“ਲੋਕਤੰਤਰ ਦਾ ਤਕਾਜ਼ਾ ਤਾਂ ਇਹ ਸੀ ਕਿ ਨੈਸ਼ਨਲ ਅਸੈਂਬਲੀ ਵਿੱਚ ਸਭ ਤੋਂ ਵੱਡਾ ਗਰੁੱਪ ਬਣ ਕੇ ਉੱਭਰੀ ਪੀ.ਟੀ.ਆਈ. ਨੂੰ ...”
(22 ਫਰਵਰੀ 2024)
ਇਸ ਸਮੇਂ ਪਾਠਕ: 350.
8 ਫਰਵਰੀ, 2024 ਨੂੰ ਪਾਕਿਸਤਾਨ ਵਿੱਚ ਆਮ ਚੋਣਾਂ ਰਾਸ਼ਟਰੀ ਪੱਧਰ ’ਤੇ ਨੈਸ਼ਨਲ ਅਸੈਂਬਲੀ ਅਤੇ ਪ੍ਰਾਂਤਿਕ ਪੱਧਰ ’ਤੇ ਚਾਰ ਸੂਬਿਆਂ ਪੰਜਾਬ, ਸਿੰਧ, ਬਲੋਚਿਸਤਾਨ ਅਤੇ ਖੈਬਰ-ਪਖਤੂਨਵਾ ਦੀਆਂ ਵਿਧਾਨ ਸਭਾਵਾਂ ਲਈ ਹੋਈਆਂ। ਜਿੱਥੇ ਨੈਸ਼ਨਲ ਅਸੈਂਬਲੀ ਵਿੱਚ ਕਿਸੇ ਵੀ ਰਾਜਨੀਤਕ ਪਾਰਟੀ ਨੂੰ ਬਹੁਮਤ ਪ੍ਰਾਪਤ ਨਾ ਹੋਣ ਕਰਕੇ ਇਹ ਲਟਕਵੀਂ ਪਾਰਲੀਮੈਂਟ ਬਣ ਕੇ ਰਹਿ ਗਈ, ਉੱਥੇ ਸਿੰਧ ਵਿੱਚ ਪਾਕਿਸਤਾਨ ਪੀਪਲਜ਼ ਪਾਰਟੀ (ਪੀ.ਪੀ.ਪੀ.) ਅਤੇ ਖੈਬਰ-ਪਖ਼ਤੂਨਵਾ ਵਿੱਚ ਪਾਕਿਸਤਾਨ ਤਹਿਰੀਕ-ਏ-ਇਨਸਾਫ (ਪੀ.ਟੀ.ਆਈ.) ਨੂੰ ਪੂਰਨ ਬਹੁਮਤ ਹਾਸਿਲ ਹੋਇਆ ਪਰ ਪੰਜਾਬ ਅਤੇ ਬਲੋਚਿਸਤਾਨ ਵਿਧਾਨ ਸਭਾਵਾਂ ਲਟਕਵੀਂ ਪੁਜ਼ੀਸ਼ਨ ਵਿੱਚ ਹਨ।
ਪਿਛੋਕੜ: ਨੈਸ਼ਨਲ ਅਸੈਂਬਲੀ ਦੀ ਚੋਣ ਵੇਲੇ ਦੇ ਹਾਲਾਤ ਹੂਬਹੂ ਦਸੰਬਰ, 1970 ਦੇ ਇਕਜੁੱਟ ਪਾਕਿਸਤਾਨ ਵੇਲੇ ਹੋਈਆਂ ਚੋਣਾਂ ਨਾਲ ਮਿਲਦੇ-ਜੁਲਦੇ ਨਜ਼ਰ ਆਉਂਦੇ ਹਨ। ਫਰਕ ਸਿਰਫ਼ ਇੰਨਾ ਹੈ ਕਿ ਉਦੋਂ ਪਾਕਿਸਤਾਨ (ਬੰਗਲਾਦੇਸ਼) ਦੀ ਅਵਾਮੀ ਲੀਗ ਪਾਰਟੀ ਨੇ ਆਪਣੇ ਹਰਮਨ ਪਿਆਰੇ ਆਗੂ ਸ਼ੇਖ ਮੁਜੀਬੁਰ ਰਹਿਮਾਨ ਦੀ ਅਗਵਾਈ ਵਿੱਚ 300 ਮੈਂਬਰੀ ਨੈਸ਼ਨਲ ਅਸੈਂਬਲੀ ਵਿੱਚ ਪੂਰਬੀ ਪਾਕਿਸਤਾਨ ਦੀਆਂ 162 ਸੀਟਾਂ ਵਿੱਚੋਂ 160 ਸੀਟਾਂ ਜਿੱਤ ਕੇ ਪੂਰਨ ਬਹੁਮਤ ਹਾਸਿਲ ਕਰ ਲਿਆ ਸੀ। ਪਛਮੀ ਪਾਕਿਸਤਾਨ ਅੰਦਰ ਫੌਜੀ ਸ਼ਾਸਕ ਜਨਰਲ ਯਾਹੀਆ ਖਾਂ, ਮੁਲਾਣਾਵਾਦ, ਸਥਾਪਿਤ ਨਿਜ਼ਾਮ, ਜਗੀਰਦਾਰੂ ਸ਼ਕਤੀਆਂ ਦੀ ਖੁੱਲ੍ਹੀ ਮਦਦ ਦੇ ਬਾਵਜੂਦ ਇਸ ਖਿੱਤੇ ਦੀਆਂ 138 ਸੀਟਾਂ ਵਿੱਚੋਂ 81 ਸੀਟਾਂ ਜ਼ੁਲਫਕਾਰ ਅਲੀ ਭੁੱਟੋ ਦੀ ਪੀ.ਪੀ.ਪੀ. ਪ੍ਰਾਪਤ ਕਰ ਸਕੀ। ਔਰਤਾਂ ਲਈ ਨੈਸ਼ਨਲ ਅਸੈਂਬਲੀ ਵਿੱਚ 13 ਸੀਟਾਂ ਰਾਖਵੀਆਂ ਸਨ। 7 ਪੂਰਬੀ, 6 ਪੱਛਮੀ ਪਾਕਿਸਤਾਨ ਲਈ! ਪੂਰਬੀ ਪਾਕਿਸਤਾਨ ਦੀਆਂ 7 ਸੀਟਾਂ ਅਵਾਮੀ ਲੀਗ ਨੂੰ ਪ੍ਰਾਪਤ ਹੋਈਆਂ ਜਿਸ ਕਰਕੇ ਉਸ ਦੀਆਂ 167 ਸੀਟਾਂ ਹੋ ਗਈਆਂ। ਪੀ.ਪੀ.ਪੀ. ਨੇ ਪੱਛਮੀ ਪਾਕਿਸਤਾਨ ਦੀਆਂ 4 ਸੀਟਾਂ ਪ੍ਰਾਪਤ ਕੀਤੀਆਂ, ਉਸ ਦੀ ਗਿਣਤੀ 85 ਹੋ ਗਈ।
ਜੇ ਪਾਕਿਸਤਾਨ ਦੇ ਫ਼ੌਜੀ ਸ਼ਾਸਕ, ਰਾਜਨੀਤਕ ਅਗੂ, ਧਾਰਮਿਕ ਆਗੂ ਅਤੇ ਸਥਾਪਿਤ ਨਿਜ਼ਾਮ ਸਬੰਧਿਤ ਅਫਸਰਸ਼ਾਹ ਦੂਰਅੰਦੇਸ਼, ਰਾਸ਼ਟਰਵਾਦੀ ਅਤੇ ਪ੍ਰੌੜ੍ਹ ਹੁੰਦੇ ਤਾਂ ਪਾਕਿਸਤਾਨ ਦੀ ਏਕਤਾ, ਇਸ ਵਿੱਚ ਲੋਕਤੰਤਰ ਦੀ ਮਜ਼ਬੂਤ ਸਥਾਪਤੀ ਅਤੇ ਅਵਾਮ ਦੇ ਫ਼ਤਵੇ ਦਾ ਸਨਮਾਨ ਕਰਦੇ ਬਹੁਮਤ ਪ੍ਰਾਪਤ ਕਰਨ ਵਾਲੀ ਪਾਰਟੀ ਅਵਾਮੀ ਲੀਗ ਦੇ ਆਗੂ ਸੇਖ਼ ਮੁਜੀਬੁਰ ਰਹਿਮਾਨ ਨੂੰ ਪ੍ਰਧਾਨ ਮੰਤਰੀ ਦਾ ਪਦ ਸੌਂਪ ਦਿੰਦੇ ਅਤੇ ਸ਼ਾਸਨ ਚਲਾਉਣ ਦਿੰਦੇ। ਲੇਕਿਨ ਸੱਚ ਤਾਂ ਇਹ ਸੀ ਕਿ ਪੱਛਮੀ ਪਾਕਿਸਤਾਨ ਸਬੰਧਿਤ ਰਾਜਨੀਤੀ, ਫੌਜ, ਨਿਜ਼ਾਮ ਅਤੇ ਆਰਥਿਕਤਾ ਉੱਤੇ ਭਾਰੂ ਸ਼ਾਸਕ ਪੂਰਬੀ ਪਾਕਿਸਤਾਨ ਨੂੰ ਮਹਿਜ਼ ਆਪਣੀ ਬਸਤੀ ਸਮਝਦੇ ਸਨ। ਸੋ ਉਨ੍ਹਾਂ ਐਸਾ ਘਚੋਲ਼ਾ ਅਤੇ ਰਾਜਨੀਤਕ ਅਰਾਜਕਤਾ ਦਾ ਮਾਹੌਲ ਤਿਆਰ ਕੀਤਾ ਕਿ ਨੈਸ਼ਨਲ ਅਸੈਂਬਲੀ ਦਾ ਸੈਸ਼ਨ ਬੁਲਾਉਣ ਤੋਂ ਟਾਲ਼ਾ ਵੱਟ ਲਿਆ। ਇਸ ਪੁਆੜੇ ਦੀ ਵੱਡੀ ਜੜ੍ਹ, ਜ਼ੁਲਫਿਕਾਰ ਅਲੀ ਭੁੱਟੋ ਸੀ ਜੋ ਧੱਕੇ ਨਾਲ ਪ੍ਰਧਾਨ ਮੰਤਰੀ ਬਣਨਾ ਚਾਹੁੰਦਾ ਸੀ।
ਰਿਹਾਈ: ਦੁਖੀ ਸੇਖ਼ ਮੁਜੀਬਰ ਰਹਿਮਾਨ, ਬੰਗ ਬੰਧੂ ਨੂੰ ਬੰਗਲਾਦੇਸ਼ ਦੀ ਅਜ਼ਾਦੀ ਦਾ ਐਲਾਨ 7 ਮਾਰਚ, 1971 ਨੂੰ ਕਰਨਾ ਪਿਆ। ਪੂਰਬੀ ਪਾਕਿਸਤਾਨ ਵਿੱਚ ਫ਼ੌਜੀ ਐਕਸ਼ਨ ਤਹਿਤ ਉਨ੍ਹਾਂ ਨੂੰ ਸਵੇਰ ਸਾਰ 26 ਮਾਰਚ ਨੂੰ ਗ੍ਰਿਫਤਾਰ ਕਰਕੇ ਪੱਛਮੀ ਪਾਕਿਸਤਾਨ ਵਿੱਚ ਮੀਆਂਵਾਲੀ ਜੇਲ੍ਹ ਵਿੱਚ ਲਿਜਾ ਕੇ ਬੰਦ ਕਰ ਦਿੱਤਾ। ਗ੍ਰਿਫਤਾਰੀ ਤੋਂ ਪਹਿਲਾਂ ਉਨ੍ਹਾਂ ਨੇ ਬੰਗਲਾਦੇਸ਼ ਨੂੰ ਅਜ਼ਾਦ ਘੋਸ਼ਿਤ ਕਰ ਦਿੱਤਾ।
ਦਸੰਬਰ 16, 1971 ਨੂੰ ਢਾਕਾ ਅੰਦਰ 93000 ਤੋਂ ਵੱਧ ਪਾਕਿਸਤਾਨੀ ਫੌਜਾਂ ਵੱਲੋਂ ਜਨਰਲ ਏ.ਏ.ਕੇ. ਨਿਆਜ਼ੀ ਦੀ ਅਗਵਾਈ ਵਿੱਚ ਭਾਰਤੀ ਜਨਰਲ ਜਗਜੀਤ ਸਿੰਘ ਅਰੋੜਾ ਅੱਗੇ ਹਥਿਆਰ ਸੁੱਟਣ ਬਾਅਦ ਬੰਗਲਾਦੇਸ਼ ਅਜ਼ਾਦ ਹੋਣ ’ਤੇ 20 ਦਸੰਬਰ ਨੂੰ ਪਾਕਿਸਤਾਨ ਫੌਜੀ ਸ਼ਾਸਕ ਨੇ ਸੱਤਾ ਪੀ.ਪੀ.ਪੀ. ਆਗੂ ਜ਼ੁਲਫਕਾਰ ਅਲੀ ਭੁੱਟੋ ਨੂੰ ਸੌਂਪ ਦਿੱਤੀ। ਦੇਸ਼ ਦੇ ਰਾਸ਼ਟਰਪਤੀ ਅਤੇ ਮੁੱਖ ਪ੍ਰਬੰਧਕ ਵਜੋਂ ਕੌਮਾਂਤਰੀ ਭਾਈਚਾਰੇ ਦੇ ਦਬਾਅ ਹੇਠ 8 ਜਨਵਰੀ, 1972 ਨੂੰ ਉਸ ਨੇ ਸ਼ੇਖ ਮੁਜੀਬਰ ਰਹਿਮਾਨ ਸਾਹਿਬ ਨੂੰ ਰਿਹਾ ਕਰ ਦਿੱਤਾ।
ਸੱਤਾ ਚਰਾਉਣਾ: ਸੱਤਾ ਚੋਰੀ ਕਰਨ ਦਾ ਖੇਲ ਜ਼ੁਲਫਕਾਰ ਅਲੀ ਭੁੱਟੋ ਅਤੇ ਉਸਦੀ ਪਾਰਟੀ ਪੀ.ਪੀ.ਪੀ. ਨੂੰ ਇੰਨਾ ਮਹਿੰਗਾ ਪਿਆ ਕਿ ਦੇਸ਼ ਦੋ ਟੋਟੇ ਹੋ ਗਿਆ।
ਹੁਣ ਵੀ ਉਹੀ ਖੇਲ ਦੁਹਰਾਇਆ ਜਾ ਰਿਹਾ ਹੈ। ਕੱਲ੍ਹ ਨੂੰ ਅਜੋਕੇ ਪਾਕਿਸਤਾਨ ਨੂੰ ਇਸਦੀ ਕਿੰਨੀ ਭਾਰੀ ਕੀਮਤ ਚੁਕਾਉਣੀ ਪਵੇ, ਇਹ ਤਾਂ ਅੱਲ੍ਹਾ ਜਾਣੇ।
ਸੱਤਾ ਚੁਰਾਉਣ ਦਾ ਖੇਲ੍ਹ ਪਾਕਿਸਤਾਨ ਮੁਸਲਿਮ ਲੀਗ ਨਵਾਜ਼, ਪੀ.ਪੀ.ਪੀ., ਐੱਮ.ਕਿਉ.ਐੱਮ. ਅਤੇ ਦੂਸਰੇ ਪੀ.ਡੀ.ਐੱਸ. ਗਠਜੋੜ ਹਮਜੋਲੀਆਂ ਨੇ 10 ਅਪਰੈਲ, 2022 ਨੂੰ ਨੈਸ਼ਨਲ ਅਸੈਂਬਲੀ ਵਿੱਚ ਇਮਰਾਨ ਖਾਨ ਸਰਕਾਰ ਵਿਰੁੱਧ ਅਵਿਸ਼ਵਾਸ ਦਾ ਮਤਾ ਪੇਸ਼ ਕਰਨ ਤੋਂ ਪਹਿਲਾਂ ਤੱਤਕਾਲੀ ਫੌਜ ਮੁਖੀ ਕਮਰ ਜਾਵੇਦ ਬਾਜਵਾ ਅਤੇ ਬਦਨਾਮ ਖ਼ੁਫੀਆ ਏਜੰਸੀ ਆਈ.ਐੱਸ.ਆਈ. ਦੇ ਸਾਬਕਾ ਮੁਖੀ ਜਨਰਲ ਫੈਜ਼ ਹਮੀਦ ਨੇ ਡੂੰਘੀ ਸਾਜ਼ਿਸ਼ ਵਜੋਂ ਰਚਿਆ ਸੀ ਜਿਵੇਂ ਕਿ ਜਮੀਅਤ ਉਲੇਮਾ-ਏ-ਇਸਲਾਮ ਪਾਰਟੀ ਦੇ ਮੁਖੀ ਮੌਲਾਨਾ ਫਜ਼ਲੁਰ ਰਹਿਮਾਨ ਨੇ ਇੱਕ ਇੰਟਰਵਿਊ ਵਿੱਚ ਇੰਕਸ਼ਾਫ ਕੀਤਾ ਹੈ। ਇਹ ਮਤਾ ਡਿਗ ਜਾਣ ਦੇ ਬਾਅਦ ਅਗਲੇ ਦਿਨ 11 ਅਪਰੈਲ ਨੂੰ ਪਾਕਿਸਤਾਨ ਡੈਮੋਕਰੈਟਿਕ ਮੂਵਮੈਂਟ ਗਠਜੋੜ ਨੇ ਪੀ.ਐੱਮ.ਐੱਲ. (ਨਵਾਜ਼) ਦੇ ਆਗੂ ਸ਼ਾਹਬਾਜ਼ ਸ਼ਰੀਫ ਦੀ ਅਗਵਾਈ ਵਿੱਚ ਸਰਕਾਰ ਗਠਤ ਕੀਤੀ। ਮਰਹੂਮ ਬੇਨਜ਼ੀਰ ਭੁੱਟੋ ਦੇ ਪੁੱਤਰ ਬਿਲਾਵਲ ਭੁਟੋ ਨੂੰ ਵਿਦੇਸ਼ ਮੰਤਰਾਲਾ ਸੌਂਪਿਆ ਗਿਆ।
ਜਿਵੇਂ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ, ਪਤਨੀ ਬੁਸ਼ਰਾ ਬੀਬੀ ਅਤੇ ਸਾਥੀਆਂ ਨੂੰ ਤਿੰਨ ਕੇਸਾਂ ਵਿੱਚ ਸਜ਼ਾ, ਜੁਰਮਾਨੇ, 10 ਸਾਲ ਕਿਸੇ ਪਬਲਿਕ ਪਦ ’ਤੇ ਆਸੀਨ ਹੋਣ ਦੀ ਮਨਾਹੀ, ਸੁਪਰੀਮ ਕੋਰਟ ਵੱਲੋਂ ਇੱਕ ਹੋਰ ਫੈਸਲੇ ਰਾਹੀਂ ਚੋਣਾਂ ਤੋਂ ਐਨ ਪਹਿਲਾਂ ਉਸਦੀ ਪਾਰਟੀ ਦਾ ਚੋਣ ਨਿਸ਼ਾਨ ‘ਬੱਲਾ’ ਜ਼ਬਤ ਕਰਨ ਸੰਬੰਧੀ ਕਠੋਰ ਫੈਸਲੇ ਸੁਣਾਏ, ਇਨ੍ਹਾਂ ਕਰਕੇ ਪੂਰੇ ਦੇਸ਼ ਅੰਦਰ ਰੋਸ ਫੈਲਣ ਕਰਕੇ ਪੀ.ਪੀ.ਪੀ. ਦੇ ਹੱਕ ਵਿੱਚ ਹਮਦਰਦੀ ਦੀ ਲਹਿਰ ਚੱਲਣ ਲੱਗ ਪਈ। ਪੀ.ਟੀ.ਆਈ. ਨੇ ਹਿੰਮਤ ਨਹੀਂ ਹਾਰੀ ਅਤੇ ਅਜ਼ਾਦ ਉਮੀਦਵਾਰ ਖੜ੍ਹੇ ਕੀਤੇ ਗਏ। ਗ੍ਰਿਫਤਾਰੀਆਂ, ਪੜਤਾਲਾਂ ਅਤੇ ਝੂਠੇ ਕੇਸਾਂ ਡਰੋਂ ਉਨ੍ਹਾਂ ਰੂਪੋਸ਼ ਹੋ ਕੇ ਚੋਣ ਮੁਹਿੰਮ ਚਲਾਈ।
ਧਾਂਦਲੀ: ਦੇਸ਼ ਵਿੱਚ ਹੀ ਨਹੀਂ ਬਲਕਿ ਵਿਦੇਸ਼ਾਂ ਅੰਦਰ ਜਿਵੇਂ ਅਮਰੀਕਾ, ਬ੍ਰਿਟੇਨ, ਪੱਛਮੀ ਦੇਸ਼ਾਂ, ਯੂਰਪੀਨ ਯੂਨੀਅਨ ਅੰਦਰ ਇਹ ਮਹਿਸੂਸ ਕੀਤਾ ਜਾ ਰਿਹਾ ਹੈ ਕਿ ਪਾਕਿਸਤਾਨ ਅੰਦਰ ਸੱਤਾ ਚੁਰਾਉਣ ਲਈ ਚੋਣਾਂ ਤੋਂ ਪਹਿਲਾਂ ਅਤੇ ਬਾਅਦ ਵਿੱਚ ਨਤੀਜੇ ਐਲਾਨਣ ਮੌਕੇ ਵੱਡੇ ਪੱਧਰ ’ਤੇ ਧਾਂਦਲੀ ਹੋਈ ਹੈ। ਪੀ.ਟੀ.ਆਈ. ਦੇ ਆਗੂ ਗ੍ਰਿਫਤਾਰ ਕਰਕੇ ਜੇਲ੍ਹਾਂ ਵਿੱਚ ਬੰਦ ਕਰਨੇ, ਚੋਣ ਨਿਸ਼ਾਨ ਜ਼ਬਤ ਕਰਨਾ, ਚੋਣ ਪ੍ਰਚਾਰ ਵਿੱਚ ਅੜਿੱਕੇ ਪੈਦਾ ਕਰਨੇ, 9 ਮਈ, 2022 ਮਿਲਟਰੀ ਸਥਾਨਾਂ ’ਤੇ ਹਮਲਿਆਂ ਬਾਅਦ ਪੀ.ਟੀ.ਆਈ. ਨੂੰ ਬਿਖਰ ਚੁੱਕੀ ਪਾਰਟੀ ਕਰਾਰ ਦੇਣਾ, ਸਥਾਪਿਤ ਨਿਜ਼ਾਮ, ਮੁਲਾਣਿਆਂ, ਧਨਾਢ, ਜਗੀਰਦਾਰਾਂ, ਮਿਲਟਰੀ ਵੱਲੋਂ ਵਿਰੋਧੀਆਂ ਅਤੇ ਖਾਸ ਕਰਕੇ ਪੀ.ਐੱਮ.ਐੱਲ. (ਨਵਾਜ਼) ਦੀ ਮਦਦ ਕਰਨਾ ਇਨ੍ਹਾਂ ਵਿੱਚ ਸ਼ਾਮਲ ਹਨ। ਪਰ ਲੋਕਾਂ ਨੇ ਉਵੇਂ ਹੀ ਵਿਰੋਧ ਕੀਤਾ ਜਿਵੇਂ ਕਿ ਪੂਰਬੀ ਪੰਜਾਬ ਅੰਦਰ 2022 ਦੀਆਂ ਵਿਧਾਨ ਸਭਾ ਚੋਣਾਂ ਵੇਲੇ ਰਵਾਇਤੀ ਪਾਰਟੀਆਂ ਕਾਂਗਰਸ, ਅਕਾਲੀਦਲ, ਭਾਜਪਾ, ਬਸਪਾ ਦਾ ਕੀਤਾ ਸੀ ਅਤੇ ਆਮ ਆਦਮੀ ਪਾਰਟੀ ਦੀ ਵੱਡੀ ਇਤਿਹਾਸਿਕ ਹਿਮਾਇਤ ਕੀਤੀ ਸੀ।
ਚੋਣ ਨਤੀਜਿਆਂ ਨੂੰ ਐਲਾਨਣ ਸਮੇਂ ਫਿਰ ਧਾਂਦਲੀ ਕੀਤੀ ਨਜ਼ਰ ਆਉਂਦੀ ਹੈ। ਪੱਛਮੀ ਮੀਡੀਏ ਅਨੁਸਾਰ ਕਰਾਚੀ ਵਿੱਚ ਪੀ.ਟੀ.ਆਈ. ਸਬੰਧਿਤ ਜੇਤੂ ਉਮੀਦਵਾਰ ਹਾਰੇ ਵਿਖਾਏ ਗਏ। ਜਦੋਂ ਦੇਸ਼ ਵਿੱਚ ਵੱਡੀ ਪੱਧਰ ’ਤੇ ਪੀ.ਟੀ.ਆਈ. ਸਬੰਧਿਤ ਆਜ਼ਾਦ ਉਮੀਦਵਾਰ ਜਿੱਤ ਰਹੇ ਸਨ ਤਾਂ ਗਿਣਤੀ ਰੋਕ ਲਈ ਗਈ। ਜਦੋਂ ਮੁੜ ਸ਼ੁਰੂ ਕੀਤੀ ਤਾਂ ਨਤੀਜੇ ਬਦਲਦੇ ਨਜ਼ਰ ਆਏ। ਅਮਰੀਕਾ ਦੇ ਗ੍ਰਹਿ ਵਿਭਾਗ ਦੇ ਬੁਲਾਰੇ ਮੈਥੀਊ ਮਿੱਲਰ ਨੇ ਇਸ ਧਾਂਦਲੀ ਦੀ ਜਾਂਚ ਦੀ ਮੰਗ ਕੀਤੀ ਹੈ। ਇਹ ਸਮਝਿਆ ਜਾ ਰਿਹਾ ਹੈ ਕਿ ਦਸੰਬਰ, 1970 ਦੀਆਂ ਆਮ ਚੋਣਾਂ ਵਾਂਗ ਫ਼ੌਜ, ਸਥਾਪਿਤ ਨਿਜ਼ਾਮ ਅਤੇ ਬਾਹਰੀ ਏਜੰਸੀਆਂ ਨੇ ਦਖ਼ਲ ਦਿੱਤਾ ਹੈ। ਰਾਵਲਪਿੰਡੀ ਕਮਿਸ਼ਨਰ ਲਿਆਕਤ ਅਲੀ ਚੱਠਾ ਨੇ ਇਸਦੀ ਤਸਦੀਕ ਕਰਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ।
ਬਾਵਜੂਦ ਇਸ ਸਭ ਕੁਝ ਦੇ ਪੀ.ਟੀ.ਆਈ ਸਮਰਥਕਾਂ ਨੇ 266 ਮੈਂਬਰੀ ਸਦਨ ਵਿੱਚ 93, ਪੀ.ਐੱਮ.ਐੱਲ. (ਨਵਾਜ਼) ਨੇ 75, ਪੀ.ਪੀ.ਪੀ. 54, ਐੱਮ.ਕਿਊ.ਐੱਮ. ਨੇ 17, ਜਮੀਅਤ ਓਲੇਮਾ ਏ ਇਸਲਾਮ ਨੇ 4, ਪੀ.ਐੱਮ.ਐੱਲ. (ਕਾਇਦ) ਨੇ 3, ਬਲੋਚਿਸਤਾਨ ਨੈਸ਼ਨਲ ਪਾਰਟੀ ਨੇ 2, ਇਸਤੇਹਕਮ ਏ ਪਾਕਿਸਤਾਨ ਪਾਰਟੀ ਨੇ 2, ਅਵਾਮੀ ਨੈਸ਼ਨਲ ਪਾਰਟੀ, ਬਲੋਚਿਸਤਾਨ ਅਵਾਮੀ ਪਾਰਟੀ, ਮਜਲਸ ਏ ਵਾਅਦਤ ਏ ਮੁਸਲਮੀਨ, ਪੀ.ਐੱਮ.ਐੱਲ., ਪਖਤੂਨਵਾ ਮਿਲੀ ਅਤੇ ਪਖਤੂਨਵਾ ਨੈਸ਼ਨਲ ਅਵਾਮੀ ਲੀਗ ਨੇ 1-1, ਅਜ਼ਾਦਾਂ ਨੇ 8 ਸੀਟਾਂ ਪ੍ਰਾਪਤ ਕੀਤੀਆਂ। ਦੋ ਸੀਟਾਂ ਖਾਲੀ ਹਨ।
ਲੋਕਤੰਤਰ ਦਾ ਤਕਾਜ਼ਾ ਤਾਂ ਇਹ ਸੀ ਕਿ ਨੈਸ਼ਨਲ ਅਸੈਂਬਲੀ ਵਿੱਚ ਸਭ ਤੋਂ ਵੱਡਾ ਗਰੁੱਪ ਬਣ ਕੇ ਉੱਭਰੀ ਪੀ.ਟੀ.ਆਈ. ਨੂੰ ਸਭ ਤੋਂ ਪਹਿਲਾਂ ਸਰਕਾਰ ਗਠਨ ਕਰਨ ਦਾ ਮੌਕਾ ਦਿੱਤਾ ਜਾਂਦਾ। ਪਰ ਰਾਜਨੀਤਕ ਅਰਾਜਕਤਾ ਭਰੀ ਬਰਬਾਦੀ ਦੇ ਰਾਹ ਤੁਰੇ ਪਾਕਿਸਤਾਨ ਨੂੰ ਲੋਕਤੰਤਰ ਕਦੇ ਵੀ ਗਵਾਰਾ ਨਹੀਂ ਰਿਹਾ। ਇੱਥੇ ਸੱਤਾ ਚੋਰੀ ਧੱਕੇ ਨਾਲ ਕਰਨ, ਲੋਕ ਫ਼ਤਵੇ ਦਾ ਨਿਰਾਦਰ ਕਰਨ, ਪਰਿਵਾਰਵਾਦੀ ਹੁਕਮਰਾਨ ਫੌਜ ਅਤੇ ਸਥਾਪਿਤ ਨਿਜ਼ਾਮ ਪ੍ਰਪੱਕ ਕੀਤੇ ਜਾਂਦੇ ਹਨ ਤਾਂ ਕਿ ਲੋੜ ਪੈਣ ’ਤੇ ਕੰਨੋਂ ਪੱਕੜ ਕੇ ਲਾਂਭੇ ਕੀਤੇ ਜਾਣ, ਜਿਹੇ ਗੈਰ ਲੋਕਤੰਤਰੀ ਹਰਬੇ ਵਰਤਣੇ ਆਮ ਵਰਤਾਰੇ ਹਨ।
ਦਸੰਬਰ, 1970 ਦੇ ਜਨਤਕ ਫਤਵੇ ਦਾ ਨਿਰਾਦਰ ਕਰਦੇ ਜੁਲਫਕਾਰ ਅਲੀ ਭੁੱਟੋ ਪਰਿਵਾਰ ਨੂੰ ਸੱਤਾ ਸੌਂਪਣ ਲਈ ਦੇਸ਼ ਦੇ ਟੋਟੇ ਕਰ ਦਿੱਤਾ। ਭੁੱਟੋ ਤੋਂ ਖਹਿੜਾ ਛੁਡਾਉਣ ਲਈ ਜਦੋਂ ਉਹ ਲੋਕਸ਼ਾਹੀ ਦੇ ਰਾਹ ਤੁਰਿਆ ਤਾਂ 5 ਅਪਰੈਲ, 1979 ਨੂੰ ਫਾਂਸੀ ਚਾੜ੍ਹ ਦਿੱਤਾ, ਪੁਤਰੀ ਬੇਨਜ਼ੀਰ ਭੁੱਟੋ ਨੂੰ ਸੱਤਾ ਤੋਂ ਲਾਂਭੇ ਰੱਖਣ ਲਈ ਚੋਣ ਪ੍ਰਚਾਰ ਦੌਰਾਨ 27 ਦਸੰਬਰ, 2007 ਵਿੱਚ ਅੱਤਵਾਦੀ ਹਮਲੇ ਵਿੱਚ ਮੁਕਾ ਦਿੱਤੀ। ਇਵੇਂ ਹੀ ਹਜ਼ਾਰਾਂ ਰਾਜਨੀਤਕ ਕਾਰਕੁਨ, ਉਮੀਦਵਾਰ ਅਕਸਰ ਰਾਜਨੀਤਕ ਅਰਾਜਕਤਾ ਦਾ ਮਾਹੌਲ ਬਣਾਈ ਰੱਖਣ ਲਈ ਢੇਰ ਕਰ ਦਿੱਤੇ ਜਾਂਦੇ ਹਨ।
ਪੀ.ਐੱਮ.ਐੱਲ. (ਨਵਾਜ਼) ਦੀ ਲੰਡਨ ਤੋਂ 5 ਸਾਲਾਂ ਦੇ ਦੇਸ਼ ਨਿਕਾਲੇ ਬਾਅਦ ਸਾਬਕਾ ਤਿੰਨ ਵਾਰ ਰਹੇ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਦੀ ਵਾਪਸੀ ਦੇ ਬਾਵਜੂਦ ਨੈਸ਼ਨਲ ਅਸੈਂਬਲੀ, ਪੰਜਾਬ ਅਸੈਂਬਲੀ ਵਿੱਚ ਹੀ ਨਹੀਂ ਬਲਕਿ ਬਾਕੀ ਸੂਬਿਆਂ ਵਿੱਚ ਵੀ ਜੱਗੋਂ ਤੇਰ੍ਹਵੀਂ ਹੋਈ ਹੈ। ਸੋ ਉਸ ਨੇ ਪੀ.ਪੀ.ਪੀ., ਐੱਮ.ਕਿਊ.ਐੱਮ. ਅਤੇ ਸਾਬਕਾ ਪੀ.ਡੀ.ਐੱਮ. ਭਾਈਵਾਲਾਂ ਨਾਲ ਮਿਲ ਕੇ ਭਰਾ ਸ਼ਾਹਬਾਜ਼ ਸ਼ਰੀਫ ਨੂੰ ਪ੍ਰਧਾਨ ਮੰਤਰੀ, ਪੁੱਤਰੀ ਮਰੀਅਮ ਨਵਾਜ਼ ਆਪਣੀ ਉਤਰਾਧਿਕਾਰੀ ਨੂੰ ਪੰਜਾਬ ਦੀ ਮੁੱਖ ਮਮੰਤਰੀ ਵਜੋਂ ਅੱਗੇ ਕੀਤਾ ਹੈ। ਚਲਾਕ ਪੀ.ਪੀ.ਪੀ. ਅਤੇ ਐੱਮ.ਕਿਊ.ਐੱਮ. ਨੇ ਹਾਲ ਦੀ ਘੜੀ ਸਰਕਾਰ ਦਾ ਹਿੱਸਾ ਬਣਨ ਤੋਂ ਟਾਲਾ ਵੱਟ ਲਿਆ ਹੈ। ਪਾਕਿਸਤਾਨ ਵਿੱਚ ਲੋਕ ਫ਼ਤਵੇ ਦੀ ਤੌਹੀਨ ਕੀਤੀ ਗਈ ਹੈ। ਸੱਤਾ ਚੋਰੀ ਕੀਤੀ ਗਈ ਹੈ।
ਜਦੋਂ ਪਾਕਿਸਤਾਨ ਦਾ ਰਾਜਨੀਤਕ ਸਿਸਟਮ ਅਧਰੰਗ ਦਾ ਮਾਰਿਆ ਪਿਆ ਹੈ, ਆਰਥਿਕਤਾ ਮੂਧੇ ਮੂੰਹ ਡਿਗੀ ਪਈ ਹੈ, ਮਹਿੰਗਾਈ, ਗੁਰਬਤ, ਬੇਰੋਜ਼ਗਾਰੀ, ਅਤਿਵਾਦ, ਲੁੱਟ-ਖੋਹ, ਬਦਇੰਤਜ਼ਾਮੀ ਫੈਲੀ ਹੋਈ ਹੈ, ਅਜਿਹੇ ਮਾਹੌਲ ਵਿੱਚ ਲੋਕਾਂ ਨੂੰ ਨਹੀਂ ਵਿਸ਼ਵਾਸ ਕਿ ਕੋਈ ਰਾਜਨੇਤਾ, ਰਾਜਨੀਤਕ ਪਾਰਟੀ ਜਾਂ ਗਠਜੋੜ ਸਥਿਤ ਸਰਕਾਰ ਦੇ ਪਾਵੇਗਾ।
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(4745)
(ਸਰੋਕਾਰ ਨਾਲ ਸੰਪਰਕ ਲਈ: (