“ਕੈਨੇਡੀਅਨ ਪ੍ਰਧਾਨ ਮੰਤਰੀ ਮਾਰਕ ਕਾਰਨੀ ਦੀ ਸੋਚ ਵਿਸ਼ਾਲ ਅਤੇ ਅਗਾਂਹ ਵਧੂ ਹੈ। ਉਨ੍ਹਾਂ ਨੇ ...”
(15 ਜੂਨ 2025)
ਵਿਸ਼ਵ ਦੇ ਅਮੀਰ, ਵਿਕਸਿਤ ਅਤੇ ਅਜੋਕੇ ਕੌਮਾਂਤਰੀ ਸਥਾਪਿਤ ਨਿਜ਼ਾਮ ਦੇ ਅਤਿ ਨਾਮਵਰ ਦੇਸ਼ਾਂ ਦੇ ਸਰਵਉੱਚ ਸੰਗਠਨ ਜੀ 7 ਦਾ ਸਲਾਨਾ ਰਣਨੀਤਕ ਸੰਮੇਲਨ 15 ਤੋਂ 17 ਜੂਨ, 2025 ਨੂੰ ਕੈਨੇਡਾ ਦੇ ਅਲਬਰਟਾ ਪ੍ਰਾਂਤ ਦੇ ਕੈਨਾਨਾਸਕਿਸ ਕੰਟਰੀ ਵਿਖੇ ਹੋਣ ਜਾ ਰਿਹਾ ਹੈ। ਇਹ ਸੰਮੇਲਨ ਇਸ ਵਾਰ ਇਸ ਕਰਕੇ ਅਤਿ ਮਹੱਤਵਪੂਰਨ ਹੈ ਕਿਉਂਕਿ ਇਸ ਸਮੇਂ 21 ਜਨਵਰੀ, 2025 ਨੂੰ ਦੂਸਰੀ ਵਾਰ ਅਮਰੀਕਾ ਦੇ 47ਵੇਂ ਰਾਸ਼ਟਰਪਤੀ ਵਜੋਂ ਅਹੁਦਾ ਸੰਭਾਲਣ ਉਪਰੰਤ ਡੌਨਲਡ ਟਰੰਪ ਨੇ ਆਪਣੀਆਂ ਏਕਾਧਿਕਾਰਵਾਦੀ, ਸਰਮਾਏਦਰਾਨਾ ਪ੍ਰਸਾਰਵਾਦੀ ਅਤੇ ਨੀਮ ਪਾਗਲਾਨਾ ਨੀਤੀਆਂ ਰਾਹੀਂ ਅਮਰੀਕਾ ਅਤੇ ਪੂਰੇ ਗਲੋਬ ਵਿੱਚ ਤਰਥੱਲੀ ਮਚਾਈ ਹੋਈ ਹੈ। ਟਰੰਪ ਟੈਰਰ ਟੈਰਿਫ ਅਤੇ ਪ੍ਰਵਾਸੀਆਂ ਪ੍ਰਤੀ ਦਮਨਕਾਰੀ ਕਾਰਵਾਈਆਂ ਕਰਕੇ ਅਮਰੀਕਾ ਵਿੱਚ ਉਸਦੇ ਪ੍ਰਸ਼ਾਸਨ ਵਿਰੋਧੀ ਦੂਸਰੀ ਵਾਰ ਵੱਖ-ਵੱਖ ਰਾਜਾਂ ਵਿੱਚ ਹਿੰਸਕ ਧਰਨੇ-ਪ੍ਰਦਰਸ਼ਨ ਜਾਰੀ ਹਨ। ਪਹਿਲੀ ਵਾਰ 5 ਅਪਰੈਲ, 2025 ਨੂੰ ਉਸਦੇ ਨਿਜ਼ਾਮ ਵਿਰੁੱਧ 50 ਅਮਰੀਕੀ ਰਾਜਾਂ ਵਿੱਚ 1400 ਥਾਂਵਾਂ ’ਤੇ ਪ੍ਰਦਰਸ਼ਨ ਕੀਤੇ ਗਏ। ਹੁਣ ਪ੍ਰਵਾਸੀਆਂ ਦੇ ਦੇਸ਼ ਨਿਕਾਲੇ ਦੇ ਮਸਲੇ ’ਤੇ ਹਿੰਸਕ ਪ੍ਰਦਰਸ਼ਨ ਜਾਰੀ ਹਨ।
ਟਰੰਪ ਟੈਰਰ: ਪੂਰੇ ਵਿਸ਼ਵ ਨੂੰ ਕੁਝ ਇੱਕ ਕਰੋਨੀ ਕਾਰਪੋਰੇਟਰਾਂ ਦੀ ਮਿਲੀ ਭੁਗਤ ਨਾਲ ਅਮਰੀਕੀ ਕੇਂਦਰਤ ਵਿੱਤੀ, ਵਪਾਰਕ, ਯੁੱਧਨੀਤਕ ਨਿਜ਼ਾਮ ਵਿੱਚ ਬਦਲਣ ਲਈ ਰਾਸ਼ਟਰਪਤੀ ਡੌਨਲਡ ਟਰੰਪ ਨੇ ਪੂਰੀ ਤਰ੍ਹਾਂ ਮਨਮਰਜ਼ੀਆਂ ਸ਼ੁਰੂ ਕੀਤੀਆਂ ਹੋਈਆਂ ਹਨ। ਆਪਣੇ ਵਿਸ਼ਵਾਸ ਪਾਤਰ ਗੁਆਂਢੀ ਅਤੇ ਸਹਿਯੋਗੀ ਵੀ ਨਹੀਂ ਬਖ਼ਸ਼ੇ। ਉਸਦੇ ਮਨਮਾਨੇ ਵਪਾਰਕ ਟੈਰਿਫ, ਕੈਨੇਡਾ ਨੂੰ 51ਵੇਂ ਸੂਬੇ ਵਜੋਂ, ਨਹਿਰ ਪਨਾਮਾ, ਗ੍ਰੀਨਲੈਂਡ ਜਜ਼ੀਰੇ, ਗਾਜ਼ਾ ਪੱਟੀ ਨੂੰ ਅਮਰੀਕਾ ਅਧੀਨ ਕਰਨ ਦੇ ਦਮਗਜ਼ਿਆਂ ਨੇ ਪੂਰੇ ਵਿਸ਼ਵ ਨੂੰ ਸੁੱਕਣੇ ਪਾ ਕੇ ਰੱਖ ਦਿੱਤਾ। ਕੈਨੇਡਾ ਲਗਾਤਾਰ ਪ੍ਰੇਸ਼ਾਨ ਹੈ।
ਭਾਰਤ: ਏਕਾਧਿਕਾਰ ਅਤੇ ਪ੍ਰਸਾਰਵਾਦੀ ਸਰਮਾਏਦਾਰ ਕਦੇ ਕਿਸੇ ਦਾ ਮਿੱਤਰ ਨਹੀਂ ਹੁੰਦਾ। ਭਾਰਤ ਦੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਨੂੰ ਸਮਝਣ ਵਿੱਚ ਵੱਡਾ ਟਪਲਾ ਖਾ ਬੈਠੇ। ਉਸਦੇ ਪਹਿਲੇ 45ਵੇਂ ਰਾਸ਼ਟਰਪਤੀ ਕਾਰਜਕਾਲ (2017 ਤੋਂ 2021) ਵਿੱਚ ਇੱਕ ਅਮਰੀਕੀ ਫੇਰੀ ਦੌਰਾਨ ‘ਅਬ ਕੀ ਬਾਰ, ਟਰੰਪ ਸਰਕਾਰ’ ਦਾ ਉਨ੍ਹਾਂ ਵੱਲੋਂ ਲਾਇਆ ਨਾਅਰਾ ਅੱਜ ਤਕ ਉਨ੍ਹਾਂ ਦੀ ਜਾਨ ਨਹੀਂ ਛੱਡ ਰਿਹਾ। ਉਨ੍ਹਾਂ ਦੀ 13 ਫਰਵਰੀ, 2025 ਨੂੰ ਅਮਰੀਕੀ ਫੇਰੀ ਕੋਈ ਲਾਭਕਾਰੀ ਸਾਬਤ ਨਹੀਂ ਹੋਈ। ਡਾ. ਮਨਮੋਹਨ ਸਿੰਘ ਅਤੇ ਨਰੇਂਦਰ ਮੋਦੀ ਵੱਲੋਂ ਭਾਰਤ ਦੇ ਅਮਰੀਕਾ ਨਾਲ ਸੰਬੰਧ ਸੁਧਾਰਨ ਦੇ ਯਤਨ ਸਾਜ਼ਗਾਰ ਸਾਬਤ ਨਹੀਂ ਹੋਏ।
ਭਾਰਤ-ਪਾਕਿਸਤਾਨ ਚਾਰ ਰੋਜ਼ਾ ਜੰਗ ਜੋ ਪਹਿਲਗਾਮ ਅੱਤਵਾਦੀ ਹਮਲੇ ਕਰਕੇ ਹੋਈ, ਤੋਂ ਬਾਅਦ ਅਮਰੀਕਾ ਦਾ ਭਾਰਤ ਵਿਰੋਧੀ ਚਿਹਰਾ ਪੂਰੀ ਤਰ੍ਹਾਂ ਬੇਨਕਾਬ ਹੋ ਰਿਹਾ ਹੈ। ਭਾਵੇਂ ਉਹ ਭਾਰਤ ਨਾਲ ਚੰਗੇ ਸਬੰਧਾਂ ਦਾ ਖੇਖਣ ਕਰ ਰਿਹਾ ਹੈ। ਭਾਰਤ-ਪਾਕਿਸਤਾਨ ਦਰਮਿਆਨ ਜੰਗਬੰਦੀ ਦਾ ਐਲਾਨ ਵੀ ਸਭ ਤੋਂ ਪਹਿਲਾਂ ਖ਼ੁਦ ਅਮਰੀਕੀ ਰਾਸ਼ਟਰਪਤੀ ਵੱਲੋਂ ਕੀਤਾ ਗਿਆ। ਪਰ ਅੰਦਰੇ-ਅੰਦਰ ਉਹ ਪਾਕਿਸਤਾਨ ਨੂੰ ਚੀਨ ’ਤੇ ਰੱਖਿਆ, ਆਰਥਿਕ, ਰਣਨੀਤਕ ਅਤੇ ਡਿਪਲੋਮੈਟਿਕ ਨਿਰਭਰਤਾ ਤੋਂ ਨਿਖੇੜਨ ਲਈ ਸਭ ਤੋਂ ਵੱਧ ਭਾਰਤ ਲਈ ਪੀੜਾਜਨਕ ਸਥਿਤੀਆਂ ਪੈਦਾ ਕਰਦਾ ਨਜ਼ਰ ਆ ਰਿਹਾ ਹੈ।
ਭਾਰਤ ਨੇ ਜਿੱਥੇ 7 ਬਹੁਪਾਰਟੀ ਡੈਲੀਗੇਸ਼ਨ 32 ਦੇਸ਼ਾਂ ਵਿੱਚ ਪਾਕਿਸਤਾਨ ਨੂੰ ਵਿਸ਼ਵ ਵਿੱਚ ਅੱਤਵਾਦ ਪੈਦਾ ਕਰਨ ਲਈ ਪ੍ਰਮੁੱਖ ਤੌਰ ’ਤੇ ਜ਼ਿੰਮੇਵਾਰ ਸਾਬਤ ਕਰਨ ਲਈ ਭੇਜੇ, ਉੱਥੇ ਅਮਰੀਕਾ ਨੇ ਉਸ ਨੂੰ ਉਸਦਾ ਅੱਤਵਾਦ ਵਿਰੋਧੀ ‘ਸ਼ਾਨਦਾਰ ਸਹਿਯੋਗੀ’ ਐਲਾਨਿਆ, ਅਫਗਾਨਿਸਤਾਨ ਅੰਦਰ ਤਾਲਿਬਾਨ ਸਰਕਾਰ ਦੀਆਂ ਗਤੀਵਿਧੀਆਂ ਦੇ ਮੁੱਲਅੰਕਣ ਕਰਨ ਵਾਲੀ ਅਮਰੀਕਾ ਵੱਲੋਂ ਗਠਤ ਕਮੇਟੀ ਦਾ ਮੈਂਬਰ ਬਣਾਇਆ ਗਿਆ। ਪਾਕਿਸਤਾਨ ਇਸ ਵੇਲੇ ਯੂ.ਐੱਨ. ਸੁਰੱਖਿਆ ਕੌਂਸਲ ਦਾ ਸਹਿ ਪ੍ਰਧਾਨ ਹੈ। ਪਹਿਲਗਾਮ ਅੱਤਵਾਦੀ ਘਟਨਾ ਵਿੱਚ ਸ਼ਾਮਲ ਹੋਣ ਦੇ ਬਾਵਜੂਦ ਵਿਸ਼ਵ ਬੈਂਕ ਵੱਲੋਂ ਉਸ ਲਈ ਫੰਡ ਜਾਰੀ ਕੀਤੇ ਗਏ। ਇਵੇਂ ਹੀ ਆਈ.ਐੱਮ.ਐੱਫ਼ ਵੱਲੋਂ।
ਅਮਰੀਕਾ ਅੰਦਰ ਸੰਨ 1775 ਤੋਂ ‘ਆਰਮੀ ਡੇਅ’ ਸਮਾਰੋਹ ਮਨਾਇਆ ਜਾਂਦਾ ਹੈ। ਇਸਦੀ 250ਵੀਂ ਵਰ੍ਹੇ ਗੰਢ ਮੌਕੇ ਜਦੋਂ ਰਾਸ਼ਟਰਪਤੀ ਟਰੰਪ ਦਾ 79ਵਾਂ ਜਨਮ ਦਿਨ ਵੀ 14 ਜੂਨ, 2025 ਨੂੰ ਮਨਾਇਆ ਜਾ ਰਿਹਾ ਹੈ, ਪਾਕਿਸਤਾਨ ਦੇ ਫੌਜ ਮੁਖੀ ਫੀਲਡ ਮਾਰਸ਼ਲ ਅਸਿਮ ਮੁਨੀਰ ਨੂੰ ਵਿਸ਼ੇਸ਼ ਤੌਰ ’ਤੇ ਸੱਦਾ ਦਿੱਤਾ ਗਿਆ। ਸ਼ਾਇਦ ਅਮਰੀਕਾ ਭੁੱਲ ਗਿਆ ਕਿ 9/11 ਦਾ ਪ੍ਰਮੁੱਖ ਦੋਸ਼ੀ ਓਸਾਮਾ ਬਿਨ ਲਾਦੇਨ, ਖਾਲਿਦ ਸ਼ੇਖ ਮੁਹੰਮਦ, ਰਾਮ ਜੀ ਯੂਸਫ, ਰਾਮ ਜੀ ਬਿਨ ਅੱਲ ਸ਼ਿਬ, ਮੀਰ ਆਮਲ ਕਾਂਸੀ ਅਤੇ ਹੋਰ ਖੂੰਖਾਰ ਅੱਤਵਾਦੀ ਪਾਕਿਸਤਾਨ ਅੰਦਰ ਲੁੱਕੇ ਮਿਲੇ ਸਨ। ਮੁਹੰਮਦ ਸ਼ਾਹਜ਼ੇਬਖਾਨ ਪਾਕਿਸਤਾਨ ਨਾਗਰਿਕ, ਜੋ ਕੈਨੇਡਾ ਰਹਿੰਦਾ ਹੈ, ਉਸਦੀ ਹਵਾਲਗੀ ਦੇ ਹੁਕਮ ਅਮਰੀਕੀ ਜਸਟਿਸ ਵਿਭਾਗ ਵੱਲੋਂ ਕੀਤੇ ਗਏ ਹਨ।
ਜੀ 7 ਦੇਸ਼: ਭਾਰਤ ਹੀ ਨਹੀਂ ਜੀ 7 ਸੰਗਠਨ ਦੇ ਵਿੱਚ ਸ਼ਾਮਲ ਫਰਾਂਸ, ਯੂ.ਕੇ., ਇਟਲੀ, ਜਪਾਨ, ਜਰਮਨੀ ਅਤੇ ਮੇਜ਼ਬਾਨ ਕੈਨੇਡਾ ਅੱਜ ਅਮਰੀਕਾ ਅਤੇ ਇਸਦੇ ਨੀਮ ਪਾਗਲ ਰਾਸ਼ਟਰਪਤੀ ਅਤੇ ਉਸਦੀਆਂ ਨੀਤੀਆਂ ਤੋਂ ਬਹੁਤ ਅਵਾਜ਼ਾਰ ਹਨ। ਟਰੰਮ ਦਾ ਸਭ ਤੋਂ ਨੇੜਲਾ ਸਹਿਯੋਗੀ ਸੁਪਰ ਕਾਰਪੋਰੇਟਰ ਅਲਨ ਮਸਕ, ਜਿਸਨੇ ਉਸਦੀ ਚੋਣ ਮੁਹਿੰਮ ਵਿੱਚ ਸੰਨ 2024 ਵਿੱਚ 288 ਮਿਲੀਅਨ ਡਾਲਰ ਖਰਚ ਕੀਤੇ, ਜੋ ਸੰਨ 2027 ਵਿੱਚ ਵਿਸ਼ਵ ਦਾ ਪਹਿਲਾ ਟ੍ਰਿਲੀਅਨੇਰ ਬਣਨ ਦਾ ਸੁਪਨਾ ਦੇਖ ਰਿਹਾ ਸੀ, ਨੂੰ ਵੀ ਨਹੀਂ ਬਖਸ਼ਿਆ। ਉਸਦੀ ਟੈਸਲਾ ਕਾਰ ਦੀ ਵਿਕਰੀ ’ਤੇ ਪਾਬੰਦੀ ਲਗਾ ਦਿੱਤੀ, ਕੰਪਨੀਆਂ ’ਤੇ ਭਾਰੀ ਟੈਕਸ ਲਾਏ। ਇਸਦਾ ਦਾ ਨਤੀਜਾ ਇਹ ਹੋਇਆ ਕਿ ਉਸ ਨੂੰ ਆਖਰ ਉਸਦੇ ਚਰਨੀਂ ਲੱਗਣਾ ਪਿਆ। ਮੁਆਫੀ ਮੰਗਣੀ ਪਈ। ਇਵੇਂ ਸਭ ਜੀ 7 ਦੇਸ਼ਾਂ ਨੂੰ ਨਹੀਂ ਬਖ਼ਸਿਆ। ਮੇਜ਼ਬਾਨ ਕੈਨੇਡਾ ਨੂੰ ਬਾਰ-ਬਾਰ ਅਮਰੀਕਾ ਦਾ 51ਵਾਂ ਸੂਬਾ ਬਣਨ ਲਈ ਧਮਕੀਆਂ ਦਿੱਤੀਆਂ, ਦਬਾਅ ਪਾਇਆ। ਗਰੀਨਲੈਂਡ (ਡੈਨਮਾਰਕ ਅਧੀਨ) ਖੁਦਮੁਖਤਾਰ ਜਜ਼ੀਰੇ ਨੂੰ ਅਮਰੀਕਾ ਵਿੱਚ ਜ਼ਬਰੀ ਸ਼ਾਮਲ ਕਰਨ ਦੀਆਂ ਧਮਕੀਆਂ ਕਰਕੇ ਯੂਰਪੀਨ ਯੂਨੀਅਨ, ਯੂ.ਕੇ., ਫਰਾਂਸ, ਡੈਨਮਾਰਕ ਅਤੇ ਨਾਟੋ ਸਹਿਯੋਗੀ ਵੀ ਨਰਾਜ਼ ਹੋਏ। ਯੁਕਕੇਨ ਦੇ ਰਾਸ਼ਟਰਪਤੀ ਵਲੋਦੋਮੀਰ ਜ਼ੈਲੰਸਕੀ ਨੂੰ ਵਾਈਟ ਹਾਊਸ ਬੁਲਾ ਕੇ ਬੇਇੱਜ਼ਤ ਕਰਨ, ਖਣਿਜ ਖਾਣਾਂ ਉਸ ਹਵਾਲੇ ਕਰਨ ਅਤੇ ਰੂਸ ਨਾਲ ਜੰਗਬੰਦੀ ਦਾ ਦਬਾਅ ਪਾਉਣ, ਦੱਖਣੀ ਅਫਰੀਕਾ ਦੇ ਰਾਸ਼ਟਰਪਤੀ ਮਾਈਕਲ ਰਾਮਫੋਸਾ ਨੂੰ ਵਾੲ੍ਹੀਟ ਹਾਊਸ ਵਿਖੇ ਨੀਚਾ ਵਿਖਾਉਣ ਆਦਿ ਤੋਂ ਵਿਸ਼ਵ ਭਾਈਚਾਰਾ ਨਿਰਾਸ਼ ਅਤੇ ਨਰਾਜ਼ ਹੋਇਆ। ਐਸੇ ਰਾਜਨੀਤਕ, ਵਪਾਰਕ, ਆਰਥਿਕ ਅਤੇ ਰਣਨੀਤਕ ਹਾਲਾਤ ਵਿੱਚ ਜੀ 7 ਦੇਸ਼ਾਂ ਦਾ ਸੰਮੇਲਨ ਅਤਿ ਮਹੱਤਵਪੂਰਨ ਹੈ ਜਿਸ ਵਿੱਚ ਵਿਸ਼ਵ ਦੀਆਂ ਸਮੱਸਿਆਵਾਂ, ਚੁਣੌਤੀਆਂ, ਵਾਤਾਵਰਣ, ਸਹਿਯੋਗ, ਊਰਜਾ, ਵਪਾਰ, ਸਿਹਤ ਵਿਸ਼ਿਆਂ ’ਤੇ ਗੱਲਬਾਤ ਹੋਵੇਗੀ। ਨਵੀਂਆਂ ਨੀਤੀਆਂ ਦਾ ਨਿਰਮਾਣ ਹੋਵੇਗਾ।
ਸੱਦਾ ਪੱਤਰ: ਮੇਜ਼ਬਾਨ ਦੇਸ਼ ਦਾ ਵਿਸ਼ੇਸ਼ਾਧਿਕਾਰ ਹੁੰਦਾ ਹੈ ਕਿ ਕਿਸ-ਕਿਸ-ਰਾਸ਼ਟਰ ਮੁਖੀ ਨੂੰ ਜੀ 7 ਦੇਸ਼ਾਂ ਇਲਾਵਾ ਸੱਦਾ ਪੱਤਰ ਭੇਜਣਾ ਹੈ। ਸੰਨ 1975 ਵਿੱਚ ਫਰਾਂਸ ਵਿਖੇ ਰਾਮਬਉਲਟ ਵਿੱਚ ਜੀ 6 ਦੇਸ਼ਾਂ ਦਾ ਪਹਿਲਾ ਸੰਮੇਲਲ ਹੋਇਆ ਸੀ ਜਿਸ ਵਿੱਚ ਅਮਰੀਕਾ, ਯੂ.ਕੇ., ਜਰਮਨੀ, ਫਰਾਂਸ, ਇਟਲੀ ਅਤੇ ਜਪਾਨ ਸ਼ਾਮਲ ਸਨ। ਉਸ ਸਮੇਂ ਵਿਸ਼ਵ ਨੂੰ ਵੱਡੀਆਂ ਰਾਜਨੀਤਕ ਅਤੇ ਆਰਥਿਕ ਚੁਣੌਤੀਆਂ ਦਾ ਸਾਹਮਣਾ ਅੱਜ ਵਾਂਗ ਦਰਪੇਸ਼ ਸੀ। ਸੰਨ 1976 ਵਿੱਚ ਕੈਨੇਡਾ ਨੂੰ ਵੀ ਇਸ ਵਿੱਚ ਸ਼ਾਮਲ ਕਰ ਲਿਆ ਗਿਆ। ਰੂਸ ਦੀ ਸ਼ਮੂਲੀਅਤ ਨਾਲ ਇਹ ਸੰਗਠਨ ਜੀ 8 ਅਖਵਾਉਣ ਲੱਗ ਪਿਆ ਪਰ ਸੰਨ 2014 ਵਿੱਚ ਕ੍ਰੀਮੀਆ ’ਤੇ ਕਬਜ਼ੇ ਕਰਕੇ ਉਸ ਨੂੰ ਇਸ ਸੰਗਠਨ ਤੋਂ ਲਾਂਭੇ ਕਰ ਦਿੱਤਾ। ਅਕਸਰ ਦੂਸਰੇ ਕੁਝ ਇੱਕ ਮਹੱਤਵਪੂਰਨ ਦੇਸ਼ਾਂ ਨੂੰ ਵੀ ਇਨ੍ਹਾਂ ਸੰਮੇਲਨਾਂ ਵਿੱਚ ਬੁਲਾਇਆ ਜਾਂਦਾ ਹੈ। ਭਾਰਤ ਨੂੰ ਪਹਿਲੀ ਵਾਰ ਇਸ ਸੰਗਠਨ ਵਿੱਚ ਫਰਾਂਸ ਨੇ ਸੰਨ 2019 ਵਿੱਚ ਮੇਜ਼ਬਾਨੀ ਸਮੇਂ ਬੁਲਾਇਆ ਗਿਆ। ਉਦੋਂ ਤੋਂ ਲੈ ਕੇ ਇਸ ਨੂੰ ਲਗਾਤਾਰ ਬੁਲਾਇਆ ਜਾਂਦਾ ਹੈ। ਭਾਰਤ ਹੁਣ ਵਿਸ਼ਵ ਦੀ ਚੌਥੀ ਵੱਡੀ ਆਰਥਿਕਤਾ ਬਣ ਚੁੱਕਾ ਹੈ। ਜੀ 7 ਦੇਸ਼ਾਂ ਦੇ ਮੈਂਬਰ ਜਿਵੇਂ ਫਰਾਂਸ, ਇਟਲੀ, ਕੈਨੇਡਾ, ਜਪਾਨ ਨਾਲੋਂ ਭਾਰਤ ਵੱਡੀ ਆਰਥਿਕਤਾ ਹੈ।
ਵਿਸ਼ਵ ਅੰਦਰ ਅਮਨ-ਕਾਨੂੰਨ ਅਤੇ ਨਵੇਂ ਨਿਜ਼ਾਮ ਸਬੰਧੀ ਉੱਭਰਦੀਆਂ ਚੁਣੌਤੀਆਂ ਦੇ ਮੱਦੇ ਨਜ਼ਰ ਕੈਨੇਡਾ ਨੂੰ ਨਵੇਂ ਵਿਸ਼ਵਾਸਪਾਤਰ ਹਮਜੋਲੀਆਂ ਦੀ ਲੋੜ ਹੈ। ਜਦੋਂ ਸੰਨ 2015 ਵਿੱਚ ਸਟੀਫਨ ਹਾਰਪਰ ਕੰਜ਼ਰਵੇਟਿਵ ਸਰਕਾਰ ਨੂੰ ਹਰਾ ਕੇ ਜਸਟਿਨ ਟਰੂਡੋ ਦੀ ਅਗਵਾਈ ਵਿੱਚ ਲਿਬਰਲ ਪਾਰਟੀ ਨੇ ਸੱਤਾ ਸੰਭਾਲੀ ਸੀ, ਉਦੋਂ ਕੈਨੇਡਾ ਦੀ ਵਿਸ਼ਵ ਅੰਦਰ ਵੱਡੀ ਮੰਗ ਸੀ। ਹੁਣ ਵਕਤ ਬਦਲ ਚੁੱਕਾ ਹੈ। ਅੱਜ ਭਾਰਤ ਦੀ ਮੰਗ ਹੈ। ਡਾ. ਮਨਮੋਹਨ ਸਿੰਘ ਵਾਂਗ ਵਿਸ਼ਵ ਪ੍ਰਸਿੱਧ ਕੈਨੇਡੀਅਨ ਪ੍ਰਧਾਨ ਮੰਤਰੀ ਮਾਰਕ ਕਾਰਨੀ ਦੀ ਸੋਚ ਵਿਸ਼ਾਲ ਅਤੇ ਅਗਾਂਹ ਵਧੂ ਹੈ। ਉਨ੍ਹਾਂ ਨੇ ਖਾਲਿਸਤਾਨ ਪੱਖੀ ਆਗੂ ਹਰਦੀਪ ਸਿੰਘ ਨਿੱਝਰ ਦੇ 2023 ਵਿੱਚ ਸਰੀ ਵਿਖੇ ਇੱਕ ਗੁਰਦਵਾਰੇ ਬਾਹਰ ਕਤਲ ਨੂੰ ਲੈ ਕੇ ਭਾਰਤ ਨਾਲ ਉੱਭਰੇ ਡਿਪਲੋਮੈਟਿਕ, ਸੁਰੱਖਿਆ, ਵਿਦੇਸ਼ੀ ਦਖ਼ਲ ਟਕਰਾਵਾਂ ਨੂੰ ਲਾਂਭੇ ਰੱਖਦੇ ਭਾਰਤ ਦੀ ਆਰਥਿਕ, ਵਪਾਰਕ, ਬਜ਼ਾਰ, ਰਣਨੀਤਕ ਮਹੱਤਤਾ ਦੇ ਮੱਦੇ ਨਜ਼ਰ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੂੰ ਸੰਮੇਲਨ ਵਿੱਚ ਸ਼ਾਮਲ ਹੋਣ ਦਾ ਨਿੱਘਾ ਸੱਦਾ ਦਿੱਤਾ। ਕੁਝ ਲੋਕ ਨਿਰਮੂਲ ਆਲੋਚਨਾ ਕਰ ਰਹੇ ਹਨ, ਜਿਨ੍ਹਾਂ ਦਾ ਦੋ ਰਾਸ਼ਟਰਾਂ ਦੇ ਵਡੇਰੇ ਹਿਤਾਂ ਸਨਮੁਖ ਕੋਈ ਮਹੱਤਵ ਨਹੀਂ ਰਹਿ ਜਾਂਦਾ। ਪ੍ਰਧਾਨ ਮੰਤਰੀ ਕਾਰਨੀ ਨੇ ਮੈਕਸੀਕੋ, ਯੂਕ੍ਰੇਨ, ਆਸਟ੍ਰੇਲੀਆ, ਦੱਖਣੀ ਅਫਰੀਕਾ, ਦੱਖਣੀ ਕੋਰੀਆ ਨੂੰ ਵੀ ਸੱਦਾ ਦਿੱਤਾ ਹੈ।
ਕਾਰਨੀ ਦੀ ਸੂਝ ਅਤੇ ਦੂਰਦਰਸ਼ਤਾ ਦੀ ਦਾਦ ਦੇਣੀ ਬਣਦੀ ਹੈ ਕਿ ਉਸਨੇ ਸੰਨ 2018 ਵਿੱਚ ਤੁਰਕੀ ਦੇ ਸ਼ਹਿਰ ਇਸਤਾਂਬੁਲ ਵਿਖੇ ਵਿਰੋਧੀ ਵਿਚਾਰਾਂ ਵਾਲੇ ਪੱਤਰਕਾਰ ਜਮਾਲ ਖਸ਼ੋਗੀ ਦੇ ਕਤਲ ਵਿੱਚ ਸਾਉਦੀ ਅਰਬ ਦੇ ਕਰਾਊਨ ਪ੍ਰਿੰਸ ਮੁਹੰਮਦ ਬਿਨ ਸੁਲਤਾਨ ਦੇ ਲੁਕਵੇਂ ਹੱਥ ਦੇ ਦੋਸ਼ ਕਰਕੇ ਅਮਰੀਕਾ ਵਾਂਗ ਪੈਦਾ ਹੋਏ ਡਿਪਲੋਮੈਟਿਕ ਟਕਰਾਅ ਲਾਂਭੇ ਰੱਖ ਕੇ ਕਰਾਊਨ ਪ੍ਰਿੰਸ ਨੂੰ ਸੰਮੇਲਨ ਵਿੱਚ ਭਾਗ ਲੈਣ ਦਾ ਸੱਦਾ ਦਿੱਤਾ ਹੈ। ਕਾਰਨੀ ਨੇ ਦਰਸਾ ਦਿੱਤਾ ਹੈ ਕਿ ਕੋਈ ਨਰਾਜ਼ ਹੋਵੇ ਜਾਂ ਖੁਸ਼ ਅਸੀਂ ਆਪਣਾ ਨਫ਼ਾ ਨੁਕਸਾਨ ਤੋਲ ਕੇ ਸੱਦਾ ਦਿੰਦੇ ਹਾਂ। ਇਹ ਵੱਖਰੀ ਗੱਲ ਹੈ ਕਿ ਕਰਾਊਨ ਪ੍ਰਿੰਸ ਨਹੀਂ ਆ ਰਹੇ।
ਪ੍ਰਧਾਨ ਮੰਤਰੀ ਕਾਰਨੀ ਚੀਨ ਨਾਲ ਵੀ ਸੰਬੰਧ ਸੁਧਾਰ ਰਿਹਾ ਹੈ। ਯੂਰਪ, ਭਾਰਤ, ਸਾਊਦੀ ਅਰਬ ਅਤੇ ਚੀਨ ਵਰਗੇ ਤਾਕਤਵਰ ਦੇਸ਼ਾਂ ਨਾਲ ਅਮਰੀਕਾ ਨਾਲ ਆਰਥਿਕ, ਵਪਾਰਕ, ਡਿਪਲੋਮੈਟਿਕ ਤਣਾਓ ਚਲਦੇ ਕੈਨੇਡਾ ਵਧੀਆ ਵਪਾਰਕ, ਆਰਥਿਕ, ਨਿਵੇਸ਼ਕਾਰ, ਖੋਜਾਂ ਨਾਲ ਸੰਬੰਧਿਤ ਸੰਬੰਧ ਸੁਧਾਰਨਾ ਚਾਹੁੰਦਾ ਹੈ। ਅਮਰੀਕਾ ਕਰਕੇ ਉਸਦੇ ਚੀਨ ਨਾਲ ਸੰਬੰਧ ਵਿਗੜੇ ਸਨ, ਜਿਸਨੇ ਉਸਦੇ ਦੋ ਨਾਗਰਿਕ ਮਾਈਕਲ ਕੋਵਰਿਗ ਅਤੇ ਮਾਈਕਲ ਸਪਾਵੋਰ, ਹੁਆਵੀ ਮਾਮਲੇ ਕਰਕੇ ਲੰਬਾ ਸਮਾਂ ਬੰਦੀ ਬਣਾ ਕੇ ਰੱਖੇ ਸਨ।
ਤਜਰਬਾ: ਕੈਨੇਡਾ ਪਹਿਲਾਂ ਸੰਨ 2010 ਵਿੱਚ ਹੰਟਸਵਿਲੇ, ਓਂਟਾਰੀਓ, ਸੰਨ 2018 ਵਿੱਚ ਚਾਰਲੀਵੋਕਸ, ਕਿਊਬੈਕ ਵਿਖੇ ਦੋ ਵਾਰ ਜੀ 7 ਸੰਮੇਲਨਾਂ ਦੀ ਮੇਜ਼ਬਾਨੀ ਕਰ ਚੁੱਕਾ ਹੈ ਜਿਨ੍ਹਾਂ ’ਤੇ ਕ੍ਰਮਵਾਰ ਉਸਨੇ 300 ਅਤੇ 600 ਮਿਲੀਅਨ ਡਾਲਰ ਖ਼ਰਚ ਕੀਤੇ ਸਨ। ਇਸ ਵਾਰ ਨੀਲੇ ਅਕਾਸ਼, ਝੀਲਾਂ, ਪਹਾੜਾਂ, ਜੰਗਲ਼ੀ ਜੀਵਾਂ ਨਾਲ ਭਰਪੂਰ ਕੁਦਰਤ ਦੀ ਬੁੱਕਲ ਵਿੱਚ ਸਥਿਤ ਕੈਨਾਨਾਸਕਿਸ, ਅਲਬਰਟਾ ਵਿਖੇ ਇਹ ਸੰਮੇਲਨ ਹੋਣ ਜਾ ਰਿਹਾ ਹੈ। ਕਾਰਨੀ ਵਿਸ਼ੇਸ਼ ਤੌਰ ’ਤੇ ਫਰਾਂਸ ਦੇ ਰਾਸ਼ਟਰਪਤੀ ਇਮੈਨੂਅਲ ਮੈਕਰਾਂ, ਜਿਸਦੀ ਪਤਨੀ ਬ੍ਰਿਜੈਟ ਉਸ ਤੋਂ 25 ਸਾਲ ਵੱਡੀ ਉਸਦੀ ਟੀਚਰ ਰਹੀ ਹੈ ਤੇ ਅੱਜ ਵੀ ਚਪੇੜ ਜੜ੍ਹ ਦਿੰਦੀ ਹੈ ਅਤੇ ਯੂਕ੍ਰੇਨ ਦੇ ਰਾਸ਼ਟਰਪਤੀ ਜ਼ਲੈਂਸਕੀ ਲਈ ਸਪਾ ਦਾ ਪ੍ਰਬੰਧ ਕਰ ਰਿਹਾ। 36 ਖੁੱਤੀਆਂ ਵਾਲਾ ਗੋਲਫ ਕੋਰਸ, ਉੱਚ ਕੋਟੀ ਦੇ ਹੋਟਲ, ਕਸੀਨੋ ਮੌਜੂਦ ਹਨ। ਨਰੇਂਦਰ ਮੋਦੀ ਲਈ ਸ਼ਾਇਦ ਯੋਗਾ ਜਾਂ ਇਕਾਂਤ ਭਗਤੀ ਦਾ ਪ੍ਰਬੰਧ ਕਰ ਦੇਵੇ। ਆਸ ਹੈ ਕਿ ਇਸ ਸੰਮੇਲਨ ਦੇ ਸਾਰਥਿਕ ਨਤੀਜੇ ਨਿਕਲਣਗੇ। ਭਾਰਤ ਦੇ ਪ੍ਰਧਾਨ ਮੰਤਰੀ ਨੂੰ ਜੀ 7 ਅਤੇ ਦੂਸਰੇ ਦੇਸ਼ਾਂ ਦੇ ਮੁਖੀਆਂ ਨਾਲ ਰਾਸ਼ਟਰੀ ਹਿਤਾਂ, ਡਿਪਲੋਮੈਟਿਕ, ਵਪਾਰਕ, ਆਰਥਿਕ, ਰੱਖਿਆ ਮੁੱਦਿਆਂ ਤੋਂ ਇਲਾਵਾ ਪਾਕਿਸਤਾਨ ਦੀ ਕੌਮਾਂਤਰੀ ਪੱਧਰ ’ਤੇ ਅੱਤਵਾਦ ਪ੍ਰਸਾਰ ਵਿੱਚ ਸ਼ਮੂਲੀਅਤ ਦਾ ਪਰਦਾਫਾਸ਼ ਕਰਨ ਦਾ ਸੁਨਹਿਰੀ ਮੌਕਾ ਹਾਸਲ ਹੋਵੇਗਾ।
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (This email address is being protected from spambots. You need JavaScript enabled to view it.om)