“ਕੈਨੇਡਾ ਦੇ ਰਾਜਨੀਤੀਵਾਨਾਂ, ਧਾਰਮਿਕ ਗਰੁੱਪਾਂ, ਭਾਸ਼ਾਈ ਅਤੇ ਸੱਭਿਆਚਾਰਕ ਸਭਾਵਾਂ ਨੂੰ ...”
(1 ਇੱਕ ਨਵੰਬਰ 2024)
ਪੂਰਾ ਵਿਸ਼ਵ ਜਾਣਦਾ ਹੈ ਕਿ ਕੈਨੇਡਾ ਇਸ ਧਰਤੀ ’ਤੇ ਉੱਤਰੀ ਅਮਰੀਕਾ ਮਹਾਦੀਪ ਵਿੱਚ ਇੱਕ ਖੂਬਸੂਰਤ, ਵਿਸ਼ਾਲ, ਵਿਕਸਿਤ ਅਤੇ ਨਵੇਕਲੀ ਕਿਸਮ ਦਾ ਦੇਸ਼ ਹੈ। ਇਹ ਖੇਤਰਫ਼ਲ ਪੱਖੋਂ ਰੂਸ ਤੋਂ ਬਾਅਦ ਵਿਸ਼ਵ ਦਾ ਦੂਸਰਾ ਵੱਡਾ ਦੇਸ਼ ਹੈ। ਵਧੀਆ ਜੀਵਨ ਜਿਊਣ ਦੀ ਸੂਚੀ ਵਾਲੇ ਦੇਸ਼ਾਂ ਵਿੱਚ ਇਸਦਾ ਚੌਥਾ ਸਥਾਨ ਹੈ। ਇਹ ਅਮਰੀਕਾ ਦੇ ਉੱਤਰ ਵਿੱਚ ਵਿਸ਼ਵ ਦੀ ਸਭ ਦੇਸ਼ਾਂ ਨਾਲੋਂ ਲੰਬੀ 8891 ਕਿਲੋਮੀਟਰ ਸਰਹੱਦ ਤਕ ਪਸਰਿਆ ਹੋਇਆ ਹੈ ਜੋ 13 ਅਮਰੀਕੀ ਅਤੇ 8 ਕੈਨੇਡੀਅਨ ਸੂਬਾਈ ਖੇਤਰਾਂ ਨਾਲ ਖਹਿੰਦੀ ਹੈ।
ਕੈਨੇਡਾ ਦੀ ਅਬਾਦੀ ਨੇੜ ਦੇ ਭਵਿੱਖ ਵਿੱਚ 4 ਕਰੋੜ ਦਾ ਅੰਕੜਾ ਛੂਹਣ ਵਾਲੀ ਹੈ। ਅਬਾਦੀ, ਸੁਰੱਖਿਆ, ਆਰਥਿਕਤਾ, ਪੈਦਾਵਾਰ, ਖੁਸ਼ਹਾਲੀ, ਬੇਹਤਰੀਨ ਜੀਵਨ ਪੱਧਰ ਸੰਬੰਧੀ ਮਾਹਿਰਾਂ ਦੀ ਖੋਜ ਦਰਸਾਉਂਦੀ ਹੈ ਕਿ ਕੈਨੇਡਾ ਤਾਂ ਵਿਸ਼ਵ ਅੰਦਰ ਨੰਬਰ ਇੱਕ ਪੁਜ਼ੀਸ਼ਨ ’ਤੇ ਖੜ੍ਹਾ ਹੋ ਸਕਦਾ ਹੈ ਜੇਕਰ ਇਸਦੀ ਅਬਾਦੀ ਘੱਟੋ ਘੱਟ 10 ਕਰੋੜ ਹੋ ਜਾਵੇ।
ਚੁਣੌਤੀਆਂ:
ਕੈਨੇਡਾ ਇੱਕ ਬਹੁ ਨਸਲੀ, ਬਹੁ ਧਰਮੀ, ਬਹੁ ਖੇਤਰੀ, ਬਹੁ ਭਾਸ਼ੀ ਬਹੁ ਰੰਗੀ, ਬਹੁ ਸੱਭਿਆਚਾਰਾਂ ਵਾਲਾ ਦੇਸ਼ ਹੈ। ਬ੍ਰਿਟਸ਼ ਦੇ ਆਗਮਨ ਤੋਂ ਪਹਿਲਾਂ ਇੱਥੇ ਬਹੁ ਭਾਸ਼ੀ, ਬਹੁ ਖੇਤਰਾਂ, ਬਹੁ ਸੱਭਿਆਚਾਰਾਂ ਅਤੇ ਬਹੁ ਮਾਨਤਾਵਾਂ ਵਾਲੇ ਸਥਾਨਿਕ ਲੋਕ ਰਹਿੰਦੇ ਸਨ। ਬ੍ਰਿਟਿਸ਼ ਹਕੂਮਤ ਅਤੇ ਹਾਕਮਾਂ ਦੀਆਂ ਉਨ੍ਹਾਂ ਪ੍ਰਤੀ ਨਫ਼ਰਤੀ, ਨਕਾਰਾਤਮਿਕ ਅਤੇ ਮਾਰੂ ਨੀਤੀਆਂ ਕਰਕੇ ਉਨ੍ਹਾਂ ਦੀ ਹਾਲਤ ਬਦਤਰ ਹੁੰਦੀ ਗਈ। ਉਨ੍ਹਾਂ ਦੀਆਂ ਨਸਲਾਂ, ਭਾਸ਼ਾਵਾਂ, ਸੱਭਿਆਚਾਰਾਂ ਦੇ ਵਿਕਾਸ ਨੂੰ ਕੁਚਲਣ ਦੀ ਅਤਿ ਦਰਿੰਦਗੀ ਭਰੀ ਅਣਮਨੁੱਖੀ ਦਾਸਤਾਨ ਹੈ, ਜਿਸ ਵਿੱਚ ਈਸਾਈ ਮਿਸ਼ਨਰੀਆਂ ਅਤੇ ਰੈਜ਼ੀਡੈਂਸ਼ੀਅਲ ਸਕੂਲ ਸਿਸਟਮ ਨੇ ਅਪਰਾਧਿਕ ਅਤੇ ਮੁਜਰਮਾਨਾ ਰੋਲ ਅਦਾ ਕੀਤਾ। ਇਨ੍ਹਾਂ ਗੁਨਾਹਾਂ ਲਈ ਮੌਜੂਦਾ ਹਾਕਮਾਂ ਨੇ ਪਾਰਲੀਮੈਂਟ ਅੰਦਰ ਪਬਲਿਕ ਮੁਆਫੀ ਮੰਗੀ। ਵੈਟੀਕਨ ਪੋਪ ਨੇ ਵੀ ਮੁਆਫੀ ਮੰਗੀ।
ਦੂਰ-ਦਰਾਜ਼ ਖੇਤਰਾਂ ਵਿੱਚ ਰਹਿੰਦੇ ਸਥਾਨਿਕ ਲੋਕ ਅੱਜ ਵੀ ਬਹੁਤਾ ਕਰਕੇ ਨਜ਼ਰਅੰਦਾਜ਼, ਸਿੱਖਿਆ, ਸਿਹਤ, ਆਧੁਨਿਕ ਸਹੂਲਤਾਂ ਪੱਖੋਂ ਪਛੜੇ, ਨਸ਼ੀਲੇ ਪਦਾਰਥਾਂ ਅਤੇ ਅਗਿਆਨਤਾ ਦੇ ਸ਼ਿਕਾਰ ਹਨ। ਕੈਨੇਡੀਅਨ ਫੈਡਰਲ ਅਤੇ ਸੂਬਾਈ ਜਾਂ ਖੇਤਰੀ ਸਰਕਾਰਾਂ ਉਨ੍ਹਾਂ ਨੂੰ ਰਾਸ਼ਟਰੀ ਮੁੱਖ ਧਾਰਾ ਵਿੱਚ ਜੋੜਨ ਲਈ ਯਤਨਸ਼ੀਲ ਹਨ, ‘ਸੱਚਾਈ ਅਤੇ ਸੁਲ੍ਹਾ ਕਮਿਸ਼ਨ’ ਦੀਆਂ ਸਿਫਾਰਿਸ਼ਾਂ ਨੂੰ ਅਮਲ ਵਿੱਚ ਲਿਆ ਰਹੀਆਂ ਹਨ ਪਰ ਨਿਰਸੰਦੇਹ ਚਾਲ ਬਹੁਤ ਸੁਸਤ ਹੈ। ਦੇਸ਼ ਨੇ ਪਹਿਲੀ ਵਾਰ ਉਨ੍ਹਾਂ ਦੀ ਪ੍ਰਤੀਨਿਧ ਮੇਰੀ ਸਾਈਮੋ ਨੂੰ 30ਵੇਂ ਗਵਰਨਰ ਜਨਰਲ ਵਜੋਂ 5 ਸਾਲ ਲਈ 26 ਜੁਲਾਈ, 2021 ਨੂੰ ਨਿਯੁਕਤ ਕੀਤਾ ਸੀ।
ਪ੍ਰਵਾਸੀਆਂ ਦਾ ਦੇਸ਼:
ਹਕੀਕਤ ਵਿੱਚ ਬ੍ਰਿਟਿਸ਼, ਫਰਾਂਸੀਸੀ (ਕਿਊਬਕ ਸੂਬੇ ਵਿੱਚ ਸ਼ਾਸਕ) ਵੀ ਪ੍ਰਵਾਸੀ ਹਨ ਜਿਵੇਂ ਕਿ ਅਰਬੀ, ਇਟਾਲੀਅਨ, ਸਪੈਨਿਸ਼, ਲਾਤੀਨੀ, ਜਰਮਨ, ਪੁਰਤਗਾਲੀ ਚੀਨੀ, ਯੂਰਪੀ, ਏਸ਼ੀਆਈ, ਅਫਰੀਕਨ ਮੂਲ ਆਦਿ ਦੇ ਲੋਕ। ਰਿਫਿਊਜ਼ੀਆਂ ਦੇ ਵਸੇਬੇ ਲਈ ਵਿਸ਼ਵ ਭਰ ਦਾ ਇਹ ਮਾਡਲ ਦੇਸ਼ ਹੈ। ਕਰੀਬ 5 ਲੱਖ ਔਸਤ ਵਿਦੇਸ਼ਾਂ ਤੋਂ ਪ੍ਰਵਾਸੀ ਇੱਥੇ ਹਰ ਸਾਲ ਆਉਂਦੇ ਹਨ। ਯੂਰਪੀਨਾਂ ਨੇ 16ਵੀਂ ਸਦੀ ਵਿੱਚ ਇੱਥੇ ਪਹਿਲੀ ਬਸਤੀ ਸਥਾਪਿਤ ਕੀਤੀ ਸੀ। 69.8 ਪ੍ਰਤੀਸ਼ਤ ਅਬਾਦੀ ਗੋਰੀ ਹੈ। ਸਥਾਨਿਕ ਅਬਾਦੀ 5 ਪ੍ਰਤੀਸ਼ਤ ਹੈ। ਦੱਖਣੀ ਏਸ਼ੀਆਈ 7.1 ਪ੍ਰਤੀਸ਼ਤ ਹਨ।
ਭਾਸ਼ਾ ਅਧਾਰਤ 54.9 ਪ੍ਰਤੀਸ਼ਤ ਅੰਗਰੇਜ਼ੀ, 19.6 ਫਰੈਂਚ, 3.5 ਚੀਨੀ, 1.8 ਪੰਜਾਬੀ, 1.5 ਸਪੈਨਿਸ਼, 1.4 ਅਰਬੀ, 0.9 ਇਟਾਲੀਅਨ, 0.7 ਜਰਮਨ, 0.7 ਪੁਰਤਗਾਲੀ ਆਦਿ ਹਨ।
ਧਾਰਮਿਕ ਪੱਖੋਂ 53.3 ਪ੍ਰਤੀਸ਼ਤ ਈਸਾਈ, 4.9 ਮੁਸਲਿਮ, 2.3 ਹਿੰਦੂ, 2.1 ਸਿੱਖ, 1.0 ਬੋਧੀ, 0.9 ਯਹੂਦੀ, 0.2 ਸਥਾਨਿਕ ਹਨ. 0.6 ਪ੍ਰਤੀਸ਼ਤ ਹੋਰ ਹਨ, ਜਦਕਿ 34.6 ਪ੍ਰਤੀਸ਼ਤ ਦਾ ਕਿਸੇ ਧਰਮ ਨਾਲ ਸਬੰਧ ਨਹੀਂ। ਸੰਨ 1867 ਵਿੱਚ ਯੂ. ਕੇ. ਤੋਂ ਅਜ਼ਾਦੀ ਪ੍ਰਾਪਤ ਕਰਕੇ ਕੈਨੇਡੀਅਨ ਕਨਫੈਡਰੇਸ਼ਨ ਹੋਂਦ ਵਿੱਚ ਆਈ।
ਡਰ: ਆਧੁਨਿਕ ਵਿਗਿਆਨਿਕ, ਸਿੱਖਿਆ, ਸੰਚਾਰ ਸਾਧਨਾਂ ਦੇ ਪ੍ਰਸਾਰ ਕਰਕੇ ਜਿਵੇਂ ਪੂਰਾ ਗਲੋਬ ਇੱਕ ਪਿੰਡ ਬਣਿਆ ਵਿਖਾਈ ਦਿੰਦਾ ਹੈ, ਇਸ ਵਿੱਚ ਸ਼ਾਂਤੀ, ਸਹਿਣਸ਼ੀਲਤਾ, ਮਿਲਵਰਤਣ, ਆਪਸੀ ਸੂਝ-ਬੂਝ ਕਰਕੇ ਸ਼ਾਂਤੀ ਸਥਾਪਿਤ ਹੋਣੀ ਚਾਹੀਦੀ ਸੀ ਪਰ ਉਲਟ ਹਰ ਰਾਸ਼ਟਰ ਅੰਦਰੂਨੀ ਧਾਰਮਿਕ, ਇਲਾਕਾਈ, ਭਾਸ਼ਾਈ, ਨਸਲੀ ਅਤੇ ਸੱਭਿਆਚਾਰਕ ਕੱਟੜਵਾਦਤਾ ਕਰਕੇ ਹਿੰਸਾ, ਅਗਜ਼ਨੀ, ਵਿਰੋਧ ਮਾਰਚਾਂ ਅਤੇ ਮੁਜ਼ਾਹਰਿਆਂ ਦਾ ਸ਼ਿਕਾਰ ਬਣਿਆ ਪਿਆ ਹੈ। ਕਈ ਰਾਸ਼ਟਰ ਅੰਦਰੂਨੀ ਅਤੇ ਬਾਹਰੀ ਜੰਗਾਂ ਦਾ ਸ਼ਿਕਾਰ ਹਨ। ਰੂਸ-ਯੂਕਰੇਨ, ਇਸਰਾਈਲ-ਹਮਸ ਅਤੇ ਹਿਜ਼ਬੁਲ੍ਹਾ ਜੰਗਾਂ ਵਿੱਚ ਹੁਣ ਤਕ ਲੱਖਾਂ ਲੋਕ ਮਾਰੇ ਗਏ ਅਤੇ ਜ਼ਖਮੀ ਹੋਏ ਹਨ।
ਪਿਛਲੇ ਦਿਨੀਂ ਅਚਾਨਕ ਯੂ.ਕੇ. ਵਰਗੇ ਵਿਕਸਿਤ ਦੇਸ਼ ਵਿੱਚ ਫੈਲੀ ਨਸਲੀ ਅਤੇ ਨਫਰਤੀ ਹਿੰਸਾ ਨੇ ਵਿਸ਼ਵ ਨੂੰ ਹੈਰਾਨ-ਪ੍ਰੇਸ਼ਾਨ ਕਰਕੇ ਰੱਖ ਦਿੱਤਾ। ਇਸ ਵਿੱਚ ਕਾਤਲਾਨਾ ਹਮਲੇ, ਲੁੱਟਾਂ-ਖੋਹਾਂ, ਅਗਜ਼ਨੀ ਅਮਨ-ਕਾਨੂੰਨ ਵਿਵਸਥਾ ਦੀ ਬਰਬਾਦੀ ਵੇਖਣ ਨੂੰ ਮਿਲੀ।
ਕੈਨੇਡਾ ਵਰਗੇ ਦੇਸ਼ ਨੂੰ ਅਜਿਹੀਆਂ ਪ੍ਰਸਥਿੱਤੀਆਂ ਤੋਂ ਵੱਡਾ ਸਬਕ ਸਿੱਖਣ ਦੀ ਲੋੜ ਹੈ। ਉਸ ਨੂੰ ਪੂਰਨ ਚੌਕਸੀ, ਮੁਸਤੈਦੀ ਸੁਰੱਖਿਆ ਦੇ ਪ੍ਰਬੰਧ ਮਜ਼ਬੂਤ ਕਰਨੇ ਚਾਹੀਦੇ ਹਨ।
ਅਫਵਾਹਾਂ!
ਵਿਸ਼ਵ ਅੰਦਰ ਭੂਤਕਾਲ ਵਿੱਚ ਅਫਵਾਹਾਂ ਨੇ ਕਿਵੇਂ ਇਸ ਨੂੰ ਵਿਸ਼ਵ ਅਤੇ ਇਲਾਕਾਈ ਜੰਗਾਂ ਦੇ ਭੇੜੀਆਂ ਅੱਗੇ ਪ੍ਰੋਸਣ ਦਾ ਕੰਮ ਕੀਤਾ, ਤੋਂ ਭਲੀਭਾਂਤ ਜਾਣੂ ਹੋਣ ਦੇ ਬਾਵਜੂਦ ਸਾਡੀ ਸਥਿਤੀ ਇੰਨੀ ਕਮਜ਼ੋਰ ਹੈ ਕਿ ਅਸੀਂ ਬਾਰ-ਬਾਰ ਇਨ੍ਹਾਂ ਦਾ ਸ਼ਿਕਾਰ ਹੋ ਰਹੇ ਹਾਂ। ਯੂ.ਕੇ. ਹਿੰਸਕ, ਅਗਜ਼ਨੀ, ਲੁੱਟ-ਮਾਰ ਦੁਖਾਂਤ ਪਿੱਛੇ ਝੂਠੀ ਅਫਵਾਹ ਸੀ। ਟੇਲਰ ਸਵਿਫਟ ਥੀਮ ਨਾਚ ਵਿਖੇ ਤਿੰਨ ਲੜਕੀਆਂ ਨੂੰ 29 ਜੁਲਾਈ, 2024 ਨੂੰ ਛੁਰੇਬਾਜ਼ੀ ਨਾਲ ਜ਼ਖਮੀ ਕੀਤਾ ਗਿਆ। ਇਸ ਪਿੱਛੇ ਹਕੀਕਤ ਵਿੱਚ ਵੇਲਜ਼ ਪ੍ਰਾਂਤ ਦੇ 17 ਸਾਲਾ ਕਾਰਡਿਫ ਦਾ ਹੱਥ ਸੀ। ਅਫਵਾਹ ਇਹ ਫੈਲਾਈ ਕਿ ਉਹ ਇੱਕ ਮੁਸਲਿਮ ਪਨਾਹਗੀਰ ਹੈ।
ਸੁਥਾਨਿਕ ਲੋਕਾਂ ਦੇ ਰੋਜ਼ਗਾਰ ਦੇ ਮੌਕੇ ਅਤੇ ਕੰਮਕਾਜ ਖੁੱਸਣ ਕਰਕੇ ਯੂ. ਕੇ ਅੰਦਰ ਪ੍ਰਵਾਸੀਆਂ ਦੀ ਕਾਨੂੰਨੀ ਅਤੇ ਗੈਰ-ਕਾਨੂੰਨੀ ਆਮਦ ਵਿਰੁੱਧ ਗੁੱਸਾ ਅਤੇ ਨਫਰਤ ਪੈਦਾ ਹੋਈ ਪਈ ਹੈ। ਵਿਰੋਧੀ ਰਾਜਨੀਤੀਵਾਨਾਂ ਵੱਲੋਂ ਸਵਾਰਥ ਅਤੇ ਵੋਟ ਰਾਜਨੀਤੀ ਲਈ ਨਸਲਵਾਦੀ ਕੱਟੜਤਾ, ਨਫਰਤ, ਹਿੰਸਾ ਨਾਲ ਲਬਰੇਜ਼ ਪ੍ਰਾਪੇਗੰਡਾ ਕੀਤਾ ਜਾਂਦਾ ਹੈ। ਸੱਜੇ ਪੱਖੀ ਹਿੰਸਕ ਗਰੁੱਪਾਂ ਦਾ ਪ੍ਰਭਾਵ ਵਧਦਾ ਜਾ ਰਿਹਾ ਹੈ। ਇਸ ਨਸਲੀ ਹਿੰਸਾ ਨੇ ਲੇਬਰ ਪ੍ਰਧਾਨ ਮੰਤਰੀ ਕੀਰ ਸਟਾਰਮਰ ਸਰਕਾਰ ਦੀਆਂ ਚੌਕਸੀ ਅਤੇ ਸੁਰੱਖਿਆ ਮਾਮਲਿਆਂ ਸੰਬੰਧੀ ਕਮਜ਼ੋਰੀਆਂ ਜੱਗ ਜ਼ਾਹਿਰ ਕਰ ਦਿੱਤੀਆਂ। ਇਸ ਹਿੰਸਾ ਵਿੱਚ ਦਰਜਨਾਂ ਲੋਕ ਜਖ਼ਮੀ ਹੋਏ, 1000 ਦੇ ਕਰੀਬ ਗ੍ਰਿਫਤਾਰੀਆਂ ਹੋਈਆਂ, 100 ਕੁ ਲੋਕ ਜੇਲ੍ਹ ਬੰਦ ਕੀਤੇ ਗਏ।
ਕੈਨੇਡੀਅਨ ਸਥਿਤੀ:
ਕੈਨੇਡਾ ਅੰਦਰ ਕੋਵਿਡ-19 ਮਹਾਂਮਾਰੀ ਬਾਅਦ ਸਨਅਤੀ, ਖੇਤੀ, ਕੱਲ-ਪੁਰਜਿਆਂ, ਫੂਡ ਪ੍ਰਾਸੈਸਿੰਗ ਸੰਬੰਧੀ ਪੈਦਾਵਾਰ ਘਟੀ ਹੈ। ਕਾਰੋਬਾਰਾਂ ਵਿੱਚ ਮੰਦੀ ਦਾ ਦੌਰ ਚੱਲ ਰਿਹਾ ਹੈ। ਬੇਰੋਜ਼ਗਾਰੀ ਵਧੀ ਹੈ। ਕੈਨੇਡੀਅਨ ਨਾਗਰਿਕਾਂ ਲਈ ਰੋਜ਼ਗਾਰ ਦੇ ਮੌਕੇ ਘਟ ਰਹੇ ਹਨ। ਇਸਦਾ ਕਾਰਨ ਉਹ ਪ੍ਰਵਾਸੀ ਲੋਕਾਂ ਵੱਲੋਂ ਰੋਜ਼ਗਾਰ ਹਥਿਆਉਣਾ ਸਮਝਦੇ ਹਨ। ਕੈਨੇਡੀਆਂ ਰਾਜਾਂ ਵਿੱਚ ਅਪਰਾਧਾਂ, ਹਿੰਸਾ, ਲੁੱਟਾਂ-ਖੋਹਾਂ, ਮਾਰ-ਧਾੜ, ਕਾਨੂੰਨ ਦੀ ਉਲੰਘਣਾ ਦੇ ਮਾਮਲਿਆਂ ਵਿੱਚ ਹੋ ਰਿਹਾ ਲਗਾਤਾਰ ਵਾਧਾ ਚਿੰਤਾਜਨਕ ਹੈ। ਰਾਜਸੀ ਸੇਵਾਵਾਂ ਵਿੱਚ ਨਿਘਾਰ ਵੇਖਣ ਨੂੰ ਮਿਲ ਰਿਹਾ ਹੈ। ਮੇਅਰ, ਕੈਬਨਿਟ ਮੰਤਰੀ, ਮੁੱਖ ਮੰਤਰੀ ਅਤੇ ਪ੍ਰਧਾਨ ਮੰਤਰੀ ਦੇ ਦਫਤਰਾਂ ਵਿੱਚ ਫਾਈਲਾਂ ਨਜ਼ਰ ਅੰਦਾਜ਼ ਹੁੰਦੀਆਂ ਵੇਖੀਆਂ ਜਾਂਦੀਆਂ ਹਨ। ਪਹਿਲਾਂ ਅਜਿਹਾ ਕਦਾਚਿਤ ਮੁਮਕਿਨ ਨਹੀਂ ਸੀ। ਤੀਸਰੀ ਵਾਰ ਦੇਸ਼ ਅੰਦਰ ਬਣਿਆ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਆਪਣੇ ਹੱਥਾਂ ਵਿੱਚ ਸ਼ਕਤੀਆਂ ਕੇਂਦਰਤ ਕਰਦਾ ਦਿਸ ਰਿਹਾ ਹੈ। ਕੈਬਨਿਟ ਮੰਤਰੀਆਂ ਨੂੰ ਗਧੇ ਸਮਝਦਾ ਨਜ਼ਰ ਆ ਰਿਹਾ ਹੈ। ਉਹ ਇਸ ਵਹਿਮ ਦਾ ਸ਼ਿਕਾਰ ਹੈ ਕਿ ਉਹ ਭਾਵੇਂ ਸੰਨ 2025 ਵਿੱਚ ਹੋਣ ਵਾਲੀਆਂ ਚੋਣਾਂ ਵਿੱਚ ਨਹੀਂ ਜਿੱਤੇਗਾ ਪਰ ਵਿਰੋਧੀ ਕੰਜ਼ਰਵੇਟਿਵ ਪਾਰਟੀ ਪੀਅਰ ਪੌਲੀਐਵ ਦੀ ਹਾਰ ਉਸ ਨੂੰ ਜਿੱਤ ਵੱਲ ਧਕੇਲ ਦੇਵੇਗੀ।
ਅਜਿਹੀ ਗੈਰ ਜ਼ਿੰਮੇਵਾਰ ਸਰਕਾਰ ਅਤੇ ਪ੍ਰਧਾਨ ਮੰਤਰੀ ਬਿਲਕੁਲ ਚੌਕਸ ਨਜ਼ਰ ਨਹੀਂ ਆ ਰਹੇ ਕਿ ਕੈਨੇਡਾ ਕਿਵੇਂ ਪ੍ਰਵਾਸ, ਨਸਲਵਾਦ, ਜਾਤੀਵਾਦ, ਇਲਾਕਾਵਾਦ, ਭਾਸ਼ਾਵਾਦ, ਧਾਰਮਿਕ ਕੱਟੜਵਾਦ ਸੰਬੰਧੀ ਤਣਾਓ ਭਰੇ ਮਾਹੌਲ ਵਿੱਚੋਂ ਗੁਜ਼ਰ ਰਿਹਾ ਹੈ। ਭਾਰਤੀ ਪਿਛੋਕੜ ਦੇ ਖਾਲਿਸਤਾਨ ਪੱਖੀ ਹਰਦੀਪ ਸਿੰਘ ਨਿੱਝਰ ਦਾ ਭਾਰਤੀ ਏਜੰਸੀਆਂ ਵੱਲੋਂ ਚਿੱਟੇ ਦਿਨ 18 ਜੂਨ, 2023 ਨੂੰ ਕਤਲ ਕੀ ਕੈਨੇਡੀਅਨ ਚੌਕਸੀ ਅਤੇ ਸੁਰੱਖਿਆ ਪ੍ਰਬੰਧਾਂ ਦੀ ਨਾਲਾਇਕੀ ਨਹੀਂ ਸੀ?
ਕੈਨੇਡਾ ਦੀ ਧਰਤੀ ਤੇ ਵੱਖ-ਵੱਖ ਨਸਲਵਾਦੀ, ਧਾਰਮਿਕ, ਭਾਸ਼ਾਈ, ਪ੍ਰਸ਼ਾਸਨਿਕ ਕੱਟੜਵਾਦ ਵਿੱਚ ਵਾਧਾ ਹੋ ਰਿਹਾ ਹੈ। ਅਬਾਕੁਸ-2023 ਪੋਲ ਸਰਵੇ ਅਨੁਸਾਰ ਪਤਾ ਚਲਦਾ ਹੈ ਕਿ ਦੋ ਤਿਹਾਈ ਕੈਨੇਡੀਅਨ ਮੰਨਦੇ ਹਨ ਕਿ ਇੱਥੇ ਵੱਖ-ਵੱਖ ਨਸਲਾਂ ਦੇ ਪ੍ਰਵਾਸੀਆਂ ਦੀ ਭਰਮਾਰ ਹੈ।
ਘਰਾਂ ਦੀਆਂ ਕੀਮਤਾਂ ਅਸਮਾਨੀ ਚੜ੍ਹਨਾ, ਘਰ ਖਰੀਦ ਕੈਨੇਡੀਅਨ ਨਾਗਰਿਕਾਂ ਦੀ ਪਹੁੰਚ ਤੋਂ ਬਾਹਰ ਹੋਣਾ, ਬੇਘਰਿਆਂ ਦੀ ਤਾਦਾਦ ਵਿੱਚ ਵਾਧਾ ਹੋਣਾ, ਸਾਲਾਂ ਬੱਧੀ ਪਰਿਵਾਰਾਂ ਨੂੰ ਡਾਕਟਰ ਅਲਾਟ ਨਾ ਹੋਣਾ, ਐਮਰਜੈਂਸੀ ਵਿੱਚ ਬੱਚੇ, ਬੁੱਢਿਆਂ, ਅਪਾਹਜਾਂ ਨੂੰ 8-10 ਘੰਟੇ ਉਡੀਕ ਕਰਨੀ ਪੈਣੀ, ਸਾਲਾਂ ਬੱਧੀ ਸਰਜਰੀਆਂ ਅੱਗੇ ਪਾਉਣਾ, ਪ੍ਰਵਾਸੀਆਂ ਵੱਲੋਂ ਘੱਟ ਉਜਰਤ ’ਤੇ ਕੰਮ ਕਰਨ ਕਰਕੇ ਕੈਨੇਡੀਅਨ ਨਾਗਰਿਕਾਂ ਦਾ ਹੱਕ ਮਾਰਿਆ ਜਾਣ ਆਦਿ ਕਰਕੇ ਦੇਸ਼ ਵਿੱਚ ਭੈੜੀ ਬੇਚੈਨੀ ਪੈਦਾ ਹੋ ਰਹੀ ਹੈ। ਸਥਿਤੀ ਵਿਸਫੋਟਿਕ ਰੂਪ ਧਾਰਨ ਕਰ ਰਹੀ ਹੈ, ਕਿਸੇ ਵੇਲੇ ਵੀ ਧਮਾਕੇ ਨਾਲ ਫਟ ਸਕਦੀ ਹੈ।
ਕਿਊਬੈਕ ਵਿਖੇ ਫਰੈਂਚ ਕਿਉਬੈਕ ਬਲਾਕ ਸਰਕਾਰ ਵੱਲੋਂ ਬਿਕ-21 ਸੰਨ 2019 ਜਿਸ ਨੂੰ ਕਿਊਬੈਕ ਕੋਰਟ ਆਫ ਅਪੀਲ ਨੇ ਵੀ ਫਰਵਰੀ, 2024 ਵਿੱਚ ਸਹੀ ਠਹਿਰਾਇਆ ਅਨੁਸਾਰ ਹਰ ਧਰਮ ਦੇ ਲੋਕਾਂ ’ਤੇ ਸਰਕਾਰੀ ਦਫਤਰਾਂ ਵਿੱਚ ਧਾਰਮਿਕ ਚਿੰਨ੍ਹ ਪਹਿਨਣ ’ਤੇ ਪਾਬੰਦੀਲਾਗੂ ਕਰਕੇ ਸਿੱਖਾਂ, ਮੁਸਲਮਾਨਾਂ, ਯਹੂਦੀਆਂ, ਹਿੰਦੂਆਂ, ਇਸਾਈਆਂ ਵਿੱਚ ਗੁੱਸੇ ਭਰਿਆ ਮਾਹੌਲ ਪੈਦਾ ਕਰ ਰੱਖਿਆ ਹੈ। ਐੱਨ. ਡੀ. ਪੀ. ਸੁਪਰੀਮੋ ਜਗਮੀਤ ਸਿੰਘ ਵੱਲੋਂ ਵਿਰੋਧ ਜਿਤਾਉਣ ਤੇ ਕਿਉਬੈਕ ਸਰਕਾਰ ਨੇ ਸਾਫ ਕਹਿ ਦਿੱਤਾ ਕਿ ਜੇ ਤੁਸੀਂ ਵੀ ਸੂਬੇ ਵਿੱਚ ਸਰਕਾਰੀ ਨੌਕਰੀ ਕਰਨੀ ਚਾਹੋਗੇ ਤਾਂ ਪਗੜੀ, ਕੜਾ, ਸ੍ਰੀ ਸਾਹਿਬ ਉਤਾਰਨੀ ਪਏਗੀ। ਪ੍ਰਧਾਨ ਮੰਤਰੀ ਟਰੂਡੋ ਦੇ ਵਿਰੋਧ ਨੂੰ ਵੀ ਨਕਾਰ ਦਿੱਤਾ।
ਗੋਰੇ ਨਸਲਪ੍ਰਸਤਾਂ ਵਿੱਚ ਵਾਧਾ
ਯੂ.ਕੇ ਦੀ ਯੁੱਧਨੀਤਕ ਵਾਰਤਾਲਾਪ ਸੰਸਥਾ ਅਤੇ ਓਟਾਰੀਓ ਤਕਨੀਕੀ ਯੂਨੀਵਰਸਿਟੀ ਦੇ ਪ੍ਰੋ. ਬਾਰਬਰਾ ਪੈਰੀ ਦੀ ਰਿਪੋਰਟ ਅਨੁਸਾਰ ਕੈਨੇਡਾ ਅੰਦਰ ਸੱਜੇ ਪੱਖੀ ਨਸਲੀ ਨਫਰਤੀ ਗਰੁੱਪਾਂ ਦੀ ਗਿਣਤੀ ਵਧ ਰਹੀ ਹੈ। ਯੂ.ਕੇ. ਅਤੇ ਅਮਰੀਕਾ ਵਾਂਗ ਸੰਨ 2013 ਤੋਂ 2015 ਤਕ ਦੀ ਸਟਡੀ ਅਨੁਸਾਰ ਕੈਨੇਡਾ ਅੰਦਰ ਅਜਿਹੇ 100 ਸੁਪਰ ਗਰੁੱਪ ਪੈਦਾ ਹੋ ਚੁੱਕੇ ਹਨ। ਇਨ੍ਹਾਂ ਦੀਆਂ ਖੁਫੀਆ ਮੀਟਿੰਗਾਂ, ਸੋਸ਼ਲ ਮੀਡੀਆ ’ਤੇ ਸੁਨੇਹੇ ਯੋਜਨਾ ਘਾਤਿਕ ਰੂਪ ਧਾਰਨ ਕਰ ਸਕਦੀਆਂ ਹਨ।
ਕੈਨੇਡਾ ਦੇ ਰਾਜਨੀਤੀਵਾਨਾਂ, ਧਾਰਮਿਕ ਗਰੁੱਪਾਂ, ਭਾਸ਼ਾਈ ਅਤੇ ਸੱਭਿਆਚਾਰਕ ਸਭਾਵਾਂ ਨੂੰ ਅਤਿ ਜਾਗਰੂਕ ਹੋਣ ਦੀ ਲੋੜ ਹੈ। ਸ਼ਾਂਤੀ ਖਾਤਰ ਅੰਤਰ-ਨਸਲੀ, ਧਾਰਮਿਕ, ਭਾਸ਼ਾਈ, ਇਲਾਕਾਈ ਆਗੂਆਂ ਮੇਲ-ਜੋਲ ਕਾਇਮ ਰੱਖਣਾ ਚਾਹੀਦਾ ਹੈ। ਪੁਲਿਸ, ਸੁਰੱਖਿਆ, ਚੌਕਸੀ ਏਜੰਸੀਆਂ ਨੂੰ ਮੁਸਤੈਦ ਰਹਿਣਾ ਚਾਹੀਦਾ ਹੈ। ਕੈਨੇਡਾ ਜ਼ਰਾ ਸੰਭਲ ਕੇ!
* * * * *
ਨੋਟ: ਹਰ ਲੇਖਕ ਸਰੋਕਾਰ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲ ਕੇ ਰੱਖੇ।
(5410)
ਰਚਨਾਵਾਂ ਸਬੰਧੀ ਆਪਣੇ ਵਿਚਾਰ ਸਾਂਝੇ ਕਰੋ: (This email address is being protected from spambots. You need JavaScript enabled to view it.)