“ਦੋਹਾਂ ਦੇਸ਼ਾਂ ਦੀ ਖਿੱਚੋਤਾਣ ਕਰਕੇ ਆਮ ਮਿਹਨਤਕਸ਼, ਸ਼ਰੀਫ, ਨਿਰਪੱਖ, ਵਿਦਿਆਰਥੀ, ਵਪਾਰੀ, ਪੰਜਾਬੀ ਅਤੇ ...”
(23 ਸਤੰਬਰ 2023)
ਕਿਸੇ ਨੂੰ ਚਿੱਤ-ਚੇਤਾ ਨਹੀਂ ਸੀ ਕਿ 18 ਜੂਨ, 2023 ਨੂੰ ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਪ੍ਰਾਂਤ ਸਰੀ ਸ਼ਹਿਰ ਦੇ ਗੁਰਦਵਾਰੇ ਦੀ ਕਾਰ ਪਾਰਕਿੰਗ ਵਿਚ ਦੋ ਅਣਪਛਾਤੇ ਹਮਲਾਵਰਾਂ ਵਲੋਂ ਉਸੇ ਗੁਰਦਵਾਰੇ ਦੇ ਪ੍ਰਧਾਨ ਹਰਦੀਪ ਸਿੰਘ ਨਿੱਝਰ ਨੂੰ ਗੋਲੀਆਂ ਮਾਰ ਕੇ ਕਤਲ ਕਰਨ ਦਾ ਮਸਲਾ ਏਨਾ ਭੜਕ ਜਾਏਗਾ ਕਿ ਜਿਸ ਦੇ ਨਤੀਜੇ ਵਜੋਂ ਦੋਹਾਂ ਦੇਸ਼ਾਂ ਦੇ ਡਿਪਲੋਮੈਟਿਕ, ਵਪਾਰਕ, ਮਾਨਵ ਮਿਲਵਰਤਨ ਅਤੇ ਮਿੱਤਰਤਾ ਪੂਰਵਕ ਸਬੰਧ ਦਾਅ ’ਤੇ ਲੱਗ ਜਾਣਗੇ, ਮਸਲਾ ਕੌਮਾਂਤਰੀ ਚਿੰਤਾ ਦਾ ਵਿਸ਼ਾ ਬਣ ਜਾਵੇਗਾ।
ਇਤਿਹਾਸ ਵਿਚ ਸ਼ਾਇਦ ਅਜਿਹਾ ਪਹਿਲੀ ਵਾਰ ਹੋਇਆ ਹੈ ਕਿ ਚੀਨ ਅਤੇ ਪਾਕਿਸਤਾਨ ਤੋਂ ਇਲਾਵਾ ਕਿਸੇ ਤੀਸਰੇ, ਉਹ ਵੀ ਇਕ ਮਿੱਤਰ ਅਤੇ ਮਿਲਵਰਤਨ ਭਰਪੂਰ ਦੇਸ਼ ਨਾਲ ਅਚਾਨਕ ਭਾਰਤ ਦੇ ਸਬੰਧ ਵਿਗੜ ਗਏ ਹੋਣ। ਉਹ ਵੀ ਉਦੋਂ ਜਦੋਂ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਵਿਚ ਭਾਰਤ ਵਿਸ਼ਵ ਗੁਰੂ ਲੋਕਤੰਤਰ ਵਜੋਂ ਸਥਾਪਿਤ ਹੋ ਰਿਹਾ ਹੋਵੇ। ਪ੍ਰਧਾਨ ਮੰਤਰੀ ਦੀ ਲੋਕਪ੍ਰਿਯਤਾ ਵਿਸ਼ਵ ਭਰ ਵਿਚ ਚਰਮ ਸੀਮਾ ’ਤੇ ਪੁੱਜ ਰਹੀ ਹੋਵੇ। ਭਾਰਤ ਜੀ-20 ਮੈਗਾ ਸੰਮੇਲਨ ਸਫਲਤਾਪੂਰਵਕ ਸੰਪੰਨ ਕਰਦਾ ਇਜ਼ਾਜ਼ ਹਾਸਿਲ ਕਰ ਰਿਹਾ ਹੋਵੇ। ਜ਼ਰੂਰ ਕਿਤੇ ਨਾ ਕਿਤੇ ਕੋਈ ਗਲਤੀ ਹੋਈ ਹੈ। ਇਸ ਨਾਲ ਭਾਰਤ ਦੀ ਕੌਮਾਂਤਰੀ ਪੱਧਰ ’ਤੇ ਉੱਭਰ ਰਹੀ ਸ਼ਵੀ ਜ਼ਖਮੀ ਹੋਈ ਹੈ। ਕੀ ਇਸ ਪਿੱਛੇ ਕੋਈ ਕੌਮਾਂਤਰੀ ਸਾਜ਼ਿਸ਼ ਤਾਂ ਕੰਮ ਨਹੀਂ ਕਰ ਰਹੀ। ਹਰਦੀਪ ਸਿੰਘ ਨਿੱਝਰ ਅਤੇ ਉਸਦਾ ਪਰਿਵਾਰ ਅਚਾਨਕ ਕੌਮਾਂਤਰੀ ਪੱਧਰ ’ਤੇ ਚਰਚਾ ਆ ਗਿਆ।
ਹਰਦੀਪ ਸਿੰਘ ਨਿੱਝਰ ਜਲੰਧਰ ਜ਼ਿਲ੍ਹੇ ਦੇ ਭਾਰ ਸਿੰਘ ਪੁਰਾ ਦਾ ਰਹਿਣ ਵਾਲਾ ਸੀ ਜੋ 1996 ਵਿਚ ਕੈਨੇਡਾ ਚਲਾ ਗਿਆ ਸੀ। ਉਸ ਨੇ ਉੱਥੇ ਖਾਲਿਸਤਾਨ ਟਾਈਗਰ ਫੋਰਸ ਨਾਮਕ ਮਿਲੀਟੈਂਟ ਸੰਗਠਨ ਗਠਤ ਕੀਤਾ ਸੀ। ਐੱਨ.ਆਈ.ਏ. ਵਲੋਂ ਮਿਲੀਟੈਂਟ ਬਾਰੇ ਜਾਰੀ ਲਿਸਟ ਵਿਚ ਉਸਦਾ ਨਾਂ ਸ਼ਾਮਲ ਸੀ। ਉਸ ਲਈ ਰੈੱਡ ਕਾਰਨਰ ਨੋਟਿਸ ਅਤੇ 10 ਲੱਖ ਰੁਪਏ ਦਾ ਇਨਾਮ ਰੱਖਿਆ ਗਿਆ ਸੀ।
ਕੈਨੇਡਾ ਦੀ ਲਿਬਰਲ ਪਾਰਟੀ ਸਰਕਾਰ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੱਸਦੇ ਹਨ ਕਿ ਜੀ-20 ਸੰਮੇਲਨ ਵਿਚ ਉਨ੍ਹਾਂ ਨਿੱਝਰ ਕਤਲ ਦਾ ਮਸਲਾ ਭਾਰਤੀ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੇ ਧਿਆਨ ਵਿਚ ਲਿਆਂਦਾ ਸੀ। ਲੇਕਿਨ ਭਾਰਤ ਤੋਂ ਵਾਪਸੀ ਬਾਅਦ ਉਨ੍ਹਾਂ ਇਹ ਮਸਲਾ 18 ਸਤੰਬਰ ਨੂੰ ਐਮਰਜੈਂਸੀ ਮੁੱਦੇ ਵਜੋਂ ਕੈਨੇਡਾ ਸੰਸਦ ਵਿਚ ਉਠਾਉਂਦੇ ਹੋਏ ਇਕ ਸਨਸਨੀਖੇਜ਼ ਬਿਆਨ ਰਾਹੀਂ ਦਾਅਵਾ ਕੀਤਾ, “ ਸਾਡੇ ਦੇਸ਼ ਦੀਆਂ ਸੁਰੱਖਿਆ ਏਜੰਸੀਆਂ ਕੋਲ ਪੱਕੀ ਵਿਸ਼ਵਾਸ ਭਰੀ ਜਾਣਕਾਰੀ ਹੈ ਕਿ ਜੂਨ, 2023 ਨੂੰ ਬ੍ਰਿਟਿਸ਼ ਕੋਲੰਬੀਆ ਵਿਚ ਖਾਲਿਸਤਾਨ ਸਮਰਥਕ ਆਗੂ ਹਰਦੀਪ ਸਿੰਘ ਨਿੱਝਰ ਦੀ ਹੱਤਿਆ ਪਿੱਛੇ ਭਾਰਤ ਦਾ ਹੱਥ ਸੀ। ਕੈਨੇਡੀਆਈ ਧਰਤੀ ’ਤੇ ਕਿਸੇ ਕੈਨੇਡੀਅਨ ਨਾਗਰਿਕ ਦੀ ਹੱਤਿਆ ਵਿਚ ਕਿਸੇ ਵਿਦੇਸ਼ੀ ਸਰਕਾਰ ਦੀ ਸ਼ਮੂਲੀਅਤ ਸਾਡੀ ਪ੍ਰਭੂਸੱਤਾ ਦਾ ਨਾ-ਮੰਨਣਯੋਗ ਉਲੰਘਣ ਹੈ। ਕੈਨੇਡਾ ਇਕ ਕਾਨੂੰਨ ਦਾ ਸਨਮਾਨ ਕਰਨ ਵਾਲਾ ਦੇਸ਼ ਹੈ। ਸਾਡੀ ਪ੍ਰਭੂਸੱਤਾ ਦੀ ਰੱਖਿਆ ਵਿਚ ਸਾਡੇ ਨਾਗਰਿਕਾਂ ਦੀ ਸੁਰੱਖਿਆ ਮੌਲਿਕ ਹੈ।”
ਪੂਰੀ ਸੰਸਦ, ਕੰਜ਼ਰਵੇਟਿਵ ਪਾਰਟੀ, ਸਬੰਧਿਤ ਵਿਰੋਧੀ ਧਿਰ ਦੇ ਆਗੂ ਪੈਰੇ ਮੋਲੀਵਰ ਅਤੇ ਐੱਨ.ਡੀ.ਪੀ. ਆਗੂ ਜਗਮੀਤ ਸਿੰਘ ਆਦਿ ਨੇ ਇਸ ਬਿਆਨ ਦੀ ਪੂਰੀ ਹਮਾਇਤ ਕੀਤੀ।
ਕੈਨੇਡੀਅਨ ਪ੍ਰਧਾਨ ਮੰਤਰੀ ਦਾ ਇਹ ਬਿਆਨ ਬਹੁਤ ਹੀ ਚਿੰਤਾਜਨਕ ਹੈ ਜੋ ਭਾਰਤ ਵਰਗੇ ਲੋਕਤੰਤਰੀ ਦੇਸ਼ ਨੂੰ ਦੂਸਰੇ ਦੇਸ਼ਾਂ ਵਿਚ ਹਿੰਸਾ ਫੈਲਾਉਣ ਵਾਲੇ ਦੇਸ਼ਾਂ ਦੀ ਸੂਚੀ ਵਿਚ ਸ਼ਾਮਲ ਕਰਦਾ ਹੈ। ਦੂਸਰੇ ਪਾਸੇ ਬ੍ਰਿਟਿਸ਼ ਪ੍ਰਧਾਨ ਮੰਤਰੀ ਰਿਸ਼ੀ ਸੂਨਕ ਨੇ ਪ੍ਰਧਾਨ ਮੰਤਰੀ ਨਾਲ ਬ੍ਰਿਟਿਸ਼ ਨਾਗਰਿਕ ਜੱਗੀ ਜੌਹਲ ਦਾ ਮਸਲਾ ਵੀ ਉਠਾਇਆ, ਜਿਸ ਦੀ ਭਾਰਤੀ ਜੇਲ੍ਹ ਵਿਚੋਂ ਰਿਹਾਈ ਲਈ 70 ਬ੍ਰਿਟਿਸ਼ ਸਾਂਸਦਾਂ ਨੇ ਦਸਤਖ਼ਤ ਕਰਕੇ ਦਿੱਤੇ ਸਨ। ਉਸ ਬਾਰੇ ਦੂਰਅੰਦੇਸ਼ ਡਿਪਲੋਮੈਟ ਪ੍ਰਧਾਨ ਮੰਤਰੀ ਰਿਸ਼ੀ ਸੂਨਕ ਨੇ ਚੁੱਪ ਧਾਰੀ ਰੱਖੀ।
ਦਰਅਸਲ ਕੈਨੇਡਾ ਹਮੇਸ਼ਾ ਭਾਰਤ ਦੇ ਮਿੱਤਰ ਦੇਸ਼ਾਂ ਦੀ ਸੂਚੀ ਵਿਚ ਰਿਹਾ ਹੈ। ਜਿੱਥੇ ਭਾਰਤ ਵਿਸ਼ਵ ਦੀ ਅਜ਼ੀਮ ਸਭਿਅਤਾ ਵਾਲਾ ਮਹਾਨ ਦੇਸ਼ ਹੈ, ਉੱਥੇ ਕੈਨੇਡਾ ਆਧੁਨਿਕ ਵਿਸ਼ਵ ਦਾ ਇਕ ਅਤਿ ਖੂਬਸੂਰਤ ਅਤੇ ਕਿਰਤੀ ਦੇਸ਼ ਹੈ। ਸ਼੍ਰੀ ਨਰੇਂਦਰ ਮੋਦੀ ਦੀ 14 ਤੋਂ 16 ਅਪ੍ਰੈਲ, 2015 ਨੂੰ ਕੈਨੇਡਾ ਯਾਤਰਾ ਬਹੁਤ ਸਫਲ ਰਹੀ ਸੀ। ਤੱਤਕਾਲੀ ਕੰਜ਼ਰਵੇਟਿਵ ਕੈਨੇਡੀਅਨ ਪ੍ਰਧਾਨ ਮੰਤਰੀ ਸਟੀਫਨ ਹਾਰਪਰ ਨਾਲ ਨਿੱਘੀ ਮਿਲਣੀ, ਪ੍ਰੋਟੋਕੋਲ ਤੋੜ ਕੇ ਇਕ ਜਹਾਜ਼ ’ਤੇ ਆਟਵਾ ਤੋਂ ਟਰਾਂਟੋਂ ਆਉਣਾ, ਹਾਰਪਰ ਦੀ ਪਤਨੀ ਨੇ ਸਾੜ੍ਹੀ ਪਹਿਨ ਕੇ ਪ੍ਰਧਾਨ ਮੰਤਰੀ ਦਾ ਸਨਮਾਨ ਕਰਨਾ, ਸ਼੍ਰੀ ਮੋਦੀ ਵਲੋਂ ਭਾਰਤੀਆਂ ਦੀ ਰੈਲੀ ਨੂੰ ਸੰਬੋਧਨ ਕਰਨਾ, ਸਭ ਨੂੰ ਯਾਦ ਹੈ।
ਪਰ ਲਿਬਰਲ ਪਾਰਟੀ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਫਰਵਰੀ, 2018 ਵਿਚ 8 ਰੋਜ਼ਾ ਭਾਰਤ ਫੇਰੀ ਸਮੇਂ ਵਿਦੇਸ਼ੀ ਪ੍ਰਾਹੁਣਿਆਂ ਦੀ ਆਉ ਭਗਤ ਲਈ ਮਸ਼ਹੂਰ ਭਾਰਤ ਨੇ ਉਨ੍ਹਾਂ ਬਿਲਕੁਲ ਨਜ਼ਰਅੰਦਾਜ਼ ਕੀਤਾ। ਪ੍ਰਧਾਨ ਮੰਤਰੀ ਸ਼੍ਰੀ ਮੋਦੀ ਨੇ ਕੋਈ ਅਹਿਮੀਅਤ ਨਾ ਦਿੱਤੀ। ਹੁਣ ਜੀ-20 ਸੰਮੇਲਨ ਵਿਚ ਵੀ ਪ੍ਰਧਾਨ ਮੰਤਰੀ ਅਤੇ ਭਾਰਤ ਵੱਲੋਂ ਉਨ੍ਹਾਂ ਨੂੰ ਬਣਦਾ ਸਨਮਾਨ ਨਾ ਦਿੱਤਾ ਗਿਆ। ਸ਼੍ਰੀ ਮੋਦੀ ਨੇ ਉਨ੍ਹਾਂ ਨੂੰ ਕੈਨੇਡਾ ਦੀ ਧਰਤੀ ਤੋਂ 9 ਖਾਲਿਸਤਾਨ ਪੱਖੀ ਮਿਲੀਟੈਂਟ ਗਰੁੱਪਾਂ ਵੱਲੋਂ ਭਾਰਤ ਵਿਰੋਧੀ ਗਤੀਵਿਧੀਆਂ ਬਾਰੇ ਚਿੰਤਾ ਜ਼ਾਹਿਰ ਕੀਤੀ।
ਸੰਨ 1985 ਵਿਚ ਏਅਰ ਇੰਡੀਆ ‘ਕਨਿਸ਼ਕ’ ਹਵਾਈ ਜਾਹਾਜ਼ ਜੋ ਕੈਨੇਡਾ ਤੋਂ ਦਿੱਲੀ ਆ ਰਿਹਾ ਸੀ, ਰਸਤੇ ਵਿਚ ਬੰਬ ਧਮਾਕੇ ਨਾਲ ਉੱਡ ਗਿਆ। ਬੇਗੁਨਾਹ 329 ਯਾਤਰੂ ਮਾਰੇ ਗਏ। ਨਵੀਂ ਦਿੱਲੀ ਇਸ ਨੂੰ ਖਾਲਿਸਤਾਨੀ ਅੱਤਵਾਦੀਆਂ ਦਾ ਕਾਰਾ ਜਦਕਿ ਵਿਰੋਧੀ ਇਸ ਨੂੰ ਖੁਫੀਆ ਏਜੰਸੀਆਂ ਦਾ ਕਾਰਾ ਮੰਨਦੀਆਂ ਸਨ। ਉਸ ਤੋਂ ਬਾਅਦ ਲਗਾਤਾਰ ਕੈਨੇਡਾ ਵਿਚ ਰਹਿੰਦੇ ਖਾੜਕੂ ਸਿੱਖ ਅਤੇ ਸਬੰਧਿਤ ਜਥੇਬੰਦੀਆਂ ਭਾਰਤ ਲਈ ਚਿੰਤਾ ਦਾ ਵਿਸ਼ਾ ਬਣੀਆਂ ਰਹੀਆਂ।
ਵਿਰੋਧੀ ਤਾਂ ਹਰ ਪਰਿਵਾਰ, ਸੰਸਥਾ, ਰਾਜਨੀਤਕ ਪਾਰਟੀ ਜਾਂ ਦੇਸ਼ ਵਿਚ ਹੁੰਦੇ ਹਨ, ਸਵਾਲ ਇਹ ਹੈ ਕਿ ਉਨ੍ਹਾਂ ਨਾਲ ਅਤਿ ਸੰਜੀਦਗੀ, ਰਾਜਨੀਤਕ, ਡਿਪਲੋਮੈਟਿਕ ਵਾਰਤਾਲਾਪ ਰਾਹੀਂ ਜਾਏ ਨਾ ਕਿ ਉਲਟ ਟਕਰਾਅ ਭਰੀ ਦਿਸ਼ਾ ਦਾ ਪੱਲਾ ਫੜ ਕੇ ਸਥਿਤੀ ਚਿੰਤਾਜਨਕ ਬਣਾ ਦਿੱਤੀ ਜਾਵੇ।
ਭਾਰਤ-ਕੈਨੇਡਾ ਟਕਰਾਅ ਕਰਕੇ ਪੰਜਾਬੀ, ਜਿਨ੍ਹਾਂ ਵਿਚ ਸਿੱਖ ਘੱਟ ਗਿਣਤੀ ਸ਼ਾਮਲ ਹੈ, ਚੱਕੀ ਦੇ ਦੋ ਪੁੜਾਂ ਵਿਚਾਲੇ ਪਿਸਦੇ ਨਜ਼ਰ ਆ ਰਹੇ ਹਨ। ਮਾਮਲਾ ਡਿਪਲੋਮੈਟਾਂ ਨੂੰ ਇਕ-ਦੂਜੇ ਦੇਸ਼ ਵਿੱਚੋਂ ਕੱਢਣ, ਵਪਾਰ, ਨਿਵੇਸ਼ ਅਤੇ ਆਪਸੀ ਵਾਰਤਾਲਾਪ ਰੋਕਣ ਤੱਕ ਨਹੀਂ ਸੀ ਪੁੱਜਣਾ ਚਾਹੀਦਾ।
ਕੈਨੇਡਾ ਸਰਕਾਰ ਨੂੰ ਪਿਛਲੇ ਤਿੰਨ ਮਹੀਨੇ ਵਿਚ ਨਿੱਝਰ ਕਤਲ ਵਿਚ ਭਾਰਤੀ ਖੁਫੀਆ ਏਜੰਸੀ ਰਾਅ ਅਤੇ ਸਬੰਧਿਤ ਡਿਪਲੋਮੈਟ ਪਵਨ ਕੁਮਾਰ ਰਾਏ ਆਈ.ਪੀ.ਐੱਲ. ਦਾ ਮੁੱਦਾ ਭਾਰਤ ਨਾਲ ਉਠਾਉਣਾ ਚਾਹੀਦਾ ਸੀ। ਜੇ ਸਿੱਧੇ ਤਾਲਮੇਲ ਨਾਲ ਗੱਲਬਾਤ ਨਾ ਸੁਲਝਦੀ ਤਾਂ ਵਿਚੋਲਾ ਪਾ ਲੈਣਾ ਚਾਹੀਦਾ ਸੀ। ਹੁਣ ਜਸਟਿਨ ਟਰੂਡੋ ਕਹਿ ਰਹੇ ਹਨ ਕਿ ਉਹ ਭਾਰਤ ਨੂੰ ਭੜਕਾਅ ਜਾਂ ਉਸ ਨਾਲ ਤਣਾਅ ਨਹੀਂ ਵਧਾ ਰਹੇ, ਉਹ ਚਾਹੁੰਦੇ ਹਨ ਕਿ ਵੱਖਵਾਦੀ ਸਿੱਖ ਆਗੂ ਦੀ ਹੱਤਿਆ ਨੂੰ ਪੂਰੀ ਗੰਭੀਰਤਾ ਨਾਲ ਲਿਆ ਜਾਵੇ। “ਅਸੀਂ ਸਭ ਸਪੱਸ਼ਟ ਕਰਨ ਲਈ ਭਾਰਤ ਨਾਲ ਮਿਲੇ ਕੇ ਕੰਮ ਕਰਨਾ ਚਾਹੁੰਦੇ ਹਾਂ ਤੇ ਇਹ ਯਕੀਨੀ ਬਣਾਉਣਾ ਚਾਹੁੰਦੇ ਹਾਂ ਕਿ ਸਭ ਪ੍ਰਕਿਰਿਆਵਾਂ ਦਾ ਪਾਲਣ ਹੋਵੇ।” ਫਿਰ ਕੀ ਲੋੜ ਸੀ ਕੈਨੇਡੀਅਨ ਸੰਸਦ ਵਿਚ ਤਿੱਖੀ ਪ੍ਰਕ੍ਰਿਆ ਦੀ? ਉਨ੍ਹਾਂ ਵਲੋਂ ਐਸੇ ਬਿਆਨ ਬਾਅਦ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਅਤੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਰਘਬੀਰ ਸਿੰਘ ਨੂੰ ਮੁੱਦਾ ਉਠਾਉਣ ਦੀ ਯਾਦ ਆ ਗਈ।
ਇਸ ਸਮੇਂ ਵਿਸ਼ਵ ਵਿਚ ਤਿੰਨ ਪੰਜਾਬ ਵਸਦੇ ਹਨ। ਇਕ ਭਾਰਤ, ਦੂਸਰਾ ਪਾਕਿਸਤਾਨ ਅਤੇ ਤੀਸਰਾ ਕੈਨੇਡਾ ਵਿਚ। ਸਿੱਖ ਘੱਟ-ਗਿਣਤੀ ਦੀ ਜੋ ਦੁਰਦਸ਼ਾ ਦੇਸ਼ ਦੀ ਵੰਡ ਵੇਲੇ, ਬਾਅਦ ਵਿਚ ਭਾਰਤ ਅਤੇ ਪਾਕਿਸਤਾਨ ਪੰਜਾਬਾਂ ਵਿਚ ਹੋਈ, ਵਿਸ਼ਵ ਜਾਣਦਾ ਹੈ। ਇਹ ਉਹ ਕੌਮ ਹੈ ਜਿਸ ਨੇ ਮੁਗਲਾਂ ਤੋਂ ਪੰਜਾਬ ਅਤੇ ਆਸ-ਪਾਸ ਦੇ ਇਲਾਕੇ ਅਜ਼ਾਦ ਕਰਵਾ ਕੇ ਇਕ ਅਜ਼ੀਮ ਰਾਜ ਮਹਾਰਾਜਾ ਰਣਜੀਤ ਸਿੰਘ ਦੀ ਅਗਵਾਈ ਵਿਚ ਸਥਾਪਿਤ ਕੀਤਾ। ਵਿਸ਼ਵ ਦੇ ਤੀਸਰੇ ਪੰਜਾਬ ਵਿਚ, ਜੋ ਕੈਨੇਡਾ ਵਿਚ ਵਸਦਾ ਹੈ, ਸਿੱਖ ਕਾਫੀ ਸੁਰੱਖਿਅਤ ਮਹਿਸੂਸ ਕਰਦੇ ਹਨ। ਫੈਡਰਲ ਅਤੇ ਸੂਬਾਈ ਸਰਕਾਰਾਂ ਵਿਚ ਮੰਤਰੀ ਹਨ। ਉੱਜਲ ਸਿੰਘ ਦੁਸਾਂਝ ਬ੍ਰਿਟਿਸ਼ ਕੋਲੰਬੀਆ ਦੇ ਪ੍ਰੀਮੀਅਰ (ਮੁੱਖ ਮੰਤਰੀ) ਰਹੇ ਹਨ। ਸੰਸਦ ਵਿਚ ਐੱਮ.ਪੀ., ਪ੍ਰੋਵਿੰਸ਼ੀਅਲ ਅਸੈਂਬਲੀਆਂ ਵਿਚ ਐੱਮ.ਪੀ.ਪੀ. ਹਨ। ਕੈਨੇਡਾ ਵਿਚ 2.1 ਪ੍ਰਤੀਸ਼ਤ ਤੋਂ ਵੱਧ ਸਿੱਖ ਹਨ। ਬ੍ਰਿਟਿਸ਼ ਕੋਲੰਬੀਆ ਵਿਚ 5.9% ਤੋਂ ਵੱਧ ਹਨ। ਜਗਮੀਤ ਸਿੰਘ ਐੱਨ.ਡੀ.ਪੀ. ਪਾਰਟੀ ਦੇ ਰਾਸ਼ਟਰੀ ਪ੍ਰਧਾਨ ਹਨ। ਇਸ ਸਮੇਂ ਸਿੱਖ ਆਬਾਦੀ 9 ਲੱਖ ਤੋਂ ਵੱਧ ਹੈ। ਇਸ ਦੇਸ਼ ਨੇ ਪਾਰਲੀਮੈਂਟ ਵਿਚ ਕਾਮਾਗਾਟਾਮਾਰੂ ਘਟਨਾ ਦੀ ਮੁਆਫੀ ਮੰਗੀ ਹੈ, ਸਿੱਖ ਭਾਈਚਾਰੇ, ਪੰਜਾਬੀਆਂ ਅਤੇ ਭਾਰਤੀਆਂ ਤੋਂ। ਕੀ ਭਾਰਤੀ ਪਾਰਲੀਮੈਂਟ ਨੇ ਨੀਲਾਤਾਰਾ ਅਪਰੇਸ਼ਨ ਅਤੇ ਨਵੰਬਰ 84 ਸਿੱਖ ਕਤਲ-ਏ-ਆਮ ਦੀ ਮੁਆਫੀ ਮੰਗੀ ਹੈ?
ਸਿੱਖ ਭਾਈਚਾਰੇ ਨਾਲ ਕੰਜ਼ਰਵੇਟਿਵ, ਲਿਬਰਲ, ਐੱਨ.ਡੀ.ਪੀ., ਗਰੀਨ ਪਾਰਟੀ ਆਦਿ ਸਭ ਵਧੀਆ ਸਬੰਧ ਰੱਖਦੀਆਂ ਹਨ। ਭਾਰਤ ਨੂੰ ਆਪਣੇ ਇਸ ਭਾਈਚਾਰੇ ’ਤੇ ਮਾਣ ਹੋਣਾ ਚਾਹੀਦਾ ਹੈ।
ਦੋਹਾਂ ਦੇਸ਼ਾਂ ਦੀ ਖਿੱਚੋਤਾਣ ਕਰਕੇ ਆਮ ਮਿਹਨਤਕਸ਼, ਸ਼ਰੀਫ, ਨਿਰਪੱਖ, ਵਿਦਿਆਰਥੀ, ਵਪਾਰੀ, ਪੰਜਾਬੀ ਅਤੇ ਖਾਸ ਕਰਕੇ ਸਿੱਖ ਭਾਈਚਾਰੇ ਦੇ ਲੋਕ ਚੱਕੀ ਦੇ ਦੋ ਪਿੜਾਂ ਵਿਚ ਪਿਸਦੇ ਮਹਿਸੂਸ ਕਰ ਰਹੇ ਹਨ। ਕੀ ਲੋੜ ਸੀ ਲੋਕਾਂ ਦੀ ਆਵਾਜਾਈ ਸਬੰਧੀ ਦੋਹਾਂ ਦੇਸ਼ਾਂ ਵਲੋਂ ਅਡਵਾਈਜ਼ਰੀਆਂ ਜਾਰੀ ਕਰਨ ਦੀ? ਭਾਰਤ ਸਰਕਾਰ ਨੂੰ ਸਖ਼ਤ ਨਿਰਦੇਸ਼ ਜਾਰੀ ਕਰਨੇ ਚਾਹੀਦੇ ਹਨ ਕਿ ਕਿਸੇ ਹਵਾਈ ਅੱਡੇ ’ਤੇ ਕਿਸੇ ਪੰਜਾਬੀ ਜਾਂ ਸਿੱਖ ਯਾਤਰੂ ਨੂੰ ਕਿਸੇ ਤਰ੍ਹਾਂ ਦੀ ਰੋਕ-ਟੋਕ ਦਾ ਸਾਹਮਣਾ ਨਾ ਕਰਨਾ ਪਏ।
ਕੈਨੇਡਾ ਨੇ ਜਿਵੇਂ ‘ਪੰਜ ਅੱਖਾਂ’ ਸੰਗਠਨ, ਜਿਸ ਵਿਚ ਅਮਰੀਕਾ, ਯੂ.ਕੇ., ਅਸਟ੍ਰੇਲੀਆ, ਨਿਊਜ਼ੀਲੈਂਡ ਸ਼ਾਮਲ ਹਨ, ਨਾਲ ਇਹ ‘ਨਿੱਝਰ ਕਤਲ’ ਸਾਂਝਾ ਕੀਤਾ, ਸਥਿਤੀ ਪੇਚੀਦਾ ਕਰਨ ਵਾਲਾ ਹੈ। ਖੈਰ! ਸਭ ਦੇਸ਼ ਭਾਰਤ ਦੇ ਮਿੱਤਰ ਹੋਣ ਕਰਕੇ ਮਾਮਲਾ ਮਿਲ-ਬੈਠ ਸੁਲਝਾਉਣ ਦਾ ਸੰਕੇਤ ਦੇ ਚੁੱਕੇ ਹਨ।
ਇਸ ਮਸਲੇ ਨੇ ਜਿਵੇਂ ਆਪਸੀ ਵਪਾਰ, ਨਿਵੇਸ਼, ਆਰਥਿਕ ਸਬੰਧਾਂ ਵਿਚ ਖੜੋਤ ਦਾ ਇਸ਼ਾਰਾ ਕੀਤਾ ਹੈ, ਇਹ ਤੁਰੰਤ ਖਤਮ ਹੋਣਾ ਚਾਹੀਦਾ ਹੈ। ਕੀ ਚੀਨ, ਪਾਕਿਸਤਾਨ ਨਾਲ ਸਾਡੇ ਵਪਾਰਕ, ਨਿਵੇਸ਼, ਆਰਥਿਕ ਸਬੰਧ ਬੰਦ ਹਨ? ਭਾਰਤ-ਕੈਨੇਡਾ ਦਰਮਿਆਨ 8.16 ਬਿਲੀਅਨ ਯੂ.ਐੱਸ. ਡਾਲਰ ਦਾ ਵਪਾਰ ਚਲ ਰਿਹਾ ਹੈ। 200 ਵਿੱਦਿਅਕ ਸੰਸਥਾਵਾਂ ਨਾਲ ਭਾਗੀਦਾਰੀ ਹੈ। 3 ਲੱਖ 19 ਹਜ਼ਾਰ ਭਾਰਤੀ ਵਿਦਿਆਰਥੀ ਕੈਨੇਡਾ ਵਿਚ ਪੜ੍ਹ ਰਹੇ ਹਨ। ਉਨ੍ਹਾਂ ਦਾ ਕੈਨੇਡੀਅਨ ਬਜਟ ਸੰਨ 2021 ਵਿਚ 4.9 ਬਿਲੀਅਨ ਡਾਲਰ ਦਾ ਯੋਗਦਾਨ ਸੀ। ਇਕ ਲੱਖ ਕਰੋੜ ਕੈਨੇਡੀਅਨ ਪ੍ਰੋਵੀਡੈਂਟ ਫੰਡ ਦਾ ਨਿਵੇਸ਼ ਭਾਰਤ ਵਿਚ ਹੈ।
ਜਿਵੇਂ ਕਿ ਚੇਅਰਮੈਨ ਟੈਕਨੋਕਰਾਫਟ ਸਨਅਤ ਸ਼੍ਰੀ ਸ਼ਰਦ ਕੁਮਾਰ ਸ਼ਰਾਫ ਦਾ ਕਹਿਣਾ ਹੈ ਕਿ ਆਪਸੀ ਵਪਾਰ ਨਿਰੋਲ ਕਮਰਸ਼ੀਅਲ ਅਧਾਰ ’ਤੇ ਹੁੰਦਾ ਹੈ। ਰਾਜਨੀਤਕ ਖਟਾਸ ਜਾਂ ਹਿਲਜੁਲ ਕਮਵਕਤੀ ਹੁੰਦੀ ਹੈ ਜਿਸਦਾ ਵਪਾਰ, ਨਿਵੇਸ਼ ਤਕਨੀਕੀ ਅਤੇ ਵਿੱਤੀ ਅਦਾਨ-ਪ੍ਰਦਾਨ ’ਤੇ ਕੋਈ ਅਸਰ ਨਹੀਂ ਪੈਂਦਾ ਅਨੁਸਾਰ ਦੋਹਾਂ ਦੇਸ਼ਾਂ ਨੂੰ ਇਸ ਨੂੰ ਚਾਲੂ ਰਖਣਾ ਚਾਹੀਦਾ ਹੈ।
ਸੌ ਹੱਥ ਰੱਸਾ ਸਿਰੇ ’ਤੇ ਗੰਢ - ਭਾਰਤ ਅਤੇ ਕੈਨੇਡਾ ਦਾ ਨਹੁੰ-ਮਾਸ ਦਾ ਰਿਸ਼ਤਾ ਹੈ। ਇਸ ਲਈ ਦੋਹਾਂ ਦੇਸ਼ਾਂ ਦੇ ਰਾਜਨੀਤਕ ਆਗੂਆਂ ਨੂੰ ਭਾਰਤੀ-ਕੈਨੇਡੀਅਨ ਭਾਈਚਾਰਕ ਸਾਂਝ ਅਤੇ ਮਾਨਵੀ ਅਦਾਨ-ਪ੍ਰਦਾਨ ਨੂੰ ਮੁੱਖ ਰੱਖਦੇ ਸਭ ਮਸਲੇ ਮਿਲ ਬੈਠ ਕੇ ਤੁਰੰਤ ਸੁਲਝਾ ਲੈਣੇ ਚਾਹੀਦੇ ਹਨ।
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(4241)
(ਸਰੋਕਾਰ ਨਾਲ ਸੰਪਰਕ ਲਈ: (