“ਇਹ ਨੀਤੀ ਕਾਂਗਰਸ ਪਾਰਟੀ ਨੂੰ ਤਾਂ ਮਹਿੰਗੀ ਪਈ ਪਰ ਨਹਿਰੂ-ਗਾਂਧੀ ਪਰਿਵਾਰ ਨੂੰ ...”
(15 ਅਪਰੈਲ 2025)
ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਸੰਗਠਨ ਵਿੱਚ ਜੋ ਅੰਦਰੂਨੀ ਰਾਜਨੀਤਕ ਖਿੱਚੋਤਾਣ ਦਾ ਧੂੰਆਂ ਪਿਛਲੇ ਕੁਝ ਸਮੇਂ ਤੋਂ ਸੁਲਗ ਰਿਹਾ ਸੀ ਉਸਨੇ ਸੁਲਤਾਨਪੁਰ ਲੋਧੀ (ਨਾਨਕ ਨਗਰੀ) ਜ਼ਿਲ੍ਹਾ ਕਪੂਰਥਲਾ ਵਿੱਚ 5 ਅਪਰੈਲ ਨੂੰ ਹੋਈਆਂ ਦੋ ਸਮਾਨੰਤਰ ਰੈਲੀਆਂ ਬਾਅਦ ਭਾਂਬੜ ਬਣ ਕੇ ਤਿੱਖੀ ਅੰਦਰੂਨੀ ਖਾਨਾਜੰਗੀ ਦਾ ਰੂਪ ਧਾਰਨ ਕਰ ਲਿਆ ਹੈ। ਕਾਂਗਰਸ ਅੰਦਰ ਦੋ ਚੁਣੌਤੀਆਂ ਉੱਭਰ ਖੜ੍ਹੀਆਂ ਹੋਈਆਂ ਹਨ ਕਿ ਪਾਰਟੀ ਅੰਦਰ ਅਗਲਾ ਮੁੱਖ ਮੰਤਰੀ ਦਾ ਚਿਹਰਾ ਕੌਣ ਹੋਵੇਗਾ ਅਤੇ ਅਜੋਕੇ ਧੜੇਬਾਜ਼ ਪ੍ਰਧਾਨ ਦਾ ਬਦਲ ਕੌਣ ਹੋਵੇਗਾ?
ਰੈਲੀਆਂ: ਇੱਕ ਰੈਲੀ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਵੱਲੋਂ ‘ਜੁੜੇਗਾ ਬਲਾਕ, ਜਿਤੇਗੀ ਕਾਂਗਰਸ’ ਦੇ ਝੰਡੇ ਹੇਠ ਹਲਕਾ ਇੰਚਾਰਜ ਨਵਤੇਜ ਸਿੰਘ ਚੀਮਾ ਦੀ ਅਗਵਾਈ ਵਿੱਚ ਸੰਨ 2027 ਨੂੰ ਹੋਣ ਵਾਲੀਆਂ ਪੰਜਾਬ ਵਿਧਾਨ ਸਭਾ ਚੋਣਾਂ ਲਈ ਬਿਗਲ ਵਜਾ ਦੇਣ ਵਜੋਂ ਹੋਈ। ਇਸ ਵਿੱਚ ਪੰਜਾਬ ਪ੍ਰਦੇਸ਼ ਕਾਂਗਰਸ ਦਾ ਸੰਗਠਨ ’ਤੇ ਭਾਰੂ ਧੜਾ, ਜਿਸ ਵਿੱਚ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ, ਕਾਂਗਰਸ ਲੈਜਿਸਲੇਟਿਵ ਪਾਰਟੀ (ਸੀ.ਐੱਲ.ਪੀ.) ਦੇ ਆਗੂ ਪ੍ਰਤਾਪ ਸਿੰਘ ਬਾਜਵਾ, ਗੁਰਦਾਸਪੁਰ ਤੋਂ ਸਾਂਸਦ ਅਤੇ ਰਾਜਿਸਥਾਨ ਕਾਂਗਰਸ ਮਾਮਲਿਆਂ ਦੇ ਇੰਚਾਰਜ ਸੁਖਜਿੰਦਰ ਸਿੰਘ ਰੰਧਾਵਾ, ਭੁਲੱਥ ਤੋਂ ਵਿਧਾਇਕ ਸੁਖਪਾਲ ਸਿੰਘ ਖਹਿਰਾ, ਕਪੂਰਥਲਾ ਜ਼ਿਲ੍ਹਾ ਪ੍ਰਧਾਨ ਬਲਵਿੰਦਰ ਸਿੰਘ, ਕੁਲਬੀਰ ਸਿੰਘ ਜ਼ੀਰਾ, ਹਰਦਿਆਲ ਕੰਬੋਜ, ਜਸਬੀਰ ਸਿੰਘ ਡਿੰਪਾ ਸਾਬਕਾ ਸਾਂਸਦ ਸਮੇਤ ਅਨੇਕ ਆਗੂ ਸ਼ਾਮਲ ਸਨ। ਕਹਿਣ ਨੂੰ ਤਾਂ ਇਹ ਬਲਾਕ ਪੱਧਰ ਦੀ ਰੈਲੀ ਸੀ ਪਰ ਕਾਫ਼ੀ ਬਾਹਰਲੇ ਹਲਕਿਆਂ ਦੇ ਕਾਂਗਰਸੀ ਸ਼ਾਮਲ ਹੋਣ ਕਰਕੇ ਇਹ ਰਾਜ ਪੱਧਰੀ ਰੈਲੀ ਹੋ ਨਿੱਬੜੀ।
ਦੂਸਰੀ ਰੈਲੀ ਕਾਂਗਰਸ ਪਾਰਟੀ ਦੇ ਉੱਘੇ ਕਾਰਪੋਰੇਟਰ ਅਤੇ ਧਾਕੜ ਆਗੂ ਰਾਣਾ ਗੁਰਜੀਤ ਸਿੰਘ ਦੇ ਧਾਕੜ ਨੌਜਵਾਨ ਆਗੂ ਪੁੱਤਰ ਅਤੇ ਹਲਕੇ ਤੋਂ ਅਜ਼ਾਦ ਵਿਧਾਇਕ ਰਾਣਾ ਇੰਦਰ ਪ੍ਰਤਾਪ ਸਿੰਘ ਵੱਲੋਂ ਪਿਤਾ ਅਤੇ ਉਸਦੇ ਸਹਿਯੋਗੀ ਕਾਂਗਰਸੀਆਂ ਦੇ ਅਸ਼ੀਰਵਾਦ ਨਾਲ ਆਯੋਜਿਤ ਕੀਤੀ ਗਈ ਜਿਸ ਵਿੱਚ ਪਾਰਟੀ ਅਨੁਸ਼ਾਸਨ ਮੱਦੇ ਨਜ਼ਰ ਰਾਣਾ ਗੁਰਜੀਤ ਸਿੰਘ ਖ਼ੁਦ ਸ਼ਾਮਲ ਨਹੀਂ ਹੋਏ ਸਨ। ਇਹ ਰੈਲੀ ‘ਨਵੀਂ ਸੋਚ, ਨਵਾਂ ਪੰਜਾਬ’ ਬੈਨਰ ਹੇਠ ਹੋਈ। ਭਾਵ ਪੰਜਾਬ ਨੂੰ ਫਸਲੀ ਵਿਭਿੰਨਤਾ ਦੇ ਮਾਰਗ ’ਤੇ ਚਲਾਉਣਾ, ਰਵਾਇਤੀ ਖੇਤੀ ਦੀ ਜਿੱਲ੍ਹਣ ਵਿੱਚੋਂ ਬਾਹਰ ਕੱਢਣਾ।
ਰੈਲੀਆਂ ਕਿਉਂ? ਰਾਣਾ ਗੁਰਜੀਤ ਸਿੰਘ ਨੇ ਪੰਜਾਬ ਅੰਦਰ ਕਿਸਾਨੀ ਨੂੰ ਫਸਲੀ ਵਿਭਿੰਨਤਾ ਅਤੇ ਝੋਨਾ ਬੀਜਣ ਕਰਕੇ ਲਗਾਤਾਰ ਪਾਣੀ ਦਾ ਜ਼ਮੀਨ ਹੇਠਲਾ ਪੱਧਰ ਡਿਗਣ ਕਾਰਨ ਪੈਦਾ ਹੋ ਰਹੀ ਪਾਣੀ ਦੀ ਘਾਟ ਤੋਂ ਬਚਾ ਲਈ ਮੱਕੀ ਬੀਜਣ ਦਾ ਹੋਕਾ ਦਿੱਤਾ ਹੈ। ਉਸਨੇ ਆਪਣੇ ਦਮ ’ਤੇ ਦੋ ਸਾਲ ਐੱਮ.ਐੱਸ.ਪੀ. ਅਨੁਸਾਰ ਫਸਲ ਖਰੀਦਣ ਦਾ ਵਾਅਦਾ ਕੀਤਾ ਹੈ। ਉਸ ਨੂੰ ਕਿੜ ਸੀ ਕਿ ਸੰਨ 2024 ਦੀਆਂ ਲੋਕ ਸਭਾ ਚੋਣਾਂ ਵੇਲੇ ਸ੍ਰੀ ਅਨੰਦਪੁਰ ਸਾਹਿਬ ਤੋਂ ਉਸ ਦੀ ਮਜ਼ਬੂਤ ਦਾਅਵੇਦਾਰੀ ’ਤੇ ਕਾਟਾ ਫੇਰਨ ਵਿੱਚ ਪ੍ਰਦੇਸ਼ ਕਾਂਗਰਸ ਕਮੇਟੀ ਪ੍ਰਧਾਨ ਰਾਜਾ ਵੜਿੰਗ ਅਤੇ ਸੀ.ਐੱਲ.ਪੀ. ਆਗੂ ਨੇ ਮਿਲ ਕੇ ਹਾਈਕਮਾਨ ਨੂੰ ਗੁਮਰਾਹ ਕੀਤਾ। ਇਸ ਕਰਕੇ ਮੱਕੀ ਦੀ ਬਿਜਾਈ ਲਈ ਕਿਸਾਨੀ ਨੂੰ ਪ੍ਰੇਰਨ ਬਹਾਨੇ ਉਸਨੇ ਰਾਜਾ ਵੜਿੰਗ ਦੇ ਹਲਕੇ ਵਿੱਚ ਗਿੱਦੜਬਾਹਾ ਵਿੱਚ ਰੈਲੀ ਕੀਤੀ। ਟਕੋਰਾਂ ਵੀ ਕੀਤੀਆਂ। ਇਸਦੇ ਬਦਲੇ ਵਜੋਂ ਕਾਂਗਰਸ ਪ੍ਰਧਾਨੇ ਨੇ ਸੁਲਤਾਨਪੁਰ ਲੋਧੀ ਰੈਲੀ ਦਾ ਰੋਡ ਮੈਪ ਸੰਨ 2027 ਦੀਆਂ ਵਿਧਾਨ ਸਭਾ ਚੋਣਾਂ ਦੇ ਆਗਾਜ਼ ਦਾ ਬਿਗਲ ਵਜਾਉਣ ਬਹਾਨੇ ਕੀਤਾ।
ਇਸ ਰੈਲੀ ਨੂੰ ਤਾਰਪੀਡੋ ਕਰਨ ਅਤੇ ਰਾਣਾ ਪਰਿਵਾਰ ਦਾ ਇਸ ਹਲਕੇ ਵਿੱਚ ਜਾਹੋ-ਜਲਾਲ ਦਾ ਰਾਜਨੀਤਕ ਜਲਵਾ ਵਿਖਾਉਣ ਲਈ ਉਸਦੇ ਪੁੱਤਰ ਅਤੇ ਹਲਕਾ ਵਿਧਾਇਕ ਨੇ ਉਸੇ ਦਿਨ ਰੈਲੀ ਦਾ ਆਯੋਜਨ ਕੀਤਾ।
ਪਾਰਟੀ ਰੈਲੀ ਰੋਕਣ ਲਈ ਯਤਨ: ਇਸੇ ਦੌਰਾਨ ਪੰਜਾਬ ਅੰਦਰ ਲੁਧਿਆਣਾ ਪੱਛਮੀ ਦੀ ਸੀਟ ਉੱਥੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਗੁਰਪ੍ਰੀਤ ਗੋਗੀ ਦੀ ਸ਼ੱਕੀ ਹਾਲਾਤ ਵਿੱਚ ਮੌਤ ਕਰਕੇ ਖਾਲੀ ਹੋ ਗਈ। ਭਾਵੇਂ ਇਸ ਲਈ ਚੋਣ ਕਮਿਸ਼ਨ ਨੇ ਅਜੇ ਚੋਣ ਦਾ ਐਲਾਨ ਨਹੀਂ ਕੀਤਾ ਪਰ ਸੱਤਾਧਰੀ ਆਮ ਆਦਮੀ ਪਾਰਟੀ ਨੇ ਦਿੱਲੀ ਵਿੱਚ ਹਾਰ ਨਾਲ ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ ਵੀ ਉੱਥੋਂ ਹੋਰ ਉੱਘੇ ਆਗੂਆਂ ਸਮੇਤ ਹਾਰਨ ਕਰਕੇ ਉਨ੍ਹਾਂ ਨੂੰ ਪੰਜਾਬ ਤੋਂ ਰਾਜ ਸਭਾ ਸਦਨ ਵਿੱਚ ਭੇਜਣ ਦੇ ਮਨਸੂਬੇ ਹੇਠ ਪਾਰਟੀ ਦੇ ਸਿਟਿੰਗ ਰਾਜ ਸਭਾ ਮੈਂਬਰ ਉਦਯੋਗਪਤੀ ਸੰਜੀਵ ਅਰੋੜਾ ਨੂੰ ਇੱਥੋਂ ਉਮੀਦਵਾਰ ਐਲਾਨ ਚੁੱਕੀ ਹੈ।
ਰਾਜ ਵਿੱਚ ਮੁੱਖ ਵਿਰੋਧੀ ਧਿਰ ਕਾਂਗਰਸ ਪਾਰਟੀ ਨੇ ਵਿਜੀਲੈਂਸ ਅਤੇ ਈ.ਡੀ. ਜਾਂਚ ਵਿੱਚੋਂ ਜੇਲ੍ਹ ਯਾਤਰਾ ’ਤੇ ਲੰਬੀ ਜਦੋਂ-ਜਹਿਦ ਬਾਅਦ ਸੁਰਖਰੂ ਹੋ ਕੇ ਨਿਕਲਣ ਵਾਲੇ ਇਸ ਹਲਕੇ ਦੇ ਸਾਬਕਾ ਵਿਧਾਇਕ ਅਤੇ ਪੰਜਾਬ ਕਾਂਗਰਸ ਕਮੇਟੀ ਦੇ ਕਾਰਜਕਾਰੀ ਪ੍ਰਧਾਨ ਭਾਰਤ ਭੂਸ਼ਣ ਆਸ਼ੂ ਨੂੰ ਕਾਂਗਰਸ ਹਾਈਕਮਾਨ ਨੇ ਉਮੀਦਵਾਰ ਐਲਾਨਿਆ ਹੈ।
ਦਿੱਲੀ ਵਿਖੇ ਕਾਂਗਰਸ ਹਾਈਕਮਾਨ ਅਤੇ ਪੰਜਾਬ ਰਾਜ ਕਾਂਗਰਸ ਮਾਮਲਿਆਂ ਦੇ ਇੰਚਾਰਜ ਸਾਬਕਾ ਛਤੀਸ਼ਗੜ੍ਹ ਮੁੱਖ ਮੰਤਰੀ ਭੁਪੇਸ਼ ਬਘੇਲ ਦਾ ਧੰਨਵਾਦ ਕਰਨ ਲਈ ਰਾਜ ਕਾਂਗਰਸ ਦਾ ਇੱਕ ਧੜਾ ਉਮੀਦਵਾਰ ਭਾਰਤ ਭੂਸ਼ਨ ਆਸ਼ੂ ਨਾਲ ਦਿੱਲੀ ਗਿਆ ਜਿਸ ਵਿੱਚ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ, ਸਾਬਕਾ ਮੰਤਰੀ ਪਰਗਟ ਸਿੰਘ, ਤ੍ਰਿਪਤ ਰਾਜਿੰਦਰ ਸਿੰਘ ਬਾਜਵਾ, ਰਾਣਾ ਗੁਰਜੀਤ ਸਿੰਘ ਆਦਿ ਸ਼ਾਮਲ ਸਨ। ਇੱਥੇ ਰਾਣਾ ਗੁਰਜੀਤ ਸਿੰਘ ਵੱਲੋਂ ਹਾਈਕਮਾਨ ਅੱਗੇ ਸਿੱਧੇ ਉਸਦੇ ਪੁੱਤਰ ਰਾਣਾ ਇੰਦਰਪ੍ਰਤਾਪ ਸਿੰਘ ਨੂੰ ਕਾਂਗਰਸ ਵਿੱਚ ਸ਼ਾਮਲ ਕਰਨ ਦੀ ਗੱਲ ਵੀ ਚੱਲੀ, ਜਿਸਨੇ ਕਾਂਗਰਸ ਪਾਰਟੀ ਦੇ ਅਧਿਕਾਰਤ ਉਮੀਦਵਾਰ ਅਤੇ ਤੱਤਕਾਲੀ ਵਿਧਾਇਕ ਨਵਤੇਜ ਸਿੰਘ ਚੀਮਾ ਨੂੰ ਹਰਾਇਆ ਸੀ। ਭਾਰਤ ਭੂਸ਼ਣ ਆਸ਼ੂ ਨੇ ਉਸਦੇ ਹਲਕੇ ਦਾ ਚੋਣ ਇੰਚਾਰਜ ਰਾਣਾ ਗੁਰਜੀਤ ਸਿੰਘ ਜਾਂ ਪਰਗਟ ਸਿੰਘ ਵਿੱਚੋਂ ਇੱਕ ਨੂੰ ਲਗਾਉਣ ਦੀ ਗੱਲ ਵੀ ਕਹੀ। ਉਸਨੇ ਇਹ ਵੀ ਰੋਸ ਜ਼ਾਹਿਰ ਕੀਤਾ ਕਿ ਉਸਦੇ ਜੇਲ੍ਹ ਵਿੱਚੋਂ ਬਾਹਰ ਆਉਣ ਬਾਅਦ ਪ੍ਰਧਾਨ ਨੇ ਇੱਕ ਵਾਰ ਵੀ ਚਾਹ ’ਤੇ ਨਹੀਂ ਬੁਲਾਇਆ।
ਰੈਲੀਆਂ ਦੇ ਐਨ ਪਹਿਲਾਂ ਇਸ ਧੜੇ ਨੇ ਕਾਂਗਰਸ ਪਾਰਟੀ ਹਾਈਕਮਾਨ ਨੂੰ ਕਾਂਗਰਸ ਪਾਰਟੀ ਦੀ ਅਧਿਕਾਰਤ ਰੈਲੀ ਰੋਕਣ ਲਈ ਦਬਾਅ ਬਣਾਇਆ। ਲੁਧਿਆਣਾ ਪੱਛਮੀ ਚੋਣ ਨੂੰ ਵਿਸ਼ੇਸ਼ ਤੌਰ ’ਤੇ ਮੁੱਦਾ ਬਣਾਇਆ। ਇਸਦੀ ਅਗਵਾਈ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕੀਤੀ। ਉਨ੍ਹਾਂ ਇੰਚਾਰਜ ਭੁਪੇਸ਼ ਬਘੇਲ ਅਤੇ ਵੇਣੂ ਗੋਪਾਲ ਨੂੰ ਟੈਲੀਫੋਨ ’ਤੇ ਰਾਜ਼ੀ ਵੀ ਕਰ ਲਿਆ। ਲੇਕਿਨ ਦੂਸਰਾ ਧੜਾ ਆਪਣੇ ਵਕਾਰ ਦਾ ਸਵਾਲ ਖੜ੍ਹਾ ਕਰਦਾ ਅੜ ਗਿਆ। ਇਵੇਂ ਕਾਂਗਰਸ ਦੇ ਦੋ ਧੜਿਆਂ ਦਰਮਿਆਨ ਲੁਧਿਆਣਾ ਪੱਛਮੀ ਸੀਟ ਦੀ ਚੋਣ ਤੋਂ ਐਨ ਪਹਿਲਾਂ ਤਲਵਾਰਾਂ ਸੂਤੀਆਂ ਗਈਆਂ। ਭਾਰਤ ਭੂਸ਼ਨ ਆਸ਼ੂ ਨੇ ਹਾਈਕਮਾਨ ਨੂੰ ਇਹ ਵੀ ਸੰਕੇਤ ਦੇ ਦਿੱਤਾ ਕਿ ਉਪ ਚੋਣ ਉਹ ਆਪਣੇ ਦਮ-ਖ਼ਮ ਬਲਬੂਤੇ ਲੜੇਗਾ, ਪ੍ਰਦੇਸ਼ ਕਾਂਗਰਸ ਪ੍ਰਧਾਨ ਦੀ ਹਿਮਾਇਤ ਦੀ ਲੋੜ ਨਹੀਂ। ਪ੍ਰਦੇਸ਼ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਲੁਧਿਆਣਾ ਤੋਂ ਲੋਕ ਸਭਾ ਮੈਂਬਰ ਹਨ। ਗਜ਼ਬ ਦੀ ਖਾਨਾਜੰਗੀ ਉਦੋਂ ਉਜਾਗਰ ਹੋਈ ਜਦੋਂ ਇਤਲਾਹ ਕਰਕੇ ਪ੍ਰਧਾਨ ਭਾਰਤ ਭੂਸ਼ਣ ਆਸ਼ੂ ਨੂੰ ਲੁਧਿਆਣਾ ਮਿਲਣ ਗਏ ਤਾਂ ਉਹ ਪਤਨੀ ਸਮੇਤ ਘਰੋਂ ਗਾਇਬ ਹੋ ਗਏ। ਸ਼ਰਮਿੰਦਾ ਪ੍ਰਧਾਨ ਉੱਥੋਂ ਉਡੀਕ ਕੇ ਇਹ ਕਹਿੰਦੇ ਚਲੇ ਗਏ ਕਿ ਸ਼ਾਇਦ ਉਨ੍ਹਾਂ ਨੂੰ ਜ਼ਰੂਰੀ ਕੰਮ ਹੋਵੇਗਾ, ਜਦੋਂ ਲੋੜ ਹੋਈ ਸੱਦ ਲਵਾਂਗੇ। ਇਸ ਤੋਂ ਵੱਡਾ ਰਾਜਨੀਤਕ ਮੂਰਖ਼ਤਾ ਅਤੇ ਹਾਰਾਕੀਰੀ ਦਾ ਹੋਰ ਕੀ ਪ੍ਰਮਾਣ ਹੋ ਸਕਦਾ ਹੈ?
ਖਾਨਾਜੰਗੀ ਨਵੀਂ ਨਹੀਂ: ਵੈਸੇ ਤਾਂ ਕਾਂਗਰਸ ਪਾਰਟੀ ਜਿਸ ਮੁਕਾਮ ’ਤੇ ਅੱਜ ਦੇਸ਼ ਅੰਦਰ ਪੁੱਜੀ ਹੋਈ ਹੈ ,ਇਹ ਇਸਦੀ ਆਪਣੀ ਅੰਦਰੂਨੀ ਰਾਜਨੀਤਕ ਤੌਰ ’ਤੇ ਮੂਰਖਾਨਾ ਧੜੇਬੰਦੀ ਦਾ ਨਤੀਜਾ ਹੀ ਤਾਂ ਹੈ। ਪੰਜਾਬ ਕਾਂਗਰਸ ਕਮੇਟੀ ਤਾਂ ਦੇਸ਼ ਦੇ ਅਜ਼ਾਦੀ ਵੇਲੇ ਤੋਂ ਹੀ ਤਿੱਖੀ ਖਾਨਾਜੰਗੀ ਦਾ ਸ਼ਿਕਾਰ ਹੈ। ਸੋ ਰਾਜਨੀਤਕ ਖਾਨਾਜੰਗੀ ਇਨ੍ਹਾਂ ਨੂੰ ਗੁੜ੍ਹਤੀ ਵਿੱਚ ਮਿਲੀ ਹੋਈ ਹੈ।
ਦੇਸ਼ ਦੀ ਅਜ਼ਾਦੀ ਬਾਅਦ ਪਹਿਲੇ ਦੋ ਮੁੱਖ ਮੰਤਰੀਆਂ ਭੀਮ ਸੈਨ ਸੱਚਰ ਅਤੇ ਗੋਪੀਚੰਦ ਭਾਰਗਵ ਨੇ ਇਸਦੀ ਨੀਂਹ ਰੱਖੀ। ਪ੍ਰਤਾਪ ਸਿੰਘ ਕੈਰੋਂ ਦਾ ਵਿਰੋਧ ਸਪੀਕਰ ਅਤੇ ਸਿੱਖਿਆ ਮੰਤਰੀ ਪ੍ਰਬੋਧ ਚੰਦਰ ਹੋਮ ਮਨਿਸਟਰ ਮੋਹਨ ਲਾਲ ਆਦਿ ਕਰਦੇ ਰਹੇ। ਪਹਿਲੀ ਨਵੰਬਰ, 1966 ਨੂੰ ਅਜੋਕਾ ਪੰਜਾਬ ਹੋਂਦ ਵਿੱਚ ਆਉਣ ਬਾਅਦ ਰਾਜ ਵਿੱਚ ਖਾਨਾਜੰਗੀ, ਰਾਜਕੀ ਅਤੇ ਗੈਰ-ਰਾਜਕੀ ਅੱਤਵਾਦ, ਨੀਲਾ ਤਾਰਾ ਅਪਰੇਸ਼ਨ, ਝੂਠੇ ਪੁਲਿਸ ਮੁਕਾਬਲਿਆਂ ਵਿੱਚ ਸਿੱਖ ਨੌਜਵਾਨਾਂ ਦੇ ਨਸਲਘਾਤ ਲਈ ਮੁੱਖ ਮੰਤਰੀ ਗਿਆਨੀ ਜ਼ੈਲ ਸਿੰਘ ਅਤੇ ਦਰਬਾਰਾ ਸਿੰਘ ਦੀ ਇੱਟ-ਕੁੱਤੇ ਦੇ ਵੈਰ ਵਾਲੀ ਧੜੇਬੰਦੀ ਮੁੱਖ ਤੌਰ ’ਤੇ ਜ਼ਿੰਮੇਵਾਰ ਹੈ, ਹੋਰ ਕਾਰਨਾਂ ਤੋਂ ਇਲਾਵਾ।
ਪੰਡਤ ਜਵਾਹਰ ਲਾਲ ਨਹਿਰੂ ਦੀ ਪ੍ਰਧਾਨ ਮੰਤਰੀ ਸ਼ਿੱਪ ਵੇਲੇ ਹੀ ਰਾਜਾਂ ਵਿੱਚ ਤਾਕਤਵਰ ਕਾਂਗਰਸ ਸਤਰਾਪ (ਸੂਬੇਦਾਰ) ਪੈਦਾ ਹੋ ਗਏ ਸਨ। ਇਨ੍ਹਾਂ ਦੀ ਭਵਿੱਖ ਵਿੱਚ ਸਿਰਖੋਬੀ ਲਈ ਹਾਈਮਾਨ ਨੇ ਇਹ ਫਾਰਮੂਲਾ ਈਜ਼ਾਦ ਕੀਤਾ ਕਿ ਹਰ ਰਾਜ ਵਿੱਚ ਦੋ ਤਿੰਨ ਧੜੇ ਅਤੇ ਪ੍ਰਮੁੱਖ ਆਗੂ ਪੈਦਾ ਕੀਤੇ ਜਾਣ ਜੋ ਉਨ੍ਹਾਂ ਲਈ ਬਦਲਵਾਂ ਚੈਲਿੰਜ ਖੜ੍ਹਾ ਰੱਖਣ। ਇਹ ਨੀਤੀ ਕਾਂਗਰਸ ਪਾਰਟੀ ਨੂੰ ਤਾਂ ਮਹਿੰਗੀ ਪਈ ਪਰ ਨਹਿਰੂ-ਗਾਂਧੀ ਪਰਿਵਾਰ ਨੂੰ ਰਾਸ਼ਟਰੀ ਸਰਦਾਰੀ ਕਾਇਮ ਰੱਖਣ ਲਈ ਸਹਾਈ ਰਹੀ। ਪੰਜਾਬ ਵਿੱਚੋਂ ਨਹਿਰੂ ਗਾਂਧੀ ਪਰਿਵਾਰ ਨੂੰ ਚੁਣੌਤੀ ਦੇਣ ਵਾਲੇ ਕੈਪਟਨ ਅਮਰਿੰਦਰ ਸਿੰਘ ਵਰਗੇ ਜ਼ੋਰਾਵਰ ਸੂਬੇਦਾਰ ਜਿਵੇਂ ਮੱਖਣ ਵਿੱਚੋਂ ਵਾਲ ਵਾਂਗ ਸੰਨ 2021 ਵਿੱਚ ਬਾਹਰ ਕੱਢੇ ਗਏ, ਇਸ ਤੋਂ ਸਭ ਵਾਕਿਫ ਹਨ। ਨਵਜੋਤ ਸਿੰਘ ਸਿੱਧੂ ਨੂੰ ਜਿਵੇਂ ਬੇਆਬਰੂ ਕਰਕੇ ਲਾਂਭੇ ਕੀਤਾ, ਉਹ ਅੱਜ ਤਕ ਮੂੰਹ ਮੁਹਾਂਦਰਾ ਸੰਭਾਲਣ ਜੋਗਾ ਨਹੀਂ ਰਿਹਾ।
ਰਾਜਨੀਤਕ ਮੂਰਖ਼ਤਾ: ਕਾਂਗਰਸ ਪਾਰਟੀ ਨੇ ਸੰਨ 2022 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਹਾਰ ਤੋਂ ਬਾਅਦ ਜਨ ਸੰਪਰਕ ਅਤੇ ਰਾਜਨੀਤਕ ਤਾਲਮੇਲ ਕਾਇਮ ਰੱਖਿਆ, ਉਸ ਕਰਕੇ ਰਾਜ ਵਿੱਚ ਆਮ ਆਦਮੀ ਪਾਰਟੀ ਦੀ ਭਗਵੰਤ ਮਾਨ ਸਰਕਾਰ ਦੀ ਨਿਕੰਮੀ ਕਾਰਗੁਜ਼ਾਰੀ, ਸਰਕਾਰ ਦੀ ਵਾਗਡੋਰ ਅਰਵਿੰਦ ਕੇਜਰੀਵਾਲ ਅਤੇ ਉਸਦੇ ਖਾਸ ਵਿਅਕਤੀਆਂ ਹੱਥ ਸੌਂਪਣ ਕਰਕੇ ਪੈਦਾ ਹੋਈ ਜਨਤਕ ਨਰਾਜ਼ਗੀ ਅਤੇ ਅਕਾਲੀਆਂ ਅੰਦਰ ਪਾਟੋਧਾੜ ਕਰਕੇ ਲੋਕ ਸਭਾ ਚੋਣਾਂ ਵਿੱਚ 7 ਸੀਟਾਂ ਹਾਸਲ ਕੀਤੀਆਂ। ਕਾਰਪੋਰੇਸ਼ਨ ਚੋਣਾਂ ਵਿੱਚ ਵਧੀਆ ਕਾਰਗੁਜ਼ਾਰੀ ਦਾ ਮੁਜ਼ਾਹਰਾ ਕੀਤਾ। ਇਸ ਤੋਂ ਪ੍ਰਦੇਸ਼ ਕਾਂਗਰਸ ਕਮੇਟੀ ਦੇ ਆਗੂ ਇਹ ਸਮਝਣ ਲੱਗ ਪਏ ਕਿ ਸੰਨ 2027 ਵਿੱਚ ਉਨ੍ਹਾਂ ਦੀ ਪਾਰਟੀ ਦੀ ਜਿੱਤ ਪੱਕੀ ਹੈ। ਵਿਜੀਲੈਂਸ ਦੀ ਕਾਰਵਾਈ ਡਰੋਂ ਭਾਜਪਾ ਵਿੱਚ ਸ਼ਾਮਲ ਹੋਏ ਸ਼ਾਮ ਸੁੰਦਰ ਅਰੋੜਾ, ਗੁਰਪ੍ਰੀਤ ਸਿੰਘ ਕਾਂਗੜ, ਬਲਬੀਰ ਸਿੰਘ ਸਿੱਧੂ ਵਰਗੇ ਕਈ ਆਗੂ ਮੁੜ ਕਾਂਗਰਸ ਵਿੱਚ ਪਰਤਣ ਨਾਲ ਪਾਰਟੀ ਵਿੱਚ ਹੋਰ ਵਿਸ਼ਵਾਸ ਪੈਦਾ ਹੋਇਆ। ਲੇਕਿਨ ਰਾਜਨੀਤਕ ਮੂਰਖਤਾ ਕਰਕੇ ਤਿੱਖੀ ਧੜੇਬੰਦੀ ਦਾ ਸ਼ਿਕਾਰ ਬਣਦੇ ਜਾ ਰਹੇ ਹਨ।
ਸੁਲਤਾਨਪੁਰ ਲੋਧੀ ਰੈਲੀ ਵਿੱਚ ਇੱਕ ਪਰਿਵਾਰ ਨੂੰ ਇੱਕ ਸੀਟ ਦਾ ਅਲਾਪ ਇਸ ਕਰਕੇ ਕੀਤਾ ਕਿ ਪਾਰਟੀ ਵੱਲੋਂ ਰਾਣਾ ਗੁਰਜੀਤ ਸਿੰਘ ਪਰਿਵਾਰ ਨੂੰ ਇੱਕ ਟਿਕਟ ਹੀ ਮਿਲੇਗੀ ਜੇਕਰ ਉਸਦਾ ਪੁੱਤਰ ਪਾਰਟੀ ਵਿੱਚ ਸ਼ਾਮਲ ਵੀ ਹੋ ਜਾਂਦਾ ਹੈ। ਉੱਥੇ ਬੈਠੇ ਪ੍ਰਤਾਪ ਸਿੰਘ ਬਾਜਵਾ ਅਤੇ ਸੁਖਜਿੰਦਰ ਸਿੰਘ ਰੰਧਾਵਾ ਲੋਕ ਸਭਾ ਮੈਂਬਰ ਬਣੇ ਤਾਂ ਦੋਹਾਂ ਦੀਆਂ ਪਤਨੀਆਂ ਨੇ ਵਿਧਾਨ ਸਭਾ ਲਈ ਚੋਣਾਂ ਲੜੀਆਂ। ਹਾਥੀ ਕੇ ਦਾਂਤ ਖਾਨੇ ਕੋ ਔਰ ਅਤੇ ਦਿਖਾਨੇ ਕੋ ਔਰ। ਐਸੀਆਂ ਹੋਰ ਅਨੇਕ ਮਿਸਾਲਾਂ ਹਨ ਜੇ ਗਾਂਧੀ ਪਰਿਵਾਰ ਛੱਡ ਵੀ ਦਿੱਤਾ ਜਾਏ।
ਸਬਕ ਨਹੀਂ ਸਿੱਖਿਆ: ਪੰਜਾਬ ਦੇ ਗੁਆਂਢੀ ਸੂਬੇ ਹਰਿਆਣਾ ਵਿੱਚ 5 ਅਕਤੂਬਰ, 2024 ਨੂੰ ਵਿਧਾਨ ਸਭਾ ਚੋਣਾਂ ਹੋਈਆਂ ਸਨ। ਸਾਰੇ ਰੌਲਾ ਸੀ ਕਿ ਭੁਪੇਂਦਰ ਸਿੰਘ ਹੁੱਡਾ ਖੇਮੇ ਦੀ ਅਗਵਾਈ ਵਿੱਚ ਰਾਜ ਵਿੱਚ ਕਾਂਗਰਸ ਵੱਡੀ ਜਿੱਤ ਰਾਹੀਂ ਸਰਕਾਰ ਬਣਾਉਣ ਜਾ ਰਹੀ ਹੈ। ਇਸੇ ਦੌਰਾਨ ਰਾਜਨੀਤਕ ਮੂਰਖ਼ਤਾ ਕਰਕੇ ਕੁਮਾਰੀ ਸ਼ੈਲਜਾ ਦਾ ਧੜਾ ਪਲਾਸੀ ਦੀ ਸੰਨ 1757 ਦੀ ਜੰਗ ਵਿੱਚ ਮੀਰ ਜਾਫ਼ਰ ਵਾਂਗ ਵੱਖਰਾ ਖੜ੍ਹਾ ਰਿਹਾ। ਜਦੋਂ ਨਤੀਜੇ ਸਾਹਮਣੇ ਆਏ ਤਾਂ ਕਾਂਗਰਸ ਰਾਜਨੀਤਕ ਮੂਰਖਤਾ ਕਰਕੇ ਮੂੰਹ ਭਰਨੇ ਨਜ਼ਰ ਆਈ। ਭਾਜਪਾ ਨੇ ਲਗਾਤਾਰ ਤੀਸਰੀ ਵਾਰ ਰਾਜ ਵਿੱਚ ਨਾਇਬ ਸਿੰਘ ਸੈਣੀ ਦੀ ਅਗਵਾਈ ਵਿੱਚ ਸਰਕਾਰ ਗਠਤ ਕਰ ਲਈ।
ਪੰਜਾਬ ਵਿੱਚ ਜਦੋਂ ਸੰਨ 1995 ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਮਨਪ੍ਰੀਤ ਸਿੰਘ ਬਾਦਲ ਨੇ ਗਿੱਦੜਬਾਹਾ ਵਿੱਚ ਕਾਂਗਰਸ ਦੇ ਜਾਬਰ ਮੁੱਖ ਮੰਤਰੀ ਬੇਅੰਤ ਸਿੰਘ ਦੇ ਉਮੀਦਵਾਰ ਨੂੰ ਉਪ ਚੋਣ ਵਿੱਚ ਹਰਾ ਦਿੱਤਾ ਸੀ ਤਾਂ ਉਸ ਦਿਨ ਬਾਅਦ ਪ੍ਰਕਾਸ਼ ਸਿੰਘ ਬਾਦਲ ਦੀ ਤੂਤੀ ਪੰਜਾਬ ਅਤੇ ਪੰਜਾਬ ਪ੍ਰਸ਼ਾਸਨ ਵਿੱਚ ਬੋਲਣ ਲੱਗ ਪਈ ਸੀ।
ਅਜਿਹੇ ਹਾਲਾਤ ਹੀ ਕਾਂਗਰਸ ਪਾਰਟੀ ਲਈ ਪੈਦਾ ਹੋ ਸਕਦੇ ਹਨ ਜੇਕਰ ਉਹ ਇੱਕ ਜੁੱਟ ਹੋ ਕੇ ਲੁਧਿਆਣਾ ਪੱਛਮੀ ਉਪ ਚੋਣ ਵਿੱਚ ਸਿਰ-ਧੜ ਦੀ ਬਾਜ਼ੀ ਲਾ ਕੇ ਇਹ ਚੋਣ ਜਿੱਤਣ ਲਈ ਕੁੱਦ ਰਹੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਦੇ ਉਮੀਦਵਾਰ ਸੰਜੀਵ ਅਰੋੜਾ ਨੂੰ ਹੋਰ ਪਾਰਟੀਆਂ ਦੇ ਉਮੀਦਵਾਰਾਂ ਸਮੇਤ ਹਰਾ ਦੇਣ। ਕਾਸ਼! ਕਿ ਕਾਂਗਰਸ ਕੋਲ ਸੰਨ 2002 ਅਤੇ ਸੰਨ 2017 ਵਿੱਚ ਚੋਣ ਅਗਵਾਈ ਕਰਨ ਵਾਲਾ ਕੈਪਟਨ ਅਮਰਿੰਦਰ ਸਿੰਘ ਵਰਗਾ ਆਗੂ ਹੁੰਦਾ।
ਪੰਜਾਬ ਕਾਂਗਰਸ ਆਗੂਆਂ ਨੂੰ ਰਾਜਨੀਤਕ ਮੂਰਖ਼ਤਾ ਤੋਂ ਸਬਕ ਸਿੱਖਣਾ ਚਾਹੀਦਾ ਹੈ। ਇਨ੍ਹਾਂ ਵਿੱਚ ਏਕਤਾ ਭੁਪੇਸ਼ ਬਘੇਲ ਦੇ ਵੱਸ ਦੀ ਗੱਲ ਨਹੀਂ। ਇਹ ਏਕਤਾਵਾਦੀ ਮਾਨਸਿਕਤਾ ਵਾਲਾ ਆਗੂ ਨਹੀਂ। ਦਸੰਬਰ, 2018 ਵਿੱਚ ਜਦੋਂ ਕਾਂਗਰਸ ਛਤੀਸ਼ਗੜ੍ਹ ਵਿੱਚ ਸੱਤਾ ਵਿੱਚ ਆਈ ਸੀ ਤਾਂ ਮੁੱਖ ਮੰਤਰੀ ਪਦ ਦੇ ਤਿੰਨ ਦਾਅਵੇਦਾਰ ਸਨ, ਬਘੇਲ, ਟੀ.ਐੱਨ ਸਿੰਘ ਦੇਓ ਅਤੇ ਤਾਮਰਾਧਵਜਸਾਹੂ। ਹਾਈਕਮਾਨ ਨੇ ਸੀ.ਐੱਮ ਸ਼ਿੱਪ ਬਘੇਲ ਅਤੇ ਦੇਓ ਵਿੱਚ ਢਾਈ, ਢਾਈ ਸਾਲ ਵੰਡੀ। ਸਾਹੂ ਨੂੰ ਗ੍ਰਹਿ ਮੰਤਰਾਲਾ ਦਿੱਤਾ। ਪਰ ਇਸ ਬਘੇਲ ਨੇ 17 ਦਸੰਬਰ, 2018 ਨੂੰ ਪਹਿਲਾਂ ਮੁੱਖ ਮੰਤਰੀ ਵਜੋਂ ਸਹੁੰ ਚੁੱਕ ਫਿਰ ਕੁਰਸੀ ਨਹੀਂ ਸੀ ਛੱਡੀ। ਸੋ ਪੰਜਾਬ ਦੇ ਕਾਂਗਰਸ ਆਗੂ ਪੰਜਾਬ ਦੇ ਭਲੇ ਲਈ ਜਦੋਂ ਆਮ ਆਦਮੀ ਪਾਰਟੀ ਤੋਂ ਲੋਕਾਂ ਦਾ ਮੋਹ ਭੰਗ ਹੋ ਰਿਹਾ ਹੈ, ਅਕਾਲੀ ਬੁਰੀ ਤਰ੍ਹਾਂ ਵੰਡੇ ਹੋਏ ਹਨ, ਭਾਜਪਾ ਵਿੱਚ ਉਨ੍ਹਾਂ ਨੂੰ ਵਿਸ਼ਵਾਸ ਨਹੀਂ, ਰਾਜਨੀਤਕ ਸੂਝ ਤੋਂ ਕੰਮ ਲੈਂਦੇ ਇੱਕ ਯੂਨਿਟ ਵਜੋਂ ਅਗਵਾਈ ਕਰਨ, ਨਹੀਂ ਤਾਂ ਹਰਿਆਣਾ ਲੀਡਰਸ਼ਿੱਪ ਵਾਂਗ ਹੱਥ ਮਲਦੇ ਰਹਿ ਜਾਣਗੇ।
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)
ਸਰੋਕਾਰ ਨਾਲ ਸੰਪਰਕ ਲਈ: (This email address is being protected from spambots. You need JavaScript enabled to view it.om)