“ਚੰਡੀਗੜ੍ਹ ਮੇਅਰ ਦੀ ਚੋਣ ਸਮੇਂ ਡਾਕਾ, ਹਿਮਾਚਲ ਪ੍ਰਦੇਸ਼ ਅਤੇ ਉੱਤਰ ਪ੍ਰਦੇਸ਼ ਅੰਦਰ ਰਾਜ ਸਭਾ ਚੋਣ ਵੇਲੇ ਕਾਂਗਰਸ ਅਤੇ ...”
(2 ਮਾਰਚ 2024)
ਇਸ ਸਮੇਂ ਪਾਠਕ: 575.
ਭਾਰਤ ਅੰਦਰ ਜਿਉਂ ਜਿਉਂ ਲੋਕ ਸਭਾ ਚੋਣਾਂ ਨੇੜੇ ਢੁੱਕ ਰਹੀਆਂ ਹਨ, ਰਾਜਨੀਤਕ ਸਮੀਕਰਨ ਤੇਜ਼ੀ ਨਾਲ ਸਨਸਨੀਖੇਜ਼ ਤੌਰ ’ਤੇ ਕਰਵਟਾਂ ਲੈਂਦੇ ਨਜ਼ਰ ਆ ਰਹੇ ਹਨ। ਇਸ ਦੇਸ਼ ਅੰਦਰ ਜਿਵੇਂ ਮਨਮਾਨੇ ਢੰਗ ਨਾਲ ਕੇਂਦਰ ਅਤੇ ਰਾਜਾਂ ਅੰਦਰ ਸੱਤਾ ’ਤੇ ਕਾਬਜ਼ ਲੋਕਾਂ ਬਹੁਗਿਣਤੀ, ਤਾਕਤਵਰ ਰਾਜਕੀ ਸੰਸਥਾਵਾਂ, ਰਾਜਕੀ ਸ਼ਕਤੀ ਬਲਬੂਤੇ ਕਾਨੂੰਨਾਂ ਦੀ ਕੁਵਰਤੋਂ ਰਾਹੀਂ ਲੋਕਤੰਤਰ ਦੇ ਨਕਾਬ ਹੇਠ ਘੱਟ ਗਿਣਤੀਆਂ, ਵੱਖ ਵੱਖ ਵਰਗਾਂ, ਦੱਬੇ ਕੁਚਲੇ ਲੋਕਾਂ, ਵਿਸ਼ੇਸ਼ ਵਿਅਕਤੀਆਂ, ਪ੍ਰਿੰਟ ,ਇਲੈਕਟ੍ਰਾਨਿਕ ਅਤੇ ਸੋਸ਼ਲ ਮੀਡੀਆ ਨੂੰ ਵਹਿਸ਼ੀਪੁਣੇ ਰਾਹੀਂ ਦਬਾਉਣ ਦਾ ਯਤਨ ਕੀਤਾ ਹੈ, ਉਸ ਦੇ ਨਤੀਜੇ ਨਿਕਲਣੇ ਸ਼ੁਰੂ ਹੋ ਗਏ ਹਨ।
ਇਹ ਸਹੀ ਹੈ ਕਿ ਸੱਤਾ ਮਨੁੱਖ ਨੂੰ ਸਰੀਰਕ, ਮਾਨਸਿਕ ਅਤੇ ਬੌਧਿਕ ਤੌਰ ’ਤੇ ਭ੍ਰਿਸ਼ਟ ਕਰ ਦਿੰਦੀ ਹੈ ਅਤੇ ਅਸੀਮਤ ਸੱਤਾ, ਅਸੀਮਤ ਤੌਰ ’ਤੇ ਭ੍ਰਿਸ਼ਟ ਕਰ ਦਿੰਦੀ ਹੈ। ਪਰ ਭਾਰਤੀ ਲੋਕਾਂ ਦਾ ਵੀ ਇਹ ਸੁਭਾਅ ਹੈ ਕਿ ਉਹ ਐਸੇ ਸ਼ਾਸਕ ਨੂੰ ਕਦੇ ਬਰਦਾਸ਼ਤ ਨਹੀਂ ਕਰਦੇ। ਇਸ ਲਈ ਸਮਾਂ ਕਈ ਵਾਰ ਘੱਟ ਵੱਧ ਲੱਗ ਸਕਦਾ ਹੈ। ਬਸਤੀਵਾਦੀ, ਵਹਿਸ਼ੀ, ਕਰੂਰ ਅੰਗਰੇਜ਼ ਸ਼ਾਸਕ ਨੂੰ ਐਸਾ ਬਾਹਰ ਵਗਾਹ ਮਾਰਿਆ ਕਿ ਉਸ ਦੀ ਸੂਰਜ ਅਸਤ ਨਾ ਹੋਣ ਵਾਲੀ ਸ਼ਕਤੀ ਵੀ ਨਾਲ ਹੀ ਨੇਸਤੇ ਨਾਬੂਦ ਹੋ ਗਈ। ਲੋਕਤੰਤਰ ਭਾਰਤ ਨੂੰ ‘ਇੰਡੀਆ ਇਜ਼ ਇੰਦਰਾ, ਇੰਦਰਾ ਇਜ਼ ਇੰਡੀਆ’ ਕਹਾਉਣ ਵਾਲੀ ਤਾਨਾਸ਼ਾਹ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ ਜਦੋਂ ਐਮਰਜੈਂਸੀ ਦੇ ਸੰਗਲਾਂ ਨਾਲ ਸੰਨ 1975 ਵਿੱਚ ਨੂੜਨਾ ਚਾਹਿਆ ਤਾਂ ਸੰਨ 1977 ਦੀਆਂ ਲੋਕ ਸਭਾ ਚੋਣਾਂ ਵਿੱਚ ਭਾਰਤੀ ਲੋਕਾਂ ਨੇ ਸੱਤਾ ਵਿੱਚੋਂ ਵਗਾਹ ਬਾਹਰ ਮਾਰਿਆ। ਅਜੋਕੇ ਸ਼ਾਸਕਾਂ ਨੂੰ ਐਸੇ ਸਬਕ ਸਿੱਖਣੇ ਚਾਹੀਦੇ ਸਨ। ਲੇਕਿਨ ਕੀ ਕੀਤਾ ਜਾਵੇ, ਅਸੀਮ ਸੱਤਾ ਸ਼ਕਤੀ, ਅਸੀਮਤ ਤੌਰ ’ਤੇ ਸੱਤਾਧਾਰੀਆਂ ਨੂੰ ਪ੍ਰਭਾਵਿਤ ਕਰਨੋਂ ਬਾਜ਼ ਨਹੀਂ ਆਉਂਦੀ। ਇਹ ਇਸਦਾ ਸੁਭਾਅ ਹੈ।
ਦਾਅਵਾ:
ਪਿਛਲੇ 10 ਸਾਲ ਤੋਂ ਭਾਰਤੀ ਸੱਤਾ ’ਤੇ ਕਾਬਜ਼ ਭਾਜਪਾ ਦੀ ਅਗਵਾਈ ਵਾਲੀ ਨਰੇਂਦਰ ਮੋਦੀ ਦੀ ਐੱਨ. ਡੀ. ਏ. ਸਰਕਾਰ ਆਪਣੇ ਆਪ ਨੂੰ ਇੰਨਾ ਤਾਕਤਵਰ ਸਮਝਦੀ ਹੈ ਕਿ ਆਗਾਮੀ ਚੋਣਾਂ ਵਿੱਚ 543 ਮੈਂਬਰੀ ਲੋਕ ਸਭਾ ਵਿੱਚ 405 ਸੀਟਾਂ ਜਿੱਤਣ ਦਾ ਦਾਅਵਾ ਠੋਕ ਰਹੀ ਹੈ। ਵਿਸ਼ਵ ਦੀ ਸਭ ਤੋਂ ਵੱਡੀ ਸੰਗਠਿਤ ਰਾਜਨੀਤਕ ਪਾਰਟੀ ਭਾਜਪਾ, ਮਾਂ ਸੰਗਠਨ ਆਰ ਐੱਸ ਐੱਸ ਅਤੇ ਭਰਾਤਰੀ ਭਗਵਾ ਬ੍ਰਿਗੇਡ ਬਲਬੂਤੇ ਪ੍ਰਧਾਨ ਮੰਤਰੀ ਭਾਜਪਾ ਦੁਆਰਾ 370 ਸੀਟਾਂ ਜਿੱਤਣ ਦਾ ਦਾਅਵਾ ਠੋਕ ਰਹੇ ਹਨ।
ਫਰਕ:
ਪੂਰੇ ਵਿਸ਼ਵ ਅੰਦਰ ਕਰੋਨੀ ਕਾਰਪੋਰੇਟਰਾਂ ਦੇ ਰਾਜਨੀਤੀ ’ਤੇ ਕਾਬਜ਼ ਹੋਣ ਕਰਕੇ ਸਭ ਤੋਂ ਵੱਧ ਕਿਸਾਨੀ ਉਪਜਾਂ ਅਤੇ ਜ਼ਮੀਨਾਂ ਪ੍ਰਭਾਵਿਤ ਹੋਣ ਕਰਕੇ ਫੈਲੀ ਮੰਦਹਾਲੀ ਨੇ ਕਿਸਾਨੀ ਅੰਦੋਲਨ ਨੂੰ ਜਨਮ ਦਿੱਤਾ ਹੈ। ਪੱਛਮੀ ਲੋਕਤੰਤਰੀ ਦੇਸ਼ਾਂ, ਯੂਰਪੀਨ ਯੂਨੀਅਨ ਅਤੇ ਯੂਰਪ ਦੇ 28 ਦੇ ਕਰੀਬ ਦੇਸ਼ਾਂ ਨੇ ਟਰੈਕਟਰਾਂ ਨਾਲ ਘੇਰੀ ਬੈਠੇ ਰਾਜਧਾਨੀਆਂ, ਵੱਡੇ ਵੱਡੇ ਸ਼ਹਿਰਾਂ, ਸਰਹੱਦਾਂ, ਹੈੱਡਕੁਆਰਟਰਾਂ ਸਬੰਧਿਤ ਕਿਸਾਨਾਂ ਨੂੰ ਵਹਿਸ਼ੀ, ਬਰਬਰਤਾਪੂਰਵਕ ਰਾਜਕੀ ਸ਼ਕਤੀ ਨਾਲ ਕੁਚਲਣ ਦੀ ਬਜਾਇ ਵੱਡੇ ਵੱਡੇ ਆਰਥਿਕ ਪੈਕੇਜਾਂ ਨਾਲ ਨਜਿੱਠਿਆ ਜਾ ਰਿਹਾ ਹੈ। ਮਿਸਾਲ ਵਜੋਂ ਫਰਾਂਸ ਦੀ ਸਰਕਾਰ ਨੇ 400 ਮਿਲੀਅਨ ਯੂਰੋ ਪੈਕੇਜ, 200 ਮਿਲੀਅਨ ਯੂਰੋ ਨਕਦ ਦੇਣ, ਇੰਗਲੈਂਡ ਦੀ ਰਿਸ਼ੀ ਸੂਨਕ ਕਜ਼ਰਵੇਟਿਵ ਸਰਕਾਰ ਵੱਲੋਂ 427 ਮਿਲੀਅਨ ਪੌਂਡ ਦਾ ਹੁਣ ਤਕ ਦਾ ਸਭ ਤੋਂ ਵੱਡਾ ਪੈਕੇਜ ਦੇਣ ਦਾ ਐਲਾਨ ਅਮਰੀਕਾ ਆਪਣੇ ਕਿਸਾਨ ਨੂੰ ਸਲਾਨਾ 40000 ਡਾਲਰ ਸਬਸਿਡੀ ਦਿੰਦੀ ਹੈ ਜਦੋਂ ਕਿ ਭਾਰਤ ਸਿਰਫ 300 ਡਾਲਰ।
ਦੂਜੇ ਪਾਸੇ ਭਾਰਤ ਅੰਦਰ ਕਿਸਾਨੀ ਅੰਦੋਲਨ ਨੂੰ ਰਾਜਕੀ ਸ਼ਕਤੀ, ਬਹੁਪਰਤੀ ਬੈਰੀਕੇਡਾਂ, ਨੁਕੀਲੇ ਕਿਲਾੱ, ਕੰਕ੍ਰੀਟ ਦੀਆਂ ਕੰਧਾਂ, ਜ਼ਮੀਨਦੋਜ਼ ਖਾਈਆਂ, ਕੰਡਿਆਲੀਆਂ ਤਾਰਾਂ ਦੀ ਵਾੜ, ਅੱਥਰੂ ਗੈਸ, ਪੈਲੇਟ ਅਤੇ ਰਬੜ ਬੁਲਿਟਾਂ, ਵਾਟਰ ਕੈਨਨਾਂ, ਬੰਦੂਕਾਂ, ਡਾਂਗਾਂ, ਬੁਲਿਟ ਪਰੂਫ ਵਾਹਨਾਂ, ਡਰੋਨਾਂ ਨਾਲ ਲੈਸ ਪੁਲਿਸ ਅਤੇ ਅਰਧ ਫੌਜੀ ਦਲਾਂ ਦੀਆਂ ਭਾਰੀ ਭਰਕਮ ਟੁਕੜੀਆਂ ਨਾਲ ਦਰੜਿਆ ਜਾਂਦਾ ਹੈ। ਕਿਸਾਨੀ ਨਾਲ ਕੀਤੇ ਵਾਅਦਿਆਂ ਤੋਂ ਕਰੋਨੀ ਕਾਰਪੋਰੇਟਰਾਂ ਦੇ ਦਬਾਅ ਹੇਠ ਮੁੱਕਰਿਆ ਜਾਂਦਾ ਹੈ। ਜਿਸ ਵਿਸ਼ਵ ਦੀ ਸਭ ਤੋਂ ਵੱਡੀ ਸੰਗਠਿਤ ਰਾਜਨੀਤਕ ਪਾਰਟੀ ਭਾਜਪਾ ਦੀ ਤਾਕਤ ਬਲਬੂਤੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ 370 ਸੀਟਾਂ ਦਾ ਦਾਅਵਾ ਠੋਕ ਰਹੇ ਹਨ, ਵਿਸ਼ਵ ਦੀ ਸਭ ਤੋਂ ਵੱਡੀ ਸੰਗਠਿਤ ਕਿਸਾਨ ਮਜ਼ਦੂਰ ਜਥੇਬੰਦੀ ਨਾਲ ਟਕਰਾਅ ਕਰਕੇ ਉਹ ਸੁਪਨਾ ਟੁੱਟ ਰਿਹਾ ਹੈ। ਰਾਜਨੀਤਕ ਵਿਸ਼ਲੇਸ਼ਕ ਅਤੇ ਪੰਡਤ ਤਰਕਸ਼ੀਲ ਅੰਦਾਜ਼ੇ ਪ੍ਰਸਤੁਤ ਕਰ ਰਹੇ ਹਨ ਕਿ ਸ਼ਾਇਦ ਇਸ ਵਾਰ ਐੱਨ. ਡੀ. ਏ. 250 ਸੀਟਾਂ ਤੋਂ ਅੱਗੇ ਨਾ ਵਧ ਸਕੇ।
ਭਾਰਤ ਕੋਈ ਚੀਨ ਨਹੀਂ ਜਿੱਥੇ ਬੀਜਿੰਗ ਤਿਆਨਾਨਮੈਨ ਚੌਂਕ ਵਿੱਚ ਸੰਨ 1989 ਵਿੱਚ ਬੀ. ਬੀ. ਸੀ. ਮੁਤਾਬਿਕ ਅੰਦੋਲਨ ਕਰ ਰਹੇ 10 ਹਜ਼ਾਰ ਦੇ ਕਰੀਬ ਵਿਦਿਆਰਥੀ ਗੋਲੀਆਂ ਨਾਲ ਭੁੰਨ ਦਿੱਤੇ ਜਾਣ ’ਤੇ ਕੋਈ ਉਫ਼ ਵੀ ਨਾ ਕਰੇ। ਹਰਿਆਣਾ ਦੀ ਸਰਹੱਦ ’ਤੇ ਜਿਵੇਂ ਸੰਭੂ ਅਤੇ ਖਨੌਰੀ ਸਰਹੱਦ ’ਤੇ ਕਿਸਾਨਾਂ ਨੂੰ ਆਪਣੀਆਂ ਹੱਕੀ ਮੰਗਾਂ ਮਨਵਾਉਣ ਲਈ, ਜਿਨ੍ਹਾਂ ਦਾ ਮੋਦੀ ਸਰਕਾਰ ਨੇ ਸੰਨ 2020-21 ਦੇ ਦਿੱਲੀ ਸਰਹੱਦ ਸਿੰਘੂ ਅਤੇ ਟਿੱਕਰੀ 16 ਮਹੀਨੇ ਦੇ ਲੰਬੇ ਇਤਿਹਾਸਕ ਅੰਦੋਲਨ ਕਰਕੇ ਤਿੰਨ ਖੇਤੀ ਕਾਲੇ ਕਾਨੂੰਨ ਵਾਪਸ ਲੈਣ ਸਮੇਂ ਵਾਅਦਾ ਕੀਤਾ ਸੀ, ਬਹੁਪਰਤੀ ਬੈਰੀਕੇਡਾਂ, ਅੱਥਰੂ ਗੋਲਿਆਂ, ਪੈਲਟ ਅਤੇ ਰਬੜ ਬੁਲੇਟਾਂ, ਟਰੈਕਟਰਾਂ ਅਤੇ ਹੋਰ ਵਾਹਨਾਂ ਦੀ ਭੰਨ ਤੋੜ, ਕੁਝ ਨੌਜਵਾਨਾਂ ਨੂੰ ਅਗਵਾ ਕਰਨਾ, ਪ੍ਰਿਤਪਾਲ ਸਿੰਘ ਦੀਆਂ ਲੱਤਾਂ-ਬਾਹਾਂ ਤੋੜਨਾ, ਸ਼ੁਭਕਰਨ ਸਿੰਘ ਨੂੰ ਗੋਲੀ ਦਾ ਸ਼ਿਕਾਰ ਬਣਾਉਣ, ਸੈਂਕੜੇ ਕਿਸਾਨ ਜ਼ਖ਼ਮੀ ਕਰਨ ਨਾਲ ਹਰਿਆਣੇ ਦੇ ਗ੍ਰਹਿ ਮੰਤਰੀ ਅਨਿਲ ਵਿੱਜ, ਮੁੱਖ ਮੰਤਰੀ ਮਨੋਹਰ ਲਾਲ ਖੱਟਰ ਅਤੇ ਕੇਂਦਰੀ ਆਕਾਵਾਂ ਦਾ ਹਿਟਲਰਾਨਾ ਚਿਹਰਾ ਬੇਨਕਾਬ ਹੋ ਗਿਆ। ਜਿਵੇਂ ਹਰਿਆਣਾ ਭਾਜਪਾ ਸ਼ਾਸਕਾਂ ਅਤੇ ਰਾਜ ਨੇ ਪ੍ਰਿਤਪਾਲ ਸਿੰਘ ਨਾਲ ਅਪਰਾਧਿਕ ਵਿਵਹਾਰ ਕੀਤਾ, ਇੰਝ ਤਾਂ 2019 ਵਿੱਚ ਪਾਕਿਸਤਾਨ ਸ਼ਾਸਕਾਂ, ਰਾਜ ਅਤੇ ਫੌਜ ਨੇ ਉਨ੍ਹਾਂ ਵੱਲੋਂ ਪਕੜੇ ਗਏ ਭਾਰਤੀ ਏਅਰ ਫੋਰਸ ਦੇ ਗਰੁੱਪ ਕੈਪਟਨ ਅਭਿਨੰਦਨ ਵਰਥਮਨ ਨਾਲ ਨਹੀਂ ਕੀਤਾ ਸੀ।
ਅਪਰਾਧਿਕ ਵਿਵਹਾਰ:
ਰਾਮ ਲੱਲਾ ਪ੍ਰਾਣ ਪ੍ਰਤਿਸ਼ਠਤਾ ਬਾਅਦ ਭਾਰਤ ਅੰਦਰ ਰਾਮ ਰਾਜ ਦਾ ਇਹ ਚਿਹਰਾ ਮੁਹਰਾ ਵਿਖਾਇਆ ਗਿਆ ਹੈ, ਜਿਸ ਵਿੱਚ ਅੰਨਦਾਤਾ ਕਿਸਾਨ ਨਾਲ ਅਪਰਾਧੀਆਂ, ਦੇਸ਼ ਧ੍ਰੋਹੀਆਂ, ਦੇਸ਼ ਵਿਰੋਧੀਆਂ ਜਿਹਾ ਵਰਤਾਉ ਕੀਤਾ ਜਾ ਰਿਹਾ ਹੈ। ਇਸ ਵਿਵਹਾਰ ਵਿਰੁੱਧ ਟੁਣਕਾਰ ਕੇ ਭਾਰਤ ਰਤਨ ਸਨਮਾਨ ਨਾਲ ਨਿਵਾਜੇ ਖੇਤੀ ਵਿਗਿਆਨੀ ਐੱਮ. ਐੱਸ. ਸਵਾਮੀਨਾਥਨ ਦੀ ਪੁੱਤਰੀ ਮਧੁਰਾ ਸਵਾਮੀਨਾਥਨ ਨੇ ਇਸ ਸੰਕਟ ਸਮੇਂ ਕਿਹਾ ਕਿ ਅੰਦੋਲਨਕਾਰੀ ਕਿਸਾਨ ਅੰਨਦਾਤਾ ਹੈ, ਉਸ ਨਾਲ ਅਪਰਾਧੀਆਂ ਜੈਸਾ ਵਿਵਹਾਰ ਨਹੀਂ ਕੀਤਾ ਜਾ ਸਕਦਾ। ਹਰਿਆਣਾ ਵਿਖੇ ਉਨ੍ਹਾਂ ਲਈ ਵਿਸ਼ੇਸ਼ ਜੇਲ੍ਹਾਂ ਤਿਆਰ ਕਰਨ, ‘ਦਿੱਲੀ ਚੱਲੋ’ ਅੰਦੋਲਨ ਵਿਰੁੱਧ ਜਿਵੇਂ ਬਹੁਪਰਤੀ ਬੈਰੀਕੇਡ ਖੜ੍ਹੇ ਕੀਤੇ, ਪ੍ਰਤੀ ਚਿੰਤਾ ਦਾ ਇਜ਼ਹਾਰ ਕੀਤਾ, ਉਨ੍ਹਾਂ ਸਾਫ ਕਿਹਾ, “ਜੇ ਤੁਸੀਂ ਐੱਮ. ਐੱਸ ਸਵਾਮੀਨਾਥਨ ਨੂੰ ਸਨਮਾਨ ਦੇਣਾ ਜਾਰੀ ਰੱਖਣਾ ਚਾਹੁੰਦੇ ਹੋ ਤਾਂ ਭਵਿੱਖ ਵਿੱਚ ਅਸੀਂ ਜੋ ਵੀ ਨੀਤੀਆਂ ਘੜ ਰਹੇ ਹਾਂ, ਉਨ੍ਹਾਂ ਵਿੱਚ ਕਿਸਾਨਾਂ ਨੂੰ ਨਾਲ ਲੈ ਕੇ ਚੱਲਣਾ ਪਵੇਗਾ।”
ਮੋਦੀ ਦਾ ਪਿਛੋਕੜ:
ਸੰਨ 2011 ਵਿੱਚ ਗੁਜਰਾਤ ਦੇ ਮੁੱਖ ਮੰਤਰੀ ਹੁੰਦੇ ਨਰੇਂਦਰ ਮੋਦੀ ਕਿਸਾਨਾਂ ਲਈ ਡਾ. ਸਵਾਮੀਨਾਥਨ ਰਿਪੋਰਟ ਅਨੁਸਾਰ ਐੱਮ. ਐੱਸ. ਪੀ. ਦੇ ਵੱਡੇ ਸਮਰਥਕ ਸਨ। ਸੰਨ 2014 ਦੀਆਂ ਲੋਕ ਸਭਾ ਚੋਣਾਂ ਸਮੇਂ ਭਾਜਪਾ ਮੈਨੀਫੈਸਟੋ ਅਨੁਸਾਰ ਉਨ੍ਹਾਂ ਕਿਸਾਨਾਂ ਦੀ ਇਸ ਮੰਗ ਨੂੰ ਹੋਰ ਮੰਗਾਂ ਸਮੇਤ ਸੱਤਾ ਪ੍ਰਾਪਤੀ ਬਾਅਦ ਲਾਗੂ ਕਰਨ ਦਾ ਵਾਅਦਾ ਕੀਤਾ ਸੀ। ਸੰਨ 2022 ਤਕ ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਦਾ ਵਾਅਦਾ ਵੀ ਉਨ੍ਹਾਂ ਕੀਤਾ ਸੀ। ਕਰਜ਼ ਮੁਆਫੀ ਦਾ ਜੁਮਲਾ ਵੀ ਪੜ੍ਹਿਆ ਸੀ। 82 ਕਰੋੜ ਲੋਕਾਂ ਨੂੰ ਅਗਲੇ 5 ਸਾਲ ਮੁਫਤ ਅਨਾਜ ਦੇਣ ਦਾ ਜੋ ਮੋਦੀ ਸਰਕਾਰ ਨੇ ਐਲਾਨ ਕੀਤਾ ਹੈ, ਕੀ ਕਿਸਾਨ ਵੱਲੋਂ ਪੈਦਾਵਾਰ ਬਗੈਰ ਸੰਭਵ ਹੋ ਸਕਦਾ ਹੈ?
ਖਾਲਿਸਤਾਨੀ:
ਮਰਹੂਮ ਰਾਜੀਵ ਗਾਂਧੀ ਨੇ 31 ਅਕਤੂਬਰ, 1984 ਨੂੰ ਇੰਦਰਾ ਗਾਂਧੀ ਦੀ ਮੌਤ ਬਾਅਦ ਦਿੱਲੀ, ਕਾਨਪੁਰ, ਬਕਾਰੋ, ਚਿੱਲੜ ਆਦਿ ਅਨੇਕ ਥਾਈਂ ਰਾਜਕੀ ਸ਼ਕਤੀ ਦੇ ਦੁਰਉਪਯੋਗ ਰਾਹੀਂ ਸਿੱਖ ਕਤਲਏਆਮ ਬਾਅਦ ਦਸੰਬਰ, 1984 ਲੋਕ ਸਭਾ ਚੋਣਾਂ ਵੇਲੇ ਦੱਖਣੀ ਅਤੇ ਮੱਧ ਭਾਰਤ ਵਿੱਚ ‘ਖਾਲਿਸਤਾਨ’ ਵੱਖਰੇ ਰਾਜ ਦੀ ਮੰਗ ਅਤੇ ਅੱਤਵਾਦ ਦਾ ਮੁੱਦਾ ਉਠਾ ਨੇ ਵੋਟਰਾਂ ਦੇ ਧਰੁਵੀਕਰਨ ਰਾਹੀਂ 414 ਸੀਟਾਂ ਜਿੱਤ ਕੇ ਇਤਿਹਾਸਿਕ ਬਹੁਮਤ ਪ੍ਰਾਪਤ ਕੀਤਾ ਸੀ। ਹੁਣ ਪੰਜਾਬੀ ਕਿਸਾਨਾਂ ਵੱਲੋਂ ਅੰਦੋਲਨ ਦੇ ਰਸਤੇ ’ਤੇ ਚੱਲਣ ਨੂੰ ਭਾਜਪਾ ਦਾ ਆਈ. ਟੀ. ਸੈੱਲ ਖਾਲਿਸਤਾਨੀ, ਵੱਖਵਾਦੀ, ਅੱਤਵਾਦੀ ਅੰਦੋਲਨ ਆਗਾਮੀ ਲੋਕ ਸਭਾ ਚੋਣਾਂ ਵਿੱਚ ਵੋਟਰਾਂ ਦੇ ਧਰੁਵੀਕਰਨ ਰਾਹੀਂ ਲਾਹਾ ਲੈਣ ਦੀ ਤਾਕ ਵਿੱਚ ਹੈ। ਦਰਅਸਲ ਫਿਰਕਾਪ੍ਰਸਤੀ ਅਤੇ ਸੰਕੁਚਿਤ ਸੋਚ ਦੇ ਪ੍ਰਭਾਵ ਕਰਕੇ ਭਾਰਤੀ ਸ਼ਾਸਕ ਸਿੱਖ ਭਾਈਚਾਰੇ ਅਤੇ ਪੰਜਾਬੀਆਂ ਦੀ ਮਾਨਸਿਕਤਾ ਨਹੀਂ ਸਮਝ ਸਕੇ। ਸਿਕੰਦਰ ਸਮਝਦਾ ਸੀ ਕਿ ਉਸ ਨੇ ਤਾਕਤਵਰ ਪੰਜਾਬੀ ਸ਼ਾਸਕ ਪੋਰਸ ਹਰਾ ਕੇ ਇਹ ਖਿੱਤਾ ਦਰੜ ਦਿੱਤਾ ਹੈ। ਪਰ ਕੁਝ ਮਹੀਨਿਆਂ ਵਿੱਚ ਮਲੋਈ ਤੀਰ ਦੀ ਵਿਸ ਅਤੇ ਪੰਜਾਬੀਆਂ ਦੀ ਅਣਖ ਨੇ ਉਸ ਨੂੰ ਬੇਇੱਜ਼ਤ ਵਾਪਸੀ ਲਈ ਮਜਬੂਰ ਕਰ ਦਿੱਤਾ ਸੀ। ਸ਼ਾਇਦ 1762 ਵਿੱਚ ਅਬਦਾਲੀ ਵੱਡੇ ਘੱਲੂਘਾਰੇ ਵਿੱਚ ਇੱਕੋ ਦਿਨ 4050 ਹਜ਼ਾਰ ਸਿੱਖ ਮਾਰ ਕੇ ਇਹ ਕੌਮ ਖਤਮ ਕਰ ਦਿੱਤੀ ਸਮਝਦਾ ਸੀ। ਸੱਤ ਮਹੀਨੇ ਵਿੱਚ ਬਚੇ ਖੁਚੇ 25 ਹਜ਼ਾਰ ਨੇ ਅੰਮ੍ਰਿਤਸਰ ਇਕੱਤਰ ਹੋ ਕੇ ਉਸ ਨੂੰ ਪੰਜਾਬ ਤੋਂ ਭੱਜਣ ਲਈ ਮਜਬੂਰ ਕਰ ਦਿੱਤਾ। ਜ਼ਲ੍ਹਿਆਂ ਵਾਲਾ ਬਾਗ ਵਿੱਚ ਜਨਰਲ ਡਾਇਰ ਸੰਨ 1919 ਨੂੰ ਵਿਸਾਖੀ ਵੇਲੇ ਪੰਜਾਬੀਆਂ ਨੂੰ ਭੁੰਨ ਕੇ ਅੰਗਰੇਜ਼ ਹਕੂਮਤ ਵਿਰੁੱਧ ਚੁੱਪ ਕਰਾਉਣਾ ਚਾਹੁੰਦਾ ਸੀ। ਇਸਦਾ ਸਬਕ ਅੰਗਰੇਜ਼ ਨੂੰ ਸ਼ਹੀਦ ਊਧਮ ਸਿੰਘ ਨੇ ਲੰਡਨ ਜਾ ਕੇ ਸਿਖਾਇਆ। ਪੰਜਾਬ ਨੂੰ ਹਿੰਦੁਸਤਾਨ ਦੀ ਬਸਤੀ ਵਜੋਂ ਵਿਵਹਾਰ ਬੰਦ ਕਰਨਾ ਚਾਹੀਦਾ ਹੈ। ਸਿੱਖ ਘੱਟ ਗਿਣਤੀ, ਜਿਸ ਨੇ ਦੇਸ਼ ਆਜ਼ਾਦੀ ਲਈ 85 ਫੀਸਦੀ ਯੋਗਦਾਨ ਪਾਇਆ, ਨੂੰ ਖਾਲਿਸਤਾਨੀ, ਵੱਖਵਾਦੀ, ਅੱਤਵਾਦੀ ਕਹਿਣਾ ਬੰਦ ਕਰਨਾ ਚਾਹੀਦਾ ਹੈ। ਪੰਜਾਬਅ ਤੇ ਸਿੱਖ ਭਾਰਤ ਦਾ ਅਟੁੱਟ ਅੰਗ ਹਨ। ਕਿੰਨੀ ਸ਼ਰਮ ਦੀ ਗੱਲ ਹੈ, ਭਾਰਤ ਰਾਜ ਇਸਦੀ ਰਾਜਧਾਨੀ ਸੰਨ 1966 ਤੋਂ ਦੱਬੀ ਬੈਠਾ ਹੈ। ਭਾਜਪਾ ਆਗੂ ਸ਼ੋਭੇਂਦਰ ਅਧਿਕਾਰੀ ਵੱਲੋਂ ਪੱਛਮੀ ਬੰਗਾਲ ਵਿੱਚ ਸਿੱਖ ਆਈ. ਪੀ. ਐੱਸ. ਜਸਪ੍ਰੀਤ ਸਿੰਘ ਨੂੰ ਖਾਲਿਸਤਾਨੀ ਕਹਿੰਦਾ ਹੈ।
ਕਿਸਾਨ ਅੰਦੋਲਨ:
ਕਿਸਾਨ ਅੰਦੋਲਨ ਦੇਸ਼ ਵਿਆਪੀ ਹੈ। ਝਾਰਖੰਡ, ਬਿਹਾਰ, ਕਰਨਾਟਕ, ਆਂਧਰਾ, ਕੇਰਲ, ਉੱਤਰ ਪ੍ਰਦੇਸ਼, ਰਾਜਸਥਾਨ, ਹਰਿਆਣਾ ਸਮੇਤ ਸੰਯੁਕਤ ਕਿਸਾਨ ਮੋਰਚਾ ਦੇ ਪ੍ਰੋਗਰਾਮ ਅਨੁਸਾਰ ਕਿਸਾਨ ਅੰਦੋਲਨ ਜਾਰੀ ਰੱਖ ਰਹੇ ਹਨ। 26 ਫਰਵਰੀ ਨੂੰ ਟਰੈਕਟਰ ਸੜਕਾਂ ਕਿਨਾਰੇ ਖੜ੍ਹੇ ਕਰਨ ਉਪਰੰਤ 14 ਮਾਰਚ ਨੂੰ ਦਿੱਲੀ ਰਾਮਲੀਲਾ ਮੈਦਾਨ ਵਿੱਚ ਮਹਾਂ ਪੰਚਾਇਤ ਕਿਸਾਨੀ ਅੰਦੋਲਨ ਦਾ ਹਿੱਸਾ ਹਨ। ਸੋ ਇਸ ਦਾ ਲੋਕ ਸਭਾ ਚੋਣਾਂ ਸਮੇਂ ਭਾਜਪਾ ਵਿਰੋਧੀ ਅਸਰ ਨਿਸ਼ਚਿਤ ਤੌਰ ’ਤੇ ਵੇਖਣ ਨੂੰ ਮਿਲੇਗਾ। ਕੋੜਰਮਾ ਸੰਸਦ ਜੋ ਕੇਂਦਰੀ ਮੰਤਰੀ ਹੈ, ਦੇ ਘਰ ਦਾ ਘਿਰਾਉ ਕਰਦੇ ਕਿਸਾਨਾਂ ਸਪਸ਼ਟ ਚਿਤਾਵਨੀ ਦਿੱਤੀ ਕਿ ਜੇ ਕਿਸਾਨਾਂ ਉੱਤੇ ਪੁਲਿਸ ਦਮਨ ਨਾ ਰੁਕਿਆ ਤਾਂ ਮੋਦੀ ਸਰਕਾਰ ਦਾ ਖਾਤਮਾ ਤੈਅ ਹੈ।
ਕਾਰਪੋਰੇਟਰਾਂ ਨੂੰ ਗੱਫ਼ੇ:
ਕਿਸਾਨਾਂ ਦਾ ਕਰਜ਼ ਮੁਆਫ ਨਹੀਂ ਕਰਨਾ ਜਦਕਿ ਕਾਰਪੋਰੇਟ ਟੈਕਸ 30 ਤੋਂ ਘਟਾ ਕੇ 22 ਪ੍ਰਤੀਸ਼ਤ, ਨਵੀਆਂ ਕੰਪਨੀਆਂ ਨੂੰ ਟੈਕਸ 25 ਤੋਂ ਘਟਾ ਕੇ 15 ਪ੍ਰਤੀਸ਼ਤ ਕਰਨ ਨਾਲ 145 ਹਜ਼ਾਰ ਕਰੋੜ ਦਾ ਚੂਨਾ ਸਰਕਾਰੀ ਖਜ਼ਾਨੇ ਨੂੰ ਲੱਗਾ। ਦੂਜੇ ਪਾਸੇ ਇਨ੍ਹਾਂ ਰਾਹਤਾਂ ਨਾਲ ਕਾਰਪੋਰੇਟਰਾਂ ਨੂੰ 6 ਲੱਖ ਕਰੋੜ ਦਾ ਮੁਨਾਫ਼ਾ ਹੋਇਆ।
ਬਦਲਦੇ ਰਾਜਸੀ ਸਮੀਕਰਨ:
ਯੂ. ਪੀ. ਵਿੱਚ ਕਾਂਗਰਸ-ਸਪਾ, ਦਿੱਲੀ, ਹਰਿਆਣਾ, ਗੁਜਰਾਤ ਕਾਂਗਰਸ-ਆਪ, ਤਾਮਿਲਨਾਡੂ ਵਿੱਚ ਕਾਂਗਰਸ-ਡੀ. ਐੱਮ. ਕੇ. ਨੇ ਇੰਡੀਆ ਗਠਜੋੜ ਤਕੜਾ ਕੀਤਾ ਹੈ। ਬਿਹਾਰ ਵਿੱਚ ਆਰ. ਜੇ. ਡੀ., ਪੱਛਮੀ ਬੰਗਾਲ ਵਿੱਚ ਟੀ. ਐੱਮ. ਸੀ. ਦਾ ਬੋਲਬਾਲਾ, ਕਰਨਾਟਕ, ਹਿਮਾਚਲ, ਤੇਲੰਗਾਨਾ ਵਿੱਚ ਕਾਂਗਰਸ ਸ਼ਾਸਨ, ਰਾਜਸਥਾਨ, ਮੱਧ ਪ੍ਰਦੇਸ਼, ਛਤੀਸਗੜ੍ਹ, ਪੰਜਾਬ ਵਿੱਚ ਕਾਂਗਰਸ ਦੀ ਹੋਂਦ, ਜੰਮੂ-ਕਸ਼ਮੀਰ, ਮਹਾਰਾਸ਼ਟਰ, ਧੁਰ ਉੱਤਰ ਪੂਰਬ ਰਾਜਾਂ ਵਿੱਚ ਭਾਜਪਾ ਵਿਰੁੱਧ ਰੋਹ ਅਤੇ ਲਗਾਤਾਰ ਕਿਸਾਨ ਅੰਦੋਲਨ ਚਲਦੇ ਨਹੀਂ ਲਗਦਾ ਕਿ ਭਾਜਪਾ ਅਤੇ ਸਾਥੀ 250 ਦਾ ਅੰਕੜਾ ਪਾਰ ਕਰ ਸਕਣਗੇ। ਪਾਰਟੀ ਅੰਦਰ ਗਡਕਰੀ ਅਤੇ ਸੁਬਰਾਮਨੀਅਮ ਲੀਡਰਸ਼ਿੱਪ ’ਤੇ ਨਿਸ਼ਾਨਾ ਲਗਾ ਰਹੇ ਹਨ। ਚੰਡੀਗੜ੍ਹ ਮੇਅਰ ਦੀ ਚੋਣ ਸਮੇਂ ਡਾਕਾ, ਹਿਮਾਚਲ ਪ੍ਰਦੇਸ਼ ਅਤੇ ਉੱਤਰ ਪ੍ਰਦੇਸ਼ ਅੰਦਰ ਰਾਜ ਸਭਾ ਚੋਣ ਵੇਲੇ ਕਾਂਗਰਸ ਅਤੇ ਸਪਾ ਵਿਧਾਇਕਾਂ ਦੀ ਖਰੀਦੋ-ਫਰੋਖਤ ਨੇ ਭਾਜਪਾ ਦਾ ਦਬੰਗ ਅਤੇ ਕਰੂਪ ਚਾਲ, ਚਰਿੱਤਰ ਅਤੇ ਚਿਹਰਾ ਲੋਕ ਸਭਾ ਚੋਣਾਂ ਤੋਂ ਐਨ ਪਹਿਲਾਂ ਬੁਰੀ ਤਰ੍ਹਾਂ ਬੇਨਕਾਬ ਕਰ ਦਿੱਤਾ ਹੈ। ਵੈਸੇ ਵੀ ਦਮਨਕਾਰੀ ਭਾਰਤੀ ਸ਼ਾਸਕਾਂ ਨੂੰ ਗੁਰਬਾਣੀ ਦੀ ਇਹ ਤੁਕ ਯਾਦ ਰੱਖਣੀ ਚਾਹੀਦੀ ਹੈ:
ਲੰਕਾ ਸਾ ਕੋਟੁ ਸਮੁੰਦ ਸੀ ਖਾਈ
ਤਿਹ ਰਾਵਣ ਘਰ ਖਬਰਿ ਨ ਪਾਈ।
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(4769)
(ਸਰੋਕਾਰ ਨਾਲ ਸੰਪਰਕ ਲਈ: (