼ਨ ਨੂੰ ਉਤਸ਼ਾਹਿਤ ਕੀਤਾ। 17 ਕਰੋੜ ਦੇਸ਼ਵਾਸੀਆਂ ਵਿੱਚੋਂ 95 ਪ੍ਰਤੀਸ਼ਤ ਨੂੰ ਬਿਜਲੀ ਮੁਹਈਆ ਕਰਵਾਈ ਗਈ। ਟੈਕਸਟਾਈਲ ਖੇਤਰ ਵਿੱਚ ਇੰਨੀ ਉਮਦਾ ਤਰੱਕੀ ਕੀਤੀ ਕਿ ਇਸ ਸਮੇਂ ਅਮਰੀਕਾ, ਕੈਨੇਡਾ, ਆਸਟ੍ਰੇਲੀਆ, ਯੂ. ਕੇ., ਨਿਊਜ਼ੀਲੈਂਡ ਅਤੇ ਕਈ ਯੂਰਪੀ ਦੇਸ਼ਾਂ ਵਿੱਚ ਬੰਗਲਾਦੇਸ਼ ਦੀ ਟੈਕਸਟਾਈਲ ਊਨੀ, ਸੂਤੀ, ਰੇਸ਼ਮੀ ਕੱਪੜਿਆਂ ਦਾ ਸਿੱਕਾ ਚੱਲਦਾ ਹੈ।
ਦੇਸ਼ ਦੀ ਜੀ. ਡੀ. ਪੀ. ਦੀ ਵਿਕਾਸ ਦਰ ਸੰਨ 2009 ਤੋਂ 2023 ਤਕ 6 ਪ੍ਰਤੀਸ਼ਤ ਬਣੀ ਰਹੀ। ਸੰਨ 2020 ਵਿੱਚ ਪ੍ਰਤੀ ਜੀਅ ਆਮਦਨ ਪੱਖੋਂ ਬੰਗਲਾ ਦੇਸ਼ ਗੁਆਂਢੀ ਭਾਰਤ ਨਾਲੋਂ ਅੱਗੇ ਲੰਘ ਗਿਆ।
ਸੰਨ 2017 ਵਿੱਚ ਮੀਆਂਮਾਰ ਵਿੱਚ ਫੌਜ ਵੱਲੋਂ ਰੋਹੰਗਿਯਾ ਮੁਸਲਿਮ ਭਾਈਚਾਰੇ ਦੇ ਨਸਲਘਾਤ ਕਰਕੇ ਲੱਖਾਂ ਲੋਕ ਬੰਗਲਾਦੇਸ਼ ਅਤੇ ਭਾਰਤ ਅੰਦਰ ਘੁਸੇ। ਸੂਝ-ਬੂਝ ਨਾਲ ਸ਼ੇਖ ਹਸੀਨਾ ਨੇ ਰੋਹੰਗਿਯਾ ਸਮੱਸਿਆ ਨੂੰ ਸੰਭਾਲਿਆ। ਚਿਟਾਗਾਂਗ ਵਿਖੇ ਵੱਡੇ ਪੈਮਾਨੇ ’ਤੇ ਘਰ ਉਸਾਰ ਕੇ ਵਸਾਇਆ। ਖਾਣ-ਪੀਣ, ਕੰਮਕਾਜ ਦਾ ਪ੍ਰਬੰਧ ਕੀਤਾ। ਇਸ ਕੰਮ ਨੂੰ ਕੌਮਾਂਤਰੀ ਪੱਧਰ ’ਤੇ ਸਲਾਹਿਆ ਗਿਆ।
ਸੱਤਾ ਖਰਾਬੀਆਂ:
ਲੇਕਿਨ ਸ਼ੇਖ ਹਸੀਨਾ ਦੀ ਸੱਤਾ ਵਿੱਚ ਬਣੇ ਰਹਿਣ ਦੀ ਭੁੱਖ ਨੇ ਵੱਡੀਆਂ ਚੁਣੌਤੀਆਂ ਪੈਦਾ ਕੀਤੀਆਂ। ਇਨ੍ਹਾਂ ਵਿੱਚ ਮਨੁੱਖੀ ਅਧਿਕਾਰਾਂ ਦੀ ਅਵੱਗਿਆ, ਗੈਰ-ਸੰਵਿਧਾਨਿਕ ਕਤਲ, ਵਿਰੋਧੀਆਂ ਅਤੇ ਪੱਤਰਕਾਰਾਂ ਨੂੰ ਅਚਾਨਕ ਗਾਇਬ ਕਰਨਾ, ਡਿਕਟੇਟਰਾਨਾ ਬਿਰਤੀ ਧਾਰਨ ਕਰਨਾ ਸ਼ਾਮਲ ਹੈ। ਰੂਸ-ਯੂਕ੍ਰੇਨ ਜੰਗ ਕਰਕੇ ਤੇਲ ਅਤੇ ਖਾਣ-ਪੀਣ ਦੀਆਂ ਵਸਤਾਂ ਵਿੱਚ ਵਾਧਾ ਹੋਣ ਕਰਕੇ ਕੌਮਾਂਤਰੀ ਮੁਦਰਾ ਕੋਸ਼ ਤੋਂ 4.7 ਬਿਲੀਅਨ ਡਾਲਰ ਕਰਜ਼ਾ ਲਿਆ ਗਿਆ। ਅਮਰੀਕਾ ਨੂੰ ਫੌਜੀ ਅੱਡੇ ਸਥਾਪਿਤ ਕਰਨੋਂ ਨਾਂਹ ਕਰਨ ’ਤੇ ਸੀ. ਆਈ. ਏ. ਨੇ ਪਾਕਿਸਤਾਨ ਦੀ ਬਦਨਾਮ ਖੁਫੀਆ ਏਜੰਸੀ ਆਈ. ਐੱਸ. ਆਈ. ਨਾਲ ਗਾਂਢਾ-ਸਾਂਢਾ ਕਰਕੇ ਅੰਦਰੂਨੀ ਤੋੜ ਫੋੜ ਸ਼ੁਰੂ ਕੀਤੀ। ਦੇਸ਼ ਵਿੱਚ 1.80 ਕਰੋੜ ਲੋਕ ਬੇਰੋਜ਼ਗਾਰ ਹੋ ਗਏ। ਨੌਕਰੀਆਂ ਵਿੱਚ ਦੇਸ਼ ਅਜ਼ਾਦੀ ਵੇਲੇ ਮੁਕਤੀ ਬਾਈਨੀ ਸੰਬੰਧਿਤ ਪਰਿਵਾਰ ਮੈਂਬਰਾਂ ਨੂੰ 30 ਪ੍ਰਤੀਸ਼ਤ ਕੋਟਾ ਅਲਾਟ ਕਰਨ ਦੀ ਨੀਤੀ ਸ਼ੇਖ ਹਸੀਨਾ ਅਤੇ ਸਰਕਾਰ ਦੇ ਗਲੇ ਦੀ ਹੱਡੀ ਸਾਬਤ ਹੋਈ। ਡਿਕਟੇਟਰਾਨਾ ਸੋਚ ਤਹਿਤ ਉਸ ਨੇ ਸੁਪਰੀਮ ਕੋਰਟ ਵੱਲੋਂ ਇਸਦੀ ਨਜ਼ਰਸਾਨੀ ਤੋਂ ਵੀ ਟਾਲਾ ਵੱਟ ਲਿਆ। ਦਮਨਕਾਰੀ ਜਬਰ ਤਹਿਤ 450 ਲੋਕ ਮਾਰੇ ਗਏ, ਹਜ਼ਾਰਾਂ ਜ਼ਖ਼ਮੀ ਹੋਏ। ਆਖਿਰ ਮੁਜ਼ਾਹਿਰਾਕਾਰੀ ਸਫ਼ਲ ਰਹੇ।
ਭਾਰਤ ਉੱਕਿਆ:
ਭਾਰਤੀ ਉਪ ਮਹਾਂਦੀਪ ਵਿੱਚ ਘੱਟ ਗਿਣਤੀਆਂ ਵਿਰੁੱਧ ‘ਮਹਾਂਭਾਰਤ’ ਵਾਂਗ ਪੁਰਾਣੀ ਜੁਗਾਂਤਰ ਪ੍ਰਵਿਰਤੀ ਹੈ। ਦੇਸ਼ ਦੀ ਵੰਡ ਵੇਲੇ 10 ਲੱਖ ਲੋਕਾਂ ਦਾ ਪੰਜਾਬ ਵਿੱਚ ਘਾਣ, ਨਵੰਬਰ 84 ਵਿੱਚ ਦਿੱਲੀ ਤੇ ਹੋਰਨੀਂ ਥਾਈਂ ਸਿੱਖ ਘੱਟ ਗਿਣਤੀ ਦਾ ਘਾਣ, ਸੰਨ 2002 ਗੋਧਰਾ ਕਾਂਡ ਬਾਅਦ ਗੁਜਰਾਤ ਘਾਣ। ਪੂਰਬੀ ਪਾਕਿਸਤਾਨ (ਬੰਗਲਾਦੇਸ਼) ਵਿੱਚ ਅਜ਼ਾਦੀ ਵੇਲੇ 40 ਪ੍ਰਤੀਸ਼ਤ ਹਿੰਦੂ ਵਸਦੇ ਸਨ, ਅੱਜ ਸਿਰਫ 8 ਪ੍ਰਤੀਸ਼ਤ, ਭਾਵ 1 ਕਰੋੜ 30 ਲੱਖ। ਹਰ ਰਾਜ ਪਲਟੇ ਵੇਲੇ ਹਿੰਦੂ, ਅਹਿਮਦੀਏ, ਸਿੱਖ ਨਿਸ਼ਾਨਾ ਬਣੇ। ਵਿਸ਼ਵ ਵਿੱਚ 57 ਮੁਸਲਿਮ ਰਾਸ਼ਟਰ ਹਨ ਪਰ ਸ਼ੇਖ ਹਸੀਨਾ ਨੂੰ ਪਨਾਹ ਭਾਰਤ ਨੇ ਦਿੱਤੀ। ਯੂ. ਕੇ. ਵੱਲੋਂ ਨਾਂਹ ਕਰ ਦਿੱਤੀ ਗਈ, ਜਿੱਥੇ ਉਸ ਨੇ ਕਰੀਬ 200 ਬਿਲੀਅਨ ਨਿਵੇਸ਼ ਕਰ ਰੱਖਿਆ ਹੈ। ਅਮਰੀਕਾ ਵੱਲੋਂ ਵੀਜ਼ਾ ਰੱਦ, ਅਖੇ ਅੱਡੇ ਨਹੀਂ ਦਿੱਤੇ। ਭਾਰਤ ਨੂੰ ਸ਼ੇਖ ਹਸੀਨਾ ਨੂੰ ਪਨਾਹ ਦੇਣ ਤੋਂ ਪਹਿਲਾਂ ਆਪਣੇ ਨਾਗਰਿਕਾਂ ਅਤੇ ਹਿੰਦੂ ਭਾਈਚਾਰੇ ਦੀ ਸੁਰੱਖਿਆ ਯਕੀਨੀ ਬਣਾਉਣੀ ਜ਼ਰੂਰੀ ਸੀ। ਇੱਥੇ ਲੂੰ ਕੰਡੇ ਖੜ੍ਹੇ ਕਰਨ ਵਾਲੀ ਦਾਸਤਾਨ ਬਿਆਨ ਨਹੀਂ ਕੀਤੀ ਜਾ ਸਕਦੀ।
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(5216)
ਰਚਨਾਵਾਂ ਸਬੰਧੀ ਆਪਣੇ ਵਿਚਾਰ ਸਾਂਝੇ ਕਰੋ: This email address is being protected from spambots. You need JavaScript enabled to view it.