“ਕੈਨੇਡਾ ਨੂੰ ਮੁੜ ਵਿਸ਼ਵ ਦਾ ਨੰਬਰ ਇੱਕ ਦੇਸ਼ ਸਥਾਪਿਤ ਕਰਕੇ ਜਨਤਕ ਵਿਸ਼ਵਾਸ ਬਲਬੂਤੇ ...”
(5 ਮਈ 2025)(ਨੋਟ: ਕਾਰਨੀ ਅਤੇ ਟਰੰਪ ਮਿਲਣੀ ਕੱਲ੍ਹ ਹੋ ਰਹੀ ਹੈ।)
ਹਿੰਦੁਸਤਾਨ ਵਿੱਚ ਉਰਦੂ ਜ਼ੁਬਾਨ ਦਾ ਇੱਕ ਮਸ਼ਹੂਰ ਸ਼ੇਅਰ ਹੈ ਜੋ ਹਰ ਦੇਸ਼ ਅਤੇ ਕਾਲ ਵਿੱਚ ਜਨਮੇ ਮਹਾਨ ਯੁਗ ਪਲਟਾਊ ਰਾਹਬਰਾਂ ਅਤੇ ਰਾਹਨੁਮਾਵਾਂ ’ਤੇ ਲਾਗੂ ਹੁੰਦਾ ਹੈ:
‘ਹਜ਼ਾਰੋਂ ਸਾਲ ਨਰਗਿਸ ਆਪਣੀ ਬੇਨੂਰੀ ਪੇ ਰੋਤੀ ਹੈ
ਬੜੀ ਮੁਸ਼ਕਿਲ ਸੇ ਹੋਤਾ ਹੈ ਚਮਨ ਮੇਂ ਦੀਦਾਵਰ ਪੈਦਾ’
ਰਾਜ ਮੋਹਨ ਗਾਂਧੀ (ਮਹਾਤਮਾ ਗਾਂਧੀ ਦਾ ਪੋਤਰਾ) ਦੱਸਦੇ ਹਨ ਕਿ ਪੰਡਤ ਜਵਾਹਰ ਲਾਲ ਨਹਿਰੂ ਸਮੁੱਚੀ ਕਾਂਗਰਸ ਲੀਡਸ਼ਿੱਪ ਵੱਲੋਂ ਆਪਣੀ ਹਰਮਨ ਪਿਆਰਤਾ, ਕੀਰਤੀ, ਸੂਝ-ਬੂਝ, ਦੂਰ-ਅੰਦੇਸ਼ੀ ਅਤੇ ਡਿਪਲੋਮੈਟਿਕ ਪ੍ਰਬੁੱਧਤਾ ਸਦਕਾ ਸਰਬ ਸੰਮਤੀ ਨਾਲ ਪ੍ਰਧਾਨ ਮੰਤਰੀਸ਼ਿੱਪ ਲਈ ਸਵੀਕਾਰ ਕੀਤੇ ਗਏ ਸਨ। ਕਈ ਲੋਕ ਉਨ੍ਹਾਂ ਮੁਕਾਬਲੇ ਭਰਮ-ਭੁਲੇਖਾ ਪਾਊ ਸਥਿਤੀਆਂ ਪੈਦਾ ਕਰਦੇ ਸਰਕਾਰ ਪਟੇਲ ਦਾ ਨਾਮ ਉਭਾਰਦੇ ਹਨ। ਉਹ ਦਾਅਵਾ ਕਰਦੇ ਹਨ ਕਿ ਤੱਤਕਾਲੀ ਸਮੇਂ ਦੀ ਇੱਕ ਵੀ ਅਖ਼ਬਾਰ ਵਿਖਾ ਦਿਉ ਜਿਸ ਵਿੱਚ ਅਜਿਹਾ ਬਿਆਨ ਹੋਵੇ। ਖ਼ੁਦ ਸਰਦਾਰ ਪਟੇਲ ਉਨ੍ਹਾਂ ਦੇ ਵੱਡੇ ਹਿਮਾਇਤੀ ਸਨ।
ਇਵੇਂ ਹੀ ਇਸ ਸਾਲ 2025 ਦੇ ਸ਼ੁਰੂ ਵਿੱਚ ਮਾਰਕ ਜੋਸਫ ਕਾਰਨੀ ਕੈਨੇਡਾ ਅੰਦਰ ਭਾਰਤ ਦੇ ਆਗੂ ਪੰਡਤ ਜਵਾਹਰ ਲਾਲ ਨਹਿਰੂ ਅਤੇ ਡਾ. ਮਨਮੋਹਨ ਸਿੰਘ ਵਾਂਗ ਇੱਕ ਪ੍ਰਬੁੱਧ, ਦੂਰ-ਅੰਦੇਸ਼, ਹਲੀਮੀ ਭਰੇ, ਵਿਸ਼ਵ ਪ੍ਰਸਿੱਧ ਆਰਥਿਕ ਮਾਹਿਰ ਵਜੋਂ ਜਾਣੇ-ਮੰਨੇ ਵਿਅਕਤੀ ਹੋਣ ਕਰਕੇ ਸਾਬਕਾ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਥਾਂ 85 ਪ੍ਰਤੀਸ਼ਤ ਅੰਦਰੂਨੀ ਪਾਰਟੀ ਕਾਡਰ ਦੀ ਹਿਮਾਇਤ ਨਾਲ ਲਿਬਰਲ ਪਾਰਟੀ ਦੇ ਆਗੂ 9 ਮਾਰਚ ਨੂੰ ਚੁਣੇ ਗਏ ਸਨ। ਟਰੂਡੋ ਦੇ ਅਸਤੀਫੇ ਬਾਅਦ 14 ਮਾਰਚ ਨੂੰ ਉਨ੍ਹਾਂ ਕੈਨੇਡਾ ਦੇ 24ਵੇਂ ਪ੍ਰਧਾਨ ਮੰਤਰੀ ਵਜੋਂ ਸਹੁੰ ਚੁੱਕ ਲਈ ਅਤੇ 23 ਮੈਂਬਰੀ ਕੈਬਨਿਟ ਗਠਤ ਕੀਤੀ।
ਰਾਜਨੀਤਕ ਉਲਟ-ਪੁਲਟ: ਸੰਨ 2024 ਦੇ ਅਖ਼ੀਰ ਵਿੱਚ ਤੱਤਕਾਲੀ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀਆਂ ਅਸਫ਼ਲ ਨੀਤੀਆਂ ਕਰਕੇ ਦੇਸ਼ ਵਿੱਚ ਪੈਦਾ ਹੋਏ ਆਰਥਿਕ ਸਥਿਤੀ, ਬਦਅਮਨੀ, ਮਾਫੀਆ ਗਤੀਵਿਧੀਆਂ, ਰੋਜ਼ਾਨਾ ਜੀਵਨ ਦੀ ਲਾਗਤ ਵਿੱਚ ਲੱਕ ਤੋੜਵੇਂ ਵਾਧੇ ਜਿਹੇ ਸੰਕਟਾਂ ਕਰਕੇ ਲਿਬਰਲ ਪਾਰਟੀ ਅੰਦਰ ਬਗਾਵਤ ਪੈਦਾ ਹੋ ਗਈ। ਇਨ੍ਹਾਂ ਚੁਣੌਤੀਆਂ ਦੇ ਹੱਲ ਲਈ ਜਿਵੇਂ ਸੰਨ 1991 ਵਿੱਚ ਭਾਰਤੀ ਪ੍ਰਧਾਨ ਮੰਤਰੀ ਨਰਸਿਮਹਾ ਰਾਉ ਵਿਸ਼ਵ ਪ੍ਰਸਿੱਧ ਆਰਥਿਕ ਮਾਹਿਰ ਡਾ. ਮਨਮੋਹਨ ਸਿੰਘ ਨੂੰ ਵਿੱਤ ਮੰਤਰੀ (ਜੋ ਸੰਨ 2004 ਤੋਂ 2014 ਤਕ ਪ੍ਰਧਾਨ ਮੰਤਰੀ ਰਹੇ) ਲੈ ਕੇ ਆਏ, ਜਸਟਿਨ ਟਰੂਡੋ ਵੀ ਮਾਰਕ ਕਾਰਨੀ ਸਰਕਾਰ ਦੇ ਆਰਥਿਕ ਸਲਾਹਕਾਰ ਨੂੰ ਵਿੱਤ ਮੰਤਰੀ ਬਣਾਉਣਾ ਚਾਹੁੰਦੇ ਸਨ ਜੋ ਡਿਪਟੀ ਪ੍ਰਧਾਨ ਮੰਤਰੀ ਕਰਿਸਟੀਆ ਫਰੀਲੈਂਡ ਦੀ ਬਗਾਵਤ ਕਰਕੇ ਵਿਚਾਰ ਮੁਲਤਵੀ ਕਰਨਾ ਪਿਆ।
2 ਜਨਵਰੀ, 2025 ਨੂੰ ਜਸਟਿਨ ਟਰੂਡੋ ਵੱਲੋਂ ਪ੍ਰਧਾਨ ਮੰਤਰੀ ਪਦ ਛੱਡਣ ਦੇ ਐਲਾਨ ਦੇ ਇੱਕ ਦਿਨ ਪਹਿਲਾਂ ਸਰਵਿਆਂ ਅਨੁਸਾਰ ਕੰਜ਼ਰਵੇਟਿਵ ਪਾਰਟੀ ਨੂੰ 47, ਐੱਨ.ਡੀ.ਪੀ. ਨੂੰ 19, ਲਿਬਰਲ ਪਾਰਟੀ ਨੂੰ 19, ਬਲਾਕ ਕਿਊਬੈਕ ਨੂੰ 10 ਅਤੇ ਗਰੀਨ ਪਾਰਟੀ ਨੂੰ 3 ਪ੍ਰਤੀਸ਼ਤ ਕੈਨੇਡਾ ਦੇ ਵੋਟਰਾਂ ਦੀ ਹਿਮਾਇਤ ਪ੍ਰਾਪਤ ਸੀ। ਲਿਹਾਜ਼ਾ ਕੰਜ਼ਰਵੇਟਿਵ ਪਾਰਟੀ ਆਗੂ ਪੇਅਰ ਪੋਲੀਅਵ ਫੈਡਰਲ ਚੋਣਾਂ ਹੋਣ ਦੀ ਸੂਰਤ ਵਿੱਚ ਦੇਸ਼ ਦਾ ਅਗਲਾ ਪ੍ਰਧਾਨ ਮੰਤਰੀ ਬਣੀ ਬੈਠਾ ਸੀ। ਲੇਕਿਨ ਵਿਸ਼ਵ ਪ੍ਰਸਿੱਧ ਆਰਥਿਕ ਮਾਹਿਰ, ਹਲੇਮੀ ਅਤੇ ਪ੍ਰਬੁੱਧਤਾ ਦੇ ਪੁੰਜ ਮਾਰਕ ਕਾਰਨੀ ਵੱਲੋਂ ਲਿਬਰਲ ਪਾਰਟੀ ਦੀ ਵਾਂਗ ਡੋਰ ਅਤੇ ਪ੍ਰਧਾਨ ਮੰਤਰੀ ਦਾ ਅਹੁਦਾ ਸੰਭਾਲਣ ਬਾਅਦ ਰਾਜਨੀਤਕ ਗਿਣਤੀਆਂ ਮਿਣਤੀਆਂ ਵਿੱਚ ਆਏ ਦਿਨ ਵੱਡਾ ਉਲਟ ਫੇਰ ਦੇਖਣ ਨੂੰ ਮਿਲਣ ਲੱਗਾ।
ਵੱਡਾ ਕਾਰਕ: ਇਸ ਦੌਰਾਨ 20 ਜਨਵਰੀ, 2025 ਨੂੰ ਡੌਨਲਡ ਟਰੰਪ ਵੱਲੋਂ ਅਮਰੀਕਾ ਦੇ 47ਵੇਂ ਰਾਸ਼ਟਰਪਤੀ ਵਜੋਂ ਪਦ ਸੰਭਾਲਣ ਬਾਅਦ ਉਸਨੇ ਕੈਨੇਡਾ ਸਮੇਤ ਪੂਰੇ ਵਿਸ਼ਵ ਅੰਦਰ ਅਣਚਾਹੇ ਟੈਰਿਫ ਠੋਕ ਕੇ ਵਪਾਰ ਜੰਗ ਛੇੜ ਦਿੱਤੀ। ਨਾਲ ਹੀ ਗਰੀਨਲੈਂਡ ਜਜ਼ੀਰੇ, ਇਸਰਾਈਲੀ ਗੋਲਾਬਾਰੀ ਕਰਕੇ ਬਣੇ ਕਬਾੜ ਦੇ ਢੇਰ ਗਾਜ਼ਾ ਪੱਟੀ, ਨਹਿਰ ਪਨਾਮਾ ਅਤੇ ਕੈਨੇਡਾ ਨੂੰ ਅਮਰੀਕਾ ਦੇ 51ਵੇਂ ਪ੍ਰਾਂਤ ਵਜੋਂ ਕਬਜ਼ੇ ਵਿੱਚ ਲੈਣ ਦੀਆਂ ਧਮਕੀਆਂ ਕਰਕੇ ਕੈਨੇਡਾ ਦੀ ਅਜ਼ਾਦੀ, ਪ੍ਰਭੂਸੱਤਾ ਅਤੇ ਰਾਸ਼ਟਰੀ ਹੋਂਦ ਨੂੰ ਖ਼ਤਰਾ ਪੈਦਾ ਹੋ ਗਿਆ।
ਲੇਕਿਨ ਮਾਰਕ ਕਾਰਨੇ ਨੇ ਕੈਨੇਡਾ ਵਾਸੀਆਂ ਵਿੱਚ ਇੱਕ ਤਜਰਬੇਕਾਰ, ਦਲੇਰ, ਸਮਰੱਥ ਅਤੇ ਨਿਡਰ ਦੂਰ ਅੰਦੇਸ਼ ਆਗੂ ਵਜੋਂ ਭਰੋਸੇਯੋਗਤਾ ਪੈਦਾ ਕਰਨ ਲਈ ਅਮਰੀਕੀ ਰਾਸ਼ਟਰਪਤੀ ਟਰੰਪ ਅੱਗੇ ਗੋਡੇ ਟੇਕਣ ਦੀ ਥਾਂ ਨਵੇਂ ਸਹਿਯੋਗੀਆਂ ਦੀ ਤਲਾਸ਼ ਅਤੇ ਸਥਾਪਤੀ ਲਈ ਟਰੂਡੋ ਵੱਲੋਂ ਅਮਰੀਕੀ ਦੌਰੇ ਉਲਟ ਯੂ.ਕੇ. ਅਤੇ ਫਰਾਂਸ ਦਾ ਦੌਰਾ ਕੀਤਾ। ਵਾਪਸੀ ’ਤੇ 24 ਮਾਰਚ, 2025 ਨੂੰ ਉਸਨੇ ਹਾਊਸਆਫ ਕੌਮਨਜ਼ ਭੰਗ ਕਰਨ ਦੀ ਸਿਫਾਰਸ਼ ਗਵਰਨਰ ਜਨਰਲ ਮੇਰੀ ਸਾਇਮਾ ਨੂੰ ਕਰਦੇ ਦੇਸ਼ ਵਿੱਚ ਨਵੀਂ ਲੀਡਰਸ਼ਿੱਪ ਅਤੇ ਨਵੀਂ ਸਰਕਾਰ ਦੀ ਚੋਣ ਲਈ 28 ਅਪਰੈਲ ਦੀਆਂ ਚੋਣਾਂ ਦਾ ਐਲਾਨ ਕਰ ਦਿੱਤਾ।
ਉਸ ਦੀ ਮਜ਼ਬੂਤ ਲੀਡਰਸ਼ਿੱਪ ਦੇ ਪ੍ਰਭਾਵ ਕਰਕੇ ਚੋਣ ਸਰਵੇ ਅਚੰਭਕ ਢੰਗ ਨਾਲ ਉਲਟ-ਪੁਲਟ ਹੋ ਗਏ। ਚੋਣ ਵਾਲੇ ਦਿਨ ਸਰਵੇ ਲਿਬਰਲ ਪਾਰਟੀ ਨੂੰ 44, ਕੰਜ਼ਰਵੇਟਿਵਾਂ ਨੂੰ 40, ਬਲਾਕ ਕਿਊਬੈਕ ਨੂੰ 7, ਐੱਨ.ਡੀ.ਪੀ. ਨੂੰ 6, ਗਰੀਨ ਪਾਰਟੀ ਨੂੰ 1 ਅਤੇ ਪੀਪਲਜ਼ ਪਾਰਟੀ ਨੂੰ 1 ਪ੍ਰਤੀਸ਼ਤ ਵੋਟਰਾਂ ਦੀ ਹਿਮਾਇਤ ਦਰਸਾਅ ਰਹੇ ਸਨ। ਘਰੇਲੂ ਕਰਿਆਨੇ ਦੀ 29 ਪ੍ਰਤੀਸ਼ਤ ਮਹਿੰਗਾਈ ਦੇ ਬਾਵਜੂਦ ਵੱਡੀ ਗਿਣਤੀ ਵਿੱਚ ਔਰਤਾਂ ਮਾਰਕ ਕਾਰਨੇ ਦੇ ਹੱਕ ਵਿੱਚ ਹੋ ਗਈਆਂ। ਕੰਜ਼ਰਵੇਟਿਵ ਪਾਰਟੀ ਦੀਆਂ ਔਰਤਾਂ ਘਰੀਂ ਕਹਿਣ ਲੱਗ ਪਈਆਂ ਕਿ ਉਹ ਡਾ. ਮਨਮੋਹਨ ਸਿੰਘ ਵਰਗਾ ਆਰਥਿਕ ਮਾਹਿਰ ਮਿਲਣ ਕਰਕੇ ਉਹ ਲਿਬਰਲ ਪਾਰਟੀ ਨੂੰ ਵੋਟ ਕਰਨਗੀਆਂ।
ਸ਼ਰਮਨਾਕ ਅੱਤਵਾਦੀ ਹਮਲਾ: ਕੈਨੇਡਾ ਵਿਸ਼ਵ ਦਾ ਇੱਕ ਖੂਬਸੂਰਤ, ਕੁਦਰਤੀ ਸ੍ਰੋਤਾਂ, ਖਣਿਜ ਪਾਦਰਥਾਂ, ਨੀਲੇ ਪਾਣੀਆਂ, ਗੈਸ ਅਤੇ ਤੇਲ ਜਿਹੇ ਕਾਲੇ ਸੋਨੇ, ਹਾਈਡਰੋ ਪਾਵਰ ਊਰਜਾ, ਖਾਣ-ਪੀਣ ਦੀਆਂ ਵਸਤਾਂ, ਡੇਅਰੀ, ਤਕਨੀਕੀ ਗਿਆਨ ਦੀ ਹੱਬ, ਵਿਸ਼ਾਲ ਟੂਰਿਜ਼ਮ ਨਾਲ ਭਰਪੂਰ ਦੇਸ਼ ਹੈ। ਨਾਨਕ ਦੀ ਕਿਰਤ ਦਾ ਜਾਗ੍ਰਿਤ ਸਰੂਪ ਇੱਥੇ ਸੁਭਾਏਮਾਨ ਹੈ। ਸਿੱਖ ਫਲਸਫੇ ਵਾਂਗ ‘ਘਾਲਿ ਖਾਇ ਕਿਛੁ ਹਥਹੁ ਦੇਇ’ ਅਨੁਸਾਰ ਵਿਸ਼ਵ ਦਾ ਸਭ ਤੋਂ ਵੱਡਾ ਦਾਨੀ ਦੇਸ਼ ਹੈ। ਇਸ ਦੇਸ਼ ਦੇ ਲੋਕ ਭਾਈਚਾਰਕ ਸਾਂਝ, ਸਮਾਜਿਕ ਇਨਸਾਫ, ਮਨੁੱਖੀ ਅਜ਼ਾਦੀਆਂ ਅਤੇ ਔਰਤ ਦੇ ਸਨਮਾਨ ਵਿੱਚ ਵਿਸ਼ਵਾਸ ਰੱਖਦੇ ਹਨ। ਇਸਦੀ ਕਿਸੇ ਵਿਸ਼ਵ ਦੇ ਦੇਸ਼ ਨਾਲ ਦੁਸ਼ਮਣੀ ਨਹੀਂ। ਅਤਿ ਦੀ ਹਲੇਮੀ ਭਰੇ ਲੋਕ ਹਨ। ਕੈਨੇਡਾ ਇਮਾਨਦਾਰੀ ਅਤੇ ਪਾਰਦਰਸ਼ਤਾ ਪੱਖੋਂ ਵਿਸ਼ਵ ਦੇ ਪਹਿਲੇ 5 ਲੋਕਤੰਤਰ ਦੇਸ਼ਾਂ ਵਿੱਚੋਂ ਇੱਕ ਹੈ, ਜਦਕਿ ਗੁਆਂਢੀ ਅਮਰੀਕਾ ਏਕਾਧਿਕਾਰਵਾਦੀ ਤਾਨਸ਼ਾਹ, ਸੁਪਰਫੌਜੀ ਸ਼ਕਤੀ ਵਜੋਂ ਵਿਸ਼ਵ ਥਾਣੇਦਾਰ ਅਤੇ ਹਮਲਾਵਰ ਤਬੀਅਤ, ਮਾਨਵ ਅਜ਼ਾਦੀਆਂ ਦਾ ਘਾਤੀ ਦੇਸ਼ ਹੈ। ਉਸਨੇ ਸੰਨ 1812, 1866 ਅਤੇ 1891 ਵਿੱਚ ਇਸ ਖਚੂਬਸੂਰਤ ਦੇਸ਼ ’ਤੇ ਕਬਜ਼ਾ ਜਮਾਉਣ ਦੇ ਯਤਨ ਕੀਤੇ।
28 ਅਪਰੈਲ, ਮਤਦਾਨ ਵਾਲੇ ਦਿਨ ਅਮਰੀਕੀ ਰਾਸ਼ਟਰਪਤੀ ਟਰੰਪ ਨੇ ਕੈਨੇਡਾ ਚੋਣਾਂ ਵਿੱਚ ਸਿੱਧਾ ਦਖਲ ਦਿੰਦੇ ਕਿਹਾ ਕਿ ਉਹ ਕੈਨੇਡਾ ਦੇ ਮਹਾਨ ਲੋਕਾਂ ਲਈ ਚੰਗੀ ਕਾਮਨਾ ਕਰਦਾ ਹੈ। ਉਹ ਉਸ ਵਿਅਕਤੀ (ਭਾਵ ਮੈਨੂੰ) ਨੂੰ ਵੋਟ ਕਰਨ ਜਿਸ ਕੋਲ ਸ਼ਕਤੀ ਅਤੇ ਸੂਝ ਹੈ ਉਨ੍ਹਾਂ ਦੇ ਟੈਕਸ ਅੱਧੇ ਕਰਨ, ਉਨ੍ਹਾਂ ਦੀ ਫੌਜੀ ਸ਼ਕਤੀ ਵਧਾਉਣ, ਮੁਫ਼ਤ ਵਿੱਚ ਵਿਸ਼ਵ ਦੀ ਟੀ.ਸੀ. ’ਤੇ ਪਹੁੰਚਾਉਣ ਦੀ, ਉਨ੍ਹਾਂ ਦੀਆਂ ਕਾਰਾਂ, ਸਟੀਲ, ਐਲਮੂਨੀਅਮ, ਲੱਕੜ, ਊਰਜਾ ਅਤੇ ਹੋਰ ਵਸਤਾਂ ਖਰੀਦਣ ਦੀ, ਉਨ੍ਹਾਂ ਨੂੰ ਚੌਗਣੇ ਰੂਪ ਵਿੱਚ ਜ਼ੀਰੋ ਟੈਕਸਾਂ ਅਤੇ ਟੈਰਿਫਾਂ ਰਾਹੀਂ ਵਿਕਸਿਤ ਕਰਨ ਦੀ, ਜੇਕਰ ਉਹ ਅਮਰੀਕਾ ਦਾ 51ਵਾਂ ਸੂਬਾ ਬਣ ਜਾਣ।
ਅਮਰੀਕੀ ਰਾਸ਼ਟਰਪਤੀ ਦੇ ਨੀਮ ਪਾਗਲਪਣ ਦੇ ਦੌਰੇ ਕਰਕੇ ਇਹ ਕਿਸੇ ਮਾਰੂ ਸ਼ਰਮਨਾਕ ਅੱਤਵਾਦੀ ਹਮਲੇ ਤੋਂ ਘੱਟ ਕਾਰਵਾਈ ਨਹੀਂ ਸੀ। ਕੰਜ਼ਰਵੇਟਿਵ ਆਗੂ ਪੈਰੇ ਪੋਲੀਅਵਰ ਅਤੇ ਲਿਬਰਲ ਪਾਰਟੀ ਆਗੂ ਕਾਰਨੇ ਨੇ ਇਸਦਾ ਮੂੰਹ ਤੋੜ ਜਵਾਬ ਦਿੰਦੇ ਉਸ ਨੂੰ ਕੈਨੇਡਾ ਚੋਣਾਂ ਤੋਂ ਦੂਰ ਰਹਿਣ ਦੀ ਤੰਬੀਹ (ਚਿਤਾਵਨੀ) ਕੀਤੀ ਅਤੇ ਸਾਫ ਕਿਹਾ ਕਿ ਸਾਡਾ ਪ੍ਰਭੂਸੱਤਾ ਸੰਪਨ ਅਜ਼ਾਦ ਦੇਸ਼ ਕਦੇ ਅਮਰੀਕਾ ਦਾ 55ਵਾਂ ਸੂਬਾ ਨਹੀਂ ਬਣੇਗਾ। ਕਾਰਨੀ ਨੇ ਕੈਨੇਡੀਅਨਾਂ ਵਿੱਚ ਰਾਸ਼ਟਰਵਾਦ ਦੀ ਰੂਹ ਫੂਕਣ ਲਈ ਦੱਸਿਆ ਕਿ ਅਮਰੀਕੀ ਰਾਸ਼ਟਰਪਤੀ ਦਾ ਅਸਲ ਮਕਸਦ ਸਾਡੇ ਦੇਸ਼ ਨੂੰ ਤੋੜਨਾ ਹੈ ਤਾਂ ਕਿ ਉਹ ਇਸ ’ਤੇ ਕਬਜ਼ਾ ਕਰ ਸਕੇ। ਅਜਿਹਾ ਕਦੇ ਨਹੀਂ ਹੋਵੇਗਾ।
ਗਹਿਗੱਚ ਚੋਣ ਪ੍ਰਚਾਰ: ਕੰਜ਼ਰਵੇਟਿਵ ਪਾਰਟੀ ਨੇ ਦੇਸ਼ ਅੰਦਰ ਰਾਜਨੀਤਕ ਬਦਲਾ ਲੈਣ ਲਈ ਜਦੋਂ ਕਿ ਲਿਬਰਲ ਪਾਰਟੀ ਨੇ ਇਸਦੀ ਮੁੜ ਤੋਂ ਸਥਾਪਤੀ ਲਈ ਰੋਜ਼ਾਨਾ ਜੀਵਨ ਬਸਰ ਕਰਨ ਦੀ ਲਾਗਤ ਵਿੱਚ ਵਾਧੇ 47, ਟਰੰਪ ਟੈਰਿਫ ਅਤੇ ਅਮਰੀਕੀ ਕਬਜ਼ੇ ਸੰਬੰਧੀ 35, ਆਰਥਿਕ ਮੰਦੀ ਸੰਬੰਧੀ 33, ਅਵਾਸ ਸਮੱਸਿਆ ਪ੍ਰਤੀ 24, ਸਿਹਤ ਸੰਬੰਧੀ 23, ਅਪਰਾਧ ’ਤੇ ਸੁਰੱਖਿਆ ਸੰਬੰਧੀ 15, ਪ੍ਰਵਾਸ ਸੰਬੰਧੀ 14, ਜਲਵਾਯੂ ਸੰਭਾਲ ਸੰਬੰਧੀ 14 ਅਤੇ ਟੈਕਸ ਭਾਰ ਸੰਬੰਧੀ 12 ਪ੍ਰਤੀਸ਼ਤ ਦਰ ਨਾਲ ਕੈਨੇਡੀਅਨਾਂ ਦੇ ਨੱਕ ਵਿੱਚ ਦਮ ਕਰ ਰਹੇ ਮੁੱਦੇ ਹੱਲ ਕਰਨ ਲਈ ਆਪੋ-ਆਪਣੇ ਰੋਡ ਮੈਪ ਪੇਸ਼ ਕੀਤੇ। ਐੱਨ.ਡੀ.ਪੀ. ਮੁਲਾਜ਼ਮਾਂ, ਕਿਰਤੀਆਂ, ਬੇਘਰੇ, ਸਥਾਨਕ ਲੋਕਾਂ ਦੇ ਹੱਕਾਂ, ਦੰਦ ਅਤੇ ਫਾਰਮਾਕੇਅਰ ਸੰਬੰਧੀ ਮੁੱਦਿਆਂ ਦੇ ਹੱਲ ਲਈ ਰੋਡ ਮੈਪ ਪ੍ਰਚਾਰਦੀ ਵਿਖਾਈ ਦਿੱਤੀ ਜਦਕਿ ਗਰੀਨ ਪਾਰਟੀ ਦਾ ਜ਼ੋਰ ਪ੍ਰਵਾਸ ਅਤੇ ਜਲਵਾਯੂ ਸੰਭਾਲ ਪ੍ਰਤੀ ਦੇਖਣ ਨੂੰ ਮਿਲਿਆ। ਬਲਾਕ ਕਿਉਬੈੱਕ ਫਰੈਂਚ ਭਾਸ਼ਾਈ ਕਿਊਬੈਕ ਦੀਆਂ ਸਮੱਸਿਆਵਾਂ ਪ੍ਰਤੀ ਕੇਂਦਰਤ ਰਹੀ।
ਹੈਰਾਨਕੁਨ ਨਤੀਜੇ: ਕਮਾਲ ਦੀ ਗੱਲ ਇਹ ਰਹੀ ਕਿ ਚੋਣ ਨਤੀਜਿਆਂ ਵਿੱਚ ਕਿਸੇ ਰਾਜਨੀਤਕ ਪਾਰਟੀ ਨੂੰ ਬਹੁਮਤ ਪ੍ਰਾਪਤ ਨਹੀਂ ਹੋਇਆ ਪਰ ਲਹੂ ਲੁਹਾਣ ਲਿਬਰਲ ਪਾਰਟੀ ਨੂੰ ਮਾਰਕ ਕਾਰਨੇ ਦੀ ਮਜ਼ਬੂਤ ਲੀਡਰਸ਼ਿੱਪ ਨੇ ਜੇਤੂ ਲਕੀਰ ਦੇ ਬਿਲਕੁਲ ਕੰਢੇ ’ਤੇ ਲਿਆ ਕੇ ਖੜ੍ਹਾ ਕਰ ਦਿੱਤਾ। 343 ਦੇ ਸਦਨ ਵਿੱਚ ਬਹੁਮਤ ਲਈ 172 ਸੀਟਾਂ ਜ਼ਰੂਰੀ ਸਨ ਜਦਕਿ ਲਿਬਰਲ ਪਾਰਟੀ 169 ਸੀਟਾਂ ਲੈ ਕੇ ਸਭ ਤੋਂ ਵੱਡੀ ਪਾਰਟੀ ਵਜੋਂ ਉੱਭਰੀ। ਬਦਲਾਅ ਦੇ ਹੋਕੇਦਾਰ ਪੌਲੀਅਵ ਦੀ ਅਗਵਾਈ ਵਾਲੀ ਕੰਜ਼ਰਵੇਟਿਵ ਪਾਰਟੀ ਨੂੰ 144, ਜਗਮੀਤ ਸਿੰਘ ਦੀ ਅਗਵਾਈ ਵਾਲੀ ਐੱਨ.ਡੀ.ਪੀ. ਨੂੰ 7, ਬਲੌਂਚੇ ਦੀ ਅਗਵਾਈ ਵਾਲੀ ਬਲਾਕ ਕਿਊਬੈਕ ਨੂੰ 22, ਜੋਨਾਥਨ ਪੈਡਨਾਲਟ ਦੀ ਅਗਵਾਈ ਵਾਲੀ ਗਰੀਨ ਪਾਰਟੀ ਨੂੰ ਸਿਰਫ਼ 1 ਸੀਟ ਹਾਸਲ ਹੋਈ। ਇਵੇਂ ਕੇਨੇਡੀਅਨਾਂ ਨੇ ਮਾਰਕ ਕਾਰਨੀ ਦੀ ਲਿਬਰਲ ਪਾਰਟੀ ਦੇ ਹੱਕ ਵਿੱਚ ਫਤਵਾ ਦਿੱਤਾ। ਮਾਰਕ ਕਾਰਨੀ ਦੇਸ਼ ਦੇ 25ਵੇਂ ਪ੍ਰਧਾਨ ਮੰਤਰੀ ਬਣ ਗਏ ਹਨ।
ਹੈਰਾਨਗੀ ਦੀ ਗੱਲ ਇਹ ਰਹੀ ਕਿ ਕੰਜ਼ਰਵੇਟਿਵ ਆਗੂ ਪੌਲੀਅਵ ਦੇ ਪ੍ਰਧਾਨ ਮੰਤਰੀ ਬਣਨ ਦੇ ਸੁਪਨੇ ਚੂਰ ਹੋਣ ਤੋਂ ਇਲਾਵਾ ਉਹ ਆਪਣੇ ਹਲਕੇ ਕਾਰਲੇਟਨ, ਐੱਨ.ਡੀ.ਪੀ. ਆਗੂ ਜਗਮੀਤ ਸਿੰਘ ਬਰਨਬੀ, ਗਰੀਨ ਪਾਰਟੀ ਕੋਲੀਡਰ ਅਟਰਾਮੋਟ ਅਤੇ ਪੀਪਲਜ਼ ਪਾਰਟੀ ਆਗੂ ਮੈਕਸਮ ਬਰਨੀਅਰ ਬੀਊਸ ਹਲਕੇ ਵਿੱਚ ਹਾਰ ਗਏ। ਐੱਨ.ਡੀ.ਪੀ. ਤਾਂ ਆਪਣੀ ਰਾਸ਼ਟਰੀ ਪਾਰਟੀ ਵਜੋਂ ਮਾਨਤਾ ਵੀ ਖੋਹ ਬੈਠੀ। ਇਸ ਲਈ ਸਦਨ ਵਿੱਚ 12 ਸੀਟਾਂ ਹੋਣਾ ਜ਼ਰੂਰੀ ਹੈ।
ਪੰਜਾਬੀਆਂ ਦੀ ਚੜ੍ਹਤ: ਇਨਾਂ ਚੋਣਾਂ ਵਿੱਚ ਸੰਨ 2021 ਦੀਆਂ ਚੋਣਾਂ ਵਿੱਚ 18 ਦੇ ਮੁਕਾਬਲੇ 22 ਪੰਜਾਬੀਆਂ ਨੇ ਜਿੱਤ ਦੇ ਝੰਡੇ ਗੱਡੇ ਹਨ। ਇੰਨ੍ਹਾਂ ਵਿੱਚ 6 ਔਰਤਾਂ, 6 ਪੱਗੜੀਧਾਰੀ ਅਤੇ 10 ਦੂਸਰੇ ਸ਼ਾਮਲ ਹਨ। ਲਿਬਰਲ ਪਾਰਟੀ ਨਾਲ ਸੰਬੰਧਿਤ ਰੂਬੀ ਮਹੋਤਾ, ਮਨਿੰਦਰ ਸਿੱਧੂ, ਅਮਨਦੀਪ, ਸੋਨੀਆ ਸਿੱਧੂ, ਅਨੀਤਾ ਅਨੰਦ, ਬਰਦੀਸ਼ ਚੱਗਰ, ਅੰਜੂ ਢਿੱਲੋਂ, ਸੁੱਖ ਧਾਲੀਵਾਲ, ਇਕਵਿੰਦਰ ਸਿੰਘ, ਰਮਨਦੀਪ ਸਿੰਘ, ਰਣਦੀਪ ਸਰਾਏ, ਗੁਰਬਖ਼ਸ਼ ਸੈਣੀ, ਪ੍ਰਮ ਬੈਂਸ ਹਨ ਜਦਕਿ ਕੰਜ਼ਰਵੇਟਿਵ ਪਾਰਟੀ ਨਾਲ ਸੰਬੰਧਿਤ ਜਸਰਾਜ ਹੱਲਨ, ਦਲਵਿੰਦਰ ਗਿੱਲ, ਅਮਨਪ੍ਰੀਤ ਗਿੱਲ, ਅਰਪਨ ਖੰਨਾ, ਟਿਮ ਉੱਪਲ, ਪ੍ਰਮ ਗਿੱਲ, ਸੁਖਮਨ ਗਿੱਲ, ਜਗਸ਼ਰਨ ਮਾਹਲ ਅਤੇ ਹਰਬ ਗਿੱਲ ਹਨ। ਨਿਸ਼ਚਿਤ ਤੌਰ ’ਤੇ ਉਹ ਕਾਰਨੀ ਕੈਬਨਿਟ ਵਿੱਚ ਸੁਸ਼ੋਭਿਤ ਵੇਖੇ ਜਾਣਗੇ। ਇਸੇ ਕਰਕੇ ਕੈਨੇਡਾ ਪੰਜਾਬੀਆਂ ਅਤੇ ਸਿੱਖ ਭਾਈਚਾਰੇ ਦਾ ਦੂਸਰਾ ਘਰ ਮੰਨਿਆ ਜਾਂਦਾ ਹੈ।
ਮਿਲਕੇ ਚੱਲਣ ਦਾ ਵੇਲਾ: ਬਹੁਤ ਹੀ ਖੂਬਸੂਰਤ ਸੁਹਜ ਭਰੇ ਸ਼ਬਦਾਂ ਵਿੱਚ ਜਿੱਤ ਤੋਂ ਬਾਅਦ ਕਾਰਨੀ ਨੇ ਕਿਹਾ ਕਿ ਜਿਸਦਾ ਵੀ ਕੈਨੇਡਾ ਘਰ ਹੈ ਉਹ ਭਾਵੇਂ ਜਿੱਥੇ ਮਰਜ਼ੀ ਰਹਿੰਦਾ ਹੋਵੇ, ਜਿਹੜੀ ਮਰਜ਼ੀ ਭਾਸ਼ਾ ਬੋਲਦਾ ਹੋਵੇ, ਜਿਸ ਨੂੰ ਮਰਜ਼ੀ ਵੋਟ ਪਾਈ ਹੋਵੇ, ਮੈਂ ਉਨ੍ਹਾਂ ਸਭ ਦੀ ਬਾਖੂਬੀ ਪ੍ਰਤੀਨਿਧਤਾ ਕਰਾਂਗਾ। ਪ੍ਰਧਾਨ ਮੰਤਰੀ ਨਰੇਂਦਰ ਮੋਦੀ ਵਾਂਗ ‘ਸਭ ਕਾ ਸਾਥ, ਸਬਕਾ ਵਿਕਾਸ’ ਦਾ ਵਾਅਦਾ ਕੀਤਾ।
ਕਰੀਬ 33 ਪ੍ਰਸਿੱਧ ਕਾਰਪੋਰੇਟਰਾਂ ਨੇ ਰਾਜਨੀਤਕ ਬਦਲ ਲਈ ਪੋਲੀਅਵਰ ਦੇ ਹੱਕ ਵਿੱਚ ਇੱਕ ਇਸ਼ਤਿਹਾਰ ਵਿੱਚ ਕਿਹਾ ਸੀ, “ਕੈਨੇਡਾ ਦੇ ਕਾਰੋਬਾਰੀ ਮਿੱਤਰੋ: ਇਹ ਤਬਦੀਲੀ ਦਾ ਮੌਕਾ ਹੈ।” ਕਾਰਨੀ ਨੇ ਇਸ ਐਡ ਮੁਤਾਬਿਕ ਸਮੂਹ ਕੈਨੇਡੀਅਨ ਕਾਰੋਬਾਰੀ ਜਗਤ ਨੂੰ ਉਨ੍ਹਾਂ ਦੀਆਂ ਇੱਛਾ ਪੂਰਤੀ ਲਈ ਤਬਦੀਲੀਆਂ ਪ੍ਰਦਾਨ ਕਰਨ ਦਾ ਭਰੋਸਾ ਦਿੱਤਾ। ਉਨ੍ਹਾਂ ਜੀ 7 ਦੇਸ਼ਾਂ ਵਿੱਚ ਕੈਨੇਡਾ ਨੂੰ ਮਜ਼ਬੂਤ ਆਰਥਿਕ ਸ਼ਕਤੀ ਸਥਾਪਿਤ ਕਰਨ ਦਾ ਭਰੋਸਾ ਦਿੱਤਾ। ਕਾਰਪੋਰੇਟ ਟੈਕਸ 26.2 ਤੋਂ ਘਟਾ ਕੇ ਅਮਰੀਕਾ ਬਰਾਬਰ 21 ਪ੍ਰਤੀਸ਼ਤ ਕਰਨ ਦਾ ਭਰੋਸਾ ਦਿੱਤਾ।
5 ਲੱਖ ਘਰਾਂ ਦੀ ਉਸਾਰੀ, ਦੋ ਆਮਦਨਾਂ ਵਾਲੇ ਪਰਿਵਾਰਾਂ ਨੂੰ 825 ਡਾਲਰ ਸਲਾਨਾ ਰਾਹਤ, 18 ਤੋਂ 64 ਸਾਲ ਦੇ ਲੋਕਾਂ ਨੂੰ 800 ਡਾਲਰ ਦੰਦਾਂ ਦੀ ਸੰਭਾਲ ਲਈ ਦੇਣ, ਬੱਚਿਆਂ ਅਤੇ ਬਜ਼ੁਰਗਾਂ ਦੀ ਸਾਂਭ-ਸੰਭਾਲ, ਕੀਮਤਾਂ ਉੱਤੇ ਕੰਟਰੋਲ ਦਾ ਵਾਅਦਾ ਕੀਤਾ।
29 ਅਪਰੈਲ ਨੂੰ ਅਮਰੀਕੀ ਰਾਸ਼ਟਰਪਤੀ ਨਾਲ ਫੋਨ ’ਤੇ ਗੱਲਬਾਤ ਕਰਕੇ ਇੱਕ ਹਫ਼ਤੇ ਮਿਲਣ ਅਤੇ ਦੁਵੱਲੇ ਮਸਲੇ ਸੁਲਝਾਉਣ ਦਾ ਅਹਿਦ ਕੀਤਾ। ਟਰੰਪ ਨੇ ਪ੍ਰਧਾਨ ਮੰਤਰੀ ਕਾਰਨੀ ਨੂੰ ਜਿੱਤ ਦੀ ਵਧਾਈ ਦਿੱਤੀ। ਇਹ ਕਾਰਨੀ ਦੀ ਦੂਰ ਦਰਸ਼ਤਾ ਦਾ ਪ੍ਰਗਟਾਵਾ ਹੈ।
ਪ੍ਰਧਾਨ ਮੰਤਰੀ ਕਾਰਨੀ: ਮਾਰਕ ਕਾਰਨੀ 16 ਮਾਰਚ, 1965 ਵਿੱਚ ਵਰਲੀ ਮਾਰਗ੍ਰੇਟ ਕੁੱਖੋਂ ਪ੍ਰਿੰਸੀਪਲ ਰਾਬਰਟ ਮਾਰਟਨ ਕਾਰਨੀ ਦੇ ਗ੍ਰਹਿ ਵਿਖੇ ਉੱਤਰ ਪੱਛਮੀ ਖੇਤਰ ਦੇ ਸ਼ਹਿਰ ਫੋਰਟ ਸਮਿੱਥ ਵਿੱਚ ਜਨਮੇ। ਸਕੂਲੀ ਸਿੱਖਿਆ ਐਡਮਿੰਟਨ, ਅਲਬਰਟਾ ਵਿਖੇ ਪ੍ਰਾਪਤ ਕੀਤੀ। ਹਾਰਵਾਰਡ ਯੂਨੀਵਰਸਿਟੀ ਅਮਰੀਕਾ ਤੋਂ ਗ੍ਰੈਜੂਏਸ਼ਨ ਬਾਅਦ ਪੀ.ਐੱਚ.ਡੀ ਆਕਸਫੋਰਡ ਯੂਨੀਵਰਸਿਟੀ ਲੰਡਨ (ਯੂ.ਕੇ) ਤੋਂ ਕੀਤੀ। ਸੰਨ 2003 ਵਿੱਚ ਡਿਪਟੀ, ਸੰਨ 2007 ਤੋਂ 2013 ਤਕ ਬੈਂਕ ਆਫ ਕੈਨੇਡਾ, ਸੰਨ 2013 ਤੋਂ 2020 ਤਕ ਬੈਂਕ ਆਫ ਇੰਗਲੈਂਡ ਦੇ ਗਵਰਨਰ ਰਹੇ। ਸੰਨ 2007-08 ਵਿੱਚ ਦੇਸ਼ ਨੂੰ ਆਰਥਿਕ ਮੰਦੀ ਤੋਂ ਬਚਾਇਆ। ਵਿਸ਼ਵ ਬੈਂਕ ਸਮੇਤ ਅਨੇਕ ਪ੍ਰਸਿੱਧ ਵਿੱਤੀ ਸੰਸਥਾਵਾਂ ਵਿੱਚ ਕੰਮ ਕੀਤਾ। ਕੈਨੇਡਾ ਦਾ ਸੁਭਾਗ ਹੈ ਕਿ ਉਸ ਨੂੰ ਸੰਕਟ ਅਤੇ ਅਮਰੀਕੀ ਆਰਥਿਕ ਡਰਾਵਿਆਂ ਨੂੰ ਮਜ਼ਬੂਤੀ, ਨਿਡਰਤਾ ਅਤੇ ਸੂਝ-ਬੂਝ ਭਰੀ ਹਲੀਮੀ ਨਾਲ ਨਜਿੱਠਣ ਲਈ ਭਾਰਤੀ ਡਾ. ਮਨਮੋਹਨ ਸਿੰਘ ਅਰਥ ਸ਼ਾਸਤਰੀ ਵਰਗਾ ਵਿਅਕਤੀ ਪ੍ਰਧਾਨ ਮੰਤਰੀ ਵਜੋਂ ਮਿਲਿਆ। ਭਾਰਤ ਦੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਸਮੇਤ ਵਿਸ਼ਵ ਭਰ ਦੇ ਉੱਘੇ ਦੇਸ਼ਾਂ ਦੇ ਆਗੂਆਂ, ਪ੍ਰਸਿੱਧ ਕਾਰੋਬਾਰੀਆਂ ਅਤੇ ਬੁੱਧੀਜੀਵੀਆਂ ਨੇ ਉਨ੍ਹਾਂ ਨੂੰ ਵਧਾਈ ਦਿੱਤੀ ਅਤੇ ਆਪਸੀ ਨਿੱਘੇ ਸੰਬੰਧਾਂ ਦੀ ਕਾਮਨਾ ਕੀਤੀ। ਗੁਆਂਢੀ ਮੁਲਕਾਂ ਕੈਨੇਡਾ ਅਤੇ ਅਮਰੀਕਾ ਵੱਲੋਂ ਅਜ਼ਾਦ ਅਤੇ ਪ੍ਰਭੂਸਤਾ ਸੰਪਨ ਦੇਸ਼ਾਂ ਵਜੋਂ ਮਿਲ ਕੇ ਚੱਲਣ ਦੀ ਇੱਛਾ ਪ੍ਰਗਟ ਕੀਤੀ। ਇਹ ਲੋਕ ਉਨ੍ਹਾਂ ਦੀ ਪ੍ਰਬੁੱਧਤਾ ਦੇ ਕਾਇਲ ਹਨ। ਕੈਨੇਡਾ ਨੂੰ ਮੁੜ ਵਿਸ਼ਵ ਦਾ ਨੰਬਰ ਇੱਕ ਦੇਸ਼ ਸਥਾਪਿਤ ਕਰਕੇ ਜਨਤਕ ਵਿਸ਼ਵਾਸ ਬਲਬੂਤੇ ਭਵਿੱਖੀ ਚੋਣਾਂ ਵਿੱਚ ਬਹੁਮਤ ਪ੍ਰਾਪਤ ਕਰਕੇ ਉਹ ਨਿਰਸੰਦੇਹ ਪ੍ਰਧਾਨ ਮੰਤਰੀ ਵਜੋਂ ਲੰਬੀ ਪਾਰੀ ਖੇਡ ਸਕਦੇ ਹਨ।
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (This email address is being protected from spambots. You need JavaScript enabled to view it.om)