“ਮਾਰਚ 2022 ਨੂੰ ਇੱਕ ਰੈਲੀ ਦੌਰਾਨ ਇਮਰਾਨ ਖਾਨ ਨੇ ਇੱਕ ਦਸਤਾਵੇਜ਼ੀ ਪੱਤਰ ਲਹਿਰਾਉਂਦੇ ਹੋਏ ਕਿਹਾ ਸੀ ਕਿ ...”
(4 ਫਰਵਰੀ 2024)
ਇਸ ਸਮੇਂ ਪਾਠਕ; 210.
ਇਸ ਗਲੋਬ ਉੱਪਰ ਕਿਸੇ ਵੀ ਦੇਸ਼, ਇਲਾਕੇ, ਕਬੀਲੇ ਅੰਦਰ ਕਿਸੇ ਵੀ ਕਾਲ ਵਿੱਚ ਜੇਕਰ ਰਾਜਕੀ ਸੱਤਾ ਸ਼ਕਤੀ ’ਤੇ ਡੂੰਘੀ ਝਾਤ ਮਾਰੀ ਜਾਏ ਤਾਂ ਇਸ ਤੋਂ ਕਰੂਰ, ਜ਼ਾਲਿਮ, ਬੇਕਿਰਕ, ਬੇਦਰਦ ਹੋਰ ਕੋਈ ਸ਼ਕਤੀ ਨਜ਼ਰ ਨਹੀਂ ਆਉਂਦੀ। ਇਸਦੀ ਪ੍ਰਾਪਤੀ ਅਤੇ ਕਾਇਮੀ ਲਈ ਨਜ਼ਦੀਕ ਤੋਂ ਨਜ਼ਦੀਕ ਰਿਸ਼ਤੇ ਜ਼ਾਲਮਾਨਾ ਢੰਗ ਨਾਲ ਫਨਾਹ ਕਰ ਦਿੱਤੇ ਜਾਂਦੇ ਹਨ।
14 ਅਗਸਤ 1947 ਨੂੰ ਕੌਮਾਂਤਰੀ ਸਾਜ਼ਿਸ਼ ਅਧੀਨ ਦੋ ਕੌਮਾਂ ਦੀ ਥਿਊਰੀ ਨੂੰ ਅਧਾਰ ਬਣਾਉਂਦੇ ਭਾਰਤ ਦੀ ਵੰਡ ਕਰਕੇ ਹੋਂਦ ਵਿੱਚ ਆਏ ਪਾਕਿਸਤਾਨ ਰਾਸ਼ਟਰ ਦੇ ਇਤਿਹਾਸ ਦਾ ਇੱਕ-ਇੱਕ ਵਰਕਾ ਰਾਜਕੀ ਸੱਤਾ ਦੀ ਜ਼ਾਲਮਾਨਾ, ਗੈਰ-ਕਾਨੂੰਨੀ ਕਾਰਨਾਮਿਆਂ ਅਤੇ ਬੇਕਿਰਕ ਬੇਇਨਸਾਫੀ ਨਾਲ ਲਬਰੇਜ਼ ਨਜ਼ਰ ਆਉਂਦਾ ਹੈ। ਸੱਤਾ ਦੀ ਲਗਾਤਾਰ ਜੰਗ ਅਤੇ ਇਸ ਲਈ ਵਰਤੀ ਜਾਂਦੀ ਜ਼ਾਲਮਾਨਾ ਰਾਾਜਕੀ ਸ਼ਕਤੀ ਦਾ ਨਤੀਜਾ ਇਹ ਹੈ ਇਸ ਦੇਸ਼ ਦੇ ਗਰੀਬ, ਆਮ ਅਤੇ ਘੱਟ-ਗਿਣਤੀ ਭਾਈਚਾਰਿਆਂ, ਕਬੀਲਿਆਂ ਅਤੇ ਦੂਰ-ਦਰਾਜ਼ ਇਲਾਕਿਆਂ ਦੇ ਲੋਕ ਨਰਕ ਭਰਿਆ ਜੀਵਨ ਬਤੀਤ ਕਰਨ ਲਈ ਮਜਬੂਰ ਹਨ।
ਇਸਦੀ ਜ਼ਾਲਮਾਨਾ ਸੱਤਾ ਸ਼ਕਤੀ, ਗੈਰ-ਕਾਨੂੰਨੀ ਆਪਮੁਹਾਰੀ ਅਦਲ ਅਤੇ ਉਸਦੇ ਨਿਰੰਕੁਸ਼ ਦੇ 8 ਫਰਵਰੀ, 2024 ਨੂੰ ਆਮ ਚੋਣਾਂ ਤੋਂ ਐਨ 9-10 ਦਿਨ ਪਹਿਲਾਂ ਉੱਤੋ-ੜਿੱਤੀ ਆਏ ਜੇਲ੍ਹ ਅੰਦਰ ਬੰਦ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਸੰਬੰਧੀ ਅਦਾਲਤੀ ਫੈਸਲਿਆਂ ਨੇ ਉਸਦੇ ਰਾਜਸੀ ਭਵਿੱਖ ਨੂੰ ਹਾਲ ਦੀ ਘੜੀ ਅਨਿਸ਼ਚਿਤਤਾ ਦੇ ਅੰਨ੍ਹੇ ਖੂਹ ਵਿੱਚ ਸੁੱਟ ਦਿੱਤਾ ਹੈ।
30 ਜਨਵਰੀ, 2024 ਨੂੰ ਬਗੈਰ ਕਿਸੇ ਕਾਇਦੇ ਕਾਨੂੰਨ ਦੇ ਇੱਕ ਸਾਫੀਕਰ ਕੇਸ ਲਈ ਗਠਤ ਆਫੀਸ਼ੀਅਲ ਗੁਪਤ ਕਾਨੂੰਨ ਤਹਿਤ ਗਠਤ ਕੀਤੀ ਜਸਟਿਸ ਅਬਦੁਲ ਹਸਨ ਜ਼ੁਲਕਾਰਨੈਨ ਦੀ ਰਾਹਨੁਮਾਹੀ ਹੇਠ ਵਿਸ਼ੇਸ਼ ਅਦਾਲਤ ਨੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਅਤੇ ਉਸਦੀ ਤਹਿਰੀਕ-ਏ-ਇਨਸਾਫ (ਪੀ.ਟੀ.ਆਈ.) ਪਾਰਟੀ ਦੇ ਉਪ ਪ੍ਰਧਾਨ ਅਤੇ ਸਾਬਕਾ ਵਿਦੇਸ਼ ਮੰਤਰੀ ਸ਼ਾਹ ਮੁਹੰਮਦ ਕੁਰੈਸ਼ੀ ਨੂੰ ਰਾਜ ਵਿਰੋਧੀ ਦਰਸਾਉਂਦੇ 10-10 ਸਾਲ ਦੀ ਸਜ਼ਾ ਸੁਣਾਈ। ਸਿਤਮ ਦੀ ਗੱਲ ਇਹ ਹੈ ਕਿ ਅਦਾਲਤ ਨੇ ਇਸ ਸੰਬੰਧੀ ਆਗਾਮੀ ਕਾਨੂੰਨੀ ਚਾਰਾਜੋਈ ਤੋਂ ਵੀ ਵੰਚਿਤ ਕਰ ਦਿੱਤਾ ਹੈ।
ਕੀ ਹੈ ਸਾਈਫਰ ਕੇਸ:
ਸਾਈਫਰ ਕੇਸ ਇੱਕ ਡਿਪਲੋਮੈਟਿਕ ਦਸਤਾਵੇਜ਼ ਬਾਰੇ ਹੈ ਜਿਸ ਵਿੱਚ ਪਾਕਿਸਤਾਨੀ ਫੈਡਰਲ ਜਾਂਚ ਏਜੰਸੀ ਨੇ ਇੱਕ ਚਾਰਜਸ਼ੀਟ ਤਿਆਰ ਕੀਤੀ ਸੀ ਜੋ ਇਮਰਾਨ ਖਾਨ ਨੇ ਪ੍ਰਧਾਨ ਮੰਤਰੀ ਹੁੰਦੇ ਉਸ ਨੂੰ ਵਾਪਸ ਨਹੀਂ ਕੀਤਾ ਸੀ। ਉਸਦੀ ਤਹਿਰੀਕ-ਏ-ਇਨਸਾਫ ਪਾਰਟੀ ਇਸ ਦਸਤਾਵੇਜ਼ ਨੂੰ ਅਮਰੀਕਾ ਵੱਲੋਂ ਧਮਕੀ ਦਰਸਾਉਂਦੀ ਸੀ ਕਿ ਇਮਰਾਨ ਖਾਨ ਨੂੰ ਪ੍ਰਧਾਨ ਮੰਤਰੀ ਪਦ ਤੋਂ ਹਟਾ ਦਿੱਤਾ ਜਾਏਗਾ।
ਮਾਰਚ 2022 ਨੂੰ ਇੱਕ ਰੈਲੀ ਦੌਰਾਨ ਇਮਰਾਨ ਖਾਨ ਨੇ ਇੱਕ ਦਸਤਾਵੇਜ਼ੀ ਪੱਤਰ ਲਹਿਰਾਉਂਦੇ ਹੋਏ ਕਿਹਾ ਸੀ ਕਿ ਉਸ ਕੋਲ ਕੌਮਾਂਤਰੀ ਪੱਧਰ ’ਤੇ ਉਸਦੀ ਸਰਕਾਰ ਡੇਗੇ ਜਾਣ ਦੀ ਸਾਜ਼ਿਸ਼ ਦਾ ਸਬੂਤ ਮੌਜੂਦ ਹੈ। ਇਮਰਾਨ ਖਾਨ ਨੇ ਆਪਣੇ ਭਾਸ਼ਨ ਵਿੱਚ ਇੱਕ ਨੋਟ ਪੜ੍ਹਦਿਆਂ ਕਿਹਾ ਸੀ ਕਿ ਵਿਦੇਸ਼ਾਂ ਤੋਂ ਸਰਕਾਰ ਬਦਲਣ ਲਈ ਫੰਡ ਆਉਂਦੇ ਹਨ। ਇਸ ਮੰਤਵ ਲਈ ਦੇਸ਼ ਅੰਦਰ ਲੋਕਾਂ ਨੂੰ ਵਰਤਿਆ ਜਾਂਦਾ ਹੈ। ਇਨ੍ਹਾਂ ਵਿੱਚੋਂ ਕੁਝ ਅਣਜਾਣੇ ਅਤੇ ਕੁਝ ਜਾਣ ਬੁੱਝ ਕੇ ਸਾਡੇ ਖਿਲਾਫ ਅਤੇ ਸਾਡੀ ਸਰਕਾਰ ਖਿਲਾਫ ਧੰਨ ਦੀ ਵਰਤੋਂ ਕਰਦੇ ਹਨ। ਇਹ ਮੰਦਭਾਗੀ ਘਟਨਾ ਐਨ ਉਸ ਸਮੇਂ ਵਾਪਰੀ ਜਦੋਂ ਵਿਰੋਧੀ ਧਿਰ ਨੈਸ਼ਨਲ ਅਸੈਂਬਲੀ ਅੰਦਰ ਸਰਕਾਰ ਵਿਰੁੱਧ ਅਵਿਸ਼ਵਾਸ ਦਾ ਮਤਾ ਲੈ ਕੇ ਆਈ ਸੀ। ਇਹ ਦਸਤਾਵੇਜ਼ ਕੈਬਨਿਟ ਅੰਦਰ ਵੀ ਦਰਸਾਇਆ ਪਰ ਇਸ ਮੀਟਿੰਗ ਵਿੱਚੋਂ ਸੱਤਾਧਾਰੀ ਗਠਜੋੜ ਸਰਕਾਰ ਸਬੰਧਿਤ ਮੁਤਹਿਦਾ ਕੌਮੀ ਲਹਿਰ ਪਾਕਿਸਤਾਨ ਅਤੇ ਬਲੋਚਿਸਤਾਨ ਅਵਾਮੀ ਪਾਰਟੀ ਸੰਬੰਧੀ ਕੈਬਨਿਟ ਮੰਤਰੀ ਹਾਜ਼ਰ ਨਹੀਂ ਸਨ ਹੋਏ। ਕੁਝ ਮੀਡੀਆ ਸੰਬੰਧੀ ਐਂਕਰ ਵੀ ਬੁਲਾਏ ਸਨ ਪਰ ਉਨ੍ਹਾਂ ਨੂੰ ਇਹ ਦਸਤਾਵੇਜ਼ ਨਹੀਂ ਸੀ ਵਿਖਾਇਆ। ਪਹਿਲਾਂ ਤਾਂ ਪ੍ਰਧਾਨ ਮੰਤਰੀ ਨੇ ਇਸ ਪੱਤਰ ਨੂੰ ਅਮਰੀਕਾ ਨਾਲ ਸਬੰਧਿਤ ਦੱਸਿਆ ਪਰ ਅਗਲੇ ਪਲ ਕਿਸੇ ਹੋਰ ਦੇਸ਼ ਨਾਲ ਸਬੰਧਿਤ ਦਰਸਾਇਆ। ਸੋ ਇਹ ਡਰਾਮਾ ਸ਼ੱਕੀ ਨਜ਼ਰ ਆਇਆ।
ਲੇਕਿਨ ਪਾਕਿਸਤਾਨੀ ਲੋਕਤੰਤਰੀ ਇਤਿਹਾਸ ਵਿੱਚ ਪਹਿਲੀ ਵਾਰ ਇੱਕ ਪ੍ਰਧਾਨ ਮੰਤਰੀ ਨੂੰ ਸਦਨ ਅੰਦਰ ਅਵਿਸ਼ਵਾਸ ਦਾ ਮਤਾ ਪਾਸ ਕਰਕੇ ਅਹੁਦੇ ਤੋਂ ਦਸਤਬਰਦਾਰ ਕਰ ਦਿੱਤਾ ਗਿਆ ਸੀ।
ਇੱਥੇ ਇਹ ਵਰਨਣਯੋਗ ਹੈ ਕਿ ਬਦਕਿਸਮਤ ਪਾਕਿਸਤਾਨ ਵਿੱਚ ਅੱਜ ਤਕ ਸਭ ਪ੍ਰਧਾਨ ਮੰਤਰੀ ਇਸ ਬਦਕਿਸਮਤੀ ਦਾ ਸ਼ਿਕਾਰ ਰਹੇ ਹਨ ਕਿ ਕਦੇ ਕੋਈ ਆਪਣੇ 5 ਸਾਲ ਦਾ ਕਾਰਜਕਾਲ ਪੂਰਾ ਨਹੀਂ ਕਰ ਸਕਿਆ। ਪਹਿਲੇ ਪ੍ਰਧਾਨ ਮੰਤਰੀ ਲਿਆਕਤ ਅਲੀ ਖਾਨ ਗੋਲੀ ਦਾ ਸ਼ਿਕਾਰ ਹੋਏ। ਖਵਾਜ਼ਾ ਨਿਜ਼ਾਮੁਦੀਨ, ਮੁਹੰਮਦ ਅਲੀ ਬੁਗਰਾ, ਚੌ. ਮੁਹਮੰਦ ਅਲੀ, ਐੱਚ.ਐੱਸ. ਸੁਹਰਾਵਰਦੀ, ਇਬਰਾਹੀਮ ਚੌਂਦਰੀਗਰ, ਮਲਿਕ ਫਿਰੋਜ਼ ਖਾਨ ਨੂੰਨ, ਨੂਰ ਉਲ ਅਮੀਨ ਥੋੜ੍ਹੇ ਥੋੜ੍ਹੇ ਵਕਫ਼ੇ ਅੰਦਰ ਫ਼ੌਜੀ ਹਾਕਮਾਂ ਵੱਲੋਂ ਚਲਦੇ ਕੀਤੇ ਜਾਂਦੇ ਰਹੇ। ਜ਼ੁਲਫਿਕਾਰ ਅਲੀ ਭੁਟੋ ਵੀ ਇਮਰਾਨ ਖਾਨ ਵਾਂਗ ਰਾਜ ਵਿਰੋਧੀ ਗਰਦਾਨਿਆਂ ਅਤੇ ਫਾਂਸੀ ਚਾੜ੍ਹ ਦਿੱਤਾ ਗਿਆ। ਬੇਨਜ਼ੀਰ ਭੁਟੋ ਦੀਆਂ ਦੋ ਸਰਕਾਰਾਂ ਰਾਸ਼ਟਰਪਤੀ ਵੱਲੋਂ ਭੰਗ ਕੀਤੀਆਂ ਗਈਆਂ। ਮੀਆਂ ਨਵਾਜ਼ ਸ਼ਰੀਫ ਦੀਆਂ ਤਿੰਨ ਸਰਕਾਰਾਂ ਚਲਦਾ ਕੀਤੀਆਂ ਗਈਆਂ। ਸੰਨ 2017 ਵਿੱਚ ਨਵਾਜ਼ ਸ਼ਰੀਫ ਨੂੰ ਆਪਣੇ ਪੂਰਵਧਿਕਾਰੀ ਪ੍ਰਧਾਨ ਮੰਤਰੀ ਯੂਸਫ ਰਜ਼ਾ ਜ਼ਿਲਾਨੀ ਵਾਂਗ ਸੁਪਰੀਮ ਕੋਰਟ ਵੱਲੋਂ ਅਯੋਗ ਘੋਸ਼ਿਤ ਕਰਾਰ ਦਿੱਤਾ ਗਿਆ ਸੀ। ਉਹ ਜਨਰਲ ਮੁਸ਼ਰਫ ਦੇ ਕਹਿਰ ਤੋਂ ਸਾਉਦੀ ਵਿਚੋਲਗੀ ਕਰਕੇ ਬਚ ਸਕਿਆ।
ਦੂਸਰਾ ਕੇਸ :
ਦੂਸਰੇ ਤੋਸ਼ਾਖਾਨਾ ਕੇਸ ਵਿੱਚ 31 ਜਨਵਰੀ 2024 ਨੂੰ ਰਾਵਲਪਿੰਡੀ ਦੀ ਅਦਿਆਲਾ ਜੇਲ੍ਹ ਵਿੱਚ ਬੰਦ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਅਤੇ ਉਸਦੀ ਤੀਸਰੀ ਪਤਨੀ ਬੁਸ਼ਰਾ ਖਾਨ ਜੋ ਤੰਤਰ-ਮੰਤਰ ਲਈ ਵੀ ਬਦਨਾਮ ਮੰਨੀ ਜਾਂਦੀ ਹੈ, ਨੂੰ ਜੱਜ ਮੁਹਮੰਦ ਬਸ਼ੀਰ ਨੇ 14-14 ਸਾਲ ਦੀ ਸਜ਼ਾ ਅਤੇ ਦੋਹਾਂ ਨੂੰ 23-23 ਕਰੋੜ ਰੁਪਏ ਦਾ ਜੁਰਮਾਨਾ ਲਗਾਇਆ ਗਿਆ। ਇਸ ਫੈਸਲੇ ਅਨੁਸਾਰ ਉਨ੍ਹਾਂ ’ਤੇ 10 ਸਾਲ ਤਕ ਕਿਸੇ ਵੀ ਸਰਵਜਨਕ ਪਦ ’ਤੇ ਆਸੀਨ ਹੋਣ ’ਤੇ ਰੋਕ ਲਗਾ ਦਿੱਤੀ ਗਈ। ਤੋਸ਼ਾਖਾਨਾ ਕੇਸ਼ ਹੋਰ ਭ੍ਰਿਸ਼ਟਾਚਾਰ ਸੰਬੰਧੀ ਕੇਸਾਂ ਵਿੱਚੋਂ ਇੱਕ ਹੈ ਜਿਸ ਵਿੱਚ ਉਨ੍ਹਾਂ ’ਤੇ ਦੇਸ਼ ਵਿਦੇਸ਼ ਤੋਂ ਮਿਲੇ ਬਹੁਕੀਮਤੀ ਤੋਹਫੇ ਵੇਚਣ ਦਾ ਦੋਸ਼ ਹੈ। ਸਾਬਕਾ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਅਨੁਸਾਰ ਉਨ੍ਹਾਂ ਨੇ ਕਾਹਬਾ ਸੰਬੰਧੀ ਮਾਡਲ ਵੇਚਣ ਜਿਹੀ ਅਤਿ ਸ਼ਰਮਨਾਕ ਹਰਕਤ ਕਰਨ ਤੋਂ ਗੁਰੇਜ਼ ਨਹੀਂ ਕੀਤਾ।
ਚੋਣ ਨਿਸ਼ਾਨ ਜ਼ਬਤੀ:
72 ਸਾਲਾ ਇਮਰਾਨ ਖਾਨ ਜਿਸਦਾ ਜਨਮ ਸੰਨ 1952 ਵਿੱਚ ਲਾਹੌਰ ਵਿਖੇ ਹੋਇਆ ਸੀ। ਨੀਲੀਆਂ ਅੱਖਾਂ ਵਾਲਾ ਇਹ ਸਖ਼ਸ ਪਾਕਿਸਤਾਨ ਕ੍ਰਿਕਟ ਟੀਮ ਦਾ ਕਪਤਾਨ ਰਿਹਾ। ਇਸ ਨੇ ਸੰਨ 1996 ਵਿੱਚ ਉੱਚ ਰਾਜਨੀਤਕ ਇਛਾਵਾਂ ਦੀ ਪੂਰਤੀ ਲਈ ਅਤੇ ਪਾਕਿਸਤਾਨ ਦੀ ਰਾਜਨੀਤਕ, ਧਾਰਮਿਕ, ਸਮਾਜਿਕ ਅਤੇ ਆਰਥਿਕ ਹਾਲਤ ਲਗਾਤਾਰ ਬਦਤਰ ਹੁੰਦੇ ਵੇਖਦਿਆਂ ਤਹਿਰੀਕ-ਏ-ਇਨਸਾਫ ਪਾਰਟੀ ਦਾ ਗਠਨ ਕੀਤਾ। ਲੇਕਿਨ ਸਫਲਤਾ ਲਈ ਉਸ ਨੂੰ ਲੰਮਾ ਸਮਾਂ ਇੰਤਜ਼ਾਰ ਕਰਨਾ ਪਿਆ। ਦੇਸ਼ ਅੰਦਰ ਗੁਰਬਤ, ਮਹਿੰਗਾਈ, ਦਹਿਸ਼ਤਗਰਦੀ, ਹਿੰਸਾ, ਅਸੁਰੱਖਿਆ, ਨਫ਼ਰਤ ਦਾ ਮਾਹੌਲ ਪਸਰਨ ਅਤੇ ਰਵਾਇਤੀ ਪਾਰਟੀਆਂ ਜਿਵੇਂ ਮੁਸਲਿਮ ਲੀਗ ਨਵਾਜ਼, ਪਾਕਿਸਤਾਨ ਪੀਪਲਜ਼ ਪਾਰਟੀ, ਐੱਮ.ਕਿਊ.ਐੱਮ., ਪਾਕਿਸਤਾਨੀ ਅਵਾਮੀ ਲੀਗ ਆਦਿ ਤੋਂ ਲੋਕਾਂ ਦਾ ਦਿਲ ਉਕਤਾਉਣ ਕਰਕੇ ਅਤੇ ਸੰਨ 2013 ਦੀਆਂ ਆਮ ਚੋਣਾਂ ਵਿੱਚ ਧਾਂਦਲੀ ਹੋਣ ਕਰਕੇ ਉਸ ਨੇ ਇਸਲਾਮਾਬਾਦ ਵਿੱਚ ਕਈ ਮਹੀਨੇ ਵਿਰੋਧ ਪ੍ਰਦਰਸ਼ਨਜਾਰੀ ਰੱਖੇ ਜੋ ਪਿਸ਼ਾਵਰ ਆਰਮੀ ਪਬਲਿਕ ਸਕੂਲ ਵਿੱਚ ਭਿਆਨਕ ਦਹਿਸ਼ਤਗਰਦ ਹਮਲੇ ਕਰਕੇ ਵਾਪਸ ਲੈਣੇ ਪਏ।
ਸੰਨ 2018 ਦੀਆਂ ਆਮ ਚੋਣਾਂ ਤੋਂ ਪਹਿਲਾਂ ਪੂਰੇ ਦੇਸ਼ ਅੰਦਰ ਉਸ ਦੀ ਪਾਰਟੀ ਅਤੇ ਲੀਡਰਸ਼ਿੱਪ ਦੇ ਹੱਕ ਵਿੱਚ ਹਵਾ ਵਗਣੀ ਸ਼ੁਰੂ ਹੋ ਗਈ ਜਿਵੇਂ ਕਦੇ ਪੰਜਾਬ (ਭਾਰਤ) ਵਿੱਚ ਸੰਨ 1995 ਵਿੱਚ ਗਿੱਦੜਬਾਹਾ ਦੀ ਵਕਾਰੀ ਸੀਟ ਜਿੱਤਣ ਕਰਕੇ ਮਰਹੂਮ ਸ਼੍ਰੋਮਣੀ ਅਕਾਲੀ ਦਲ ਆਗੂ ਸ. ਪ੍ਰਕਾਸ਼ ਸਿੰਘ ਬਾਦਲ ਦੇ ਹੱਕ ਵਿੱਚ ਸੰਨ 1997 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਹੀ ਵਗਣੀ ਸ਼ੁਰੂ ਹੋ ਗਈ ਸੀ। ਰਵਾਇਤੀ ਪਾਰਟੀਆਂ ਨੂੰ ਸ਼ਿਕਸ਼ਤ ਦੇ ਕੇ ਇੱਕ ‘ਨਵੇਂ ਪਾਕਿਸਤਾਨ’ ਦੀ ਸਿਰਜਣਾ ਦੇ ਵਾਅਦੇ ’ਤੇ ਇਤਬਾਰ ਕਰਦਿਆਂ ਪਾਕਿਸਤਾਨੀ ਅਵਾਮ ਦੀ ਹਿਮਾਇਤ ਨਾਲ ਉਸ ਨੇ ਜਿੱਤ ਹਾਸਿਲ ਕੀਤੀ। 18 ਅਗਸਤ 2018 ਨੂੰ ਉਸ ਨੇ ਪਾਕਿਸਤਾਨ ਦੇ 22ਵੇਂ ਪ੍ਰਧਾਨ ਮੰਤਰੀ ਵਜੋਂ ਸਹੁੰ ਚੁੱਕੀ।
ਲੇਕਿਨ ਪਾਕਿਸਤਾਨ ਨੂੰ ‘ਰਿਆਸਤ-ਏ-ਮਦੀਨਾ’ ਜਿਹੀ ਜਨਤਕ ਭਲਾਈ ਵਾਲੀ ਸਰਕਾਰ ਤਾਂ ਕੀ ਦੇਣੀ ਸੀ, ਉਹ ਵਿਦੇਸ਼ ਵਿੱਚ ਪਾਕਿਸਤਾਨ ਵਿੱਚੋਂ ਬਾਹਰ ਗਏ 3-4 ਬਿਲੀਅਨ ਡਾਲਰ ਵਿੱਚੋਂ ਧੇਲਾ ਵਾਪਸ ਨਾ ਲਿਆ ਸਕਿਆ। ਉਲਟਾ ਮਹਿੰਗਾਈ, ਗੁਰਬਤ, ਬੇਰੁਜ਼ਗਾਰੀ, ਦਹਿਸ਼ਤਗਰਦ ਹਿੰਸਾ, ਆਪਸੀ ਨਫ਼ਰਤ, ਅਸੁਰੱਖਿਆ ਦੇ ਖੌਫ਼ ਵਿੱਚ ਧਸਦਾ ਚਲਾ ਗਿਆ। ਵਿਰੋਧੀ ਧਿਰਾਂ ਨੇ ਉਸ ਵਿਰੁੱਧ ਪੀ.ਡੀ.ਐੱਮ. ਗਠਤ ਕਰਕੇ ਪੀ.ਐੱਮ.ਐੱਨ. (ਨਵਾਜ਼ ਸ਼ਰੀਫ) ਪੀ.ਪੀ.ਪੀ. (ਬਿਲਾਵਲ ਭੁੱਟੋ) ਨੇ ਹੱਥ ਮਿਲਾ ਕੇ 10 ਅਪਰੈਲ, 2022 ਨੂੰ ਅੱਧੀ ਰਾਤ ਦਾ ਟੱਲ ਖੜਕਣ ’ਤੇ ਅਵਿਸ਼ਵਾਸ ਮਤਾ ਨੈਸ਼ਨਲ ਅਸੈਂਬਲੀ ਵਿੱਚ ਪਾਸ ਕਰਕੇ ਉਸ ਨੂੰ ਸੱਤਾ ਤੋਂ ਦਸਤਬਰਦਾਰ ਕਰ ਦਿੱਤਾ। ਉਸ ਨੇ ਸਰਕਾਰ ਸੁੱਟਣ ਦਾ ਇਲਜ਼ਾਮ ਫੌਜ ਮੁਖੀ ਕੁਮਰ ਜਾਵੇਦ ਬਾਜਵਾ ਅਤੇ ਅਮਰੀਕਾ ’ਤੇ ਲਗਾਇਆ। ‘ਹਕੀਕੀ ਅਜ਼ਾਦੀ’ ਲੰਬੀ ਮਾਰਚ ਦਾ ਐਲਾਨ ਕੀਤਾ। ਬਦਨਾਮ ਖੁਫੀਆ ਏਜੰਸੀ ਆਈ ਐੱਸ ਆਈ ਮੁਖੀ ਲੈਫ: ਜਨਰਲ ਨਦੀਮ ਅੰਜੁਮ ਦੇ ਅਸਤੀਫੇ ਦੀ ਮੰਗ ਕੀਤੀ। ਨਵੰਬਰ 3, 2022 ਨੂੰ ਇਸ ਮਾਰਚ ਦੌਰਾਨ ਉਸ ’ਤੇ ਕਾਤਲਾਨਾ ਹਮਲਾ ਵਜ਼ੀਰਾਬਾਦ ਹੋਇਆ ਜਿਸ ਵਿੱਚ ਉਸ ਦੀਆਂ ਲੱਤਾਂ ਜ਼ਖਮੀ ਹੋਈਆਂ। ਹਿੰਸਾ ਕਾਰਨ ਉਸ ਨੇ ਮਾਰਚ ਵਾਪਸ ਲੈ ਲਿਆ। ਪਰ ਉਸਦੀ ਪਾਰਟੀ ਦੇ ਕਾਰਕੁਨਾਂ ਨੇ 9 ਮਈ, 2022 ਨੂੰ ਉਸ ਦੀ ਅਲ ਕਾਦਿਰ ਟ੍ਰਸਟ ਕੇਸ ਵਿੱਚ ਗ੍ਰਿਫਤਾਰੀ ਬਾਅਦ ਮਿਲਟਰੀ ਸਥਾਨਾਂ, ਰਿਹਾਇਸ਼ਾਂ ਉੱਤੇ ਹਮਲੇ ਦੀ ਵੱਡੀ ਗਲਤੀ ਕੀਤੀ। ਮਿਲਟਰੀ ਨੇ ਪਾਕਿਸਤਾਨ ਦੇ ਇਤਿਹਾਸ ਵਿੱਚ ਇਸ ਨੂੰ ‘ਕਾਲੇ ਅਧਿਆਇ’ ਦਾ ਨਾਮ ਦਿੱਤਾ।
ਪਾਰਟੀ ਅੰਦਰੂਨੀ ਚੋਣਾਂ ਦੇ ਮਸਲੇ ਨੂੰ ਲੈ ਕੇ ਸੁਪਰੀਮ ਕੋਰਟ ਨੇ ਉਸ ਦੀ ਪਾਰਟੀ ਦਾ ਚੋਣਾਂ ਤੋਂ ਐਨ ਪਹਿਲਾਂ ਚੋਣ ਨਿਸ਼ਾਨ ‘ਕ੍ਰਿਕਟ ਬੱਲਾ’ ਜ਼ਬਤ ਕਰ ਲਿਆ। ਦੋਸ਼ੀ ਹੋਣ ਕਰਕੇ ਉਸ ਦੇ ਦੋ ਹਲਕਿਆਂ ਮੀਆਂ ਵਾਲੀ ਅਤੇ ਲਾਹੌਰ ਤੋਂ ਪੇਪਰ ਰੱਦ ਕਰ ਦਿੱਤੇ ਗਏ।
ਸੰਵਿਧਾਨ ਅਨੁਸਾਰ 16 ਮਹੀਨੇ ਸ਼ਾਹਬਾਜ਼ ਸ਼ਰੀਫ ਦੀ ਮਿਲੀ ਜੁਲੀ ਸਰਕਾਰ ਲਾਂਭੇ ਕਰਕੇ ਅਨਵਾਰੁਲ ਹੱਕ ਕੱਕੜ ਦੀ ਅਗਵਾਈ ਵਿੱਚ ਅਜ਼ਾਦਾਨਾ ਅਤੇ ਮੁਨਸਫਾਨਾ ਚੋਣਾਂ ਕਰਾਉਣ ਲਈ ਕੇਅਰ ਟੇਕਰ ਹਕੂਮਤ ਗਠਤ ਕੀਤੀ। ਇਸਦੀ ਅਗਵਾਈ ਵਿੱਚ 8 ਫਰਵਰੀ ਨੂੰ ਚੋਣਾਂ ਹੋਣ ਜਾ ਰਹੀਆਂ ਹਨ। ਨੈਸ਼ਨਲ ਅਸੈਂਬਲੀ ਅਤੇ 4 ਸੂਬਿਆਂ ਵਿੱਚ ਸ਼ਾਂਤਮਈ ਢੰਗ ਨਾਲ ਚੋਣਾਂ ਕਰਾਉਣ ਲਈ ਫੌਜ ਮੁਖੀ ਜਨਰਲ ਆਸਿਮ ਮੁਨੀਰ ਅਤੇ ਮੁੱਖ ਚੋਣ ਕਮਿਸ਼ਨਰ ਸਿਕੰਦਰ ਸੁਲਤਾਨ ਨੇ ਭਰੋਸਾ ਦਿੱਤਾ ਹੈ। ਪਹਿਲਾਂ ਪੀ.ਟੀ.ਆਈ. ਉਮੀਦਵਾਰਾਂ ਦੇ ਪੇਪਰ ਰਿਜੈਕਟ ਕੀਤੇ ਜੋ ਬਾਅਦ ਵਿੱਚ ਸਭ ਬਹਾਲ ਕਰ ਦਿੱਤੇ। 21 ਅਕਤੂਬਰ 2023 ਨੂੰ 5 ਸਾਲ ਲੰਡਨ ਬਨਵਾਸ ਤੋਂ ਨਵਾਜ਼ ਸ਼ਰੀਫ ਦੇ ਪਰਤਣ ਨਾਲ ਮੁੱਖ ਮੁਕਾਬਲਾ ਮੁਸਲਿਮ ਲੀਗ ਨਵਾਜ਼, ਪੀ.ਟੀ.ਆਈ., ਪੀ.ਪੀ.ਪੀ., ਮੁਤਹਿਦਾ ਕੌਮੀ ਮੂਵਮੈਂਟ ਆਦਿ ਵਿੱਚ ਹੈ। ਇਸ ਵਾਰ ਫੌਜ ਦੀ ਅੰਦਰਖਾਤੇ ਨਵਾਜ਼ ਸ਼ਰੀਫ ਨੂੰ ਹਿਮਾਇਤ ਪ੍ਰਾਪਤ ਹੈ। ਸਥਾਪਿਤ ਨਿਜ਼ਾਮ ਵੀ ਉਸ ਦੀ ਪਿੱਠ ’ਤੇ ਹੈ। 22 ਪ੍ਰਤੀਸ਼ਤ ਨੌਜਵਾਨ ਵੋਟਰ ਵੀ ਵੱਡੇ ਪੱਧਰ ’ਤੇ ਉਸ ਵੱਲ ਤਿਲਕਦੇ ਨਜ਼ਰ ਆਉਂਦੇ ਹਨ। ਵੇਖੋ 8 ਫਰਵਰੀ ਨੂੰ ਊਠ ਕਿਸ ਕਰਵਟ ਬੈਠਦਾ ਹੈ।
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(4699)
(ਸਰੋਕਾਰ ਨਾਲ ਸੰਪਰਕ ਲਈ: (