“ਪ੍ਰਤੀ ਜੀਅ ਆਮਦਨ ਵਜੋਂ ਦੇਸ਼ ਦਾ ਤੀਜਾ ਰਾਜ ਉੱਭਰਨ ਵਾਲੇ ਹਰਿਆਣਾ ...”
(8 ਅਗਸਤ 2023)
ਹਰਿਆਣਾ ਅੰਦਰ ਭਾਜਪਾ ਦੀ ਅਗਵਾਈ ਵਾਲੀ ਭਾਜਪਾ - ਜੇ. ਜੇ. ਪੀ. ਗਠਜੋੜ ਅਧਾਰਿਤ ਸ਼੍ਰੀ ਮਨੋਹਰ ਲਾਲ ਖੱਟਰ ਸਰਕਾਰ ਉਵੇਂ ਹੀ ਨੂਹ ਫਿਰਕੂ ਹਿੰਸਾ ਰੋਕਣ ਵਿੱਚ ਬੁਰੀ ਤਰ੍ਹਾਂ ਨਾਕਾਮ ਰਹੀ ਹੈ ਜਿਵੇਂ 26 ਅਗਸਤ, 2017 ਨੂੰ ਤੱਤਕਾਲੀ ਭਾਜਪਾ ਦੀ ਮਨੋਹਰ ਲਾਲ ਖੱਟਰ ਸਰਕਾਰ ਰਹੀ ਸੀ। ਉਦੋਂ ਮੁੱਖ ਮੰਤਰੀ ਸ਼੍ਰੀ ਖੱਟਰ ਨੇ ਇਹ ਮੰਨਿਆ ਸੀ ਕਿ ਬਲਾਤਕਾਰੀ ਅਤੇ ਕਤਲ ਦੇ ਦੋਸ਼ਾਂ ਵਿੱਚ ਸੀ. ਬੀ. ਆਈ. ਵਿਸ਼ੇਸ਼ ਅਦਾਲਤ ਵਿਖੇ ਪੇਸ਼ ਹੋਣ ਆਏ ਸੌਦਾ ਸਾਧ ਸਿਰਸੇ ਵਾਲਾ ਗੁਰਮੀਤ ਰਾਮ ਰਹੀਮ, ਜਿਸ ਨੂੰ ਅਦਾਲਤ ਨੇ ਸਜ਼ਾ ਸੁਣਾਈ ਸੀ, ਮੌਕੇ ਉਸ ਦੇ ਵੱਡੀ ਗਿਣਤੀ ਵਿੱਚ ਆਏ ਅਨੁਯਾਈਆਂ ਵੱਲੋਂ ਵਿਆਪਕ ਪੱਧਰ ’ਤੇ ਹਿੰਸਾ, ਤੋੜ-ਫੋੜ, ਅਗਜ਼ਨੀ ਅਤੇ ਦੰਗਾ ਰੋਕਣ ਵਿੱਚ ਉਨ੍ਹਾਂ ਦੀ ਸਰਕਾਰ ਨਾਕਾਮ ਰਹੀ ਸੀ। ਇਸ ਹਿੰਸਾ ਵਿੱਚ ਕਰੀਬ 36 ਲੋਕ ਮਾਰੇ ਗਏ ਸਨ ਅਤੇ 300 ਤੋਂ ਵੱਧ ਜ਼ਖਮੀ ਹੋਏ ਸਨ। ਕਰੋੜਾਂ ਰੁਪਏ ਦੀ ਸੰਪਤੀ ਦਾ ਨਾਸ਼ ਹੋਇਆ ਸੀ। ਕਈ ਟੈਲੀਵਿਜ਼ਨ ਐਂਕਰ ਅਤੇ ਪੱਤਰਕਾਰ ਵੀ ਸ਼ਿਕਾਰ ਹੋਏ ਸਨ। ਇਹ ਹਿੰਸਾ ਪੰਚਕੂਲਾ, ਮੋਹਾਲੀ, ਚੰਡੀਗੜ੍ਹ ਅਤੇ ਆਸ ਪਾਸ ਇਲਾਕਿਆਂ ਵਿੱਚ ਬੇਕਾਬੂ ਫੈਲਦੀ ਵੇਖੀ ਗਈ ਸੀ।
ਤੱਤਕਾਲੀ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਨੇ ਬੁਰੀ ਤਰ੍ਹਾਂ ਆਹਤ ਹੁੰਦੇ ਖੱਟਰ ਸਰਕਾਰ ਦੀ ਨਲਾਇਕੀ ਉਜਾਗਰ ਕਰਦੇ ਕਿਹਾ ਸੀ ਕਿ ਜੇਕਰ ਉਹ ਸੌਦਾ ਸਾਧ ਦੇ ਅਨੁਯਾਈ ਰੋਕਣ ਲਈ ਬੱਸਾਂ ਅਤੇ ਟਰੇਨਾਂ ਦੀ ਆਮਦ ਪੰਚਕੂਲਾ, ਚੰਡੀਗੜ੍ਹ, ਮੁਹਾਲੀ ਆਉਣੋਂ ਰੋਕ ਦਿੰਦੇ ਤਾਂ ਭੀੜ ਵੱਡੇ ਪੱਧਰ ’ਤੇ ਇਕੱਤਰ ਨਾ ਹੁੰਦੀ ਜੋ ਇੱਕ ਦਿਨ ਪਹਿਲਾਂ ਹੀ ਇਕੱਤਰ ਹੋਣੀ ਸ਼ੁਰੂ ਹੋ ਗਈ ਸੀ।
ਨੂਹ ਜ਼ਿਲ੍ਹੇ ਅੰਦਰ ਦੋ ਫਿਰਕਿਆਂ ਵਿੱਚ ਹੋਈ ਅਜੋਕੀ ਹਿੰਸਾ ਵਿੱਚ ਦੋ ਹੋਮ ਗਾਰਡ ਜਵਾਨਾਂ ਸਮੇਤ 6 ਵਿਅਕਤੀ ਹੁਣ ਤਕ ਮਾਰੇ ਗਏ ਹਨ। ਹਿੰਸਾ, ਦੰਗਾ-ਫਸਾਦ, ਅਗਜ਼ਨੀ, ਗੋਲਾਬਾਰੀ, ਪੱਥਰਬਾਜ਼ੀ ਕਰਕੇ ਅਨੇਕ ਵਾਹਨ, ਦੁਕਾਨਾਂ, ਝੁੱਗੀਆਂ-ਝੌਪੜੀਆਂ ਸੜ ਗਏ। ਹਿੰਸਾ ਨੂਹ ਤੋਂ ਸ਼ੁਰੂ ਹੋ ਕੇ ਗੁਰੂਗ੍ਰਾਮ, ਪਲਵਲ, ਫਰੀਦਾਬਾਦ, ਰਾਜਸਥਾਨ ਦੇ ਗੁਆਂਢੀ ਜ਼ਿਲ੍ਹਿਆਂ ਭਰਤਪੁਰ ਅਤੇ ਅਲਵਰ ਆਦਿ ਇਲਾਕਿਆਂ ਵਿੱਚ ਫੈਲ ਗਈ। ਗੁਰੂਗ੍ਰਾਮ ਅਤੇ ਕੁਝ ਹੋਰ ਥਾਂਵਾਂ ਤੋਂ ਰਾਜ ਵਿੱਚ ਬਾਹਰੀ ਰਾਜਾਂ ਤੋਂ ਆਏ ਲੋਕ ਪਲਾਇਨ ਕਰ ਰਹੇ ਹਨ ਭਾਵੇਂ ਗੁਰੂਗ੍ਰਾਮ ਦੇ ਡਿਪਟੀ ਕਮਿਸ਼ਨਰ ਨਿਸ਼ਾਂਤ ਕੁਮਾਰ ਯਾਦਵ ਨੇ ਲੋਕਾਂ ਨੂੰ ਵਾਪਸ ਪਰਤਣ ਅਤੇ ਉਨ੍ਹਾਂ ਦੀ ਪੂਰੀ ਹਿਫਾਜ਼ਤ ਕਰਨ ਦਾ ਵਾਅਦਾ ਕੀਤਾ ਹੈ।
ਇਸ ਹਿੰਸਾ ਤੋਂ ਆਹਤ ਮਾਣਯੋਗ ਸੁਪਰੀਮ ਕੋਰਟ ਨੇ ਉੱਤਰ ਪ੍ਰਦੇਸ਼, ਹਰਿਆਣਾ ਅਤੇ ਦਿੱਲੀ ਸਰਕਾਰਾਂ ਨੂੰ ਨੋਟਿਸ ਜਾਰੀ ਕਰਦੇ ਕੇਂਦਰ ਸਰਕਾਰ ਨੂੰ ਕਿਹਾ ਹੈ ਕਿ ਉਹ ਇਹ ਸੁਨਿਸ਼ਚਤ ਕਰੇ ਕਿ ਦਿੱਲੀ ਐੱਨ.ਸੀ.ਆਰ. ਵਿਖੇ ਕੋਈ ਨਫਰਤੀ ਭਾਸ਼ਣ ਜਾਂ ਹਿੰਸਾ ਨਾ ਹੋਵੇ। ਉਸ ਨੇ ਪਹਿਲਾਂ ਵੀ ਵਿਸ਼ਵ ਹਿੰਦੂ ਪ੍ਰੀਸ਼ਦ ਅਤੇ ਬਜਰੰਗ ਦਲ ਦੀ ਮਾਰਚ ਨੂੰ ਲੈ ਕੇ ਸੀ.ਸੀ.ਟੀ.ਵੀ. ਕੈਮਰੇ ਲਾਉਣ ਅਤੇ ਵਾਧੂ ਪੁਲਿਸ ਅਤੇ ਅਰਧ ਸੈਨਿਕ ਬਲ ਤਾਇਨਾਤ ਕਰਨ ਲਈ ਕਿਹਾ ਸੀ।
ਹਰਿਆਣਾ ਸਰਕਾਰ ਨੇ ਇਸ ਹਿੰਸਾ ਦੀ ਜਾਂਚ ਲਈ ਤਿੰਨ ਮੈਂਬਰੀ ਐੱਸ.ਆਈ.ਟੀ. ਗਠਿਤ ਕਰ ਦਿੱਤੀ ਹੈ। ਇਹ ਮੋਨੂੰ ਨਾਮਕ ਰਾਜਸਥਾਨ ਅਤੇ ਹਰਿਆਣਾ ਦੀ ਪੁਲਿਸ ਨੂੰ ਲੋੜੀਂਦੇ ‘ਗਊ ਰਖਿਅਕ’ (ਮੋਸਟ ਵਾਂਟਿਡ) ਦੀ ਭੂਮਿਕਾ ਦੀ ਵੀ ਜਾਂਚ ਕਰੇਗੀ। ਇਹਤਿਆਤ ਵਜੋਂ ਨੂਹ, ਪਲਵਲ, ਗੁਰੂਗ੍ਰਾਮ, ਫਰੀਦਾਬਾਦ ਜ਼ਿਲ੍ਹਿਆਂ, ਪਟੌਦੀ ਅਤੇ ਥਾਨੇਸਰ ਦੇ ਕੁਝ ਇਲਾਕਿਆਂ, ਰਾਜਸਥਾਨ ਦੇ ਅਲਵਰ ਦੇ 10 ਅਤੇ ਭਰਤਪੁਰ ਜ਼ਿਲ੍ਹੇ ਦੇ 4 ਖੇਤਰਾਂ ਵਿੱਚ ਦਫਾ 144 ਲਗਾ ਦਿੱਤੀ ਗਈ ਹੈ। ਜੇ ਲੋੜ ਪਈ ਤਾਂ ਅਮਨ-ਕਾਨੂੰਨ ਦੀ ਸਥਿਤੀ ’ਤੇ ਨਜ਼ਰਸਾਨੀ ਕਰਕੇ ਅੱਗੋਂ ਮਾਕੂਲ ਪ੍ਰਬੰਧ ਕੀਤਾ ਜਾਵੇਗਾ।
ਲੇਕਿਨ ਸੱਚ ਇਹ ਵੀ ਹੈ ਕਿ ਜਿਵੇਂ ਹਰਿਆਣਾ ਦੀ ਭਾਜਪਾ-ਜੇਜੇਪੀ ਗਠਜੋੜ ਵਾਲੀ ਖੱਟਰ ਸਰਕਾਰ ਅਤੇ ਪੁਲਿਸ ਪ੍ਰਸ਼ਾਸਨ ਸ਼ਾਂਤੀ ਕਾਇਮ ਹੋਣ ਦਾ ਦਾਅਵਾ ਕਰ ਰਹੇ ਹਨ, ਅਜਿਹਾ ਨਹੀਂ ਹੈ। ਬੁੱਧਵਾਰ ਰਾਤ ਦੇ 11.30 ਵਜੇ ਨੂਹ ਜ਼ਿਲ੍ਹੇ ਅੰਦਰ ਦੋ ਮਸਜਿਦਾਂ ਤੇ ਮੋਟਰ ਸਾਈਕਲ ਦੰਗਈਆਂ ਨੇ ਮੋਲਟੋਵ ਕਾਕਟੇਲਜ਼ ਨਾਲ ਹਮਲਾ ਕੀਤਾ ਜਿਨ੍ਹਾਂ ਨਾਲ ਕੁਝ ਨੁਕਸਾਨ ਹੋਇਆ, ਭਾਵੇਂ ਇਸ ਨਾਲ ਕੋਈ ਵਿਅਕਤੀ ਜਖ਼ਮੀ ਨਹੀਂ ਹੋਇਆ। ਇਨ੍ਹਾਂ ਵਿੱਚੋਂ ਇੱਕ ਮਸਜਿਦ ਵਿਜੈ ਚੌਂਕ ਅਤੇ ਦੂਸਰੀ ਪੁਲਿਸ ਸਟੇਸ਼ਨ ਨੇੜੇ ਸਥਿਤ ਹੈ। ਐੱਸ.ਪੀ. ਨੂਹ ਵਰੁਣ ਸਿੰਗਲਾ ਦਾ ਕਹਿਣਾ ਹੈ ਕਿ ਦੋਸ਼ੀਆਂ ਨੂੰ ਪਕੜਣ ਲਈ ਛਾਪੇਮਾਰੀ ਜਾਰੀ ਹੈ। ਸਪਸ਼ਟ ਹੈ ਕਿ ਦੰਗਈ, ਹਿੰਸਕ ਅਤੇ ਫਿਰਕੂ ਅਨਸਰ ਅਜੇ ਵੀ ਹਿੰਸਾ ਗ੍ਰਸਤ ਇਲਾਕਿਆਂ ਵਿੱਚ ਦਨਦਨਾਉਂਦਾ ਖੁੱਲ੍ਹੇਆਮ ਘੁੰਮ ਰਿਹਾ ਹੈ। ਇਸੇ ਦੌਰਾਨ ਪਲਵਲ ਵਿਖੇ ਇੱਕ ਚੂੜੀਆਂ ਵਾਲੀ ਦੁਕਾਨ ਨੂੰ ਦੰਗਈ ਅਨਸਰ ਨੇ ਅਗਨ ਹਵਾਲੇ ਕਰ ਦਿੱਤਾ। ਨਤੀਜਾਤਨ ਐੱਸ.ਪੀ. ਸਿੰਗਲਾ ਨੂੰ ਬਦਲ ਕੇ ਨਰਿੰਦਰ ਬਜਰਾਣੀਆ ਲਗਾਇਆ ਗਿਆ।
ਦਰਅਸਲ ਨੂਹ ਮੁਸਲਿਮ ਭਾਈਚਾਰੇ ਨਾਲ ਸਬੰਧਿਤ ਬਹੁਗਿਣਤੀ ਵਾਲਾ ਜ਼ਿਲ੍ਹਾ ਹੈ ਜੋ ਮੇਵਾਤ ਖੇਤਰ ਦਾ ਹਿੱਸਾ ਹੈ। ਇਸ ਵਿੱਚ ਪਲਵਲ ਦੇ ਕੁਝ ਹਿੱਸੇ, ਗੁਆਂਢੀ ਰਾਜ ਰਾਜਿਸਥਾਨ ਦੇ ਭਰਤਪੁਰ ਅਤੇ ਅਲਵਰ ਜ਼ਿਲ੍ਹੇ ਸ਼ਾਮਿਲ ਹਨ। ਇਸ ਵਿੱਚ ਮੇਵ ਜਾਂ ਮੇਵਾਤੀ ਮੁਸਲਿਮ ਭਾਈਚਾਰਾ ਰਹਿੰਦਾ ਹੈ ਜਿਨ੍ਹਾਂ ਦੀ ਸੱਭਿਆਚਾਰਕ, ਭਾਸ਼ਾਈ ਅਤੇ ਰਹਿਣ-ਸਹਿਣ ਦੀ ਵੱਖਰੀ ਪਹਿਚਾਣ ਹੈ। ਇਹ ਇਲਾਕਾ ਉੱਤਰੀ ਭਾਰਤ ਦੇ ਕੇਂਦਰ ਵਿੱਚ ਹੋਣ ਕਰਕੇ ਨਵੇਕਲੀ ਰਾਜਨੀਤਕ, ਫਿਰਕੂ ਅਤੇ ਯੁੱਧਨੀਤਕ ਪਹਿਚਾਣ ਰੱਖਦਾ ਹੈ। ਸ਼ਾਇਦ ਇਸੇ ਕਰਕੇ ਇਸ ਨੂੰ ਟਾਰਗੈਟ ਕੀਤਾ ਗਿਆ ਹੈ।
ਨੂਹ ਦੇ ਕਾਂਗਰਸੀ ਵਿਧਾਇਕ ਆਫਤਾਬ ਅਹਿਮਦ ਅਨੁਸਾਰ ਗਊ ਰੱਖਿਅਕ ਦਸਤੇ ਦੇ ਮੋਨੂੰ ਮਾਨੇਸਰ ਅਤੇ ਇਹ ਹੋਰ ਗਊ ਰੱਖਿਅਕ ਬਿੱਟੂ ਬਜਰੰਗੀ ਨੇ ਮੇਵ ਮੁਸਲਿਮ ਭਾਈਚਾਰੇ ਨੂੰ ਸੰਬੋਧਿਤ ਇੱਕ ਵੀਡੀਓ ਪੋਸਟ ਪਾਈ ਜੋ ਮੌਜੂਦਾ ਹਿੰਸਾ ਦਾ ਆਧਾਰ ਬਣੀ। ਫਰਵਰੀ 2023 ਵਿੱਚ ਮੋਨੂੰ ਮਾਨੇਸਰ ਨੂੰ ਭਰਤਪੁਰ ਪੁਲਿਸ ਨੇ ਇੱਕ ਐੱਫਆਈਆਰ ਵਿੱਚ ਸ਼ਾਮਿਲ ਕੀਤਾ। ਜੁਨੈਦ ਅਤੇ ਨਾਸਰ ਨਾਮਕ ਦੋ ਮੇਵਾਤ ਭਾਈਚਾਰੇ ਨਾਲ ਸਬੰਧਿਤ ਵਿਅਕਤੀਆਂ ਦੀ ਜਲੀਆਂ ਲਾਸ਼ਾਂ ਭਿਵਾਨੀ ਜ਼ਿਲ੍ਹੇ ਵਿੱਚੋਂ ਪ੍ਰਾਪਤ ਹੋਈਆਂ ਸਨ ਜਿਸ ਕਰਕੇ ਇਲਾਕੇ ਵਿੱਚ ਅੰਦਰੋ ਅੰਦਰ ਗੁੱਸੇ ਦੀ ਲਹਿਰ ਵੇਖੀ ਜਾ ਰਹੀ ਸੀ।
ਬ੍ਰਜਮੰਡਲ ਯਾਤਰਾ, ਜੋ ਨਲਹਰ ਮਹਾਂਦੇਵ ਮੰਦਰ ਤੋਂ 40 ਕਿਲੋਮੀਟਰ ਫਿਰੋਜ਼ਪੁਰ ਝਿਰਕਾ ਵਿਖੇ ਮਹਾਂਦੇਵ ਮੰਦਰ ਤਕ ਜਾਣੀ ਸੀ, ਜਿਸ ਨੂੰ ਵਿਸ਼ਵ ਹਿੰਦੂ ਪ੍ਰੀਸ਼ਦ, ਬਜਰੰਗ ਦਲ ਅਤੇ ਮਾਤਰ ਸ਼ਕਤੀ ਦੁਰਗਾ ਨੇ ਆਯੋਜਤ ਕੀਤਾ ਸੀ, ਅਜੇ 5 ਕਿਲੋਮੀਟਰ ਵੀ ਨਹੀਂ ਸੀ ਚਲੀ ਕਿ ਇੱਕ ਭਾਈਚਾਰੇ ਵੱਲੋਂ ਪਥਰਾਅ ਅਤੇ ਵਿਰੋਧ ਕਰਕੇ ਗੋਲਾਬਾਰੀ, ਅਗਜ਼ਨੀ, ਤੋੜ-ਫੋੜ ਅਤੇ ਭਾਰੀ ਹਿੰਸਾ ਫੈਲ ਗਈ। ਸਭ ਤੋਂ ਵੱਡਾ ਸਵਾਲ ਇੱਥੇ ਖੜ੍ਹਾ ਹੁੰਦਾ ਹੈ ਕਿ ਅਜਿਹਾ ਕਿਉਂ ਹੋਇਆ? ਇਸ ਕਰਕੇ ਗੁਰੂਗ੍ਰਾਮ ਦੇ ਸੈਕਟਰ 57 ਵਿੱਚ ਸਥਿਤ ਮਸਜਿਦ ਦਾ ਨਾਇਬ ਇਮਾਮ ਮੌਲਾਦਾ ਸਾਦ 9 ਚਾਕੂਆਂ ਦੇ ਵਾਰ ਨਾਲ ਮਾਰਿਆ। ਮਸਜਿਦ ਅੱਗ ਹਵਾਲੇ ਕੀਤੀ ਅਤੇ ਪ੍ਰਸ਼ਾਸਕ ਖੁਰਸ਼ੀਦ ਆਲਮ ਬੁਰੀ ਤਰ੍ਹਾਂ ਜ਼ਖਮੀ ਕੀਤਾ ਗਿਆ। ਇਸੇ ਦੌਰਾਨ ਨਲਹਰ ਮਹਾਂਦੇਵ ਮੰਦਰ ਵਿੱਚੋਂ ਬਾਹਰੋਂ ਆਏ ਸ਼ਰਧਾਲੂਆਂ ਦੀ ਤਿੰਨ ਹਜ਼ਾਰ ਦੇ ਕਰੀਬ ਭੀੜ ਫਸ ਗਈ ਜਿਸ ’ਤੇ ਉੱਚੀਆਂ ਪਹਾੜੀਆਂ ਤੋਂ ਦੂਸਰੇ ਭਾਈਚਾਰੇ ਦੇ ਲੋਕਾਂ ਵਲੋਂ ਪੱਥਰਬਾਜ਼ੀ ਅਤੇ ਗੋਲਾਬਾਰੀ ਕੀਤੇ ਜਾਣ ਦੇ ਵੇਰਵੇ ਵੀ ਸਾਹਮਣੇ ਆ ਰਹੇ ਹਨ।
ਹਰਿਆਣਾ ਦੀ ਸਖਤ ਪੁਲਿਸ ਅਫਸਰ ਏ.ਡੀ.ਪੀ. ਮਮਤਾ ਸਿੰਘ ਦਾ ਮੰਨਣਾ ਹੈ ਇਹ ਯਾਤਰਾ ਪਹਿਲੀ ਨਹੀਂ ਸੀ, ਇਸ ਤੋਂ ਪਹਿਲਾਂ ਵੀ ਦੋ ਯਾਤਰਾਵਾਂ ਕੱਢੀਆਂ ਗਈਆਂ ਸਨ ਜੋ ਸ਼ਾਂਤੀਪੂਰਵਕ ਰਹੀਆਂ ਸਨ। ਇਸ ਯਾਤਰਾ ਤੋਂ ਪਹਿਲਾਂ 26 ਜੁਲਾਈ 2023 ਨੂੰ ਸਬੰਧਿਤ ਪ੍ਰਬੰਧਕਾਂ ਅਤੇ ਦੋਹਾਂ ਭਾਈਚਾਰਿਆਂ ਦੀਆਂ ਸ਼ਾਂਤੀ ਕਮੇਟੀਆਂ ਨਾਲ ਮੀਟਿੰਗ ਹੋਈਆਂ ਸਨ। ਉਨ੍ਹਾਂ ਭਰੋਸਾ ਦਿੱਤਾ ਸੀ ਕਿ ਯਾਤਰਾ ਸ਼ਾਂਤੀਪੂਰਵਕ ਹੋਵੇਗੀ। ਇਸ ਮੰਤਵ ਲਈ ਦਸ ਅਰਧ ਫੌਜੀ ਬਲਾਂ ਦੀਆਂ ਕੰਪਨੀਆਂ ਤਾਇਨਾਤ ਕੀਤੀਆਂ ਸਨ। ਲੇਕਿਨ ਬਿੱਟੂ ਬਜਰੰਗੀ ਨੇ ਵੀਡੀਓ ਰਾਹੀਂ ਉਕਸਾਇਆ ਕਿ ਉਹ ਆਵੇਗਾ, ‘ਗੋਲੀ ਦਾ ਜਵਾਬ ਗੋਲੀ ਨਾਲ ਦਿੱਤਾ ਜਾਵੇਗਾ।’
ਲੇਕਿਨ ਸਥਾਨਿਕ ਭਾਈਚਾਰਾ ਵਿਰੋਧ ਵਿੱਚ ਕਿਉਂ ਇਕੱਤਰ ਹੋਣ ਦਿੱਤਾ? ਦੂਸਰੇ ਯਾਤਰੂਆਂ ਨੂੰ ਹਥਿਆਰਾਂ ਅਤੇ ਬੰਦੂਕਾਂ ਨਾਲ ਕਿਉਂ ਚੱਲਣ ਦਿੱਤਾ? ਲੋੜੀਂਦੇ ਸੁਰੱਖਿਆ ਦਸਤੇ ਕਿਉਂ ਨਹੀਂ ਤਾਇਨਾਤ ਕੀਤੇ? ਜੋ ਦੰਗੇ ਦੇਸ਼ ਵੰਡ ਵੇਲੇ ਇਸ ਇਲਾਕੇ ਵਿੱਚ ਨਹੀਂ ਹੋਏ, ਹੁਣ ਕਿਉਂ ਹੋਏ ਰਾਉ ਇੰਦਰਜੀਤ ਸਿੰਘ ਸਾਬਕਾ ਸਾਂਸਦ ਦਾ ਕਹਿਣਾ ਸੀ। ਇਸ ਨਾਲ ਗੁਰੂਗਾਉਂ ਅਤੇ ਨਾਲ ਦੇ ਖੇਤਰਾਂ ਵਿੱਚ ਨਿਵੇਸ਼ ’ਤੇ ਅਸਰ ਪਵੇਗਾ। ਉਪ ਮੁੱਖ ਮੰਤਰੀ ਦੁਸ਼ਅੰਤ ਚੋਟਾਲਾ ਦਾ ਦੋਸ਼ ਹੈ ਕਿ ਵੀ.ਐੱਚ.ਪੀ. ਨੇ ਸਰਕਾਰ ਨੂੰ ਗੁਮਰਾਹ ਕੀਤਾ। ਉਨ੍ਹਾਂ ਪੁਲਿਸ ਦੀ ਨਾਕਾਮੀ ’ਤੇ ਵੀ ਸਵਾਲ ਚੁੱਕੇ ਹਨ। ਹਰਿਆਣਾ ਦੇ ਗ੍ਰਹਿ ਮੰਤਰੀ ਅਨਿਲ ਵਿੱਜ ਨੇ ਵੀ ਬਗੈਰ ਸੋਚੇ ਸਮਝੇ ਬਿਆਨਬਾਜ਼ੀ ਕੀਤੀ ਕਿ ਇੱਕ ਭਾਈਚਾਰੇ ਦੇ ਦੰਗਈਆਂ ਨੇ ਨਲਹਰ ਮਹਾਂਦੇਵ ਮੰਦਰ ਵਿੱਚ ਸ਼ਰਧਾਲੂ ਬੰਧਕ ਬਣਾ ਕੇ ਰੱਖੇ ਜਦਕਿ ਮੰਦਰ ਦੇ ਪੁਜਾਰੀ ਨੇ ਇਸ ਦੋਸ਼ ਨੂੰ ਨਕਾਰਿਆ। ਸਥਿਤੀ ਜ਼ਰੂਰ ਤਣਾਅਪੂਰਨ ਦਰਸਾਈ। ਅਰਵਿੰਦ ਕੇਜਰੀਵਾਲ ਆਮ ਆਦਮੀ ਪਾਰਟੀ ਸੁਪਰੀਮੋ ਨੇ ਨੂਹ ਹਿੰਸਾ ਨੂੰ ਭਿਅੰਕਰ ਦੁਖਦਾਈ ਦੱਸਦੇ ਲੋਕਾਂ ਨੂੰ ਸ਼ਾਂਤੀ ਬਣਾਈ ਰੱਖਣ ਦੀ ਅਪੀਲ ਕੀਤੀ।
ਇਸੇ ਦੌਰਾਨ ਪਹਿਲੀ ਅਗਸਤ 2023 ਨੂੰ ‘ਭਾਰਤ ਸੰਵਿਧਾਨਿਕ ਕਲੱਬ’ ਵੱਲੋਂ ਆਯੋਜਿਤ ਸਮਾਰੋਹ ਵਿੱਚ ‘ਰਾਸ਼ਟਰੀ ਸੁਰੱਖਿਆ ਮਾਮਲਿਆਂ’ ਦੇ ਵਿਸ਼ੇ ’ਤੇ ਬੋਲਦਿਆਂ ਸਾਬਕਾ ਜੰਮੂ-ਕਸ਼ਮੀਰ ਰਾਜਪਾਲ ਸਤਪਾਲ ਮਲਿਕ ਨੇ ਖਦਸ਼ਾ ਜ਼ਾਹਿਰ ਕੀਤਾ ਕਿ ਭਾਜਪਾ ਅਗਲੇ ਸਾਲ 2024 ਦੀਆਂ ਆਮ ਚੋਣਾਂ ਲਈ ਕਿਸੇ ਵੀ ਹੱਦ ਤਕ ਜਾ ਸਕਦੀ ਹੈ। ਉਨ੍ਹਾਂ ਰਾਮ ਮੰਦਰ ਅਯੁਧਿਆ ’ਤੇ ਹਮਲਾ ਜਾਂ ਪਾਕਿਸਤਾਨ ਨਾਲ ਯੁੱਧਨੀਤਕ ਸੰਘਰਸ਼ ਅਮਲ ਵਿੱਚ ਲਿਆਉਣ ਦਾ ਦੋਸ਼ ਲਗਾਇਆ। ਇਹ ਕੁਝ ਨਾ ਕੁਝ ਕਰਨਗੇ, ਇਹ ਇਨ੍ਹਾਂ ਦਾ ਸੁਭਾਅ ਹੈ। ਸਾਬਕਾ ਮੁੱਖ ਮੰਤਰੀ ਹਿਮਾਚਲ ਪ੍ਰਦੇਸ਼ ਅਤੇ ਭਾਜਪਾ ਪ੍ਰੌੜ੍ਹ ਆਗੂ ਸ਼ਾਂਤਾ ਕੁਮਾਰ ਮਨੀਪੁਰ ਨੇ ਨੂਹ ਹਿੰਸਾ ਤੇ ਚਿੰਤਾ ਜਤਾਈ ਅਤੇ ਨਿਰਣਾਇਕ ਕਾਰਵਾਈ ਦੀ ਮੰਗ ਕੀਤੀ। ਕੁਝ ਆਲੋਚਕਾਂ ਦਾ ਕਹਿਣਾ ਹੈ ਕਿ ਕੋਈ ਗਜ਼ ਮਾਰਨ ਵਾਲਾ ਹਰਿਆਣਾ ਵਰਗਾ ਰਾਜ ਨਹੀਂ ਸੰਭਾਲ ਸਕਦਾ। ਪ੍ਰਤੀ ਜੀਅ ਆਮਦਨ ਵਜੋਂ ਦੇਸ਼ ਦਾ ਤੀਜਾ ਰਾਜ ਉੱਭਰਨ ਵਾਲੇ ਹਰਿਆਣਾ (ਪੰਜਾਬ 18ਵਾਂ) ਦੀ ਸੰਭਾਲ ਕਿਸੇ ਪ੍ਰੌੜ੍ਹ, ਤੇਜ਼ ਤਰਾਰ ਆਗੂ ਨੂੰ ਸੌਂਪਣੀ ਚਾਹੀਦੀ ਹੈ। ਰਾਜ ਦੀ ਸੰਪਰਦਾਇਕ ਸੰਵੇਦਨਸ਼ੀਲ ਸਥਿਤੀ ਸੰਭਾਲਣ ਲਈ ਜੇਕਰ ਭਾਜਪਾ ਨੇ ਢੁਕਵੇਂ ਕਦਮ ਨਾ ਚੁੱਕੇ ਤਾਂ ਅਗਲੇ ਵਰ੍ਹੇ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਜਿੱਤਣਾ ਸੰਭਵ ਨਹੀਂ ਹੋਵੇਗਾ।
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(4140)
(ਸਰੋਕਾਰ ਨਾਲ ਸੰਪਰਕ ਲਈ: (This email address is being protected from spambots. You need JavaScript enabled to view it.)