DarbaraSKahlon8ਸਭ ਨੂੰ ਪਤਾ ਹੈ ਕਿ ਧਨ ਚੋਣਾਂ ਜਿੱਤਣ ਵਿੱਚ ਸਭ ਤੋਂ ਵੱਧ ਪ੍ਰਭਾਵਸ਼ਾਲੀ ਢੰਗ ਨਾਲ ...”
(27 ਸਤੰਬਰ 2026)

 

ਸੁਤੰਤਰਤਾਵਾਦੀ ਚਿੰਤਕ ਜੇਮਸ ਡੇਲ ਡੇਵਿਡਸਨ ਅਤੇ ਵਿਲੀਅਮ ਰੀਸ ਮੌਗ ਨੇ ਸਨ 1997 ਵਿੱਚ ਆਪਣੀ ਕਿਤਾਬ “ਪ੍ਰਭੂਸੱਤਾ ਸੰਪੰਨ ਵਿਅਕਤੀ” ਵਿੱਚ ਭਵਿੱਖਬਾਣੀ ਕੀਤੀ ਸੀ ਕਿ ਕੁਝ ਵਿਅਕਤੀ ਭਵਿੱਖ ਵਿੱਚ ਇੰਨੇ ਧਨਾਢ ਅਤੇ ਤਾਕਤਵਰ ਬਣ ਜਾਣਗੇ ਕਿ ਉਹ ਰਾਜ ਅਤੇ ਸਰਕਾਰਾਂ ਦੁਆਰਾ ਕੰਟਰੋਲ ਨਹੀਂ ਹੋ ਸਕਣਗੇ। ਰਾਜ ਅਤੇ ਸਰਕਾਰਾਂ ਕਾਰਪੋਰੇਸ਼ਨ ਅਤੇ ਗਾਹਕ ਬਣ ਕੇ ਰਹਿ ਜਾਣਗੇ। ਅਜਿਹੇ ਵਿਅਕਤੀ ਵੱਡੀਆਂ ਤਕਨੀਕੀ ਅਤੇ ਵਪਾਰਕ ਫਰਮਾਂ ਸਥਾਪਤ ਕਰਨਗੇ ਜਿਨ੍ਹਾਂ ਦੀ ਆਮਦਨ ਅਕਸਰ ਦੇਸ਼ਾਂ ਦੀ ਕੁੱਲ ਜੀਡੀਪੀ ਨਾਲੋਂ ਵੱਧ ਹੋਵੇਗੀ। ਇਨ੍ਹਾਂ ਫਰਮਾਂ ਦੇ ਮੁੱਖ ਕਾਰਜਕਾਰੀ ਅਧਿਕਾਰੀ ਰਾਜਾਂ ਅਤੇ ਸਰਕਾਰਾਂ ਦੀਆਂ ਨੀਤੀਆਂ ਅਤੇ ਪ੍ਰਸ਼ਾਸਨ ਨੂੰ ਪ੍ਰਭਾਵਿਤ ਕਰਨਗੇ। ਉਹ ਸ਼ਾਸਨ ਪ੍ਰਬੰਧ ਨੂੰ ਚਲਾਉਣ ਲਈ ਨਵੀਂਆਂ ਤਕਨੀਕਾਂ ਇਜਾਦ ਕਰਨਗੇ। ਸਥਾਨਕ ਅਤੇ ਆਰਥਿਕ ਖੇਤਰ ਵੀ ਉਨ੍ਹਾਂ ਦੇ ਪ੍ਰਭਾਵ ਹੇਠ ਕੰਮ ਕਰਦੇ ਦਿਸਣਗੇ। ਹੋਰਨਾਂ ਤੋਂ ਇਲਾਵਾ ਇਸ ਵਿਸ਼ਵ ਦੇ ਸਭ ਤੋਂ ਤਾਕਤਵਰ ਲੋਕਤੰਤਰ ਕਹਾਉਂਦੇ ਅਮਰੀਕਾ, ਸਭ ਤੋਂ ਪੁਰਾਣਾ ਲੋਕਤੰਤਰ ਕਹਾਉਂਦੇ ਬਰਤਾਨੀਆ ਅਤੇ ਸਭ ਤੋਂ ਵੱਡਾ ਲੋਕਤੰਤਰ ਕਹਾਉਂਦੇ ਭਾਰਤ ਵਿੱਚ ਅਜਿਹੀ ਪ੍ਰਕਿਰਿਆ ਦੀ ਸ਼ੁਰੂਆਤ ਦਾ ਡੰਕਾ ਵੱਜਦਾ ਅਸੀਂ ਦੇਖ ਸਕਦੇ ਹਾਂ।

ਐਲਨ ਮਸਕ ਅਤੇ ਹਮਜੋਲੀ:

ਅਜਿਹੇ ਵਰਤਾਰੇ ਦੇ ਟਰੇਲਰ ਅਸੀਂ ਅਮਰੀਕਾ, ਯੂਕੇ ਅਤੇ ਭਾਰਤ ਆਦਿ ਦੇਸ਼ਾਂ ਵਿੱਚ ਦੇਖ ਰਹੇ ਹਾਂ। ਅਮਰੀਕਾ ਅੰਦਰ ਐਲਨ ਮਸਕ ਵਿਸ਼ਵ ਦਾ ਪਹਿਲਾ ਟਰਿਲੀਅਨਪਤੀ ਧਨਾਢ ਬਣਿਆ ਹੈ। ਉਸਨੇ ਆਪਣੇ ਕੋਲ ਇੰਨਾ ਧਨ ਇਕੱਤਰ ਕਰ ਲਿਆ ਹੈ ਕਿ ਉਹ ਅਮਰੀਕਾ ਹੀ ਨਹੀਂ ਬਲਕਿ ਵਿਸ਼ਵ ਦੇ ਹੋਰ ਕਈ ਦੇਸ਼ਾਂ ਵਿੱਚ ਲੋਕਤੰਤਰ ਨੂੰ ਪ੍ਰਭਾਵਿਤ ਕਰਨ ਦੇ ਸਮਰੱਥ ਬਣ ਗਿਆ ਹੈ। ਉਸਨੇ ਆਪਣੀ ਧਨ ਸ਼ਕਤੀ ਦੁਆਰਾ ਅਮਰੀਕਾ ਅੰਦਰ ਸਾਬਤ ਕਰ ਦਿੱਤਾ ਹੈ ਕਿ ਲੋਕਤੰਤਰ ਖਰੀਦਿਆ ਜਾ ਸਕਦਾ ਹੈ ਅਤੇ ਅੱਜ ਇਹ ਪੂਰੇ ਵਿਸ਼ਵ ਵਿੱਚ ਵਿਕਰੀ ’ਤੇ ਲੱਗਾ ਪਿਆ ਹੈ।

ਉਸਨੇ ਅਮਰੀਕਾ ਦੀਆਂ ਸਨ 2024 ਦੀਆਂ ਰਾਸ਼ਟਰਪਤੀ ਚੋਣਾਂ ਵਿੱਚ ਅਜੋਕੇ ਰਾਸ਼ਟਰਪਤੀ ਡੌਨਲਡ ਟਰੰਪ ਦੀ ਚੋਣ ਮੁਹਿੰਮ ਵਿੱਚ 280 ਮਿਲੀਅਨ ਡਾਲਰ ਚੰਦੇ ਵਜੋਂ ਦਿੱਤੇ। ਇਵੇਂ ਹੀ ਵੱਖ-ਵੱਖ ਰਾਜਾਂ ਵਿੱਚ ਜਨਤਕ ਰਾਏ ਦੀ ਹਵਾ ਦਾ ਰੁਖ ਬਦਲਣ ਲਈ ਧਨ ਦੀ ਬਰਸਾਤ ਲਾਈ। ਨਤੀਜੇ ਵਜੋਂ ਉਹ ਚੁਣੇ ਗਏ ਰਾਸ਼ਟਰਪਤੀ ਡੌਨਲਡ ਟਰੰਪ ਅਤੇ ਅਮਰੀਕੀ ਸ਼ਾਸਨ ਦਾ ਪ੍ਰਭਾਵਸ਼ਾਲੀ ਵਿਅਕਤੀ ਬਣ ਗਿਆ ਜਿਸਦਾ ਰਾਸ਼ਟਰਪਤੀ ਅਤੇ ਸ਼ਾਸਨ ’ਤੇ ਸਿੱਧਾ ਪ੍ਰਭਾਵ ਦੇਖਿਆ ਜਾ ਰਿਹਾ ਹੈ। ਪਹਿਲਾਂ ਉਸ ਨੂੰ ਗੁਣਵੰਤਾ ਵਿਭਾਗ ਦਾ ਮੁਖੀ ਬਣਾਇਆ ਗਿਆ, ਜਿਸ ਵਿੱਚ ਉਸਨੇ ਤਾਨਾਸ਼ਾਹ ਦੀ ਤਰ੍ਹਾਂ ਹਜ਼ਾਰਾਂ ਸਰਕਾਰੀ ਪਦਾਂ ਦੀ ਛਾਂਟੀ ਕੀਤੀ। ਕਿਸੇ ਨੇ ਕੋਈ ਸਵਾਲ ਖੜ੍ਹਾ ਨਾ ਕੀਤਾ। ਹੁਣ ਉਹ ਰਾਜਨੀਤਿਕ ਕਾਰਵਾਈ ਕਮੇਟੀ ਦਾ ਮੁਖੀ ਹੈ ਜਿਸ ਨੂੰ ਅਮਰੀਕੀ ਧਨਾਢਾਂ ਤੋਂ ਅਸੀਮਤ ਚੰਦਾ ਲੈਣ ਦੀ ਖੁੱਲ੍ਹ ਹੈ ਜੋ ਚੋਣਾਂ ਦਾ ਮੁਹਾਣ ਬਦਲਣ ਲਈ ਵੱਡਾ ਰੋਲ ਅਦਾ ਕਰਦੇ ਹਨ। ਅਮਰੀਕੀ ਮੱਧਕਾਲੀ ਚੋਣਾਂ ਲਈ ਇਹ ਕਮੇਟੀ 100 ਮਿਲੀਅਨ ਡਾਲਰ ਤੋਂ ਵੱਧ ਧਨ ਖਰਚ ਕਰ ਰਹੀ ਹੈ ਤਾਂ ਕਿ ਰਿਪਬਲਿਕਨਾਂ ਦੀ ਜਿੱਤ ਯਕੀਨੀ ਬਣਾਈ ਜਾ ਸਕੇ।

ਐਲਨ ਮਸਕ ਅਮਰੀਕਾ ਵਿੱਚ ਤਾਨਾਸ਼ਾਹ ਸ਼ਕਤੀ ਦਾ ਮਾਲਕ ਬਣ ਚੁੱਕਾ ਹੈ ਜਿਸ ਕੋਲ ਰਾਜ ਦੀਆਂ ਨੀਤੀਆਂ ਨਿਰਧਾਰਿਤ ਕਰਨ ਵਿੱਚ ਮਹੱਤਵਪੂਰਨ ਸਥਾਨ ਪ੍ਰਾਪਤ ਹੈ, ਜਿਸ ਲਈ ਉਹ ਕਿਸੇ ਅੱਗੇ ਜਵਾਬ ਦੇ ਨਹੀਂ। ਅਜਿਹਾ ਕਿਉਂ ਹੈ? ਉਸ ਕੋਲ ਗਲੋਬਲ ਸੈਟਲਾਈਟਸ, ਏਆਈ, ਸੋਸ਼ਲ ਮੀਡੀਆ, ਡਿਜਿਟਲ ਟੈਸਲਾ ਵਾਹਨ, ਜੰਗੀ ਟਿਕਾਣਿਆਂ ਦੀ ਨਿਸ਼ਾਨਦੇਹੀ ਆਦਿ ਦਾ ਏਕਾਧਿਕਾਰ ਪ੍ਰਾਪਤ ਹੋ ਚੁੱਕਾ ਹੈ। ਇਸ ਸਮੇਂ ਉਹ ਜੇਮਸ ਡੇਲ ਡੇਵਿਡਸਨ ਅਤੇ ਰੀਸ ਮੌਗ ਵੱਲੋਂ ਅਨੁਮਾਨਤ “ਪ੍ਰਭੂਸੱਤਾ ਸੰਪੰਨ ਵਿਅਕਤੀ” ਬਣਨ ਦੇ ਕਰੀਬ ਪਹੁੰਚ ਚੁੱਕਾ ਹੈ।

ਇੰਝ ਹੀ ਟਰੰਪ ਪ੍ਰਸ਼ਾਸਨ ਵਿੱਚ ਧਨਾਢ ਜੁੰਡਲੀ, ਜਿਸ ਵਿੱਚ ਉਪ ਰਾਸ਼ਟਰਪਤੀ ਜੇਡੀ ਵਾਂਸ, ਖਰਬਪਤੀ ਸਕੱਤਰ ਹਾਵਰਡ ਲੁਟਨਿਕ, ਬਹੁ ਅਰਬਪਤੀ ਖਜ਼ਾਨਾ ਸਕੱਤਰ ਸਕਾਟ ਬੇਸੈਂਟ ਅਤੇ ਉਨ੍ਹਾਂ ਦੇ ਪਿੱਠੂ ਸੱਜੇ ਪੱਖੀ ਮੀਡੀਆ ਡਾਨ ਨੀਤੀਆਂ ਨਿਰਧਾਰਨ ਵਿਵਸਥਾ ’ਤੇ ਪੂਰੀ ਪਕੜ ਰੱਖਦੇ ਹਨ।

ਖਰੀਦਦਾਰੀ:

ਵੈਸੇ ਤਾਂ ਸਭ ਰਾਸ਼ਟਰਾਂ ਦੇ ਲੋਕ ਅਕਸਰ ਕਹਿੰਦੇ ਵਿਖਾਈ ਦਿੰਦੇ ਹਨ ਕਿ ਉਹ ਖਰੀਦੇ ਨਹੀਂ ਜਾ ਸਕਦੇ, ਉਨ੍ਹਾਂ ਦੀ ਜ਼ਮੀਰ ਇੰਨੀ ਮਰੀ ਨਹੀਂ ਕਿ ਉਨ੍ਹਾਂ ਨੂੰ ਵੋਟ ਖਾਤਰ ਖਰੀਦਿਆ ਜਾਵੇ ਪਰ ਖਰੀਦਦਾਰ ਬਹੁਤ ਚਲਾਕ, ਦੰਭੀ, ਕਲਾਕਾਰ ਅਤੇ ਤਾਕਤਵਰ ਹਨ। ਭਾਰਤ ਵਿੱਚ ਆਮ ਆਦਮੀ ਪਾਰਟੀ ਨੇ ਕੇਂਦਰ ਵਿੱਚ ਐੱਨਡੀਏ ਸਰਕਾਰ ਦੀ ਅਗਵਾਈ ਕਰਨ ਵਾਲੀ ਭਾਜਪਾ ਨਾਲੋਂ ਵੀ ਕਈ ਕਦਮ ਅੱਗੇ ਨਿਕਲ ਕੇ ਇਸ਼ਤਿਹਾਰਬਾਜ਼ੀ, ਟੀਵੀ ਚੈਨਲਾਂ, ਪ੍ਰਿੰਟ ਅਤੇ ਇਲੈਕਟ੍ਰੌਨਿਕ ਮੀਡੀਏ, ਮੁਫਤਖੋਰੀਆਂ, ਕਮਰਸ਼ੀਅਲ ਕੰਪਨੀਆਂ ਰਾਹੀਂ ਵੋਟਰ ਨੂੰ ਪ੍ਰਭਾਵਿਤ ਕਰਨ ਦੇ ਪੂਰੇ ਦੇਸ਼ ਵਿੱਚ ਹੱਦਾਂ ਮੰਨੇ ਟੱਪੇ ਹਨ। ਇਸ ਮੰਤਵ ਲਈ ਜਿਨ੍ਹਾਂ ਧਨਾਢਾਂ ਕੋਲੋਂ ਧਨ ਦੇ ਗੱਫੇ ਪ੍ਰਾਪਤ ਕੀਤੇ ਉਨ੍ਹਾਂ ਨੂੰ ਰਾਜਸਭਾ ਮੈਂਬਰੀਆਂ ਅਤੇ ਮੰਤਰੀ ਪੱਦਾਂ ਦੇ ਗੱਫੇ ਵੰਡੇ।

ਜੇਕਰ ਅਸੀਂ ਇਹ ਕਹੀਏ ਕਿ ਗੌਤਮ ਅਡਾਨੀ ਅਤੇ ਮੁਕੇਸ਼ ਅੰਬਾਨੀ ਭਾਰਤੀ ਰਾਜਨੀਤਿਕ ਵਿਵਸਥਾ ਵਿੱਚ “ਪ੍ਰਭੂ ਸੱਤਾ ਸੰਪੰਨ ਵਿਅਕਤੀ” ਦੀ ਸਮਰੱਥਾ ਦੇ ਕਰੀਬ ਪਹੁੰਚ ਚੁੱਕੇ ਹਨ ਤਾਂ ਇਸ ਵਿੱਚ ਕੋਈ ਅਤਿਕਥਨੀ ਨਹੀਂ ਹੈ। ਚੋਣਾਂ ਵੇਲੇ ਵੋਟਰਾਂ ਨੂੰ ਧਨ ਦੀ ਬਰਸਾਤ ਕਿਵੇਂ ਪ੍ਰਭਾਵਿਤ ਕਰਦੀ ਹੈ, ਇਸਦੇ ਦ੍ਰਿਸ਼ ਭਾਰਤੀ ਰਾਜਨੀਤਿਕ ਅੰਦਰ ਕਿਸੇ ਤੋਂ ਗੁੱਝੇ ਨਹੀਂ ਹਨ। ਅਜਿਹੇ ਧਨ ਦੀ ਵਰਖਾ ਕਰਨ ਵਾਲੇ ਧਨਾਢਾਂ ਦਾ ਸਰਕਾਰ ਦੀਆਂ ਨੀਤੀਆਂ ਨੂੰ ਨਿਰਧਾਰਨ ਕਰਨ ਵਿੱਚ ਸਿੱਧਾ ਦਖਲ ਦੇਖਿਆ ਜਾਂਦਾ ਹੈ। ਇਹੀ ਵਰਤਾਰਾ ਭਾਰਤ ਹੀ ਨਹੀਂ ਬਲਕਿ ਵਿਸ਼ਵ ਭਰ ਵਿੱਚ ਪਾਇਆ ਜਾ ਰਿਹਾ ਹੈ।

ਬਰਤਾਨਵੀ ਦ੍ਰਿਸ਼:

ਬਰਤਾਨੀਆ ਵਿੱਚ ਇਹ ਗੱਲ ਕਿਸੇ ਤੋਂ ਗੁੱਝੀ ਨਹੀਂ ਕਿ ਸੰਨ 2010 ਦੀਆਂ ਪਾਰਲੀਮੈਂਟਰੀ ਚੋਣਾਂ ਵਿੱਚ ਲੇਬਰ ਪਾਰਟੀ ਕਿਉਂ ਹਾਰੀ? ਕਿਉਂਕਿ ਉਹ ਕੰਜ਼ਰਵੇਟਿਵ ਪਾਰਟੀ ਵਾਂਗ ਧਨ ਦੀ ਵਰਖਾ ਨਹੀਂ ਕਰ ਸਕੀ। ਆਨਲਾਈਨ ਇਸ਼ਤਿਹਾਰਬਾਜ਼ੀ ਦੇ ਖੇਤਰ ਵਿੱਚ ਬਹੁਤ ਪਿੱਛੇ ਰਹਿ ਗਈ। ਸਨ 2005 ਵਿੱਚ ਉਨ੍ਹਾਂ ਨੇ ਚੋਣਾਂ ਵਿੱਚ ਜਿਵੇਂ ਧਨ ਦਾ ਮੀਂਹ ਵਰਾਇਆ ਸੀ ਉਸ ਕਰਕੇ 25 ਮਿਲੀਅਨ ਪੌਂਡ ਕਰਜ਼ਾ ਚੜ੍ਹ ਗਿਆ ਸੀ। ਲਿਹਾਜ਼ਾ ਸਥਿਤੀ ਅਸਾਵੀਂ ਹੋਣ ਕਰਕੇ ਉਹ 2010 ਦੀਆਂ ਚੋਣਾਂ ਵਿੱਚ ਸਿਰਫ 8 ਮਿਲੀਅਨ ਪੌਂਡ ਖਰਚ ਸਕੇ ਜਦੋਂ ਕਿ ਟੋਰੀਆਂ ਨੇ 17 ਮਿਲੀਅਨ ਖਰਚੇ। ਇਸੇ ਕਰਕੇ ਉਹ ਮਾਰ ਖਾ ਗਏ।

ਸਭ ਨੂੰ ਪਤਾ ਹੈ ਕਿ ਧਨ ਚੋਣਾਂ ਜਿੱਤਣ ਵਿੱਚ ਸਭ ਤੋਂ ਵੱਧ ਪ੍ਰਭਾਵਸ਼ਾਲੀ ਢੰਗ ਨਾਲ ਮਦਦਗਾਰ ਸਾਬਤ ਹੁੰਦਾ ਹੈ। ਬਰਤਾਨੀਆ ਵਿੱਚ ਲੋਕਤੰਤਰ ਦੀ ਸ਼ਰੇਆਮ ਵਿਕਰੀ ਹੁੰਦੀ ਵੇਖੀ ਜਾ ਰਹੀ ਹੈ। ਇਸ ਨੂੰ ਰੋਕਣ ਲਈ ਬਰਤਾਨਵੀ ਚੋਣ ਕਮਿਸ਼ਨ ਨੇ ਗੌਰਡਨ ਬਰਾਊਨ ਦੀ ਅਗਵਾਈ ਹੇਠ ਕਮੇਟੀ ਗਠਤ ਕਰਕੇ ਧਨਾਢਾਂ ਵੱਲੋਂ ਚੰਦੇ ਦੀ ਸੀਮਾ ਨਿਰਧਾਰਿਤ ਕਰਨ ਦਾ ਯਤਨ ਕੀਤਾ ਪਰ ਇਹ ਗੱਲ ਅਜੇ ਤਕ ਕਿਸੇ ਤਣ ਪੱਤਣ ਨਹੀਂ ਲਗਦੀ ਦਿਖਾਈ ਦੇ ਰਹੀ।

ਧਨਾਢਾਂ ਵੱਲੋਂ ਚੰਦੇ ਦੇ ਰੂਪ ਵਿੱਚ ਧਨ ਰਾਹੀਂ ਲੋਕਤੰਤਰ ’ਤੇ ਕਬਜ਼ੇ ਨੂੰ ਰੋਕਣ ਲਈ ਦਸੰਬਰ 2025 ਵਿੱਚ ਬਰਤਾਨੀਆ ਅਤੇ 59 ਹੋਰ ਦੇਸ਼ਾਂ ਨੇ ਯੂਐੱਨਓ ਵਿੱਚ ਪਹੁੰਚ ਕੀਤੀ ਕਿ ਲੋਕਤੰਤਰ ਵਿੱਚ ਚੰਦਿਆਂ ਦੀ ਹੱਦ ਨਿਰਧਾਰਤ ਕੀਤੀ ਜਾਵੇ। ਇਸ ਸੰਬੰਧੀ ਕੈਨੇਡਾ ਨੇ ਸਲਾਨਾ ਪ੍ਰਤੀ ਵਿਅਕਤੀ ਜਾਂ ਕੰਪਨੀ ਨੂੰ ਰਾਜਨੀਤਿਕ ਪਾਰਟੀਆਂ ਨੂੰ ਚੰਦਾ ਦੇਣ ਦੀ ਦਰ 930, ਫਰਾਂਸ ਨੇ ਪਾਰਲੀਮੈਂਟਰੀ ਚੋਣਾਂ ਲਈ 6400 ਅਤੇ ਰਾਸ਼ਟਰਪਤੀ ਚੋਣ ਮੁਹਿੰਮ ਲਈ 3900, ਇਟਲੀ ਨੇ 85600 ਹਜ਼ਾਰ ਪੌਂਡ ਨਿਰਧਾਰਤ ਕੀਤੀ। ਬਰਤਾਨੀਆ ਨੇ 500,000 ਪੌਂਡ ਨਿਰਧਾਰਿਤ ਕੀਤੀ ਜਦੋਂ ਕਿ ਸਤੰਬਰ ਵਿੱਚ ਸਟੇਲਾ ਕ੍ਰਿਜੀ ਅਤੇ 63 ਸਾਂਸਦਾਂ ਨੇ 100,000 ਪੌਂਡ ਦੀ ਸਿਫਾਰਸ਼ ਕੀਤੀ। ਪਰ ਅਜੋਕੇ ਕਾਲ ਵਿੱਚ ਹਰ ਦੇਸ਼ ਵਿੱਚ “ਪ੍ਰਭੂਸੱਤਾ ਸੰਪੰਨ ਵਿਅਕਤੀ” ਵਜੋਂ ਸਥਾਪਿਤ ਹੋਣ ਦੀ ਦੌੜ ਕਰਕੇ ਅਜਿਹੀਆਂ ਸਿਫਾਰਿਸ਼ਾਂ ਦੀ ਕੋਈ ਵੁੱਕਤ ਨਹੀਂ ਰਹਿ ਗਈ।

ਬਰਤਾਨੀਆ ਵਿੱਚ ਦੋ ਕਰਿਪਟੋ ਕਰੰਸੀ ਸੰਬੰਧੀ ਖਰਬਪਤੀਆਂ ਬੈਨ ਡੇਲੋ ਅਤੇ ਜੇ ਪੀ ਮਾਰਗਨ ਨੇ 72 ਮਿਲੀਅਨ ਪੌਂਡ ਰਿਫਾਰਮ ਪਾਰਟੀ ਜਿਸਦੇ ਮੁਖੀ ਨੀਗਲ ਫੈਰਜ ਹਨ, ਚੰਦੇ ਵਜੋਂ ਦੇ ਕੇ ਬਰਤਾਨਵੀ ਰਾਜਨੀਤੀ ਵਿੱਚ ਤਹਿਲਕਾ ਮਚਾ ਕੇ ਰੱਖ ਦਿੱਤਾ ਹੈ। ਇਹ ਦੋਵੇਂ ਬਰਤਾਨੀਆ ਵਿੱਚ ਲੇਬਰ ਅਤੇ ਕੰਜ਼ਰਵੇਟਿਵ ਪਾਰਟੀ ਦਾ ਏਕਾਧਿਕਾਰ ਖਤਮ ਕਰਨਾ ਚਾਹੁੰਦੇ ਹਨ। ਉਹ ਬਰਤਨਵੀਂ ਲੋਕਤੰਤਰੀ ਰਾਜਨੀਤੀ ਵਿੱਚ ਆਪਣਾ ਏਕਾਧਿਕਾਰ ਸਥਾਪਿਤ ਕਰਨਾ ਚਾਹੁੰਦੇ ਹਨ। ਇਹ ਸਾਬਤ ਹੋ ਚੁੱਕਾ ਹੈ ਕਿ ਨੀਗਲ ਫੈਰਜ ਅਤੇ ਉਸਦੀ ਰਿਫਾਰਮ ਪਾਰਟੀ ਨੇ ਉੱਦਮੀਆਂ, ਕਾਰੋਬਾਰੀਆਂ, ਵਪਾਰੀਆਂ ਅਤੇ ਆਮ ਜਨਤਾ ਦੀ ਪ੍ਰਤੀਨਿਧਤਾ ਦਾ ਲਬਾਦਾ ਪਹਿਨ ਰੱਖਿਆ ਹੈ। ਹਕੀਕਤ ਵਿੱਚ ਉਹ ਧਨਾਢ ਵਿਅਕਤੀਆਂ ਦੇ ਧਨ ਨਾਲ ਚੋਣਾਂ ਜਿੱਤਣ ਦੇ ਜੁਗਾੜ ਵਿੱਚ ਹੈ। ਹੈਰਾਨੀ ਇਸ ਗੱਲ ਦੀ ਵੀ ਹੈ ਕਿ ਕੈਨੇਡਾ ਵਰਗੇ ਦੇਸ਼ ਵਿੱਚ ਸ਼ੌਪੀਫਾਈ ਕਾਰਪੋਰੇਸ਼ਨ ਮੁਖੀ ਟੋਬੀ ਲੁਟਕਾ ਲੋਕਤੰਤਰ ਵਿੱਚ ਇੱਕ ਵਿਅਕਤੀ ਇੱਕ ਵੋਟ ਦੀ ਥਾਂ ਧਨਾਢਾਂ ਦੇ ਬੋਲਬਾਲੇ ਲਈ ਉਨ੍ਹਾਂ ਦੀ ਵੋਟ ਦੇ ਜ਼ਿਆਦਾ ਮੁੱਲ ਦੀ ਮੰਗ ਕਰ ਰਿਹਾ ਹੈ।

ਅਮਰੀਕੀ ਰਾਸ਼ਟਰਪਤੀ ਆਬਰਾਹਮ ਲਿੰਕਨ ਦੇ ਅਨੁਸਾਰ ਲੋਕਤੰਤਰ ਵਿੱਚ ਸਰਕਾਰ ਲੋਕਾਂ ਦੀ, ਲੋਕਾਂ ਦੁਆਰਾ ਅਤੇ ਲੋਕਾਂ ਲਈ ਨਹੀਂ ਰਹਿਣ ਵਾਲੀ। ਨਾ ਹੀ ਰਾਸ਼ਟਰਪਤੀ ਰੌਨਾਲਡ ਰੀਗਨ ਅਨੁਸਾਰ ਸਰਕਾਰ ਲੋਕਾਂ ਦੁਆਰਾ ਚਲਾਈ ਜਾਣ ਵਾਲੀ ਅਤੇ ਲੋਕਾਂ ਦੁਆਰਾ ਆਪਣੇ ਅਧਿਕਾਰਾਂ ਦੀ ਤਰਜਮਾਨੀ ਕਰਨ ਵਾਲੀ ਨਹੀਂ ਰਹਿਣ ਵਾਲੀ। ਅਮਰੀਕੀ ਸੈਨੇਟਰ ਬਰਨੀ ਸੈਂਡਰਜ਼ ਨੇ ਪੂਰੇ ਵਿਸ਼ਵ ਅੱਗੇ ਟੱਲ ਵਜਾਉਂਦੇ ਹੋਕਾ ਦਿੱਤਾ ਹੈ ਕਿ ਜੁੰਡੀ ਰਾਜ ਸਮੱਸਿਆ ਸਿਰਫ ਅਮਰੀਕੀ ਮੁੱਦਾ ਨਹੀਂ ਹੈ, ਖਰਪਪਤੀ ਵਿਅਕਤੀ ਨਾ ਸਿਰਫ ਅਮਰੀਕੀ ਰਾਜਨੀਤੀ ਖਰੀਦ ਰਹੇ ਹਨ ਬਲਕਿ ਪੂਰੇ ਵਿਸ਼ਵ ਵਿੱਚ ਸੱਜੇ ਪੱਖੀਆਂ ਨੂੰ ਧਨ ਨਾਲ ਤਾਕਤਵਰ ਬਣਾ ਰਹੇ ਹਨ ਜਿਸ ਵਿੱਚ ਬ੍ਰਿਟੇਨ ਦੀ ਰਿਫਾਰਮ ਪਾਰਟੀ ਸ਼ਾਮਲ ਹੈ। ਲੋਕਤੰਤਰ ਤੋਂ ਭਾਵ ਹੈ ਇੱਕ ਵਿਅਕਤੀ ਇੱਕ ਵੋਟ। ਧਨਾਢ ਲੋਕਾਂ ਨੂੰ ਵਿਸ਼ਵ ਦੇ ਕਿਸੇ ਹਿੱਸੇ ਵਿੱਚ ਸਰਕਾਰ ਖਰੀਦਣ ਦੀ ਕਦਾਚਿਤ ਇਜਾਜ਼ਤ ਨਹੀਂ ਦਿੱਤੀ ਜਾ ਸਕਦੀ।

ਲੇਕਿਨ ਧਨਾਢਾਂ ਦੇ ਨਗਾਰਖਾਨੇ ਵਿੱਚ ਤੂਤੀ ਦੀ ਅਵਾਜ਼ ਕੋਈ ਮਾਅਨਾ ਨਹੀਂ ਰੱਖਦੀ। ਅਮਰੀਕੀ ਮੱਧਕਾਲੀ ਚੋਣਾਂ ਜਿੱਤਣ ਲਈ ਧਨਾਢਾਂ ਦੇ ਬਲਬੂਤੇ ਰਾਸ਼ਟਰਪਤੀ ਟਰੰਪ ਨੇ ਐਲਾਨ ਕੀਤਾ ਹੈ ਕਿ ਉਹ ਹਰ ਬਾਲਗ ਵਿਅਕਤੀ ਨੂੰ 5000 ਡਾਲਰ ਮਦਦ ਦੇਵੇਗਾ ਜੇਕਰ ਉਹ ਅਮਰੀਕੀ ਕਾਂਗਰਸ ਅਤੇ ਸੈਨਟ ਵਿੱਚ ਰਿਪਬਲਿਕਨਾਂ ਨੂੰ ਬਹੁਮਤ ਨਾਲ ਜਿਤਾਉਣਗੇ। ਹਕੀਕਤ ਵਿੱਚ ਧਨਾਢ ਵਿਅਕਤੀ ਪੂਰੇ ਵਿਸ਼ਵ ਦੀ ਰਾਜਨੀਤਿਕ, ਆਰਥਿਕ ਅਤੇ ਭੂਗੋਲਕ ਵਿਵਸਥਾ ਉੱਤੇ ਕਾਬਜ਼ ਹੋਣ ਲਈ ਘੁੰਡ ਉਤਾਰ ਕੇ ਸਾਮ, ਦਾਮ, ਦੰਡ, ਭੇਦ ਦੀ ਨੀਤੀ ਦਾ ਨਾਚ ਨੱਚ ਰਹੇ ਹਨ। ਯਾਰਵਿਨ ਅਤੇ ਲੈਂਡ ਅਨੁਸਾਰ ਲੋਕਤੰਤਰ, ਸਮਾਨਤਾਵਾਦ ਅਤੇ ਉਦਾਰਵਾਦ ਨੂੰ ਨਕਾਰ ਕੇ ਕਾਰੋਬਾਰ ਨੂੰ ਹਰ ਦੇਸ਼ ਅਤੇ ਵਿਸ਼ਵ ਵਿੱਚ ਮਾਲਿਕ ਸਥਾਪਿਤ ਕਰਨਾ ਚਾਹੁੰਦੇ ਹਨ।

*       *       *       *       *

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ:  (
sarokar2015@gmail.com)

About the Author

ਦਰਬਾਰਾ ਸਿੰਘ ਕਾਹਲੋਂ

ਦਰਬਾਰਾ ਸਿੰਘ ਕਾਹਲੋਂ

Kingston, Ontario, Canada.
(Retd. Punjab State Information Commissioner)
Phone: (Canada 1 - 289 - 829 - 2929)

Email: (kahlondarbarasingh@gmail.com)

More articles from this author