DarbaraSKahlon7“ਇਸ ਰੈਲੀ ਦਾ ਸਭ ਤੋਂ ਵੱਡਾ ਰਾਜਨੀਤਕ ਪ੍ਰਭਾਵ ਇਹ ਨਜ਼ਰ ਆਇਆ ਕਿ ਕੇਜਰੀਵਾਲ ਦੀ ਗ੍ਰਿਫਤਾਰੀ ਨੇ ਇੰਡੀਆ ਗਠਜੋੜ ...”
 (6 ਅਪਰੈਲ 2024)
 ਇਸ ਸਮੇਂ ਪਾਠਕ: 175.


ਵਿਰੋਧੀ ਧਿਰ (ਇੰਡੀਆ) ਵੱਲੋਂ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਝਾਰਖੰਡ ਦੇ ਸਾਬਕਾ ਮੁੱਖ ਮੰਤਰੀ ਹੇਮੰਤ ਸੋਰੇਨ ਦੀਆਂ ਕੇਂਦਰੀ ਏਜੰਸੀ ਈ. ਡੀ. ਵੱਲੋਂ ਭ੍ਰਿਸ਼ਟਾਚਾਰ ਅਤੇ ਮਨੀ ਲਾਂਡਰਿੰਗ ਕੇਸਾਂ ਵਿੱਚ ਗ੍ਰਿਫਤਾਰੀਆਂ
, ਕਾਂਗਰਸ ਪਾਰਟੀ ਦੇ ਬੈਂਕ ਖਾਤੇ ਸੀਲ ਕਰਨ ਅਤੇ ਲੋਕ ਸਭਾ ਚੋਣਾਂ2024 ਦੇ ਚਲਦੇ ਕੇਂਦਰੀ ਸੱਤਾ ’ਤੇ ਬਿਰਾਜਮਾਨ ਸ਼੍ਰੀ ਨਰੇਂਦਰ ਮੋਦੀ ਦੀ ਭਾਜਪਾ ਦੀ ਅਗਵਾਈ ਵਾਲੀ ਐੱਨ. ਡੀ. ਏ. ਸਰਕਾਰ ਵੱਲੋਂ ਸਮੁੱਚੀ ਵਿਰੋਧੀ ਧਿਰ ਨੂੰ ਚੋਣ ਦੰਗਲ ਅੰਦਰ ਬਰਾਬਰ ਮੌਕਿਆਂ ਤੋਂ ਵਾਂਝੇ ਕਰਨ ਵਿਰੁੱਧ ਰਾਜਧਾਨੀ ਦਿੱਲੀ ਦੇ ਇਤਿਹਾਸਿਕ ਰਾਮਲੀਲਾ ਮੈਦਾਨ ਵਿੱਚ ‘ਲੋਕਤੰਤਰ ਬਚਾਓਤਾਨਾਸ਼ਾਹ ਹਟਾਓ’ ਦੇ ਬੈਨਰ ਹੇਠ 31 ਮਾਰਚ ਨੂੰ ਵਿਸ਼ਾਲ ਰੈਲੀ ਕੀਤੀ ਗਈ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਗ੍ਰਿਫ਼ਤਾਰੀ ਪ੍ਰਤੀ ਪ੍ਰਮੁੱਖ ਤੌਰ ’ਤੇ ਕੇਂਦਰਿਤ ਹੋਣ ਕਰਕੇ ਇਸ ਰੈਲੀ ਵਿੱਚ 90 ਪ੍ਰਤੀਸ਼ਤ ਸ਼ਾਮਿਲ ਲੋਕ ਆਮ ਆਦਮੀ ਪਾਰਟੀ ਅਤੇ 10 ਪ੍ਰਤੀਸ਼ਤ ਕਾਂਗਰਸ ਪਾਰਟੀ ਨਾਲ ਸੰਬੰਧਿਤ ਸਨ। ਇੱਥੇ ਇਹ ਵੀ ਵਰਨਣਯੋਗ ਹੈ ਕਿ ਕੁੱਲ ਆਮ ਆਦਮੀ ਪਾਰਟੀ ਵਲੰਟੀਅਰਾਂ ਵਿੱਚੋਂ 70 ਪ੍ਰਤੀਸ਼ਤ ਪੰਜਾਬ ਨਾਲ ਸੰਬੰਧਿਤ ਸਨ। ਇਸ ਰੈਲੀ ਦੀ ਅਨੋਖੀ ਅਤੇ ਦਿਲਚਸਪ ਵਿਲੱਖਣਤਾ ਵੇਖਣ ਨੂੰ ਇਹ ਮਿਲੀ ਕਿ ਇਸ ਵਿੱਚ ਸਮੁੱਚੀਆਂ ਵਿਰੋਧੀ ਪਾਰਟੀਆਂ ਦੇ ਨਾਮਵਰ ਅਤੇ ਨੌਜਵਾਨ ਆਗੂ ਸ਼ਾਮਿਲ ਹੋਏ ਜਿਨ੍ਹਾਂ ਸ਼੍ਰੀਮਤੀ ਸੋਨੀਆ ਗਾਂਧੀ, ਕਾਂਗਰਸ ਪ੍ਰਧਾਨ ਅਤੇ ਪ੍ਰੌੜ੍ਹ ਸਿਆਸਤਦਾਨ ਮਲਿਕ ਅਰਜੁਨ ਖੜਗੇ, ਰਾਹੁਲ ਗਾਂਧੀ, ਐੱਨ ਸੀ. ਪੀ. ਆਗੂ ਸ਼ਰਦ ਪਵਾਰ, ਨੈਸ਼ਨਲ ਕਾਨਫਰੰਸ ਦੇ ਫਾਰੂਕ ਅਬਦੁਲਾ, ਪੀ. ਡੀ. ਪੀ. ਪ੍ਰਮੁੱਖ ਮਹਿਬੂਬਾ ਮੁਫਤੀ, ਸ਼ਿਵ ਸੈਨਾ ਦੇ ਉਧਵ ਠਾਕਰੇ, ਸੀ. ਪੀ. ਐੱਮ. ਜਨਰਲ ਸਕੱਤਰ ਸੀਤਾਰਾਮ ਯੇਚੁਰੀ, ਸੀ. ਪੀ. ਆਈ. ਦੇ ਡੀ. ਰਾਜਾ, ਝਾਰਖੰਡ ਦੇ ਮੁੱਖ ਮੰਤਰੀ ਚੰਪੇਨ ਸੋਰੇਨ, ਆਮ ਆਦਮੀ ਪਾਰਟੀ ਸੰਬੰਧਿਤ ਪੰਜਾਬ ਦੇ ਨੌਜਵਾਨ ਮੁੱਖ ਮੰਤਰੀ ਭਗਵੰਤ ਸਿੰਘ ਮਾਨ, ਸਮਾਜਵਾਦੀ ਪਾਰਟੀ ਦੇ ਨੌਜਵਾਨ ਪ੍ਰਮੁੱਖ ਸਾਬਕਾ ਮੁੱਖ ਮੰਤਰੀ ਅਖਿਲੇਸ਼ ਯਾਦਵ, ਆਰ. ਜੇ. ਡੀ. ਦੇ ਅੱਗ ਫੱਕਣ ਵਾਲੇ ਨੌਜਵਾਨ ਆਗੂ ਸਾਬਕਾ ਉਪ ਮੁੱਖ ਮੰਤਰੀ ਤੇਜਸਵੀ ਯਾਦਵ, ਪ੍ਰਿਅੰਕਾ ਗਾਂਧੀ ਸਮੇਤ ਹੋਰ ਪਾਰਟੀਆਂ ਦੇ ਆਗੂ ਸ਼ਾਮਿਲ ਸਨ। ਇਸ ਮਹਾਂ ਰੈਲੀ ਵਿੱਚ ਪੱਛਮੀ ਬੰਗਾਲ ਮੁੱਖ ਮੰਤਰੀ ਟੀ. ਐੱਮ. ਸੀ. ਸੁਪਰੀਮੋ ਕੁਮਾਰੀ ਮਮਤਾ ਬੈਨਰਜੀ ਅਤੇ ਤਾਮਿਲਨਾਡੂ ਮੁੱਖ ਮੰਤਰੀ ਡੀ. ਐੱਮ. ਕੇ. ਪ੍ਰਮੁੱਖ ਐੱਮ. ਕੇ. ਸਟਾਲਿਨ ਦੀ ਗੈਰਹਾਜ਼ਰੀ ਰੜਕਦੀ ਰਹੀ ਭਾਵੇਂ ਉਨ੍ਹਾਂ ਦੀ ਪ੍ਰਤੀਨਿੱਧਤਾ ਉਨ੍ਹਾਂ ਵੱਲੋਂ ਭੇਜੇ ਵਿਸ਼ੇਸ਼ ਬੁਲਾਰਿਆਂ ਨੇ ਪੂਰੀ ਕਰਨ ਦਾ ਯਤਨ ਕੀਤਾ।

ਇਸ ਲੋਕਤੰਤਰ ਬਚਾਉ ਰੈਲੀ ਵਿੱਚ ਵਿਸ਼ੇਸ਼ ਖਿੱਚ ਦਾ ਕੇਂਦਰ ਤਿੰਨ ਉੱਭਰ ਰਹੀਆਂ ਮਹਿਲਾ ਆਗੂ ਬਣੀਆਂ। ਪਹਿਲੀ ਮਹਿਲਾ, ਮੁੱਖ ਮੰਤਰੀ ਕੇਜਰੀਵਾਲ ਦੀ ਪਤਨੀ ਸੁਨੀਤਾ ਕੇਜਰੀਵਾਲ, ਸਾਬਕਾ ਆਈ. ਆਰ. ਐੱਸ. ਅਧਿਕਾਰੀ ਜੋ ਦਲੇਰੀ ਨਾਲ ਆਪਣੇ ਪਤੀ ਦੀ ਪਾਰਟੀ, ਦਿੱਲੀ ਸਰਕਾਰ ਅਤੇ ਇੰਡੀਆ ਗਠਜੋੜ ਅੰਦਰ ਗ੍ਰਿਫ਼ਤਾਰੀ ਕਰਕੇ ਉਤਪਨ ਗੈਰਹਾਜ਼ਰੀ ਦੀ ਬਾਖੂਬੀ ਦਲੇਰਾਨਾ ਢੰਗ ਨਾਲ ਪੂਰਤੀ ਕਰ ਰਹੀ ਹੈ। ਉਸ ਨੇ ਆਪਣੇ ਪਤੀ ਨੂੰ ਰਾਜਨੀਤੀ ਦਾ ਸ਼ੇਰ ਅਤੇ ਨਵਭਾਰਤ ਦੀ ਸਿਰਜਣਾ ਲਈ ਵਚਨਬੱਧ ਕੱਟੜ ਰਾਸ਼ਟਰਵਾਦੀ ਆਗੂ ਗਰਦਾਨਿਆ। ਈ. ਡੀ. ਰਿਮਾਂਡ ਵਿੱਚ ਹੋਣ ਕਰਕੇ ਉਸ ਦੀਆਂ ਭਾਰਤ ਦੇ 140 ਕਰੋੜ ਲੋਕਾਂ ਦੇ ਨਾਮ 6 ਗਾਰੰਟੀਆਂ ਪੇਸ਼ ਕੀਤੀਆਂ। ਉਸਨੇ ਵੋਟਰਾਂ ਨੇ ਕਿਹਾ ਕਿ ਜੇ ਉਹ ਇੰਡੀਆ ਗਠਜੋੜ ਦੀ ਸਰਕਾਰ ਬਣਾਉਂਦੇ ਹਨ ਤਾਂ 5 ਸਾਲਾਂ ਦੇ ਕਾਰਜਕਾਲ ਵਿੱਚ ਸਮਾਂਬੱਧਤਾ ਨਾਲ ਇਹ ਪੂਰੀਆਂ ਕੀਤੀਆਂ ਜਾਣਗੀਆਂ। ਨੰਬਰ 1. 24 ਘੰਟੇ ਨਿਰਵਿਘਨ ਬਿਜਲੀ, 2. ਗਰੀਬਾਂ ਲਈ ਮੁਫ਼ਤ ਬਿਜਲੀ, 3. ਹਰ ਪਿੰਡ, ਮੁਹੱਲੇ ਅਤੇ ਜ਼ਿਲ੍ਹੇ ਵਿੱਚ ਵਧੀਆ ਸਕੂਲ, 4. ਹਰ ਮੁਹੱਲੇ ਵਿੱਚ ਮੁਹੱਲਾ ਕਲੀਨਿਕ ਅਤੇ ਜ਼ਿਲ੍ਹਿਆਂ ਵਿੱਚ ਵਧੀਆ ਹਸਪਤਾਲ, 5. ਕਿਸਾਨਾਂ ਲਈ ਸਵਾਮੀਨਾਥਨ ਕਮਿਸ਼ਨ ਦੀਆਂ ਸਿਫਾਰਸ਼ਾਂ ਸਮੇਤ ਫ਼ਸਲਾਂ ’ਤੇ ਐੱਮ. ਐੱਸ. ਪੀ. ਸੁਨਿਸ਼ਚਿਤ ਬਣਾਉਣਾ, 6. ਦਿੱਲੀ ਨੂੰ ਪੂਰਨ ਰਾਜ ਦਾ ਦਰਜਾ ਦੇਣਾ।

ਦੂਸਰੀ ਮਹਿਲਾ, ਸਾਬਕਾ ਝਾਰਖੰਡ ਮੁੱਖ ਮੰਤਰੀ ਦੀ ਪਤਨੀ ਕਲਪਨਾ ਸੋਰੇਨ ਨੇ ਅੱਗ ਫੱਕਣ ਵਾਲੀ ਵੀਰਾਂਗਣਾ ਵਜੋਂ ਹਮਲਾਵਰ ਭਾਸ਼ਣ ਕਰਦੇ ਦੇਸ਼ ਵਿੱਚੋਂ ਤਾਨਾਸ਼ਾਹ ਵਗਾਹ ਕੇ ਬਾਹਰ ਸੁੱਟਣ ਦਾ ਹੋਕਾ ਦਿੱਤਾ। ਲੋਕਸ਼ਾਹੀ ਖਤਮ ਕਰਨ ਲਈ ਜੋ ਤਾਨਸ਼ਾਹ ਅੱਗੇ ਆਏ ਹਨ, ਨੇ ਸੰਵਿਧਾਨਿਕ ਸੰਸਥਾਵਾਂ ਬਰਬਾਦ ਕਰ ਰੱਖੀਆਂ ਹਨ। ਕੋਈ ਵੀ ਆਗੂ ਜਾਂ ਰਾਜਨੀਤਕ ਦਲ ਦੇਸ਼ ਅਤੇ ਸੰਵਿਧਾਨ ਤੋਂ ਉੱਪਰ ਨਹੀਂ। ਉਨ੍ਹਾਂ ਦੇ ਪਤੀ 2 ਮਹੀਨੇ ਤੋਂ ਜੇਲ੍ਹ ਵਿੱਚ ਹਨ ਪਰ ਝਾਰਖੰਡ ਮੁਕਤੀ ਮੋਰਚਾ, ਆਦਿਵਾਸੀ ਸਮਾਜ ਅਤੇ ਕਬਾਇਲੀ ਭਾਈਚਾਰਾ ਉਨ੍ਹਾਂ ਦੀ ਰਿਹਾਈ ਅਤੇ ਲੋਕਸ਼ਾਹੀ ਦੀ ਰਾਖੀ ਲਈ ਸੰਘਰਸ਼ ਜਾਰੀ ਰੱਖੇਗਾ।

ਤੀਜੀ ਮਹਿਲਾ, ਪ੍ਰਿਅੰਕਾ ਗਾਂਧੀ ਵਾਡਰਾ ਨੇ ਕਾਂਗਰਸ ਪਾਰਟੀ ਦੇ ਬੈਂਕ ਖਾਤੇ ਬੰਦ ਕਰਨ ਅਤੇ ਵਿਰੋਧੀਆਂ ਉੱਤੇ ਮੋਦੀ ਸਰਕਾਰ ਦੇ ਦਬਾਅ ਅਤੇ ਡਰਾਵਿਆਂ ਵਿਰੁੱਧ ਸ਼੍ਰੀ ਰਾਮ ਚੰਦਰ ਦੀ ਮਿਸਾਲ ਦਿੱਤੀ, ਜਿਨ੍ਹਾਂ ਬਗੈਰ ਸੱਤਾ, ਸਾਧਨਾ, ਧੰਨ ਅਤੇ ਫੌਜ ਦੇ ਰਾਵਣ ਵਰਗੇ ਸੋਨੇ ਦੀ ਲੰਕਾਪਤੀ (ਇੱਕ ਲੱਖ ਪੂਤ, ਸਵਾ ਲੱਖ ਨਾਤੀ) ਨੂੰ ਹਾਰ ਦਿੱਤੀ। ਉਨ੍ਹਾਂ ਇੰਡੀਆ ਗਠਬੰਧਨ ਵੱਲੋਂ 5 ਸੂਤਰੀ ਮੰਗਾਂ ਰੱਖੀਆਂ। 1. ਚੋਣ ਕਮਿਸ਼ਨ ਚੋਣਾਂ ਵਿੱਚ ਸਭ ਲਈ ਬਰਾਬਰ ਮੌਕੇ ਸੁਨਿਸ਼ਚਿਤ ਕਰੇ। 2. ਚੋਣ ਕਮਿਸ਼ਨ ਜਾਂਚ ਏਜੰਸੀਆਂ ਦੀ ਕਾਰਵਾਈ ਚੋਣ ਪ੍ਰਿਆ ਦੌਰਾਨ ਰੋਕੇ। 3. ਅਰਵਿੰਦ ਕੇਜਰੀਵਾਲ ਅਤੇ ਹੇਮੰਤ ਸੋਰੇਨ ਰਿਹਾ ਕੀਤੇ ਜਾਣ। 4. ਸੁਪਰੀਮ ਕੋਰਟ ਦੀ ਨਿਗਰਾਨੀ ਵਿੱਚ ਇਲੈਕਟੋਰਲ ਬਾਂਡ ਜਾਂਚ ਲਈ ਐੱਸ. ਆਈ. ਟੀ. ਬੈਠਾਈ ਜਾਏ। ਭਾਜਪਾ ’ਤੇ ਦੋਸ਼ ਹੈ ਕਿ ਉਸ ਨੇ 2018 ਤੋਂ 2024 ਤਕ 8718.85 ਕਰੋੜ ਦੇ ਚੁਣਾਵੀ ਬਾਂਡ ਪ੍ਰਾਪਤ ਕੀਤੇ। 5. ਵਿਰੋਧੀ ਪਾਰਟੀਆਂ ਦੇ ਬੰਦ ਕੀਤੇ ਬੈਂਕ ਖਾਤੇ ਖੋਲ੍ਹੇ ਜਾਣ।

ਮੈਚਫਿਕਸਿੰਗ: ਰਹੁਲ ਗਾਂਧੀ ਨੇ ਦੋਸ਼ ਲਗਾਇਆ ਕਿ ਕ੍ਰਿਕੇਟ ਮੈਚ ਫਿਕਸਿੰਗ ਗੇਮ ਵਾਂਗ ਪ੍ਰਧਾਨ ਮੰਤਰੀ ਸ਼੍ਰੀ ਮੋਦੀ ਕੁਝ ਅਰਬਪਤੀਆਂ ਦੀ ਮਦਦ ਨਾਲ ਚੋਣਾਂ ਸੰਬੰਧੀ ਮੈਚ ਫਿਕਸ ਕਰਕੇ ਲੋਕ ਸਭਾ ਵਿੱਚ 400 ਦਾ ਅੰਕੜਾ ਪਾਰ ਕਰਨਾ ਚਾਹੁੰਦੇ ਹਨ ਜੋ ਬਗੈਰ ਇਸਦੇ 80 ਦਾ ਅੰਕੜਾ ਪਾਰ ਨਹੀਂ ਕਰ ਸਕਦੇ। ਮਕਸਦ ਸੰਵਿਧਾਨ ਖਤਮ ਕਰਨਾ ਹੈ। ਜੇ ਸੰਵਿਧਾਨ ਖਤਮ ਹੋ ਗਿਆ, ਇਹ ਦੇਸ਼ ਵੀ ਟੁਕੜੇ ਟੁਕੜੇ ਹੋ ਜਾਵੇਗਾ। ਚੋਣਾਂ ਤੋਂ ਦੋ ਮਹੀਨੇ ਪਹਿਲਾਂ ਦੋ ਮੁੱਖ ਮੰਤਰੀ ਜੇਲ੍ਹ ਭੇਜਣੇ, ਵਿਰੋਧੀ ਧਿਰ ਦੇ ਬੈਂਕ ਖਾਤੇ ਬੰਦ ਕਰਨੇ, 2 ਚੋਣ ਕਮਿਸ਼ਨਰ ਮਰਜ਼ੀ ਨਾਲ ਨਿਯੁਕਤ ਕਰਨੇ, ਲੀਡਰਾਂ ਦੀ ਖਰੀਦੋਫਰੋਖਤ ਮੈਚ ਫਿਕਸਿੰਗ ਨਹੀਂ ਤਾਂ ਹੋਰ ਕੀ ਹੈ? ਪਰ ਅਜਿਹਾ ਹੋਣ ਨਹੀਂ ਦਿੱਤਾ ਜਾਵੇਗਾ।

ਭਾਜਪਾ ਤੜੀਪਾਰ: ਸ਼ਿਵ ਸੈਨਾ ਸੁਪਰੀਮੋ ਸਾਬਕਾ ਮੁੱਖ ਮੰਤਰੀ ਊਧਵ ਠਾਕਰੇ ਨੇ ਕਿਹਾ ਕਿ ਭਾਜਪਾ ਐਲਾਨ ਕਰੇ ਕਿ ਈ. ਡੀ., ਸੀ. ਬੀ. ਆਈ., ਆਈ. ਟੀ. ਉਨ੍ਹਾਂ ਦੀਆਂ ਸਹਿਯੋਗੀ ਏਜੰਸੀਆਂ ਹਨ। ਕਿਸਾਨਾਂ ਨੂੰ ਅੱਤਵਾਦੀ ਕਹਿ ਕੇ ਦਿੱਲੀ ਆਉਣੋਂ ਰੋਕਣ ਵਾਲਿਆਂ ਨੂੰ ਮੁੜ ਦਿੱਲੀ ਵੜਨੋਂ ਰੋਕਣ ਲਈ ਉਨ੍ਹਾਂ ਨਾਅਰਾ ਦਿੱਤਾ ‘ਅਬ ਕੀ ਬਾਰ, ਭਾਜਪਾ ਤੜੀਪਾਰ।’

ਪ੍ਰਯੋਗਸ਼ਾਲਾ: ਪੀ. ਡੀ. ਪੀ. ਆਗੂ ਮਹਿਬੂਬਾ ਮੁਫ਼ਤੀ ਸਾਬਕਾ ਮੁੱਖ ਮੰਤਰੀ ਨੇ ਜੰਮੂ-ਕਸ਼ਮੀਰ ਰਾਜ ਨੂੰ ਮੋਦੀ ਸਰਕਾਰ ਦੀ ਪ੍ਰਯੋਗਸ਼ਾਲਾ ਕਿਹਾ। ਪਹਿਲਾਂ ਪ੍ਰਯੋਗ ਉੱਥੇ ਹੁੰਦਾ ਹੈ, ਫਿਰ ਲਾਗੂ ਹੁੰਦਾ ਦੇਸ਼ ਵਿੱਚ। ਅੱਜ ਦੇਸ਼ ਵਿੱਚ ਨਾ ਕੋਈ ਅਪੀਲ, ਨਾ ਦਲੀਲ, ਨਾ ਵਕੀਲ, ਸਿੱਧੇ ਯੂ. ਏ. ਪੀ. ਏ. ਜਾਂ ਐੱਨਐੱਸਏ ਅਧੀਨ ਜੇਲ੍ਹ। ਨੌਜਵਾਨਾਂ ਨੂੰ ਨੌਕਰੀ ਨਹੀਂ ਦਿੱਤੀ ਜਾ ਰਹੀ, ਦੰਗਈ ਬਣਾਇਆ ਜਾ ਰਿਹਾ ਹੇ। ਇਸ ਨੂੰ ਰੋਕਣ ਲਈ ਸਭ ਵਿਰੋਧੀ ਧਿਰਾਂ ਇਕਜੁੱਟ ਹੋਣ। ਸਾਬਕਾ ਮੁੱਖ ਮੰਤਰੀ ਫਾਰੂਕ ਅਬਦੁਲਾ ਅਤੇ ਝਾਰਖੰਡ ਮੁੱਖ ਮੰਤਰੀ ਚਪੇਨ ਸੋਰੇਨ ਨੇ ਵੀ ਏਕਤਾ ’ਤੇ ਜ਼ੋਰ ਦਿੱਤਾ।

ਬੇਇੱਜ਼ਤੀ: ਸਪਾ ਸੁਪਰੀਮੋ ਅਖਿਲੇਸ਼ ਯਾਦਵ ਨੇ ਕੇਜਰੀਵਾਲ ਅਤੇ ਹੇਮੰਤ ਸੋਰੇਨ ਦੀ ਗ੍ਰਿਫਤਰੀ, ਬੈਂਕ ਖਾਤੇ ਬੰਦੀ ਨੂੰ ਲੈ ਕੇ ਵਿਦੇਸ਼ਾਂ ਵਿੱਚ ਮੋਦੀ ਸਰਕਾਰ ਨੇ ਭਾਰਤ ਦੀ ਥੂ ਥੂ ਕਰਾਈ ਹੈ। ਉਨ੍ਹਾਂ ਭਾਜਪਾ ਨੂੰ ਬ੍ਰਹਿਮੰਡ ਦੀ ਸਭ ਤੋਂ ਝੂਠੀ ਪਾਰਟੀ ਕਰਾਰ ਦਿੱਤਾ। ਉਨ੍ਹਾਂ ਦਾ ਮੰਨਣਾ ਹੈ ਕਿ ਇਹ ਪਾਰਟੀ 400 ਪਾਰ ਨਹੀਂ, 400 ਸੀਟਾਂ ’ਤੇ ਹਾਰ ਰਹੀ ਹੈ।

ਬਾਪ ਦੀ ਜਗੀਰ ਨਹੀਂ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਹਮਲਾਵਰ ਸ਼ੈਲੀ ਨਾਲ ਮੈਗਾ ਰੈਲੀ ਵਿੱਚ ਗਰਜਦੇ ਕਿਹਾ ਕਿ ਇਹ ਦੇਸ਼ ਕਿਸੇ ਦੇ ਬਾਪ ਦੀ ਜਗੀਰ ਨਹੀਂ। ਇਹ 140 ਕਰੋੜ ਭਾਰਤੀਆਂ ਦਾ ਦੇਸ਼ ਹੈ। ਵਿਰੋਧੀ ਨੇਤਾਵਾਂ ਨੂੰ ਜੇਲ੍ਹੀਂ ਡੱਕਣ, ਬੈਂਕ ਖਾਤੇ ਬੰਦ ਕਰਨ ਨਾਲ ਚੋਣਾਂ ਨਹੀਂ ਜਿੱਤੀਆਂ ਜਾ ਸਕਦੀਆਂ। ਅਰਵਿੰਦ ਕੇਜਰੀਵਾਲ ਇੱਕ ਵਿਅਕਤੀ ਨਹੀਂ, ਇੱਕ ਸੋਚ ਹੈ, ਜੋ ਕਿਸੇ ਦੀ ਪਕੜ ਵਿੱਚ ਆਉਣ ਵਾਲੀ ਨਹੀਂ।

ਅਣਐਲਾਨੀ ਐਮਰਜੈਂਸੀ: ਆਰ. ਜੇ. ਡੀ. ਆਗੂ ਤੇਜਸਵੀ ਯਾਦਵ ਅਤੇ ਡੀ. ਐੱਮ. ਕੇ. ਮੋਦੀ ਸਰਕਾਰ ਵੱਲੋਂ ਅਣਐਲਾਨੀ ਐਮਰਜੈਂਸੀ ਦਾ ਜ਼ਿਕਰ ਕੀਤਾ। ਉਨ੍ਹਾਂ ਦੇਸ਼ ਦੇ ਵੱਡੇ ਦੁਸ਼ਮਣ ਬੇਰੋਜ਼ਗਾਰੀ, ਮਹਿੰਗਾਈ, ਗੁਰਬਤ ਦੱਸਿਆ। ਮੋਦੀ ਸਰਕਾਰ ਉੱਤੇ ਪਬਲਿਕ ਅਦਾਰਿਆਂ ਦੇ ਨਿੱਜੀਕਰਨ ਦਾ ਦੋਸ਼ ਲਗਾਇਆ। ਲੋਕ ਸਭਾ ਵਿੱਚ ਭਾਜਪਾ ਨੂੰ ਵੋਟ ਦੀ ਚੋਣ ਦੇ ਕੇ ਲੋਕਤੰਤਰ ਬਚਾਉਣ ’ਤੇ ਜ਼ੋਰ ਦਿੱਤਾ।

ਆਜ਼ਾਦੀ ਜਾਂ ਗੁਲਾਮੀ: ਸੀਤਾ ਰਾਮ ਯੇਚੁਰੀ ਨੇ ਬੇਬਾਕੀ ਨਾਲ ਕਿਹਾ ਕਿ 47 ਸਾਲ ਪਹਿਲਾਂ (1977) ਜੈ ਪ੍ਰਕਾਸ਼ ਨਰਾਇਣ ਨੇ ਨਾਅਰਾ ਦਿੱਤਾ ਸੀ ਆਜ਼ਾਦੀ ਜਾਂ ਗੁਲਾਮੀ - 1977 ਦੀਆਂ ਚੋਣਾਂ ਵੇਲੇ ਐਮਰਜੈਂਸੀ ਦੇ ਕਾਲੇ ਦੌਰ ਬਾਅਦ। ਅੱਜ ਵੀ ਉਹੀ ਹਾਲਾਤ ਹਨ। ਉਦੋਂ ਲੋਕਾਂ ਆਜ਼ਾਦੀ ਦਾ ਰਾਹ ਚੁਣਿਆ। ਅੱਜ ਮੋਦੀ ਤੋਂ ਮੁਕਤੀ ਦਾ ਵੇਲਾ ਹੈ। ਸ਼ਰਦ ਪਵਾਰ ਦਾ ਕਹਿਣਾ ਹੈ ਕਿ ਅਜੋਕੇ ਲੋਕਤੰਤਰ ਅਤੇ ਸੰਵਿਧਾਨ ਦੇ ਹਮਲੇ ਤੋਂ ਦੇਸ਼ ਨੂੰ ਬਚਾਉਣਾ ਸਾਡੀ ਜ਼ਿੰਮੇਵਾਰੀ ਹੈ।

ਵਿਭਿੰਨਤਾ ਵਿੱਚ ਏਕਤਾ: ਕਾਂਗਰਸ ਪ੍ਰਧਾਨ ਮਲਿਕ ਅਰਜੁਨ ਖੜਗੇ ਨੇ ਮੈਗਾ ਰੈਲੀ ਦਾ ਉਦੇਸ਼ ਇਸ ਦੇਸ਼ ਦੀ ਵਿਭਿੰਨਤਾ ਨੂੰ ਲੋਕਤੰਤਰ ਦੀ ਰਾਖੀ ਲਈ ਇੱਕ ਲੜੀ ਵਿੱਚ ਪ੍ਰੋਣਾ ਹੈ। ਆਰ. ਐੱਸ. ਐੱਸ. ਦੇ ਫਿਰਕੂ ਜ਼ਹਿਰ ਤੋਂ ਬਚਣਾ ਹੈ। ਉਨ੍ਹਾਂ ਭਾਰਤਵਾਸੀਆਂ ਨੂੰ ਸੱਦਾ ਦਿੱਤਾ ‘ਇਹ ਵਕਤ, ਵਕਤ ਨਹੀਂ ਮੁਕੱਦਮਾ ਹੈ। ਯਾ ਗਵਾਹੀ ਦੇ ਦੋ, ਯਾ ਗੁੰਗੇ ਹੋ ਜਾਉ ਹਮੇਸ਼ਾ ਕੇ ਲੀਏ।’

ਹਿੰਮਤ: ਇਸ ਰੈਲੀ ਦਾ ਸਭ ਤੋਂ ਵੱਡਾ ਰਾਜਨੀਤਕ ਪ੍ਰਭਾਵ ਇਹ ਨਜ਼ਰ ਆਇਆ ਕਿ ਕੇਜਰੀਵਾਲ ਦੀ ਗ੍ਰਿਫਤਾਰੀ ਨੇ ਇੰਡੀਆ ਗਠਜੋੜ ਵਿੱਚ ਇੱਕ ਅਜਿਹੀ ਹਿੰਮਤ ਫੂਕੀ ਹੈ ਕਿ ਉਹ ਭਾਜਪਾ ਦੇ ਵੱਡੇ ਸਾਧਨਾਂ, ਧੰਨ ਅਤੇ ਮੋਦੀ ਦੀ ਚੋਣ ਯੋਜਨਾਬੰਦੀ ਸਾਹਮਣੇ ਡਟ ਗਿਆ ਹੈ। ਚੋਣ ਦੰਗਲ ਵਿੱਚ ਜ਼ਬਰਦਸਤ ਮੁਕਾਬਲੇਬਾਜ਼ੀ ਪੈਦਾ ਕਰ ਦਿੱਤੀ ਹੈ। ਮੇਰਠ ਰੈਲੀ ਵਿੱਚ ਭ੍ਰਿਸ਼ਟਾਚਾਰ ਖਾਤਮੇ ਲਈ ਸ਼੍ਰੀ ਮੋਦੀ ਵੱਲੋਂ ਦਿੱਤੀ ਗਾਰੰਟੀ ਅਤੇ ਫੈਮਲੀ ਫਸਟ ਦੇ ਮੁੱਦੇ ਵਿੱਚ ਉਹ ਖੁਦ ਘਿਰਦੇ ਨਜ਼ਰ ਆ ਰਹੇ ਹਨ।

ਐਮਰਜੈਂਸੀ ਵੇਲੇ ਕਵੀ ਰਾਹਤ ਇੰਦੌਰੀ ਨੇ ਇੱਕ ਦਫਾ ਇੱਕ ਮੁਸ਼ਾਇਰੇ ਵਿੱਚ ਕਹਿ ਦਿੱਤਾ ਸੀ- ‘ਸਰਕਾਰ ਚੋਰ ਹੈ’ (ਅਜਿਹਾ ਅਚਾਰੀਆ ਰਜਨੀਸ਼ ਵੀ ਕਹਿੰਦੇ ਸਨ) ਅਗਲੇ ਦਿਨ ਪੁਲਿਸ ਸਟੇਸ਼ਨ ਬੁਲਾ ਲਿਆ। ੳਸ ਨੂੰ ਪੁੱਛਿਆ ਗਿਆ ਤਾਂ ਜਵਾਬ ਸੀ - ਹਾਂ ਕਿਹਾ ਹੈ, ਪਰ ਇਹ ਥੋੜ੍ਹਾ ਕਿਹਾ ਕਿ ਹਿੰਦੁਸਤਾਨ ਦੀ ਸਰਕਾਰ ਚੋਰ ਹੈ ਜਾਂ ਪਾਕਿਸਤਾਨ ਜਾਂ ਅਮਰੀਕਾ ਜਾਂ ਬ੍ਰਿਟੇਨ ਦੀ। ਥਾਣੇਦਾਰ ਹੱਸਦੇ ਬੋਲਿਆ, ਤੂੰ ਸਾਨੂੰ ਬੇਵਕੂਫ ਸਮਝਦਾ ਹੈਂ, ਸਾਨੂੰ ਪਤਾ ਨਹੀਂ ਪਤਾ ਕਿ ਕਿੱਥੋਂ ਦੀ ਸਰਕਾਰ ਚੋਰ ਹੈ।” ਸੋ ਇਹ ਜਨਤਾ ਹੈ, ਇਹ ਸਭ ਜਾਨਤੀ ਹੈ - ਕੌਣ ਚੋਰ, ਕੌਣ ਭ੍ਰਿਸ਼ਟਾਚਾਰੀ, ਕੌਣ ਤਾਨਾਸ਼ਾਹ, ਕੌਣ ਪਰਿਵਾਰਵਾਦੀ, ਕੌਣ ਫੌਜੀ ਕਾਰਵਾਈਬਾਜ਼, ਕੌਣ ਕਤਲ-ਏ-ਆਮਬਾਜ਼ ਹੈ

*  *  *  *  *

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(4869)
(ਸਰੋਕਾਰ ਨਾਲ ਸੰਪਰਕ ਲਈ: (This email address is being protected from spambots. You need JavaScript enabled to view it.)

About the Author

ਦਰਬਾਰਾ ਸਿੰਘ ਕਾਹਲੋਂ

ਦਰਬਾਰਾ ਸਿੰਘ ਕਾਹਲੋਂ

Kingston, Ontario, Canada.
(Retd. Punjab State Information Commissioner)
Phone: (Canada 1 - 289 - 829 - 2929)

Email: (kahlondarbarasingh@gmail.com)

More articles from this author