“ਜੇਕਰ ਇੰਡੀਆ ਗਠਜੋੜ ਇੱਕਜੁੱਟ ਹੋ ਕੇ ਸੰਨ 2024 ਦੀਆਂ ਲੋਕ ਸਭਾ ਚੋਣਾਂ ਦੀ ਤਿਆਰੀ ਕਰਦਾ ਹੈ ਤਾਂ ਐੱਨ.ਡੀ.ਏ. ਨੂੰ ...”
(20 ਸਤੰਬਰ 2023)
ਤਿੰਨ ਰੋਜ਼ਾ ਜੀ-20 ਦੇਸ਼ਾਂ ਦੇ ਨਵੀਂ ਦਿੱਲੀ, ਭਾਰਤ ਵਿੱਚ ਸਿਖ਼ਰ ਸੰਮੇਲਨ ਅਤੇ ਚੰਦਰਯਾਨ ਦੇ ਸਫਲਤਾਪੂਰਵਕ ਚੰਦਰਮਾ ਦੇ ਦੱਖਣ ਖੇਤਰ ਵਿੱਚ ਉੱਤਰਨ, ਖੂਬਸੂਰਤ ਤਸਵੀਰਾਂ ਭੇਜਣ ਆਦਿ ਦੇ ਢੋਲ-ਢਮੱਕੇ ਵਿੱਚ 6 ਰਾਜਾਂ ਦੇ 7 ਵਿਧਾਨ ਸਭਾ ਹਲਕਿਆਂ ਵਿੱਚ 5 ਸਤੰਬਰ, 2023 ਨੂੰ ਹੋਈਆਂ ਉਪ ਚੋਣਾਂ ਦੇ ਕੇਂਦਰ ਵਿੱਚ ਸੱਤਾਧਾਰੀ ਭਾਜਪਾ, ਐੱਨ.ਡੀ.ਏ. ਗਠਜੋੜ, ਸੰਘ-ਪਰਿਵਾਰ ਅਤੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਲੀਡਰਸ਼ਿੱਪ ਨੂੰ ਦਿੱਤੇ ਚੁਣੌਤੀ ਅਤੇ ਚਿਤਾਵਨੀ ਭਰੇ ਸੰਕੇਤ ਛੁਪਾਉਣ ਦੇ ਭਰਪੂਰ ਯਤਨ ਕੀਤੇ ਗਏ। ਪਰ ਭਾਰਤ ਦੇ ਕਰੋੜਾਂ ਦੱਬੇ-ਕੁੱਚਲੇ, ਗਰੀਬ, ਦਲਿਤ, ਘੱਟ-ਗਿਣਤੀ, ਨੀਵੀਆਂ ਜਾਤਾਂ, ਕਬਾਇਲੀ ਇਲਾਕਿਆਂ ਦੇ ਵਿਕਾਸ ਦੀ ਚਕਾਚੌਂਧ ਤੋਂ ਬੁਰੀ ਤਰ੍ਹਾਂ ਵਿਰਵੇ ਲੋਕ ਜਿਨ੍ਹਾਂ ਨੂੰ ਜੀ-20 ਆਗੂਆਂ ਤੋਂ ਲੁਕਾਉਣ ਦੇ ਯਤਨ ਕੀਤੇ ਗਏ, ਜੁਮਲਿਆਂ ਨਾਲ ਵਰਚਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ, 76 ਸਾਲ ਲੁਕਣਮੀਟੀ ਖੇਡੀ, ਭਲੀਭਾਂਤ ਜਾਣਦੇ ਹਨ ਕਿ ਚੋਣਾਂ ਵੇਲੇ ਕਿਵੇਂ ਹੰਕਾਰੀ, ਤਾਕਤਵਰ, ਧਨਾਢ, ਬਾਹੂਬਲੀਆਂ, ਧੋਖੇਬਾਜ਼ਾਂ, ਝੂਠੇ ਲਾਰੇ ਅਤੇ ਮੁਫ਼ਤਖੋਰ ਦੁਕਾਨਾਂ ਪਰੋਸਣ ਵਾਲਿਆਂ ਨੂੰ ਜਵਾਬ ਦੇਣਾ ਹੈ। ਸ਼੍ਰੀਮਤੀ ਇੰਦਰਾ ਗਾਂਧੀ ਜਿਸ ਨੂੰ ਤੱਤਕਾਲੀ ਕਾਂਗਰਸ ਪ੍ਰਧਾਨ ਡੀ.ਕੇ. ਬਹੂਆ ਤੇ ਕਾਂਗਰਸ ਨੇ ‘ਇੰਡੀਆ ਇਜ਼ ਇੰਦਰਾ, ਇੰਦਰਾ ਇਜ਼ ਇੰਡੀਆ’ ਵਜੋਂ ਭਾਰਤ ਦੀ ਹੱਬ ਵਜੋਂ ਪ੍ਰਚਾਰਿਆ ਜਿਸ ਨੇ ਐਮਰਜੈਂਸੀ ਲਗਾ ਕੇ ਲੋਕਾਂ ਦੀ ਜ਼ਬਾਨ ’ਤੇ ਤਾਲਾਬੰਦੀ ਕੀਤੀ, ਨੂੰ 1977 ਦੀ ਚੋਣਾਂ ਵਿੱਚ ਸਬਕ ਸਿਖਾਇਆ, ਸ਼੍ਰੀ ਅਟਲ ਬਿਹਾਰੀ ਵਾਜਪਾਈ ਦੀ ਰਾਜਸੀ ਬੇੜੀ ਨੂੰ ‘ਫੀਲ ਗੁੱਡ’ ਅਤੇ ‘ਇੰਡੀਆ ਸ਼ਾਈਨਿੰਗ’ ਦੇ ਨਾਅਰੇ ਸੰਨ 2004 ਦੀਆਂ ਲੋਕ ਸਭਾ ਚੋਣਾਂ ਵਿੱਚ ਪਾਰ ਨਹੀਂ ਲਗਾ ਸਕੇ। ਹੁਣ ਗਰੀਬ ਭਾਰਤ ਦੇ ‘ਵਿਸ਼ਵ ਗੁਰੂ’ ਦਰਸਾਏ ਜਾ ਰਹੇ ਸ਼੍ਰੀ ਨਰੇਂਦਰ ਮੋਦੀ ਨੂੰ ਸੰਨ 2024 ਵਿੱਚ ਹੋਣ ਜਾ ਰਹੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਹੀ ਭਾਰਤੀ ਵੋਟਰ ਸੰਕੇਤ ਦੇਣ ਲੱਗ ਪਏ ਹਨ ਕਿ ਉਹ ਭਵਿੱਖ ਵਿੱਚ ਕਿਹੋ ਜਿਹਾ ਆਗੂ ਚਾਹੁੰਦੇ ਹਨ।
ਉਨ੍ਹਾਂ ਨੂੰ ‘ਮੇਕ ਇਨ ਇੰਡੀਆ’, ‘ਡਿਜੀਟਲ ਇੰਡੀਆ’, ‘ਸਕਿੱਲ ਇੰਡੀਆ’, ‘ਖੇਲ ਇੰਡੀਆ’ ਨੂੰ ‘ਭਾਰਤ’ ਵਿੱਚ ਬਦਲਣ ਵਿੱਚ ਕੋਈ ਦਿਲਚਸਪੀ ਨਹੀਂ, ਦੱਖਣੀ ਭਾਰਤੀ ਤਾਂ ਵੈਸੇ ਵੀ ਇਸ ਨੂੰ ਮਹਿਜ਼ ਭਾਜਪਾਈ ਜੁਮਲਾ ਹੀ ਸਮਝਦੇ ਹਨ, ਉਨ੍ਹਾਂ ਨੂੰ ਆਪਣੇ ਅਤੇ ਆਪਣੀਆਂ ਭਵਿੱਖੀ ਪੀੜ੍ਹੀਆਂ ਲਈ ਰੋਜ਼ੀ-ਰੋਟੀ, ਚੰਗੀ ਛੱਤ, ਰੋਜ਼ਗਾਰ ਅਤੇ ਪੀੜ੍ਹੀ ਦਰ ਪੀੜ੍ਹੀ ਗੁਲਾਮੀ ਭਰੀ ਜ਼ਿੱਲਤ ਤੋਂ ਨਿਜਾਤ ਦਾ ਫਿਕਰ ਰਾਤ-ਦਿਨ ਸਤਾਉਂਦਾ ਹੈ। ਕਿਹੋ ਜਿਹਾ ਆਧੁਨਿਕ ਭਾਰਤ ਹੈ ਜਿਸਦਾ ਨਾਮਵਰ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦਿੱਲੀ ਵਿੱਚ ਝੁੱਗੀ-ਝੌਂਪੜੀ ਵਿੱਚ ਵਸੇ ਹਜ਼ਾਰਾਂ ਲੋਕਾਂ ਨੂੰ ਬੁਲਡੋਜ਼ਰ ਚਲਾ ਕੇ ਵਗਾਹ ਬਾਹਰ ਮਾਰਦਾ ਹੈ। ਉਹ ਬੱਚੇ-ਬੁੱਢੇ, ਲਾਚਾਰ ਨੌਜਵਾਨ ਮਰਦ-ਔਰਤਾਂ ਦੋ ਵਕਤ ਦੀ ਰੋਟੀ ਲਈ ਬੇਜ਼ਾਰ ਹੁੰਦੇ ਹਨ। ਦੂਸਰੇ ਪਾਸੇ ਪ੍ਰਧਾਨ ਮੰਤਰੀ ਜੀ ਚਾਂਦੀ ਦੀ ਚਮਕ ਵਾਲੇ ਬਰਤਨਾਂ ਵਿੱਚ ਵਿਦੇਸ਼ੀ ਮਹਿਮਾਨਾਂ ਨਾਲ ਭਾਂਤ-ਭਾਂਤ ਦੇ ਸੁਆਦੀ ਖਾਣੇ ਦਾ ਅਨੰਦ ਮਾਣਦੇ ਹਨ। ‘ਰਾਜ ਧਰਮ’ ਕੀ ਹੈ? ਭਾਰਤੀ ਇਤਿਹਾਸ ਇਸ ਨਾਲ ਲਬਾ-ਲਬ ਹੈ। ਰਾਜਾ ਹਰਸ਼ ਵਰਧਨ ਆਪਣੇ ਕੱਪੜੇ ਤਕ ਉਤਾਰ ਕੇ ਨੰਗੇ ਧੜ ਵਾਲੇ ਭਾਰਤੀਆਂ ਨੂੰ ਦਾਨ ਕਰ ਦਿੰਦਾ ਹੈ। ਆਪਣਾ ਤਨ ਢੱਕਣ ਲਈ ਭੈਣ ਤੋਂ ਧੋਤੀ-ਲੰਗੋਟੀ ਮੰਗਦਾ ਹੈ।
ਖੈਰ! 6 ਰਾਜਾਂ ਵਿੱਚ ਹੋਈਆਂ 7 ਚੋਣਾਂ ਵਿੱਚ ਨਵਾਂ ਰਾਜਨੀਤਕ ਗਠਜੋੜ ਇੰਡੀਆ, ਸੱਤਾਧਾਰੀ ਐੱਨ.ਡੀ.ਏ. ਨੂੰ ਲਤਾੜਦਾ ਨਜ਼ਰ ਆਉਂਦਾ ਹੈ। ਸੱਤ ਵਿੱਚੋਂ 4 ਤੇ ਇੰਡੀਆ ਜਿੱਤ ਪ੍ਰਾਪਤ ਕਰਦਾ ਹੈ। ਐੱਨ.ਡੀ.ਏ. ਨੂੰ ਤਿੰਨ ’ਤੇ ਸਬਰ ਕਰਨਾ ਪੈਂਦਾ ਹੈ। ਸਭ ਤੋਂ ਵੱਡੀ ਕਰਾਰੀ ਸੱਟ ਭਾਜਪਾ, ਸੰਘ ਪਰਿਵਾਰ, ਐੱਨ.ਡੀ.ਏ. ਨੂੰ ਉੱਤਰ ਪ੍ਰਦੇਸ਼ ਦੀ ਵਕਾਰੀ ਸੀਟ ’ਤੇ ਵੱਜਦੀ ਹੈ, ਜਿੱਥੇ ਭਾਜਪਾ ਦੇ ਸ਼੍ਰੀ ਮੋਦੀ ਤੋਂ ਬਾਅਦ ਦੂਸਰੇ ਕਮਾਂਡਰ ਆਗੂ ਯੋਗੀ ਅਦਿਤਿਆ ਮੁੱਖ ਮੰਤਰੀ ਹਨ। ਭਾਜਪਾ ਦੀ ਅਗਵਾਈ ਵਾਲੇ ਐੱਨ.ਡੀ.ਏ. ਗਠਜੋੜ ਨੇ ਤਿਰੀਪੁਰਾ ਦੀਆਂ ਦੋ ਅਤੇ ਉੱਤਰਾਖੰਡ ਦੀ ਇੱਕ ਸੀਟ ’ਤੇ ਜਿੱਤ ਹਾਸਿਲ ਕੀਤੀ ਜਦੋਂ ਕਿ ਨਵੇਂ ਵਿਰੋਧੀ ਧਿਰਾਂ ਦੇ ਉੱਭਰ ਰਹੇ ਗਠਜੋੜ ਇੰਡੀਆ ਨੇ ਉੱਤਰ-ਪ੍ਰਦੇਸ਼, ਪੱਛਮੀ ਬੰਗਾਲ, ਝਾਰਖੰਡ ਅਤੇ ਕੇਰਲਾ ਅੰਦਰ 4 ਸੀਟਾਂ ਤੇ ਜਿੱਤ ਪ੍ਰਾਪਤ ਕੀਤੀ।
ਉੱਤਰ ਪ੍ਰਦੇਸ਼ ਅੰਦਰ ਮਊ ਜ਼ਿਲ੍ਹੇ ਦੇ ਘੋਸੀ ਵਿਧਾਨ ਸਭਾ ਹਲਕੇ ਵਿੱਚ ਕੁਰਕਸ਼ੇਤਰ ਵਰਗਾਂ ਚੋਣ ਘਸਾਮਾਨ ਵੇਖਣ ਨੂੰ ਮਿਲਿਆ। ਇਹ ਉਪ ਚੋਣ ਮੁੱਖ ਮੰਤਰੀ ਯੋਗੀ ਅਦਿਤਿਆ ਨਾਥ ਅਤੇ ਸੰਘ ਪਰਿਵਾਰ ਨੇ ਵਿਰੋਧੀ ਧਿਰਾਂ ਤੇ ਨਵਗਠਨ ਇੰਡੀਆ ਗਠਜੋੜ ਨੂੰ ਆਪਣੀ ਤਾਕਤ ਦਿਖਾਉਣ ਲਈ ਚੱਕਰਵਿਊ ਰਚਨਾ ਦਾ ਨਤੀਜਾ ਸੀ। ਪਰ ਇਸ ਵਿੱਚ ਉਹ ਆਪ ਹੀ ਫਸ ਕੇ ਰਹਿ ਗਏ।
ਭਾਜਪਾ ਦੇ ਦੋ ਦਰਜ਼ਨ ਮੰਤਰੀ ਉਪ ਮੁੱਖ ਮੰਤਰੀ ਸ਼੍ਰੀ ਬ੍ਰਜੇਸ਼ ਪਾਠਕ ਦੀ ਅਗਵਾਈ ਵਿੱਚ 40 ਸਟਾਰ ਪ੍ਰਚਾਰਕਾਂ ਸਮੇਤ ਕਰੀਬ 20 ਦਿਨ ਚੋਣ ਘਮਸਾਨ ਵਿੱਚ ਡਟੇ ਰਹੇ। ਓਮ ਪ੍ਰਕਾਸ਼ ਰਾਜਭਾਰ, ਜਿਸ ਨੇ ਦਲਬਦਲੂ ਭਾਜਪਾ ਉਮੀਦਵਾਰ ਦਾਰਾ ਸਿੰਘ ਚੌਹਾਨ ਸਮੇਤ ਇਸ ਚੋਣ ਵਿੱਚ ਜਿੱਤ ਤੋਂ ਬਾਅਦ ਯੋਗੀ ਕੈਬਨਿਟ ਵਿੱਚ ਸ਼ਮੂਲੀਅਤ ਦੇ ਸੰਕੇਤ ਦਿੱਤੇ ਸਨ। ਭਾਜਪਾ ਨੇ ਸੁਭਾਸਪਾ, ਨਿਸ਼ਾਦ ਪਾਰਟੀ, ਆਪਣਾ ਦਲ ਆਦਿ ਛੋਟੇ ਰਾਜਨੀਤਕ ਗੁੱਟਾਂ ਦੀ ਮਦਦ ਲਈ। 2 ਸਤੰਬਰ ਨੂੰ ਯੋਗੀ ਜੀ ਨੇ ਵੱਡੀ ਰੈਲੀ ਕੀਤੀ।
ਮੁਕਾਬਲਾ ਭਾਜਪਾ ਉਮੀਦਵਾਰ ਦਾਰਾ ਸਿੰਘ ਚੌਹਾਨ ਅਤੇ ਸਮਾਜਵਾਦੀ ਪਾਰਟੀ ਦੇ ਸੁਧਾਕਰ ਸਿੰਘ ਦਰਮਿਆਨ ਸਿੱਧੋ ਸਿੱਧਾ ਸੀ। ਕਾਂਗਰਸ ਅਤੇ ਬਸਪਾ ਨੇ ਉਮੀਦਵਾਰ ਨਹੀਂ ਸਨ ਉਤਾਰੇ। ਦਾਰਾ ਸਿੰਘ ਚੌਹਾਨ ਐੱਨ.ਡੀ.ਏ. ਅਤੇ ਸੁਧਾਰਕ ਸਿੰਘ ਇੰਡੀਆ ਗਠਜੋੜ ਦਾ ਉਮੀਦਵਾਰ ਸੀ।
ਇਸ ਘਮਾਸਾਨ ਵਿੱਚ ਇੰਡੀਆ ਉਮੀਦਵਾਰ ਸੁਧਾਕਰ ਸਿੰਘ ਨੇ ਐੱਨ.ਡੀ.ਏ. ਉਮੀਦਵਾਰ ਦਾਰਾ ਸਿੰਘ ਚੌਹਾਨ ਨੂੰ 42759 ਵੋਟਾਂ ਦੇ ਫਰਕ ਨਾਲ ਧੂਲ ਚਟਾਈ। ਸੁਧਾਕਰ ਸਿੰਘ ਨੂੰ 124427 ਭਾਵ 59.19 ਪ੍ਰਤੀਸ਼ਤ, ਜਦੋਂ ਕਿ ਦਾਰਾ ਸਿੰਘ ਚੌਹਾਨ ਨੂੰ 81668 ਭਾਵ 37.54 ਪ੍ਰਤੀਸ਼ਤ ਵੋਟਾਂ ਪ੍ਰਾਪਤ ਹੋਈਆਂ ਸਨ। ਹੈਰਾਨਗੀ ਇਸ ਗੱਲ ਦੀ ਹੈ ਕਿ ਇਸੇ ਦਲ ਬਦਲੂ ਦਾਰਾ ਸਿੰਘ ਚੌਹਾਨ ਨੇ ਸੰਨ 2022 ਵਿੱਚ ਸਮਾਜਵਾਦੀ ਪਾਰਟੀ ਦੇ ਉਮੀਦਵਾਰ ਵਜੋਂ 108 430 ਵੋਟ ਲੈ ਕੇ ਭਾਜਪਾ ਦੇ ਵਿਜੈ ਕੁਮਾਰ ਰਾਜਭਰ ਨੂੰ 22216 ਵੋਟਾਂ ਨਾਲ ਹਰਾਇਆ ਸੀ, ਜਿਸਨੇ 83214 ਵੋਟ ਹਾਸਿਲ ਕੀਤੇ ਸਨ। ਉਦੋਂ ਬਸਪਾ ਉਮੀਦਵਾਰ ਵਾਸਿਮ ਇਕਬਾਲ ਨੇ 53953 ਵੋਟ ਹਾਸਿਲ ਕੀਤੇ ਸਨ।
ਭਾਜਪਾ ਦਾ ਸ਼੍ਰੀ ਮੋਦੀ - ਸ਼੍ਰੀ ਯੋਗੀ ਚਿਹਰਾ, ਗਰੀਬ-ਦਲਿਤਾਂ ਲਈ ਕੀਤੇ ਕੰਮ, ਵਿਕਾਸ ਦਾ ਡਬਲ ਇੰਜਨ, ਬੁੱਲਡੋਜ਼ਰ ਬਾਹੂਬਲ ਆਦਿ ਸਭ ਬੁਰੀ ਤਰ੍ਹਾਂ ਚਿੱਤ ਹੋ ਗਏ। ਜਾਤੀਵਾਦੀ, ਫਿਰਕੂ ਡਰ-ਸਹਿਮ, ‘ਭਾਰਤ’ ਨਾਮਕਰਨ ਨੀਤੀਆਂ ਠੁੱਸ ਹੋ ਕੇ ਰਹਿ ਗਈਆਂ।
ਦਾਰਾ ਸਿੰਘ ਚੌਹਾਨ ਇੱਕ ਬਦਨਾਮ ਦਲਬਦਲੂ ਹੈ ਜਿਸ ਨੇ 30 ਸਾਲ ਵਿੱਚ 9 ਵਾਰ ਦਲ ਬਦਲੇ ਰਿਕਾਰਡ ਕਾਇਮ ਕੀਤਾ ਹੈ, ਨੂੰ ਭਾਜਪਾ ਵੱਲੋਂ ਗਲੇ ਲਗਾਉਣਾ ਰਾਜਨੀਤਕ ਵੱਡੀ ਬੇਸਮਝੀ ਸਾਬਤ ਹੋਈ। ਇਹ ਵਿਅਕਤੀ ਸਪਾ ਤੋਂ ਕਾਂਗਰਸ, ਕਾਂਗਰਸ ਤੋਂ ਬਸਪਾ, ਬਸਪਾ ਤੋਂ ਭਾਜਪਾ, ਭਾਜਪਾ ਤੋਂ ਸਪਾ, ਸਪਾ ਤੋਂ ਫਿਰ ਭਾਜਪਾ ਵਿੱਚ ਦਲ-ਬਦਲੀ ਦਾ ਰਿਕਾਰਡ ਰੱਖਦਾ ਹੈ। ਇਹ ਸੰਨ 1996 ਤੋਂ 2006 ਤਕ ਰਾਜ ਸਭਾ ਮੈਂਬਰ ਰਿਹਾ। ਪਹਿਲਾਂ ਬਸਪਾ ਅਤੇ ਫਿਰ ਸਪਾ ਵੱਲੋਂ ਰਾਜ ਸਭਾ ਵਿੱਚ ਭੇਜਿਆ, ਸੰਨ 2009 ਵਿੱਚ ਘੋਸੀ ਲੋਕ ਸਭਾ ਹਲਕੇ ਤੋਂ ਬਸਪਾ ਉਮੀਦਵਾਰ ਵਜੋਂ ਜਿੱਤਿਆ ਪਰ 2014 ਵਿੱਚ ਹਾਰ ਗਿਆ। ਲੋਕਾਂ ਨੇ ਇਸ ਦਲ ਬਦਲੂ ਨੂੰ ਰੱਜ ਕੇ ਸਬਕ ਸਿਖਾਇਆ। ਜੇਕਰ ਭਾਜਪਾ ਨੇ ਸਾਮ, ਦਾਮ, ਦੰਡ, ਭੇਦ ਦੀ ਰੱਜ ਕੇ ਵਰਤੋਂ ਨਾ ਕੀਤੀ ਹੁੰਦੀ ਤਾਂ ਇਸਦੀ ਲੋਕਾਂ ਜ਼ਮਾਨਤ ਜ਼ਬਤ ਕਰਾ ਦੇਣੀ ਸੀ। ਹਲਕੇ ਦੇ ਕੁੱਲ 4.5 ਲੱਖ ਵੋਟਰਾਂ ਵਿੱਚੋਂ 90000 ਦਲਿਤ ਐਤਕੀਂ ਭਾਜਪਾ ਖਿਲਾਫ ਵੱਡੀ ਗਿਣਤੀ ਵਿੱਚ ਭੁਗਤੇ। ਓਮ ਪ੍ਰਕਾਸ਼ ਰਾਜਭਰ ਨੂੰ ਵੀ ਲੋਕਾਂ ਨੇ ਸਬਕ ਸਿਖਾਇਆ। ਭਾਜਪਾ ਕੋਲ ਮੂੰਹ ਛੁਪਾਉਣ ਬਗੈਰ ਕੁਝ ਨਾ ਬਚਿਆ, ਅਖੇ, ਇਹ ਚੋਣ ਰਾਜ ਅਤੇ ਕੇਂਦਰ ਮੁੱਦਿਆਂ ’ਤੇ ਨਹੀਂ ਲੜੀ ਗਈ।
ਝਾਰਖੰਡ ਅੰਦਰ ਡੁਮਰੀ ਵਿਧਾਨ ਸਭਾ ਹਲਕਾ ਝਾਰਖੰਡ ਮੁਕਤੀ ਮੋਰਚਾ ਦੇ ਸਾਬਕਾ ਸਿੱਖਿਆ ਮੰਤਰੀ ਜਗਰ ਨਾਧ ਮਹਤੋ ਦੀ ਮੌਤ ਕਾਰਨ ਖਾਲੀ ਹੋਈ ਸੀ। ਇੱਥੋਂ ਜੇ.ਐੱਮ.ਐਮ. ਨੇ ਉਸਦੀ ਪਤਨੀ ਬੇਬੀ ਦੇਵੀ ਨੂੰ ਉਮੀਦਵਾਰ ਬਣਾਇਆ। ਐੱਨ.ਡੀ.ਏ. ਤੇ ਭਾਜਪਾ ਦੇ ਸਮਰਥਨ ਨਾਲ ਏ.ਜੇ.ਐੱਸ.ਯੂ. ਪਾਰਟੀ ਉਮੀਦਵਾਰ ਯਸ਼ੋਧਾ ਦੇਵੀ ਨੂੰ ਉਸ ਮੁਕਾਬਲੇ ਉਤਾਰਿਆ ਗਿਆ। ਬੇਬੀ ਦੇਵੀ ਨੂੰ 100317 ਅਤੇ ਯਸ਼ੋਧਾ ਦੇਵੀ ਨੂੰ 83164 ਵੋਟ ਪ੍ਰਾਪਤ ਹੋਏ। ਬੇਬੀ ਦੇਵੀ 17153 ਵੋਟਾਂ ਨਾਲ ਜਿੱਤੀ। ਇੰਡੀਆ ਨੇ ਜੇ.ਐੱਮ.ਐਮ. ਦੀ ਹਿਮਾਇਤ ਕੀਤੀ ਸੀ। ਇੰਡੀਆ ਗਠਜੋੜ ਦੀ ਜੇ.ਐੱਮ.ਐਮ. ਨੂੰ 52 ਪ੍ਰਤੀਸ਼ਤ ਜਦੋਂ ਕਿ ਐੱਨ.ਡੀ.ਏ. ਗਠਜੋੜ ਦੀ ਏ.ਜੇ.ਐੱਸ.ਯੂ ਨੂੰ 43 ਪ੍ਰਤੀਸ਼ਤ ਵੋਟ ਮਿਲੇ।
ਉਤਰਾਖੰਡ ਵਿੱਚ ਭਾਜਪਾ ਦੀ ਉਮੀਦਵਾਰ ਪਾਰਵਤੀ ਦਾਸ ਜੇਤੂ ਰਹੀ। ਕਾਂਗਰਸ ਦਾ ਬਸੰਤ ਕੁਮਾਰ ਹਾਰ ਗਿਆ। ਇੱਥੇ ਇੰਡੀਆ ਗਠਜੋੜ ਦੀ ਸਪਾ ਪਾਰਟੀ ਨੇ ਕਾਂਗਰਸ ਮੁਕਾਬਲੇ ਉਮੀਦਵਾਰ ਖੜ੍ਹਾ ਕਰ ਦਿੱਤਾ ਸੀ। ਉਸ ਨੂੰ ਵੋਟ ਤਾਂ ਇੱਕ ਪ੍ਰਤੀਸ਼ਤ ਪਏ ਪਰ ਉਸ ਨੇ ਚੋਣ ਦੰਗਲ ਦਿਲਚਸਪੀ ਨੂੰ ਖੋਰਾ ਲਾਇਆ। ਭਾਜਪਾ ਭਾਵ ਐੱਨ.ਡੀ.ਏ. ਉਮੀਦਵਾਰ ਨੇ 50 ਜਦਕਿ ਕਾਂਗਰਸ ਨੇ 46 ਪ੍ਰਤੀਸ਼ਤ ਵੋਟ ਹਾਸਿਲ ਕੀਤੇ।
ਤਿਰੀਪੁਰਾ ਅੰਦਰ ਬਾਕਸਨਗਰ ਅਤੇ ਧਾਨਪੁਰ ਦੋਵੇਂ ਉਪ ਵਿਧਾਨ ਸਭਾ ਚੋਣਾਂ ਵਿੱਚ ਭਾਜਪਾ ਉਮੀਦਵਾਰਾਂ ਨੇ ਹੂੰਝਾ ਫੇਰੂ ਜਿੱਤ ਦਰਜ ਕੀਤੀ। ਇੰਡੀਆ ਗਠਜੋੜ ਵੱਲੋਂ ਸੀ. ਪੀ. ਐੱਮ. ਨੇ ਉਮੀਦਵਾਰ ਖੜ੍ਹੇ ਕੀਤੇ ਸਨ। ਬਾਕਸਨਗਰ ਤੋਂ ਭਾਜਪਾ ਦੇ ਤਫਜ਼ਲ ਹੁਸੈਨ ਨੇ 88 ਪ੍ਰਤੀਸ਼ਤ ਵੋਟ ਹਾਸਿਲ ਕੀਤੇ। ਧਾਨਪੁਰ ਤੋਂ ਭਾਜਪਾ ਉਮੀਦਵਾਰ ਬਿੰਦੂ ਦੇਬ ਨਾਥ ਨੇ 70 ਵੋਟ ਪ੍ਰਾਪਤ ਕੀਤੇ। ਇੰਡੀਆ ਦੀ ਸੀ.ਪੀ.ਐੱਮ. ਨੂੰ 18.47 ਪ੍ਰਤੀਸ਼ਤ ਨਾਲ ਸਬਰ ਕਰਨਾ ਪਿਆ। ਇਹ ਉਹ ਰਾਜ ਹੈ ਜਿੱਥੇ ਸੀ.ਪੀ.ਐੱਮ. ਦੀ ਅਗਵਾਈ ਵਾਲੀ ਖੱਬੇ ਪੱਖੀ ਧਿਰ ਨੇ 1978-1988 ਅਤੇ 1993-2018 ਤਕ ਸ਼ਾਸਨ ਚਲਾਇਆ ਸੀ।
ਕੇਰਲ ਅੰਦਰ ਇੰਡੀਆ ਗਠਜੋੜ ਦੀਆਂ ਦੋ ਪਾਰਟੀਆਂ ਸੱਤਾਵਾਦੀ ਸੀ.ਪੀ. ਐੱਮ ਅਤੇ ਕਾਂਗਰਸ ਆਹਮੋ-ਸਾਹਮਣੇ ਸਨ। ਹੈਰਾਨਗੀ ਇਹ ਵੀ ਹੈ ਕਿ ਇੰਡੀਆ ਗਠਜੋੜ ਦੀ ਤੀਸਰੀ ਧਿਰ ਆਮ ਆਦਮੀ ਪਾਰਟੀ ਨੇ ਵੀ ਉਮੀਦਵਾਰ ਖੜ੍ਹਾ ਕੀਤਾ। ਪੁਥੂਪਲੀ ਵਿਧਾਨ ਸਭਾ ਕਾਂਗਰਸ ਦਾ ਗੜ੍ਹ ਹੈ ਜਿੱਥੋਂ ਮਰਹੂਮ ਓਮਨ ਚਾਂਤੀ ਜੋ ਮੁੱਖ ਮੰਤਰੀ ਵੀ ਰਹੇ, 53 ਸਾਲ ਲਗਾਤਾਰ ਵਿਧਾਇਕ ਰਹੇ। ਉਸ ਦੇ ਪੁੱਤਰ ਐਡਵੋਕੇਟ ਚਾਂਡੀ ਉਮਨ ਨੇ 80144 ਵੋਟਾਂ ਲੈ ਕੇ ਕੇ.ਸੀ.ਪੀ.ਐੱਮ ਉਮੀਦਵਾਰ ਜੈਕ ਥਾਮਸ ਨੂੰ 37719 ਵੋਟਾਂ ਨਾਲ ਹਰਾਇਆ। ਥਾਮਸ ਨੇ 42425 ਵੋਟ ਹਾਸਿਲ ਕੀਤੇ। ਆਪ ਉਮੀਦਵਾਰ ਲਿਊਕ ਥਾਮਸ ਨੂੰ ਸ਼ਰਮਨਾਕ 835 ਵੋਟ ਮਿਲੇ। ਭਾਜਪਾ ਦੇ ਲਿਗਨ ਲਾਲ ਨੂੰ 6558 ਵੋਟ ਮਿਲੇ।
ਪੱਛਮੀ ਬੰਗਾਲ ਵਿੱਚ ਧੁਮਗੁੜੀ ਤੋਂ ਸੱਤਾਧਾਰੀ ਟੀ.ਐੱਮ.ਸੀ. ਮੁਕਾਬਲਾ ਇੰਡੀਆ ਗਠਜੋੜ ਦੀ ਸੀ.ਪੀ.ਐੱਮ ਅਤੇ ਐੱਨ.ਡੀ.ਏ. ਗਠਜੋੜ ਦੀ ਭਾਜਪਾ ਦੇ ਉਮੀਦਵਾਰ ਖੜ੍ਹੇ ਸਨ। ਟੀ.ਐੱਮ.ਸੀ. ਉਮੀਦਵਾਰ ਨਿਰਮਲ ਚੰਦਰ ਰਾਏ ਨੇ ਭਾਜਪਾ ਦੀ ਤਾਪਸੀ ਰਾਏ ਨੂੰ ਤਿੱਖੇ ਮੁਕਾਬਲੇ ਵਿੱਚ 4309 ਵੋਟਾਂ ਨਾਲ ਹਰਾਇਆ। ਪਹਿਲਾਂ ਇਹ ਸੀਟ ਭਾਜਪਾ ਕੋਲ ਸੀ। ਟੀ.ਐੱਮ.ਸੀ. ਨੇ 46, ਭਾਜਪਾ ਨੇ 44 ਜਦਕਿ ਸੀ.ਪੀ.ਐੱਮ. ਨੇ 7 ਪ੍ਰਤੀਸ਼ਤ ਵੋਟ ਲਏ।
ਇਨ੍ਹਾਂ ਚੋਣਾਂ ਵਿੱਚ ਇੰਡੀਆ ਗਠਜੋੜ ਨੂੰ 506053 ਵੋਟ ਭਾਵ 48.65 ਪ੍ਰਤੀਸ਼ਤ ਜਦਕਿ ਐੱਨ.ਡੀ.ਏ. ਨੂੰ 362104 ਭਾਵ 46.46 ਪ੍ਰਤੀਸ਼ਤ ਵੋਟ ਹਾਸਿਲ ਹੋਏ। ਸਾਫ ਸੰਕੇਤ ਹਨ ਕਿ ਜੇਕਰ ਇੰਡੀਆ ਗਠਜੋੜ ਇੱਕਜੁੱਟ ਹੋ ਕੇ ਸੰਨ 2024 ਦੀਆਂ ਲੋਕ ਸਭਾ ਚੋਣਾਂ ਦੀ ਤਿਆਰੀ ਕਰਦਾ ਹੈ ਤਾਂ ਐੱਨ.ਡੀ.ਏ. ਨੂੰ ਸਿਕਸ਼ਤ ਦੇ ਸਕਦਾ ਹੈ। ਖੈਰ! ਭਾਜਪਾ ਦੇ ਤਰਕਸ਼ ਵਿੱਚ ਵਿਹੁ ਭਿੱਜੇ ਤੀਰ ਅਤੇ ਸ਼੍ਰੀ ਮੋਦੀ ਦੀ ਲਲਕਾਰ ਭਰੀ ਅਗਵਾਈ ਕਿਵੇਂ ਨਵਗਠਤ ਇੰਡੀਆ ਗਠਜੋੜ ਨੂੰ ਟੱਕਰਦੇ ਹਨ, ਮੁਕਾਬਲਾ ਦਿਲਚਸਪ ਹੋ ਸਕਦਾ। ਐਤਕੀਂ ਜਿੱਤ-ਹਾਰ ਦਾ ਫੈਸਲਾ ਭਾਰਤੀ ਵੋਟਰਾਂ ਦੀ ਸੂਝ ਅਤੇ ਸੋਚ ਅੰਦਰ ਪੈਦਾ ਬਦਲਾਅ ਕਰੇਗਾ। ਜੋ ਕੱਲ੍ਹ ਇੰਡੀਆ ਨਾਲ ਪਿਆਰ ਕਰਦੇ ਸਨ, ਜੇ ਉਨ੍ਹਾਂ ਨੂੰ ਅੱਜ ਭਾਰਤ ਪਿਆਰਾ ਲਗਦਾ ਹੈ ਤਾਂ ਉਨ੍ਹਾਂ ਨੂੰ ਮੁਬਾਰਕ, ਇਹ ਸੋਚ ਲੋਕਾਂ ਉੱਤੇ ਨਹੀਂ ਠੋਸੀ ਜਾ ਸਕੇਗੀ।
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(4235)
(ਸਰੋਕਾਰ ਨਾਲ ਸੰਪਰਕ ਲਈ: (