“ਆਯਾਤ ’ਤੇ ਟੈਰਿਫ ਵਾਧਾ ਵਪਾਰਕ ਜੰਗ ਛੇੜ ਸਕਦਾ ਹੈ ...”
(29 ਜਨਵਰੀ 2025)
ਆਰਥਿਕ ਤੌਰ ’ਤੇ ਕੋਵਿਡ-19 ਮਹਾਂਮਾਰੀ ਦਾ ਭੰਨਿਆ ਵਿਸ਼ਵ ਅਜੇ ਤਕ ਇਸ ਨਿਘਾਰ ਦੀ ਜਿੱਲ੍ਹਣ ਵਿੱਚੋਂ ਉੱਭਰ ਨਹੀਂ ਸਕਿਆ ਹੈ। ਵਿਸ਼ਵ ਦੇ ਕੁਝ ਵਿਕਸਿਤ ਅਤੇ ਵਿਕਾਸਸ਼ੀਲ ਦੇਸ਼ਾਂ ਨੇ ਇਸ ਆਰਥਿਕ ਨਿਘਾਰ ਨੂੰ ਸੰਨ 2007-08 ਵਾਲੀ ਆਰਥਿਕ ਮੰਦੀ ਜਿਹੀ ਆਫ਼ਤ ਬਣਨ ਤੋਂ ਰੋਕਣ ਲਈ ਹਰ ਖੇਤਰ ਨੂੰ ਜੀਵਤ ਰੱਖਣ, ਲੋਕਾਂ ਦੇ ਕਾਰੋਬਾਰ, ਵਪਾਰ, ਸਨਅਤ ਨੂੰ ਠੁੰਮਣਾ ਦੇਣ ਲਈ ਖੂਬ ਧੰਨ ਵਹਾਇਆ। ਪਰ ਹਕੀਕਤ ਵਿੱਚ ਪਿਛਲੇ ਅੱਧੇ ਦਹਾਕੇ ਵਿੱਚ ਵਿਸ਼ਵ ਦੇ ਵੱਖ-ਵੱਖ ਵਰਗਾਂ ਵਿੱਚ ਸਿਮਟੇ ਰਾਸ਼ਟਰ ਜਿਵੇਂ ਵਿਕਸਿਤ, ਵਿਕਾਸਸ਼ੀਲ, ਪਛੜੇ ਦੇਸ਼ ਆਰਥਿਕ ਮੰਦਹਾਲੀ ਦੇ ਦੌਰ ਵਿੱਚ ਬਾਹਰ ਨਹੀਂ ਨਿਕਲ ਸਕੇ।
ਹਕੀਕਤ: ਹਕੀਕਤ ਇਹ ਵੀ ਹੈ ਕਿ ਨਵੇਂ ਸਾਲ-2025 ਵਿੱਚ ਵੀ ਇਨ੍ਹਾਂ ਦੇ ਆਰਥਿਕ ਨਿਘਾਰ ਦੀ ਜਿੱਲ੍ਹਣ ਵਿੱਚੋਂ ਉੱਭਰਨ ਦੇ ਆਸਾਰ ਨਜ਼ਰ ਨਹੀਂ ਆ ਰਹੇ। ਭੁੱਖਮਰੀ, ਬੇਰੋਜ਼ਗਾਰੀ, ਉਤਪਾਦਨ ਵਿੱਚ ਵਾਧਾ ਨਾ ਹੋ ਸਕਣਾ, ਵਿਸ਼ਵ ਦੇ ਵੱਖ-ਵੱਖ ਖਿੱਤਿਆਂ ਵਿੱਚ ਅੰਦਰੂਨੀ ਅਤੇ ਬਾਹਰੀ ਜੰਗਾਂ ਜਿਵੇਂ ਅਫਗਾਨਿਸਤਾਨ, ਸੈਂਟਰਲ ਅਫਰੀਕਨ ਰਿਪਬਲਿਕ ਕਾਂਗੋ, ਸੂਡਾਨ, ਈਥੋਪੀਆ, ਲੇਕ ਚਾਡਬੇਸਿਨ, ਬੁਰਕੀਨਾ ਫਾਸੋ, ਚਾਡ, ਸੋਮਾਲੀਆ, ਯਮਨ, ਕੈਮਰੂਨ, ਮਾਈਨਮਾਰ ਆਦਿ ਵਿਖੇ ਗ੍ਰਹਿ ਯੁੱਧ, ਫਲਸਤੀਨ ਅਤੇ ਇਸਰਾਈਲ, ਯੂਕਰੇਨ ਅਤੇ ਰੂਸ ਦਰਮਿਆਨ ਭਿਅੰਕਰ ਯੁੱਧ, ਅਮਰੀਕਾ ਅਤੇ ਚੀਨ ਤੋਂ ਇਲਾਵਾ ਹੋਰ ਅਨੇਕ ਰਾਸ਼ਟਰਾਂ ਵਿੱਚ ਵਪਾਰਕ ਯੁੱਧ, ਤਕਨੀਕੀ ਅਤੇ ਸਾਇੰਸੀ ਖੋਜ ਗਤੀ ਵਿੱਚ ਖੜੋਤ, ਵਿਸ਼ਵ ਭਰ ਵਿੱਚ ਲਗਾਤਾਰ ਉੱਭਰ ਰਿਹਾ ਕਿਸਾਨੀ ਸੰਕਟ ਆਦਿ ਅਜਿਹੇ ਕਾਰਨ ਹਨ ਜੋ ਆਰਥਿਕ ਵਿਕਾਸ ਅੱਗੇ ਦੀਵਾਰ ਬਣ ਕੇ ਖੜ੍ਹੇ ਹਨ।
ਪ੍ਰਭਾਵ: ਵਿਸ਼ਵ ਭਰ ਵਿੱਚ ਕੋਵਿਡ-19 ਮਹਾਂਮਾਰੀ ਦੀ ਮਾਰ ਨੇ ਮਾਨਵ ਭਵਿੱਖੀ ਪੀੜ੍ਹੀ ਦੇ ਮਾਨਸਿਕ, ਸਰੀਰਕ ਅਤੇ ਬੌਧਿਕ ਵਿਕਾਸ ’ਤੇ ਵੱਡਾ ਮਾਰੂ ਅਸਰ ਪਾਇਆ। ਫਲਸਰੂਪ ਪੂਰੇ ਵਿਸ਼ਵ ਵਿੱਚ ਵਿਦਿਆਰਥੀਆਂ ਅੰਦਰ ਮਾਨਸਿਕ, ਬੌਧਿਕ ਅਤੇ ਸਰੀਰਕ ਅਪੰਗਤਾ ਨੋਟ ਕੀਤੀ ਗਈ ਹੈ ਜਿਸ ਕਰਕੇ ਸਕੂਲਾਂ, ਕਾਲਜਾਂ, ਯੂਨੀਵਰਸਿਟੀਆਂ ਵਿੱਚ ਪੜ੍ਹਨ ਵਾਲਿਆਂ ਦੀ ਗਿਣਤੀ ਵਿੱਚ ਕਮੀ ਆਈ ਹੈ। ਬੇਰੋਜ਼ਗਾਰੀ ਵਿੱਚ ਵਾਧਾ ਹੋਇਆ ਹੈ। ਗਲੋਬਲ ਪੱਧਰ ’ਤੇ ਆਰਥਿਕ ਅਤੇ ਵਪਾਰਕ ਸਪਲਾਈ ਲਾਈਨ ਅਸਤ-ਵਿਅਸਤ ਹੋ ਕੇ ਰਹਿ ਗਈ। ਹਰ ਦੇਸ਼ ਵਿੱਚ ਮਹਿੰਗਾਈ ਅਤੇ ਭੁੱਖਮਰੀ ਸਿਰ ਚੜ੍ਹ ਕੇ ਬੋਲਣ ਲੱਗੀ, ਬੇਘਰੇ ਲੋਕਾਂ ਦੀ ਤਾਦਾਦ ਵਧਣ ਲੱਗੀ, ਜਲਵਾਯੂ ਤਬਦੀਲੀ ਕਰਕੇ ਮੌਸਮ ਵਿੱਚ ਉਤਰਾਅ-ਚੜ੍ਹਾ ਸ਼ਦੀਦ ਤਕਲੀਫਦੇਹ ਸਿੱਧ ਹੋਣ ਲੱਗੇ।
ਸੰਨ 2024 ਹੁਣ ਤਕ ਦਾ ਗਰਮ ਸਾਲ ਰਿਹਾ। ਗਰਮੀ ਕਰਕੇ ਚੀਨ, ਯੂਰਪ ਅਤੇ ਹੋਰ ਥਾਵਾਂ ’ਤੇ ਹੜ੍ਹ, ਯੂਰਪ ਤੋਂ ਅਫਰੀਕਾ, ਸਾਊਥ ਅਮਰੀਕਾ ਵਿੱਚ ਸੋਕੇ ਪਏ, ਅਮਰੀਕਾ-ਚੀਨ ਵਿੱਚ ਮੁਕਾਬਲੇਬਾਜ਼ੀ ਵਧੀ, ਆਰਥਿਕ ਅਤੇ ਵਪਾਰਕ ਸਪਲਾਈ ਚੇਨ ਵਿੱਚ ਰੋਕਾਂ ਅਤੇ ਬ੍ਰੇਕਾਂ ਵੇਖੀਆਂ ਗਈਆਂ। ਗਲੋਬਲ ਆਰਥਿਕਤਾ ਵਿੱਚ ਵੱਡੀਆਂ ਦੁਸ਼ਵਾਰੀਆਂ ਪੈਦਾ ਹੋਈਆਂ। ਵਪਾਰਕ ਪ੍ਰਤੀਬੰਧਾਂ ਵਿੱਚ ਤਿੱਗਣਾ ਵਾਧਾ ਹੋਇਆ। ਸਾਲ 2024 ਵਿੱਚ ਲਗਭਗ ਹਰ ਦੇਸ਼ ਵਿੱਚ ਕਰਜ਼ਿਆਂ ਵਿੱਚ ਵਾਧਾ ਵੇਖਣ ਨੂੰ ਮਿਲਿਆ।
ਵੋਟਰ ਸਾਲ: ਸਾਲ 2024 ਗਲੋਬਲ ਪੱਧਰ ’ਤੇ ‘ਵੋਟਰ ਸਾਲ’ ਵਜੋਂ ਸਥਾਪਿਤ ਹੋਇਆ। ਕਰੀਬ 70 ਦੇਸ਼ਾਂ ਵਿੱਚ ਚੋਣਾਂ ਹੋਈਆਂ। ਵਿਸ਼ਵ ਦੀ ਅੱਧੀ ਵਸੋਂ ਨੇ ਇਨ੍ਹਾਂ ਵਿੱਚ ਭਾਗ ਲਿਆ। ਮਹਿੰਗਾਈ, ਬੇਰੋਜ਼ਗਾਰੀ, ਭੁੱਖਮਰੀ, ਅਸੁਰੱਖਿਆ, ਜੀਵਨ ਮਿਆਰ ਨੂੰ ਲਗਾਤਾਰ ਖੋਰਾ ਲੱਗਣ, ਸੱਤਾ ਖ਼ਾਤਰ ਮੁਫ਼ਤ ਖੋਰੀਆਂ ਦਾ ਸਹਾਰਾ ਲੈਣ, ਆਮ ਆਦਮੀ ਦੀ ਖਰੀਦ ਸ਼ਕਤੀ ਘਟਣ, ਧੁੰਦਲੇ ਆਰਥਿਕ ਭਵਿੱਖ ਦੀ ਦਸਤਕ ਆਦਿ ਕਰਕੇ ਵੋਟਰਾਂ ਨੇ ਭਾਰਤ ਤੋਂ ਦੱਖਣੀ ਅਫਰੀਕਾ, ਯੂਰਪ ਤੋਂ ਅਮਰੀਕਾ ਤਕ ਸੱਤਾਧਾਰੀ ਆਗੂਆਂ ਨੂੰ ਕਾਂਬੇ ਭਰਿਆ ਰਾਜਨੀਤਕ ਹਲੂਣਾ ਦਿੰਦੇ ਹਰਾਇਆ। ਅਮਰੀਕਾ ਵਿੱਚ ਡੋਨਾਲਡ ਟਰੰਪ ਵਰਗਾ ਗੁਨਾਹਗਾਰ ਜਿੱਤ ਗਿਆ। ਟਰੰਪ ਦੀ ਅਮਰੀਕੀ ਰਾਸ਼ਟਰਪਤੀ ਵਜੋਂ ਮੁੜ ਵਾਪਸੀ ਵਾਕਿਆ ਹੀ ਇੱਕ ਵਿਲੱਖਣ ਰਾਜਨੀਤਕ ਕ੍ਰਿਆ ਰਹੀ ਹੈ।
ਸਭ ਤੋਂ ਚਿੰਤਾਜਨਕ ਸਥਿਤੀ ਇਹ ਰਹੀ ਹੈ ਕਿ ਕਈ ਦੇਸ਼ਾਂ ਵਿੱਚ ਰਾਜਨੀਤਕ ਡੈੱਡਲਾਕ ਵੇਖਣ ਨੂੰ ਮਿਲੇ ਹਨ। ਰੈਡੀਕਲਜ਼ ਅਤੇ ਧੁਰ ਸੱਜੇ ਪੱਖੀ ਨਾਜ਼ੀਵਾਦੀ ਪਾਰਟੀਆਂ ਅਤੇ ਗਰੁੱਪ ਰਾਸ਼ਟਰੀ ਪੱਧਰ ’ਤੇ ਭਾਰੂ ਹੁੰਦੇ ਵੇਖੇ ਜਾ ਰਹੇ ਹਨ। ਜਰਮਨੀ ਅਤੇ ਫਰਾਂਸ ਅੰਦਰ ਇਨ੍ਹਾਂ ਕਰਕੇ ਉਤਪੰਨ ਡੈੱਡਲਾਕ ਪੂਰੇ ਯੂਰਪ ਨੂੰ ਪ੍ਰਭਾਵਿਤ ਕਰ ਰਿਹਾ ਹੈ। ਬੰਗਲਾ ਦੇਸ਼ ਅੰਦਰ ਅਵਾਮੀ ਲੀਗ ਪਾਰਟੀ ਆਗੂ ਸ਼ੇਖ ਹਸੀਨਾ ਸ਼ਾਸਨ ਨੂੰ ਮੂਲਵਾਦੀ ਸ਼ਕਤੀਆਂ ਵੱਲੋਂ ਪਲਟਣ ਕਰਕੇ ਭਾਰਤੀ ਉਪ ਮਹਾਦੀਪ ਅੰਦਰ ਟਕਰਾਅ ਭਰੀਆਂ ਸਥਿਤੀਆਂ ਉੱਭਰ ਰਹੀਆਂ ਹਨ।
ਦੁਰਦਸ਼ਾ: ਵਿਸ਼ਵ ਬੈਂਕ ਅਨੁਸਾਰ ਗਰੀਬ ਅਤੇ ਪਛੜੇ ਦੇਸ਼ ਪਿਛਲੇ ਦੋ ਦਹਾਕਿਆਂ ਤੋਂ ਬਹੁਤ ਹੀ ਭੈੜੀ ਆਰਥਿਕ ਦੁਰਦਸ਼ਾ ਵਿੱਚੋਂ ਦੀ ਗੁਜ਼ਰ ਰਹੇ ਹਨ। ਕਮਜ਼ੋਰ ਵਪਾਰ, ਆਰਥਿਕ ਪ੍ਰਤੀਬੰਧ, ਫੰਡਾਂ ਅਤੇ ਮੁਢਲੇ ਢਾਂਚੇ ਦੀ ਘਾਟ ਉਨ੍ਹਾਂ ਨੂੰ ਹੋਰ ਬੁਰੀ ਤਰ੍ਹਾਂ ਲਤਾੜ ਰਹੀ ਹੈ। ਯੂਰਪੀਨ ਸੈਂਟਰਲ ਬੈਂਕ ਪ੍ਰੈਜ਼ੀਡੈਂਟਿਸਟੀਨ ਲਗਾਰਡ ਅਨੁਸਾਰ ਸੰਨ 2025 ਵਿੱਚ ਅਨਿਸਚਿੱਤਤਾ ਦੀ ਬਹੁਤਾਤ ਬਣੀ ਰਹੇਗੀ।
ਆਸ ਦੀ ਕਿਰਨ: ਆਰਥਿਕ ਮਿਲਵਰਤਣ ਅਤੇ ਵਿਕਾਸ ਸੰਸਥਾ (ਓ.ਈ.ਸੀ.ਡੀ.) ਅਤੇ ਗੋਲਡਮੈਨ ਸਾਚਸ ਖੋਜ ਸੰਸਥਾ ਦੀਆਂ ਤਾਜ਼ੀਆਂ ਰਿਪੋਰਟਾਂ ਸਾਲ 2025 ਵਿੱਚ ਗਲੋਬਲ ਆਰਥਿਕ ਸਥਿਤੀਆਂ ਦੇ ਕੁਝ ਸੰਭਲਣ ਦਾ ਸੰਕੇਤ ਦੇ ਰਹੀਆਂ ਹਨ। ਓ.ਈ.ਸੀ.ਡੀ. ਦੀ ਤਾਜ਼ਾ ਰਿਪੋਰਟ ਦਰਸਾਉਂਦੀ ਹੈ ਕਿ ਸੰਨ 2025 ਅਤੇ 2026 ਵਿੱਚ ਗਲੋਬਲ ਜੀ.ਡੀ.ਪੀ. ਵਿਕਾਸ ਦਰ 3.3 ਪ੍ਰਤੀਸ਼ਤ ਰਹੇਗੀ। ਸੰਨ 2024 ਵਿੱਚ ਇਹ 3.2 ਪ੍ਰਤੀਸ਼ਤ ਸੀ।
ਜੀ-20 ਦੇਸ਼ਾਂ ਵਿੱਚ ਸਭ ਤੋਂ ਉੱਚੀ ਵਿਕਾਸ ਦਰ 6.8 ਤੋਂ 6.9% ਸੰਨ 2025 ਅਤੇ 2026 ਵਿੱਚ ਭਾਰਤ ਦੀ ਰਹੇਗੀ। ਇੰਡੋਨੇਸ਼ੀਆ ਦੀ 5.1, ਚੀਨ ਦੀ 4.9, ਰੂਸ ਦੀ 3.9, ਤੁਰਕੀ ਦੀ 3.5, ਬ੍ਰਜ਼ੀਲ 3.2 ਸਪੇਨ ਦੀ 3 ਪ੍ਰਤੀਸ਼ਤ, ਅਮਰੀਕਾ ਦੀ 2.8, ਦੱਖਣੀ ਕੋਰੀਆ ਦੀ 2.3, ਮੈਕਸੀਕੋ 1.4, ਕੈਨੇਡਾ 1.1, ਆਸਟ੍ਰੇਲੀਆ ਦੀ 1 ਪ੍ਰਤੀਸ਼ਤ, ਜਪਾਨ ਦੀ 0.3, ਜਰਮਨੀ ਦੀ ਜ਼ੀਰੋ ਅਤੇ ਯੂ.ਕੇ. ਦੀ 0.9 ਪ੍ਰਤੀਸ਼ਤ ਰਹੇਗੀ।
ਲੇਬਰ ਮਾਰਕੀਟ ਵਿੱਚ ਸੁਧਾਰ ਵੇਖਣ ਨੂੰ ਮਿਲੇਗਾ। ਇਤਿਹਾਸਿਕ ਸਟੈਂਡਰਡ ਤੋਂ ਬੇਰੋਜ਼ਗਾਰੀ ਘੱਟ ਰਹੇਗੀ, ਮਹਿੰਗਾਈ ਵਿੱਚ ਸਾਹ ਸੌਖਾ ਹੋਣ ਨੂੰ ਮਿਲੇਗਾ, ਜਿਸ ਨਾਲ ਘਰੇਲੂ ਆਮਦਨ ਵਧੇਗੀ। ਲੇਕਿਨ ਉਪਭੋਗਤਾ ਵਿੱਚ ਨਿਘਾਰ ਚਾਲੂ ਰਹਿ ਸਕਦਾ ਹੈ, ਜਿਸ ਕਰਕੇ ਉਪਭੋਗੀ ਵਿੱਚ ਉਤਸ਼ਾਹ ਵੇਖਣ ਨੂੰ ਨਹੀਂ ਮਿਲੇਗਾ। ਫਿਰ ਵੀ ਗਲੋਬਲ ਵਪਾਰ ਵਿੱਚ ਸੁਧਾਰ ਵੇਖਣ ਨੂੰ ਮਿਲੇਗਾ ਜੋ 3.6 ਪ੍ਰਤੀਸ਼ਤ ਦਰ ਤਕ ਵਧੇਗਾ।
ਅਮਰੀਕੀ ਜੀ.ਡੀ.ਪੀ. ਜੋ 2025 ਵਿੱਚ 2.8 ਰਹੇਗੀ ਸੰਨ 2026 ਵਿੱਚ ਘਟ ਕੇ 2.4 ਪ੍ਰਤੀਸ਼ਤ ਹੋ ਸਕਦੀ ਹੈ। ਯੂਰਪ ਵਿੱਚ ਘਰੇਲੂ ਆਮਦਨ ਅਤੇ ਲੇਬਰ ਖੇਤਰ ਵਿੱਚ ਕਸਾਅ ਰਹੇਗਾ। ਨੀਤੀਗਤ ਵਿਆਜ ਦਰ ਵਿੱਚ ਕਟੌਤੀ ਵੇਖਣ ਨੂੰ ਮਿਲ ਸਕਦੀ ਹੈ। ਯੂਰੋ ਖੇਤਰ ਦੀ ਜੀ.ਡੀ.ਪੀ. ਸੰਨ 2025 ਵਿੱਚ 1.3 ਅਤੇ 2026 ਵਿੱਚ 1.5 ਪ੍ਰਤੀਸ਼ਤ ਰਹੇਗੀ। ਚੀਨ ਦੀ 2025 ਵਿੱਚ 4.9% ਦੇ ਮੁਕਾਬਲੇ 2026 ਵਿੱਚ 4.4 ਪ੍ਰਤੀਸ਼ਤ ਰਹੇਗੀ।
ਓ.ਈ.ਸੀ.ਡੀ. ਸਕੱਤਰ ਜਨਰਲ ਮਾਥੀਅਜ਼ ਕੋਰਮਨ ਅਨੁਸਾਰ ਗਲੋਬਲ ਆਰਥਿਕਤਾ ਸੰਨ 2025 ਵਿੱਚ ਲਚਕਦਾਰ ਰਹੇਗੀ। ਵਿਕਾਸ ਸਥਿਰ ਰਹੇਗਾ। ਮਹੱਤਵਪੂਰਨ ਚੁਣੌਤੀਆਂ ਬਣੀਆਂ ਰਹਿਣਗੀਆਂ। ਭੂ-ਰਾਜਨੀਤਕ ਟਕਰਾਅ ਜਾਰੀ ਰਹਿਣਗੇ। ਜਨਤਕ ਕਰਜ਼ ਔਸਤ ਉੱਚੀ ਰਹੇਗੀ। ਮੱਧਕਾਲੀ ਵਿਕਾਸ ਸੰਭਵ ਨਹੀਂ ਹੋਵੇਗਾ। ਮਹਿੰਗਾਈ ਦੇ ਦਬਾਅ ’ਤੇ ਲਗਾਮ ਜਾਰੀ ਰਹੇਗੀ। ਪਰ ਖ਼ਰਚਿਆਂ ਦਾ ਭਾਰ ਮਹਿਸੂਸ ਹੋਵੇਗਾ।
ਗੋਲਡਮੈਨ ਸੈਕਸ ਖੋਜ ਅਨੁਸਾਰ ਸੰਨ 2025 ਆਰਥਿਕ ਵਿਕਾਸ ਵਾਲਾ ਸਾਲ ਸਿੱਧ ਹੋਵੇਗਾ। ਅਮਰੀਕਾ ਵਿਕਾਸ ਕਰੇਗਾ ਪਰ ਉਸ ਵੱਲੋਂ ਆਯਾਤ ’ਤੇ ਟੈਰਿਫ ਵਧਾਉਣ ਕਰਕੇ ਯੂਰਪੀਨ ਯੂਨੀਅਨ ਪ੍ਰਭਾਵਿਤ ਹੋਵੇਗੀ। ਮਿਥੀ ਗਈ ਅਮਰੀਕੀ ਵਿਕਾਸ ਦਰ 1.9 ਤੋਂ ਵਾਧਾ ਦਰਜ਼ ਕਰਕੇ 2.5 ਪ੍ਰਤੀਸ਼ਤ ਹੋ ਸਕਦੀ ਹੈ। ਯੂਰਪ ਦੀ ਮਿਥੀ ਹੋਈ ਵਿਕਾਸ ਦਰ 1.2 ਤੋਂ ਘਟ ਕੇ 0.8 ਪ੍ਰਤੀਸ਼ਤ ਰਹਿ ਸਕਦੀ ਹੈ। ਗੋਲਡਮੈਨ ਸੈਕਸ ਦੇ ਮੁੱਖ ਅਰਥ ਸ਼ਾਸਤਰੀ ਜਨ ਹੈਤਜ਼ਇਸ ਅਨੁਸਾਰ ਗਲੋਬਲ ਬਜ਼ਾਰ ਮੁੜ ਤੋਂ ਸੰਤੁਲਿਤ ਕੀਤਾ ਗਿਆ ਹੈ। ਮਹਿੰਗਾਈ ਘਟੇਗੀ ਅਤੇ ਕੇਂਦਰੀ ਬੈਂਕ ਦੇ ਟੀਚੇ ਦੇ ਕੰਟਰੋਲ ਵਿੱਚ ਰਹੇਗੀ। ਬਹੁਤੇ ਕੇਂਦਰੀ ਬੈਂਕ ਬਿਆਜ ਦਰਾਂ ਵਿੱਚ ਕਟੌਤੀ ਕਰ ਸਕਣਗੇ।
ਅਮਰੀਕਾ ਵੱਲੋਂ ਦੂਸਰੀ ਵੱਡੀ ਆਰਥਿਕਤਾ ਚੀਨ ਦੇ ਆਯਾਤ ’ਤੇ 60 ਪ੍ਰਤੀਸ਼ਤ ਟੈਰਿਫ ਠੋਕਣ ਨਾਲ ਉਸਦੀ ਵਿਕਾਸ ਦਰ 0.7 ਪ੍ਰਤੀਸ਼ਤ ਘਟ ਸਕਦੀ ਹੈ। ਗੋਲਡਮੈਨ ਸੈਕਸ ਇਹ ਘਾਟਾ 0.2 ਪ੍ਰਤੀਸ਼ਤ ਨਿਸ਼ਚਿਤ ਕਰਦਾ ਹੈ।
ਇਹ ਗਲੋਬਲ ਪੂੰਜੀਵਾਦੀ ਕਾਰਪੋਰੇਟ ਪ੍ਰਭਾਵਿਤ ਸੰਸਥਾਵਾਂ ਦੀਆਂ ਰਿਪੋਰਟਾਂ ਜੋ ਮਰਜ਼ੀ ਆਰਥਿਕ ਸ਼ੀਸਾ ਦਿਖਾਉਣ, ਡਰ ਇਹ ਹੈ ਕਿ ਅਮਰੀਕੀ ਰਾਸ਼ਟਰਪਤੀ ਟਰੰਪ ਮਨਮਾਨੀਆਂ ਅਤੇ ਇੱਲਤਾਂ ਕਰਕੇ ਸੰਨ 2025 ਗਲੋਬਲ ਆਰਥਿਕਤਾ ’ਤੇ ਭਾਰੂ ਪੈ ਸਕਦਾ ਹੈ। ਆਯਾਤ ’ਤੇ ਟੈਰਿਫ ਵਾਧਾ ਵਪਾਰਕ ਜੰਗ ਛੇੜ ਸਕਦਾ ਹੈ, ਮਹਿੰਗਾਈ ਵਧੇਗੀ, ਗਲੋਬਲ ਵਪਾਰ ਵਿੱਚ ਖੜੋਤ ਆਏਗੀ। ਬੇਰੋਜ਼ਗਾਰੀ ਵਧੇਗੀ।
ਯੂਕਰੇਨ, ਮੱਧਪੂਰਬ ਜੰਗਾਂ, ਜਰਮਨੀ ਅਤੇ ਫਰਾਂਸ ਵਿੱਚ ਰਾਜਨੀਤਕ ਉਥਲ-ਪੁਥਲ, ਚੀਨ ਦੀ ਆਰਥਿਕਤਾ ’ਤੇ ਉੱਭਰ ਰਹੇ ਕਾਲੇ ਬੱਦਲ, ਜਲਵਾਯੂ ਤਬਦੀਲੀ, ਵਿਸ਼ਵ ਵਿਆਪੀ ਆਰਥਿਕਤਾ ਅਤੇ ਵਿਕਾਸ ਲਈ ਘਾਤਿਕ ਸਿੱਧ ਹੋ ਸਕਦੇ ਹਨ।
ਸੁਝਾਅ: ਗਲੋਬਲ ਆਰਥਿਕਤਾ ਸੰਭਾਲਣ ਲਈ 25 ਵਿਸ਼ਵ ਪ੍ਰਮੁੱਖ ਸੰਸਥਾਵਾਂ ਦੇ 40 ਆਰਥਿਕ ਮਾਹਿਰਾਂ ਦੇ ਗਰੁੱਪ ਵੱਲੋਂ ਦਿੱਤੇ ਬਹੁਮੁਖੀ ਬੈਂਕਾਂ, ਟੈਕਸ ਸਿਸਟਮ, ਗਲੋਬਲ ਵਿੱਤੀ ਸੁਰੱਖਿਆ, ਜਲਵਾਯੂ ਸੰਭਾਲ ਸੰਬੰਧੀ ਗਲੋਬਲ ਤਾਲਮੇਲ ਰਾਹੀਂ ਸੁਧਾਰਾਂ ’ਤੇ ਜੋ ਜ਼ੋਰ ਦਿੱਤਾ, ਉਸ ’ਤੇ ਅਮਲ ਦੀ ਲੋੜ ਹੈ। ਸਥਾਨਿਕ, ਰਾਸ਼ਟਰੀ ਅਤੇ ਕੌਮਾਂਤਰੀ ਵਿੱਦਿਅਕ ਈਕੋ ਸਿਸਟਮ ਮਜ਼ਬੂਤ ਕਰਨ ਲਈ ਗਲੋਬਲ ਸਾਂਝਦਾਰੀ, ਮਾਨਸਿਕ, ਬੌਧਿਕ ਅਤੇ ਸਰੀਰਕ ਤੌਰ ’ਤੇ ਅਪੰਗ ਹੋਏ ਵਿਦਿਆਰਥੀਆਂ ਵੱਲ ਧਿਆਨ ਕੇਂਦਰਤ ਕਰਨ ਦੀ ਲੋੜ ਹੈ। ਵਿਸ਼ਵ ਮੁਦਰਾ ਕੋਸ਼ ਨੇ ਵਿਸ਼ਵ ਆਰਥਿਕ ਆਊਟਲੁੱਕ ਵਿੱਚ ਸਪਸ਼ਟ ਕਿਹਾ ਹੈ, ‘ਅਨਿਸ਼ਚਿਤ ਜੋਖ਼ਮ ਲਈ ਤਿਆਰ ਰਹੋ।’
* * * * *
ਨੋਟ: ਹਰ ਲੇਖਕ ਸਰੋਕਾਰ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲ ਕੇ ਰੱਖੇ।
ਰਚਨਾਵਾਂ ਸਬੰਧੀ ਆਪਣੇ ਵਿਚਾਰ ਸਾਂਝੇ ਕਰੋ: (This email address is being protected from spambots. You need JavaScript enabled to view it.)