“ਐਸੇ ਮਾਹੌਲ ਵਿੱਚ ਰਾਹੁਲ ਗਾਂਧੀ ਨੇ ਬੜੀ ਸ਼ਿੱਦਤ, ਨਿਮਰਤਾ, ਨਿਰਮਾਣਤਾ ਅਤੇ ਸ਼ਰਧਾ ਨਾਲ ...”
(10 ਅਕਤੂਬਰ 2023)
ਰਾਜਨੀਤਕ ਆਗੂ, ਪ੍ਰਿੰਟ ਅਤੇ ਇਲੈਕਟ੍ਰਾਨਿਕ ਮੀਡੀਆ, ਟਿੱਪਣੀਕਾਰ, ਧਾਰਮਿਕ ਆਗੂ ਜਾਂ ਸਮੁੱਚਾ ਪੰਜਾਬ ਜਾਂ ਸਮੁੱਚਾ ਸਿੱਖ ਭਾਈਚਾਰਾ ਜਿਵੇਂ ਮਰਜ਼ੀ ਆਪੋ-ਆਪਣੇ ਵਿਚਾਰ ਕਾਂਗਰਸ ਪਾਰਟੀ ਦੇ ਅਹਿਮ ਰਾਜਨੀਤਕ ਮਹੱਤਤਾ ਰੱਖਣ ਵਾਲੇ ਰਾਜਨੀਤਕ ਆਗੂ ਰਾਹੁਲ ਗਾਂਧੀ ਦੀ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੀ ਤਿੰਨ ਰੋਜ਼ਾ ਨਿਰਸੁਆਰਥ ਨਿਰਲੇਪ, ਨਿਰਪੱਖ ਸੇਵਾ ਬਾਰੇ ਰੱਖਦੇ ਹੋਣ ਪਰ ਅਸੀਂ ਇਸ ਸ਼ਰਧਾਲੂ ਯਾਤਰਾ ਨੂੰ ਰਾਜਨੀਤਕ, ਸਮਾਜਿਕ, ਭਾਈਚਾਰਕ, ਅਧਿਆਤਮਿਕ ਪੱਖੋਂ ਅਤਿ ਮਹੱਤਵਪੂਰਨ ਅਤੇ ਇਤਿਹਾਸਕ ਸਮਝਦੇ ਹਾਂ। ਸਭ ਜਾਣਦੇ ਹਨ ਕਿ ਰਾਹੁਲ ਗਾਂਧੀ ਪਹਿਲਾਂ ਵੀ ਇਸ ਮੁਕੱਦਸ ਅਸਥਾਨ ’ਤੇ ਨਤਮਸਤਕ ਹੋਣ ਲਈ ਸੰਨ 2008, 2013, 2022 ਅਤੇ ਇਸ ਸਾਲ ਦੇ ਸ਼ੁਰੂ ਵਿੱਚ ਜਨਵਰੀ 10, 2023 ਨੂੰ ਆ ਚੁੱਕਾ ਹੈ। ਲੇਕਿਨ ਇਹ ਫੇਰੀ ਨਿਰੋਲ ਨਿੱਜੀ ਅਧਿਆਤਮਿਕ, ਧਾਰਮਿਕ, ਰਾਜਨੀਤਕ ਅਤੇ ਸਮਾਜਿਕ ਮਨੋਦਿਸ਼ਾ ਅਤੇ ਮਨੋਦਸ਼ਾ ਬਦਲਣ ਨਾਲ ਸਬੰਧਿਤ ਸੀ।
ਕੁਝ ਲੋਕ ਇਸ ਫੇਰੀ ਨੂੰ ਅਜੋਕੇ ਤੇਜ਼-ਤਰਾਰ ਰਾਜਨੀਤਕ ਆਗੂਆਂ ਵੱਲੋਂ ਰਾਜਨੀਤਕ ਲਾਹੇ ਵਜੋਂ ਰਾਸ਼ਟਰ ਅਤੇ ਲੋਕਾਂ ਸਾਹਮਣੇ ਆਪਣੇ ਆਪ ਨੂੰ ਅਤਿ ਨਿਮਾਣਾ, ਗਰੀਬ-ਦਲਿਤ ਵਰਗਾਂ ਦੇ ਹਮਦਰਦ, ਕੱਟੜ ਇਮਾਨਦਾਰ, ਜਨਸੇਵਾ ਲਈ ਨਿਰਸੁਆਰਥ ਤੌਰ ’ਤੇ ਸਮਰਪਿਤ ਵਿਖਾ ਕੇ ਰਾਜਨੀਤਕ ਬ੍ਰਿਤਾਂਤ ਸਿਰਜਣ ਦਾ ਉਪਰਾਲਾ ਸਮਝਦੇ ਹਨ ਜਿਵੇਂ ਕਿ ਸ਼੍ਰੀ ਨਰੇਂਦਰ ਮੋਦੀ ਨੇ ‘ਚਾਏ ਵਾਲਾ ਮੁੰਡੂ’ ਜੋ ਰੇਲਵੇ ਸਟੇਸ਼ਨ ’ਤੇ ਚਾਹ ਵੇਚਦਾ ਰਿਹਾ, ਸ਼੍ਰੀ ਅਰਵਿੰਦ ਕੇਜਰੀਵਾਲ ਝੁੱਗੀਆਂ-ਝੌਂਪੜੀਆਂ ਵਾਲਿਆਂ ਨਾਲ ਰਹਿੰਦਾ ਅਤਿ ਗੁਰਬਤ ਵਿੱਚ ਜੀਵਨ ਬਸਰ ਕਰ ਰਹੇ ਸਾਰੇ ਭਾਰਤੀਆਂ ਨਾਲ ਇਕਜੁੱਟਤਾ ਦਾ ਪ੍ਰਗਟਾਵਾ ਕਰਦਾ ਰਿਹਾ (ਇਸ ਲਈ ਮੈਗਾਸਾਸੇ ਐਵਾਰਡ ਪ੍ਰਾਪਤ ਕੀਤਾ)। ਪਰ ਅਸੀਂ ਸ੍ਰੀ ਦਰਬਾਰ ਸਾਹਿਬ ਦੇ ਪਵਿੱਤਰ ਅਸਥਾਨ ਦੀ ਸੇਵਾ ਨੂੰ ਇਨ੍ਹਾਂ ਬ੍ਰਿਤਾਂਤਾਂ ਨਾਲ ਨਹੀਂ ਜੋੜ ਸਕਦੇ। ਵੈਸੇ ਸ਼੍ਰੀ ਨਰੇਂਦਰ ਮੋਦੀ ਜਾਂ ਕੇਜਰੀਵਾਲ ਵਾਂਗ ਸੜਕਾਂ ’ਤੇ ਮਿੱਟੀ ਪਾਉਣ, ਗਰੀਬਾਂ ਦੇ ਘਰੀਂ ਖਾਣਾ ਖਾਣ, ਉਨ੍ਹਾਂ ਨੂੰ ਦਿੱਲੀ ਰਿਹਾਇਸ਼ ’ਤੇ ਸੱਦ ਕੇ ਮਾਤਾ ਸੋਨੀਆ ਗਾਂਧੀ ਨਾਲ ਖਾਣਾ ਖਵਾਉਣ, ਝੋਨੇ ਦੀ ਲਾਬ ਲਾਉਣ, ਦਸਤਕਾਰਾਂ ਨਾਲ ਵਰਕਸ਼ਾਪਾਂ ਵਿੱਚ ਕੰਮ ਕਰਨ, ਟਰੈਕਟਰ ਚਲਾਉਣ, ਭਾਰਤ ਜੋੜੋ ਯਾਤਰਾ ਰਾਹੀਂ, ਭਾਰਤ ਦੇ ਹਰ ਵਰਗ, ਇਲਾਕੇ, ਮਜ਼ਹਬ, ਸਮਾਜਿਕ ਭਾਈਚਾਰੇ ਸਬੰਧੀ ਸੂਝ-ਬੂਝ ਪ੍ਰਾਪਤ ਕਰਨ ਦਾ ਯਤਨ ਕਰ ਚੁੱਕੇ ਹਨ।
‘ਪੱਪੂ’ ਵਜੋਂ ਰਾਹੁਲ ਗਾਂਧੀ ਦਾ ਰਾਜਨੀਤਕ ਵਿਅਕਤੀਤਵ ਬਦਨਾਮ ਕਰਨ ਵਿੱਚ ਭਾਜਪਾ ਸਮੇਤ ਵਿਰੋਧੀ ਧਿਰ ਨੇ ਕੋਈ ਕਸਰ ਨਹੀਂ ਛੱਡੀ। ਲੇਕਿਨ ਬੜੇ ਧੀਰਜ, ਸਹਿਣਸ਼ੀਲਤਾ, ਠਹਿਰਾਅ ਨਾਲ ਉਸ ਨੇ ਮੁਕਾਬਲਾ ਕਰਦੇ ਜਿਵੇਂ ਪਾਰਟੀ ਦੀ ਪ੍ਰਧਾਨਗੀ ਤੋਂ ਆਪਣੇ ਪਰਿਵਾਰ ਦੀ ਪੱਕੀ ਜਾਗੀਰ ਦੇ ਦਾਗ਼ ਨੂੰ ਧੋਤਾ, ਟੀਮ ਵਰਕ ਰਾਹੀਂ ਕਰਨਾਟਕ ਚੋਣਾਂ ਵਿੱਚ ਭਾਜਪਾ ਨੂੰ ਪਟਕਣੀ ਦਿੱਤੀ, ਇਸ ਨੇ ਉਸਦੇ ਰਾਜਨੀਤਕ ਕੱਦ ਨੂੰ ਉੱਚਾ ਕੀਤਾ। ਦੇਸ਼ ਵਿੱਚ ਭਾਜਪਾ ਦਾ ਬਦਲ ਇੰਡੀਆ ਰਾਜਨੀਤਕ ਗਠਜੋੜ ਗਠਤ ਕਰਨ ਵਿੱਚ ਵੱਡਾ ਯੋਗਦਾਨ ਪਾਇਆ। ਛੇ ਰਾਜਾਂ ਵਿੱਚ 7 ਵਿਧਾਨ ਸਭਾ ਹਲਕਿਆਂ ਦੀਆਂ ਉਪ ਚੋਣਾਂ ਵਿੱਚ ਇੰਡੀਆ ਗਠਜੋੜ ਅਤੇ ਵਿਰੋਧੀਆਂ ਨੇ 4 ’ਤੇ ਜਿੱਤ ਹਾਸਿਲ ਕਰਕੇ ਭਾਜਪਾ ਦੀਆਂ ਰਾਜਨੀਤਕ ਸਫਾਂ ਵਿੱਚ ਕਾਂਬਾ ਛੇੜਿਆ। ਜਦੋਂ ਰਾਹੁਲ ਦਾ ਦੇਸ਼-ਵਿਦੇਸ਼ ਅੰਦਰ ਰਾਜਨੀਤਕ ਕੱਦ ਉੱਭਰਨਾ ਸ਼ੁਰੂ ਹੋਇਆ, ਉਸ ਦੀ ਰਾਜਨੀਤਕ ਸੂਝ-ਬੂਝ ਦੀ ਚਰਚਾ ਸ਼ੁਰੂ ਹੋਈ, ਉਸ ਸਮੇਂ ਉਸ ਵੱਲੋਂ ਰਾਜਨੀਤਕ, ਸਮਾਜਿਕ, ਅਧਿਆਤਮਿਕ ਪੱਖੋਂ ਆਤਮ-ਚਿੰਤਨ, ਸਿੱਖ ਧਰਮ, ਸਿੱਖੀ, ਸਿੱਖ ਸੱਭਿਆਚਾਰ, ਸਿੱਖ ਅਤੇ ਪੰਥਕ ਵਿਅਕਤੀਤਵ ਨੂੰ ਜਾਨਣ ਲਈ ਸ਼੍ਰੀ ਦਰਬਾਰ ਸਾਹਿਬ ਦੀ ਯਾਤਰਾ, ਸੇਵਾ ਅਤੇ ਅਨੁਭਵ ਅਤਿ ਮਹੱਤਵਪੂਰਨ ਮੰਨੇ ਜਾਂਦੇ ਹਨ। ਨਹਿਰੂ ਗਾਂਧੀ ਪਰਿਵਾਰ ਜਿਸ ਵਿੱਚ ਪੰਡਤ ਜਵਾਹਰ ਲਾਲ ਨਹਿਰੂ, ਸ਼੍ਰੀਮਤੀ ਇੰਦਰਾ ਗਾਂਧੀ (ਉਸਦੀ ਦਾਦੀ), ਸ਼੍ਰੀ ਰਾਜੀਵ ਗਾਂਧੀ (ਉਸਦੇ ਪਿਤਾ) ਅਤੇ ਕਾਂਗਰਸ ਹਾਈ ਕਮਾਨ ਲੀਡਰਸ਼ਿੱਪ ਨੂੰ ਸਿੱਖ ਧਰਮ, ਸਿੱਖ ਸਮਾਜ, ਸਿੱਖ ਵਿਅਕਤੀਤਵ ਨੂੰ ਸਮਝਣ ਅਤੇ ਉਨ੍ਹਾਂ ਉੱਤੇ ਬਰਬਰਤਾ ਪੂਰਵਕ ਜ਼ੁਲਮ ਢਾਹੁਣ ਦੀ ਸਭ ਤੋਂ ਨੀਚ ਕਾਰਵਾਈ ਸ਼੍ਰੀ ਦਰਬਾਰ ਸਾਹਿਬ ਕੰਪਲੈਕਸ ਅਤੇ 37 ਗੁਰਦਵਾਰਿਆਂ ’ਤੇ ਫ਼ੌਜੀ ਹਮਲਾ ਕਰਨ, ਸ਼੍ਰੀ ਅਕਾਲ ਤਖ਼ਤ ਸਾਹਿਬ ਢਾਹ-ਢੇਰੀ ਕਰਨ, ਇੰਦਰਾ ਗਾਂਧੀ ਦੇ 31 ਅਕਤੂਬਰ ਨੂੰ ਕਤਲ ਬਾਅਦ ਨਵੰਬਰ ’84 ਵਿੱਚ ਦਿੱਲੀ ਅਤੇ ਹੋਰ ਥਾਵਾਂ ’ਤੇ ਸਿੱਖ ਨਸਲਕੁਸ਼ੀ (ਕਤਲ-ਏ-ਆਮ) ਕਿਉਂ ਕੀਤਾ, ਆਦਿ ਦੀ ਹਕੀਕਤ ਜਾਨਣੀ ਚਾਹੀ।
ਇਹ ਵੀ ਹਕੀਕਤ ਹੈ ਕਿ ਬਾਵਜੂਦ ਨਹਿਰੂ ਗਾਂਧੀ ਪਰਿਵਾਰ ਦੀ ਬਰਬਰਤਾ ਅਤੇ ਕੇਂਦਰ ਵਿੱਚ ਕਾਂਗਰਸ ਪਾਰਟੀ ਸ਼ਾਸਨ ਵੱਲੋਂ ਸਿੱਖ ਪੰਥ ਅਤੇ ਸਿੱਖ ਭਾਈਚਾਰੇ ਗੁਰਧਾਮਾਂ ਨਾਲ ਜ਼ਿਆਦਤੀਆਂ ਦੇ ਬਾਵਜੂਦ ਸੰਨ 1992 ਵਿੱਚ ਕਾਂਗਰਸ ਦੀ ਅਗਵਾਈ ਵਾਲੀਆਂ ਬੇਅੰਤ ਸਿੰਘ, ਹਰਚਰਨ ਸਿੰਘ ਬਰਾੜ, ਬੀਬੀ ਰਾਜਿੰਦਰ ਕੌਰ ਭੱਠਲ ਸਰਕਾਰਾਂ 1997 ਤਕ, ਸੰਨ 2002-2007 ਅਤੇ 2017-2021 ਕੈਪਟਨ ਅਮਰਿੰਦਰ ਸਿੰਘ ਅਤੇ ਸੰਨ 2021-22 ਕਰੀਬ ਤਿੰਨ ਮਹੀਨੇ ਚਰਨਜੀਤ ਸਿੰਘ ਚੰਨੀ ਸਰਕਾਰਾਂ ਪੰਜਾਬ ਵਿੱਚ ਬਣੀਆਂ। ਸਪਸ਼ਟ ਹੈ ਸਿੱਖ ਅਤੇ ਪੰਥ ਕਾਂਗਰਸ ਦਾ ਕੱਟੜ ਵਿਰੋਧੀ ਨਹੀਂ ਵਿਖਾਈ ਦਿੱਤਾ।
ਪਰ ਅੱਜ ਕੇਂਦਰ ਦੀ ਸ਼੍ਰੀ ਨਰੇਂਦਰ ਮੋਦੀ ਦੀ ਭਾਜਪਾ ਦੀ ਅਗਵਾਈ ਵਾਲੀ ਐੱਨ.ਡੀ.ਏ. ਅਤੇ ਰਾਜ ਅੰਦਰ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਸਰਕਾਰ ਤੋਂ ਸਿੱਖ ਅਤੇ ਸਿੱਖ ਪੰਥ ਨਰਾਜ਼ ਅਤੇ ਗੁੱਸੇ ਵਿੱਚ ਹਨ। ਵੱਡੇ-ਵੱਡੇ ਕਾਂਗਰਸ, ਅਕਾਲੀ ਅਤੇ ਹੋਰ ਸਿੱਖ ਆਗੂ ਭਾਜਪਾ ਵਿੱਚ ਸ਼ਾਮਲ ਹੋਣ ਦੇ ਬਾਵਜੂਦ ਸਥਿਤੀ ਨਹੀਂ ਬਦਲੀ। ਕਿਸਾਨੀ ਵਿਰੁੱਧ ਤਿੰਨ ਕਾਲੇ ਕਾਨੂੰਨਾਂ ਦੀ ਵਾਪਸੀ ਦੇ ਬਾਵਜੂਦ ਸਿੱਖ ਕਿਸਾਨਾਂ, ਨਸ਼ਾ ਤਸਕਰਾਂ, ਗੈਂਗਸਟਰਾਂ, ਦੇਸ਼ ਵਿਰੋਧੀ ਵਿਦੇਸ਼ਾਂ ਵਿੱਚ ਰਹਿੰਦੇ ਸਿੱਖ ਆਗੂਆਂ ਨਾਲ ਪੰਜਾਬ ਬਾਰ-ਬਾਰ ਐੱਨ.ਆਈ.ਏ. ਦੇ ਰੇਡ, ਕੈਨੇਡਾ ਅੰਦਰ ਹਰਦੀਪ ਸਿੰਘ ਨਿੱਜਰ ਦੇ ਕਤਲ ਬਾਅਦ ਭਾਰਤ-ਕੈਨੇਡਾ ਡਿਪਲੋਮੈਟਿਕ ਟਕਰਾਅ ਵਿੱਚ ਲੱਖਾਂ ਪੰਜਾਬੀਆਂ ਅਤੇ ਭਾਰਤੀਆਂ ਦੀ ਵੀਜ਼ਾਬੰਦੀ ਅਤੇ ਸਿੱਖਾਂ ਨੂੰ ਵੱਖਵਾਦੀ ਅਤੇ ਅੱਤਵਾਦੀ ਮੁੜ ਤੋਂ ਗਰਦਾਨਣ ਦੀ ਵਹਿਸ਼ੀਆਨਾ ਪ੍ਰਵਿਰਤੀ, ਭਗਵੰਤ ਮਾਨ ਸਰਕਾਰ ਅਤੇ ਆਮ ਆਦਮੀ ਪਾਰਟੀ ਦੀ ਇਸ ਸਬੰਧੀ ਬਿਲਕੁਲ ਜ਼ੁਬਾਨਬੰਦੀ ਸਿੱਖਾਂ ਵਿੱਚ ਬੇਚੈਨੀ ਅਤੇ ਗੁੱਸਾ ਪੈਦਾ ਕਰ ਰਹੀ ਹੈ।
ਪੰਜਾਬ ਅੰਦਰ ਕਿਧਰੇ ਖਾਲਿਸਤਾਨ, ਵੱਖਵਾਦ ਅਤੇ ਅੱਤਵਾਦ ਸਬੰਧੀ ਕੋਈ ਅੰਦੋਲਨ ਨਹੀਂ। ਪਿਊ ਖੋਜ ਕੇਂਦਰ ਦੀ ਸਟਡੀ ਅਨੁਸਾਰ 95 ਪ੍ਰਤੀਸ਼ਤ ਸਿੱਖ ਆਪਣੇ ਆਪ ਨੂੰ ਭਾਰਤੀ ਅਖਵਾਉਣ ’ਤੇ ਮਾਣ ਮਹਿਸੂਸ ਕਰਦੇ ਹਨ। ਭਾਰਤ ਦੇ ਸਿੱਖਾਂ ਨੂੰ ਕਿਸੇ ਨੂੰ ਦੇਸ਼ ਭਗਤੀ ਸਬੰਧੀ ਸਰਟੀਫਿਕੇਟ ਦੀ ਲੋੜ ਨਹੀਂ। ਇਸ ਦੇਸ਼ ਨੂੰ ਆਜ਼ਾਦ ਕਰਾਉਣ ਸਮੇਂ 85 ਪ੍ਰਤੀਸ਼ਤ ਕੁਰਬਾਨੀਆਂ ਉਨ੍ਹਾਂ ਦਿੱਤੀਆਂ। ਕੀ ਕਿਸੇ ਦੇਸ਼ ਜਾਂ ਖਿੱਤੇ ਅੰਦਰ ਕੁਝ ਇੱਕ ਅਪਰਾਧੀ ਮਾਨਸਿਕਤਾ ਵਾਲੇ ਲੋਕ ਇਨਕਲਾਬ ਸਿਰਜ ਸਕਦੇ ਹਨ? ਕੀ ਲੋਕਾਂ ਨੂੰ ਲਾਮਬੰਦ ਕਰ ਸਕਦੇ ਹਨ? ਕੁਝ ਇੱਕ ਟੀ.ਵੀ. ਚੈਨਲ ਜੋ ਕੁਝ ਇੱਕ ਅਨਸਰ ਦੇ ਬੁਰੇ ਕਾਰਨਾਮਿਆਂ ਕਰਕੇ ਸਿੱਖ ਭਾਈਚਾਰੇ ਨੂੰ ਬਦਨਾਮ ਕਰਦੇ ਹਨ ਜਾਂ ਬੇਲਗਾਮੇ ਯੂਟਿਊਬਰਾਂ ਉੱਤੇ ਕੇਂਦਰ ਸਰਕਾਰ ਨੂੰ ਸਖਤ ਕਾਰਵਾਈ ਕਰਨੀ ਚਾਹੀਦੀ ਹੈ।
ਐਸੇ ਮਾਹੌਲ ਵਿੱਚ ਰਾਹੁਲ ਗਾਂਧੀ ਨੇ ਬੜੀ ਸ਼ਿੱਦਤ, ਨਿਮਰਤਾ, ਨਿਰਮਾਣਤਾ ਅਤੇ ਸ਼ਰਧਾ ਨਾਲ ਦਰਬਾਰ ਸਾਹਿਬ ਅੰਦਰ ਸਿੱਖ ਧਰਮ, ਸਿੱਖੀ, ਸਿੱਖ ਪੰਥ ਅਤੇ ਸਿੱਖ ਅਗਾਧ ਸ਼ਰਧਾ, ਸੇਵਾ ਭਾਵ, ਮੁਕੱਦਸ ਦਰਬਾਰ ਸਾਹਿਬ ਤੋਂ ਨਿਛਾਵਰ ਹੋਣ ਦੀ ਭਾਵਨਾ, ਰੀਤੀ-ਰਿਵਾਜ਼ਾਂ ਨੂੰ ਸਮਝਣ ਦਾ ਯਤਨ ਕੀਤਾ। ਅਜਿਹਾ ਅਜੇ ਤਕ ਇਤਿਹਾਸ ਵਿੱਚ ਕਦੇ ਕਿਸੇ ਭਾਰਤੀ ਆਗੂ ਨੇ ਨਹੀਂ ਕੀਤਾ। ਜੇ ਕੀਤਾ ਹੁੰਦਾ ਤਾਂ ਸਿੱਖ ਭਾਈਚਾਰੇ ਅਤੇ ਪੰਜਾਬ ਨੂੰ ਇਸ ਦੇਸ਼ ਅੰਦਰ ਡੂੰਘੇ ਸੱਲ ਅਤੇ ਚੀਸ ਭਰੇ ਜਖ਼ਮ, ਜ਼ੁਲਮ, ਬੇਗਾਨਗੀ ਨਾਲ ਲਬਰੇਜ਼ ਵਿਵਹਾਰ ਭਰੇ ਬ੍ਰਿਤਾਂਤ ਨਾ ਸਹਿਣੇ ਪੈਂਦੇ। ਹਕੀਕਤ ਇਹ ਵੀ ਹੈ ਕਿ ਸਿੱਖ ਭਾਈਚਾਰੇ ਨਾਲ ਭਾਰਤੀ ਰਾਸ਼ਟਰ ਵੱਲੋਂ ਸ਼ਾਂਤੀ ਅਤੇ ਸਮਾਵੇਸ਼ ਬਗੈਰ ਇਸ ਖਿੱਤੇ ਵਿੱਚ ਸ਼ਾਂਤੀ ਸੰਭਵ ਨਹੀਂ ਹੋ ਸਕਦੀ।
ਸਿੱਖ ਸੰਗਤ ਨਾਲ ਭਾਂਡੇ ਮਾਂਜਣ, ਸਬਜ਼ੀਆਂ ਕੱਟਣ, ਲੰਗਰ ਸੇਵਾ ਕਰਨ, ਪੰਗਤ ਵਿੱਚ ਬੈਠ ਕੇ ਪਰਸ਼ਾਦਾ ਛਕਣ, ਪਾਲਕੀ ਸਾਹਿਬ, ਚੰਦੋਆ ਸਾਹਿਬ, ਸੰਗਤ ਦੇ ਜੋੜਿਆਂ ਦੀ ਸੇਵਾ-ਸੰਭਾਲ, ਹਰ ਵਰਗ ਦੇ ਸ਼ਰਧਾਲੂਆਂ ਨਾਲ ਰਚਣ-ਮਿਚਣ, ਕੀਰਤਨ ਸਰਵਨ ਕਰਨ, ਦਰਬਾਰ ਸਾਹਿਬ ਕੰਪਲੈਕਸ ਵਿੱਚ ਠਹਿਰਨ, ਸਿੱਖਾਂ ਵੱਲੋਂ ਖੁੱਲ੍ਹੇ ਦਿਲ ਨਾਲ ਉਨ੍ਹਾਂ ਦੀ ਆਉ ਭਗਤ, ਉਨ੍ਹਾਂ ਨੂੰ ਸੰਪੂਰਨ ਸੁਰੱਖਿਆ, ਭਾਈਚਾਰਕ ਸਨਮਾਨ ਦੇਣ ਨਾਲ ਇੱਕ ਭਾਰਤੀ ਰਾਸ਼ਟਰੀ ਪਾਰਟੀ ਦੇ ਆਗੂ ਵਜੋਂ ਸਿੱਖ ਭਾਈਚਾਰੇ, ਪੰਜਾਬ ਅਤੇ ਸਿੱਖ ਪੰਥ ਅਤੇ ਗ੍ਰੰਥ ਪ੍ਰਤੀ ਉਨ੍ਹਾਂ ਦੀ ਸੋਚ ਵਿੱਚ ਜੇ ਵੱਡੀ ਤਬਦੀਲੀ ਆਉਂਦੀ ਹੈ ਤਾਂ ਇਹ ਇਸ ਫੇਰੀ ਦੀ ਵੱਡੀ ਤਬਦੀਲੀ ਹੋਵੇਗੀ, ਸਿੱਖ ਪੰਥ ਅਤੇ ਸਿੱਖਾਂ ਨੂੰ ਇਸ ਰਾਸ਼ਟਰ ਦੀ ਰੂਹ ਅਤੇ ਹਿਰਦੇ ਅੰਦਰ ਸਦੀਵੀ ਤੌਰ ’ਤੇ ਵਸਾਉਣ ਪ੍ਰਤੀ ਇੱਕ ਮਹਾਨ ਸ਼ੁਰੂਆਤ ਹੋਵੇਗੀ। ‘ਬਿਸਰਿ ਗਈ ਸਭ ਤਾਤਿ ਪਰਾਈ॥ ਜਬ ਤੇ ਸਾਧ ਸੰਗਤਿ ਮੋਹਿ ਪਾਈ॥ ਨਾ ਕੋ ਬੈਰੀ ਨਹੀਂ ਬਿਗਾਨਾ ਸਗਲ ਸੰਗਿ ਹਮ ਕਉ ਬਨਿ ਆਈ॥
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(4282)
(ਸਰੋਕਾਰ ਨਾਲ ਸੰਪਰਕ ਲਈ: (