“ਪੈਟਰੌਲ ਇੱਕ ਲੀਟਰ 331 ਰੁਪਏ, ਆਟਾ ਇੱਕ ਕਿਲੋ 160 ਤੋਂ 200 ਰੁਪਏ, ਇੱਕ ਅਮਰੀਕੀ ਡਾਲਰ ...”
(26 ਸਤੰਬਰ 2023)
ਭਾਰਤ ਦਾ ਹਮਸਾਇਆ ਮੁਲਕ ਪਾਕਿਸਤਾਨ ਅੱਜ ਅਤਿ ਦੇ ਭਿਅੰਕਰ ਅਤੇ ਡਰਾਉਣੇ ਰਾਜਨੀਤਕ, ਆਰਥਿਕ, ਸਮਾਜਿਕ, ਭੂਗੋਲਿਕ ਅਤੇ ਸੰਵਿਧਾਨਿਕ ਸੰਕਟ ਵੱਲ ਵਧ ਰਿਹਾ ਹੈ। ਦੇਸ਼ ਦੇ ਵੱਡੇ ਹਿੱਸੇ ਵਿੱਚ ਮੱਧਕਾਲੀ ਜਾਗੀਰਦਾਰ ਅਤੇ ਸਾਮੰਤਵਾਦੀ ਸਿਸਟਮ ਸਰਕਾਰੀ ਸੰਸਥਾਵਾਂ ’ਤੇ ਭਾਰੂ ਪੈ ਜਾਣ ਕਰਕੇ ਸਮਾਜਿਕ ਇੰਤਸਾਰ (ਬੇਚੈਨੀ), ਜਬਰ ਅਤੇ ਗੁਲਾਮੀ ਵਿਵਸਥਾ ਸਥਾਪਿਤ ਹੋ ਚੁੱਕੀ ਹੈ।
ਇਸ ਦੇਸ਼ ਨੂੰ ਲੋਕਤੰਤਰ ਕਦੇ ਰਾਸ ਹੀ ਨਹੀਂ ਆਇਆ। ਮਿਲਟਰੀ, ਜਾਗੀਰਦਾਰੀ, ਮੁਲਾਣਾਵਾਦ ਅਤੇ ਸਥਾਪਤੀ ਨਿਜ਼ਾਮ ਨੇ ਕਦੇ ਇਸਦੇ ਪੈਰ ਨਹੀਂ ਲੱਗਣ ਦਿੱਤੇ। ਸੰਨ 1958 ਵਿੱਚ ਜਦੋਂ ਜਨਰਲ ਅਯੂਬ ਖਾਨ ਨੇ ਪ੍ਰਧਾਨ ਮੰਤਰੀ ਸਿਕੰਦਰ ਮਿਰਜ਼ਾ ਦਾ ਤਖ਼ਤਾ ਪਲਟ ਕੇ ਫੌਜੀ ਰਾਜ ਸਥਾਪਿਤ ਕਰ ਲਿਆ ਸੀ ਤਾਂ ਉਸ ਨੇ ਇਸ ਦੇਸ਼ ਵਿੱਚੋਂ ਲੋਕਤੰਤਰ ਦੇ ਸਦੀਵੀ ਖਾਤਮੇ ਦਾ ਐਲਾਨ ਕਰਦੇ ਜੋ ਸ਼ਬਦ ਕਹੇ, ਉਹ ਅੱਜ ਵੀ ਪਾਕਿਸਤਾਨ ਦੀ ਹਕੀਕਤ ਦੀ ਗਵਾਹੀ ਭਰ ਰਹੇ ਹਨ। ਉਨ੍ਹਾਂ ਕਿਹਾ ਸੀ ਕਿ ਲੋਕਤੰਤਰ ਸਰਦ ਦੇਸ਼ਾਂ ਦਾ ਰਾਜ ਕਰਨ ਦਾ ਤਰੀਕਾਕਾਰ ਹੈ, ਗਰਮ ਦੇਸ਼ਾਂ ਦਾ ਨਹੀਂ। ਭਾਵੇਂ ਭਾਰਤ ਵਰਗੇ ਗਰਮ ਆਬੋ ਹਵਾ ਵਾਲੇ ਦੇਸ਼ ਨੇ ਇਸ ਨੂੰ ਗਲਤ ਕਰਾਰ ਦਿੱਤਾ ਪਰ ਪਾਕਿਸਤਾਨ ਦੀ ਇਹੀ ਬਦਕਿਸਮਤੀ ਹੈ ਅਤੇ ਹਕੀਕਤ ਹੈ।
ਅਜੋਕਾ ਰਾਜਨੀਤਕ ਸੰਕਟ:
ਪਾਕਿਸਤਾਨ ਦੀ ਨੈਸ਼ਨਲ ਅਸੈਂਬਲੀ 9 ਅਗਸਤ, 2023 ਨੂੰ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਦੀ ਸਿਫਾਰਸ਼ ’ਤੇ ਰਾਸ਼ਟਰਪਤੀ ਡਾ. ਆਰਿਫ ਅਲਵੀ ਨੇ ਭੰਗ ਕਰ ਦਿੱਤੀ। ਸੰਵਿਧਾਨ ਦੀ ਧਾਰਾ 48 (5) ਸੰਨ 1973 ਅਨੁਸਾਰ ਰਾਸ਼ਟਰਪਤੀ ਅਸੈਂਬਲੀ ਭੰਗ ਹੋਣ ਦੇ 90 ਦਿਨਾਂ ਵਿੱਚ ਚੋਣਾਂ ਦੀ ਤਾਰੀਖ ਐਲਾਨਦਾ ਹੈ ਅਤੇ ਚੋਣ ਕਮਿਸ਼ਨ ਚੋਣਾਂ ਕਰਾਉਂਦਾ ਹੈ। ਇਸ ਦੌਰਾਨ ਰਾਸ਼ਟਰਪਤੀ ਨਿਗਾਹਬਾਨ ਹਕੂਮਤ ਦਾ ਗਠਨ ਕਰਦਾ ਹੈ ਜੋ ਨਿਗਾਹਬਾਨ ਪ੍ਰਧਾਨ ਮੰਤਰੀ ਅਨਵਰ ਉੱਲ ਹੱਕ ਕੱਕੜ ਦੀ ਅਗਵਾਈ ਵਿੱਚ ਗਠਤ ਕਰ ਦਿੱਤੀ ਗਈ।
ਰਾਸ਼ਟਰਪਤੀ ਚੋਣਾਂ ਦੀ ਤਾਰੀਖ ਤੈਅ ਕਰਨ ਲਈ ਮੁੱਖ ਚੋਣ ਕਮਿਸ਼ਨਰ ਸਿਕੰਦਰ ਰਾਜਾ ਨੂੰ ਪੱਤਰ ਲਿਖਦਾ ਹੈ। ਉਹ ਕਿਨਾਰਾ ਕਰਦਾ ਇਹ ਸੰਕੇਤ ਦਿੰਦਾ ਹੈ ਕਿ ਸੋਧੇ ਚੋਣ ਐਕਟ, 2014 ਰਾਹੀਂ ਧਾਰਾ 57 ਅਨੁਸਾਰ ਹੁਣ ਚੋਣਾਂ ਦੀ ਤਾਰੀਖ ਅਤੇ ਚੋਣਾਂ ਹਰਾਉਣ ਦਾ ਅਧਿਕਾਰ ਚੋਣ ਕਮਿਸ਼ਨ ਕੋਲ ਹੈ।
ਰਾਸ਼ਟਰਪਤੀ ਤਹਿਰੀਕ-ਏ-ਇਨਸਾਫ (ਇਮਰਾਨ ਖਾਨ) ਪਾਰਟੀ ਨਾਲ ਸਬੰਧਿਤ ਹੈ। ਉਸ ਨੇ ਉਸ ’ਤੇ ਜ਼ੋਰ ਦਿੱਤਾ ਕਿ ਚੋਣਾਂ ਦੀ ਤਾਰੀਖ ਦਾ ਐਲਾਨ ਕਰੇ। ਉਸਨੇ 12 ਸਤੰਬਰ ਨੂੰ 6 ਨਵੰਬਰ, 2023 ਦੀ ਤਾਰੀਖ ਐਲਾਨ ਦਿੱਤੀ। ਲੇਕਿਨ ਮੁਸਲਿਮ ਲੀਗ (ਨਵਾਜ਼), ਨਿਗਾਹਬਾਨ ਸਰਕਾਰ ਅਤੇ ਦੂਸਰੀਆਂ ਪਾਰਟੀਆਂ ਨੂੰ ਇਹ ਸਵੀਕਾਰ ਨਹੀਂ। ਪੇਚ ਇਹ ਹੈ ਕਿ ਇਹ ਐਲਾਨ ਗੈਰਸੰਵਿਧਾਨਕ ਹੈ। ਡਾ. ਅਲਵੀ 4 ਸਤੰਬਰ, 2018 ਨੂੰ ਰਾਸ਼ਟਰਪਤੀ ਚੁਣੇ ਗਏ ਸਨ, 9 ਸਤੰਬਰ ਨੂੰ ਉਨ੍ਹਾਂ ਸਹੁੰ ਚੁੱਕੀ ਸੀ। ਇਵੇਂ 8 ਸਤੰਬਰ, 2023 ਨੂੰ ਉਨ੍ਹਾਂ ਦਾ ਕਾਰਜਕਾਲ ਸਮਾਪਿਤ ਹੋ ਚੁੱਕਾ ਹੈ। ਸਕੱਤਰ ਸੂਚਨਾ ਮੰਤਰਾਲਾ ਮਰੀਅਮ ਔਰੰਗਜ਼ੇਬ ਅਨੁਸਾਰ ਉਹ ਬੋਰੀਆ ਬਿਸਤਰਾ ਬੰਨ੍ਹਣ ਅਤੇ ਤਹਿਰੀਕ-ਏ-ਇਨਸਾਫ ਪਾਰਟੀ ਦੇ ਦਫਤਰ ਚਲੇ ਜਾਣ।
ਨਿਗਾਹਬਾਨ ਪ੍ਰਧਾਨ ਮੰਤਰੀ ਕੱਕੜ ਦਾ ਕਹਿਣਾ ਹੈ ਕਿ ਰਾਸ਼ਟਰਪਤੀ ਨੇ ਚੋਣ ਤਾਰੀਖ ਐਲਾਨ ਦਿੱਤੀ ਹੈ। ਪਰ ਹੁਣ ਚੋਣ ਕਮਿਸ਼ਨ ਵੇਖੇਗਾ ਕਿ ਕਿਹੜਾ ਦਿਨ ਜਾਂ ਤਾਰੀਖ ਐਲਾਨਦੀ ਹੈ। ਹਲਕਾ ਹੱਦਬੰਦੀ ਕਾਰਜ ਚੱਲ ਰਿਹਾ ਹੈ। ਸੰਵਿਧਾਨ ਅਨੁਸਾਰ ਇਸਦੇ ਪੂਰਾ ਹੋਣ ’ਤੇ 54 ਦਿਨ ਚੋਣ ਮੁਹਿੰਮ ਲਈ ਰਾਜਨੀਤਕ ਪਾਰਟੀਆਂ ਨੂੰ ਦੇਣੇ ਹੁੰਦੇ ਹਨ। ਸੋ ਚੋਣ ਕਮਿਸ਼ਨ ਜਨਵਰੀ, 2024 ਦੇ ਅੱਧ ਜਾਂ ਅਖੀਰ ਵਿੱਚ ਚੋਣਾਂ ਦਾ ਐਲਾਨ ਕਰ ਸਕੇਗਾ। ਪਰ ਫਿਰ ਸੰਵਿਧਾਨ ਅਨੁਸਾਰ ਅਸੈਂਬਲੀ ਭੰਗ ਹੋਣ ਦੇ 90 ਦਿਨਾਂ ਵਿੱਚ ਚੋਣਾਂ ਕਰਾਉਣ ਦਾ ਕੀ ਬਣੇਗਾ? ਸੋਧੇ ਚੋਣ ਐਕਟ-2017 ਦਾ ਕੀ ਮਾਇਨਾ ਹੈ? ਸੋ ਹੁਣ ਸੁਪਰੀਮ ਕੋਰਟ ਦੇ ਹੁਕਮਾਂ ਦੀ ਉਡੀਕ ਹੈ। ਪਰ ਪੰਜਾਬ ਤੇ ਹੋਰ ਰਾਜਾਂ ਦੀਆਂ ਭੰਗ ਅਸੈਂਬਲੀਆਂ ਉਪਰੰਤ ਵੀ ਇਸੇ ਪ੍ਰਕ੍ਰਿਆ ਰਾਹੀਂ 90 ਦਿਨਾਂ ਵਿੱਚ ਚੋਣਾਂ ਕਰਾਉਣ ਨੂੰ ਨਹੀਂ ਮੰਨਿਆ ਜਾ ਰਿਹਾ। ਸੁਪਰੀਮ ਕੋਰਟ ਨੇ 14 ਮਈ, 2023 ਨੂੰ ਜੋ ਪੰਜਾਬ ਅਸੈਂਬਲੀ ਚੋਣਾਂ ਬਾਰੇ ਆਦੇਸ਼ ਦਿੱਤੇ ਸਨ, ਉਨ੍ਹਾਂ ਨੂੰ ਕੋਈ ਮੰਨਣ ਲਈ ਰਾਜ਼ੀ ਨਹੀਂ। ਇਵੇਂ ਪਾਕਿਸਤਾਨ ਬਹੁਤ ਹੀ ਹਾਸੋਹੀਣੇ ਸੰਵਿਧਾਨਿਕ ਸੰਕਟ ਦਾ ਸ਼ਿਕਾਰ ਹੈ।
ਨਵਾਜ਼ ਸ਼ਰੀਫ ਵਾਪਸੀ:
ਨਵਾਜ਼ ਸ਼ਰੀਫ ਲੰਡਨ ਦੇ ਸਰਦ ਮੌਸਮ ਦੀ ਦਸਤਕ ਵਿੱਚ ਅਤਿ ਦੀ ਗਰਮੀ ਮਹਿਸੂਸ ਕਰਦਾ ਦੇਸ਼ ਵਾਪਸੀ ਕਰ ਰਿਹਾ ਹੈ। ਉਹ ਨਵੰਬਰ 19, 2019 ਨੂੰ ਲੰਡਨ ਬੀਮਾਰੀ ਬਹਾਨੇ ਚਲਾ ਗਿਆ ਸੀ। ਉਸ ਨੂੰ ਅੱਲ-ਅਜ਼ੀਜ਼ਾ ਮਿਲਜ਼ ਅਤੇ ਏਵਨਫੀਲਡ ਕੇਸਾਂ ਵਿੱਚ ਦੋਸ਼ੀ ਪਾਇਆ ਗਿਆ ਸੀ। ਉਸ ਨੂੰ ਸੰਨ 2020 ਵਿੱਚ ਅਦਾਲਤ ਨੇ ਭਗੌੜਾ ਕਰਾਰ ਦਿੱਤਾ ਸੀ ਪਰ ਸਾਬਕਾ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਅਨੁਸਾਰ ਉਨ੍ਹਾਂ ਦਾ ਵੱਡਾ ਭਰਾ 21 ਅਕਤੂਬਰ ਨੂੰ ਸੁਦੇਸ਼ ਪਰਤ ਰਿਹਾ ਹੈ। ਜੇ ਮੁਸਲਿਮ ਲੀਗ (ਨਵਾਜ਼) ਚੋਣਾਂ ਜਿੱਤਦੀ ਹੈ ਤਾਂ ਉਹ ਚੌਥੀ ਵਾਰ ਦੇਸ਼ ਦੇ ਪ੍ਰਧਾਨ ਮੰਤਰੀ ਬਣਨਗੇ। ਦੇਸ਼ ਨੂੰ ਆਰਥਿਕ ਸੰਕਟ ਵਿੱਚੋਂ ਬਾਹਰ ਕੱਢਣਗੇ ਅਤੇ ਪਾਕਿਸਤਾਨ ਵਿੱਚ ਨਵੀਂ ਸ਼ੁਰੂਆਤ ਦਾ ਮਾਹੌਰ ਸਿਰਜਣਗੇ।
ਨਿਗਾਹਬਾਨ ਪ੍ਰਧਾਨ ਮੰਤਰੀ ਦਾ ਰਹਿਣਾ ਹੈ ਕਿ ਕੀ ਕਾਨੂੰਨੀ ਏਜੰਸੀਆਂ ਉਨ੍ਹਾਂ ਨੂੰ ਹੱਥਕੜੀ ਲਾਉਣਗੀਆਂ ਜਾਂ ਚੋਣ ਮੁਹਿੰਮ ਲਈ ਖੁੱਲ੍ਹ ਦੇਣਗੀਆਂ, ਉਨ੍ਹਾਂ ’ਤੇ ਨਿਰਭਰ ਹੋਵੇਗਾ।
ਦਰਅਸਲ ਪਾਕਿਸਤਾਨ ਵਿੱਚ ਕਿੱਧਰੇ ਲੋਕਤੰਤਰ, ਕਾਨੂੰਨ ਦਾ ਰਾਜ ਜਾਂ ਜਨਤਕ ਅਜ਼ਾਦੀ ਨਹੀਂ। ਇਹ ਸ਼ਰੀਫ ਭਰਾ, ਭੁੱਟੋ ਲਾਣਾ, ਨਾਸਾ ਪਾਕਿਸਤਾਨ ਨਾਅਰੇ ਵਾਲਾ ਇਮਰਾਨ ਖਾਨ ਅਤੇ ਦੂਸਰੇ ਇਲਾਕਾਈ ਆਗੂ, ਪਾਕਿਸਤਾਨ ਫੌਜ, ਬਦਨਾਮ ਆਈ.ਐੱਸ.ਆਈ.ਖੁਫੀਆ ਏਜੰਸੀ, ਮੁਲਾਣਾਵਾਦ, ਜਾਗੀਰਦਾਰੂ ਸਥਾਪਿਤ ਨਿਜ਼ਾਮ ਦੇ ਭਾੜੇ ਦੇ ਟੱਟੂ ਹਨ, ਝੂਠ, ਲੁੱਟ, ਜ਼ਮੀਰ ਰਹਿਤ ਰਾਜਨੀਤੀ ਦੇ ਸੁਦਾਗਰ ਹਨ। ਜਨਰਲ ਜ਼ਿਆ ਉੱਲ ਹੱਕ ਨੇ ਜ਼ੁਲਫਕਾਰ ਅਲੀ ਭੁੱਟੋ ਦਾ ਤਖ਼ਤਾ ਹੀ ਨਹੀਂ ਪਲਟਿਆ, ਫਾਂਸੀ ਵੀ ਚੜ੍ਹਾਇਆ, ਪਾਕਿਸਤਾਨ ਕੱਟੜਵਾਦ ਧਾਰਮਿਕ ਮੁਲਾਣਾਵਾਦ ਹਵਾਲੇ ਕੀਤਾ ਤਾਂ ਕੀ ਭੁੱਟੋ ਪਰਿਵਾਰ, ਸ਼ਰੀਫ ਜਾਂ ਇਮਰਾਨ ਖਾਨ ਨੇ ਕੋਈ ਸਬਕ ਸਿੱਖਿਆ? ਸੱਤਾ ਲਈ ਫੌਜ ਅਤੇ ਬਦਨਾਮ ਖੁਫੀਆ ਏਜੰਸੀਆਂ ਆਈ.ਐੱਸ.ਆਈ. ਦੇ ਪਾਲਤੂ ਬਣੇ ਰਹੇ। ਰਾਜਨੀਤਕ ਹੋਂਦ ਲਈ ਰਾਹਤ ਵਿਰੁੱਧ ਜੰਮੂ-ਕਸ਼ਮੀਰ, ਪੰਜਾਬ ਅਤੇ ਹੋਰ ਥਾਂਵਾਂ ’ਤੇ ਅਤਿਵਾਦ ਨੂੰ ਸ਼ਹਿ ਦਿੰਦੇ ਰਹੇ, ਜੋ ਅੱਜ ਵੀ ਚਾਲੂ ਹੈ।
ਆਰਥਿਕ ਬਦਹਾਲੀ:
ਪਾਕਿਸਤਾਨ ਸਿਰ ਇੰਨਾ ਕਰਜ਼ਾ ਹੈ, ਜੋ ਇਹ ਵਾਪਸ ਨਹੀਂ ਕਰ ਸਕਦਾ। ਆਈ.ਐੱਸ.ਐੱਫ. ਇਸ ਨੂੰ ਕਹਿੰਦਾ ਹੈ ਕਿ ਮਿਲਟਰੀ ਖਰਚੇ ਵਿੱਚ ਕਟੌਤੀ ਕਰੋ. ਸਬਸਿਡੀਆਂ ਘਟਾਉ, ਬਿਜਲੀ, ਤੇਲ ਅਤੇ ਹੋਰ ਵਸਤਾਂ ’ਤੇ ਟੈਕਸ ਠੋਕੋ, ਫਿਰ ਰਾਹਤ ਦੇਵਾਂਗੇ। ਲਿਹਾਜ਼ਾ ਪਾਕਿਸਤਾਨ ਸਰਕਾਰ ਨੇ ਗਰੀਬ, ਭੁੱਖੇ, ਬੇਰੁਜ਼ਗਾਰ ਲੋਕਾਂ ’ਤੇ 170 ਬਿਲੀਅਨ ਰੁਪਏ ਦੇ ਹੋਰ ਟੈਕਸ ਠੋਕੇ। ਚਾਰ-ਚੁਫੇਰੇ ਹਾਹਾਕਾਰ ਮਚੀ ਹੋਈ ਹੈ। ਪੈਟਰੌਲ ਇੱਕ ਲੀਟਰ 331 ਰੁਪਏ, ਆਟਾ ਇੱਕ ਕਿਲੋ 160 ਤੋਂ 200 ਰੁਪਏ, ਇੱਕ ਅਮਰੀਕੀ ਡਾਲਰ ਪਾਕਿਸਤਾਨੀ 300 ਰੁਪਏ ਦਾ ਹੋ ਚੁੱਕਾ ਹੈ। ਚੀਨ ਪਾਕਿਸਤਾਨ ਦੀ ਰੱਤ ਨਿਚੋੜ ਰਿਹਾ ਹੈ। ਸ਼ਕਸਗਰਾਮ ਵੈਲੀ ਅਤੇ ਗਵਾਦਰ ਬੰਦਰਗਾਹ ਉਸ ਦੀ ਜਾਇਦਾਦ ਹੋ ਚੁੱਕੀਆਂ ਹਨ। ਉਹ ਪਾਕਿਸਤਾਨ ਨੂੰ ਅਰਬ ਸਾਗਰ ਨਾਲ ਸੜਕ, ਰੇਲ, ਪਾਈਪ ਲਾਈਨਾਂ ਰਾਹੀਂ ਜੋੜਨ ਬਦਲੇ ਭਾਰੀ ਬਿਆਜ ’ਤੇ ਕਰਜ਼ਾ ਦੇਣ ਦੀ ਮੰਗ ਕਰ ਰਿਹਾ ਹੈ। ਪਾਕਿਸਤਾਨ ਕੋਲ ਵਿਦੇਸ਼ੀ ਮੁਦਰਾ ਭੰਡਾਰ ਸਿਰਫ ਨਾਮਾਤਰ 3.2 ਮਿਲੀਅਨ ਡਾਲਰ ਰਹਿ ਚੁੱਕਾ ਹੈ। ਉਸ ਦੇ ਸਿਰ 58.6 ਟ੍ਰਿਲੀਅਨ ਡਾਲਰ ਕਰਜ਼ਾ ਹੈ ਜੋ ਹਰ ਮਹੀਨੇ 2.6 ਪ੍ਰਤੀਸ਼ਤ ਵਧਦਾ ਜਾ ਰਿਹਾ ਹੈ। 14 ਬਿਲੀਅਨ ਰੁਪਏ ਰੋਜ਼ਾਨਾ ਕਰਜ਼ ਦਾ ਜੁਗਾੜ ਕਰਨਾ ਪੈਂਦਾ ਆਪਣੇ ਖਰਚੇ ਭੁਗਤਾਉਣ ਲਈ। 27 ਪ੍ਰਤੀਸ਼ਤ ਮਹਿੰਗਾਈ ਦਰ ਪਾਕਿਸਤਾਨੀ ਆਮ ਲੋਕਾਂ ਦੀ ਰੱਤ ਚੂਸ ਰਹੀ ਹੈ ਪਰ ਸ਼ਾਸਕਾਂ ਦੇ ਪੁੱਤਰ-ਧੀਆਂ ਦੇਸ਼-ਵਿਦੇਸ਼ ਵਿੱਚ ਐਸ਼ੋ-ਇਸ਼ਰਤ ਵਿੱਚ ਮਸਰੂਫ ਹਨ। ਪਾਕਿਸਤਾਨ ਵਿੱਚ ਔਰਤਾਂ ਦਾ ਜਿਊਣਾ ਮੁਹਾਲ ਹੋਇਆ ਪਿਆ ਹੈ। ਯੂ.ਐੱਨ.ਓ. ਰਿਪੋਰਟ ਦਰਸਾਉਂਦੀ ਹੈ ਕਿ 60 ਪ੍ਰਤੀਸ਼ਤ ਖੇਤ ਮਜ਼ਦੂਰ ਔਰਤਾਂ ਬਗੈਰ ਮੁਆਵਜ਼ੇ ਦੇ ਬੰਧੂਆ ਗੁਲਾਮਾਂ ਦੀ ਤਰ੍ਹਾਂ ਕੰਮ ਕਰਦੀਆਂ। ਕੀ ਜੀਵਨ ਹੈ? ਨਾ ਚੰਗਾ ਖਾਣਾ, ਨਾ ਚੰਗਾ ਪਹਿਨਣਾ, ਨਾ ਨਹਾਉਣਾ-ਧੋਣਾ, ਨਾ ਦਵਾਈ-ਬੂਟੀ, ਇਸੇ ਹਾਲਤ ਵਿੱਚ ਸਰੀਰਕ ਸ਼ੋਸ਼ਣ ਅਤੇ ਕੁਪੋਸ਼ਣ ਦਾ ਸ਼ਿਕਾਰ ਬੱਚੇ ਜਣਨਾ। ਓ ਰੱਬਾ! ਇਹ ਹਮਾਰਾ ਜੀਵਣਾ।
ਫੌਜੀ ਜਕੜ:
ਹੈਰਾਨਗੀ ਇਸ ਗੱਲ ਦੀ ਹੈ ਕਿ ਨਿਆਂਪਾਲਕਾ ਅਤੇ ਅਮਨ-ਕਾਨੂੰਨ ਸਥਾਪਿਤ ਕਰਨ ਵਾਲੀ ਸੰਸਥਾ ਪੁਲਿਸ ਭ੍ਰਿਸ਼ਟਾਚਾਰ ਵਿੱਚ ਬੁਰੀ ਤਰ੍ਹਾਂ ਲਿਪਤ ਹੈ। ਦੂਸਰੇ ਪਾਸੇ ਪਾਕਿਸਤਾਨੀ ਫੌਜ ਨੇ ਕਾਰਪੋਰੇਟ ਘਰਾਣਿਆਂ ਨਾਲ ਮਿਲ ਕੇ ਸਨਅਤ ਅਤੇ ਵਪਾਰ ਉੱਤੇ ਕਬਜ਼ਾ ਜਮਾ ਰੱਖਿਆ ਹੈ। 1. ਫੌਜੀ ਫਾਊਂਡੇਸ਼ਨ 2. ਸ਼ਰੀਨ ਫਾਊਂਡੇਸ਼ਨ 3. ਬਾਹਰੀਆ ਫਾਊਂਡੇਸ਼ਨ 4. ਆਤਮੀ ਵੈੱਲਫੇਅਰ ਟਰਸਟ 5. ਡਿਫੈਂਸ ਹਾਊਸਿੰਗ ਅਥਾਰਟੀ ਆਦਿ ਸੰਸਥਾਵਾਂ ਦੇ ਨਕਾਬ ਹੇਠ ਕਬਜ਼ਾਕਾਰੀ ਅੰਜਾਮ ਦਿੱਤੀ ਜਾ ਰਹੀ ਹੈ। ਬੇਕਰੀ, ਫਾਰਮ ਉਪਜ, ਰਸਾਇਣਿਕ ਖਾਦਾਂ ਦੇ ਕਾਰਖਾਨੇ, ਪੈਟਰੋਲ ਸਨਅਤ, ਇਸ਼ਤਿਹਾਰਬਾਜ਼ੀ, ਕਾਰੋਬਾਰ, ਸੀਮੈਂਟ ਫੈਕਟਰੀਆਂ, ਹਥਿਆਰਾਂ ਦੀ ਨਿਰਯਾਤ, ਫਿਲਮ ਇੰਡਸਟਰੀ, ਕਮਰਸ਼ੀਅਲ ਬੈਂਕਾਂ, ਏਅਰਲਾਈਨਾਂ, ਘੋੜਿਆਂ ਦੇ ਸਟੱਡ ਫਾਰਮਾਂ, 10 ਨਾਮਵਰ ਟ੍ਰੈਵਲ ਏਜੰਸੀਆਂ, ਪਿਸ਼ਾਵਰ ਅਤੇ ਕਰਾਚੀ ਟ੍ਰਾਂਸਪੋਰਟ ਉੱਤੇ ਫ਼ੌਜੀ ਜਕੜ ਕਾਇਮ ਹੋ ਚੁੱਕੀ ਹੈ।
ਮੱਧ ਦਰਜੇ ਦੇ ਫੌਜੀਆਂ ਕੋਲ ਵਧੀਆ ਕਾਰਾਂ, ਵੱਡੀਆਂ ਕੋਠੀਆਂ, ਵੱਡੇ ਫਾਰਮ, ਸਰਕਾਰੀ ਜ਼ਮੀਨਾਂ ਤੇ ਅਣਅਧਿਕਾਰਤ ਕਬਜ਼ੇ ਧੱਕਾਸ਼ਾਹੀ ਨਾਲ ਮੌਜੂਦ ਹਨ। ਕੁਝ ਸਮਾਂ ਪਹਿਲਾਂ ਸੇਵਾ ਮੁਕਤ ਹੋਏ ਜਨਰਲ ਜਾਵੇਦ ਬਾਜਵਾ ਕੋਲ 47 ਮਿਲੀਅਨ ਡਾਲਰ ਜਾਇਦਾਦ ਹੈ। ਆਈ.ਐੱਸ.ਆਈ. ਮੁਖੀ ਜਨਰਲ ਅਖਤਰ ਅਬਦੁਲ ਰਹਿਮਾਨ ਖਾਨ ਦੇ ਸਵਿੱਸ ਬੈਂਕਾਂ ਵਿੱਚ ਖਾਤੇ ਹਨ। ਦੂਸਰੇ ਨੇਵਲ ਜਨਰਲ ਵੀ ਦੇਸ਼ ਦਾ ਧੰਨ ਲੁੱਟਣ ਅਤੇ ਵਿਦੇਸ਼ਾਂ ਵਿੱਚ ਜਮ੍ਹਾਂ ਕਰਨ ਤੋਂ ਪਿੱਛੇ ਨਹੀਂ ਹਨ। ਕਿਸੇ ਰਾਜਨੀਤੀਵਾਨ, ਜੱਜ ਜਾਂ ਪੱਤਰਕਾਰ ਦੀ ਜੁਰਅਤ ਹੈ ਉਂਗਲ ਕਰ ਜਾਏ। ਪਿਛਲੇ 4 ਸਾਲਾਂ ਵਿੱਚ ਉਂਗਲ ਚੁੱਕਣ ਵਾਲੇ 43 ਦੇ ਕਰੀਬ ਪੱਤਰਕਾਰ ਮੌਤ ਦੇ ਘਾਟ ਉਤਾਰ ਦਿੱਤੇ ਗਏ ਹਨ।
ਪਾਕਿ ਗੁਲਾਮਿਸਤਾਨ:
ਪਾਕਿਸਤਾਨ ਅੰਦਰ ਮਨੁੱਖ ਦੀ ਕਦਰ ਕੁੱਤੇ ਜਿੰਨੀ ਵੀ ਨਹੀਂ। ਸੰਨ 2022 ਦੇ ਹੜ੍ਹਾਂ ਕਾਰਨ ਕੋਵਿਡ ਦੀ ਮਾਰ ਬਾਅਦ 33 ਮਿਲੀਅਨ ਲੋਕ ਬੇਘਰ ਹੋ ਗਏ, 30 ਬਿਲੀਅਨ ਡਾਲ ਦਾ ਨੁਕਸਾਨ ਹੋ ਗਿਆ। ਸਿੰਧੀ, ਕੱਛੀ ਮੈਦਾਨਾਂ ਅਤੇ ਬਲੋਚਿਤਾਨ ਵਿੱਚ ਭਾਰੀ ਬਰਬਾਦੀ ਹੋਈ। ਪਾਕਿਸਤਾਨ ਅੰਦਰ ਗੁਲਾਮੀ ਦਾ ਜੀਵਨ ਬਸਰ ਕਰਨ ਲਈ ਲੋਕ ਸ਼ੁਰੂ ਤੋਂ ਬੇਜ਼ਾਰ ਰਹੇ। ਸ਼ਾਹੂਕਾਰ, ਜ਼ਿਮੀਂਦਾਰ, ਕਬੀਲਿਆਂ ਦੇ ਸਰਦਾਰ ਛੋਟੀ ਕਿਸਾਨੀ, ਮੁਜ਼ਾਰਿਆਂ ਅਤੇ ਕਿਰਤੀਆਂ ਦੀ ਰੱਤ ਚੂਸਦੇ ਰਹੇ। ਇਹ ਲੋਕ ਅੱਜ ਬੰਧੂਆ ਮਜ਼ਦੂਰਾਂ ਦੀ ਤਰ੍ਹਾਂ ਜੀਵਨ ਬਸਰ ਕਰਨ ਲਈ ਮਜਬੂਰ ਹਨ। ਸੰਨ 2019 ਵਿੱਚ ਸੋਕੇ ਅਤੇ ਸੰਨ 2022 ਵਿੱਚ ਹੜ੍ਹਾਂ ਕਰਕੇ ਜੋ ਲੋਕ ਘਰਾਂ ਤੋਂ ਬੇਘਰ ਹੋ ਗਏ ਸਨ, ਉਹ ਜਦੋਂ ਪੰਜਾਬ, ਬਲੋਚਿਤਾਨ, ਖੈਬਰ ਪਖਤੂਨਵਾ ਅਤੇ ਸਿੰਧ ਖੇਤਰਾਂ ਵਿੱਚ ਵਾਪਸ ਮੁੜੇ ਤਾਂ ਜ਼ਿਮੀਦਾਰਾਂ, ਸਰਦਾਰਾ ਸ਼ਰਤ ਰੱਖੀ ਕਿ ਵਾਪਸ ਪਿੰਡਾਂ, ਰੱਖਾਂ, ਬਹਿਲਾਂ ਵਿੱਚ ਤਾਂ ਵੜਨ ਦੇਵਾਂਗੇ ਜੇਕਰ ਬਗੈਰ ਮੁਆਵਜੇ ਦੇ ਉਨ੍ਹਾਂ ਦੇ ਖੇਤਾਂ, ਖਲਿਆਣਾਂ, ਘਰਾਂ, ਡੇਅਰੀਆਂ, ਸਟੱਡ ਫਾਰਮਾਂ, ਸਨਅਤਾਂ ਵਿੱਚ ਸਾਲਾਂਬੱਧੀ ਕੰਮ ਕਰੋਗੇ, ਬੰਧੂਆ ਮਜ਼ਦੂਰਾਂ ਵਾਂਗ।
ਜੋ ਲੋਕ ਡਰਦੇ ਨਹੀਂ ਪਰਤੇ ਉਹ ਕਰਾਚੀ ਅਤੇ ਹੋਰ ਸ਼ਹਿਰਾਂ ਵਿੱਚ ਪੁਲਾਂ, ਸੜਕਾਂ, ਇਮਾਰਤਾਂ ਦੀ ਉਸਾਰੀ ਕਰ ਰਹੇ ਹਨ। ਮਾਲਕਾਂ ਵੱਲੋਂ ਨਿਗੂਣੀ ਉਜਰਤ ਦੇਣ ਕਰਕੇ ਰੇਲਵੇ, ਸੜਕੀ ਪੁਲਾਂ ਹੇਠ, ਅੱਧ ਢਕੀਆਂ ਝੁੱਗੀਆਂ, ਝੌਂਪੜੀਆਂ ਵਿੱਚ ਅਤਿ ਦੀ ਮੰਦਹਾਲੀ ਭਰਿਆ ਜੀਵਨ ਬਸਰ ਕਰਨ ਲਈ ਬੇਵੱਸ ਹਨ, ਜ਼ਿਮੀਂਦਾਰਾਂ, ਸਰਦਾਰਾਂ, ਰਿਆਲਟਰਾਂ ਦੇ ਸ਼ੋਸ਼ਣ ਕਰਕੇ ਆਤਮ ਹੱਤਿਆ ਲਈ ਮਜਬੂਰ ਹਨ। ਭੁੱਖਮਰੀ, ਬੀਮਾਰੀ, ਬੇਰੁਜ਼ਗਾਰੀ ਨੇ ਜੀਵਨ ਨਰਕ ਬਣਾ ਰੱਖਿਆ ਹੈ, ਕਿੱਧਰੇ ਕੋਈ ਸੁਣਵਾਈ ਨਹੀਂ। ਅਤਿ ਦੀ ਗਰਮੀ ਅਤੇ ਸਰਦੀ ਦੇ ਮੌਸਮ ਕੱਫ਼ਣ ਬਣ ਕੇ ਕਹਿਰ ਢਾਹੁੰਦੇ ਹਨ। ਕਿੱਧਰੇ ਕੋਈ ਸੁਣਵਾਈ ਨਹੀਂ। ਇਹ ਕੁਲਹਿਣਾ ਦੇਸ਼ ਭਾਰਤ ਨਾਲੋਂ ਵੱਖ ਨਾ ਹੋਇਆ ਹੁੰਦਾ।
ਕੌਮਾਂਤਰੀ ਬਰਾਦਰੀ ਅਤੇ ਯੂ.ਐੱਨ.ਓ. ਨੂੰ ਅੱਗੇ ਆਉਣਾ ਚਾਹੀਦਾ ਹੈ। ਇੱਕ ਤਾਕਤਵਰ ਕਮਿਸ਼ਨ ਦਾ ਗਠਨ ਕਰਕੇ ਲੋਕਾਂ ਨੂੰ ਇਸ 21ਵੀਂ ਸਦੀ ਦੀ ਨਰਕੀ ਗੁਲਾਮੀ ਦੇ ਜੀਵਨ ਵਿੱਚੋਂ ਨਿਜਾਤ ਦਿਵਾਉਣ ਲਈ ਵੱਡੇ ਉਪਰਾਲੇ ਕਰਨੇ ਚਾਹੀਦੇ ਹਨ।
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(4248)
(ਸਰੋਕਾਰ ਨਾਲ ਸੰਪਰਕ ਲਈ: (