DarbaraSKahlon7ਪਿਛਲੇ 10 ਸਾਲ ਤੋਂ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਇੰਨੀ ਤਾਕਤ ਫੜ ਗਏ ਕਿ ਆਪਣੇ ਆਪ ਨੂੰ ...
(11 ਜੂਨ 2024)
ਇਸ ਸਮੇਂ ਪਾਠਕ: 680.


ਭਾਰਤੀ ਲੋਕਤੰਤਰ ਭਾਵੇਂ ਉਮਰ ਵਜੋਂ ਕੋਈ ਇੰਨਾ ਪ੍ਰੌੜ੍ਹ ਨਹੀਂ ਪਰ ਇਸਦੀਆਂ ਵਚਿੱਤਰ ਨੈਤਿਕ
, ਸਿਧਾਂਤਕ, ਲੋਕਸ਼ਾਹੀ ਅਤੇ ਪ੍ਰੰਪਰਾਗਤ ਸ਼ਕਤੀਆਂ ਡੂੰਘੀਆਂ ਸੂਝ-ਬੂਝ ਭਰੀਆਂ ਉੱਚ ਪੱਧਰੀ ਕਦਰਾਂ-ਕੀਮਤਾਂ ਦੀਆਂ ਜੜ੍ਹਾਂ ਪੁਰਾਤਨ ਜਨ ਰਿਪਬਲਕਾਂ ਵਿੱਚ ਮੌਜੂਦ ਹਨ। ਸਾਡਾ ਦੁਖਾਂਤ ਇਹ ਹੈ ਕਿ ਅਸਾਂ ਆਪਣੀ ਅਜੋਕੀ ਲੋਕਸ਼ਾਹੀ ਪੱਛਮੀ ਲੋਕਤੰਤਰੀ ਅਤੇ ਸੰਵਿਧਾਨਿਕ ਸਿਸਟਮ ਅਧੀਨ ਅਪਣਾ ਲਈ ਜਦੋਂ ਕਿ ਆਪਣੇ ਮੌਲਿਕ ਰਿਪਬਲੀਕਨ ਲੋਕਤੰਤਰ ਨੂੰ ਨਜ਼ਰ ਅੰਦਾਜ਼ ਕਰ ਦਿੱਤਾ। ਫਿਰ ਵੀ ਸਾਡਾ ਲੋਕਤੰਤਰ ਪੱਛਮ ਹੀ ਨਹੀਂ ਵਿਸ਼ਵ ਦੇ ਸਮੁੱਚੇ ਲੋਕਤੰਤਰੀ ਸਿਸਟਮ ਨਾਲੋਂ ਕਿਤੇ ਜ਼ਿਆਦਾ ਮਜ਼ਬੂਤ, ਸੰਵੇਦਨਸ਼ੀਲ, ਜਾਗ੍ਰਿਤ ਅਤੇ ਸੁਰੱਖਿਅਤ ਹੈ।

ਇਹ ਲੋਕਤੰਤਰ ਤਾਨਾਸ਼ਾਹੀ, ਏਕਾਧਿਕਾਰ, ਫਿਰਕਾਪ੍ਰਸਤੀ, ਨਫਰਤੀ ਵੰਡਾਂ, ਜ਼ੁਲਮ, ਜਬਰ, ਸਮਾਜਿਕ ਬੇਇਨਸਾਫੀ, ਰਾਜਕੀ ਅਤੇ ਗੈਰ-ਰਾਜਕੀ ਹਿੰਸਾ ਦੇ ਸਖ਼ਤ ਖਿਲਾਫ ਹੈ। ਅਜਿਹੀਆਂ ਅਲਾਮਤਾਂ ਨੂੰ ਰਾਜਨੀਤਕ, ਆਰਥਿਕ, ਸਮਾਜਿਕ ਅਤੇ ਧਾਰਮਿਕ ਤੌਰ ’ਤੇ ਬਰਦਾਸ਼ਤ ਨਹੀਂ ਕਰਦਾ, ਨਾਬਰ ਹੋ ਕੇ ਮੁਕਾਬਲਾ ਕਰਦਾ ਹੈ ਅਤੇ ਜਨਤਕ ਇੱਛਾ ਸ਼ਕਤੀ ਦਾ ਪ੍ਰਯੋਗ ਕਰਦਾ ਇਨ੍ਹਾਂ ਦਾ ਖਾਤਮਾ ਕਰਨ ਦੀ ਜੁਰਅਤ ਰੱਖਦਾ ਹੈ।

ਸੰਨ 1975 ਵਿੱਚ ਮਰਹੂਮ ਪ੍ਰਧਾਨ ਸ੍ਰੀਮਤੀ ਇੰਦਰਾ ਗਾਂਧੀ ਰੱਬ ਬਣ ਬੈਠੀ। ਭਾਰਤੀ ਰਾਜ ਦਾ ਵਜੂਦ ਖ਼ਤਮ ਕਰਕੇ ‘ਇੰਡੀਆ ਇਜ਼ ਇੰਦਰਾ, ਇੰਦਰਾ ਇਜ਼ ਇੰਡੀਆ’ (ਕਾਂਗਰਸ ਪ੍ਰਧਾਨ ਡੀ.ਕੇ. ਬਰੂਆ) ਕਹਾਉਣ ਲੱਗੀ। ਦੇਸ਼ ਵਿੱਚ ਐਮਰਜੈਂਸੀ ਲਗਾ ਕੇ ਦਮਨ ਕਰਨ ਲੱਗੀ। ਪ੍ਰੈੱਸ ਦੀ ਅਜ਼ਾਦੀ, ਬੋਲਣ ਦੀ ਅਜ਼ਾਦੀ ਅਤੇ ਵਿਰੋਧ ਦੀ ਅਵਾਜ਼ ਖ਼ਤਮ ਕਰ ਦਿੱਤੀ। ਸਮੁੱਚੀ ਵਿਰੋਧੀ ਧਿਰ ਜੇਲ੍ਹ ਵਿੱਚ ਬੰਦ ਕਰ ਦਿੱਤੀ। ਭਾਰਤੀ ਲੋਕਸ਼ਾਹੀ ਨੇ ਅੰਗੜਾਈ ਭਰੀ। ਨਾਬਰੀ ਜਾਗ੍ਰਿਤ ਹੋਈ। ਸੰਨ 1977 ਦੀਆਂ ਆਮ ਚੋਣਾਂ ਵਿੱਚ ਸ਼੍ਰੀਮਤੀ ਇੰਦਰਾ ਗਾਂਧੀ ਨੂੰ ਸੱਤਾ ਵਿੱਚੋਂ ਬਾਹਰ ਵਗਾਹ ਮਾਰਿਆ। ਭਾਰਤੀ ਲੋਕਤੰਤਰ ਦੀ ਪੂਰੇ ਦੇਸ਼ ਵਿੱਚ ਜੈ ਜੈ ਕਾਰ ਹੋਈ।

ਜਦੋਂ ਮੁੜ ਲੋਕਸ਼ਾਹੀ ਰਾਹੀਂ ਸੱਤਾ ਵਿੱਚ ਪਰਤ ਕੇ ਉਸ ਨੇ ਫਿਰ ਲੋਕਤੰਤਰ ਦੇ ਘਾਣ ਵੱਲ ਇੰਨੀ ਵਧੀ ਕਿ ਆਪਣੇ ਨਾਗਰਿਕਾਂ, ਧਾਰਮਿਕ ਸਥਾਨਾਂ, ਪੰਜਾਬ ਪ੍ਰਾਂਤ ਨੂੰ ਫੌਜੀ ਸ਼ਕਤੀ ਨਾਲ ਦਬਾ ਕੇ ਖਾੜਕੂ ਸ਼ਕਤੀਆਂ ਬਹਾਨੇ ਬੇਗੁਨਾਹਾਂ, ਮਜ਼ਲੂਮਾਂ, ਬੱਚਿਆਂ, ਬੁੱਢਿਆਂ, ਔਰਤਾਂ ਦਾ ਘਾਣ ਕੀਤਾ ਤਾਂ ਭਾਰਤੀ ਲੋਕਸ਼ਾਹੀ ਦੀ ਅਣਖ ਜਾਗੀ, ਉਸ ਨੂੰ ਫਿਜ਼ੀਕਲੀ ਹੀ ਮੁਕਾ ਦਿੱਤਾ। ਜਦੋਂ ਉਸ ਦੇ ਪੁੱਤਰ ਮਰਹੂਮ ਪ੍ਰਧਾਨ ਮੰਤਰੀ ਸ਼੍ਰੀ ਰਾਜੀਵ ਗਾਂਧੀ ਨੇ ਹਜ਼ਾਰਾਂ ਬੇਗੁਨਾਹ ਘੱਟ ਗਿਣਤੀ ਸਿੱਖਾਂ ਦੇ ਦਿੱਲੀ, ਕਾਨਪੁਰ, ਬਕਾਰੋ, ਹਰਿਆਣਾ ਆਦਿ ਵਿਖੇ ਆਪਣੀ ਮਾਂ ਦੇ ਕਤਲ ਬਦਲੇ ਖੂਨ ਨਾਲ ਹੱਥ ਰੰਗ ਕੇ ਗੁਆਂਢੀ ਮੁਲਕ ਸ਼੍ਰੀ ਲੰਕਾ ਵਿੱਚ ‘ਬੇਗਾਨੀ ਸ਼ਾਦੀ ਮੇਂ ਅਬਦੁਲਾ ਦੀਵਾਨਾ’ ਵਾਲਾ ਖੂਨੀ ਖੇਲ ‘ਸ਼ਾਂਤੀ ਸੈਨਾ’ ਦੇ ਨਕਾਬ ਹੇਠ ਉੱਥੇ ਭਾਰਤੀ ਫੌਜਾਂ ਭੇਜ ਕੇ ਖੇਲ ਖੇਲਿਆ ਤਾਂ ਲਹੂ-ਲੁਹਾਣ ਤਾਮਿਲਾਂ ਉਸ ਨੂੰ ਫਿਜ਼ੀਕਲੀ ਮੁਕਾ ਦਿੱਤਾ।

ਪਿਛਲੇ 10 ਸਾਲ ਤੋਂ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਇੰਨੀ ਤਾਕਤ ਫੜ ਗਏ ਕਿ ਆਪਣੇ ਆਪ ਨੂੰ ਰੱਬ ਵੱਲੋਂ ਕਿਸੇ ਵਿਸ਼ੇਸ਼ ਕਾਰਜ ਲਈ ਭੇਜਿਆ ਅਵਤਾਰ ਪ੍ਰਚਾਰਨ ਲੱਗ ਪਏ। ਹੁਣੇ ਹੋਈਆਂ ਲੋਕਸਭਾ ਚੋਣਾਂ ਵਿੱਚ ਭਾਜਪਾ ਵੱਲੋਂ 543 ਦੇ ਲੋਕਸਭਾ ਸਦਨ ਵਿੱਚ 350 ਤੋਂ ਵੱਧ ਅਤੇ ਐੱਨਡੀਏ ਗਠਜੋੜ ਵੱਲੋਂ ‘ਅਬ ਕੀ ਬਾਰ 400 ਪਾਰ’ ਦਾ ਨਿਸ਼ਚਾ ਪ੍ਰਚਾਰਨ ਲੱਗੇ। ਬਦਨਾਮ ਗੋਦੀ ਮੀਡੀਆ ਤੁਰ ਪਿਆ ਅੰਧਾਧੁੰਦ ਪ੍ਰਚਾਰ ਰਸਤੇ, ਐਗਜ਼ਿਟ ਪੋਲ ਧੜਾਧੜ ਪਰੋਸਣ ਲੱਗੇ ਅਜਿਹੇ ਨਤੀਜੇ, ਈਡੀ, ਆਈਟੀ, ਸੀਬੀਆਈ, ਐੱਨਆਈਏ ਰਾਜਕੀ ਏਜੰਸੀਆਂ ਦੇ ਛਾਪਿਆਂ, ਝੂਠੇ ਕੇਸਾਂ, ਐੱਨਐੱਸਏ ਅਤੇ ਯੂਏਪੀਏ ਕਾਨੂੰਨਾਂ ਡਰੋਂ ਵਿਰੋਧੀ ਧਿਰਾਂ ਸੰਬੰਧਿਤ ਕਮਜ਼ੋਰ ਰਾਜਨੀਤਕ ਆਗੂ ਧੜਾਧੜ ਭਾਜਪਾ ਦਾ ਪੱਲਾ ਫੜਨ ਲੱਗੇ। ਫਿਰਕੂ ਪ੍ਰਚਾਰ ਫੜਨ ਲਗਾ ਰੰਗ। ਗੋਦੀ ਟੀਵੀ ਚੈਨਲਾਂ ’ਤੇ ਮੱਥੇ ’ਤੇ ਕਮਲ ਦੇ ਤਿਲਕ ਲਗਾਈ ਜੋਤਿਸ਼ੀ ਕਰਨ ਲੱਗੇ ਸ਼੍ਰੀ ਨਰੇਂਦਰ ਮੋਦੀ ਦੀ ਬ੍ਰਿਸ਼ਚਕ ਰਾਸ਼ੀ ਦੇ ਵੱਡੇ-ਵੱਡੇ ਪ੍ਰਾਕਰਮੀ ਵਿਖਿਆਨ। ਐਗਜ਼ਿਟ ਪੋਲਾਂ ਬਾਰੇ ਤਿੱਖਾ ਤਨਜ਼ ਕਰਦੇ ਕਿਸਾਨ ਆਗੂ ਰਾਕੇਸ਼ ਟਿਕੈਟ ਕਹਿ ਉੱਠੇ, “ਜਿਸ ਦੇਸ਼ ਦਾ ਰਾਜਾ ਤਾਨਾਸ਼ਾਹ ਅਤੇ ਜੋਤਿਸ਼ੀ ਹੋਵੇ, ਉੱਥੇ ਐਗਜ਼ਿਟ ਪੋਲ ਅਜਿਹੇ ਹੀ ਹੋਣਗੇ।” ਯੂਕੇ ਦਾ ਪ੍ਰਸਿੱਧ ਅਖ਼ਬਾਰ ‘ਗਾਰਡੀਅਨ’ ਅਤੇ ‘ਰਾਇਟਰ’ ਆਦਿ ਵੀ ਦਰਸਾਉਣੋਂ ਨਾ ਰਹਿ ਸਕੇ ਕਿ ਟੀਵੀ ਐਗਜ਼ਿਟ ਪੋਲ ਸ਼੍ਰੀ ਨਰੇਂਦਰ ਮੋਦੀ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਪੰਡਤ ਜਵਾਹਰ ਲਾਲ ਨਹਿਰੂ ਬਾਅਦ ਹੈਟਟ੍ਰਿਕ ਲਗਾਉਂਦੇ ਤੀਸਰੀ ਵਾਰ ਪ੍ਰਧਾਨ ਮੰਤਰੀ ਬਣਨਗੇ।

ਲੇਕਿਨ ਲੂ ਵਰਗੀ ਗਰਮੀ ਦੇ ਮੌਸਮ ਵਿੱਚ 19 ਅਪਰੈਲ ਤੋਂ 1 ਜੂਨ ਤਕ 43 ਦਿਨ ਦੀ ਚੋਣ ਪ੍ਰਕ੍ਰਿਆ ਦੌਰਾਨ ਜਦੋਂ ਸ਼੍ਰੀ ਮੋਦੀ, ਭਾਜਪਾ ਆਗੂਆਂ, ਬਾਹੂਬਲੀ ਸਮਰਥਕਾਂ ਅਤੇ ਸਹਿਯੋਗੀਆਂ ਨੂੰ ਭਾਰਤੀ ਜਨਤਾ ਦੇ ਬਦਲਦੇ ਤੇਵਰਾਂ ਦਾ ਗਿਆਨ ਹੋਣ ਲੱਗਾ ਤਾਂ ਉਹ ਲੋਕਤੰਤਰੀ ਸ਼ਿਸ਼ਟਾਚਾਰ ਭੁੱਲਣ ਲੱਗੇ। ਬਹੁਗਿਣਤੀ ਦੇ ਵੋਟ ਬੈਂਕ ’ਤੇ ਨਜ਼ਰ ਗੱਡਦੇ ‘ਮਟਨ, ਮੱਛਲੀ, ਮਸਜਿਦ, ਮੁਸਲਮਾਨ, ਮੰਗਲਸੂਤਰ, ਮੁਜਰਾ ਸ਼ਬਦਾਂ ਦੀ ਵਰਤੋਂ ਕਰਨ ਲੱਗੇ, ਦਹਾਕੇ ਤੋਂ ਵੱਧ ਸਮਾਂ ਪਹਿਲਾਂ ਘੱਟ ਗਿਣਤੀਆਂ ਦੇ ਭਾਰਤੀ ਆਰਥਿਕ ਅਤੇ ਕੁਦਰਤੀ ਸਰੋਤਾਂ ਤੇ ਸਮਾਜਿਕ ਇਨਸਾਫ ਅਧਾਰ ’ਤੇ ਅਧਿਕਾਰਾਂ ਦੇ ਸ਼ਬਦ ਫਿਰਕੂ ਰੰਗਤ ਦੁਹਰਾਉਣ ਲੱਗੇ। ਹੈਰਾਨਗੀ ਤਾਂ ਇਸ ਗੱਲ ਦੀ ਰਹੀ ਕਿ ਚੋਣ ਕਮਿਸ਼ਨ ਇਸ ਬਾਰੇ ਚੁੱਪ ਵੱਟੀ ਬੈਠਾ ਰਿਹਾ। ਘੱਟ ਗਿਣਤੀ ਵਰਗ ਨੂੰ ‘ਘੁਸਪੈਠੀਏ’, ‘ਜ਼ਿਆਦਾ ਬੱਚੇ ਜੰਮਣ ਵਾਲੇ’, 145 ਰੈਲੀਆਂ ਵਿੱਚ 286 ਵਾਰ ਉਨ੍ਹਾਂ ਦਾ ਜ਼ਿਕਰ ਕਰਨੋਂ ਖੁਦ ਪ੍ਰਧਾਨ ਮੰਤਰੀ ਨਹੀਂ ਰੁਕੇ। ਫਿਰ ‘ਸਭ ਕਾ ਸਾਥ, ਸਭ ਕਾ ਵਿਸ਼ਵਾਸ ‘ ਵਾਲਾ ਨਾਅਰਾ ਕਿੱਥੇ ਗਿਆ? ਘੱਟੋ-ਘੱਟ ਕਿਸੇ ਵੀ ਦੇਸ਼ ਦੇ ਪ੍ਰਧਾਨ ਮੰਤਰੀ, ਰਾਸ਼ਟਰਪਤੀ, ਸਪੀਕਰ, ਚੀਫ ਜਸਟਿਸ ਆਦਿ ਦੇ ਮੁਖਾਰਬਿੰਦ ਤੋਂ ਅਜਿਹੇ ਸ਼ਬਦ ਨਹੀਂ ਢੁਕਦੇ।

ਨਾਬਰ ਭਾਰਤੀ ਲੋਕਤੰਤਰ ਦੀ ਜਨਤਾ ਸਹਾਰੇ ਵਿਰੋਧੀ ਦੇ ਆਗੂ ਜਿਸ ਨੂੰ ਘਿਰਨਾ ਅਤੇ ਰਾਜਕੀ ਸੂਝਬੂਝ ਹੀਣ ਸਮਝਦੇ ਸੰਘ ਪਰਿਵਾਰ ‘ਪੱਪੂ’ ਕਹਿੰਦਾ ਰਿਹਾ, ਉਸ ਨੇ ਆਪਣੇ ਹਮਜੋਲੀ ਰਾਜਸੀ ਆਗੂਆਂ ਨਾਲ ਮਿਲ ਕੇ ‘ਪ੍ਰਚੰਡ ਜਿੱਤ’ ਦਾ ਝੰਡਾ ਕਾਠੀ ’ְਤੇ ਸਜਾਈ ਦੇਸ਼ ਵਿੱਚ ਭਰਮਣ ਕਰ ਰਹੇ ‘ਅਸ਼ਵਮੇਧ ਯੱਗ’ ਵਾਲੇ ਘੋੜੇ ਨੂੰ ਅੱਧ ਵਿਚਾਲੇ ਡੱਕ ਲਿਆ। ਸ਼੍ਰੀ ਮੋਦੀ ਦਾ ਰਾਜਨੀਤਕ ਸੁਰੱਖਿਆ ਕਵਚ ਤੋੜਦੇ ਹੋਏ ਉਨ੍ਹਾਂ ਦੀਆਂ ਲੱਤਾਂ ਲਹੂ-ਲੁਹਾਣ ਕਰ ਸੁਟੀਆਂ। 4 ਜੂਨ, 2024 ਨੂੰ ਜਦੋਂ ਲੋਕਸਭਾ ਚੋਣਾਂ ਦੇ ਨਤੀਜੇ ਸਾਹਮਣੇ ਆਏ ਤਾਂ ਮੋਦੀ ਸਾਹਿਬ ਦੀਆਂ ਲੱਤਾਂ ਸੱਤਾ ਵੱਲ ਵਧਣੋ ਨਕਾਰਾ ਹੋ ਗਈਆਂ। ਸੰਨ 2019 ਵਿੱਚ ਜਿਸ ਭਾਜਪਾ ਨੇ 303 ਸੀਟਾਂ ਜਿੱਤੀਆਂ ਸਨ, 240 ’ਤੇ ਅੜ ਗਈ। ਸ਼੍ਰੀ ਮੋਦੀ ਨੂੰ ਸੱਤਾ ਸਿੰਘਾਸਣ ’ਤੇ ਬੈਠਣ ਲਈ ਸਹਿਯੋਗੀ ਐੱਨਡੀਏ ਭਾਈਵਾਲਾਂ ਦੀਆਂ ਬੈਸਾਖੀਆਂ ਦਾ ਸਹਾਰਾ ਲੈਣਾ ਪਿਆ। ‘ਲੰਕਾ ਸਾ ਕੋਟ, ਸਮੁੰਦ ਸੀ ਖਾਈ’ ਸੁਰੱਖਿਅਤ ਨਾ ਰੱਖ ਸਕੇ। ਐੱਨਡੀਏ ਨੇ 400 ਪਾਰ ਤਾਂ ਕੀ ਕਰਨਾ ਸੀ, 293 ’ਤੇ ਮਸਾਂ ਪੁੱਜਾ। ਜੋ ਕਦੇ ਕਿਸੇ ਘੜੇ ਦਾ ਢੱਕਣ ਨਹੀਂ ਬਣ ਸਕੇ, ਜਿਨ੍ਹਾਂ ਵਿੱਚੋਂ ਇੱਕ ਨੇ ਤਾਂ ਆਪਣੇ ਸਹੁਰੇ ਐੱਨਟੀ. ਰਾਮਾਰਾਓ ਦਾ ਸੱਤਾ ਲਈ ਤਖ਼ਤ ਉਲਟਾ ਦਿੱਤਾ ਸੀ ਭਾਵ ਸ਼੍ਰੀ ਨਿਤੀਸ਼ ਕੁਮਾਰ ਅਤੇ ਚੰਦਰਬਾਬੂ ਨਾਇਡੂ ਦੀਆਂ ਬੈਸਾਖੀਆ ਦਾ ਸਹਾਰਾ ਲੈਣਾ ਪਿਆ ਪ੍ਰਧਾਨ ਮੰਤਰੀ ਬਣਨ ਲਈ। ਇਵੇਂ ਸ਼ਿਵ ਸੈਨਾ (ਠਾਕਰੇ) ਪ੍ਰਮੁੱਖ ਉਦਵ ਠਾਕਰੇ ਦੀ ਪਿੱਠ ਵਿੱਚ ਛੁਰਾ ਮਾਰਨ ਵਾਲੇ ਸੁਸ਼ੀਲ ਸ਼ਿੰਦੇ ਅਤੇ ਚਾਚੇ ਦੀ ਪਿੱਠ ਵਿੱਚ ਛੁਰਾ ਘੌਂਪਣ ਵਾਲੇ ਅਜੀਤ ਪਾਵਾਰ ਵਰਗਿਆਂ ਦੀਆਂ ਬੈਸਾਖੀਆਂ ਦੇ ਸਹਾਰੇ ਦੀ ਲੋੜ ਪੈ ਗਈ।

ਕੈਮਰੇ, ਐਂਕਰ, ਸੁਰੱਖਿਆ ਦਸਤੇ ਨਾਲ ਲੈ ਕੇ ‘ਮੋਨ ਵਰਤ’ ਦੇ ਦਿਖਾਵੇ ਦਾ ਭਾਰਤੀ ਲੋਕਾਂ ਅਤੇ ਵਿਸ਼ਵ ਭਾਈਚਾਰੇ ’ਤੇ ਬੁਰਾ ਅਸਰ ਪਿਆ। ਚੰਗਾ ਹੰਦਾ ਜੇ ਸਵੇਰੇ ਸ਼ਾਮ ਇੱਕ ਨਿਮਰ ਸੇਵਕ ਵਜੋਂ ਦਿੱਲੀ ਵਿਖੇ ਗੁਰਦਵਾਰਾ ਬੰਗਲਾ ਸਾਹਿਬ ਪਵਿੱਤਰ ਗੁਰਬਾਣੀ ਸਰਵਣ ਕਰਦੇ। ‘ਨੀਚਾ ਅੰਦਰਿ ਨੀਚ ਜਾਤਿ ਨੀਚੀ ਹੂ ਅਤਿ ਨੀਚ॥ ਨਾਨਕ ਤਿਨ ਕੇ ਸੰਗ ਸਾਥਿ ਵਡਿਆ ਸਿਉ ਕਿਆ ਰੀਸ॥ ਜਿੱਥੇ ਨੀਚ ਸਮਾਲੀਅਨ ਤਿਥੈ ਨਦਰਿ ਤੇਰੀ ਬਖਸੀਸ।”

“ਸਭੈ ਸਾਂਝੀਵਾਲ ਸਦਾਇਨੁ ਤੂ ਕਿਸੈ ਨ ਦਿਸੈ ਬਾਹਰਾ ਜੀਉ।”
“ਇਨਹੀ ਕੀ ਕ੍ਰਿਪਾ ਕੇ ਸਜ ਹਮ ਹੈ ਨਹੀਂ ਮੋ ਸੋ ਗਰੀਬ ਕਰੋਰ ਪਰੇ।”
ਇਵੇਂ ਸਮਝ ਪੈਂਦੀ ਕਿ ਤੁਸੀਂ ਕੋਈ ਵਿਅਕਤੀ ਵਿਸ਼ੇਸ਼ ਜਾਂ ਰੱਬ ਦੇ ਦੂਤ ਨਹੀਂ
, ਇਨ੍ਹਾਂ ਲੋਕਾਂ ਵਿੱਚੋਂ ਇੱਕ ਹੋ। ਜਿਸ ਪਦ ਜਾਂ ਪੁਜ਼ੀਸ਼ਨ ਵਿੱਚ ਹੋ ਇਨ੍ਹਾਂ ਵੱਲੋਂ ਸਾਜੇ ਨਿਵਾਜ਼ੇ ਹੋ।

ਜਦੋਂ ਤੁਹਾਡੀ ਰਾਹਨੁਮਾਈ ਵਿੱਚ ਭਾਜਪਾ ਬਹੁਮਤ ਨਹੀਂ ਹਾਸਿਲ ਕਰ ਸਕੀ ਤਾਂ ਤੁਹਾਨੂੰ ਨੈਤਿਕ ਜ਼ਿੰਮੇਵਾਰੀ ਲੈਂਦੇ ਅਸਤੀਫਾ ਦੇ ਕੇ ਲਾਂਭੇ ਹੋ ਜਾਣਾ ਚਾਹੀਦਾ ਸੀ। ਕੈਨੇਡਾ ਅੰਦਰ ਤੁਹਾਡੇ ਹਮ ਰੁਤਬਾ ਸਟੀਫਨ ਹਾਰਪਰ, ਕੰਜ਼ਰਵੇਟਿਵ ਪਾਰਟੀ ਆਗੂ ਅਤੇ ਉਸ ਦੇ ਬਾਅਦ ਇਸ ਪਾਰਟੀ ਦੇ ਆਗੂ ਐਂਡਰਿਊ ਸ਼ੀਰ, ਐਰਿਨ ਓਟੂਲ ਨੇ ਚੋਣ ਹਾਰਨ ’ਤੇ ਅਜਿਹਾ ਹੀ ਕੀਤਾ ਸੀ। ਬੈਸਾਖੀਆਂ ਦੇ ਸਹਾਰੇ ਸੱਤਾ ਪ੍ਰਾਪਤ ਕਰਕੇ ਤੁਸੀਂ 5 ਸਾਲ ਨਿਸ਼ਚਿਤ ਤੌਰ ’ਤੇ ਸਰਕਾਰ ਨਹੀਂ ਚਲਾ ਸਕੋਗੇ। ਹੁਣ ਤੁਹਾਡੀ ਮਨਮਾਨੀ ਨਹੀਂ ਚੱਲੇਗੀ। ਤੁਹਾਡੇ ਦਾਅਵੇ ਨਿਰਮੂਲ ਹਨ।

ਜੇ ਭਾਰਤੀ ਲੋਕਤੰਤਰ ਦੀ ਖੂਬਸੂਰਤੀ, ਨੈਤਿਕ ਕਦਰਾਂ ਕੀਮਤਾਂ ਅਤੇ ਲੋਕਤੰਤਰੀ ਅਸੂਲਾਂ ਅਧੀਨ ਕਰੜਾ ਫੈਸਲਾ ਲੈਂਦਾ ਤਾਂ ਜੇਲ੍ਹ ਵਿੱਚੋਂ ਸਰਕਾਰ ਚਲਾਉਣ ਦੀ ਜ਼ਿਦ ਅਰਵਿੰਦ ਕੇਜਰੀਵਾਲ ਛੱਡ ਦਿੰਦਾ। ਦਿੱਲੀ ਵਿੱਚ ਮੂੰਹ ਦੀ ਖਾਣ ਬਾਅਦ ਆਮ ਆਦਮੀ ਪਾਰਟੀ ਦੀ ਕਨਵੀਨਰਸ਼ਿੱਪ ਤੋਂ ਅਸਤੀਫਾ ਦੇ ਦਿੰਦਾ। ਇਵੇਂ ਪੰਜਾਬ ਅੰਦਰ ਮੂੰਹ ਦੀ ਖਾਣ ਵਾਲਾ ਮੁੱਖ ਮੰਤਰੀ ਭਗਵੰਤ ਮਾਨ ਅਸਤੀਫਾ ਦੇ ਦਿੰਦਾ, ਮੁੱਖ ਮੰਤਰੀਸ਼ਿੱਪ ਅਤੇ ਕਨਵੀਨਰਸ਼ਿੱਪ ਤੋਂ। ਦਸ ਸੀਟਾਂ ’ਤੇ ਜ਼ਮਾਨਤ ਜ਼ਬਤ ਅਤੇ ਸਿਰਫ ਘਰਵਾਲੀ ਜਿਤਾਉਣ ਵਾਲਾ ਬੇਸ਼ਰਮ ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਸੁਖਬੀਰ ਸਿੰਘ ਬਾਦਲ, ਬਸਪਾ ਸੁਪਰੀਮੋ ਮਾਇਆਵਤੀ, ਬੀਜੇਡੀ ਰੋਹਲਾ ਤੇ ਬਿਮਾਰ ਆਗੂ ਨਵੀਨ ਪਨਨਾਇਕ, ਇਨੈਲੋ ਸੁਪਰੀਮੋ ਓਮ ਪ੍ਰਕਾਸ਼ ਚੌਟਾਲਾ, ਬੀਆਰਐੱਸ (ਤੇਲੰਗਾਨਾ) ਸੁਪਰੀਮੋ ਕੇ ਚੰਦਰਸ਼ੇਖ ਰਾਓ ਆਦਿ ਸ਼ਰਮਨਾਕ ਹਾਰਾਂ ਸਬੱਬ ਅਸਤੀਫੇ ਦੇ ਦਿੰਦੇ।

ਤੁਸੀਂ ਬੈਸਾਖੀਆਂ ਸਹਾਰੇ ਯੂਨੀਫਾਰਮ ਸਿਵਲ ਕੋਡ, ਇੱਕ ਦੇਸ਼ - ਇੱਕ ਚੋਣ, ਲੈਂਡ ਅਤੇ ਲੇਬਰ ਸੁਧਾਰ, ਸੰਵਿਧਾਨ ਸੋਧ, ਡੀਲਿਮਟੇਸ਼ਨ ਸਹਾਰੇ ਦੱਖਣੀ ਭਾਰਤ ਦੀਆਂ ਸੀਟਾਂ ਵਿੱਚ ਕਟੌਤੀ, ਭਾਰਤੀ ਆਰਥਿਕਤਾ ਦਾ ਕਾਰਪੋਰੇਟੀਕਰਨ, ਈਡੀ, ਸੀਬੀਆਈ, ਆਈ ਟੀ, ਐੱਨਆਈਏ ਸੰਸਥਾਵਾਂ ਦਾ ਵਿਰੋਧੀਆਂ ਨੂੰ ਦਬਾਉਣ ਲਈ ਦੁਰਉਪਯੋਗ, ਰਾਜਪਾਲਾਂ ਰਾਹੀਂ ਰਾਜ ਸਰਕਾਰਾਂ ਨੂੰ ਧਮਕਾਉਣ ਦੀ ਕੁਵਰਤੋਂ, ਕਿਸਾਨ ਸ਼ਕਤੀ ਦਿੱਲੀ ਆਉਣੋਂ ਰੋਕ ਨਹੀਂ ਸਕੋਗੇ, ਡਿਪਟੀ ਸਪੀਕਰ ਪਦ ਖਾਲੀ ਨਹੀਂ ਰੱਖ ਸਕੋਗੇ, ਭਾਈਵਾਲਾਂ ਨੂੰ ਤਾਕਤਵਰ ਮਨਿਸਟਰੀਆਂ ਤੋਂ ਦੂਰ ਨਹੀਂ ਰੱਖ ਸਕੋਗੇ।

ਭਾਜਪਾ ਅਤੇ ਤੁਹਾਡੀ ਹਾਰ ਕਰਕੇ ਭਾਰਤੀ ਰਾਜਨੀਤੀ ਅੱਜ ਫਿਰ 36 ਸਾਲ ਪਿੱਛੇ ਸੰਨ 1989 ਦੀ ਰਾਜਨੀਤੀ ਵੱਲ ਧੱਕੀ ਗਈ ਹੈ। ਚੰਗਾ ਹੋਵੇਗਾ ਕਿ ਕਿਤੇ ਅਮਰੀਕਾ ਵਾਂਗ ਭਾਰਤੀ ਲੋਕਤੰਤਰ ਬੁੱਢੇ ਅਤੇ ਨੀਰਸ ਜੋਅ ਬਾਈਡਨ ਜਾਂ ਅਪਰਾਧੀ ਡੌਨਾਲਡ ਟਰੰਪ ਵਰਗਿਆਂ ਤੋਂ ਬਚਿਆ ਰਹੇ। ਯੂਕੇ ਵਾਂਗ ਸੰਨ 2016 ਵਿੱਚ ਪ੍ਰਧਾਨ ਮੰਤਰੀ ਡੇਵਿਡ ਕਾਮਰਨ ਦੇ ਅਸਤੀਫਾ ਬਾਅਦ ਕੱਪੜਿਆਂ ਵਾਂਗ ਥਰੇਸਾ ਮੇਅ, ਬੌਰਿਸ ਜੌਹਨਸਨ, ਲਿਜ਼ ਟਰੱਸ, ਰਿਸ਼ੀ ਸੂਨਕ (ਦੋ ਮਹੀਨੇ ਵਿੱਚ ਤਿੰਨ) ਪੰਜ ਪ੍ਰਧਾਨ ਮੰਤਰੀ ਨਾ ਬਦਲਣੇ ਪੈਣ।

*   *   *   *   *

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(5046)
ਸਰੋਕਾਰ ਨਾਲ ਸੰਪਰਕ ਲਈ: 
(This email address is being protected from spambots. You need JavaScript enabled to view it.)

About the Author

ਦਰਬਾਰਾ ਸਿੰਘ ਕਾਹਲੋਂ

ਦਰਬਾਰਾ ਸਿੰਘ ਕਾਹਲੋਂ

Kingston, Ontario, Canada.
(Retd. Punjab State Information Commissioner)
Phone: (Canada 1 - 289 - 829 - 2929)

Email: (kahlondarbarasingh@gmail.com)

More articles from this author