DarbaraSKahlon8ਤਾਕਤਵਰ ਦੇਸ਼ ਹੀ ਗਲੋਬਲ ਪੱਧਰ ’ਤੇ ਕੌਮਾਂਤਰੀ ਕਾਨੂੰਨਾਂ ਨੂੰ ਮਧੋਲ ...3 April 2026
(3 ਅਪਰੈਲ 2026)


ਹੈ ਕੋਈ ਜਾਗਦੀ ਜ਼ਮੀਰ ਵਾਲਾ?
3 April 2026
ਅਸੀਂ ਸਭ ਭਲੀ ਭਾਂਤ ਜਾਣਦੇ ਹਾਂ ਕਿ ਅੱਜ ਦੇ ਬੱਚੇ ਕੱਲ੍ਹ ਦਾ ਮੁਸਤਕਬਿਲ ਹੁੰਦੇ ਹਨ। ਇਨ੍ਹਾਂ ਤੋਂ ਬਗੈਰ ਇਸ ਸੰਮਾਰ ਅਤੇ ਮਾਨਵਤਾ ਦੀ ਹੋਂਦ ਸੰਭਵ ਨਹੀਂ। ਲੇਕਿਨ ਹਰ ਯੁਗ ਵਿੱਚ ਜੰਗਾਂ ਅਤੇ ਜੰਗਬਾਜ਼ਾਂ ਦਾ ਬੇਕਿਰਕ ਸ਼ਰਮਨਾਕ ਨਿਸ਼ਾਨਾ ਬਚਪਨ ਹੀ ਬਣਦਾ ਰਿਹਾ। ਅਜੇ ਤਕ ਕੋਈ ਵੀ ਸ਼ਾਸਕ ਜਾਂ ਅੰਤਰਰਾਸ਼ਟਰੀ ਸੰਗਠਨ ਜੰਗਾਂ ਸਮੇਂ ਜੰਗਬਾਜ਼ਾਂ ਤੋਂ ਸਾਡੇ ਨੰਨੇ ਮਾਸੂਮ ਬੱਚਿਆਂ ਦੀ ਰਾਖੀ ਕਰਨ ਲਈ ਕੋਈ ਵਿਵਸਥਾ ਸਥਾਪਿਤ ਨਹੀਂ ਕਰ ਸਕਿਆ।

ਜੋਅ ਬਾਈਡਨ ਨੂੰ ਸਵਾਲ:

ਅਮਰੀਕਾ ਦੇ ਸਾਬਕਾ 46ਵੇਂ ਜੰਗਬਾਜ਼ ਰਾਸ਼ਟਰਪਤੀ ਜੋਅ ਬਾਈਡਨ ਨੂੰ ਅਮਰੀਕਾ-ਇਸਰਾਈਲ ਵੱਲੋਂ ਇਰਾਨ ’ਤੇ ਹਮਲੇ ਦੀ ਪੂਰਬਲੀ ਰਾਤ ਨੁਸਾਹਿਬਾ ਮੁਬਾਰਕ ਨਾਮਕ ਨੌਜਵਾਨ ਲੜਕੀ ਇੱਕ ਤਿੱਖਾ ਸਵਾਲ ਪੁੱਛ ਕੇ ਬੁਰੀ ਤਰ੍ਹਾਂ ਸ਼ਰਮਸਾਰ ਕਰ ਦਿੰਦੀ ਹੈ। ਜੋਅ ਬਾਈਡਨ ਵਾਸ਼ਿੰਗਟਨ ਡੀਸੀ ਦੇ ਰੇਗਨ ਰਾਸ਼ਟਰੀ ਹਵਾਈ ਅੱਡੇ ਤੋਂ ਕੋਲੰਬੀਆ (ਸਾਊਥ ਕੈਰੋਲਾਈਨਾ) ਵਿਖੇ ਸਨ 2018 ਨੂੰ ਹੋਣ ਵਾਲੀਆਂ ਰਾਸ਼ਟਰਪਤੀ ਚੋਣਾਂ ਬਾਰੇ ਵਿਚਾਰ ਵਟਾਂਦਰੇ ਲਈ ਡੈਮੋਕਰੈਟਿਕ ਪਾਰਟੀ ਦੀ ਮੀਟਿੰਗ ਲਈ ਕਮਰਸ਼ੀਅਲ ਹਵਾਈ ਜਹਾਜ਼ ’ਤੇ ਸਵਾਰ ਹੁੰਦੇ ਹਨ। ਯਾਤਰਾ ਦੌਰਾਨ ਵੱਖ-ਵੱਖ ਲੋਕ ਉਨ੍ਹਾਂ ਕੋਲ ਬੈਠ ਕੇ ਫੋਟੋਆਂ ਖਿਚਵਾ ਰਹੇ ਹੁੰਦੇ ਹਨ ਕਿ ਉਸੇ ਸਮੇਂ ਨੌਜਵਾਨ ਲੜਕੀ ਨੁਸਾਹਿਬਾ ਮੁਬਾਰਕ ਉਹਨਾਂ ਨਾਲ ਗੱਲ ਕਰਨ ਦੀ ਇਜਾਜ਼ਤ ਮੰਗਦੀ ਹੈ, ਜਿਸਦੀ ਉਹ ਆਗਿਆ ਦੇ ਦਿੰਦੇ ਹਨ।” ਧੰਨਵਾਦ ਮੈਨੂੰ ਗੱਲ ਕਰਨ ਦਾ ਸਮਾਂ ਦਿੱਤਾ। ਗਾਜ਼ਾ ਵਿੱਚ ਹਰ ਰੋਜ਼ ਬੱਚੇ ਮਰ ਰਹੇ ਹਨ। ਸਾਨੂੰ ਬੰਦ ਕਰਨਾ ਚਾਹੀਦਾ ਹੈ,” ਉਹ ਬਾਈਡਨ ਨੂੰ ਸਵਾਲ ਕਰਦੀ ਹੈ।

ਜ਼ਰਾ ਘਬਰਾਹਟ ਵਿੱਚ ਸਾਬਕਾ ਰਾਸ਼ਟਰਪਤੀ ਜਵਾਬ ਦਿੰਦੇ ਹਨ, “ਮੈਂ ਜਾਣਦਾ ਹਾਂ ਇਹ ਬਹੁਤ ਦੁਖਦਾਈ ਹੈ।” ਇੰਨੇ ਨੂੰ ਉਹਨਾਂ ਦੇ ਸਟਾਫ ਦਾ ਇੱਕ ਵਿਅਕਤੀ ਉਸ ਲੜਕੀ ਨੂੰ ਉਸ ਥਾਂ ਤੋਂ ਹਟਾ ਦਿੰਦਾ ਹੈ। ਕੋਈ ਵੀ ਹੋਰ ਯਾਤਰੂ ਇਸ ਸਵਾਲ ਦੇ ਪ੍ਰਤੀਕਰਮ ਵਜੋਂ ਮੂੰਹ ਨਹੀਂ ਖੋਲ੍ਹਦਾ। ਉਹ ਕਹਿੰਦੀ ਹੈ ਕਿ ਕੌਮਾਂਤਰੀ ਅਤੇ ਅਮਰੀਕੀ ਕਾਨੂੰਨ ਅਨੁਸਾਰ ਇਸ ਰਾਸ਼ਟਰਪਤੀ ਵਿਰੁੱਧ ਮੁਕੱਦਮਾ ਚਲਾਇਆ ਜਾ ਸਕਦਾ ਹੈ। ਉਹ ਇੱਕ ਅਪਰਾਧ ਸੀ, ਜਿਸ ਨੂੰ ਉਹ ਬੰਦ ਕਰਵਾ ਸਕਦਾ ਸੀ। ਇਹ ਉਹ ਰਾਸ਼ਟਰਪਤੀ ਹੈ ਜਿਸਨੇ 7 ਅਕਤੂਬਰ, 2023 ਨੂੰ ਹਮਾਸ ਫਲਸਤੀਨੀਆ ਵੱਲੋਂ ਇਸਰਾਇਲ ’ਤੇ ਹਮਲੇ ਬਾਅਦ ਤਾਬੜਤੋੜ ਹਵਾਈ ਅਤੇ ਫੌਜੀ ਬੰਬਾਰਮੈਂਟ ਸ਼ੁਰੂ ਕਰਨ ਬਾਅਦ 17.9 ਬਿਲੀਅਨ ਡਾਲਰ ਦੇ ਹਥਿਆਰ ਸਪਲਾਈ ਕੀਤੇ ਸਨ ਅਤੇ ਉਸਦੇ ਕਾਰਜਕਾਲ ਵੇਲੇ ਇਨ੍ਹਾਂ ਹਮਲਿਆਂ ਵਿੱਚ 46 ਹਜ਼ਾਰ ਬੇਗੁਨਾਹ ਫਲਸਤੀਨੀ ਮੌਤ ਦੀ ਘਾਟ ਉਤਾਰ ਦਿੱਤੇ ਗਏ ਸਨ। ਜੰਗਬਾਜ਼ ਅਮਰੀਕੀ ਸ਼ਾਸਕ ਰਾਸ਼ਟਰਪਤੀ ਬਾਈਡਨ ਨੇ ਇਸਰਾਇਲੀ ਹਮਲੇ ਰੋਕਣੇ ਤਾਂ ਕੀ ਸਨ ਆਪਣੇ ਕਾਰਜਕਾਲ ਵੇਲੇ ਲਗਾਤਾਰ ਇਨ੍ਹਾਂ ਨੂੰ ਸ਼ਹਿ ਜਾਰੀ ਰੱਖੀ।

ਇਸ ਵਿਸ਼ਵ ਵਿੱਚ ਅਣਗਿਣਤ ਜੰਗਾਂ ਹੋ ਚੁੱਕੀਆਂ ਹਨ ਅਤੇ ਅਣਗਿਣਤ ਲਗਾਤਾਰ ਜਾਰੀ ਹਨ। ਇਸ ਸਮੇਂ ਪੂਰੇ ਵਿਸ਼ਵ ਵਿੱਚ 60 ਥਾਂਵਾਂ ’ਤੇ ਵੱਖ ਵੱਖ ਖੇਤਰਾਂ ਵਿੱਚ ਜੰਗਾਂ ਅਤੇ ਖਾਨਾਜੰਗੀਆਂ ਜਾਰੀ ਹਨ। ਇਨ੍ਹਾਂ ਜੰਗਾਂ ਦੇ ਸਭ ਤੋਂ ਵੱਧ ਬੇਦਰਦੀ ਭਰੀ ਕਤਲੋਗਾਰਤ ਅਤੇ ਬੰਬਾਰੀ ਦਾ ਸ਼ਿਕਾਰ ਬੱਚੇ ਹੋ ਰਹੇ ਹਨ ਜੋ ਇਨ੍ਹਾਂ ਦੀ ਬਹੁਤ ਹੀ ਭਿਆਨਕ ਅਤੇ ਅਸਹਿਣਯੋਗ ਕੀਮਤ ਅਦਾ ਕਰਨ ਲਈ ਮਜਬੂਰ ਹਨ।

ਅਜੋਕੀਆਂ ਜੰਗਾਂ:

ਅਜੋਕੇ ਯੁਗ ਵਿੱਚ ਜੰਗਾਂ ਵਿਸ਼ਵ ਆਰਥਿਕਤਾ ਅਤੇ ਰਾਜਨੀਤਕ-ਭੂਗੋਲਿਕ ਵਿਵਸਥਾ ’ਤੇ ਕਾਬਜ਼ ਧਨ ਕੁਬੇਰ, ਜੋ ਕਾਰਪੋਰੇਟਵਾਦੀ ਕਰਕੇ ਬਦਨਾਮ ਹਨ, ਆਪਣੇ ਨਫੇ ਲਈ ਜੰਗਾਂ ਛੇੜਦੇ ਅਤੇ ਬੰਦ ਕਰਾਉਂਦੇ ਹਨ। ਰਾਸ਼ਟਰਾਂ ਦੇ ਮੁਖੀ ਇਨ੍ਹਾਂ ਦੇ ਮਹਿਜ਼ ਮੋਹਰੇ ਹਨ। ਕੌਮਾਂਤਰੀ ਸੰਗਠਨ ਜਿਵੇਂ ਯੂ ਐਨ ਓ, ਯੂਰਪੀਅਨ ਯੂਨੀਅਨ, ਬਰਿਕਸ, ਵਿਸ਼ਵ ਬੈਂਕ, ਸਾਰਕ, ਆਸ਼ੀਅਨ, ਓਈਸੀਡੀ, ਓਆਈਸੀ, ਅਫਰੀਕਨ ਯੂਨੀਅਨ ਅਤੇ ਦਾ ਕਮਿਊਨਿਟੀ ਆਫ ਲੈਟਨ ਅਮਰੀਕਾ ਐਂਡ ਕਰੇਬੀਅਨ ਸਟੇਟਸ ਆਦਿ ਕਾਰਪੋਰੇਟਾਂ ਦੇ ਹੱਥਾਂ ਦੇ ਖਿਡਾਉਣੇ ਹਨ। ਇਨ੍ਹਾਂ ਵੱਲੋਂ ਛੇੜੀਆਂ ਜੰਗਾਂ ਅਤੇ ਖਾਨਾਜੰਗੀਆਂ ਨਾਲ ਜੋ ਅਜੋਕੀ ਮਾਨਵ ਜਾਤੀ ਦਾ ਨੁਕਸਾਨ ਹੋ ਰਿਹਾ ਹੈ, ਉਸਦੀ ਇਨ੍ਹਾਂ ਨੂੰ ਕੋਈ ਪਰਵਾਹ ਨਹੀਂ। ਮਾਨਵ ਜਾਤੀ ਵਿੱਚੋਂ ਸਭ ਤੋਂ ਵੱਡਾ ਨੁਕਸਾਨ ਸਾਡੀ ਭਵਿੱਖੀ ਪੀੜ੍ਹੀ ਨਾਲ ਸੰਬੰਧਿਤ ਬੱਚਿਆਂ ਦਾ ਹੁੰਦਾ ਹੈ ਜੋ ਅਤੀ ਚਿੰਤਾਜਨਕ ਵਿਸ਼ਾ ਹੈ। ਇਸ ’ਤੇ ਸੰਪੂਰਨ ਮਾਨਵ ਜਾਤੀ ਨੂੰ ਧਿਆਨ ਕੇਂਦਰਿਤ ਕਰਨ ਦੀ ਲੋੜ ਹੈ।

ਪਹਿਲੀ ਵਿਸ਼ਵ ਜੰਗ (1914-1918) ਵਿੱਚ 15 ਤੋਂ 22 ਮਿਲੀਅਨ ਲੋਕ ਮਾਰੇ ਗਏ। ਇਸ ਵਿੱਚ ਕਿੰਨੇ ਬੱਚੇ ਮਾਰੇ ਗਏ ਜਾਂ ਅਪਾਹਜ ਹੋਏ ਦਾ ਰਿਕਾਰਡ ਮੌਜੂਦ ਨਹੀਂ। ਦੂਸਰੀ ਵਿਸ਼ਵ ਜੰਗ (1939-1945) ਵਿੱਚ 70 ਤੋਂ 85 ਮਿਲੀਅਨ ਲੋਕ ਮਾਰੇ ਗਏ। ਨਾਜ਼ੀ ਸਰਬਨਾਸ਼ ਵਿੱਚ 1.5 ਮਿਲੀਅਨ ਯਹੂਦੀ ਅਤੇ ਬਾਕੀ ਜੰਗ ਵਿੱਚ ਗੋਲੀਬਾਰੀ ਅਤੇ ਬੰਬਾਰੀ ਵਿੱਚ ਇੱਕ ਮਿਲੀਅਨ ਬੱਚੇ ਮਾਰੇ ਗਏ।

ਮੌਜੂਦਾ ਸਥਿਤੀ:

ਸਨ 2024 ਦੀ ਯੂਨੀਸੈਫ ਰਿਪੋਰਟ ਅਨੁਸਾਰ ਮੌਜੂਦਾ ਜੰਗਾਂ ਅਤੇ ਖਾਨਾਜੰਗੀਆ ਦੇ 473 ਮਿਲੀਅਨ ਬੱਚੇ ਸ਼ਿਕਾਰ ਹਨ। ਭਾਵ ਪੰਜ ਬੱਚਿਆਂ ਵਿੱਚੋਂ ਇੱਕ ਬੱਚਾ। ਸੰਨ 1999 ਵਿੱਚ ਯੂਐੱਨ ਨੇ ਪਹਿਲਾ ਮਤਾ ਪਾਸ ਕੀਤਾ, ਜਿਸ ਵਿੱਚ ਜੰਗ ਸਮੇਂ ਬੱਚਿਆਂ ਸਬੰਧੀ ਬਹੁਤ ਹੀ ਸੰਗੀਨ ਛੇ ਉਲੰਘਣਾਵਾਂ ਦਰਜ ਕੀਤੀਆਂ ਗਈਆਂ। 1. ਮੌਤ ਦੇ ਘਾਟ ਉਤਾਰਨਾ ਅਤੇ ਅਪਾਹਜ ਬਣਾਉਣਾ। 2. ਬੱਚਿਆਂ ਦਾ ਜਬਰੀ ਜੰਗੀ ਮਹਾਜ਼ ਲਈ ਭਰਤੀ ਕਰਨਾ। 3. ਸਕੂਲਾਂ ਅਤੇ ਹਸਪਤਾਲਾਂ ’ਤੇ ਹਮਲੇ ਕਰਨਾ। 4. ਬੱਚਿਆਂ ਨੂੰ ਜਬਰੀ ਬਲਾਤਕਾਰ ਅਤੇ ਸੰਗੀਨ ਹਿੰਸਾ ਦਾ ਸ਼ਿਕਾਰ ਬਣਾਉਣਾ। 5. ਬੱਚਿਆਂ ਨੂੰ ਜਬਰੀ ਅਗਵਾ ਕਰਨਾ। 6. ਬੱਚਿਆਂ ਨੂੰ ਮਾਨਵਵਾਦੀ ਸਹਾਇਤਾ ਤੋਂ ਵੰਚਿਤ ਕਰਨਾ।

ਕੋਈ ਜੰਗ ਅਜਿਹੀ ਨਹੀਂ ਜਿਸ ਵਿੱਚ ਬੱਚਿਆਂ ਨਾਲ ਅਜਿਹੇ ਗੁਨਾਹ ਨਹੀਂ ਕੀਤੇ ਜਾਂਦੇ। ਅਕਤੂਬਰ ਸੱਤ, 2023 ਨੂੰ ਹਮਾਸ ਨੇ ਇਸਰਾਇਲ ’ਤੇ ਹਮਲਾ ਕਰਕੇ 1200 ਲੋਕ ਮਾਰ ਦਿੱਤੇ, ਜਿਨ੍ਹਾਂ ਵਿੱਚ 38 ਬੱਚੇ ਵੀ ਸ਼ਾਮਲ ਸਨ। 250 ਲੋਕਬੰਦੀ ਬਣਾਏ ਜਿਨ੍ਹਾਂ ਵਿੱਚ 42 ਬੱਚੇ ਸ਼ਾਮਲ ਸਨ। ਉਸ ਤੋਂ ਬਾਅਦ ਅਮਰੀਕਾ ਅਤੇ ਨਾਟੋ ਦੀ ਮਿਲੀ ਭੁਗਤ ਨਾਲ ਇਸਰਾਇਲ ਨੇ ਗਾਜ਼ਾ ਪੱਟੀ ਨੂੰ ਮਿੱਟੀ ਦਾ ਢੇਰ ਬਣਾ ਦਿੱਤਾ ਅਤੇ ਪੱਛਮੀ ਕਿਨਾਰੇ ’ਤੇ ਰਹਿਣ ਵਾਲੇ ਫਲਸਤੀਨੀਆ ਦਾ ਭਾਰੀ ਨੁਕਸਾਨ ਕੀਤਾ, ਜੋ ਅੱਜ ਵੀ ਜਾਰੀ ਹੈ। ਗਾਜ਼ਾ ਵਿੱਚ 72263 ਅਤੇ ਪੱਛਮੀ ਕਿਨਾਰੇ 1138 ਲੋਕ ਮਾਰ ਦਿੱਤੇ ਗਏ ਹਨ। ਕਰੀਬ 65 ਹਜ਼ਾਰ ਬੱਚੇ ਮਾਰੇ ਗਏ ਅਤੇ 21 ਹਜ਼ਾਰ ਗਾਇਬ ਹਨ। 85 ਪ੍ਰਤੀਸ਼ਤ ਗਾਜ਼ਾ ਨਿਵਾਸੀ ਜਬਰੀ ਘਰੋਂ ਬੇਘਰ ਕੀਤੇ ਗਏ। 12 ਯੂਨੀਵਰਸਿਟੀਆਂ ਅਤੇ 97% ਸਕੂਲ ਅਤੇ ਹਸਪਤਾਲ ਢਾਹਢੇਰੀ ਕੀਤੇ ਗਏ। ਕਰੀਬ 6.5 ਲੱਖ ਲੋਕ ਭੁੱਖਮਰੀ ਦਾ ਸ਼ਿਕਾਰ ਹਨ। ਅੱਜ ਵੀ ਗੋਲੀਬੰਦੀ ਦੇ ਬਾਵਜੂਦ ਰੋਜ਼ਾਨਾ ਕਤਲੋਗਾਰਤ ਇਸਰਾਇਲੀ ਯਹੂਦੀ ਬੈਂਜਾਮਨ ਨੇਤਨਯਾਹੂ ਨਿਜ਼ਾਮ ਵੱਲੋਂ ਬੇਦਰਦੀ ਨਾਲ ਜਾਰੀ ਹੈ।

ਯੁਕਰੇਨ ਅੰਦਰ ਰੂਸੀ ਹਮਲੇ ਕਰਕੇ ਅਣਗਿਣਤ ਬੱਚੇ ਸਕੂਲ ਛੱਡਣ ਲਈ ਮਜਬੂਰ ਹਨ। ਅਣਗਿਣਤ ਬੱਚੇ ਯੁਕਰੇਨ ਅਤੇ ਯੁਕਰੇਨ ਤੋਂ ਬਾਹਰ ਰਿਫਿਊਜੀ ਕੈਂਪਾਂ ਵਿੱਚ ਰਹਿਣ ਲਈ ਮਜਬੂਰ ਹਨ। ਕਰੀਬ 3,200 ਬੱਚੇ 24 ਫਰਵਰੀ 2022 ਤੋਂ ਹੁਣ ਤਕ ਮਾਰੇ ਜਾ ਚੁੱਕੇ ਜਾਂ ਜ਼ਖਮੀ ਹੋਏ ਹਨ। 1700 ਸਕੂਲ ਅਤੇ ਹੋਰ ਸਿੱਖਿਆ ਸੰਸਥਾਵਾਂ ਜੰਗੀ ਬੰਬਾਰੀ ਕਰਕੇ ਢੇਰ ਹੋ ਗਈਆਂ ਹਨ। ਬਹੁਤ ਸਾਰੇ ਬੱਚੇ ਰੂਸੀ ਅਧਿਕਾਰੀਆਂ ਵੱਲੋਂ ਬੰਧਕ ਬਣਾ ਕੇ ਰੂਸ ਭੇਜੇ ਜਾ ਚੁੱਕੇ ਹਨ।

ਸੁਡਾਨ ਦੀ ਬਵੰਜਾ ਮਿਲੀਅਨ ਅਬਾਦੀ ਵਿੱਚੋਂ 8 ਮਿਲੀਅਨ ਲੋਕ ਬੇਘਰ ਹਨ, ਜਿਨ੍ਹਾਂ ਵਿੱਚ ਚਾਰ ਮਿਲੀਅਨ ਬੱਚੇ ਸ਼ਾਮਲ ਹਨ। 14 ਹਜ਼ਾਰ ਦੇ ਕਰੀਬ ਬੱਚੇ ਮਾਰੇ ਗਏ ਹਨ।

ਕੋਲੰਬੀਆ ਅੰਦਰ ਹਿੰਸਾ ਕਰਕੇ 7.7 ਮਿਲੀਅਨ ਬੱਚੇ ਪ੍ਰਭਾਵਿਤ ਹਨ। 3.1 ਮਿਲੀਅਨ ਬੱਚੇ ਅਤੀ ਭੈੜੀ ਦਸ਼ਾ ਵਿੱਚ ਰਹਿਣ ਲਈ ਮਜਬੂਰ ਹਨ। ਯੂਐੱਨ ਅਨੁਸਾਰ ਸਨ 2022 ਵਿੱਚ 130 ਅਤੇ 2023 ਵਿੱਚ ਸਤੰਬਰ ਤਕ 208 ਬੱਚੇ, ਜਿਨ੍ਹਾਂ ਵਿੱਚ 35% ਲੜਕੀਆਂ ਅਤੇ 65% ਲੜਕੇ ਸਨ, ਜਬਰੀ ਹਥਿਆਰਬੰਦ ਗਰੁੱਪਾਂ ਵੱਲੋਂ ਭਰਤੀ ਕੀਤੇ ਗਏ।

ਅਮਰੀਕਾ-ਇਸਰਾਈਲ ਵੱਲੋਂ 28 ਫਰਵਰੀ ਨੂੰ ਇਰਾਨ ’ਤੇ ਹਮਲੇ ਬਾਅਦ ਇਰਾਨ ਦੇ ਸਿਹਤ ਮੰਤਰਾਲੇ ਅਨੁਸਾਰ 1500 ਤੋਂ ਵੱਧ ਲੋਕ ਮਾਰੇ ਗਏ, 19,000 ਤੋਂ ਵੱਧ ਜ਼ਖਮੀ ਹੋਏ, 8 ਲੱਖ ਇਰਾਨੀ ਬੇਘਰ ਹੋਏ, ਜਿਨਾਂ ਵਿੱਚੋਂ ਤਿੰਨ ਲੱਖ ਬੱਚੇ ਹਨ। ਸਕੂਲ ਬੰਦ ਹੋਣ ਕਰਕੇ ਪੰਜ ਲੱਖ ਬੱਚੇ ਸਿੱਖਿਆ ਤੋਂ ਮਹਿਰੂਮ ਹੋ ਗਏ। ਲਿਬਨਾਨ ਵਿੱਚ 10 ਲੱਖ ਤੋਂ ਵੱਧ ਲੋਕ ਬੇਘਰ ਹੋਏ ਹਨ। 1038 ਤੋਂ ਵੱਧ ਮਾਰੇ ਗਏ ਹਨ, ਜਿਨ੍ਹਾਂ ਵਿੱਚ 118 ਬੱਚੇ ਸ਼ਾਮਲ ਹਨ। ਇਰਾਨ ਅੰਦਰ 1510 ਤੋਂ ਵੱਧ ਬੱਚੇ ਜ਼ਖਮੀ ਹੋਏ ਜਾਂ ਮਾਰੇ ਗਏ। 28 ਫਰਵਰੀ ਨੂੰ ਸਜਰੇ ਤਾਈਬਾ ਗਰਲਜ਼ ਐਲੀਮੈਂਟਰੀ ਸਕੂਲ ਮੀਨਾਬ ਦੱਖਣੀ ਇਰਾਨ ਵਿੱਚ 7-12 ਸਾਲ ਦੀਆਂ ਬੱਚੀਆਂ, ਜੋ ਆਪਣੀਆਂ ਕਲਾਸਾਂ ਵਿੱਚ ਪੜ੍ਹ ਰਹੀਆਂ ਸਨ, ਨੂੰ ਬਲਾਸਟਿਕ ਮਿਜ਼ਾਇਲਾਂ ਦਾ ਸ਼ਿਕਾਰ ਅਮਰੀਕੀ-ਇਸਰਾਇਲੀ ਜੰਗਬਾਜ਼ਾਂ ਨੇ ਬਣਾਇਆ। ਇਨ੍ਹਾਂ ਵਿੱਚੋਂ 175 ਬੱਚੀਆਂ ਮਾਰੀਆਂ ਗਈਆਂ। ਇਸ ਤੋਂ ਵੱਡਾ ਖੌਫਨਾਕ ਗੁਨਾਹ ਹੋਰ ਕੀ ਹੋ ਸਕਦਾ ਹੈ ਮਾਨਵਤਾ ਵਿਰੁੱਧ?

ਇਰਾਨ ਦੀਆਂ ਕਾਰਵਾਈਆਂ ਕਰਕੇ ਇਸਰਾਈਲ ਵਿੱਚ 18, ਇਰਾਕ ਵਿੱਚ 61, ਯੂਏਈ, ਕੁਵੈਤ ਬਹਰੀਨ ਆਦਿ ਵਿੱਚ ਵੀ ਬੱਚੇ ਮੌਤ ਦਾ ਸ਼ਿਕਾਰ ਹੋਏ। ਇਸ ਜੰਗ ਵਿੱਚ ਅਮਰੀਕਾ ਦੇ 13 ਫੌਜੀ ਮਾਰੇ ਗਏ ਅਤੇ 200 ਜ਼ਖਮੀ ਹੋਏ ਹਨ।

ਇਸ ਤੋਂ ਇਲਾਵਾ ਸੀਰੀਆ, ਯਮਨ, ਸੋਮਾਲੀਆ, ਕਾਂਗੋ, ਮਾਲੀ, ਅਫਗਾਨਿਸਤਾਨ, ਹੈਤੀ, ਮਿਆਂਮਾਰ ਨਾਏਜੇਰੀਆ ਆਦਿ ਦੇਸ਼ਾਂ ਵਿੱਚ ਯੂਐੱਨ ਰਿਪੋਰਟ 2024 ਅਨੁਸਾਰ 41370 ਸੰਗੀਨ ਜ਼ੁਲਮਾਂ ਭਰੀਆਂ ਘਟਨਾਵਾਂ ਬੱਚਿਆਂ ਵਿਰੁੱਧ ਦਰਜ ਕੀਤੀਆਂ ਗਈਆਂ ਹਨ। 22495 ਬੱਚੇ ਜੰਗੀ ਕੰਮਾਂ ਲਈ ਭਰਤੀ ਕਰਨ, ਬਲਾਤਕਾਰ ਅਤੇ ਅਪਾਹਜ ਬਣਾਏ ਜਾਣ ਦਾ ਸ਼ਿਕਾਰ ਹੋਏ ਹਨ। 4676 ਬੱਚੇ ਮਾਰੇ ਗਏ, 7906 ਮਾਨਵੀ ਮਦਦ ਤੋਂ ਵੰਚਿਤ ਰਹੇ, 7402 ਬੱਚੇ ਜਬਰੀ ਜੰਗੀ ਮੰਤਵ ਲਈ ਭਰਤੀ ਕੀਤੇ ਜਾਣ ਦੀਆਂ ਘਟਨਾਵਾਂ ਦਰਜ ਕੀਤੀਆਂ ਗਈਆਂ।

ਗੁਹਾਰ:

ਇਸ ਗਲੋਬ ’ਤੇ ਹਿੰਸਾਵਾਦੀ, ਹੰਕਾਰੀ, ਗੈਰ ਮਾਨਵਵਾਦੀ ਕਾਰਪੋਰੇਟ ਅਤੇ ਸ਼ਾਸਕ ਵਰਗ ਨੂੰ ਪੀੜਿਤ ਕਰੋੜਾਂ ਬੱਚੇ ਗੁਹਾਰ ਲਾਉਂਦੇ ਹਨ:

1. ਕਿਰਪਾ ਕਰਕੇ ਅਬਾਦੀ ਵਾਲੇ ਖੇਤਰਾਂ ਵਿੱਚ ਬੰਬਾਰੀ ਅਤੇ ਬਲਾਸਟਿਕ ਬਰਬਾਦੀ ਢਾਹੁਣ ਵਾਲੇ ਹਥਿਆਰ ਵਰਤਣੇ ਬੰਦ ਕੀਤੇ ਜਾਣ।

2. ਜੰਗੀ ਖੇਤਰਾਂ ਵਿੱਚ ਬੱਚਿਆਂ ਨੂੰ ਬਚਾਉਣ ਅਤੇ ਉਹਨਾਂ ਦੀ ਰਾਖੀ ਲਈ ਰਾਜਨੀਤਿਕ ਅਤੇ ਮਿਲਟਰੀ ਨੀਤੀਆਂ ਤਬਦੀਲ ਕੀਤੀਆਂ ਜਾਣ।

3. ਬੰਬਾਂ ਅਤੇ ਹੋਰ ਹਥਿਆਰਾਂ ਰਾਹੀਂ ਧਮਾਕਿਆਂ ਦੇ ਸ਼ਿਕਾਰ ਬੱਚਿਆਂ ਲਈ ਤੁਰੰਤ ਮਦਦ, ਇਲਾਜ ਅਤੇ ਮੁੜ ਵਸੇਬੇ ਦਾ ਪ੍ਰਬੰਧ ਕੀਤਾ ਜਾਵੇ।

ਸਾਮੋਨ ਟਿਸਡਲ ਦਾ ਮੱਤ ਹੈ ਕਿ ਅਜੋਕਾ ਵਿਸ਼ਵ ਆਪਣੇ ਬੱਚਿਆਂ ਖਿਲਾਫ ਜੰਗ ਚਲਾ ਰਿਹਾ ਹੈ। ਇਸ ਵਿੱਚ ਕੋਈ ਅਤਿ ਕਥਨੀ ਨਹੀਂ ਹੈ।

ਵਨੇਸਾ ਫਰੇਜੀਅਰ ਵਿਸ਼ੇਸ਼ ਪ੍ਰਤੀਨਿਧ ਯੂ ਐੱਨ ਸਕੱਤਰ ਜਨਰਲ ਨੇ 10 ਮਾਰਚ 2026 ਨੂੰ ਯੂ ਐੱਨ ਮਾਨਵ ਅਧਿਕਾਰ ਕੌਂਸਲ ਨੂੰ ਸੰਬੋਧਨ ਕਰਦਿਆਂ ਸਪਸ਼ਟ ਕਿਹਾ ਕਿ ਕੌਮਾਂਤਰੀ ਮਾਨਵ ਜਾਤੀ ਅਧਿਕਾਰਾਂ ਸਬੰਧੀ ਕਾਨੂੰਨ, ਜੋ ਬੱਚੇ ਨੂੰ ਜਿਊਣ ਅਤੇ ਉਸਦੀ ਜੀਵਨ ਰੱਖਿਆ ਦਾ ਅਧਿਕਾਰ ਦਿੰਦਾ ਹੈ, ਦੀ ਇਸ ਵੇਲੇ ਬੁਰੀ ਤਰ੍ਹਾਂ ਉਲੰਘਣਾ ਅਤੇ ਕੁਵਰਤੋਂ ਕੀਤੀ ਜਾ ਰਹੀ ਹੈ। ਆਧੁਨਿਕ ਧਮਾਕਾਖੇਜ਼ ਤਕਨੀਕਾਂ ਅਤੇ ਹਥਿਆਰਾਂ ਨਾਲ ਬੱਚਿਆਂ ਨੂੰ ਅੰਨ੍ਹੇਵਾਹ ਮਾਰਿਆ ਅਤੇ ਅਪਾਜ ਕੀਤਾ ਜਾ ਰਿਹਾ ਹੈ। ਬੱਚੇ ਇਨ੍ਹਾਂ ਹਮਲਿਆਂ ਵਿੱਚ ਭਿਆਨਕ ਤੌਰ ’ਤੇ ਜ਼ਖਮੀ ਹੁੰਦੇ ਹਨ, ਬੁਰੀ ਤਰ੍ਹਾਂ ਅਪਾਹਜ ਹੋ ਕੇ ਸਾਰਾ ਜੀਵਨ ਨਰਕ ਵਿੱਚ ਕੱਟਣ ਲਈ ਮਜਬੂਰ ਹੁੰਦੇ ਹਨ। ਇਹ ਬੱਚਿਆਂ ਦੇ ਜਿਊਣ ਅਤੇ ਜੀਵਨ ਸੁਰੱਖਿਆ ਅਧਿਕਾਰ ਦੀ ਘੋਰ ਉਲੰਘਣਾ ਹੈ, ਜਿਸ ਨੂੰ ਰੋਕਿਆ ਜਾਣਾ ਅਤੀ ਜ਼ਰੂਰੀ ਹੈ।

ਪੋਪ ਲੀਓ 15ਵੇਂ ਨੇ ਸੋਸ਼ਲ ਮੀਡੀਆ ਪੋਸਟ ਰਾਹੀਂ 16 ਮਾਰਚ 2026 ਨੂੰ ਰੋਮਨ ਕੈਥੋਲਿਕ ਚਰਚ ਨੂੰ ਲਿਖਦੇ ਕਿਹਾ ਕਿ ਹਰ ਪੱਤਰਕਾਰ ਦਾ ਫਰਜ਼ ਹੈ ਕਿ ਜੰਗਾਂ ਵਿੱਚ ਸਹੀ ਰਿਪੋਰਟ ਕਰਨ ਅਤੇ ਸੱਤਾਧਾਰੀਆਂ ਦੇ ਸਪੋਕਸਮੈਨ (ਗੋਦੀ ਮੀਡੀਆ) ਨਾ ਬਣਨ, ਉਹ ਦੱਸਣ ਕਿ ਜੰਗਾਂ ਕਿਵੇਂ ਲੋਕਾਂ ਲਈ ਮੁਸੀਬਤਾਂ ਲੈ ਕੇ ਆਉਂਦੀਆਂ ਹਨ।

ਜਨੇਵਾ ਵਿਖੇ ਯੂਐੱਨ ਸਲਾਨਾ ਮਾਨਵ ਅਧਿਕਾਰ ਕੌਂਸਲ ਨੂੰ ਸੰਬੋਧਨ ਕਰਦਿਆਂ ਇਸਦੀ ਡਿਪਟੀ ਹਾਈ ਕਮਿਸ਼ਨਰ ਨਡਾ ਅਲ ਨਾਸੀਫ ਨੇ ਕਿਹਾ ਕਿ ਬੱਚਿਆਂ ਦੇ ਅਧਿਕਾਰਾਂ ਦੀ ਮਾਨਵ ਅਧਿਕਾਰ ਕਾਨੂੰਨ, ਮਾਨਵਵਾਦੀ ਕਾਨੂੰਨ ਅਤੇ ਕੌਮੰਤਰੀ ਅਪਰਾਧਕ ਕਾਨੂੰਨ ਅਧੀਨ ਵਿਆਪਕ ਪੱਧਰ ’ਤੇ ਰਖਵਾਲੀ ਕੀਤੀ ਜਾਂਦੀ ਹੈ ਪਰ ਰਾਜਨੀਤਿਕ ਇੱਛਾ ਸ਼ਕਤੀ ਦੀ ਸ਼ਰਮਨਾਕ ਘਾਟ ਕਰਕੇ ਇਨ੍ਹਾਂ ਦੀ ਰਾਖੀ ਜੰਗਾਂ ਅਤੇ ਖਾਨਾ ਜੰਗੀ ਖੇਤਰਾਂ ਵਿੱਚ ਨਹੀਂ ਕੀਤੀ ਜਾਂਦੀ। ਤਾਕਤਵਰ ਦੇਸ਼ ਹੀ ਗਲੋਬਲ ਪੱਧਰ ’ਤੇ ਕੌਮਾਂਤਰੀ ਕਾਨੂੰਨਾਂ ਨੂੰ ਮਧੋਲ ਰਹੇ ਹਨ। ਪੂਰੇ ਵਿਸ਼ਵ ਦੇ ਬਹੁਗਿਣਤੀ ਦੇਸ਼ਾਂ ਨੂੰ ਪੂਰਨ ਇੱਕਜੁੱਟਤਾ ਅਤੇ ਦ੍ਰਿੜ੍ਹਤਾ ਨਾਲ ਇਨ੍ਹਾਂ ਦੀ ਰਾਖੀ ਲਈ ਅੱਗੇ ਆਉਣਾ ਚਾਹੀਦਾ ਹੈ।

ਵਿਸ਼ਵ ਭਰ ਦੇ ਕਾਰਪੋਰੇਟਾਂ ਅਤੇ ਸ਼ਾਸਕਾਂ ਨੂੰ ਸਮਝਣਾ ਪਵੇਗਾ ਕਿ ਜੋ ਬੱਚੇ ਕਦੇ ਵੀ ਕਿਸੇ ਜੰਗ ਨੂੰ ਛੇੜਨ ਲਈ ਕੋਈ ਭੂਮਿਕਾ ਅਦਾ ਨਹੀਂ ਕਰਦੇ ਉਹਨਾਂ ਨੂੰ ਇਸਦੇ ਅੰਜਾਮਾਂ ਦੇ ਹਿੱਸੇਦਾਰ ਨਹੀਂ ਬਣਨ ਦੇਣਾ ਚਾਹੀਦਾ।

*       *       *       *       *

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (This email address is being protected from spambots. You need JavaScript enabled to view it.om)

About the Author

ਦਰਬਾਰਾ ਸਿੰਘ ਕਾਹਲੋਂ

ਦਰਬਾਰਾ ਸਿੰਘ ਕਾਹਲੋਂ

Kingston, Ontario, Canada.
(Retd. Punjab State Information Commissioner)
Phone: (Canada 1 - 289 - 829 - 2929)

Email: (kahlondarbarasingh@gmail.com)

More articles from this author