“ਹੁਣ ਵਾਲੇ ਫੌਜੀ ਮੁਖੀ ਆਸਿਮ ਮੁਨੀਰ ਨੇ ਫੀਲਡ ਮਾਰਸ਼ਲ ਦੀ ਉਪਾਧੀ ਜਨਰਲ ਅਯੂਬ ਖਾਨ ...”
(30 ਦਸੰਬਰ 2025)
ਪਿਛਲੇ ਦਿਨੀਂ ਪਾਕਿਸਤਾਨ ਦੇ ਨਵ-ਨਿਯੁਕਤ ਫੌਜ ਮੁਖੀ ਫੀਲਡ ਮਾਰਸ਼ਲ ਆਸਿਮ ਮੁਨੀਰ ਨੇ ਦੋ ਟੁੱਕ ਸ਼ਬਦਾਂ ਵਿੱਚ ਅਫਗਾਨਿਸਤਾਨ ਦੀ ਤਾਲਿਬਾਨ ਹਕੂਮਤ ਨੂੰ ਧਮਕੀ ਦਿੱਤੀ ਕਿ ਉਹ ਪਾਕਿਸਤਾਨ ਵਿੱਚ ਅੱਤਵਾਦੀ ਅਤੇ ਹਿੰਸਕ ਕਾਰਵਾਈਆਂ ਨੂੰ ਲਗਾਤਾਰ ਅੰਜਾਮ ਦੇ ਰਹੀ ਤਹਰੀਕ-ਏ-ਤਾਲਿਬਾਨ ਪਾਕਿਸਤਾਨ (ਟੀਟੀਪੀ) ਅਤੇ ਪਾਕਿਸਤਾਨ ਵਿੱਚੋਂ ਇੱਕ ਨੂੰ ਚੁਣ ਲਵੇ। ਫੌਜ ਮੁਖੀ ਅਤੇ ਸਾਂਝੀ ਤਿੰਨਾਂ ਫੌਜਾਂ ਦੀ ਕਮਾਨ ਦਾ ਚਾਰਜ ਸੰਭਾਲਣ ਮੌਕੇ ਫੌਜੀ ਹੈਡਕੁਆਰਟਰ ਰਾਵਲਪਿੰਡੀ ਵਿਖੇ ਗਾਰਡ ਆਫ ਆਨਰ ਲੈਣ ਸਮੇਂ ਉਸਨੇ ਇਹ ਦਹਾੜ ਦਿੱਤੀ।
ਚਮਕਦਾ ਸਿਤਾਰਾ:
ਪਾਕਿਸਤਾਨ ਅਨੁਸਾਰ ਜਨਰਲ ਆਸਿਮ ਮੁਨੀਰ ਇਸ ਸਾਲ ਸੰਨ 2025 ਵਿੱਚ ਦੇਸ਼ ਅੰਦਰ ਇੱਕ ਚਮਕਦੇ ਸਿਤਾਰੇ ਵਜੋਂ ਉੱਭਰਿਆ ਜਦੋਂ ਉਸਨੇ ਭਾਰਤ ਨੂੰ ਚਾਰ ਰੋਜ਼ਾ ਅਪਰੇਸ਼ਨ ਸਿੰਧੂਰ ਵਿੱਚ ਚਿੱਤ ਕੀਤਾ। ਇਹ ਅਪਰੇਸ਼ਨ ਭਾਰਤ ਨੇ ਕਸ਼ਮੀਰ ਘਾਟੀ ਵਿੱਚ ਪਾਕਿਸਤਾਨ ਸਮਰਥਿਤ ਅੱਤਵਾਦੀਆਂ ਵੱਲੋਂ ਪਹਿਲਗਾਮ ਵਿਖੇ 26 ਬੇਗੁਨਾਹ ਯਾਤਰੂਆਂ ਦੀ ਮੌਤ ਦੇ ਬਦਲੇ ਵਜੋਂ ਚਲਾਇਆ ਸੀ। ਭਾਵੇਂ ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਇਸ ਨੂੰ ਰੋਕਣ ਦਾ ਸਿਹਰਾ ਆਪਣੇ ਸਿਰ ਬੰਨ੍ਹ ਰਿਹਾ ਹੈ ਪਰ ਭਾਰਤ ਇਸ ਨੂੰ ਪਾਕਿਸਤਾਨ ਦੀ ਪ੍ਰਤੀ ਬੇਨਤੀ ’ਤੇ ਰੋਕਣਾ ਦਰਸਾ ਰਿਹਾ ਹੈ। ਕਮਜ਼ੋਰ ਰਾਸ਼ਟਰਪਤੀ ਆਸਫ ਅਲੀ ਜਰਦਾਰੀ ਅਤੇ ਨਾਮ ਨਿਹਾਦ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਤੋਂ ਇੱਕ ਅਹਿਮ ਸੰਵਿਧਾਨਿਕ ਸੋਧ ਬਾਅਦ ਫੀਲਡ ਮਾਰਸ਼ਲ ਮੁਨੀਰ ਆਪਣੇ ਫੌਜ ਮੁਖੀ ਅਹੁਦੇ ਦੀ ਸੇਵਾ ਮੁਕਤੀ ਤੋਂ ਐਨ ਪਹਿਲਾਂ ਮੁੜ ਪੰਜ ਸਾਲਾਂ ਲਈ ਫੌਜ ਮੁਖੀ ਇਲਾਵਾ ਤਿੰਨ ਸੈਨਾਵਾਂ ਦੀ ਸੰਯੁਕਤ ਕਮਾਨ ਦੀ ਨਿਯੁਕਤੀ ’ਤੇ ਦਸਤਖ਼ਤ ਕਰਨ ਲਈ ਮਜਬੂਰ ਕਰਦਾ ਹੈ। ਇਸ ਚਮਕਦੇ ਸਿਤਾਰੇ ਦਾ ਸੱਚ ਇਹ ਹੈ।
ਮਾਂ:
ਅਫਗਾਨਿਸਤਾਨ ਵਿੱਚ ਅਮਰੀਕਾ ਤੇ ਸਫੀਰ ਰਹੇ ਜਾਲਮੇ ਖਲੀਲਜਾਦ ਦਾ ਇਤਿਹਾਸਿਕ ਕੌਲ ਹੈ, “ਅਫਗਾਨ-ਪਾਕਿਸਤਾਨ ਸਬੰਧ ਸਭ ਸੰਬੰਧਾਂ ਦੀ ਮਾਂ ਹਨ।” ਇਹ 100 ਫੀਸਦੀ ਸੱਚ ਹੈ ਕਿਉਂਕਿ ਇਨ੍ਹਾਂ ਬਗੈਰ ਪੂਰਾ ਗਲੋਬ ਪਾਕਿਸਤਾਨ ਅਤੇ ਤਾਲਿਬਾਨ ਸੰਬੰਧਾਂ ਦੀ ਤਹਿ ਤਕ ਨਹੀਂ ਪੁੱਜ ਸਕਦਾ ਜਿਨ੍ਹਾਂ ਦਾ ਲੱਖ ਵਿਰੋਧਾਂ ਅਤੇ ਬਦਨਾਮੀਆਂ ਤੇ ਬਾਵਜੂਦ ਉਹ ਪਾਲਣਹਾਰਾ ਅਤੇ ਵੱਡਾ ਹਿਮਾਇਤੀ ਰਿਹਾ ਹੈ। ਅੱਜ ਇਹੀ ਪਾਕਿਸਤਾਨ ਟੀਟੀਪੀ ਨੂੰ ਲੈ ਕੇ ਅਫਗਾਨਿਸਤਾਨ ਦਾ ਕੱਟੜ ਵੈਰੀ ਬਣਿਆ ਪਿਆ ਹੈ।
ਮਨਸੂਬੇ ਠੱਪ:
ਪਾਕਿਸਤਾਨ ਸਮਝਦਾ ਸੀ ਕਿ ਤਾਲਿਬਾਨ ਸ਼ਾਸਨ ਅਫਗਾਨਿਸਤਾਨ ਅੰਦਰ ਸੰਨ 2021 ਵਿੱਚ ਅਮਰੀਕਾ ਦੀ ਵਾਪਸੀ ਬਾਅਦ ਸੱਤਾ ਵਿੱਚ ਪਰਤਣ ਉਪਰੰਤ ਉਸ ਨਾਲ ਨਿੱਘੇ ਸਬੰਧ ਕਾਇਮ ਕਰ ਲਵੇਗਾ। ਪਰ ਉਸਦੇ ਪੂਰੇ ਮਨਸੂਬੇ ਧਰੇ ਧਰਾਏ ਰਹਿ ਗਏ ਜਦੋਂ ਨਵਾਂ ਤਾਲਿਬਾਨ ਸ਼ਾਸਨ ਭਾਰਤ ਨਾਲ ਵਧੀਆ ਸਹਿਯੋਗੀ ਅਤੇ ਡਿਪਲੋਮੈਟਿਕ ਸੰਬੰਧ ਕਾਇਮ ਕਰਦਾ ਵਿਖਾਈ ਦਿੱਤਾ। ਸੜੇ ਬਲੇ ਪਾਕਿਸਤਾਨ ਦੇ ਰੱਖਿਆ ਮੰਤਰੀ ਖਵਾਜਾ ਆਸਿਫ ਨੇ ਤਾਲਿਬਾਨ ਸ਼ਾਸਕਾਂ ਨੂੰ ਧਮਕੀ ਦਿੱਤੀ ਕਿ ਉਹ ਉਸਦੇ ਰਹਿਮੋ ਕਰਮ ’ਤੇ ਸੱਤਾ ਵਿੱਚ ਪਰਤੇ ਹਨ। ਜੇ ਬਾਜ਼ ਨਾ ਆਏ ਤਾਂ ਨੇਸਤੇ ਨਾਬੂਦ ਕਰ ਦਿੱਤੇ ਜਾਣਗੇ। ਇਸ ਜੰਗ ਦਾ ਮੁੱਖ ਕਾਰਨ ਟੀਟੀਪੀ ਵੱਲੋਂ ਪਾਕਿਸਤਾਨ ਵਿੱਚ ਕੀਤੀਆਂ ਜਾ ਰਹੀਆਂ ਹਿੰਸਕ ਅਤੇ ਅੱਤਵਾਦੀ ਗਤੀਵਿਧੀਆਂ ਹੋਣਗੀਆਂ। ਸੰਨ 2021 ਵਿੱਚ ਤਾਲਿਬਾਨਾਂ ਦਾ ਅਫਗਾਨਿਸਤਾਨ ’ਤੇ ਮੁੜ ਕਬਜ਼ਾ ਹੋਣ ਬਾਅਦ ਉਹ ਟੀਟੀਪੀ ਦੀ ਮਦਦ ਹੀ ਨਹੀਂ ਕਰ ਰਿਹਾ ਬਲਕਿ ਉਸ ਨਾਲ ਇੱਕ ਭਾਈਵਾਲ ਵਜੋਂ ਵਿਚਰ ਰਿਹਾ ਹੈ। ਪਾਕਿਸਤਾਨ ਇਸ ਤੋਂ ਅੱਗ ਬਬੂਲਾ ਹੋ ਉੱਠਿਆ। ਦੋਹਾਂ ਦੇਸ਼ਾਂ ਵਿਚਾਲੇ ਆਪਸੀ ਸਬੰਧ ਉਦੋਂ ਤਾਰ-ਤਾਰ ਹੋਣ ਲੱਗੇ ਜਦੋਂ ਇਸ ਮੁੱਦੇ ’ਤੇ ਦੋਹਾਂ ਦਰਮਿਆਨ ਕਈ ਦਿਨ ਫੌਜੀ ਜੰਗ ਜਾਰੀ ਰਹੀ, ਜਿਸ ਵਿੱਚ ਦਰਜਣਾਂ ਫੌਜੀ, ਸਿਵਲੀਅਨ ਅਤੇ ਟੀਟੀਪੀ ਅੱਤਵਾਦੀ ਮਾਰੇ ਗਏ। ਜੰਗ ਉਦੋਂ ਹੋਰ ਭੜਕੀ ਜਦੋਂ ਅਫਗਾਨ ਰਾਜਧਾਨੀ ਕਾਬਲ ਵਿੱਚ ਨੌਂ ਅਕਤੂਬਰ 2020 ਨੂੰ ਬੰਬ ਬਲਾਸਟ ਹੋਇਆ, ਜਿਸਦਾ ਦੋਸ਼ ਤਾਲਿਬਾਨ ਸਰਕਾਰ ਨੇ ਪਾਕਿਸਤਾਨ ਸਿਰ ਮੜ੍ਹਿਆ। ਦੋਹਾ ਵਿਖੇ ਕਤਰ ਦੀ ਵਿਚੋਲਗੀ ਕਰਕੇ ਦੋਹਾਂ ਦੇਸ਼ਾਂ ਦਰਮਿਆਨ ਜੰਗਬੰਦੀ ਤਾਂ ਕਰਵਾ ਦਿੱਤੀ ਗਈ ਪਰ ਸ਼ਾਂਤੀ ਸਮਝੌਤਾ ਤੁਰਕੀ ਦੇ ਸ਼ਹਿਰ ਇਸਤਮਬੋਲ ਵਿਖੇ ਗੱਲਬਾਤ ਦੇ ਤਿੰਨ ਦੌਰਾਂ ਦੇ ਬਾਵਜੂਦ ਅਜੇ ਤਕ ਕਿਸੇ ਤਣ ਪੱਤਣ ਨਹੀਂ ਲੱਗ ਸਕਿਆ। ਅਫਗਾਨਿਸਤਾਨ ਅੱਜ ਵੀ ਪਾਕਿਸਤਾਨ ਦਾ ਸਭ ਤੋਂ ਵੱਡਾ ਵਪਾਰਕ ਭਾਈਵਾਲ ਹੈ। ਦੋਹਾਂ ਦੇਸ਼ਾਂ ਦਰਮਿਆਨ ਵਿਗੜ ਰਹੇ ਸਬੰਧਾਂ ਕਰਕੇ ਆਪਸੀ ਵਪਾਰ, ਕਾਰੋਬਾਰ, ਰੁਜ਼ਗਾਰ ਅਤੇ ਅੰਤਰ ਦੇਸੀ ਕਬਾਇਲੀ ਰਿਸ਼ਤਿਆਂ ’ਤੇ ਵੱਡਾ ਅਸਰ ਪੈ ਰਿਹਾ ਹੈ। ਪਾਕਿਸਤਾਨ ਹਕੀਕਤਾਂ ਤੋਂ ਦੂਰ ਖਿਆਲੀ ਮਨਸੂਬਿਆਂ ਦੇ ਚੱਕਰਵਿਊ ਵਿੱਚ ਬੁਰੀ ਤਰ੍ਹਾਂ ਫਸਿਆ ਪਿਆ ਹੈ। ਉਹ ਚਾਹੁੰਦਾ ਹੈ ਕਿ ਅਫਗਾਨਿਸਤਾਨ ਦੇ ਉਪਗ੍ਰਹਿ ਰਾਸ਼ਟਰ ਵਜੋਂ ਵਿਚਰੇ। ਤਾਲਿਬਾਨਾਂ ਨੂੰ ਰਾਜ ਅਤੇ ਸੱਤਾ ਸ਼ਕਤੀ ਨੂੰ ਆਪਣੀ ਦੇਣ ਸਮਝਦਾ ਹੈ। ਲੇਕਿਨ ਅਫਗਾਨਿਸਤਾਨ ਨੇ ਆਪਣੀ ਜਾਤੀ ਹਸਤੀ ਦੇ ਬਲਬੂਤੇ ਆਪਣੇ ਆਜ਼ਾਦ ਰਾਹ ’ਤੇ ਚੱਲਣ ਦਾ ਫੈਸਲਾ ਕੀਤਾ ਹੈ ਜੋ ਪਾਕਿਸਤਾਨ ਨੂੰ ਕਿਸੇ ਸੂਰਤ ਵਿੱਚ ਪਸੰਦ ਨਹੀਂ ਹੈ।
ਪੇਚੀਦਾ ਸਥਿਤੀ:
ਪਾਕਿਸਤਾਨ ਅਤੇ ਅਫਗਾਨਿਸਤਾਨ ਦੀ ਸਰਹੱਦ ’ਤੇ ਕਈ ਆਜ਼ਾਦ ਕਿਸਮ ਦੇ ਕਬੀਲੇ ਵਸੇ ਹੋਏ ਹਨ। ਇਹ ਸਦੀਆਂ ਤੋਂ ਕਿਸੇ ਵੀ ਸ਼ਾਸਨ ਦੀ ਅਧੀਨਗੀ ਤੋਂ ਆਕੀ ਰਹੇ ਹਨ। ਅੱਜ ਵੀ ਇਨ੍ਹਾਂ ਦੋਹਾਂ ਦੇਸ਼ਾਂ ਦੀ ਅਧੀਨਗੀ ਤੋਂ ਆਕੀ ਵਿਚਰ ਰਹੇ ਹਨ। ਇਨ੍ਹਾਂ ਦੇ ਅੰਦਰੂਨੀ ਜੰਗੀ ਟਕਰਾ, ਹਿੰਸਕ ਪ੍ਰਵਿਰਤੀ, ਮਨਮਰਜ਼ੀ ਨੂੰ ਦੋਵੇਂ, ਪਾਕਿਸਤਾਨ ਅਤੇ ਅਫਗਾਨਿਸਤਾਨ ਆਪੋ ਆਪਣੇ ਮੁਫਾਦਾਂ ਦੀ ਪੂਰਤੀ ਲਈ ਮਾਲੀ ਮਦਦ, ਫੌਜੀ ਟ੍ਰੇਨਿੰਗ, ਗੋਲਾ ਬਰੂਦ, ਨਸ਼ੀਲੇ ਪਦਾਰਥਾਂ ਦੀ ਸਪਲਾਈ ਜਾਰੀ ਰੱਖਦੇ ਹਨ। ਇਸ ਕਰਕੇ ਇਹ ਸਰਹੱਦੀ ਇਲਾਕਾ ਵਿਸਫੋਟਕ ਬਣਿਆ ਰਹਿੰਦਾ ਹੈ। ਦੂਸਰੇ ਪਾਸੇ ਅਫਗਾਨਿਸਤਾਨ ਵਿੱਚ ਸੰਨ 1979 ਵਿੱਚ ਰੂਸੀ ਫੌਜਾਂ ਦੇ ਦਖਲ, ਸੰਨ 2001 ਵਿੱਚ ਅਮਰੀਕਾ ਅਤੇ ਨਾਟੋ ਇਤਹਾਦੀਆਂ ਦੇ ਕਬਜ਼ੇ ਕਾਲ ਤੋਂ ਲਗਾਤਾਰ ਇੱਥੇ ਚਲਦੇ ਯੁੱਧਾਂ-ਜਹਾਦਾਂ ਅੱਤਵਾਦੀ ਅਤੇ ਗੁਰੀਲਾ ਗਤੀਵਿਧੀਆਂ ਵਿੱਚ ਪਾਕਿਸਤਾਨ ਐਕਟਿਵ ਤੌਰ ’ਤੇ ਸ਼ਾਮਲ ਰਿਹਾ ਹੈ। ਜਨਰਲ ਪਰਵੇਜ਼ ਮੁਸ਼ੱਰਫ ਅਫਗਾਨ ਮੁਜਾਹਿਦਾਂ, ਤਾਲਿਬਾਨਾਂ, ਉਸਾਮਾ ਬਿਨ ਲਾਦੇਨ ਅਤੇ ਉਸਦੀ ਖੂੰਖਾਰ ਤਨਜ਼ੀਮ ਅਲਕਾਇਦਾ ਦਾ ਟਰੇਨੀ ਰਿਹਾ ਹੈ, ਆਪਣੇ ਫੌਜੀ ਦਸਤਿਆਂ ਸਮੇਤ। ਅੱਜ ਉਸ ਸਮੇਂ ਪੈਦਾ ਹੋਈ ਤਾਲਿਬਾਨੀ ਮੁਜਾਹਿਦੀਨ ਤਹਿਰੀਕ ਪਾਕਿਸਤਾਨ ਅੰਦਰ ਟੀਟੀਪੀ ਵਜੋਂ ਵਿੱਚ ਰਹੀ ਹੈ। ਅੱਜ ਇਸ ’ਤੇ ਇਹ ਕਹਾਵਤ ਖੂਬ ਢੁਕਦੀ ਹੈ, “ਬਿੱਲੀ ਸ਼ੀਂਹ ਪੜ੍ਹਾਇਆ, ਸ਼ੀਂਹ ਬਿੱਲੀ ਨੂੰ ਖਾਣ ਆਇਆ।” ਇਹ ਤਹਿਰੀਕ ਬਲੋਚਿਸਤਾਨ ਅਤੇ ਫਾਟਾ ਅੰਦਰ ਪਾਕਿਸਤਾਨ ਵੱਲੋਂ ਚਲਾਏ ਜਾ ਰਹੇ ਮਦਰੱਸਿਆਂ ਦੀ ਪੈਦਾਇਸ਼ ਹੈ। ਇਹ ਤਾਲਿਬਾਨ ਪਾਕਿਸਤਾਨ ਵਿਰੋਧੀ ਅਤੇ ਅਫਗਾਨਸਤਾਨੀ ਤਾਲਿਬਾਨ ਦੇ ਹਿਮਾਇਤੀ ਹਨ। ਲੇਕਿਨ ਤਾਲਿਬਾਨ ਸ਼ਾਸਨ ਅਤੇ ਸ਼ਾਸਕਾਂ ਤੋਂ ਆਜ਼ਾਦ ਆਪਣੀ ਨਿਆਰੀ ਹਸਤੀ ਦੇ ਮਾਲਕ ਹਨ। ਟੀਟੀਪੀ ਨਾਲ ਵਿਚਾਰਧਾਰਿਕ, ਸੱਭਿਆਚਾਰਕ ਅਤੇ ਭਾਈਚਾਰਕ ਸਬੰਧ ਹੋਣ ਕਰਕੇ ਅਫਗਾਨਿਸਤਾਨ ਅਤੇ ਇਸਦਾ ਤਾਲਿਬਾਨ ਸ਼ਾਸਨ ਇਨ੍ਹਾਂ ਵਿਰੁੱਧ ਕਾਰਵਾਈ ਨਹੀਂ ਕਰਦਾ ਜਦਕਿ ਪਾਕਿਸਤਾਨ ਉਸ ਤੋਂ ਐਸੀ ਤਵੱਕੋ ਰੱਖਦਾ ਹੈ। ਟੀਟੀਪੀ ਨੇ ਅਫਗਾਨਿਸਤਾਨ ਵਿੱਚ ਆਪਣੇ ਵੱਡੇ ਗੜ੍ਹ ਕਾਇਮ ਕਰ ਰੱਖੇ ਹਨ, ਜੋ ਤਾਲਿਬਾਨ ਸ਼ਾਸਨ ਅੰਦਰ ਖੁਦ ਮੁਖਤਾਰ ਅਤੇ ਆਜ਼ਾਦਾਨਾ ਤੌਰ ’ਤੇ ਵਿਚਰਦੇ ਹਨ। ਇੱਕ ਪਾਸੇ ਤਾਂ ਪਾਕਿਸਤਾਨ ਟੀਟੀਪੀ ਨੂੰ ਲੈ ਕੇ ਅਫਗਾਨਿਸਤਾਨ ਨੂੰ ਧਮਕੀਆਂ ਦਿੰਦਾ ਹੈ, ਦੂਸਰੇ ਪਾਸੇ ਮੁਸਲਿਮ ਅਤੇ ਪੱਛਮੀ ਦੇਸ਼ਾਂ ਨੂੰ ਕਹਿੰਦਾ ਹੈ ਉਹ ਉਸ ’ਤੇ ਦਬਾਅ ਬਣਾਉਣ। ਟੀਟੀਪੀ ਵਿਰੁੱਧ ਕਾਰਵਾਈ ਕਰਨ ਲਈ, ਉਸ ਨਾਲੋਂ ਨਾਤਾ ਤੋੜਨ ਲਈ ਇਰਾਨ ਦੀ ਰਾਜਧਾਨੀ ਤਹਿਰਾਨ ਅੰਦਰ ਅਫਗਾਨ ਮਾਮਲਿਆਂ ਦੇ ਪਾਕਿਸਤਾਨ, ਤਾਜ਼ਿਕਸਤਾਨ, ਉਜ਼ਬੇਕਿਸਤਾਨ, ਤੁਰਕਮੇਨਸਤਾਨ, ਚੀਨ ਅਤੇ ਰੂਸ ਦੇ ਵਿਸ਼ੇਸ਼ ਦੂਤਾਂ ਦੀ ਮੀਟਿੰਗ ਵਿੱਚ ਪਾਕਿਸਤਾਨ ਨੇ ਇਸ ਮਸਲੇ ਨੂੰ ਉਠਾਇਆ।
ਅੰਦਰੂਨੀ ਖਿੱਚੋਤਾਣ:
ਇਸ ਸਮੇਂ ਟੀਟੀਪੀ ਵਿੱਚ ਵੀ ਕਈ ਵੱਡੇ ਤਾਕਤਵਰ ਧੜੇ ਹਨ। ਉਹਨਾਂ ਦੀ ਅਬਾਦੀ, ਇਲਾਕੇ, ਕਾਰੋਬਾਰ, ਆਰਥਿਕਤਾ ਇੱਕਜੁੱਟ ਨਹੀਂ ਹਨ। ਅਮੀਰ ਹਿਬਤੁਲਾ ਅਖੁੰਦਜਿਆਦਾ, ਸਿੱਖ 12 ਮਿਸਲਾਂ ਨੂੰ ਜਿਵੇਂ ਮਹਾਰਾਜਾ ਰਣਜੀਤ ਸਿੰਘ ਨੇ ਇੱਕਜੁੱਟ ਕੀਤਾ ਸੀ, ਵਾਂਗ ਆਪਣੀ ਅਗਵਾਈ ਵਿੱਚ ਇਨ੍ਹਾਂ ਨੂੰ ਇੱਕਜੁੱਟ ਕਰਨਾ ਚਾਹੁੰਦਾ ਹੈ। ਦੂਸਰੇ ਪਾਸੇ ਇੱਕ ਗੁੱਟ ਖੁਰਾਸਾਨ ਸੂਬੇ ਵਿੱਚ ਇਸਲਾਮਿਕ ਹਕੂਮਤ ਕਾਇਮ ਕਰਨਾ ਚਾਹੁੰਦਾ ਹੈ। ਇਹ ਗੁੱਟ ਤਾਲਿਬਾਨ ਸ਼ਾਸਨ ਲਈ ਵੀ ਸਿਰਦਰਦੀ ਬਣਿਆ ਪਿਆ ਹੈ। ਇਸ ਵੱਲੋਂ ਅਫਗਾਨਿਸਤਾਨ ਸਿਵਲੀਅਨਾ, ਧਾਰਮਿਕ ਘੱਟ ਗਿਣਤੀਆਂ, ਤਾਲੀਬਾਨਾਂ ’ਤੇ ਹਮਲੇ ਕੀਤੇ ਜਾਂਦੇ ਹਨ। ਇਵੇਂ ਹੀ ਅਨੇਕ ਹੋਰ ਗੁੱਟ ਜਹਾਦੀ, ਵੱਖਵਾਦੀ ਵੀ ਅਫਗਾਨ ਤਾਲਿਬਾਨਾਂ ਲਈ ਮੁਸੀਬਤ ਬਣੇ ਪਏ ਹਨ। ਅਫਗਾਨ ਤਾਲਿਬਾਨ ਸ਼ਾਸਕਾਂ ਲਈ ਅੰਦਰੂਨੀ ਅਤੇ ਬਾਹਰੀ ਵਿਰੋਧ ਨੂੰ ਨਜਿੱਠਣਾ ਵੱਡਾ ਕਾਰਜ ਦਿਸ ਰਿਹਾ ਹੈ। ਇਸ ਲਈ ਟੀਟੀਪੀ ਵੱਖਵਾਦੀ ਅਤੇ ਆਜ਼ਾਦ ਗੁੱਟਾਂ ਨਾਲ ਆਪਣੀ ਰਾਸ਼ਟਰੀ ਸੁਰੱਖਿਆ ਖਾਤਰ ਟਕਰਾ ਨਹੀਂ ਚਾਹੁੰਦੇ। ਉਹ ਇਨ੍ਹਾਂ ਰਾਹੀਂ ਗੁਆਂਢੀ ਦੇਸ਼ਾਂ ਅਤੇ ਕਬੀਲਿਆਂ ਤੋਂ ਵਪਾਰਕ ਕਾਰੋਬਾਰੀ ਅਤੇ ਰਣਨੀਤਕ ਮਦਦ ਪ੍ਰਾਪਤ ਕਰਨਾ ਜਾਰੀ ਰੱਖਣਾ ਚਾਹੁੰਦੇ ਹਨ।
ਭਾਰਤ ਨਾਲ ਸੰਬੰਧ:
ਅਜੋਕਾ ਤਾਲਿਬਾਨ ਸ਼ਾਸਨ ਸੰਨ 1996 ਤੋਂ 2001 ਵਾਲੇ ਤਾਲਿਬਾਨ ਸ਼ਾਸਕਾਂ ਵਾਂਗ ਮਜ਼ਬੂਤ ਅਤੇ ਇੱਕਜੁੱਟ ਨਹੀਂ ਹੈ ਪਰ ਪਾਕਿਸਤਾਨ ਤੋਂ ਆਜ਼ਾਦ ਰਹਿਣਾ ਚਾਹੁੰਦਾ ਹੈ। ਭਾਰਤ ਨੂੰ ਵਧੀਆ ਭਾਈਵਾਲ ਹੀ ਨਹੀਂ ਬਲਕਿ ਬਦਲਵੇਂ ਆਰਥਿਕ ਭਾਈਵਾਲ ਵਜੋਂ ਚਾਹੁੰਦਾ ਹੈ, ਜੋ ਇਸਦੀ ਆਜ਼ਾਦ ਹੋਂਦ ਅਤੇ ਮਜ਼ਬੂਤੀ ਪ੍ਰਪੱਕ ਕਰਨ ਵਿੱਚ ਸਹਾਈ ਹੋਵੇ। ਭਾਰਤ ਦੁਆਰਾ ਅਫਗਾਨਿਸਤਾਨ ਵਿੱਚ ਨਿਵੇਸ਼, ਰਣਨੀਤਕ ਅਤੇ ਡਿਪਲੋਮੈਟਿਕ ਨੇੜਤਾ ਪਾਕਿਸਤਾਨ ਨੂੰ ਸੂਲ ਵਾਂਗ ਚੁਭਦੀ ਹੈ ਹਾਲਾਂਕਿ ਐਸੇ ਸੰਬੰਧ ਰਾਸ਼ਟਰਾਂ ਦੀ ਤਰੱਕੀ, ਖੁਸ਼ਹਾਲੀ ਅਤੇ ਸ਼ਾਂਤੀ ਲਈ ਸਹਾਈ ਹੁੰਦੇ ਹਨ।
ਧਮਕੀ ਦੇਣ ਵਾਲੇ ਕੌਣ?
ਪਾਕਿਸਤਾਨ ਅੰਦਰੋਂ ਧਮਕੀ ਉਸੇ ਫੌਜੀ ਸੁਪਰੀਮ ਸ਼ਕਤੀ ਵੱਲੋਂ ਆਈ ਹੈ ਜਿਨ੍ਹਾਂ ਨੇ ਅਜ਼ਾਦੀ ਤੋਂ ਬਾਅਦ ਹੁਣ ਤਕ ਉੱਥੇ ਕੋਈ ਲੋਕਤੰਤਰੀ ਸਰਕਾਰ ਟਿਕਣ ਨਹੀਂ ਦਿੱਤੀ। ਹੁਣ ਤਕ ਬਣੇ 29 ਪ੍ਰਧਾਨ ਮੰਤਰੀਆਂ ਵਿੱਚੋਂ ਇੱਕ ਨੂੰ ਵੀ ਕਦੇ ਪੰਜ ਸਾਲ ਦਾ ਕਾਰਜਕਾਲ ਪੂਰਾ ਨਹੀਂ ਕਰਨ ਦਿੱਤਾ। ਹੁਣ ਵਾਲੇ ਫੌਜੀ ਮੁਖੀ ਆਸਿਮ ਮੁਨੀਰ ਨੇ ਫੀਲਡ ਮਾਰਸ਼ਲ ਦੀ ਉਪਾਧੀ ਜਨਰਲ ਅਯੂਬ ਖਾਨ ਬਾਅਦ ਪ੍ਰਾਪਤ ਹੀ ਨਹੀਂ ਕੀਤੀ ਬਲਕਿ ਪੰਜ ਸਾਲ ਲਈ ਤਿੰਨ ਸੈਨਾਵਾਂ ਦੀ ਕਮਾਨ ਆਪਣੇ ਨਾਂ ਕਰ ਲਈ ਹੈ। ਉਸ ਉੱਤੇ ਕੋਈ ਮੁਕੱਦਮਾ ਵੀ ਨਹੀਂ ਚੱਲ ਸਕੇਗਾ। ਇਸੇ ਦੀ ਕਰਤੂਤ ਕਰਕੇ ਨੈਸ਼ਨਲ ਅਸੈਂਬਲੀ ਚੋਣਾਂ ਵਿੱਚ ਬਹੁਮਤ ਪ੍ਰਾਪਤ ਕਰਨ ਵਾਲਾ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਜੇਲ੍ਹ ਡੱਕਿਆ ਪਿਆ ਹੈ। ਸੋ ਪਾਕਿਸਤਾਨ ਅੰਦਰੂਨੀ ਰਾਜਨੀਤਕ ਟਕਰਾ ਭਰੀਆਂ ਸਮੱਸਿਆਵਾਂ ਵਿੱਚ ਫਸਿਆ ਹੋਇਆ ਹੈ। ਅਫਗਾਨ ਤਾਲਿਬਾਨਾਂ ਨੂੰ ਹੱਕ ਹੈ ਕਿ ਉਹ ਭਾਰਤ ਸਮੇਤ ਹੋਰ ਦੇਸ਼ਾਂ ਨਾਲ ਗੂੜ੍ਹੇ ਸੰਬੰਧ ਕਾਇਮ ਕਰਨ। ਉਹ ਚੀਨ, ਅਮਰੀਕਾ, ਰੂਸ ਅਤੇ ਇਰਾਨ ਨਾਲ ਸਬੰਧ ਵਿਗਾੜਨਾ ਨਹੀਂ ਚਾਹੁੰਦੇ। ਅਫਗਾਨ ਤਾਲਿਬਾਨ ਸ਼ਾਸਨ ਪਾਕਿਸਤਾਨ ਨਾਲ ਸਿੱਧੇ ਟਕਰਾ ਦੀ ਥਾਂ ਇਸ ਨੂੰ ਬਲੋਚਿਸਤਾਨ ਲਿਬਰੇਸ਼ਨ ਆਰਮੀ ਅਤੇ ਟੀਟੀਪੀ ਨਾਲ ਉਲਝਾ ਕੇ ਰੱਖ ਰਿਹਾ ਹੈ। ਜੇ ਪਾਕਿਸਤਾਨ ਉਸ ਉੱਤੇ ਹਮਲਾ ਕਰਨ ਦੀ ਹਿਮਾਕਤ ਕਰੇਗਾ ਤਾਂ ਟੀਟੀਪੀ ਅਤੇ ਮੁਜਾਹਿਦ ਉਸਦੀ ਕਬਰ ਪਾਕਿਸਤਾਨ ਵਿੱਚ ਖੋਦ ਦੇਣਗੇ। ਪਾਕਿਸਤਾਨ ਲਈ ਬਿਹਤਰ ਹੋਵੇਗਾ ਜੇ ਉਹ ਬੀਐੱਲਓ ਅਤੇ ਟੀਟੀਪੀ ਨਾਲ ਆਪਣੇ ਰਿਸ਼ਤੇ ਵਧੀਆ ਬਣਾਉਣ ਦਾ ਯਤਨ ਕਰੇ।
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (This email address is being protected from spambots. You need JavaScript enabled to view it.)











































































































