“ਸੰਨ 1996 ਵਿੱਚ ਸ. ਪ੍ਰਕਾਸ਼ ਸਿੰਘ ਬਾਦਲ ਵੱਲੋਂ ਭਾਜਪਾ ਦੀ ਸ਼੍ਰੀ ਅਟਲ ਬਿਹਾਰੀ ਸਰਕਾਰ ਨੂੰ ਬਿਨਾਂ ਸ਼ਰਤ ...”
(18 ਅਪਰੈਲ 2024)
ਇਸ ਸਮੇਂ ਪਾਠਕ: 105.
ਅਜੋਕੇ ਲੋਕਤੰਤਰੀ ਯੁਗ ਵਿੱਚ ਰਾਜਨੀਤਕ ਪਾਰਟੀਆਂ ਇਸ ਵਿਵਸਥਾ ਨੂੰ ਕਾਇਮ ਰੱਖਣ ਅਤੇ ਲੋਕ ਰਾਇ ਅਨੁਸਾਰ ਲੋਕਾਂ ਨੂੰ ਵਧੀਆ, ਤਸੱਲੀਬਖਸ਼, ਵਿਕਾਸਮਈ, ਇਨਸਾਫ ਪਸੰਦ ਸ਼ਾਸਨ ਦੇਣ ਵਿੱਚ ਅਹਿਮ ਭੂਮਿਕਾ ਨਿਭਾਉਂਦੀਆਂ ਹਨ। ਲੇਕਿਨ ਜੇਕਰ ਰਾਜਨੀਤਕ ਪਾਰਟੀਆਂ ਦੀ ਵਿਚਾਰਧਾਰਾ, ਸਿਧਾਂਤਕ ਅਸੂਲਾਂ, ਪ੍ਰਤੀਬੱਧਤਾਵਾਂ, ਅੰਦਰੂਨੀ ਕਾਡਰ ਅਧਾਰਿਤ ਪਿਰਾਮਿਡ ’ਤੇ ਏਕਾਧਿਕਾਰਵਾਦੀ ਸਰਦਾਰੀ, ਕੁਨਬਾਪ੍ਰਸਤੀ ਅਤੇ ਸੱਤਾ-ਮੋਹ ਭਾਰੂ ਪੈ ਜਾਣ ਤਾਂ ਇਹ ਉਨ੍ਹਾਂ ਦੀ ਸੰਗਠਨਾਤਮਿਕ ਹੋਂਦ ਦੇ ਖਾਤਮੇ ਦੀ ਇਬਾਰਤ ਲਿਖਣੀ ਸ਼ੁਰੂ ਕਰ ਦਿੰਦੇ ਹਨ। ਇਹ ਮੰਦ ਪ੍ਰਭਾਵ ਰਾਜ, ਸਰਕਾਰ ਅਤੇ ਪ੍ਰਸ਼ਾਸਨਿਕ ਸੰਸਥਾਵਾਂ ’ਤੇ ਪੈਣਾ ਲਾਜ਼ਮੀ ਹੁੰਦਾ ਹੈ।
ਬਹੁਤ ਸਾਰੇ ਪੱਛਮੀ ਦੇਸ਼ਾਂ ਅੰਦਰ ਲੋਕਤੰਤਰ ਵਿਵਸਥਾ ਦੀ ਖੂਬਸੂਰਤੀ ਅਤੇ ਮਜ਼ਬੂਤੀ ਦਾ ਰਾਜ਼ ਰਾਜਨੀਤਕ ਪਾਰਟੀਆਂ ਦੇ ਅੰਦਰੂਨੀ ਲੋਕਤੰਤਰ, ਵਿਚਾਰਧਾਰਾ ਪ੍ਰਭੀਬੱਧਤਾਵਾਂ ਨੂੰ ਕਾਇਮ ਰੱਖਣਾ ਹੈ।
ਕਈ ਹੋਰ ਦੇਸ਼ਾਂ ਵਾਂਗ ਭਾਰਤ ਅੰਦਰ ਰਾਜਨੀਤਕ ਪਾਰਟੀਆਂ ਉੱਤੇ ਸੱਤਾ, ਕੁਨਬਾਪ੍ਰਸਤ ਮੋਹ ਕਰਕੇ ਏਕਾਧਿਕਾਰਵਾਦੀ ਸਰਦਾਰੀ ਕਾਇਮ ਰੱਖਣ ਦੀ ਗੈਰ ਲੋਕਤੰਤਰੀ ਜ਼ਿੱਦ ਕਰਕੇ ਉਨ੍ਹਾਂ ਦੇ ਪਤਨ ਅਤੇ ਕਮਜ਼ੋਰੀ ਦਾ ਕਾਰਣ ਬਣੀ। ਨਹਿਰੂ ਗਾਂਧੀ ਪਰਿਵਾਰ ਦੇ ਕਾਂਗਰਸ, ਚੌਟਾਲਿਆਂ ਦੇ ਇਨੈਲੋ (ਹਰਿਆਣਾ), ਅਬਦੁੱਲਿਆਂ ਦੇ ਨੈਸ਼ਨਲ ਕਾਨਫਰੰਸ (ਜੰਮੂ ਕਸ਼ਮੀਰ), ਯਾਦਵਾਂ ਦੇ ਆਰ. ਜੇ. ਡੀ. (ਬਿਹਾਰ), ਸਪਾ (ਉੱਤਰ ਪ੍ਰਦੇਸ਼), ਗੌੜਿਆਂ ਦੇ ਜੇ. ਡੀ ਐੱਸ (ਕਰਨਾਟਕ), ਨਾਇਡੂਆਂ ਦੇ ਤੇਲਗੂ ਦੇਸ਼ਮ (ਆਂਧਰਾ ਪ੍ਰਦੇਸ਼) ਰਾਓਆਂ ਦੇ ਬੀ. ਆਰ. ਐੱਸ. (ਤੇਲੰਗਾਨਾ) ਮਾਇਆਵਤੀ ਦੇ ਬਸਪਾ (ਯੂ. ਪੀ.) ਆਦਿ ਤੇ ਸੱਤਾ ਅਤੇ ਕੁਨਬਾਪ੍ਰਸਤ ਏਕਾਧਿਕਾਰਵਾਦੀ ਜ਼ਿਦ ਨੇ ਇਨ੍ਹਾਂ ਨੂੰ ਰਾਜਨੀਤਕ ਪਤਨ ਅਤੇ ਕਮਜ਼ੋਰ ਸੰਗਠਨ ਵਿਵਸਥਾ ਵੱਲ ਧਕੇਲਿਆ। ਇਹੋ ਕੁਝ ਬਾਦਲਾਂ ਵੱਲੋਂ ਸਿਧਾਂਤਕ, ਵਿਚਾਰਧਾਰਕ ਅਤੇ ਕੁਰਬਾਨੀਆਂ ਲਈ ਦ੍ਰਿੜ੍ਹ ਸੰਕਲਪ ਰਾਜਨੀਤਕ ਪਾਰਟੀ, ਸ਼੍ਰੋਮਣੀ ਅਕਾਲੀ ਦਲ ’ਤੇ ਸੱਤਾ ਅਤੇ ਕੁਨਬਾਪ੍ਰਸਤ ਮੋਹ ਕਰਕੇ ਏਕਾਧਿਕਾਰਵਾਦੀ ਸਰਦਾਰੀ ਕਾਇਮ ਰੱਖਣ ਦੀ ਜ਼ਿੱਦ ਕਰਕੇ ਵਾਪਰ ਰਿਹਾ ਹੈ।
ਸਮਝੌਤੇ: ਸ਼੍ਰੋਮਣੀ ਅਕਾਲੀ ਦਲ ਵੱਲੋਂ ਸੱਤਾ ਖਾਤਰ ਭਾਰਤੀ ਕੇਂਦਰੀ ਸਰਕਾਰਾਂ ਨਾਲ ਸਿਧਾਂਤਾਂ, ਵਿਚਾਰਧਾਰਾ, ਸਿੱਖ ਘੱਟ ਗਿਣਤੀ ਦੀ ਰਾਖੀ ਨੂੰ ਤਿਲਾਂਜਲੀ ਦੇਣ ਦੇ ਲਗਾਤਾਰ ਸਿਲਸਿਲੇ ਨੇ ਇਸ ਨੂੰ ਰਾਜਨੀਤਕ ਖੋਖਲੇਪਣ ਅਤੇ ਏਕਾਧਿਕਾਰ ਵੱਲ ਧਕੇਲਿਆ, ਪੰਚ ਪ੍ਰਧਾਨੀ ਸ਼ਕਤੀ ਦਾ ਭੋਗ ਪਾਇਆ। ਸੱਤਾ ਖਾਤਰ ਪੰਜਾਬੀ ਸੂਬਾ ਸਮਝੌਤੇ ਵੇਲੇ ਰਾਜਧਾਨੀ, ਪਾਣੀਆਂ, ਹੈੱਡਵਰਕਸਾਂ ’ਤੇ ਕੰਟਰੋਲ, ਨਾਗਾਲੈਂਡ, ਮਿਜ਼ੋਰਾਮ, ਮਨੀਪੁਰ ਵਾਂਗ ਪੰਜਾਬ ਜਿਹੇ ਸਰਹੱਦੀ, ਸੰਵੇਦਨਸ਼ੀਲ, ਸਿੱਖ ਬਹੁਗਿਣਤੀ ਵਾਲੇ ਰਾਜ ਲਈ ਸੰਵਿਧਾਨਿਕ ਵਿਸ਼ੇਸ਼ ਵਿਵਸਥਾ ਪ੍ਰਾਪਤ ਕਰਨ ਦੇ ਅਹਿਮ ਮੁੱਦੇ ਨੂੰ ਅਣਗੌਲੇ ਕੀਤਾ। ਰਾਜੀਵ-ਲੌਂਗੋਵਾਲ ਸਮਝੌਤੇ 1985 ਵਿੱਚ ਫਿਰ ਅਜਿਹੇ ਮੁੱਦੇ ਮਹਿਜ਼ ਸੱਤਾ ਖਾਤਰ ਵਿਸਾਰ ਦਿੱਤੇ। ਸੰਨ 1996 ਵਿੱਚ ਸ. ਪ੍ਰਕਾਸ਼ ਸਿੰਘ ਬਾਦਲ ਵੱਲੋਂ ਭਾਜਪਾ ਦੀ ਸ਼੍ਰੀ ਅਟਲ ਬਿਹਾਰੀ ਸਰਕਾਰ ਨੂੰ ਬਿਨਾਂ ਸ਼ਰਤ ਹਿਮਾਇਤ ਦੇਣ ਅਤੇ ਅਕਾਲੀ ਭਾਜਪਾ ਰਾਜਨੀਤਕ ਗਠਜੋੜ ਵੇਲੇ ਇਹ ਮੁੱਦੇ ਹੱਲ ਕਰਨ ਨੂੰ ਨਕਾਰ ਦਿੱਤਾ। ਸਿਰਫ ਪੰਜਾਬ ਅੰਦਰ ਸੱਤਾ ਖਾਤਰ ਪੰਜਾਬ, ਸਿੱਖ ਘੱਟ ਗਿਣਤੀ ਅਤੇ ਆਲ ਇੰਡੀਆ ਸਿੱਖ ਗੁਰਦਵਾਰਾ ਐਕਟ ਰਾਹੀਂ ਸਿੱਖਾਂ ਦੀ ਪਾਰਲੀਮੈਂਟ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਨੂੰ ਮਜ਼ਬੂਤ ਕਰਨੋਂ ਮੂੰਹ ਫੇਰ ਲਿਆ।
ਗੁਨਾਹ: ਅਕਾਲੀ ਆਗੂਆਂ ਨੇ ਸੱਤਾ ਖਾਤਰ ਉਹੀ ਗੁਨਾਹ ਕੀਤੇ ਜੋ ਅੰਗਰੇਜ਼, ਭਾਰਤੀ ਅਤੇ ਹੋਰ ਸਰਕਾਰਾਂ ਕਰਦੀਆਂ ਹਨ - ਪੰਜਾਬੀਆਂ ਅਤੇ ਸਿੱਖ ਘੱਟ ਗਿਣਤੀਆਂ ਵਿਰੁੱਧ ‘ਪੁਲਿਸ’ ਦੀ ਵਰਤੋਂ। ਮਹਾਰਾਜਾ ਰਣਜੀਤ ਸਿੰਘ ਨੇ ਕਦੇ ਅਜਿਹਾ ਨਹੀਂ ਸੀ ਕੀਤਾ। ਅਕਾਲੀ ਸਰਕਾਰ ਨੇ ਸ੍ਰ. ਪ੍ਰਕਾਸ਼ ਸਿੰਘ ਬਾਦਲ ਦੇ ਮੁੱਖ ਮੰਤਰੀ ਕਾਲਾਂ ਵੇਲੇ (1) ਨਕਸਲੀਆਂ ਨੂੰ ਝੂਠੇ ਪੁਲਿਸ ਮੁਕਾਬਲਿਆਂ ਵਿੱਚ ਮਾਰਿਆ, (2) 13 ਅਪਰੈਲ 1978 ਨਿਰੰਕਾਰੀ ਸੰਮੇਲਨ ਵੇਲੇ ਸਿੱਖਾਂ ਦਾ ਖੂਨੀ ਘਾਣ, (3) ਸੰਨ 1997 ਵਿੱਚ ‘ਸੱਚ ਅਤੇ ਸੁਲ੍ਹਾ’ ਕਮਿਸ਼ਨ ਤੋਂ ਭੱਜਣਾ, (4) ਬੰਦੀ ਸਿੱਖਾਂ ਦੀ ਰਿਹਾਈ, (5) ਝੂਠੇ ਪੁਲਿਸ ਮੁਕਾਬਲੇ ਅਤੇ ਅਣਮਨੁੱਖੀ ਤਸੀਹੇ ਸਿੱਖ ਨੌਜਵਾਨਾਂ ਨੂੰ ਦੇਣ ਵਾਲੇ ਪੁਲਿਸ ਅਫਸਰਾਂ ਨੂੰ ਤਰੱਕੀਆਂ ਅਤੇ ਮਲਾਈਦਾਰ ਨਿਯੁਕਤੀਆਂ, (6) ਜੇ ਕੇਂਦਰੀ ਭਾਜਪਾ ਆਕਾਵਾਂ ਦੇ ਨਿਰਦੇਸ਼ਾਂ ’ਤੇ ਸੁਮੇਧੀ ਸੈਣੀ ਡੀ. ਜੀ. ਪੀ. ਨਿਯੁਕਤ ਨਾ ਕੀਤਾ ਹੁੰਦਾ ਤਾਂ ਮਿੰਨੀ ਜਲ੍ਹਿਆਂਵਾਲਾ ਬਰਗਾੜੀ ਕਾਂਡ ਨਾ ਵਾਪਰਦਾ, (7) ਬੇਅਦਬੀ ਕਾਂਡ, (8) ਸੌਦਾ ਸਾਧ ਨਾਲ ਸੱਤਾ ਖਾਤਰ ਯਾਰੀ, (9) ਕਿਸਾਨੀ ਵਿਰੋਧੀ ਤਿੰਨ ਕੇਂਦਰੀ ਕਾਨੂੰਨਾਂ ਦੀ ਹਿਮਾਇਤ, (ਕੇਂਦਰੀ ਮੰਤਰੀ ਹਰਸਿਮਰਤ ਕੌਰ ਦਾ ਅਸਤੀਫਾ, ਹਿਮਾਇਤ ਵਾਪਸੀ ਉਦੋਂ ਕੀਤੀ ਜਦੋਂ ਕਿਸਾਨੀ ਨੇ ਬਾਦਲ ਪਿੰਡ ਵਾਲੀ ਰਿਹਾਇਸ਼ ਘੇਰੀ) (10) ਸਿੱਖ ਸੰਸਥਾਵਾਂ, ਜਿਵੇਂ ਸ਼੍ਰੋਮਣੀ ਕਮੇਟੀ, ਸ਼੍ਰੀ ਅਕਾਲ ਤਖਤ ਸਾਹਿਬ, ਸ਼੍ਰੋਮਣੀ ਅਕਾਲੀ ਦਲ, ਸ਼੍ਰੋਮਣੀ ਕਮੇਟੀ ਪ੍ਰਧਾਨ ਆਦਿ ਸਭ ਬਾਦਲ ਕੁਨਬੇ ਦੀਆਂ ਬਾਂਦੀਆਂ ਬਣਾ ਲਈਆਂ। ਹਜ਼ੂਰ ਸਾਹਿਬ ਨੰਦੇੜ, ਪਟਨਾ ਸਾਹਿਬ ਬੋਰਡ, ਦਿੱਲੀ ਅਤੇ ਹਰਿਆਣਾ ਗੁਰਦਵਾਰਾ ਪ੍ਰਬੰਧਕ ਕਮੇਟੀਆਂ ਵਿੱਚ ਆਰ. ਐੱਸ. ਐੱਸ. ਹਵਾਲੇ। ਸੁਰਜੀਤ ਸਿੰਘ ਬਰਨਾਲਾ ਮੁੱਖ ਮੰਤਰੀ ਕੇਂਦਰੀ ਕਾਂਗਰਸ ਪਾਰਟੀ ਰਾਜੀਵ ਗਾਂਧੀ ਸਰਕਾਰ ਨਾਲ ਸਮਝੌਤੇ ਤਹਿਤ ਬਣਿਆ। ਨੀਲਾ ਤਾਰਾ ਅਪਰੇਸ਼ਨ ਅਤੇ ਫੌਜੀ ਦਖਲ ਜਾਇਜ਼ ਠਹਿਰਾਉਣ ਲਈ ਉਸ ਦੀ ਨਿਰੋਲ ਅਕਾਲੀ ਸਰਕਾਰ ਨੇ ਅਪਰੇਸ਼ਨ ਕਾਲੀ ਗਰਜ ਅੰਜਾਮ ਦਿੱਤਾ। 26 ਜਨਵਰੀ, 1986 ਨੂੰ ਚੰਡੀਗੜ੍ਹ ਪੰਜਾਬ ਨੂੰ ਦੇਣ ਤੋਂ ਰਾਜੀਵ ਗਾਂਧੀ ਸਰਕਾਰ ਵੱਲੋਂ ਮੁਨਕਰ ਹੋਣ ਦੇ ਬਾਵਜੂਦ ਅਸਤੀਫਾ ਨਾ ਦੇ ਕੇ ਸੱਤਾ ਖਾਤਰ ਕੁਰਸੀ ਨਾਲ ਚੰਬੜਿਆ ਰਿਹਾ।
ਇੰਨੇ ਗੁਨਾਹਾਂ ਦੀ ਸਜ਼ਾ ਅਕਾਲੀ ਦਲ ਨੂੰ ਵਿਧਾਨ ਸਭਾ ਚੋਣਾਂ 2022 ਵਿੱਚ ਸ਼ਰਮਨਾਕ ਤਿੰਨ ਸੀਟਾਂ ਦੇਣਾ ਸੀ। ਅਸਤੀਫਾ ਦੇਣ ਦੀ ਥਾਂ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਪਾਰਟੀ ਸਰਦਾਰੀ ਅਤੇ ਏਕਾਧਿਕਾਰੀ ਕਾਲੀ ਵਿਚਾਰਧਾਰਾ ਸਿਧਾਂਤਾਂ, ਲੋਕਤੰਤਰੀ ਪ੍ਰੰਪਰਾਵਾਂ ਨੂੰ ਚਿੱਟੇ ਦਿਨ ਪੈਰਾਂ ਹੇਠ ਲਤਾੜਨਾ ਹੈ। ਚੱਪਣੀ ਵਿੱਚ ਨੱਕ ਡੋਬ ਕੇ ਕਿਉਂ ਨਾ ਮਰ ਗਿਆ, ਸਾਰੇ ਦਾ ਸਾਰਾ ਕੁਨਬਾ ਜਿਸ ਨੂੰ ਪੰਥ, ਪੰਜਾਬੀਆਂ ਬੁਰੀ ਤਰ੍ਹਾਂ ਰਾਜਨੀਤਕ ਤੌਰ ’ਤੇ ਛੇਕਦਿਆਂ ਹਰਾਇਆ।
ਬਦਲਾਖੋਰੀ: ਸਿੱਖ ਪੰਥ ਵਿੱਚ ਬਦਲਾਖੋਰੀ ਲਈ ਕੋਈ ਥਾਂ ਨਹੀਂ ਪਰ ਸੱਤਾ, ਸਰਦਾਰੀ ਅਤੇ ਏਕਾਧਿਕਾਰ ਖਾਤਰ ਸੁਖਬੀਰ ਸਿੰਘ ਬਾਦਲ ਅਤਿ ਨਿਵਾਣਾਂ ਵੱਲ ਚੱਲ ਪਿਆ। ਸ. ਪ੍ਰਕਾਸ਼ ਸਿੰਘ ਬਾਦਲ ਨੇ ਦੂਰਅੰਦੇਸ਼ੀ ਰਾਹੀਂ ਵਿਰੋਧੀ ਅਕਾਲੀ ਆਗੂ ਕਮਜ਼ੋਰ ਕੀਤੇ ਪਰ ਬਦਲਾਖੋਰ ਰਾਜਨੀਤੀ ਤੋਂ ਗੁਰੇਜ਼ ਕੀਤਾ। ਕੁਲਦੀਪ ਸਿੰਘ ਵਡਾਲਾ ਪਰਿਵਾਰ ਨੂੰ ਕਮਜ਼ੋਰ ਕੀਤਾ ਪਰ ਕੰਠ ਲਾ ਕੇ ਰੱਖਿਆ। ਪੁੱਤਰ ਗੁਰਪ੍ਰਤਾਪ ਸਿੰਘ ਵਡਾਲਾ ਨੂੰ ਅਕਾਲੀ ਮੁੱਖ ਧਾਰਾ ਵਿੱਚ ਕਾਇਮ ਰੱਖਿਆ। ਜਥੇਦਾਰ ਗੁਰਚਰਨ ਸਿੰਘ ਟੌਹੜਾ, ਜਗਦੇਵ ਸਿੰਘ ਤਲਵੰਡੀ, ਬੀਬੀ ਜਗੀਰ ਕੌਰ, ਰਣਜੀਤ ਸਿੰਘ ਬ੍ਰਹਮਪੁਰਾ ਆਦਿ ਨੂੰ ਰਾਜਨੀਤਕ ਤੌਰ ’ਤੇ ਹਾਸ਼ੀਏ ’ਤੇ ਪਹੁੰਚਾ ਕੇ ਮੁੜ ਸਰਦਾਰੀਆਂ ਬਖਸ਼ੀਆਂ। ਪਰ ਬਾਦਲ ਸਾਹਿਬ ਵਰਗੀ ਪ੍ਰੌੜ੍ਹ ਸ਼ਖਸੀਅਤ ਨੇ ਜੋ ਇੱਕ ਮੀਡੀਆ ਸ਼ਕਤੀ ਅਤੇ ਗੁੰਡਾਗਰਦ ਗ੍ਰੋਹ ਹੱਥੇ ਚੜ੍ਹ ਕੇ ਜੋ ਸ਼੍ਰੀ ਅਕਾਲ ਸਾਹਿਬ ਦੀ ਬੇਹੁਰਮਤੀ ਕੀਤੀ, ਜਥੇਦਾਰ ਮਨਜੀਤ ਸਿੰਘ ਨੂੰ ਵਾਸ਼ਰੂਮ ਵਿੱਚ ਲੁਕ ਕੇ ਜਾਨ ਬਚਾਉਣ ਲਈ ਮਜਬੂਰ ਕੀਤਾ, ਖਾਲਸ ਪੰਥਕ ਸਫਾਂ ਵਿੱਚ ਉਸ ਦਾ ਰਾਜਨੀਤਕ, ਧਾਰਮਿਕ ਅਤੇ ਸਮਾਜਿਕ ਪਤਨ ਉਸੇ ਘੜੀ ਤੋਂ ਸ਼ੁਰੂ ਹੋ ਗਿਆ ਸੀ ਜਿਸਦਾ ਰਹਿੰਦੀ ਕਸਰ ਸੱਤਾ ਮੋਹ ਅਤੇ ਕੁਨਬੇ ਦੇ ਦਬਾਅ ਹੇਠ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਅਤੇ ਦੂਸਰੇ ਸਿੰਘ ਸਹਿਬਾਨਾਂ ਨੂੰ ਕੋਠੀ ਤਲਬ ਕੇ ਸੌਦਾ ਸਾਧ ਨੂੰ ਮੁਆਫ ਕਰਨ ਲਈ ਮਜਬੂਰ ਕਰਨ ਨਾਲ ਪੂਰੀ ਹੋ ਗਈ ਸੀ।
ਮੂਰਖ ਲੱਕੜਹਾਰਾ ਪ੍ਰਧਾਨ: ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਸੁਖਬੀਰ ਸਿੰਘ ਬਾਅਦ ਮੂਰਖ ਲੱਕੜਹਾਰੇ ਵਾਂਗ ਪਾਰਟੀ ਦੀ ਸ਼ਾਖ਼ ’ਤੇ ਬੈਠ ਉਸ ’ਤੇ ਆਰਾ ਚਲਾ ਕੇ ਆਪਣੀ ਅਤੇ ਪਾਰਟੀ ਦੀ ਬਰਬਾਦੀ ਦਾ ਖਲਨਾਇਕ ਬਣ ਰਿਹਾ ਹੈ। ਝੂਠੀ ਮੁਆਫੀ ਨਾਲ ਪਾਪ ਨਹੀਂ ਧੁਲਦੇ, ਨਾ ਸੋਚ ਪਵਿੱਤਰ ਹੁੰਦੀ ਹੈ। ਉਸ ਨੇ ਪਾਰਟੀ ਪੁਨਰ ਜੀਵਨ ਵਾਲੀ ਇਕਬਾਲ ਸਿੰਘ ਝੂੰਦਾ ਰਿਪੋਰਟ ਪੈਰਾਂ ਵਿੱਚ ਮਸਲ ਦਿੱਤੀ। ਦਰਅਸਲ ਸਮੇਂ ਸਮੇਂ ਅਕਾਲੀ ਦਲ ਨੂੰ ਉਸਦੇ ਵਤੀਰੇ ਤੋਂ ਤੰਗ ਹੋ ਕੇ ਅਲਵਿਦਾ ਕਹਿਣ ਵਾਲੇ ਵੀ ਉਨ੍ਹਾਂ ਸਭ ਗੁਨਾਹਾਂ ਵਿੱਚ ਸ਼ਾਮਿਲ ਸਨ ਜੋ ਅਕਾਲੀ ਸਰਕਾਰਾਂ ਨੇ ਕੀਤੇ। ਜਦੋਂ ਪੰਥ ਅਤੇ ਪੰਜਾਬੀਆਂ ਮੂੰਹ ਨਾ ਲਗਾਏ ਤਾਂ ਆਪਣੀ ਕੁਨਬਾ ਪ੍ਰਸਤੀ ਲਈ ਮੁੜ ਪੱਥਰ ਚੱਟ ਕੇ ਪਾਰਟੀ ਸਫਾ ਵਿੱਚ ਪਰਤੇ ਜਿਵੇਂ ਸੁਖਦੇਵ ਸਿੰਘ ਢੀਂਡਸਾ, ਬੀਬੀ ਜਗੀਰ ਕੌਰ ਆਦਿ। ਲੇਕਿਨ ਸ. ਪ੍ਰਕਾਸ਼ ਸਿੰਘ ਬਾਦਲ ਉਲਟ 2017 ਅਸੈਂਬਲੀ ਚੋਣਾਂ ਵਿੱਚ ਹਾਰ ਕਰਕੇ ਉਸ ਤੋਂ ਅਸਤੀਫਾ ਮੰਗਣ ਵਾਲੇ ਢੀਂਡਸਾ ਅਤੇ ਪਰਿਵਾਰ ਨੂੰ ਉਸ ਨੇ ਬਦਲਾਖੋਰੀ ਸਬੱਬ ਕੰਠ ਨਹੀਂ ਲਾਇਆ, ਲੋਕ ਸਭਾ ਚੋਣਾਂ ਲਈ ਸੀਟਾਂ ਦੀ ਵੰਡ ਲਈ ਪੁੱਛਣਾ ਤਾਂ ਕੀ ਸੀ, ਸੰਗਰੂਰ ਤੋਂ ਪਰਮਿੰਦਰ ਢੀਂਡਸਾ ਦੀ ਥਾਂ ਇਕਬਾਲ ਸਿੰਘ ਝੂੰਦਾ ਐਲਾਨ ਦਿੱਤਾ। ਬੀਬੀ ਜਗੀਰ ਕੌਰ ਨੂੰ ਮੁੜ ਖਡੂਰ ਸਾਹਿਬ ਤੋਂ ਉਮੀਦਵਾਰ ਬਣਾਉਣ ਪ੍ਰਤੀ ਚੁੱਪ ਸਾਧ ਲਈ। ਮਾਝੇ ਅੰਦਰ ਦਿਉਕੱਦ ਮਰਹੂਮ ਅਕਾਲੀ ਆਗੂ ਸ. ਨਿਰਮਲ ਸਿੰਘ ਕਾਹਲੋਂ ਦੇ ਹੋਣਹਾਰ ਪੁੱਤਰ ਰਵੀਕਰਨ ਸਿੰਘ ਕਾਹਲੋਂ ਜੋ ਮਹਿਜ਼ 300 ਵੋਟਾਂ ਨਾਲ ਅਸੈਂਬਲੀ ਚੋਣਾਂ ਵੇਲੇ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਕਾਂਗਰਸੀ ਤੋਂ ਹਾਰਿਆ ਸੀ, ਨੂੰ ਗੁਰਦਾਸਪੁਰ ਤੋਂ ਉਮੀਦਵਾਰ ਬਣਾਉਣ ਵੱਲ ਮੂਰਖਾਨਾ ਸੋਚ ਅਧੀਨ ਤਵੱਜੋ ਨਾ ਦਿੱਤੀ। ਸ਼੍ਰੀ ਆਨੰਦਪੁਰ ਸਾਹਿਬ ਤੋਂ ਚੋਣ ਲੜਨ ਦੇ ਚਾਹਵਾਨ ਸਾਬਕਾ ਮੰਤਰੀ ਡਾ. ਦਲਜੀਤ ਸਿੰਘ ਚੀਮਾ ਜੋ ਰੋਪੜ ਤੋਂ ਚੁਣੇ ਗਏ ਸਨ, ਨੂੰ ਪ੍ਰੇਮ ਸਿੰਘ ਚੰਦੂਮਾਜਰਾ ਦੇ ਦਬਾਅ ਹੇਠ ਗੁਰਦਾਸਪੁਰ ਭੇਜ ਦਿੱਤਾ।
ਦਲ ਬਦਲੂ ਗੜ੍ਹ ਜਲੰਧਰ ਵਿੱਚੋਂ ਦਲਿਤ ਆਗੂ ਪਵਨ ਟੀਨੂੰ ਅਤੇ ਗੁਰਚਰਨ ਸਿੰਘ ਚੰਨੀ ਆਮ ਆਦਮੀ ਪਾਰਟੀ ਦੀ ਕਿਸ਼ਤੀ ਵਿੱਚ ਸਵਾਰ ਹੋ ਗਏ। ਮੌੜ ਹਲਕਾ ਅਸੈਂਬਲੀ ਚੋਣਾਂ ਵੇਲੇ ਖੋਹਣ ਦਾ ਬਦਲਾ ਅਹਿਸਾਨ ਫਰਾਮੋਸ਼ ਸਿੰਕਦਰ ਸਿੰਘ ਮਲੂਕਾ ਪਰਿਵਾਰ ਦੀ ਨੂੰਹ ਬੀ. ਡੀ. ਪੀ. ਓ. ਤੋਂ ਆਈ. ਏ. ਐੱਸ. ਬਣਾਈ ਪਰਮਪਾਲ ਕੌਰ ਪਤੀ ਸਮੇਤ ਭਾਜਪਾ ਵਿੱਚ ਜਾ ਮਿਲੀ ਵੀ. ਆਰ. ਐੱਸ. ਲੈ ਕੇ। ਬਠਿੰਡਾ ਤੋਂ ਭਾਜਪਾ ਦੀ ਉਮੀਦਵਾਰ ਹੋਣ ਕਰਕੇ ਬਾਦਲਾਂ ਨੂੰ ਕਾਂਬਾ ਛੇੜ ਦਿੱਤਾ। ਇਵੇਂ ਬੀ. ਡੀ. ਪੀ. ਓ. ਤੋਂ ਹੀ ਆਈ. ਏ. ਐੱਸ ਅਤੇ ਪੀ. ਪੀ. ਐੱਮ. ਸੀ. ਦਾ ਚੇਅਰਮੈਨ ਬਣਾਏ ਮਰਹੂਮ ਭੁਪਿੰਦਰ ਸਿੰਘ ਸਿੱਧੂ ਦਾ ਪੁੱਤਰ ਜੀਤ ਮਹਿੰਦਰ ਧੋਖੇਬਾਜ਼ ਅਕਾਲੀ ਦਲ ਛੱਡ ਕੇ ਕਾਂਗਰਸ ਵਿੱਚ ਚਲਾ ਗਿਆ, ਜੋ ਬਠਿੰਡਾ ਤੋਂ ਉਮੀਦਵਾਰ ਬਣਾ ਦਿੱਤਾ ਹੈ।
‘ਇਬਤਦਾਏ ਇਸ਼ਕ ਹੈ ਰੋਤਾ ਹੈ ਕਿਆ, ਆਗੇ ਆਗੇ ਦੇਖੀਏ ਹੋਤਾ ਹੈ ਕਿਆ।’ ਮੂਰਖ ਲੱਕੜਹਾਰੇ ਵਰਗੇ ਅਕਾਲੀ ਪ੍ਰਧਾਨ ਨੂੰ ਭਰਿਆ ਮੇਲਾ ਛੱਡ ਦੇਣਾ ਚਾਹੀਦਾ ਸੀ। ਪਰ ਜਿੰਨਾ ਚਿਰ ਰਾਜਨੀਤਕ, ਧਾਰਮਿਕ, ਸਮਾਜਿਕ, ਆਰਥਿਕ ਗੁਨਾਹਾਂ ਦੀ ਸਜ਼ਾ ਪੂਰੀ ਨਹੀਂ ਹੁੰਦੀ, ਸੱਤਾ ਮੋਹ ਸਰਦਾਰੀ, ਕੁਨਬਾਪ੍ਰਸਤੀ ਅਤੇ ਏਕਾਧਿਕਾਰਵਾਦ ਦਾ ਸਰਸਾਮ ਖਹਿੜਾ ਛੱਡਣ ਵਾਲਾ ਨਹੀਂ। ਚੰਗਾ ਹੋਵੇ ਜੇ ਦੇਸ਼ ਵਿਦੇਸ਼ ਬੈਠੇ ਸੁਹਿਰਦ, ਚੇਤੰਨ, ਪ੍ਰਬੁੱਧ ਅਕਾਲੀ ਆਗੂ ਇੱਕ ਜਨਰਲ ਇਜਲਾਸ ਬੁਲਾ ਕੇ ਨਵੀਂ ਲੀਡਰਸ਼ਿੱਪ ਚੁਣ ਲੈਣ।
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(4898)
(ਸਰੋਕਾਰ ਨਾਲ ਸੰਪਰਕ ਲਈ: (This email address is being protected from spambots. You need JavaScript enabled to view it.)