“ਇੱਕ ਕਾਮੇਡੀਅਨ ਨੂੰ ਲੋਕ ਮੱਸੇ ਰੰਗੜ, ਅਹਿਮਦ ਸ਼ਾਹ ਅਬਦਾਲੀ, ਬੇਅੰਤ ਸਿੰਘ, ਕੇ.ਪੀ.ਐੱਸ. ਗਿੱਲ ਵਾਂਗ ਬੁੱਚੜ ਕਿਉਂ ...”
(31 ਜਨਵਰੀ 2024)
ਇਸ ਸਮੇਂ ਪਾਠਕ: 470.
ਜੋ ਲੜਾਈ ਪੰਜਾਬ ਦੇ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਨੂੰ ਕੇਂਦਰ ਸਰਕਾਰ, ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਵਿਰੋਧੀਆਂ, ਰਾਜ ਅੰਦਰ ਆਪਣੇ ਰਾਜਨੀਤਕ ਵਿਰੋਧੀਆਂ, ਨਸ਼ੀਲੇ ਪਦਾਰਥਾਂ ਤੇ ਤਸਕਰਾਂ, ਸ਼ਰਾਬ, ਕੇਬਲ, ਟ੍ਰਾਂਸਪੋਰਟ, ਰੇਤ-ਬਜਰੀ, ਇੰਮੀਗਰੇਸ਼ਨ, ਭ੍ਰਿਸ਼ਟਾਚਾਰ, ਮਾਫੀਆਵਾਂ ਅਤੇ ਬੇਰੋਜ਼ਗਾਰੀ ਦੇ ਦੈਂਤ ਵਿਰੁੱਧ ਲੜਨੀ ਚਾਹੀਦੀ ਸੀ, ਅਫਸਰਸ਼ਾਹਾਂ ਦੇ ਤਾਕਤਵਰ ਗ੍ਰੋਹ ਵਿਰੁੱਧ ਲੜਨੀ ਚਾਹੀਦੀ ਸੀ, ਪੰਜਾਬ ਦਾ ਵਪਾਰ ਵਾਹਗਾ, ਹੁਸੈਨੀਵਾਲਾ ਅਤੇ ਕਰਤਾਰਪੁਰ ਸਾਹਿਬ ਲਾਂਘਿਆਂ ਰਾਹੀਂ ਪਾਕਿਸਤਾਨ, ਅਫ਼ਗਾਨਿਸਤਾਨ, ਈਰਾਨ ਅਤੇ ਅਰਬ ਮੁਲਕਾਂ ਨਾਲ ਖੋਲ੍ਹਣ ਲਈ ਲੜਨੀ ਚਾਹੀਦੀ ਸੀ, ਉਹ ਗਲਤ ਸਲਾਹਕਾਰਾਂ ਦੀ ਉਕਸਾਹਟ ਅਤੇ ਸੰਕੁਚਿਤ ਸੋਚ ਦਾ ਸ਼ਿਕਾਰ ਹੋ ਕੇ ਆਪਣੇ ਲੋਕਾਂ ਨਾਲ ਹੀ ਵਿੱਢ ਲਈ ਹੈ। ਗਲਤੀ ’ਤੇ ਮਹਾਂ ਗਲਤੀ ਕਰਦੇ ਹੋਏ ਉਹ ਆਪਣੇ ਜੱਦੀ ਜ਼ਿਲ੍ਹੇ ਦੇ ਉਨ੍ਹਾਂ ਲੋਕਾਂ ਨਾਲ ਸਹੇੜ ਲਈ ਹੈ ਜੋ ਉਨ੍ਹਾਂ ਦੇ ਕਦੇ ਫੈਨ ਅਤੇ ਸਮਰਥਕ ਹੁੰਦੇ ਸਨ। ਪੰਜਾਬੀ ਦੀ ਕਹਾਵਤ ਹੈ, ਇੱਕ ਘਰ ਤਾਂ ਡੈਣ ਵੀ ਛੱਡ ਲੈਂਦੀ ਹੈ, ਤੁਸੀਂ ਉਹ ਵੀ ਨਹੀਂ ਛੱਡਿਆ।
ਗਲਤ ਵਕਤ :
ਅਕਸਰ ਉੱਚੇ ਪਦਾਂ ’ਤੇ ਆਸੀਨ ਲੋਕ ਵੱਡੀਆਂ ਵੱਡੀਆਂ ਗਲਤੀਆਂ ਕਰਦੇ ਵੇਖੇ ਜਾਂਦੇ ਹਨ। ਇਹੀ ਗਲਤੀ ਅੱਜ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਕਰਦੇ ਨਜ਼ਰ ਆ ਰਹੇ ਹਨ। ਸੰਨ 2015 ਵਿੱਚ ਜਦੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਤੋਂ ਬਾਅਦ ਜਨਤਕ ਅਤੇ ਖਾਸ ਕਰਕੇ ਸਿੱਖ ਭਾਈਚਾਰੇ ਵਿੱਚ ਕੋਟਕਪੂਰਾ ਅਤੇ ਬਰਗਾੜੀ ਗੋਲੀ ਕਾਂਡ ਕਰਕੇ ਉੱਠਿਆ ਸੀ, ਉਸਦੀ ਤਾਬ ਨੇ ਸ਼੍ਰੋਮਣੀ ਅਕਾਲੀ ਦਲ-ਭਾਜਪਾ ਦੀ ਗਠਜੋੜ ਸ. ਬਾਦਲ ਸਰਕਾਰ, ਸ਼੍ਰੋਮਣੀ ਅਕਾਲੀ ਦਲ, ਸਿੱਖ ਸੰਸਥਾਵਾਂ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ, ਸ਼੍ਰੀ ਅਕਾਲ ਤਖਤ ਸਾਹਿਬ ਆਦਿ ਨੂੰ ਨੇਸਤੇ ਨਾਬੂਦ ਕਰ ਦਿੱਤਾ। ਸ਼੍ਰੋਮਣੀ ਅਕਾਲੀ ਦਲ, ਜੋ ਪੰਜਾਬ ਅਤੇ ਖਾਸ ਕਰਕੇ ਸਿੱਖ ਧਾਰਮਿਕ ਅਤੇ ਰਾਜਨੀਤਕ ਹਿਤਾਂ ਦੀ ਰਾਖੀ ਲਈ ਸ਼ਾਨਮੱਤਾ ਕੁਰਬਾਨੀਆਂ ਦਾ ਇਤਿਹਾਸ ਰੱਖਦਾ ਸੀ, ਅੱਜ ਵਿਧਾਨ ਸਭਾ ਪੰਜਾਬ ਵਿੱਚ ਤਿੰਨ ਸ਼ਰਮਨਾਕ ਸੀਟਾਂ ਤਕ ਸੀਮਤ ਹੋ ਕੇ ਰਹਿ ਗਿਆ। ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ, ਜੋ ਭਾਰਤੀ ਰਾਜ ਅੰਦਰ ਇੱਕ ਤਾਕਤਵਰ ਖੁਦਮੁਖ਼ਤਾਰ ਰਾਜ ਦੀ ਹੈਸੀਅਤ ਰੱਖਦੀ ਸੀ ਅਤੇ ਜਿਸਦੇ ਪ੍ਰਧਾਨ ਦੀ ਯਲਗਾਰ ’ਤੇ ਕੇਂਦਰ ਸਰਕਾਰ ਦੇ ਦਿੱਲੀ ਤਖ਼ਤ ਦੇ ਪਾਵਿਆਂ ਦੀਆਂ ਚੂਲਾਂ ਹਿੱਲ ਜਾਂਦੀਆਂ ਸਨ, ਅੱਜ ਉਹ ਇੰਨੀ ਕਮਜ਼ੋਰ ਅਤੇ ਨਿਤਾਣੀ ਹੋ ਚੁੱਕੀ ਹੈ ਕਿ ਉਸਦਾ ਇੱਕ ਵਿਰੋਧ ਪੱਤਰ ਅੰਮ੍ਰਿਤਸਰ ਦਾ ਡਿਪਟੀ ਕਮਿਸ਼ਨਰ ਤਾਂ ਦੂਰ, ਐੱਸ.ਡੀ.ਐੱਮ. ਵੀ ਲੈਣ ਨਹੀਂ ਆਉਂਦਾ। ਪ੍ਰਧਾਨ ਮੰਤਰੀ ਜਾਂ ਗ੍ਰਹਿ ਮੰਤਰੀ ਉਨ੍ਹਾਂ ਦੀ ਗੱਲ ਸੁਣਨ ਲਈ ਸਮਾਂ ਨਹੀਂ ਦਿੰਦੇ।
ਮੈਨੂੰ ਚੰਗੀ ਤਰ੍ਹਾਂ ਯਾਦ ਹੈ ਕਿ ਮੈਂ ਜਦੋਂ ਕੋਟਕਪੂਰਾ-ਬਰਗਾੜੀ ਕਾਂਡ ਵੇਲੇ ਸੰਨ 2015 ਵਿੱਚ ਕੈਨੇਡਾ ਤੋਂ ਪੰਜਾਬ ਪਰਤਿਆ ਤਾਂ ਚੰਡੀਗੜ੍ਹ ਤੋਂ ਆਪਣੇ ਸੁਸਰਾਲ ਤਲਵੰਡੀ ਸਾਬੋ (ਬਠਿੰਡਾ) ਜਾਂਦਿਆਂ ਸੜਕ ਦੇ ਦੋਹੀਂ ਪਾਸੀਂ ਹਜ਼ਾਰਾਂ ਦੀ ਤਾਦਾਦ ਵਿੱਚ ਰੋਸ ਵਜੋਂ ਬੱਚੇ, ਬੁੱਢੇ, ਨੌਜਵਾਨ ਸਿਰਾਂ ’ਤੇ ਕਾਲੇ ਪਟਕੇ, ਔਰਤਾਂ ਕਾਲੀਆਂ ਚੁੰਨੀਆਂ ਲਈ ਅਤੇ ਹੱਥਾਂ ਵਿੱਚ ਬਾਦਲ ਸਰਕਾਰ ਵਿਰੁੱਧ ਬੈਨਰ ਲਈ ਖੜ੍ਹੇ ਵੇਖੇ। ਉਨ੍ਹੀਂ ਦਿਨੀਂ ਬਾਦਲ ਸਰਕਾਰ ਦੇ ਇੱਕ ਮੰਤਰੀ ਦਾ ਡਰ ਨਾਲ ਕੰਬਦੇ ਦਾ ਮੈਨੂੰ ਫੋਨ ਆਇਆ, “ਕਾਹਲੋਂ ਸਾਹਿਬ, ਕੀ ਅਸੀਂ ਨੇੜ ਦੇ ਭਵਿੱਖ ਵਿੱਚ ਆਪਣੇ ਘਰਾਂ ਤੋਂ ਬਾਹਰ ਨਿਕਲ ਕੇ ਸਿੱਖ ਸੰਗਤਾਂ ਵਿੱਚ ਵਿਚਰ ਸਕਾਂਗੇ?”
ਮੇਰਾ ਇਸ ਬ੍ਰਿਤਾਂਤ ਦਾ ਵਰਣਨ ਕਰਨ ਦਾ ਮੰਤਵ ਸਿਰਫ ਭਗਵੰਤ ਮਾਨ ਸਰਕਾਰ ਨੂੰ ਝਲਕ ਦਰਸਾਉਣਾ ਹੈ ਕਿ ਜਦੋਂ ਸੱਤਾਧਾਰੀ ਸਰਕਾਰਾਂ ਦੀਆਂ ਬੱਜਰ ਖੁਨਾਮੀਆਂ ਤੋਂ ਲੋਕ-ਆਕ੍ਰੋਸ਼ ਭਾਂਬੜ ਬਣ ਜਾਵੇ ਤਾਂ ਫਿਰ ਫਰਾਂਸ ਦੇ 5 ਮਈ, 1789 ਨੂੰ ਉੱਠੇ ਆਪਮੁਹਾਰੇ ਇਨਕਲਾਬ ਦੀ ਸਥਿਤੀ ਉਤਪਨ ਹੋਣ ਨੂੰ ਬਹੁਤਾ ਸਮਾਂ ਨਹੀਂ ਲਗਦਾ। ਕੋਟਦੁਨੇ ਦੇ ਵਾਸੀ ਭਾਨੇ ਸਿੱਧੂ ਉੱਤੇ ਚਾਰ ਪਰਚੇ ਠੋਕਣ, ਉਸ ਨੂੰ ਪੁਲਿਸ ਹਿਰਾਸਤ ਵਿੱਚ ਜ਼ਲੀਲ ਕਰਨ, ਉਸ ਦੇ ਭਾਈ ਨੂੰ ਵੀ ਚੌਥੇ ਪਰਚੇ ਵਿੱਚ ਸ਼ਾਮਲ ਕਰਨ ਨਾਲ 29 ਜਨਵਰੀ, 2024 ਨੂੰ ਉਸਦੇ ਪਿੰਡ ਕੋਟਦੁਨੇ ਵਿੱਚ ਆਮ ਲੋਕ, ਨਿਹੰਗ, ਕਿਸਾਨ, ਮਜ਼ਦੂਰ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦਾ ਸੰਗਰੂਰ ਲੋਕ ਸਭਾ ਹਲਕੇ ਤੋਂ ਮੈਂਬਰ ਪਾਰਲੀਮੈਂਟ ਸ. ਸਿਮਰਨਜੀਤ ਸਿੰਘ ਮਾਨ, ਕਾਂਗਰਸ ਪਾਰਟੀ ਆਗੂ ਸੁਖਪਾਲ ਸਿੰਘ ਖਹਿਰਾ, ਰਾਗੀ, ਢਾਡੀ, ਸੋਸ਼ਲ ਮੀਡੀਆ ਸਬੰਧਿਤ ਪੱਤਰਕਾਰ, ਸਮਾਜ ਸੇਵੀ ਲੱਖਾ ਸਿਧਾਣਾ, ਪਰਮਿੰਦਰ ਝੋਟਾ, ਕਿਸਾਨ ਆਗੂ ਸ. ਬਲਦੇਵ ਸਿੰਘ ਸਿਰਸਾ, ਰੁਲਦੂ ਸਿੰਘ, ਬੰਦੀ ਸਿੰਘਾਂ ਦੇ ਸਬੰਧਿਤ ਨੁਮਾਇੰਦੇ ਆਦਿ ਹਜ਼ਾਰਾਂ ਦੀ ਤਾਦਾਦ ਵਿੱਚ ਇਕੱਤਰ ਹੋਏ। ਚੰਗਾ ਹੋਵੇ ਜੇ ਸਾਂਸਦ ਸਿਮਰਨਜੀਤ ਸਿੰਘ ਮਾਨ ਦੀ ਸਲਾਹ ’ਤੇ ਭਗਵੰਤ ਮਾਨ ਅਤੇ ਉਸਦੀ ਆਮ ਆਦਮੀ ਦੀ ਅਗਵਾਈ ਵਾਲੀ ਸਰਕਾਰ ਉਨ੍ਹਾਂ ਵਿਰੁੱਧ ਪੰਜਾਬ ਵਿੱਚ ਉੱਭਰ ਰਹੇ ਜਨਤਕ ਆਕ੍ਰੋਸ਼ ਦੇ ਲਾਵੇ ਦੀ ਹੋਣੀ ਸੰਬੰਧੀ ਕੰਧ ’ਤੇ ਲਿਖਿਆ ਪੜ੍ਹ ਲਵੇ। ਇਹ ਵਿਰੋਧ ਨਿਸ਼ਚਿਤ ਤੌਰ ’ਤੇ ਦੇਸ਼ ਵਿਦੇਸ਼ ਵਿੱਚ ਫੈਲੇਗਾ। ਕੀ ਆਮ ਆਦਮੀ ਪਾਰਟੀ ਸੁਪਰੀਮੋ ਸ਼੍ਰੀ ਕੇਜਰੀਵਾਲ ਜੋ ਪਹਿਲਾਂ ਹੀ ਕੇਂਦਰ ਅਤੇ ਈ.ਡੀ. ਦੇ ਨਿਸ਼ਾਨੇ ’ਤੇ ਹਨ ਅਤੇ ਉਨ੍ਹਾਂ ਦਾ ਕੋਰ ਗਰੁੱਪ, ਜਿਸ ਵਿੱਚ ਪ੍ਰਮੁੱਖ ਤੌਰ ’ਤੇ ਸ਼੍ਰੀ ਰਾਘਵ ਚੱਢਾ ਅਤੇ ਸੰਦੀਪ ਪਾਠਕ ਸ਼ਾਮਲ ਹਨ, ਇਸ ਜਨਤਕ ਅਕ੍ਰੋਸ਼ ਦਾ ਨੋਟਿਸ ਲੈਂਦੇ ਇਸ ਨੂੰ ਤੁਰੰਤ ਸ਼ਾਂਤ ਕਰਨ ਲਈ ਲੋੜੀਂਦੇ ਕਦਮ ਪੁੱਟਣਗੇ? ਕੋਟਦੁਨਾ ਰੈਲੀ ਵਿੱਚ ਆਮ ਆਦਮੀ ਪਾਰਟੀ ਅਤੇ ਭਗਵੰਤ ਮਾਨ ਸਰਕਾਰ ਵਿਰੋਧੀ ਲੋਕ ਹਰਿਆਣਾ, ਰਾਜਸਥਾਨ, ਯੂ.ਪੀ. ਅਤੇ ਉਤਰਾਖੰਡ ਤੋਂ ਸ਼ਾਮਲ ਹੋਏ ਦੱਸੀਦੇ ਹਨ। ਜੇ ਇਹ ਵਿਰੋਧ ਵਿਦੇਸ਼ਾਂ ਅੰਦਰ ਯੂ.ਕੇ., ਅਮਰੀਕਾ, ਕੈਨੇਡਾ, ਅਸਟ੍ਰੇਲੀਆ, ਨਿਊਜ਼ੀਲੈਂਡ, ਸਿੰਗਾਪੁਰ, ਮਲੇਸ਼ੀਆ, ਇਟਲੀ ਤਕ ਫੈਲ ਗਿਆ ਤਾਂ ਲੋਕਸਭਾ ਚੋਣਾਂ-2024 ਜੋ ਅਪਰੈਲ-ਮਈ ਵਿੱਚ ਹੋਣ ਜਾ ਰਹੀਆਂ ਹਨ, ਆਮ ਆਦਮੀ ਪਾਰਟੀ ਨੂੰ ਵੱਡੀ ਕੀਮਤ ਚੁਕਾਉਣੀ ਪਏਗੀ। ਭਗਵੰਤ ਮਾਨ ਸਰਕਾਰ ਨੂੰ ਗਲਤ ਸਮੇਂ ਇਸ ਬੱਜਰ ਗਲਤੀ ਨੂੰ ਤੁਰੰਤ ਸੁਧਾਰਦਿਆਂ ਭਾਨੇ ਸਿੱਧੂ ਵਿਰੁੱਧ ਦਰਜ ਪਰਚੇ ਵਾਪਸ ਲੈ ਕੇ ਉਸ ਨੂੰ ਰਿਹਾਅ ਕਰ ਦੇਣਾ ਚਾਹੀਦਾ ਹੈ।
ਦਰਅਸਲ ਪੰਜਾਬ ਅੰਦਰ ਆਮ ਆਦਮੀ ਪਾਰਟੀ ਸਰਕਾਰ ਅਤੇ ਮੁੱਖ ਮੰਤਰੀ ਪੰਜਾਬੀਆਂ ਨੂੰ ਵਧੀਆ, ਪਾਰਦਰਸ਼ੀ, ਭ੍ਰਿਸ਼ਟਾਚਾਰ ਰਹਿਤ, ਵੀ.ਆਈ.ਪੀ. ਸੱਭਿਆਚਾਰ ਮੁਕਤ ਲੋਕ ਸ਼ਮੂਲੀਅਤ ਨਾਲ ਭਰਪੂਰ ਸਰਕਾਰ ਦੇਣ ਦੀ ਥਾਂ ਉਸੇ ਅੰਨ੍ਹੀ ਬਦਲਾਖੋਰੀ ਦੀ ਦਲਦਲ ਭਰੀ ਖਾਈ ਵਿੱਚ ਧਸਦੀ ਚਲੀ ਗਈ, ਜਿਸ ਵਿੱਚ ਕਦੇ ਪੰਜਾਬ ਦੀ ਕਾਂਗਰਸ ਪਾਰਟੀ ਵਾਲੀ ਅਮਰਿੰਦਰ ਅਤੇ ਅਕਾਲੀ-ਭਾਜਪਾ ਗਠਜੋੜ ਵਾਲੀਆਂ ਸ. ਬਾਦਲ ਸਰਕਾਰਾਂ ਧਸ ਗਈਆਂ ਸਨ ਜਾਂ ਗੁਆਂਢੀ ਹਰਿਆਣਾ ਅੰਦਰ ਬੰਸੀ ਲਾਲ ਅਤੇ ਦੇਵੀ ਲਾਲ ਸਰਕਾਰਾਂ ਧਸਦੀਆਂ ਅਤੇ ਵੱਡਾ ਰਾਜਨੀਤਕ ਨੁਕਸਾਨ ਉਠਾਉਂਦੀਆਂ ਵੇਖੀਆਂ ਗਈਆਂ ਸਨ।
ਸਰਕਾਰਾਂ ਵਿਰੁੱਧ ਅਕਸਰ ਆਮ ਲੋਕ, ਰਾਜਨੀਤਕ ਵਿਰੋਧੀ, ਸਮਾਜਿਕ ਸਖਸ਼ੀਅਤਾਂ, ਮੁਲਾਜ਼ਮ, ਬੇਰੁਜ਼ਗਾਰ ਮਜ਼ਦੂਰ, ਕਿਸਾਨ ਅਤੇ ਮਜ਼ਦੂਰ ਆਗੂ ਬੋਲਦੇ ਹਨ। ਬੁੱਧੀਜੀਵੀ ਅਤੇ ਪੱਤਰਕਾਰ ਉਨ੍ਹਾਂ ਨੂੰ ਉਨ੍ਹਾਂ ਦੀ ਕਾਰਗੁਜ਼ਾਰੀ ਦਾ ਸੀਸ਼ਾ ਵਿਖਾਉਣ ਲਈ ਲਿਖਦੇ ਅਤੇ ਰਿਪੋਰਟਿੰਗ ਕਰਦੇ ਹਨ। ਉਨ੍ਹਾਂ ਦਾ ਮੂੰਹ ਬੰਦ ਕਰਨ ਲਈ ਘਟੀਆ, ਗੈਰ ਲੋਕਤੰਤਰੀ, ਅਣਮਨੁੱਖੀ ਹਰਕਤਾਂ ’ਤੇ ਉੱਤਰਨ ਜਾਂ ਰਾਜਕੀ ਅਤੇ ਪੁਲਿਸ ਡੰਡੇ ਨਾਲ ਚੁੱਪ ਕਰਾਉਣ ਦੀ ਬਜਾਇ ਸਰਕਾਰਾਂ ਨੂੰ ਆਪਣੀਆਂ ਗਲਤੀਆਂ ਵਿੱਚ ਸੁਧਾਰ ਕਰਕੇ, ਆਪਣੀ ਵਧੀਆ ਲੋਕ ਪੱਖੀ ਕਾਰਗੁਜ਼ਾਰੀ, ਜਨਤਕ ਹਿਤ ਵਿਕਾਸ ਪ੍ਰੋਗਰਾਮਾਂ, ਵਧੀਆ ਸਿੱਖਿਆ, ਸਿਹਤ, ਆਵਾਜਾਈ, ਰੁਜ਼ਗਾਰ ਅਤੇ ਨਿਵੇਸ਼ ਸੁਧਾਰਾਂ ਰਾਹੀਂ ਉਨ੍ਹਾਂ ਨੂੰ ਜਵਾਬ ਦੇਣਾ ਚਾਹੀਦਾ ਹੈ।
ਮਾਨ ਸਰਕਾਰ ਨੇ 300 ਯੂਨਿਟ ਬਿਜਲੀ ਮੁਆਫੀ, ਔਰਤਾਂ ਨੂੰ ਮੁਫਤ ਬੱਸ ਸੇਵਾ, ਮੁਹੱਲਾ ਕਲੀਨਿਕ, ਭ੍ਰਿਸ਼ਟਾਚਾਰ ਵਿਰੋਧੀ ਦਲੇਰਾਨਾ ਕਦਮਾਂ, ਰੁਜ਼ਗਾਰ ਅਤੇ ਤਨਖਾਹਾਂ ਵਿੱਚ ਵਾਧੇ ਆਦਿ ਚੰਗੇ ਕਦਮਾਂ ’ਤੇ ਵੀ ਮਿੱਟੀ ਪੁਆ ਲਈ ਹੈ ਬਦਲਾਖੋਰੀ ਰਾਜਨੀਤੀ ਕਰਕੇ। ਇਹੀ ਲੱਖਾ ਸਿਧਾਣਾ ਅਤੇ ਭਾਨਾ ਸਿੱਧੂ ਜੋ ਸ਼ੁਰੂ ਵਿੱਚ ਉਨ੍ਹਾਂ ਦੀ ਸਰਕਾਰ ਦੇ ਪ੍ਰਸ਼ੰਸਕ ਸਨ, ਅੱਜ ਘੋਰ ਵਿਰੋਧੀਆਂ ਵਿੱਚ ਸ਼ੁਮਾਰ ਹਨ। ਸੁਖਪਾਲ ਖਹਿਰਾ ਕਦੇ ਆਮ ਆਦਮੀ ਪਾਰਟੀ ਵਿਧਾਨਕਾਰ ਗਰੁੱਪ ਦਾ ਆਗੂ ਸੀ, ਅੱਜ ਘੋਰ ਵਿਰੋਧੀ ਹੈ। ਸਰਕਾਰਾਂ ਦੇ ਨਿਸ਼ਾਨੇ ਰਾਜ ਦੇ ਹਿਤਾਂ ਦੀ ਰਾਖੀ, ਵਿਕਾਸ, ਅਮਨ, ਕਾਨੂੰਨ ਕਾਇਮ ਰੱਖਣਾ, ਨਿਵੇਸ਼ ਵਿੱਚ ਵਾਧਾ, ਗੁਰਬਤ, ਬੇਰੁਜ਼ਗਾਰੀ ਖਤਮ ਕਰਨਾ ਅਤੇ ਕਰਜ਼ਾ ਮੁਕਤ ਕਰਨਾ, ਹਰ ਵਰਗ ਦੇ ਲੋਕਾਂ ਨੂੰ ਨਾਲ ਲੈ ਕੇ ਚੱਲਣਾ ਹੁੰਦਾ ਹੈ, ਨਾ ਕਿ ਨਿੱਜੀ ਕਿੜਾਂ ਕੱਢਣ ਲਈ ਵਿਅਕਤੀਆਂ ਤਕ ਸੀਮਤ ਹੋ ਜਾਣਾ। ਸਰਕਾਰਾਂ ਵਧੀਆ ਸ਼ਾਸਨ ਲਈ ਚੁਣੀਆਂ ਜਾਂਦੀਆਂ ਹਨ ਨਾ ਕਿ ਬਦਲਾਖੋਰੀ ਲਈ।
ਰਾਜਨੀਤੀ ਮਨਫੀ:
ਇਸ ਲੋਕ ਆਕ੍ਰੋਸ਼ ਵਿੱਚੋਂ ਰਾਜਨੀਤੀ, ਰਾਜਨੀਤਕ ਪਾਰਟੀਆਂ ਅਤੇ ਰਾਜਨੀਤਕ ਲੀਡਰਸ਼ਿੱਪ ਬਿਲਕੁਲ ਮਨਫੀ ਨਜ਼ਰ ਆਈ। ਦਰਅਸਲ ਰਾਜਨੀਤਕਾਂ ਦਾ ਜਨਤਕ ਰੋਹ, ਜਨਤਕ ਮਾਮਲਿਆਂ ਅਤੇ ਜਨਤਾ ਨੂੰ ਸੱਤਾ ਪ੍ਰਾਪਤੀ ਬਾਅਦ ਦਬਾਅ ਕੇ ਰੱਖਣ ਦਾ ਵਰਤਾਰਾ ਭਿੰਨ ਨਹੀਂ। ਪੰਜਾਬ ਅਤੇ ਪੰਜਾਬੀਆਂ ਨੂੰ, ਨੌਜਵਾਨੀ ਨੂੰ ਵਿਦੇਸ਼ ਭੇਜਣ ਦੇ ਨਕਾਬ ਹੇਠ ਲੁੱਟਣ ਵਾਲੇ ਟ੍ਰੈਵਲ ਏਜੰਟਾਂ ਨਾਲ ਹਰ ਰਾਜਨੀਤਕ ਪਾਰਟੀ, ਲੀਡਰਸ਼ਿੱਪ, ਪੁਲਿਸ ਅਤੇ ਪ੍ਰਸ਼ਾਸਨ ਦੀ ਲਗਾਤਾਰ ਮਿਲੀਭੁਗਤ ਰਹੀ ਹੈ ਕਿਉਂਕਿ ਉਹ ਉਨ੍ਹਾਂ ਨੂੰ ਸੋਨੇ ਦੇ ਆਂਡੇ ਭੇਂਟ ਕਰਦੇ ਹਨ ਅਤੇ ਅੱਜ ਵੀ ਇਹੀ ਹਾਲ ਹੈ। ਜੇ ਮਾਨ ਸਰਕਾਰ ਨੇ ਇਹ ਲੁਟੇਰੇ ਟ੍ਰੈਵਲ ਏਜੰਟ, ਚਿੱਟ ਫੰਡੀਏ ਅਤੇ ਮਨੀਲੈਂਡਰ ਨੱਪੇ ਹੁੰਦੇ ਤਾਂ ਅਜੋਕਾ ਜਨ ਆਕ੍ਰੋਸ਼ ਸੈਲਾਬ ਨਾ ਉਸਡਦਾ।
ਪੰਜਾਬ ਵਿੱਚ ਦੁੱਲਾ ਭੱਟੀ, ਸੁੱਚਾ ਸਿੰਘ ਸੂਰਮਾ, ਜਿਊਣਾ ਮੌੜ, ਜੱਗਾ ਡਾਕੂ ਆਦਿ ਲਗਾਤਾਰ ਪੈਦਾ ਹੁੰਦੇ ਆਏ ਹਨ ਜਦੋਂ ਤੱਤਕਾਲੀ ਸਰਕਾਰਾਂ ਜਨਤਕ ਇਨਸਾਫ ਤੋਂ ਮੂੰਹ ਮੋੜ ਲੈਂਦੀਆਂ ਹਨ। ਲੱਖਾ ਸਿਧਾਣਾ, ਭਾਨਾ ਸਿੱਧੂ ਆਦਿ ਵੀ ਉਨ੍ਹਾਂ ਵਰਗੇ ਉੱਭਰਦੇ ਜਨ-ਨਾਇਕ ਹਨ। ਉਨ੍ਹਾਂ ਦੀਆਂ ਕਮਜ਼ੋਰੀਆਂ ਦੇ ਬਾਵਜੂਦ ਆਮ ਪੰਜਾਬੀ ਆਪਣੇ ਇਨਕਲਾਬੀ ਸੁਭਾਅ ਕਰਕੇ ਆਪਮੁਹਾਰੇ ਉਨ੍ਹਾਂ ਨਾਲ ਜੁੜਦਾ ਹੈ। ਐਸੇ ਸੂਰਮੇ ਆਪਾ ਵਾਰਨ ਤੋਂ ਜ਼ਰਾ ਨਹੀਂ ਡਰਦੇ।
ਐਨੀ ਜਲਦੀ ਵਿਰੋਧ ਕਿਉਂ?
ਆਮ ਆਦਮੀ ਪਾਰਟੀ ਨੂੰ ਪੰਜਾਬੀ ਆਪਣੇ ਚੰਗੇਰੇ ਭਵਿੱਖ ਅਤੇ ਰਵਾਇਤੀ ਪਾਰਟੀਆਂ ਦੇ ਅਤਿ ਦੇ ਕੁਸ਼ਾਸਨ ਅਤੇ ਸ਼ਰਮਨਾਕ ਭ੍ਰਿਸ਼ਟਾਚਾਰ, ਜਨਤਕ ਮੁੱਦਿਆਂ ਨੂੰ ਤਾਨਾਸ਼ਾਹੀ ਢੰਗ ਨਾਲ ਨਜ਼ਰਅੰਦਾਜ਼ ਕਰਨ, ਭਾਈ-ਭਤੀਜਾਵਾਦ ਵਰਤਾਰੇ ਤੋਂ ਦੁਖੀ ਹੋ ਕੇ ਸੱਤਾ ਵਿੱਚ ਲਿਆਏ ਸਨ। ਹੁਣ ਜਦੋਂ ਇਹ ਕਾਡਰਹੀਣ, ਵਿਚਾਰਧਾਰਾਹੀਣ, ਅਧਾਰਹੀਣ ਪਾਰਟੀ ਇੱਕ ਵਧੀਆ, ਵੀ.ਆਈ.ਪੀ. ਕਲਚਰ ਰਹਿਤ ਸ਼ਾਸਨ, ਜਨਤਾ ਨੂੰ ਇਨਸਾਫ, ਭ੍ਰਿਸ਼ਟਾਚਾਰ ਰਹਿਤ ਜਵਾਬਦੇਹ ਸਰਕਾਰ ਦੇਣ ਦੀ ਥਾਂ ਨਫ਼ਰਤ, ਹੈਂਕੜ ਅਤੇ ਏਕਾਧਿਕਾਰ ਤਾਨਾਸ਼ਾਹ ਢੰਗ ਨਾਲ ਪੁਲਸਸ਼ਾਹੀ ਬਲਬੂਤੇ ਸਰਕਾਰ ਚਲਾਉਣ ਲੱਗ ਪਈ ਤਾਂ ਦੋਂਹ ਸਾਲਾਂ ਵਿੱਚ ਹੀ ਪੰਜਾਬ ਦੇ ਜੁਝਾਰੂ, ਇਨਕਲਾਬੀ, ਮੌਤ ਨੂੰ ਮਖੌਲਾਂ ਕਰਨ ਵਾਲੇ ਲੋਕ ਇਸ ਵਿਰੁੱਧ ਲਾਮਬੰਦ ਹੋਣ ਸ਼ੁਰੂ ਹੋ ਗਏ ਹਨ। ਇੰਨੀ ਛੇਤੀ ਕਦੇ ਕਿਸੇ ਸਰਕਾਰ ਵਿਰੁੱਧ ਲੋਕ ਇਕੱਠੇ ਨਹੀਂ ਹੋਏ ਜਿੰਨੀ ਛੇਤੀ ਇਸ ਵਿਰੁੱਧ ਉੱਠ ਖੜ੍ਹੇ ਹੋਏ ਹਨ। ਇੱਕ ਕਾਮੇਡੀਅਨ ਨੂੰ ਲੋਕ ਮੱਸੇ ਰੰਗੜ, ਅਹਿਮਦ ਸ਼ਾਹ ਅਬਦਾਲੀ, ਬੇਅੰਤ ਸਿੰਘ, ਕੇ.ਪੀ.ਐੱਸ. ਗਿੱਲ ਵਾਂਗ ਬੁੱਚੜ ਕਿਉਂ ਪੁਕਾਰਨ ਲੱਗ ਪਏ, ਇਹ ਠੰਢੇ ਦਿਮਾਗ ਅਤੇ ਤਰਕਸ਼ੀਲਤਾ ਨਾਲ ਵਿਚਾਰਨ ਦਾ ਵਿਸ਼ਾ ਹੈ। ਅਜੇ ਵੀ ਡੁੱਲ੍ਹੇ ਬੇਰਾਂ ਦਾ ਕੁਝ ਨਹੀਂ ਵਿਗੜਿਆ, ਭਗਵੰਤ ਮਾਨ ਸਰਕਾਰ ਆਪਣੀਆਂ ਗਲਤੀਆਂ ਜਨਤਕ ਕਚਹਿਰੀ ਵਿੱਚ ਸੁਧਾਰ ਲਵੇ।
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(4686)
(ਸਰੋਕਾਰ ਨਾਲ ਸੰਪਰਕ ਲਈ: (