“ਕਿਸ ਸੰਵਿਧਾਨ ਅਤੇ ਕਿਸ ਨਿਜ਼ਾਮ ਦੀ ਉਡੀਕ ਹੋਰ ਕਿੰਨੀਆਂ ਸਦੀਆਂ ਕੀਤੀ ਜਾਏ ਜੋ ਇਸ ਵਰਣ ਵੰਡ ਸਰਾਪ ਨੂੰ ...”
(25 ਮਈ 2023)
ਇਸ ਸਮੇਂ ਪਾਠਕ: 170.
ਭਾਰਤ ਅੰਦਰ ਬ੍ਰਾਹਮਣ ਸਰਵਉੱਚਤਾਵਾਦੀ ਕੁਲੀਨ ਤੰਤਰ ਸਮਾਜ ਅਤੇ ਰਾਜ ਦੀ ‘ਚਤੁਰਵਰਨ’ ਸੋਚ ਇੰਨੀ ਡੂੰਘੀ, ਸਥਾਈ, ਪੇਚਦਾਰ ਅਤੇ ਪ੍ਰਭਾਵਸ਼ਾਲੀ ਸਾਬਤ ਹੋਈ ਹੈ ਕਿ ਤਿੰਨ ਹਜ਼ਾਰ ਸਾਲ ਤੋਂ ਪਹਿਲਾਂ ਇਸ ਦੁਆਰਾ ਲਾਗੂ ਕੀਤੀ ਸਮਾਜਿਕ ਵਰਨ ਵੰਡ ਅੱਜ ਵੀ ਨਾ ਸਿਰਫ਼ ਨਿਰੰਤਰ ਜਾਰੀ ਹੈ ਬਲਕਿ ਹੁਣ ਤਾਂ ਇਹ ਵਿਦੇਸ਼ਾਂ ਵਿੱਚ ਵੀ ਉੰਨੇ ਹੀ ਪ੍ਰਭਾਵਸ਼ਾਲੀ ਢੰਗ ਨਾਲ ਪਸਰ ਚੁੱਕੀ ਹੈ ਜਿੱਥੇ-ਜਿੱਥੇ ਭਾਰਤੀ ਜਾ ਵਸੇ ਹਨ। ਮਨੂੰ ਰਿਸ਼ੀ ਨੇ ਇਸ ਵਰਣ ਵੰਡ ਨੂੰ ਕਿੱਤੇ ਅਧਾਰਿਤ ਲਾਗੂ ਕਰਨ ਦੀ ਗੱਲ ਜ਼ਰੂਰ ਕਹੀ ਪਰ ਉਹ ਕਿਸੇ ਨੇ ਮੰਨੀ ਨਹੀਂ। ਇਸ ਨੂੰ ਪਰਿਵਾਰ ਅਤੇ ਜਾਤੀ ਅਧਾਰਿਤ ਪ੍ਰਪੱਕ ਕੀਤਾ ਗਿਆ।
ਭਾਰਤ ਦੇ ਵਿਸ਼ਵ ਗੁਰੂ ਨਾ ਬਣਨ, ਅਵਿਕਸਤ ਅਤੇ ਲੰਬਾ ਸਮਾਂ ਗੁਲਾਮ ਰਹਿਣ ਦਾ ਮੁੱਖ ਕਾਰਨ ਇਹ ਵਰਣ ਵੰਡ ਹੈ। ਸਮੇਂ-ਸਮੇਂ ਸਿਰ ਇਸ ਨੂੰ ਤੋੜਨ ਜਾਂ ਕਮਜ਼ੋਰ ਕਰਨ ਲਈ ਕਈ ਉਪਰਾਲੇ ਕੀਤੇ ਜਾਂਦੇ ਰਹੇ। ਜੈਨ, ਬੁੱਧ ਧਰਮਾਂ, ਮੱਧਕਾਲੀ ਸੰਤਾਂ-ਮਹਾਤਮਾ-ਗੁਰੂਆਂ-ਪੀਰਾਂ ਅਤੇ ਆਧੁਨਿਕ ਸਿੱਖ ਧਰਮ ਅਤੇ ਇਸ ਦੁਆਰਾ ਖਾਲਸਾ ਪੰਥ ਸਾਜਨਾ ਨਾਲ ਇਸ ਸਮਾਜ, ਦੇਸ਼ ਅਤੇ ਭਾਈਚਾਰਕ ਸਾਂਝ ਇਸ ਘਾਤਕ ਵਰਣ ਵੰਡ ਦਾ ਲੱਕ ਤੋੜਨ ਦੇ ਯਤਨ ਕੀਤੇ ਗਏ। ਦੇਸ਼ ਅਜ਼ਾਦੀ ਬਾਅਦ ਭਾਰਤੀ ਸੰਵਿਧਾਨ ਦੀ ਰਚਨਾ ਨਾਲ ਕਾਨੂੰਨ ਦੇ ਰਾਜ ਰਾਹੀਂ ਇਸਦੇ ਖਾਤਮੇ ਦਾ ਵੱਡਾ ਉਪਰਾਲਾ ਕੀਤਾ ਗਿਆ। ਇਸਦੀ ਉਲੰਘਣਾ ਕਰਨ ’ਤੇ ਸਜ਼ਾਵਾਂ ਦਾ ਪ੍ਰਬੰਧ ਵੀ ਕੀਤਾ ਗਿਆ। ਪਰ ਸਭ ਨਿਸਫਲ।
ਪਿਛਲੇ 73 ਸਾਲਾਂ ਦੇ ਕਮਜ਼ੋਰ ਤੇ ਦੰਦਾਂ ਰਹਿਤ (ਬੋੜੇ) ਰਾਜ ਦੇ ਅਮਲ ਤੋਂ ਪਤਾ ਚਲਦਾ ਹੈ ਕਿ ਉਹ ਇਸਦੀ ਉੱਪਰਲੀ ਪਰਤ ’ਤੇ ਘੜੀਸ ਵੀ ਨਹੀਂ ਉੱਕਰ ਸਕਿਆ। ਮਨ, ਰੂਹ ਅਤੇ ਆਤਮਾ ਵਿਚਲਤ ਹੋ ਉੱਠਦੇ ਹਨ ਕਿ ਇਹ ਭਾਰਤੀ ਬ੍ਰਾਹਮਣ ਸਰਵਉੱਚਤਾ ਕੁਲੀਨਤੰਤਰ ਦੀ ਕਿੱਡੀ ਸਦੀਵੀ ਕਲੰਕਿਤ ਭਰੀ ਸਾਜ਼ਿਸ਼ ਹੈ। ਇਹ ਜਮਾਤ ਆਪਣੇ ਵਿਸ਼ੇਸ਼ਾਧਿਕਾਰ ਲਗਾਤਾਰ ਭਾਰਤ ਅਤੇ ਹੁਣ ਵਿਦੇਸ਼ਾਂ ਵਿੱਚ ਲਾਗੂ ਕਰ ਰਹੀ। ਦੇਸ਼ ਅੰਦਰ ਜਿਵੇਂ ਰਾਜ, ਇਸਦੀਆਂ ਅਹਿਮ ਸੰਸਥਾਵਾਂ ਜਿਵੇਂ ਕਾਰਜਪਾਲਕਾ, ਵਿਧਾਨਪਾਲਕਾ, ਨਿਆਂਪਾਲਕਾ, ਮੀਡੀਆ, ਪ੍ਰਸ਼ਾਸਨ, ਰਾਜਨੀਤੀ ਅਤੇ ਸਮਾਜ ’ਤੇ ਇਸਦਾ ਪ੍ਰਭੂਤਵ ਕਾਇਮ ਹੈ, ਉਵੇਂ ਹੀ ਵਿਦੇਸ਼ਾਂ ਦੀ ਰਾਜਨੀਤੀ, ਰਾਜਤੰਤਰ, ਉਸਦੀਆਂ ਪ੍ਰਮੁੱਖ ਸੰਸਥਾਵਾਂ ਤੇ ਇਸ ਸਰਵਉੱਚਤਾਵਾਦੀ ਕੁਲੀਨਤੰਤਰ ਜਮਾਤ ਦਾ ਪ੍ਰਭਾਵ ਵਧ ਰਿਹਾ ਹੈ। ਅਮਰੀਕਾ, ਕੈਨੇਡਾ, ਯੂ.ਕੇ., ਜਰਮਨੀ, ਆਸਟ੍ਰੇਲੀਆ, ਨਿਊਜ਼ੀਲੈਂਡ ਅਤੇ ਹੋਰ ਤਾਕਤਵਰ ਪੱਛਮੀ ਦੇਸ਼ਾਂ ਦੇ ਸਿਖ਼ਰਲੇ ਰਾਜਨੀਤਕ, ਪ੍ਰਸ਼ਾਸਨਿਕ ਅਤੇ ਰਾਜਕੀ ਪਾਏਦਾਨਾਂ ਤਕ ਇਨ੍ਹਾਂ ਦੀ ਹੱਕ-ਰਸਾਈ ਕਾਇਮ ਹੈ। ਉਨ੍ਹਾਂ ਦੀ ਲੋਕਤੰਤਰ ਪ੍ਰਣਾਲੀ, ਰਾਜ ਅਤੇ ਪ੍ਰਸ਼ਾਸਨ ਇਨ੍ਹਾਂ ਨਾਲ ਦਸਤ-ਪੰਜਾ ਲਈ ਬੈਠਾ ਹੈ।
ਭਾਰਤ ਅੰਦਰ ਬਾਬੂ ਕਾਸ਼ੀ ਰਾਮ ਵੱਲੋਂ ਗਠਤ ਡੀ.ਐੱਸ.ਫੋਰ ਸਮਾਜਿਕ ਅਤੇ ਬਹੁਜਨ ਸਮਾਜ ਪਾਰਟੀ ਰਾਜਨੀਤਕ ਵਿੰਗ ਜੋ ਯੂ.ਪੀ. ਵਿੱਚ ਕੁਮਾਰੀ ਮਾਇਆਵਤੀ ਦੀ ਅਗਵਾਈ ਵਿੱਚ ਚਾਰ ਵਾਰ ਸੱਤਾ ਵਿੱਚ ਰਿਹਾ, ਹੋਰ ਰਾਜ ਵਿਧਾਨ ਸਭਾਵਾਂ ਅਤੇ ਸੰਸਦ ਵਿੱਚ ਪ੍ਰਤੀਨਿਧਤਾ ਹਾਸਿਲ ਕਰਨ ਵਿੱਚ ਸਫਲ ਰਿਹਾ ਪਰ ਕਲੰਕਿਤ ਜਾਤੀਵਾਦੀ-ਪਰਿਵਾਰਵਾਦੀ ਵਰਣ ਵੰਡ ਦਾ ਕੁਝ ਨਾ ਵਿਗਾੜ ਸਕਿਆ, ਬਲਕਿ ਬ੍ਰਾਹਮਣਵਾਦ ਨਾਲ ਸਮਾਜਿਕ, ਰਾਜਨੀਤਕ, ਸੱਭਿਆਚਾਰਕ ਅਡਜਸਮੈਂਟ ਆਪਣੀ ਰਾਜਨੀਤਕ ਹੋਂਦ ਕਰਨ ਲਈ ਬੇਵੱਸ ਵਿਖਾਈ ਦਿੱਤਾ। ਅਮਰੀਕੀ ਬਲੈਕ ਪੈਂਥਰਜ਼ ਵਾਂਗ ਭਾਰਤ ਵਿੱਚ ਵੀ ਕਰੀਬ ਇੱਕ ਹਜ਼ਾਰ ਤੋਂ ਵੀ ਵੱਧ ਦਲਿਤ ਅਤੇ ਸੂਚੀ ਦਰਜ ਜਾਤੀਆਂ ਨੇ ‘ਦਲਿਤ ਪੈਂਥਰਜ਼’ ਸੰਸਥਾ ਸਥਾਪਿਤ ਕੀਤੀ। ਪਰ ਜਿਵੇਂ ਅਮਰੀਕਾ ਵਿੱਚ ‘ਬਲੈਕ ਪੈਂਥਰਜ਼’ ਨਾਕਾਮ ਸਿੱਧ ਹੋਏ ਉਵੇਂ ਹੀ ਭਾਰਤ ਵਿੱਚ ਦਲਿਤ ਪੈਂਥਰਜ਼। ਨਾ ਵਿੱਦਿਆ, ਨਾ ਭਾਰਤੀ ਸੰਵਿਧਾਨ ਅਨੁਸਾਰ ਰਾਖਵਾਂਕਰਨ, ਨਾ ਹੀ ਦਲਿਤ ਬਹੁਜਨ ਸਮਾਜ ਅਧਾਰਿਤ ਰਾਜਨੀਤਕ ਸੰਸਥਾਵਾਂ ਦੇਸ਼-ਵਿਦੇਸ਼ ਅੰਦਰ ਇਸ ਵਰਗ ਨੂੰ ਸਮਾਜਿਕ ਬਰਾਬਰੀ, ਆਰਥਿਕ ਸੁਰੱਖਿਆ ਅਤੇ ਇਨਸਾਫ ਦੁਆ ਸਕੇ ਹਨ।
ਦਲਿਤ, ਸੂਚੀ ਦਰਜ ਜਾਤਾਂ ਅਤੇ ਕਬਾਇਲੀਆਂ ਦੇ ਕਈ ਪਿੰਡਾਂ, ਕਸਬਿਆਂ ਅਤੇ ਬਸਤੀਆਂ ਵਿੱਚ ਵੱਖਰੇ ਘਰ, ਰਸਤੇ, ਸਕੂਲਾਂ ਵਿੱਚ ਵੱਖਰੇ ਟਾਟ ਜਾਂ ਡੈਸਕ, ਵੱਖਰਾ ਪਾਣੀ ਅਤੇ ਬਰਤਨ, ਉੱਚ ਜਾਤੀ ਖੂਹਾਂ ’ਤੇ ਚੜ੍ਹਨ ਅਤੇ ਮੰਦਰਾਂ ਵਿੱਚ ਜਾਣ ’ਤੇ ਮਨਾਹੀ ਜਾਰੀ ਹੈ। ਸੰਵਿਧਾਨਕ ਪ੍ਰਕ੍ਰਿਆ ਤਹਿਤ ਉਹ ਪਿੰਡ ਦੇ ਸਰਪੰਚ, ਮਿਊਂਸਪਲ ਕਮੇਟੀਆਂ ਦੇ ਪ੍ਰਧਾਨ ਚੁਣੇ ਜਾਂਦੇ ਹਨ ਪਰ ਪ੍ਰਸ਼ਾਸਨ ਚਲਾਉਣ ਅਤੇ ਨਿਰਣੇ ਲੈਣ ਦਾ ਅਧਿਕਾਰ ਉੱਚ ਜਾਤਾਂ ਦੇ ਮੈਂਬਰ ਉਨ੍ਹਾਂ ਤੋਂ ਖੋਹ ਲੈਂਦੇ ਹਨ। ਭਾਰਤੀ ਸੰਵਿਧਾਨ, ਰਾਜ, ਲੋਕਤੰਤਰੀ ਸੰਸਥਾਵਾਂ ਮੂਕ ਦਰਸ਼ਕ ਬਣੀਆਂ ਤੱਕਦੀਆਂ ਰਹਿੰਦੀਆਂ ਹਨ।
ਕਿੰਨਾ ਸ਼ੈਤਾਨ, ਪ੍ਰਭਾਵਸ਼ਾਲੀ ਤੇ ਕਪਟੀ ਹੈ ਇਹ ਸਰਵਉੱਚਵਾਦੀ ਬ੍ਰਾਹਮਣਵਾਦ, ਜਾਤੀਵਾਦ ਅਤੇ ਇਨ੍ਹਾਂ ਦਾ ਧੌਂਸਵਾਦ ਕਿ ਵਿਦੇਸ਼ਾਂ ਵਿੱਚ ਵੀ ਇਹ ਨਫਰਤ, ਵਿਰੋਧ, ਕੁਲੀਨਤੰਤਰ ਸਥਾਪਨਾ ਲਈ ਫੌਲਾਦ ਅਤੇ ਬੁਲੇਟ ਪਰੂਫ ਕੰਧਾਂ ਉਸਾਰ ਰਿਹਾ ਹੈ। ਭਾਰਤੀ ਸੱਭਿਆਚਾਰ ਹੀ ਨਹੀਂ ਵਿਦੇਸ਼ੀ ਸੱਭਿਆਚਾਰ, ਸੰਗੀਤ, ਭਾਸ਼ਾ, ਨਾਟਸ਼ਾਲਾ, ਫਿਲਮਸਤਾਨ ਅਤੇ ਨਿੱਤ-ਪ੍ਰਤੀ ਸਮਾਜਿਕ ਵਰਤਾਰੇ ’ਤੇ ਪ੍ਰਭਾਵਸ਼ਾਲੀ ਬਣਿਆ ਪਿਆ ਹੈ। ਯੋਗ ਵਿੱਦਿਆ, ਯੋਗ ਅਭਿਆਸ, ਖਾਣ-ਪੀਣ ਦੇ ਸਿਸਟਮ ’ਤੇ ਜਕੜ ਮਾਰ ਰਿਹਾ ਹੈ। ਹਸਤਰੇਖਾ, ਜਨਮ ਪੱਤਰੀ, ਜਨਮ ਕੁੰਡਲੀ, ਮਸਤਕ ਰੇਖਾ, ਕਾਲਾ ਜਾਦੂ, ਟੂਣੇ-ਟਾਮਣਿਆਂ ਦੇ ਆਲੀਸ਼ਾਨ ਦਫਤਰ ਖੋਲ੍ਹੀ ਬੈਠਾ ਹੈ। ਗੋਰੇ, ਕਾਲੇ, ਸਥਾਨਿਕ, ਹਿਸਪੈਨਿਕ ਅਤੇ ਹੋਰ ਰੰਗਾਂ, ਜਾਤਾਂ, ਮਜ਼ਹਬਾਂ, ਇਲਾਕਿਆਂ ਦੇ ਲੋਕਾਂ ਨੂੰ ਮੂਰਖ ਬਣਾਉਣ ਦੀ ਭਾਰਤ ਵਾਂਗ ਦੁਕਾਨਦਾਰੀ ਸਥਾਪਿਤ ਕਰ ਚੁੱਕਾ ਹੈ। ਹਿੰਦੂ ਧਰਮ ਤੋਂ ਇਲਾਵਾ ਸਿੱਖ, ਬੋਧ, ਜੈਨ, ਈਸਾਈ, ਮੁਸਲਿਮ, ਯਹੂਦੀ ਆਦਿ ’ਤੇ ਵੀ ਪ੍ਰਭਾਵ ਬਣਾਈ ਬੈਠਾ ਹੈ। ਵੱਖ-ਵੱਖ ਜਾਤਾਂ, ਬਿਰਾਦਰੀਆਂ ਦੇ ਮੰਦਰ, ਗੁਰਦਵਾਰੇ ਅਤੇ ਚਰਚ ਉੱਸਰੇ ਪਏ ਹਨ। ਦੂਸਰੇ ਧਰਮਾਂ, ਮਜ਼ਹਬਾਂ, ਜ਼ਾਤਾਂ, ਬਿਰਾਦਰੀਆਂ ਵਿੱਚ ਵੰਡ ਇਸ ਨੂੰ ਰਾਸ ਆਉਂਦੀ ਹੈ।
ਦਲਿਤ, ਸੂਚੀਦਰਜ, ਪਛੜਿਆ ਸਮਾਜ ਸਮਝਦਾ ਸੀ ਕਿ ਸ਼ਾਇਦ ਵਿਦੇਸ਼ਾਂ ਵਿੱਚ ਜਾ ਕੇ ਉਨ੍ਹਾਂ ਨੂੰ ਇਸ ਕਲੰਕ ਤੋਂ ਛੁਟਕਾਰਾ ਮਿਲ ਜਾਵੇਗਾ। ਜਦੋਂ ਨੌਜਵਾਨ ਲੜਕੇ-ਲੜਕੀਆਂ ਇਕੱਠੇ ਰਹਿੰਦਿਆਂ ਨੂੰ ਪਤਾ ਚਲਾ ਜਾਵੇ ਕਿ ਫਲਾਣਾ ਲੜਕਾ ਜਾਂ ਲੜਕੀ ਜਾਂ ਪਰਿਵਾਰ ਨੀਂਵੀਂ ਜਾਤ ਨਾਲ ਸਬੰਧਿਤ ਹੈ ਤਾਂ ਨਾ ਸਿਰਫ ਉਹ ਉਸ ਤੋਂ ਕਿਨਾਰਾ ਕਰ ਲੈਂਦੇ ਹਨ ਬਲਕਿ ਖੂਬ ਛੱਜ ਵਿੱਚ ਪਾ ਕੇ ਸਮਾਜ ਵਿੱਚ ਛੱਟਦੇ ਹਨ, ਬਦਨਾਮ ਕਰਦੇ ਹਨ। ਉਨ੍ਹਾਂ ਨਾਲ ਸਮਾਜਿਕ ਅਤੇ ਭਾਈਚਾਰਕ ਸਾਂਝ ਖਤਮ ਕਰ ਦਿੰਦੇ ਹਨ। ਅੰਦਰਜਾਤੀ ਸ਼ਾਦੀਆਂ, ਰਿਸ਼ਤੇ, ਭਾਈਚਾਰਕ ਸਾਂਝ ਦਾ ਭਾਰਤ ਵਾਂਗ ਸਵਾਲ ਹੀ ਪੈਦਾ ਨਹੀਂ ਹੁੰਦਾ। ਜੇ ਕਿਧਰੇ ਐਸਾ ਅੰਤਰ-ਜਾਤੀ ਸਬੰਧ ਦਲਿਤ ਅਤੇ ਸੂਚੀ ਦਰਜ ਜਾਤ ਨਾਲ ਵੀ ਹੋ ਜਾਵੇ ਤਾਂ ਸਮਾਜਿਕ ਬਾਈਕਾਟ ਅਤੇ ਨਫ਼ਰਤ ਸ਼ੁਰੂ ਹੋ ਜਾਂਦੀ ਹੈ।
ਇਸ ਸਮਾਜਿਕ ਜਾਤੀਵਾਦੀ ਕੱਟੜਤਾ ਕਰਕੇ ਪੱਛਮ ਦਾ ਚਰਚ ਵੀ ਪ੍ਰਭਾਵਿਤ ਵਿਖਾਈ ਦਿੰਦਾ ਹੈ। ਅੰਗਰੇਜ਼ ਅਤੇ ਗੋਰੇ ਜਿਵੇਂ ਬ੍ਰਿਟਿਸ਼ ਰਾਜ ਵੇਲੇ ਭਾਰਤੀਆਂ ਨਾਲ ਨਫ਼ਰਤ ਕਰਦੇ ਸਨ, ਉਵੇਂ ਚਰਚ ਵਰਤਾਰਾ ਕਰ ਰਿਹਾ। ਈਸਾਈ ਬਦੇਸ਼ੀਆਂ ਨੂੰ ਚਰਚ ਵਿੱਚ ਕਰਾਸ ਧਾਰਮਿਕ ਚਿੰਨ੍ਹ ਵਾਂਗ ਵੰਡ ਕੇ ਉਨ੍ਹਾਂ ਦਾ ਮੀਟਿੰਗ ਸਿਸਟਮ ਬਦਲ ਦਿੱਤਾ ਜਾਂਦਾ ਹੈ। ਜਾਤੀ ਅਤੇ ਸਮਾਜਿਕ ਸਟੇਟਸ ਦੇ ਅਧਾਰ ’ਤੇ ਚਰਚ ਵਿੱਚ ਸੀਟ ਵੰਡ ਵੇਖੀ ਜਾ ਸਕਦੀ ਹੈ। ਦਲਿਤ, ਪਛੜਿਆ ਵਰਗ, ਕਬਾਇਲੀਆਂ ਅਤੇ ਸੂਚੀਦਰਜ ਜਾਤਾਂ ਵਿੱਚੋਂ ਲੋਕ ਈਸਾਈ ਧਰਮ ਇਸ ਕਰਕੇ ਅਪਣਾਉਂਦੇ ਵੇਖੇ ਹਏ ਕਿ ਉੱਥੇ ਵਰਣ ਵੰਡ ਲਈ ਕੋਈ ਥਾਂ ਨਹੀਂ। ਪਰ ਇਹ ਸਿਰਫ ਪਾਦਰੀਵਾਦੀ ਤਲਿੱਸਮ ਹੈ। ਕੈਨੇਡਾ, ਅਮਰੀਕਾ, ਆਸਟ੍ਰੇਲੀਆ, ਯੂ.ਕੇ. ਅਤੇ ਹੋਰ ਦੇਸ਼ਾਂ ਵਿੱਚ ਗੋਰਿਆਂ ਵਿੱਚ ਕੁਲੀਨਤੰਤਰੀ ਵਰਗਵਾਦ, ਸਮਾਜਿਕ ਵੰਡ ਵੇਖਣ ਨੂੰ ਮਿਲਦੀ ਹੈ। ਬ੍ਰਿਟੇਨ ਦਾ ਸ਼ਾਹੀ ਪਰਿਵਾਰ ਪ੍ਰਿੰਸ ਹੈਰੀ ਵੱਲੋਂ ਰਾਜਸ਼ਾਹ ਉੱਚ ਵਰਗ ਤੋਂ ਬਾਹਰ ਸ਼ਵੇਤ ਔਰਤ ਮੇਗਨ ਮਰਕਲ ਨਾਲ ਸ਼ਾਦੀ ਕਰਕੇ ਟੁੱਟ ਰਿਹਾ ਹੈ। ਕੈਥੋਲਿਕਾਂ ਵੱਲੋਂ ਕੈਨੇਡਾ ਦੇ ਸਥਾਨਿਕ ਲੋਕਾਂ ਉੱਤੇ ਜ਼ੁਲਮ, ਔਰਤਾਂ ਨੂੰ ਗਾਇਬ ਕਰਨਾ, ਸਕੂਲਾਂ ਵਿੱਚ ਬੱਚਿਆਂ ਦੀਆਂ ਕਬਰਾਂ ਮਿਲਣ ਦੀ ਦਰਦਨਾਕ ਦਾਸਤਾਨ ਸਮਾਜਿਕ, ਧਾਰਮਿਕ, ਭਾਈਚਾਰਕ, ਜਾਤੀਵਾਦੀ ਨਫ਼ਰਤ ਦੀ ਚਰਮ ਸੀਮਾ ਸੀ। ਇਸੇ ਕਰਕੇ ਪਿਛਲੇ ਸਾਲ ਪੋਪ ਨੇ ਉਨ੍ਹਾਂ ਤੋਂ ਮੁਆਫੀ ਮੰਗੀ। ਜਿਵੇਂ ਚਰਚ ਭਾਰਤ ਵਿੱਚ ਜਾਤੀ ਅਧਾਰਿਤ ਵੰਡਿਆ ਪਿਆ ਹੈ, ਇਵੇਂ ਹੀ ਵਿਦੇਸ਼ਾਂ ਵਿੱਚ ਵੰਡਿਆ ਪਿਆ ਹੈ।
ਸਰਵਉੱਚਵਾਦੀ ਕੁਲੀਨਤੰਤਰੀ ਬ੍ਰਾਹਮਣਵਾਦ ਅਤੇ ਉੱਚ ਜਾਤੀਵਾਦ ਇੰਨਾ ਘਟੀਆ, ਖੋਖਲਾ ਅਤੇ ਸ਼ਰਮਨਾਕ ਹੈ ਕਿ ਜਦੋਂ ਕਣਕ, ਚਾਵਲ, ਆਟਾ, ਦਾਲਾਂ, ਸਬਜ਼ੀਆਂ, ਘਿਉ, ਦੁੱਧ, ਪਨੀਰ, ਕੱਪੜਾ, ਜੁਤੀਆਂ, ਦੇਵੀ-ਦੇਵਤਿਆਂ ਦੀਆਂ ਮੂਰਤੀਆਂ, ਪੂਜਾ ਸਮੱਗਰੀ ਦਲਿਤਾਂ, ਪੱਛੜਿਆਂ ਕਬਾਈਲੀਆਂ, ਸੂਚੀ ਦਰਜ ਜਾਤੀਆਂ ਦੇ ਹੱਥਾਂ ਨਾਲ ਤਿਆਰ ਕਰਨ ਬਾਅਦ ਬ੍ਰਾਹਮਣਾਂ ਦੇ ਸਰੀਰਾਂ, ਘਰਾਂ, ਪੂਜਾ ਸਥਾਨਾਂ ਦਾ ਸ਼ਿੰਗਾਰ ਬਣਦੀਆਂ, ਉਦੋਂ ਇਹ ਉੱਚ ਜਾਤੀਵਾਦ, ਕੁਲੀਨਤੰਤਰਵਾਦ, ਪੁਜਾਰੀਵਾਦ ਭਿੱਟਿਆ ਨਹੀਂ ਜਾਂਦਾ; ਜਦੋਂ ਇਨ੍ਹਾਂ ਵੱਲੋਂ ਦਲਿਤ ਧੀਆਂ-ਭੈਣਾਂ-ਮਾਵਾਂ ਦੀਆਂ ਇੱਜ਼ਤਾਂ ਨਾਲ ਘਰਾਂ, ਦਫਤਰਾਂ, ਮੰਦਰਾਂ, ਰੈਸਟ ਹਾਊਸਾਂ ਵਿੱਚ ਖਿਲਵਾੜ ਕੀਤਾ ਜਾਂਦਾ ਹੈ, ਜਦੋਂ ਵੋਟਾਂ ਖ਼ਾਤਰ ਉਨ੍ਹਾਂ ਦੇ ਚੁੱਲ੍ਹਿਆ ’ਤੇ ਚੜ੍ਹੇ ਦੇਗਚਿਆਂ ਵਿੱਚੋਂ ਦਾਲ-ਰੋਟੀ ਖਾਣ ਦਾ ਵਿਖਾਵਾ ਕੀਤਾ ਜਾਂਦਾ ਹੈ, ਉਦੋਂ ਛੂਤਛਾਤ ਛੂ ਮੰਤਰ ਕਿਉਂ ਹੋ ਜਾਂਦੀ ਹੈ? ਲੇਕਿਨ ਚੋਣਾਂ ਬਾਅਦ ਵੱਖਰੇ ਵਟਸਐਪ ਗਰੁੱਪ ਉਜਾਗਰ ਹੋ ਜਾਂਦੇ ਹਨ। ਬਦੇਸ਼ਾਂ ਵਿੱਚ ਜਾਤੀਵਾਦੀ ਵਟਸਐਪ ਗਰੁੱਪ ਵੱਡੇ ਪੱਧਰ ’ਤੇ ਬਣੇ ਹੋਏ ਹਨ। ਇਹ ਭੀੜ ਪੈਣ ’ਤੇ ਪਲਾਂ ਵਿੱਚ ਇਕੱਠੇ ਹੋ ਜਾਂਦੇ ਹਨ ਆਪਣੀ ਜਾਤ ਦੇ ਮੁੰਡੇ, ਕੁੜੀ ਜਾਂ ਵਿਅਕਤੀ ਨੂੰ ਬਚਾਉਣ ਲਈ। ਹਾਲਾਤ ਇਹ ਹਨ ਕਿ ਭਾਰਤ ਅੰਦਰ ਸੰਨ 2018 ਤੋਂ 2021 ਤਕ ਰਾਸ਼ਟਰੀ ਅਪਰਾਧ ਰਿਕਾਰਡਜ਼ ਬਿਉਰੋ ਅਨੁਸਾਰ ਦਲਿਤਾਂ ਨੂੰ ਸ਼ਿਕਾਰ ਬਣਾਉਣ ਵਾਲੇ ਅਪਰਾਧਾਂ ਦੇ ਇੱਕ ਲੱਖ, 89 ਹਜ਼ਾਰ ਕੇਸ ਦਰਜ ਹੋਏ। ਰੋਜ਼ਾਨਾ 10 ਦਲਿਤ ਔਰਤਾਂ ਰੇਪ ਦਾ ਸ਼ਿਕਾਰ ਹੁੰਦੀਆਂ ਹਨ।
ਭਾਰਤੀਅਤਾ, ਭਾਰਤੀ ਧਰਮਾਂ, ਭਾਈਚਾਰਿਆਂ, ਸਭਿਅਤਾ ਉੱਤੇ ਇਹ ਕਿੱਡਾ ਵੱਡਾ ਸ਼ਰਮਨਾਕ ਕਲੰਕ ਹੈ ਕਿ ਉੱਚ ਵਰਗ ਵਿੱਚ ਜਨਮ ਲੈਣ ਵਾਲੇ ਬੱਚਿਆਂ ਦੀ ‘ਜਮਾਂਦਰੂ ਲਾਟਰੀ’ ਨਿਕਲ ਆਉਂਦੀ ਹੈ ਉਮਰ ਭਰ ਕੁਲੀਨਵਾਦੀ ਵਿਸ਼ੇਸ਼ਾਧਿਕਾਰ ਦੀ, ਜਦੋਂ ਕਿ ਦਲਿਤ, ਸੂਚੀ ਦਰਜ ਜਾਤਾਂ ਪੱਛੜਿਆਂ ਦੇ ਘਰੀਂ ਜੰਮਣ ਨਾਲ ‘ਜਮਾਂਦਰੂ ਸਰਾਪ’ ਲੱਗ ਜਾਂਦਾ ਹੈ ਜੋ ਉਸ ਦਾ ਜੀਵਨ ਭਰ ਹੀ ਨਹੀਂ ਪੀੜ੍ਹੀ ਦਰ ਪੀੜ੍ਹੀ ਪਿੱਛਾ ਨਹੀਂ ਛੱਡਦਾ। ਕਿਸ ਸੰਵਿਧਾਨ ਅਤੇ ਕਿਸ ਨਿਜ਼ਾਮ ਦੀ ਉਡੀਕ ਹੋਰ ਕਿੰਨੀਆਂ ਸਦੀਆਂ ਕੀਤੀ ਜਾਏ ਜੋ ਇਸ ਵਰਣ ਵੰਡ ਸਰਾਪ ਨੂੰ ਸਦੀਵੀ ਤੌਰ ’ਤੇ ਨੇਸਤੋ-ਨਾਬੂਦ ਕਰ ਦੇਵੇ।
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(3989)
(ਸਰੋਕਾਰ ਨਾਲ ਸੰਪਰਕ ਲਈ: (This email address is being protected from spambots. You need JavaScript enabled to view it.)