“ਬਲੋਚਿਸਤਾਨ ਪਹਿਲਾਂ ਕਾਲਾਤ ਸੂਬੇ ਵਜੋਂ ਮਸ਼ਹੂਰ ਸੀ, ਜੋ ਬ੍ਰਿਟਿਸ਼ ਕਾਲ ਵੇਲੇ ਖ਼ੁਦਮੁਖਤਾਰ ਰਾਜ ...”
(20 ਮਾਰਚ 2025)
ਇਨ੍ਹੀਂ ਦਿਨੀਂ ਪਾਕਿਸਤਾਨ ਦੇ ਪ੍ਰਾਂਤ ਬਲੋਚਿਸਤਾਨ ਵਿੱਚ ਆਪਣੀ ਖ਼ੁਦਮੁਖਤਾਰ ਅਜ਼ਾਦੀ ਖਾਤਰ ਹਿੰਸਾ, ਵੱਖਵਾਦ, ਰਾਜਕੀ ਅਤੇ ਗੈਰ-ਰਾਜਕੀ ਅੱਤਵਾਦ ਦੇ ਭਾਂਬੜ ਮਚੇ ਹੋਏ ਹਨ। ਇੱਕ ਪਾਸੇ ਫੌਜੀ ਅਤੇ ਅਰਧ ਫ਼ੌਜੀ ਬਲਾਂ ਦੇ ਦਮਨ ਦੀ ਹਨੇਰੀ ਚੱਲ ਰਹੀ ਹੈ। ਬਲੋਚਿਸਤਾਨੀ ਰਾਸ਼ਟਰਵਾਦੀ ਅਤੇ ਇਸ ਪ੍ਰਤੀ ਹਮਦਰਦੀ ਰੱਖਣ ਵਾਲੇ ਲੋਕ ਸਥਾਨਿਕ ਪੁਲਿਸ, ਗੁਪਤਚਰ ਏਜੰਸੀਆਂ ਅਤੇ ਪਾਕਿਸਤਾਨ ਸਰਕਾਰ ਦੇ ਦਲਾਲਾਂ ਦੀ ਮਿਲੀ ਭੁਗਤ ਨਾਲ ਘਰਾਂ, ਬੱਸਾਂ, ਟਰੇਨਾਂ, ਸਰਵਜਨਕ ਸਥਾਨਾਂ, ਕੰਮਕਾਜੀ ਵਪਾਰਕ ਅਤੇ ਸਰਕਾਰੀ ਅਦਾਰਿਆਂ ਵਿੱਚੋਂ ਫ਼ੌਜੀ ਦਸਤਿਆਂ ਵਿੱਚੋਂ ਉਠਾ ਲਏ ਜਾਂਦੇ ਹਨ ਅਤੇ ਫਿਰ ਗਾਇਬ ਕਰ ਦਿੱਤੇ ਜਾਂਦੇ ਹਨ। ਦੂਸਰੇ ਪਾਸੇ ਬਲੋਚਿਸਤਾਨ ਲਿਬਰੇਸ਼ਨ ਆਰਮੀ (ਬੀ.ਐੱਲ.ਏ.) ਅਤੇ ਸੰਨ 2011 ਵਿੱਚ ਇਸ ਵੱਲੋਂ ਗਠਤ ‘ਮਾਜ਼ਿਦ ਬ੍ਰਿਗੇਡ’ ਬੱਸਾਂ ਜਾਂ ਟਰੇਨਾਂ ਜਾਂ ਨਿੱਜੀ ਵਾਹਨਾਂ ਵਿੱਚੋਂ ਸ਼ਨਾਖਤ ਕਰਨ ਬਾਅਦ ਗੈਰ-ਬਲੋਚੀ, ਪੰਜਾਬੀ, ਪੁਲਿਸ ਅਤੇ ਸੁਰੱਖਿਆ ਬਲਾਂ ਨਾਲ ਸੰਬੰਧਿਤ ਲੋਕ ਉਤਾਰ ਕੇ ਮੌਤ ਦੇ ਘਾਟ ਉਤਾਰੇ ਜਾ ਰਹੇ ਹਨ।
ਭਿਆਨਕ ਹਮਲੇ: 11 ਮਾਰਚ, 2025 ਨੂੰ ਕੁਏਟਾ ਤੋਂ ਪਿਸ਼ਾਵਰ ਜਾ ਰਹੀ ਜਾਫ਼ਰ ਐਕਸਪ੍ਰੈੱਸ ਟਰੇਨ ਬੀ.ਐੱਲ.ਏ. ਹਥਿਆਰਬੰਦ ਲੜਾਕੂਆਂ ਨੇ ਧਾਦਰ ਵਿਖੇ ਇੱਕ ਸੁਰੰਗ ਵਿੱਚ ਰੋਕ ਲਈ। ਇਸ ਵਿੱਚ ਕਰੀਬ 500 ਯਾਤਰੂ ਸਫ਼ਰ ਕਰ ਰਹੇ ਸਨ। ਕਰੀਬ 440 ਮੁਸਾਫਰ ਬੰਧਕ ਬਣਾ ਲਏ ਗਏ। ਇਸ ਟਰੇਨ ਦੇ 9 ਡੱਬੇ ਸਨ। ਯਾਤਰੂ ਵਿਸ਼ੇਸ਼ ਕਰਕੇ ਸੁਰੱਖਿਆ ਬਲਾਂ ਅਤੇ ਅਮਨ ਕਾਨੂੰਨ ਸਥਾਪਿਤ ਕਰਨ ਵਾਲੀਆਂ ਸਰਕਾਰੀ ਏਜੰਸੀਆਂ ਦੇ ਸਿਵਲ ਅਧਿਕਾਰੀਆਂ ਨਾਲ ਸੰਬੰਧਤ ਸਨ। ਇਸ ਘਟਨਾ ਨੇ ਪਾਕਿਸਤਾਨ ਫੌਜ, ਕੇਂਦਰ ਅੰਦਰ ਸ਼ਾਹਬਾਜ਼ ਸ਼ਰੀਫ ਸਰਕਾਰ ਅਤੇ ਆਈ.ਐੱਸ.ਆਈ. ਬਦਨਾਮ ਪਾਕਿਸਤਾਨੀ ਖੁਫ਼ੀਆ ਏਜੰਸੀ ਦੀ ਨੀਂਦ ਉੱਡਾ ਕੇ ਰੱਖ ਦਿੱਤੀ। ਬੀ.ਐੱਲ.ਏ. ਲੜਾਕੂਆਂ ਵਿਰੁੱਧ ਬੰਧਕ ਛਡਾਉਣ ਲਈ ਵੱਡੇ ਪੱਧਰ ’ਤੇ ਕਾਰਵਾਈ ਹੋਈ ਜਿਸ ਵਿੱਚ ਪਾਕਿਸਤਾਨ ਅਨੁਸਾਰ 33 ਹਮਲਾਵਰ, 26 ਸਿਵਲੀਅਨ ਅਤੇ 30 ਸੁਰੱਖਿਆ ਦਸਤਿਆਂ ਦੇ ਜਵਾਨ ਮਾਰੇ ਗਏ। ਲੇਕਿਨ ਇਹ ਅੰਕੜੇ ਸਹੀ ਨਹੀਂ ਹਨ।
ਉਪਰੰਤ 16 ਮਾਰਚ, 2025 ਨੋਸ਼ਕੀ ਤੋਂ ਤੁਫ਼ਤਾਨ ਜਾ ਰਹੀਆਂ 8 ਬੱਸਾਂ ਉੱਤੇ ਮਾਜ਼ਿਦ ਬ੍ਰਿਗੇਡ ਨੇ ਘਾਤ ਲਗਾ ਕੇ ਹਮਲਾ ਕੀਤਾ। ਪਾਕਿਸਤਾਨ ਏਜੰਸੀਆਂ ਅਨੁਸਾਰ ਸੁਰੱਖਿਆ ਬਲਾਂ ਦੇ 5, ਜਦਕਿ ਬੀ.ਐੱਲ.ਏ. ਅਨੁਸਾਰ 90 ਅਤੇ 2 ਸਿਵਲੀਅਨ ਮਾਰੇ ਗਏ ਜਦਕਿ 10 ਦੇ ਕਰੀਬ ਜ਼ਖਮੀ ਹੋਏ। ਇਤਲਾਹ ਇਹ ਵੀ ਹੈ ਕਿ ਆਧੁਨਿਕ ਵਿਸਫੋਟਿਕ ਅਤੇ ਤਾਬੜਤੋੜ ਫਾਇੰਰਿੰਗ ਨਾਲ ਸੁਰੱਖਿਆ ਦਸਤਿਆਂ ਦੇ ਕਾਫਲੇ ਦੇ ਵਾਹਨਾਂ ਨੂੰ ਨੁਕਸਾਨ ਪਹੁੰਚਾਇਆ ਗਿਆ। ਇਸੇ ਦਿਨ ਕਿਰਾਨੀ ਰੋਡ, ਕੁਏਟਾ ਵਿਖੇ ਇੱਕ ਪੁਲਿਸ ਮੋਬਾਇਲ ’ਤੇ ਬੰਬ ਚਲਾਇਆ ਗਿਆ, ਜਿਸ ਵਿੱਚ 1 ਅਫਸਰ ਮਰ ਗਿਆ, 6 ਜਖ਼ਮੀ ਹੋਏ।
ਬਲੋਚਿਤਾਨ ਦੇ ਮੁੱਖ ਮੰਤਰੀ ਸਰਫਰਾਜ਼ ਬੁਗਤੀ ਨੇ ਇਨ੍ਹਾਂ ਹਮਲਿਆਂ ਦੀ ਕਰੜੇ ਸ਼ਬਦਾਂ ਨਾਲ ਨਿੰਦਿਆ ਕੀਤੀ ਹੈ। ਮਿਲਟਰੀ ਦੇ ਮੀਡੀਆ ਵਿੰਗ ਦੇ ਡਾਇਰੈਕਟਰ ਜਨਰਲ ਲੈਫ਼. ਜਨਰਲ ਅਹਿਮਦ ਸ਼ਰੀਫ ਚੌਧਰੀ ਨੇ ਇਨ੍ਹਾਂ ਹਮਲਿਆਂ ਪਿੱਛੇ ਭਾਰਤ ਦਾ ਹੱਥ ਦਰਸਾਉਂਦੇ ਕਿਹਾ ਹੈ ਕਿ ਅਜੋਕੇ ਅੱਤਵਾਦੀ ਹਮਲੇ, ਜੋ ਬਲੋਚਿਸਤਾਨ ਅਤੇ ਹੋਰ ਥਾਂਵਾਂ ’ਤੇ ਹੋ ਰਹੇ ਹਨ, ਇਨ੍ਹਾਂ ਪਿੱਛੇ ਸਾਡੇ ਪੂਰਬੀ ਗੁਆਂਢੀ ਦੇਸ਼ ਦਾ ਹੱਥ ਹੈ।
ਪਿਛੋਕੜ: ਬਲੋਚਿਸਤਾਨ ਪਹਿਲਾਂ ਕਾਲਾਤ ਸੂਬੇ ਵਜੋਂ ਮਸ਼ਹੂਰ ਸੀ, ਜੋ ਬ੍ਰਿਟਿਸ਼ ਕਾਲ ਵੇਲੇ ਖ਼ੁਦਮੁਖਤਾਰ ਰਾਜ ਸੀ, ਜਿਸਨੇ ਭਾਰਤ ਦੀ ਵੰਡ ਵੇਲੇ ਪਾਕਿਸਤਾਨ ਵਿੱਚ ਸ਼ਾਮਲ ਹੋਣ ਤੋਂ ਨਾਂਹ ਕਰ ਦਿੱਤੀ ਸੀ। ਕਾਲਾਤ ਦੇ ਖਾਨ ਨੇ ਪ੍ਰਧਾਨ ਮੰਤਰੀ ਪੰਡਤ ਜਵਾਹਰ ਲਾਲ ਨਹਿਰੂ ਨੂੰ ਪੱਤਰ ਲਿਖ ਕੇ ਸਪਸ਼ਟ ਕਹਿ ਦਿੱਤਾ ਸੀ ਕਿ ਉਹ ਅਜ਼ਾਦ ਰਹਿਣਾ ਚਾਹੁੰਦਾ ਹੈ ਜਾਂ ਭਾਰਤ ਵਿੱਚ ਰਲਣਾ ਚਾਹੁੰਦਾ ਹੈ। ਕਿਉਂਕਿ ਬਲੋਚਿਸਤਾਨ ਦੀ ਸਰਹੱਦ ਭਾਰਤ ਨਾਲ ਨਹੀਂ ਲਗਦੀ, ਇਸ ਲਈ ਪੰਡਤ ਨਹਿਰੂ ਨੇ ਉਸ ਨੂੰ ਸੁਝਾਅ ਦਿੱਤਾ ਕਿ ਉਹ ਇਸ ਬਾਰੇ ਮੁਹੰਮਦ ਅਲੀ ਜਿਨਾਹ ਨਾਲ ਗੱਲ ਕਰੇ।
ਸੰਨ 1948 ਵਿੱਚ ਪਾਕਿਸਤਾਨ ਨੇ ਕਾਲਾਤ ਦੇ ਖਾਨ ਨੂੰ ਆਪਣੀ ਰਿਆਸਤ ਨੂੰ ਉਸ ਵਿੱਚ ਸ਼ਾਮਲ ਹੋਣ ਲਈ ਜਬਰੀ ਬੇਵੱਸ ਕਰ ਦਿੱਤਾ। ਬੱਸ ਇਸ ਜ਼ੋਰਾ ਜ਼ਬਰੀ ਨੇ ਰਿਆਸਤ ਅੰਦਰ ਵਿਦਰੋਹ ਅਤੇ ਅਜ਼ਾਦੀ ਦੀ ਨੀਂਹ ਉਸਾਰ ਦਿੱਤੀ। ਇਹ ਸੂਬਾ ਪਾਕਿਸਤਾਨ ਦੇ 45 ਪ੍ਰਤੀਸ਼ਤ ਜ਼ਮੀਨੀ ਹਿੱਸੇ ਦਾ ਮਾਲਿਕ ਹੈ। ਇਹ ਖਣਿਜ ਪਦਾਰਥਾਂ ਨਾਲ ਭਰਪੂਰ ਹੈ ਜਿਵੇਂ ਕਿ ਗੈਸ, ਸੋਨਾ, ਤਾਂਬਾ, ਕੋਇਲਾ ਆਦਿ। ਇੱਥੇ ਅਬਾਦੀ ਬਹੁਤ ਘੱਟ ਹੈ। ਕਰੀਬ ਇੱਕ ਕਰੋੜ 20 ਲੱਖ। ਸੰਨ 1973 ਦੇ ਸੰਵਿਧਾਨ ਅਨੁਸਾਰ ਇਸ ਇਲਾਕੇ ਨੂੰ ਬਲੋਚਿਸਤਾਨ ਵਜੋਂ ਪੂਰੇ ਰਾਜ ਦਾ ਦਰਜਾ ਦੇ ਦਿੱਤਾ। ਇਸ ਸੂਬੇ ਦੇ ਸਰਦਾਰ ਲੋਕ ਅਤੇ ਅਮੀਰ ਪਰਿਵਾਰ ਕਰਾਚੀ, ਕੋਇਟਾ, ਇਸਲਾਮਾਬਾਦ ਆਦਿ ਸ਼ਹਿਰਾਂ ਵਿੱਚ ਰਹਿੰਦੇ ਹਨ। ਪਿਛਲੇ 78 ਸਾਲਾਂ ਵਿੱਚ ਕਿੱਧਰੇ ਕੋਈ ਵਿਕਾਸ ਨਹੀਂ ਹੋਇਆ। ਸਿਰਫ਼ ਚਾਰਮੰਗ, ਰੀਕੋਡਿਕ, ਚੀਨ, ਪਾਕਿਸਤਾਨ ਆਰਥਿਕ ਕਾਰੀਡੋਰ (ਸੀ.ਪੀ.ਈ.ਸੀ.) ਅਤੇ ਗਵਾਦਰ ਬੰਦਰਗਾਹ ਪ੍ਰਾਜੈਕਟ ਕੁਝ ਇੱਕ ਰੁਜ਼ਗਾਰ ਲੈ ਕੇ ਆਏ।
ਸਰਦਾਰੀ ਸਿਸਟਮ: ਬਲੋਚਿਸਤਾਨ ਦੀ ਤਰੱਕੀ ਅਤੇ ਆਧੁਨਿਕੀਕਰਨ ਵਿੱਚ ਵੱਡਾ ਅੜਿੱਕਾ ਇੱਥੋਂ ਦਾ ਸਦੀਆਂ ਪੁਰਾਣਾ ਸਰਦਾਰੀ ਸਿਸਟਮ ਹੈ। ਕਿਸੇ ਆਗੂ, ਸਰਦਾਰ ਜਾਂ ਹਕੂਮਤ ਨੇ ਕਦੇ ਇੱਥੋਂ ਦੀ ਸਿੱਖਿਆ, ਭਾਸ਼ਾ, ਸਿਹਤ, ਸੜਕ ਅਤੇ ਸੰਚਾਰ ਸਿਸਟਮ ਵੱਲ ਕੋਈ ਧਿਆਨ ਨਾ ਕੀਤਾ। ਸਰਦਾਰਾਂ ਸਿਰਫ਼ ਆਪਣੇ ਪਰਿਵਾਰਾਂ ਅਤੇ ਕਾਰੋਬਾਰਾਂ ਵੱਲ ਧਿਆਨ ਕੇਂਦਰਤ ਰੱਖਿਆ। ਅੱਜ ਇਸ ਰਾਜ ਵਿੱਚ ਔਰਤਾਂ ਦੀ ਸਾਖ਼ਰਤਾ 20 ਪ੍ਰਤੀਸ਼ਤ ਹੈ। ਪਾਕਿਸਤਾਨ ਵਿੱਚ ਸਭ ਤੋਂ ਘੱਟ। ਇੱਕ ਲੱਖ ਵਿੱਚੋਂ 98 ਔਰਤਾਂ ਜਣੇਪੇ ਵੇਲੇ ਮਰ ਜਾਂਦੀਆਂ ਹਨ। ਸੰਵਿਧਾਨ ਦੀ 18ਵੀਂ ਸੋਧ ਅਨੁਸਾਰ ਪਾਕਿਸਤਾਨ ਸਰਕਾਰਾਂ ਆਪਣੇ ਵਾਅਦੇ ਵਫ਼ਾ ਨਾ ਕਰ ਸਕੀਆਂ।
18ਵੀਂ ਸੋਧ: ਸੂਬੇ ਵਿੱਚ ਲਗਾਤਾਰ ਵਿਰੋਧ, ਹਿੰਸਾ, ਬਦਅਮਨੀ ਤੋਂ ਤੰਗ ਨਵੰਬਰ 23, 2009 ਨੂੰ ਕੇਂਦਰੀ ਯੂਸਫ ਰਜ਼ਾ ਜਿਲਾਨੀ ਹਕੂਮਤ ਨੇ ਇੱਥੇ ਆਮ ਵਰਗੇ ਹਾਲਾਤ ਪੈਦਾ ਕਰਨ ਲਈ ‘ਅਗਜ਼ ਏ ਹਕੂਕ ਏ ਬਲੋਚਿਤਾਨ’ ਪੈਕੇਜ ਰਾਹੀਂ ਪਾਕਿਸਤਾਨ ਨੈਸ਼ਨਲ ਅਸੈਂਬਲੀ ਵਿੱਚ 61 ਨੁਕਾਤੀ ਰਿਆਇਤਾਂ ਦਾ ਐਲਾਨ ਕੀਤਾ। ਆਪਣੇ ਇਤਿਹਾਸਕ ਗੁਨਾਹ ਬਖਸ਼ਾਉਣ ਲਈ ਨਵਾਬ ਅਕਬਰ ਬੁਗਤੀ ਅਤੇ ਤਿੰਨ ਹੋਰ ਆਗੂਆਂ ਨੂੰ ਮਾਰ ਮੁਕਾਉਣ ਬੰਧੀ ਜਾਂਚ ਕਮਿਸ਼ਨ ਗਠਤ ਕੀਤਾ। ਸੂਬੇ ਦੇ ਕੁਦਰਤੀ ਸ੍ਰੋਤਾਂ ਦੀ ਰਾਇਲਟੀ ਦੇਣ, ਰਾਜਨੀਤਕ ਕੈਦੀਆਂ ਦੀ ਰਿਹਾਈ ਦਾ ਐਲਾਨ ਕੀਤਾ। ਅਪਰੈਲ 2010 ਵਿੱਚ ਨੈਸ਼ਨਲ ਅਸੈਂਬਲੀ ਵਿੱਚ 18ਵੀਂ ਸੰਵਿਧਾਨਿਕ ਸੋਧ ਅਨੁਸਾਰ ਸੂਬਾਈ ਖੁਦਮੁਖਤਾਰੀ ਦੇ ਸੰਕਲਪ ਦਾ ਐਲਾਨ ਕੀਤਾ। 7ਵੇਂ ਰਾਸ਼ਟਰੀ ਵਿੱਤੀ ਕਮਿਸ਼ਨ ਅਵਾਰਡ ਰਾਹੀਂ ਪੰਜਾਬ ਨੂੰ 1.27 ਵਿੱਤੀ ਹਿੱਸਾ ਕੁਰਬਾਨ ਕਰਕੇ ਬਲੋਚਿਸਤਾਨ ਨੂੰ ਦੇਣ ਦਾ ਨਿਰਣਾ ਲਿਆ ਗਿਆ। 61 ਨੁਕਾਤੀ ਰਿਆਇਤਾਂ ’ਤੇ ਅਮਲ ਲਈ ਮਾਰਚ, 2011 ਵਿੱਚ ਸੈਲੇਟਰ ਰਜ਼ਾ ਰਬਾਨੀ ਦੀ ਅਗਵਾਈ ਵਿੱਚ ਇੱਕ ਕਮੇਟੀ ਗਠਤ ਕੀਤੀ। ਸਿਰਫ਼ 15 ਨੁਕਤਿਆਂ ’ਤੇ ਅਮਲ ਹੋਇਆ। 2013 ਵਿੱਚ ਨਰਾਜ਼ ਰਬਾਨੀ ਅਸਤੀਫਾ ਦੇ ਕੇ ਲਾਂਭੇ ਹੋ ਗਏ। ਕੈਨੇਡਾ ਵਿੱਚ ਵੀ ਇਵੇਂ ਰੈਜ਼ੀਡੈਂਸ਼ੀਅਲ ਸਕੂਲਾਂ ਵਿੱਚ ਸਥਾਨਿਕ ਲੋਕਾਂ ਦੇ ਬੱਚਿਆਂ ਦੇ ਸ਼ੋਸ਼ਣ, ਮਾਰ ਮੁਕਾਉਣ, ਔਰਤਾਂ ਨੂੰ ਗਾਇਬ ਕਰਨ ਅਤੇ ਹੋਰ ਜ਼ਿਆਦਤੀਆਂ ਵਿਰੁੱਧ ਜੋ ‘ਸੱਚ ਅਤੇ ਸੁਲਾਹ ਕਮਿਸ਼ਨ’ ਗਠਤ ਕੀਤਾ ਉਸਦੀ ਬਹੁਤ ਸਾਰੀਆਂ ਸਿਫਾਰਸ਼ਾਂ ’ਤੇ ਅੱਜ ਤਕ ਅਮਲ ਨਹੀਂ ਕੀਤਾ। ਹਰ ਰਾਜ ਹਮੇਸ਼ਾ ਘੱਟ ਗਿਣਤੀਆਂ, ਹੱਕ ਮੰਗਣ ਵਾਲੀਆਂ ਵੱਖਰੀਆਂ ਨਸਲਾਂ, ਭਾਸ਼ਾਵਾਂ ਅਤੇ ਇਲਾਕਿਆਂ ਨਾਲ ਜ਼ਿਆਦਤੀਆਂ ਕਰਦਾ ਆਇਆ ਹੈ।
ਬਲੋਚਾਂ ਨੂੰ ਖਣਿਜ ਪਦਾਰਥਾਂ ਦਾ ਰਾਜ-ਹੱਕ (ਰੌਇਲਟੀ) ਦੇਣ ਤੋਂ ਪਾਕਿਸਤਾਨ ਮੁੱਕਰ ਗਿਆ। ਸੀ.ਈ.ਪੀ.ਸੀ., ਗਵਾਦਰ ਬੰਦਰਗਾਹ ਦੇ ਲਾਭਾਂ ਅਤੇ ਕੇਂਦਰੀ ਪ੍ਰਾਜੈਕਟਾਂ ਤੋਂ ਮਹਿਰੂਮ ਰੱਖਿਆ ਗਿਆ। ਖੁਦਮੁਖਤਾਰੀ ਦੇਣ ਤੋਂ ਨਾਂਹ ਕਰ ਦਿੱਤੀ। ਮੱਛੀਆਂ ਫੜਨ ਤੋਂ ਵਰਜ ਦਿੱਤਾ ਗਿਆ। ਸਨਅਤੀਕਰਨ, ਸਿਹਤ, ਸਕੂਲੀ, ਸੜਕੀ, ਆਵਾਜਾਈ ਸਹੂਲਤਾਂ ਤੋਂ ਮਹਿਰੂਮ ਰੱਖਿਆ। 40 ਪ੍ਰਤੀਸ਼ਤ ਅਬਾਦੀ ਗਰੀਬੀ ਰੇਖਾ ਹੇਠ ਜੀਵਨ ਬਸਰ ਕਰਨ ਲਈ ਮਜਬੂਰ ਹੈ।
ਜੇ ਲੋਕਾਂ ਨੇ ਸਿੱਖਿਆ, ਸਿਹਤ, ਰੁਜ਼ਗਾਰ, ਘਰ, ਬਿਜਲੀ, ਸ਼ੁੱਧ ਪਾਣੀ, ਖਣਿਜਾਂ ਦੀ ਰੌਇਲਟੀ ਦੇ ਬਕਾਇਆਂ, ਖੁਦਮੁਖਤਾਰੀ ਲਈ ਅਵਾਜ਼ ਉਠਾਈ ਤਾਂ ਫ਼ੌਜੀ ਅਪਰੇਸ਼ਨ ‘ਜ਼ਰਬ ਏ ਅਜ਼ਬ’, ‘ਰਾਹ ਏ ਨਿਜਾਤ’ ਅਤੇ ‘ਰਾਹ ਏ ਰਾਸਤ’ ਰਾਹੀਂ ਲੋਕਾਂ ’ਤੇ ਅਣਮਨੁੱਖੀ ਜ਼ੁਲਮ ਢਾਹੇ ਗਏ।
ਬੀ.ਐੱਲ.ਏ. ਨੇ ਆਪਣਾ ਪੱਕਾ ਹੈੱਡਕੁਆਰਟਰ ਈਰਾਨ ਵਿੱਚ ਸਥਾਪਿਤ ਕੀਤਾ ਹੋਇਆ ਹੈ। ਇਸ ਕਰਕੇ ਈਰਾਨ ਅਤੇ ਪਾਕਿਸਤਾਨ ਵਿਚਕਾਰ 2-3 ਵਾਰ ਫ਼ੌਜੀ ਝੜਪਾਂ ਵੀ ਹੋਈਆਂ। ਈਰਾਨ ਵੱਲੋਂ ਮੂੰਹ ਤੋੜ ਕਾਰਵਾਈ ਬਾਅਦ ਪਾਕਿਸਤਾਨ ਨੇ ਮੁੜ ਉੱਧਰ ਮੂੰਹ ਨਹੀਂ ਕੀਤਾ।
ਅੱਤਵਾਦ: ਪਾਕਿਸਤਾਨੀ ਸ਼ਾਸਕਾਂ ਨੇ ਬਲੋਚਿਸਤਾਨ ਅੰਦਰ ਭਾਰਤੀ ਸੂਬੇ ਜੰਮੂ-ਕਸ਼ਮੀਰ ਵਾਂਗ ਲਸ਼ਕਰ-ਏ-ਝੰਗਵੀ ਅਤੇ ਦਿਉਬੰਦੀ ਕੱਟੜਵਾਦੀ ਸਿੱਖਿਅਤ ਅੱਤਵਾਦੀ ਭੇਜੇ ਤਾਂ ਕਿ ਸੰਘਰਸ਼ ਕਰ ਰਹੀਆਂ ਬੀ.ਐੱਲ.ਏ., ਬੀ.ਐੱਲ.ਐੱਫ਼ ਅਤੇ ਮਾਜ਼ਿਦ ਬ੍ਰਿਗੇਡ ਤਨਜ਼ੀਮਾਂ ਨੂੰ ਬਦਨਾਮ ਕੀਤਾ ਜਾ ਸਕੇ। ਬਲੋਚ ਆਦਮੀਆਂ, ਔਰਤਾਂ ਅਤੇ ਨੌਜਵਾਨਾਂ ਨੂੰ ਅਗਵਾ ਕਰਕੇ ਮਾਰ ਮੁਕਾਉਣਾ ਸ਼ੁਰੂ ਕੀਤਾ। ਅਮਰੀਕਾ ਦੇ ਅਫਗਾਨਿਸਤਾਨ ’ਤੇ ਕਬਜ਼ੇ ਸਮੇਂ ਕੁਵੇਟਾ ਤਾਲਿਬਾਨ ਸੰਗਠਨ ਦਾ ਕੇਂਦਰ ਰਿਹਾ। ਸੋ ਇਸ ਖੇਤਰ ਵਿੱਚ ਔਰਤਾਂ ’ਤੇ ਜ਼ੁਲਮ ਕੀਤਾ, ਲੜਕੀਆਂ ਨੂੰ ਸਕੂਲ ਜਾਣੋਂ ਰੋਕਿਆ ਗਿਆ।
ਪਾਕਿਸਤਾਨ ਸਰਕਾਰਾਂ ਵੱਲੋਂ ਬਲੋਚੀ ਸਰਦਾਰਾਂ ਨਾਲ ਸੰਧੀਆਂ-ਸਮਝੌਤੇ ਕਰਕੇ ਉਨ੍ਹਾਂ ਦੇ ਆਮਦਨ ਦੇ ਸ੍ਰੋਤਾਂ, ਜ਼ਮੀਨਾਂ, ਖਣਿਜਾਂ ਨੂੰ ਲੁੱਟਣਾ ਜਾਰੀ ਰੱਖਿਆ। ਸਥਾਨਿਕ ਲੋਕਾਂ ਵੱਲੋਂ ਵਿਰੋਧ ਕਰਨ ’ਤੇ ਉਨ੍ਹਾਂ ’ਤੇ ਜ਼ੁਲਮ ਢਾਹੁਣੇ ਜਾਰੀ ਰੱਖੇ। ‘ਦਾ ਵਾਇਸ ਫਾਰ ਬਲੋਚ ਮਿਸਿੰਗ ਪਰਸਨ’ ਅਨੁਸਾਰ 2004 ਤੋਂ 2024 ਤਕ 7000 ਲੋਕ ਲਾਪਤਾ ਕਰ ਦਿੱਤੇ।
ਅਫਗਾਨਿਸਤਾਨ ਵਿੱਚੋਂ ਸੰਨ 2021 ਵਿੱਚ ਅਮਰੀਕੀ ਫੌਜਾਂ ਦੀ ਵਾਪਸੀ ਬਾਅਦ ਤਾਲਿਬਾਨ ਹਕੂਮਤ ਨੇ ਸੱਤਾ ਸੰਭਾਲ ਲਈ। ਉਸ ਸਮੇਂ ਤੋਂ ਫਾਟਾ, ਖੈਬਰ ਪਖ਼ਤੂਨਵਾ ਵਿੱਚ ਟੀ.ਟੀ.ਪੀ ਨੇ ਕਾਰਵਾਈਆਂ ਤੇਜ਼ ਕਰ ਦਿੱਤੀਆਂ। ਬਲੋਚਿਤਾਨ ਵਿੱਚ ਟੀ.ਟੀ.ਪੀ. ਨੇ ਬੀ.ਐੱਲ.ਏ, ਬੀ.ਐੱਲ.ਐੱਫ, ਮਾਜ਼ਿਦ ਬ੍ਰਿਗੇਡ ਨੂੰ ਮਦਦ ਦੇਣੀ ਅਰੰਭ ਦਿੱਤੀ। ਭਾਰਤ ਅਤੇ ਤਾਲਿਬਾਨੀ ਅਫਗਾਨ ਹਕੂਮਤ ਦੇ ਮਿੱਤਰਤਾ ਪੂਰਵਕ ਵਧਦੇ ਸੰਬੰਧਾਂ ਅਤੇ ਸਹਿਯੋਗ ਕਰਕੇ ਬਲੋਚੀ ਲੜਾਕੂਆਂ ਅਤੇ ਔਰਤਾਂ ਦੀ ਬਲੋਚ ਯਕਯਹਤੀ ਕਮੇਟੀ (ਬੀ.ਵਾਈ.ਸੀ) ਦੇ ਬੀਬੀ ਮਹਾਰੰਗ ਦੀ ਅਗਵਾਈ ਵਿੱਚ ਹੌਸਲੇ ਬੁਲੰਦ ਹੋਏ ਹਨ। ਉਸ ਨੇ 1600 ਕਿਲੋਮੀਟਰ ਬਲੋਚਿਤਾਨ ਤੋਂ ਇਸਲਾਮਾਬਾਦ ਤਕ ਯਾਤਰਾ ਵੀ ਕੱਢੀ। ਪਰ ਪਾਕਿਸਤਾਨ ਹਕੂਮਤ ਅਤੇ ਫ਼ੌਜ ਨੇ ਕੋਈ ਕੰਨ ਨਾ ਕੀਤਾ।
ਅਜ਼ਾਦੀ ਦਾ 5ਵਾਂ ਦੌਰ: ਦੁਖੀ ਅਤੇ ਲਾਚਾਰ ਬਲੋਚ ਬੀ.ਐੱਲ.ਏ. ਨੇ ਸਿਵਲ ਸਮਾਜ ਦੀ ਹਿਮਾਇਤ ਨਾਲ ਪਾਕਿਸਤਾਨ ਹਕੂਮਤ, ਫੌਜ ਪੁਲਿਸ ਅਤੇ ਸੁਰੱਖਿਆ ਏਜੰਸੀਆਂ ਵਿਰੁੱਧ ਹਿੰਸਕ ਅਤੇ ਸੰਘਰਸ਼ੀ 5ਵੇਂ ਦੌਰ ਦੀ ਜੰਗ ਦਾ ਬਿਗਲ ਵਜਾਇਆ। ਸੰਨ 2022 ਵਿੱਚ ਪੰਜਗੁਰ, ਨੌਂਸ਼ਕੀ, ਤੁਰਬਤ ਜਲ ਸੈਨਿਕ ਅੱਡਾ, 1 ਨਵੰਬਰ, 2023 ਨੂੰ ਗਵਾਦਰ ਬੰਦਰਗਾਹ ’ਤੇ ਹਮਲੇ ਕੀਤੇ। ਕਰੀਬ 24 ਫੌਜੀ ਮੌਤ ਦੇ ਘਾਟ ਉਤਾਰੇ। ਜਿੱਥੇ ਪਾਕਿਸਤਾਨ ਫੌਜ ਨੇ 25-26 ਅਗਸਤ, 2024 ਨੂੰ 10 ਥਾਂਵਾਂ ’ਤੇ ‘ਅਪਰੇਸ਼ਨ ਕਾਲਾ ਤੂਫ਼ਾਨ’ ਅਧੀਨ ਵੱਡੀ ਪੱਧਰ ’ਤੇ ਬੇਗੁਨਾਹ ਲੋਕ ਮਾਰ ਮੁਕਾਏ, ਉੱਥੇ 26 ਅਗਸਤ, 2024 ਨੂੰ ਮਾਜ਼ੀਦ ਬ੍ਰਿਗੇਡ ਨੇ 6 ਵੱਖ-ਵੱਖ ਹਮਲਿਆਂ ਵਿੱਚ ਸ਼ਾਹਬਾਜ਼ ਸ਼ਰੀਫ ਸਰਕਾਰ ਦੀਆਂ ਚੂਲਾਂ ਹਿਲਾ ਦਿੱਤੀਆਂ। ਕੁਝ ਸਮਾਂ ਸੀ.ਪੀ.ਈ.ਸੀ. ਸੰਬੰਧਿਤ ਚੀਨ ਇੰਜਨੀਅਰ ਅਗਵਾ ਕਰਕੇ ਮਾਰ ਦਿੱਤੇ। ਗਵਾਰ ਬੰਦਰਗਾਹ ’ਤੇ ਹਮਲਾ ਕੀਤਾ। ਨਤੀਜੇ ਵਜੋਂ ਚੀਨ ਨੇ ਇਸ ਕਾਰੀਡੋਰ ’ਤੇ ਨਿਵੇਸ਼ ਤੋਂ ਹੱਥ ਪਿਛਾਂਹ ਖਿੱਚ ਲਿਆ।
ਪਾਕਿਸਤਾਨ ਮੁੜ ਪੂਰਬੀ ਪਾਕਿਸਤਾਨ (ਬੰਗਲਾ ਦੇਸ਼) ’ਤੇ 1971 ਵਾਂਗ ਫੌਜੀ ਅਪਰੇਸ਼ਨ ਅਤੇ ਘੇਰਾਬੰਦੀ ਰਾਹੀਂ ਬਲੋਚਿਸਤਾਨ ’ਤੇ ਰਾਸ਼ਟਰ ਐਕਸ਼ਨ ਯੋਜਨਾ ਅਧੀਨ ਫੌਜੀ ਕਾਰਵਾਈ ਰਾਹੀਂ ਲੋਕਾਂ ਦੀ ਅਜ਼ਾਦੀ ਦੀ ਅਵਾਜ਼ ਦਬਾਉਣ ਦੇ ਮਨਸੂਬੇ ਘੜ ਰਿਹਾ ਹੈ। ਪਰ ਸਥਿਤੀਆਂ ਇਸਦੇ ਵਿਰੁੱਧ ਬਣੀਆਂ ਪਈਆਂ ਹਨ। ਈਰਾਨ, ਅਫਗਾਨਿਸਤਾਨ, ਭਾਰਤੀ ਹਕੂਮਤਾਂ ‘ਅੱਤਵਾਦ ਦੀ ਮਾਂ’ ਪਾਕਿਸਤਾਨ ਵਿਰੁੱਧ ਹਨ। ਅਫਗਾਨ ਲੜਾਕੂਆਂ ਅਤੇ ਸੰਘਰਸ਼ੀ ਸਿਵਲ ਸੰਗਠਨਾਂ ਨੂੰ ਹੁਣ ਦਬਾਉਣਾ ਸੌਖਾ ਨਹੀਂ। ਪਾਕਿਸਤਾਨ ਸਰਕਾਰ ਨੂੰ ਫ਼ੌਜੀ ਅਪਰੇਸ਼ਨ ਦੀ ਥਾਂ ਬਲੋਚਿਸਤਾਨ ਸਮੱਸਿਆ ਦਾ ਹੱਲ ਰਾਜਨੀਤਕ ਅਤੇ ਡਿਪਲੋਮੈਟਿਕ ਗੱਲਬਾਤ ਰਾਹੀਂ ਲੱਭਣਾ ਚਾਹੀਦਾ ਹੈ।
* * * * *
ਨੋਟ: ਹਰ ਲੇਖਕ ਸਰੋਕਾਰ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲ ਕੇ ਰੱਖੇ।
ਰਚਨਾਵਾਂ ਸਬੰਧੀ ਆਪਣੇ ਵਿਚਾਰ ਸਾਂਝੇ ਕਰੋ: (