DarbaraSKahlon8ਇਹ ਵੀ ਸੱਚ ਹੈ ਕਿ ਪੰਜਾਬ ਵਿੱਚ ਭਾਜਪਾ ਦਾ ਕੋਈ ਜਨਤਕ ਅਧਾਰ ਨਹੀਂ ਹੈ ਭਾਵੇਂ ...
(28 ਅਪਰੈਲ 2026)


ਰਾਘਵ ਚੱਢਾ
- ਜਿਵੇਂ ਮਗਧ ਦੇ ਰਾਜਾ ਮਹਾਂਪਦਮ ਨੰਦ ਨੇ ਭਰੀ ਸਭਾ ਵਿੱਚੋਂ ਉੱਘੇ ਵਿਦਵਾਨ ਅਤੇ ਕੂਟਨੀਤਕ ਚਾਣਕੀਆ ਨੂੰ ਬੇਇਜ਼ਤ ਕਰਕੇ ਬਾਹਰ ਕੱਢਿਆ ਸੀ ਅਤੇ ਜਿਸਨੇ ਉਸਦੇ ਅਤੇ ਉਸਦੇ ਰਾਜ ਸ਼ਾਸਨ ਦੇ ਵਿਨਾਸ਼ ਦੀ ਸੌਂਹ ਖਾਧੀ ਸੀ, ਉਵੇਂ ਹੀ ਜਿਸ ਦਿਨ ਤੋਂ ਏਕਾਧਿਕਾਰਵਾਦੀ ਤਾਨਾਸ਼ਾਹ ਸੋਚ ਵਾਲੇ ਆਮ ਆਦਮੀ ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਜਿਸ ਦਿਨ ਰਾਘਵ ਚੱਢਾ ਨੂੰ ਰਾਜਸਭਾ ਦੇ ਅੰਦਰ ਪਾਰਟੀ ਦੇ ਉਪ ਆਗੂ ਦੇ ਪਦ ਤੋਂ ਬੇਇੱਜਤ ਕਰਕੇ ਬਾਹਰ ਕੱਢਿਆ ਸੀ, ਉਸਨੇ ਵੀ ਉਸੇ ਦਿਨ ਤੋਂ ਇਹ ਸੌਂਹ ਖਾ ਲਈ ਸੀ ਕਿ ਉਹ ਇਸ ਏਕਾ ਅਧਿਕਾਰ ਸੋਚ ਦੇ ਆਗੂ ਅਤੇ ਉਸਦੀ ਪਾਰਟੀ ਦੇ ਪਰਖਚੇ ਉਡਾ ਕੇ ਰੱਖ ਦੇਵੇਗਾ। ਵਿਡੰਬਨਾ ਦੇਖੋ, ਜੋ ਨੁਕਸਾਨ 26 ਨਵੰਬਰ, 2012 ਨੂੰ ਗਠਤ ਇਸ ਪਾਰਟੀ ਦੀ ਭਰੀ ਸਭਾ ਵਿੱਚੋਂ ਬੇਇਜ਼ਤ ਕਰਕੇ ਵਾਰੋ ਵਾਰੀ ਕੱਢੇ ਗਏ, ਮਹਾਰਥੀ ਆਗੂ ਜਿਵੇਂ ਕਿ ਪ੍ਰਸ਼ਾਂਤ ਭੂਸ਼ਣ, ਯੋਗਿੰਦਰ ਯਾਦਵ, ਕੁਮਾਰ ਵਿਸ਼ਵਾਸ, ਸਾਜੀਆ ਇਲਮੀ, ਕਪਲ ਮਿਸ਼ਰਾ, ਮਯੰਕ ਗਾਂਧੀ, ਆਸੂਤੋਸ਼, ਸੁੱਚਾ ਸਿੰਘ ਛੋਟੇਪੁਰ, ਸਵਾਤੀ ਮਾਲੀਵਾਲ ਆਦਿ ਨਾ ਪਹੁੰਚਾ ਸਕੇ, ਉਹ ਰਾਘਵ ਚੱਡਾ ਨੇ ਡੰਕੇ ਦੀ ਚੋਟ ਨਾਲ ਕਰ ਵਿਖਾਇਆ। ਇਸ ਪਿੱਛੇ ਭਾਜਪਾ ਦੇ ਚਾਣਕੀਅ ਵਜੋਂ ਪ੍ਰਸਿੱਧ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਰਾਜਨੀਤਕ ਜੋੜ ਤੋੜ ਇੰਜਨੀਅਰਿੰਗ ਦਾ ਵੱਡਾ ਹੱਥ ਹੈ। ਆਮ ਆਦਮੀ ਪਾਰਟੀ ਦੇ ਦਲ ਬਦਲੂਆਂ ਅਤੇ ਭਾਜਪਾ ਲੀਡਰਸ਼ਿੱਪ ਨੇ ਇਸ ਦਲ ਬਦਲੀ ਦੀ ਕੰਨੋ ਕੰਨ ਕਿਧਰੇ ਸੂਹ ਨਾ ਲੱਗਣ ਦਿੱਤੀ। ਅਰਵਿੰਦ ਕੇਜਰੀਵਾਲ ਵਰਗੇ ਤੇਜ਼ ਤਰਾਰ ਰਾਜਨੀਤਿਕ ਆਗੂ ਨੂੰ ਠਿੱਬੀ ਲਾ ਕੇ ਉਸ ਥਾਂ ਧੌਣ ਭਰਨੇ ਸੁੱਟਿਆ, ਜਿੱਥੇ ਪਾਣੀ ਦਾ ਤੁਪਕਾ ਵੀ ਹਾਸਲ ਨਹੀਂ ਸੀ।

ਗੁਬਾਰ ਦੇਖਦੇ ਰਹੇ:

“ਨਈ ਉਮਰ ਕੀ ਨਈ ਫਸਲ” ਖੂਬਸੂਰਤ ਫਿਲਮ ਦੇ ਮਸ਼ਹੂਰ ਗਾਣੇ “ਕਾਰਵਾਂ ਗੁਜ਼ਰ ਗਿਆ, ਗੁਬਾਰ ਦੇਖਦੇ ਰਹੇ” ਵਾਲਾ ਹਾਲ ਆਮ ਆਦਮੀ ਪਾਰਟੀ ਅਤੇ ਇਸਦੀ ਲੀਡਰਸ਼ਿੱਪ ਦਾ ਹੁੰਦਾ ਦੇਖਿਆ ਗਿਆ। ਦਰਅਸਲ ਇਹ ਅਸਲ ਅਪਰੇਸ਼ਨ ਲੋਟਸ ਸੀ ਜਿਸ ਨੂੰ ਤੱਕ ਕੇ ਆਮ ਆਦਮੀ ਪਾਰਟੀ ਲੀਡਰਸ਼ਿੱਪ ਹੈਰਾਨ ਪਰੇਸ਼ਾਨ ਹੋ ਕੇ ਰਹਿ ਗਈ। ਦੇਖਦੇ ਹੀ ਦੇਖਦੇ ਇਸਦੇ ਦਸ ਰਾਜਸਭਾ ਮੈਂਬਰਾਂ ਵਿੱਚੋਂ ਸੱਤ ਦਾ ਕਾਫਲਾ ਧੂੜ ਅਤੇ ਗੁਬਾਰ ਉਡਾਉਂਦਾ ਭਾਜਪਾ ਵਿੱਚ ਜਾਂ ਸ਼ਾਮਲ ਹੋ ਗਿਆ। ਹੈਰਾਨੀ ਦੀ ਗੱਲ ਇਹ ਹੈ ਕਿ ਜਿਸ ਰਾਘਵ ਚੱਡਾ ਦੀ ਥਾਂ ਲੱਡੂਆਂ ਵਾਲੀ ਲਵਲੀ ਯੂਨੀਵਰਸਿਟੀ ਦੇ ਲੱਡੂਆਂ ਤੇ ਵਪਾਰੀ ਚਾਂਸਲਰ ਅਸ਼ੋਕ ਮਿੱਤਲ ਨੂੰ ਰਾਜ ਸਭਾ ਦਾ ਸ੍ਰੀ ਕੇਜਰੀਵਾਲ ਨੇ ਉਪ ਲੀਡਰ ਥਾਪਿਆ ਸੀ, ਉਹ ਵੀ ਇਸ ਕਾਰਵਾਂ ਦੇ ਅੱਗੇ ਅੱਗੇ ਉਹਨਾਂ ਨਾਲ ਵਿਕਰਮਜੀਤ ਸਾਹਨੀ (ਜੋ ਪਹਿਲਾਂ ਹੀ ਭਾਜਪਾ ਵੱਲੋਂ ਆਮ ਆਦਮੀ ਪਾਰਟੀ ਵਿੱਚ ਡੈਪੂਟੇਸ਼ਨ ’ਤੇ ਭੇਜਿਆ ਹੋਇਆ ਸੀ) ਟਰਾਈਡੈਂਟ ਗਰੁੱਪ ਦੇ ਮਾਲਕ ਰਜਿੰਦਰ ਗੁਪਤਾ, ਭਾਜਪਾ ਪੱਖੀ ਕ੍ਰਿਕਟਰ ਹਰਭਜਨ ਸਿੰਘ ਭੱਜੀ, ਸੰਦੀਪ ਪਾਠਕ ਅਤੇ ਸਵਾਤੀ ਮਾਲੀਵਾਲ ਸਮੇਤ ਭਾਜਪਾ ਵਿੱਚ ਸ਼ਾਮਲ ਹੋਏ। ਦਲ ਬਦਲੀ ਵੇਲੇ ਕਿਸੇ ਸੰਵਿਧਾਨਿਕ ਅੜਿਚਣ ਤੋਂ ਬਚਣ ਲਈ ਉਹਨਾਂ ਪਹਿਲਾਂ ਹੀ ਦੋ ਤਿਹਾਈ ਬਹੁਮਤ ਮੈਂਬਰਾਂ ਦਾ ਸਾਥ ਹਾਸਲ ਕਰ ਲਿਆ ਅਤੇ ਰਾਜਸਭਾ ਦੇ ਉਪ ਚੇਅਰਮੈਨ ਨੂੰ ਲਿਖ ਕੇ ਸੂਚਿਤ ਕਰ ਦਿੱਤਾ ਕਿ ਉਹ ਹੁਣ ਭਾਜਪਾ ਦੇ ਇਸ ਸਦਨ ਵਿੱਚ ਮੈਂਬਰ ਹੋਣਗੇ। ਇਸ ਕਾਰਵਾਂ ਦੇ ਅੱਖਾਂ ਚਧਿਆਉਣ ਵਾਲੇ ਗੁਬਾਰ ਤੋਂ ਵਿਚਲਤ ਹੁੰਦੇ ਉਹ ਕਹਿ ਰਹੇ ਸਨ ਕਿ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਰਾਘਵ ਚੱਡਾ ਨੂੰ ਲਾਲਚ ਦਿੱਤਾ ਸੀ ਕਿ ਜੇ ਉਹ ਆਮ ਆਦਮੀ ਪਾਰਟੀ ਦੇ ਵੱਧ ਤੋਂ ਵੱਧ ਮੈਂਬਰ ਪਾਰਲੀਮੈਂਟ ਭਾਜਪਾ ਵਿੱਚ ਸ਼ਾਮਲ ਕਰਵਾਏਗਾ ਤਾਂ ਉਸਨੂੰ ਸ੍ਰੀ ਨਰਿੰਦਰ ਮੋਦੀ ਦੀ ਕੈਬਨਿਟ ਵਿੱਚ ਸਥਾਨ ਦਿੱਤਾ ਜਾਵੇਗਾ। ਇਹ ਹਾਰੀ ਹੋਈ ਜ਼ਖਮੀ ਸੋਚ ਦੀ ਬਿਆਨਬਾਜ਼ੀ ਤੋਂ ਵੱਧ ਕੁਛ ਨਹੀਂ ਕਿਹਾ ਜਾ ਸਕਦਾ।

ਚੱਢਾ ਡਰਾਮੇਬਾਜ਼ੀ:

ਦਲ ਬਦਲੀ ਸਬੰਧੀ ਪ੍ਰੈੱਸ ਕਾਨਫਰੰਸ ਨੂੰ ਸੰਦੀਪ ਪਾਠਕ ਅਤੇ ਅਸ਼ੋਕ ਮਿੱਤਲ ਸਮੇਤ ਸੰਬੋਧਨ ਕਰਦੇ ਰਾਘਵ ਚੱਡਾ ਦਰਸਾ ਰਹੇ ਸਨ ਕਿ ਜਿਸ ਪਾਰਟੀ ਨੂੰ ਉਸਨੇ ਆਪਣੇ ਖੂਨ ਪਸੀਨੇ ਨਾਲ ਸਿੰਜਿਆ, ਜਵਾਨੀ ਦੇ 15 ਸਾਲ ਦਿੱਤੇ, ਉਹ ਪਾਰਟੀ ਹੁਣ ਆਪਣੇ ਸਿਧਾਂਤਾਂ, ਉੱਚ ਮੁੱਲਾਂ ਅਤੇ ਆਚਰਣਕ ਕਦਰਾਂ ਕੀਮਤਾਂ ਤੋਂ ਭਟਕ ਚੁੱਕੀ ਹੈ। ਇਹ ਪਾਰਟੀ ਦੇਸ਼ ਦੇ ਹਿਤ ਲਈ ਨਹੀਂ ਬਲਕਿ ਕਿਸੇ ਆਗੂ ਦੇ ਨਿੱਜ ਦੇ ਹਿਤ ਵਿੱਚ ਕੰਮ ਕਰ ਰਹੀ ਸੀ। ਸੋ ਉਹ ਮਹਿਸੂਸ ਕਰਦੇ ਹਨ ਕਿ ਉਹ ਸਹੀ ਵਿਅਕਤੀ ਹੁੰਦੇ ਗਲਤ ਪਾਰਟੀ ਵਿੱਚ ਸਨ। ਬਚੂੰਗੜਾ ਕੱਚ ਘਰੜ ਰਾਜਨੀਤਕ ਆਗੂ ਪੰਜਾਬੀਆਂ ਅਤੇ ਭਾਰਤੀ ਲੋਕਾਂ ਨੂੰ ਸ਼ਾਇਦ ਬੇਵਕੂਫ ਬਣਾ ਰਿਹਾ ਸੀ। ਕੇਜਰੀਵਾਲ ਦੀ ਮੂਰਖਾਨਾ ਏਕਾਧਿਕਾਰ ਵਾਦੀ ਅਗਵਾਈ ਨੇ ਤੇਰੇ ਵਰਗੇ ਛੋਕਰੇ ਨੂੰ ਪੰਜਾਬ ਦਾ ਸੁਪਰ ਮੁੱਖ ਮੰਤਰੀ ਥਾਪਿਆ, ਤੈਨੂੰ ਰਾਜਸਭਾ ਦੀ ਮੈਂਬਰੀ ਨਾਲ ਨਿਵਾਜਿਆ, ਇਸੇ ਕਰਕੇ ਤੂੰ ਪ੍ਰੀਤੀ ਚੋਪੜਾ ਵਰਗੀ ਐਕਟਰਸ ਨਾਲ ਕਪੂਰਥਲਾ ਹਾਊਸ ਦਿੱਲੀ ਵਿਖੇ ਸ਼ਾਹਾਨਾ ਢੰਗ ਨਾਲ ਸ਼ਾਦੀ ਰਚਾ ਸਕਿਆ, ਜਿਸਦੇ ਤੂੰ ਕਾਬਲ ਨਹੀਂ ਸੀ। ਇਵੇਂ ਹੀ ਸੰਦੀਪ ਪਾਠਕ, ਜਿਸ ਕੋਲ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਵਾਗਡੋਰ ਅਤੇ ਰਾਘਵ ਚੱਡਾ ਦੀ ਰੁਖਸਤੀ ਬਾਅਦ ਪੰਜਾਬ ਦੀ ਸੁਪਰ ਮੁੱਖ ਮੰਤਰੀਸ਼ਿੱਪ ਹਾਸਲ ਸੀ, ਨੂੰ ਆਪਣੇ ਰਾਜ ਛੱਤੀਸਗੜ੍ਹ ਵਿੱਚ ਕੋਈ ਨਹੀਂ ਸੀ ਜਾਣਦਾ, ਉਸ ਨੂੰ ਵੀ ਰਾਜ ਸਭਾ ਮੈਂਬਰੀ ਨਾਲ ਨਿਵਾਜਿਆ ਗਿਆ। ਭਾਰਤ ਵਿੱਚ ਉਸ ਵਰਗੇ ਸੈਂਕੜੇ ਲੋਕ ਕੈਂਬਰਿਜ ਅਤੇ ਆਕਸਫੋਰਡ ਵਰਗੀਆਂ ਯੂਨੀਵਰਸਿਟੀਆਂ ਤੋਂ ਪੜ੍ਹੇ ਤੁਰੇ ਫਿਰਦੇ ਹਨ।

ਦਰਅਸਲ ਆਮ ਆਦਮੀ ਪਾਰਟੀ ਬਿਲਕੁਲ ਵਿਚਾਰਧਾਰਕ, ਪਾਰਟੀ ਸੰਗਠਨ ਅਤੇ ਮਜ਼ਬੂਤ ਕਾਡਰ ਤੋਂ ਬਿਲਕੁਲ ਕੋਰੀ ਸੀ। ਅਰਵਿੰਦ ਕੇਜਰੀਵਾਲ ਇਸ ਪਾਰਟੀ ਨੂੰ ਇੱਕ ਤਾਨਾਸ਼ਾਹ ਅਤੇ ਏਕਾਧਿਕਾਰਵਾਦੀ ਆਗੂ ਵਜੋਂ ਚਲਾਉਣਾ ਚਾਹੁੰਦਾ ਸੀ। ਇਸ ਲਈ ਉਹ ਇਸ ਨੂੰ ਸੰਗਠਿਤ ਨਹੀਂ ਸੀ ਕਰਨਾ ਚਾਹੁੰਦਾ। ਉਸ ਕੋਲ ਭਾਰਤ ਦੇ ਰੋਸ਼ਨ ਅਤੇ ਮਜ਼ਬੂਤ ਭਵਿੱਖ ਲਈ ਕੋਈ ਨੀਤੀਗਤ ਏਜੰਡਾ ਨਹੀਂ ਸੀ। ਉਸਨੇ ਸਾਰਾ ਰਾਜਨੀਤਕ ਪ੍ਰਚੰਡ ਲੋਕ ਲੁਭਾਊ ਨਾਹਰਿਆਂ ਅਤੇ ਵਿਰੋਧੀ ਧਿਰ ਤੇ ਤਿੱਖੀ ਪੈਂਤੜੇਬਾਜ਼ ਆਲੋਚਨਾ ਸਹਾਰੇ ਖੜ੍ਹਾ ਕੀਤਾ। ਪਹਿਲਾਂ ਦਿੱਲੀ ਅਤੇ ਫਿਰ ਪੰਜਾਬ ਦੇ ਲੋਕ ਉਸਦੇ ਤਾਨਾਸ਼ਾਹ ਹਿਟਲਰ ਦੇ ਲੋਕ ਸੰਪਰਕ ਮੰਤਰੀ ਗੋਬਲਜ ਜੋਸਫ ਦੀ ਝੂਠ ਨੂੰ ਸੱਚ ਬਣਾਉਣ ਵਾਲੀ ਧੂਆਂਧਾਰ ਜਨਤਕ ਬਿਆਨਬਾਜ਼ੀ ਤੋਂ ਟਪਲਾ ਖਾ ਗਏ। ਪੰਜਾਬ ਤੋਂ ਬਾਬਾ ਬਲਬੀਰ ਸਿੰਘ ਸੀਚੇਵਾਲ ਤੋਂ ਇਲਾਵਾ ਬਾਕੀ ਰਾਜਸਭਾ ਮੈਂਬਰਾਂ ਦੀ ਚੋਣ ਵੱਡੇ ਪੱਧਰ ’ਤੇ ਧਨ ਬਟੋਰ ਕੇ ਉਹਨਾਂ ਦੇ ਧਨੀ ਹੋਣ ਕਰਕੇ ਕੀਤੀ ਗਈ। ਧਨੀ ਵਿਅਕਤੀ ਨੂੰ ਆਪਣੇ ਧਨ ਅਤੇ ਕਾਰੋਬਾਰ ਦੇ ਹਿਤ ਸਰਵਉੱਚ ਹੁੰਦੇ ਹਨ। ਉਹਨਾਂ ਨੂੰ ਕਿਸੇ ਰਾਜ ਜਾਂ ਉਸ ਰਾਜ ਦੇ ਲੋਕਾਂ ਨਾਲ ਕੋਈ ਸਰੋਕਾਰ ਨਹੀਂ ਹੁੰਦਾ। ਸ੍ਰੀ ਕੇਜਰੀਵਾਲ ਦੀ ਸੋਚ ਦਾ ਖਾਲੀਪਣ ਅਜਿਹੇ ਵਿਅਕਤੀਆਂ ਨੂੰ ਪੰਜਾਬ ਤੋਂ ਰਾਜ ਸਭਾ ਵਿੱਚ ਭੇਜਣ ਨਾਲ ਸਾਹਮਣੇ ਆਉਂਦਾ ਹੈ।

ਚੁਟਕਲਾ ਬਾਦਸ਼ਾਹ:

ਚੁਟਕਲਿਆਂ ਦਾ ਬਾਦਸ਼ਾਹ ਪੰਜਾਬ ਦਾ ਮੁੱਖ ਮੰਤਰੀ ਭਗਵੰਤ ਮਾਨ ਰਾਜਨੀਤੀ ਦੇ ਦਾਅ ਪੇਚਾਂ ਅਤੇ ਸਿਆਸੀ ਕੂਟਨੀਤੀ ਬਾਰੇ ਕੀ ਜਾਣੇ? ਉਹ ਰਾਜ ਸਭਾ ਦਲ ਬਦਲੂ ਮੈਂਬਰਾਂ ਬਾਰੇ ਟਿੱਪਣੀ ਕਰ ਰਿਹਾ ਸੀ ਕਿ ਉਹਨਾਂ ਨੇ ਪੰਜਾਬ ਨਾਲ ਗਦਾਰੀ ਕੀਤੀ ਹੈ। ਉਸ ਨੂੰ ਇਹ ਇਲਮ ਨਹੀਂ ਕਿ ਇਹ ਮੈਂਬਰ ਪੰਜਾਬ ਅਤੇ ਪੰਜਾਬੀਆਂ ਨੇ ਨਹੀਂ ਚੁਣੇ ਸਨ। ਇਹ ਮੈਂਬਰ ਪਾਰਟੀ ਸੁਪਰੀਮੋ ਕੇਜਰੀਵਾਲ ਦੀ ਚੋਣ ਸਨ। ਇਨ੍ਹਾਂ ਨੇ ਕੇਜਰੀਵਾਲ ਨਾਲ ਗਦਾਰੀ ਕੀਤੀ ਕਿਹਾ ਜਾ ਸਕਦਾ ਹੈਜੇਕਰ ਪੰਜਾਬ ਦੇ ਸਾਬਕਾ ਅਫਸਰਸ਼ਾਹਾਂ, ਯੂਨੀਵਰਸਿਟੀਆਂ ਵਿੱਚ ਬੈਠੇ ਵਿਗਿਆਨੀਆਂ, ਕਿਸਾਨ ਆਗੂਆਂ, ਜਿਨ੍ਹਾਂ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਤਿੰਨ ਕਾਲੇ ਕਾਨੂੰਨਾਂ ਦੀ ਜੰਗ ਵਿੱਚ ਹਰਾਇਆ, ਵੱਖ ਵੱਖ ਖੇਤਰਾਂ ਵਿੱਚ ਨਾਮਣਾ ਖੱਟ ਚੁੱਕੀਆਂ ਪੰਜਾਬਣਾਂ ਜਾਂ ਨਾਮਵਰ ਪੱਤਰਕਾਰਾਂ ਆਦਿ ਵਿੱਚੋਂ ਰਾਜ ਸਭਾ ਵਿੱਚ ਭੇਜਿਆ ਹੁੰਦਾ ਤਾਂ ਅੱਜ ਆਮ ਆਦਮੀ ਪਾਰਟੀ ਅਤੇ ਉਸਦਾ ਸੁਪਰੀਮੋ ਪੂਰੇ ਭਾਰਤ ਵਿੱਚ ਤਮਾਸ਼ਾ ਨਾ ਬਣਦੇ।

ਬਚ ਬਚ ਕੇ:

27 ਜੂਨ 1979 ਨੂੰ ਹਰਿਆਣਾ ਪ੍ਰਦੇਸ਼ ਅੰਦਰ ਜਨਤਾ ਪਾਰਟੀ ਦੇ ਮੁੱਖ ਮੰਤਰੀ ਭਜਨ ਲਾਲ ਨੂੰ ਥਾਪਿਆ ਗਿਆ। ਸੰਨ 1980 ਵਿੱਚ ਸ਼੍ਰੀਮਤੀ ਇੰਦਰਾ ਗਾਂਧੀ ਦੀ ਮੁੜ ਭਾਰਤ ਦੇ ਪ੍ਰਧਾਨ ਮੰਤਰੀ ਵਜੋਂ ਵਾਪਸੀ ਹੋ ਗਈ ਸੀ। ਭਜਨ ਲਾਲ ਇੱਕ ਸ਼ਾਤਰ ਰਾਜਨੀਤੀਵਾਨ ਸੀ ਜੋ ਦਲ ਬਦਲ ਲਈ ਸਮੇਂ ਦੀ ਉਡੀਕ ਕਰ ਰਿਹਾ ਸੀ। 23 ਮਈ 1982 ਵਿੱਚ ਉਹ ਆਪਣੀ ਪੂਰੀ ਕੈਬਨਿਟ ਅਤੇ ਜਨਤਾ ਵਿਧਾਇਕ ਦਲ ਦੇ ਲਾਮ ਲਕਸ਼ਰ ਨਾਲ ਦਲ ਬਦਲ ਕੇ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋ ਗਿਆ ਸੀ। ਇਸ ਘਟਨਾ ਨੂੰ ਦੇਖ ਕੇ ਪੂਰਾ ਦੇਸ਼ ਚਕ੍ਰਿਤ ਰਹਿ ਗਿਆ ਸੀ। ਜਿਵੇਂ ਭਾਰਤ ਦਾ ਪਾਕਿਸਤਾਨ ਵਿਰੁੱਧ ਅਪਰੇਸ਼ਨ ਸੰਧੂਰ ਲਗਾਤਾਰ ਜਾਰੀ ਹੈ, ਇਵੇਂ ਹੀ ਪੰਜਾਬ ਵਿੱਚ ਭਾਜਪਾ ਦਾ ਅਪਰੇਸ਼ਨ ਲੋਟਸ ਲਗਾਤਾਰ ਜਾਰੀ ਹੈ। ਭਗਵੰਤ ਮਾਨ ਸਹੀ ਕਹਿੰਦਾ ਹੈ ਕਿ ਕਿਸੇ ਦੇ ਦਿਲ ਵਿੱਚ ਕੀ ਹੈ, ਬਾਰੇ ਜਾਣਨ ਦਾ ਕੋਈ ਪੈਮਾਨਾ ਨਹੀਂ। ਇਸ ਲਈ 92-94 ਆਮ ਆਦਮੀ ਪਾਰਟੀ ਵਿਧਾਇਕਾਂ ਸਮੇਤ ਮੁੱਖ ਮੰਤਰੀ ਦੇ ਦਿਲ ਵਿੱਚ ਕੀ ਹੈ, ਬਾਰੇ ਜਾਣਨ ਦਾ ਕੋਈ ਪੈਮਾਨਾ ਨਹੀਂਡਰ ਹੈ ਕਿ ਕਿਤੇ ਭਗਵੰਤ ਮਾਨ ਜਾਂ ਕੋਈ ਹੋਰ ਆਗੂ ਵੱਡਾ ਲਾਮ ਲਕਸ਼ਰ ਲੈ ਕੇ ਭਾਜਪਾ ਵਿੱਚ ਨਾ ਜਾ ਮਿਲੇ।

ਲੇਕਿਨ ਇਹ ਵੀ ਸੱਚ ਹੈ ਕਿ ਪੰਜਾਬ ਵਿੱਚ ਭਾਜਪਾ ਦਾ ਕੋਈ ਜਨਤਕ ਅਧਾਰ ਨਹੀਂ ਹੈ ਭਾਵੇਂ ਇਸਨੇ ਪਿਛਲੀਆਂ ਲੋਕ ਸਭਾ ਚੋਣਾਂ ਵਿੱਚ 18% ਵੋਟਾਂ ਹਾਸਲ ਕੀਤੀਆਂ ਸਨ। ਸ੍ਰੀ ਨਰਿੰਦਰ ਮੋਦੀ ਦੇ ਪਿਛਲੇ 11 ਸਾਲ ਦੇ ਕਾਰਜਕਾਲ ਵਿੱਚ ਪੰਜਾਬ ਨੂੰ ਕੋਈ ਆਰਥਿਕ ਪੈਕੇਜ ਨਹੀਂ ਦਿੱਤਾ ਗਿਆ, ਇਸ ਅੰਦਰ ਕੋਈ ਨਿਵੇਸ਼ ਨਹੀਂ ਕੀਤਾ ਗਿਆ, ਕੋਈ ਵੱਡੀ ਸਨਅਤ ਨਹੀਂ ਲਾਈ ਗਈ; ਉਲਟਾ ਤਿੰਨ ਕਾਲੇ ਕਾਨੂੰਨਾਂ ਵਿੱਚ 750 ਕਿਸਾਨਾਂ ਦੀ ਸ਼ਹਾਦਤ, ਚੰਡੀਗੜ੍ਹ ਪੰਜਾਬ ਨੂੰ ਦੇਣ ਦੀ ਥਾਂ ਕੇਂਦਰੀ ਸ਼ਾਸਤ ਪ੍ਰਦੇਸ਼ ਬਣਾਉਣ ਦੀਆਂ ਕੁਚਾਲਾਂ, ਹੜ੍ਹ ਪੀੜਿਤਾਂ ਨੂੰ ਪ੍ਰਧਾਨ ਮੰਤਰੀ ਵੱਲੋਂ ਐਲਾਨੇ 1600 ਕਰੋੜ ਨਾ ਭੇਜਣਾ, ਪੰਜਾਬ ਯੂਨੀਵਰਸਿਟੀ ਖੋਹਣ ਦੇ ਮਨਸੂਬੇ, ਬੀ ਬੀ ਐੱਮਬੀ ਵਿੱਚੋਂ ਪੰਜਾਬ ਦੀ ਪੱਕੀ ਮੈਂਬਰੀ ਨੂੰ ਹਟਾਉਣਾ, ਸਰਹੱਦ ਤੋਂ 50 ਕਿਲੋਮੀਟਰ ਅੰਦਰ ਬੀਐਸਐੱਫ ਨੂੰ ਕੰਟਰੋਲ ਦੇਣਾ, ਨਸ਼ੇ ਰੋਕਣ ਲਈ ਕੋਈ ਰਾਸ਼ਟਰੀ ਨੀਤੀ ਲਾਗੂ ਨਾ ਕਰਨਾ, ਬੰਦੀ ਸਿੱਖਾਂ ਦੀ ਰਿਹਾਈ ਲਟਕਾਉਣਾ, ਪੰਜਾਬ ਦੇ ਪਾਣੀਆਂ ਨਾਲ ਬੇਇਨਸਾਫੀ ਦੀ ਤਲਵਾਰ ਲਟਕਾ ਕੇ ਰੱਖਣਾ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਸਨ 2011 ਤੋਂ ਬਾਅਦ ਨਾ ਕਰਾਉਣਾ, ਪਾਕਿਸਤਾਨ ਅਤੇ ਹੋਰ ਦੇਸ਼ਾਂ ਨਾਲ ਵਾਹਗਾ ਅਤੇ ਹੁਸੈਨੀ ਵਾਲਾ ਲਾਂਘੇ ਨਾ ਖੋਲ੍ਹਣਾ ਅਤੇ ਡੇਰਾ ਬਾਬਾ ਨਾਨਕ ਤੋਂ ਕਰਤਾਰਪੁਰ ਸਾਹਿਬ ਲਾਂਘਾ ਬੰਦ ਕਰਨਾ ਆਦਿ ਅਜਿਹੇ ਅਨੇਕ ਪੀੜਾਜਨਕ ਕਾਰਜਾਂ ਕਰਕੇ ਪੰਜਾਬ ਦੇ ਲੋਕ ਭਾਜਪਾ ਤੋਂ ਬਹੁਤ ਨਰਾਜ਼ ਹਨ। ਸੋ ਭਾਜਪਾ ਦਲ ਬਦਲੀ ਰਾਹੀਂ ਇਕੱਠੇ ਕੀਤੇ ਵੱਗ ਦੇ ਸਹਾਰੇ ਪੰਜਾਬ ਵਿੱਚ ਸੱਤਾ ਹਾਸਲ ਨਹੀਂ ਕਰ ਸਕਦੀ।

ਕਾਂਗਰਸ ਪਾਰਟੀ:

ਕਾਂਗਰਸ ਪਾਰਟੀ ਵਿੱਚ ਵੀ ਅਜਬ ਗਜਬ ਵਿਡੰਬਨਾ ਦੇਖਣ ਨੂੰ ਮਿਲ ਰਹੀ ਹੈ। ਆਮ ਆਦਮੀ ਪਾਰਟੀ ਦਾ ਰਾਜ ਸਭਾ ਅੰਦਰ ਵੱਡਾ ਵੱਗ ਭਾਜਪਾ ਵਿੱਚ ਜਾਣ ਕਰਕੇ ਉਹ ਵੱਡੀਆਂ ਚਾਂਗਰਾਂ ਮਾਰਦੀ ਬੜੀ ਰਾਜਨੀਤਿਕ ਖੁਸ਼ੀ ਦਾ ਪ੍ਰਗਟਾਵਾ ਕਰ ਰਹੀ ਹੈ। ਪਰ ਉਹ ਸ਼ਾਇਦ ਭੁੱਲ ਰਹੀ ਹੈ ਕਿ ਉਹਨਾਂ ਦੀ ਅੰਦਰੂਨੀ ਲੜਾਈ ਕਰਕੇ ਦੂਸਰੀਆਂ ਰਾਜਨੀਤਿਕ ਪਾਰਟੀਆਂ ਠਹਾਕੇ ਲਾ ਰਹੀਆਂ ਹਨ ਅਤੇ ਇਵੇਂ ਹੀ ਪੰਜਾਬ ਦੇ ਲੋਕ। ਸਭ ਲੋਕ ਸਮਝਦੇ ਹਨ ਕਿ ਰਾਜਨੀਤਿਕ ਸਥਿਤੀਆਂ ਪੰਜਾਬ ਅੰਦਰ ਭਾਵੇਂ ਕਾਂਗਰਸ ਦੇ ਪੱਖੀ ਹੁੰਦੀਆਂ ਲੱਗ ਰਹੀਆਂ ਹਨ ਲੇਕਿਨ ਇਸ ਪਾਰਟੀ ਦੀ ਇਸ ਸਮੇਂ ਦੀ ਸਭ ਤੋਂ ਵੱਡੀ ਬਦਕਿਸਮਤੀ ਇਹ ਹੈ ਕਿ ਇਹ ਬੁਰੀ ਤਰ੍ਹਾਂ ਪਾਟੋਧਾੜ ਦਾ ਸ਼ਿਕਾਰ ਹੈ। ਇੱਕੋ ਸਮੇਂ ਕਈ ਆਗੂ ਮੁੱਖ ਮੰਤਰੀਸ਼ਿੱਪ ਦੇ ਦਾਅਵੇਦਾਰ ਹਨ। ਹਾਈ ਕਮਾਨ ਵਰਜ ਵਰਜ ਕੇ ਥੱਕ ਗਈ ਹੈ। ਡਰ ਹੈ ਕਿ ਕਿਤੇ ਇਨ੍ਹਾਂ ਨੂੰ ਵੀ ਹਰਿਆਣਾ ਵਾਲੀ ਹੋਣੀ ਦਾ ਸ਼ਿਕਾਰ ਨਾ ਹੋਣਾ ਪਵੇ।

ਪੰਜਾਬ ਦੀ ਤਾਕਤਵਰ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ, ਜੋ ਕਈ ਰਾਜਨੀਤਿਕ ਗੁੱਟਾਂ ਵਿੱਚ ਵੰਡਿਆ ਹੋਇਆ ਹੈ, ਤੋਂ ਵੀ ਸਨ 2027 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਕਿਸੇ ਵੀ ਤਰ੍ਹਾਂ ਬਹੁਮਤ ਹਾਸਲ ਕਰਨ ਦੀ ਆਸ ਨਹੀਂ ਕੀਤੀ ਜਾ ਸਕਦੀ। ਸੁਖਬੀਰ ਬਾਦਲ ਦੀ ਲੀਡਰਸ਼ਿੱਪ ਅੰਨ੍ਹੀਂ ਹੋਈ ਲਗਦੀ ਹੈ ਜੋ ਸੁੱਚਾ ਸਿੰਘ ਲੰਗਾਹ ਵਰਗੇ ਬਦਨਾਮ ਆਗੂਆਂ ਨੂੰ ਚੌਧਰ ਸੌਂਪਣੋ ਬਾਜ਼ ਨਹੀਂ ਆ ਰਹੀ। “ਚੋਰ ਉਚੱਕਾ ਚੌਧਰੀ, ਗੁੰਡੀ ਰਨ ਪ੍ਰਧਾਨ” ਵਾਲੀ ਸਥਿਤੀ ਵਿੱਚ ਇਸ ਪਾਰਟੀ ਨੂੰ ਕੌਣ ਵੋਟ ਪਾਏਗਾ? ਪੁਨਰ ਸੁਰਜੀਤ ਸ਼੍ਰੋਮਣੀ ਅਕਾਲੀ ਦਲ ਨੂੰ ਪ੍ਰਧਾਨਗੀ ਅਤੇ ਮੁੱਖ ਮੰਤਰੀਸ਼ਿੱਪ ਹਾਸਲ ਕਰਨ ਦੀ ਲਾਲਸਾ ਕਰਕੇ ਮਨਪ੍ਰੀਤ ਸਿੰਘ ਇਆਲੀ ਕਿਸੇ ਤਣ ਪੱਤਣ ਨਹੀਂ ਲੱਗਣ ਦੇ ਰਿਹਾ।

ਸੋ ਪੰਜਾਬੀਓ ਅਜਿਹੀ ਸਥਿਤੀ ਵਿੱਚ ਤੁਹਾਡਾ ਰੱਬ ਰਾਖਾ!

*       *       *       *       *

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ:  (
sarokar2015@gmail.com)

About the Author

ਦਰਬਾਰਾ ਸਿੰਘ ਕਾਹਲੋਂ

ਦਰਬਾਰਾ ਸਿੰਘ ਕਾਹਲੋਂ

Kingston, Ontario, Canada.
(Retd. Punjab State Information Commissioner)
Phone: (Canada 1 - 289 - 829 - 2929)

Email: (kahlondarbarasingh@gmail.com)

More articles from this author