DarbaraSKahlon8“ਜਦੋਂ ਇੱਕ ਮੂਰਖ ਸ਼ਕਤੀ ਹਾਸਲ ਕਰਦਾ ਹੈ ਪਹਿਲਾਂ ਉਹ ਸੂਝਵਾਨਾਂ ਨੂੰ ਚੁੱਪ ...”
(17 ਨਵੰਬਰ 2026)


ਪੰਜਾਬ ਪੁਲਿਸ ਮੇਰੇ ਸੋਹਣੇ ਪੰਜਾਬ ਪ੍ਰਾਂਤ ਲਈ ਅਮਨ ਕਾਨੂੰਨ ਕਾਇਮ ਕਰਨ ਵਾਲੀ ਸੰਸਥਾ ਦੀ ਥਾਂ ਸਰਾਪ ਬਣ ਕੇ ਰਹਿ ਗਈ ਹੈ
। ਇਹ ਲਗਾਤਾਰ ਪੰਜਾਬ ਦੀ ਜਵਾਨੀ ਨੂੰ ਇੱਕ ਆਦਮ ਖਾਣੀ ਸਰਾਲ ਵਾਂਗ ਨਿਗਲ ਰਹੀ ਹੈ। ਅੱਜ ਤਾਂ ਇਸਦਾ ਸੂਬੇ ਵਿੱਚ ਉਹੀ ਵਰਤਾਰਾ ਲਗਾਤਾਰ ਕਮਜ਼ੋਰ, ਭ੍ਰਿਸ਼ਟ, ਨਿਕੰਮੀ, ਦੂਰ ਦ੍ਰਿਸ਼ਟੀਹੀਣ ਲੀਡਰਸ਼ਿੱਪ ਕਰਕੇ ਪਾਕਿਸਤਾਨ ਦੀ ਫੌਜ ਵਰਗਾ ਬਣਿਆ ਪਿਆ ਹੈ। ਪਾਕਿਸਤਾਨ ਵਿੱਚ ਸਨ 1947 ਵਿੱਚ ਭਾਰਤ ਦੀ ਵੰਡ ਤੋਂ ਬਾਅਦ ਸੱਤਾ ਪਰਿਵਰਤਨ ਕਾਲ ਤੋਂ ਹੀ ਫੌਜ ਦਾ ਪ੍ਰਭੂਤਵ ਅਤੇ ਬੋਲਬਾਲਾ ਸਥਾਪਤ ਹੋ ਗਿਆ ਸੀ। ਇੱਧਰ ਪੰਜਾਬ ਅੰਦਰ ਪੁਲਿਸ ਦਾ ਬੋਲਬਾਲਾ ਅਤੇ ਪ੍ਰਭੂਤਵ ਸੰਨ 1980 ਦੇ ਦਹਾਕੇ ਦੇ ਸ਼ੁਰੂ ਵਿੱਚ ਰਾਜਕੀ ਅਤੇ ਗੈਰ ਰਾਜਕੀ ਅੱਤਵਾਦ ਫੈਲਣ ਦੌਰਾਨ ਲਗਾਤਾਰ ਪਰਪੱਕ ਹੋਣਾ ਸ਼ੁਰੂ ਹੋ ਗਿਆ ਸੀ। ਪੰਜਾਬ ਪੁਲਿਸ ਮੁਖੀ ਕੇਪੀਐੱਸ ਗਿੱਲ ਕਾਲ ਵੇਲੇ ਤਾਂ ਪਾਕਿਸਤਾਨ ਦੀ ਫੌਜ ਵਾਂਗ ਇਸਦਾ ਪੰਜਾਬ ’ਤੇ ਸ਼ਾਸਨ ਹੀ ਕਾਇਮ ਹੋ ਗਿਆ ਸੀ। ਮੁੱਖ ਮੰਤਰੀ ਬੇਅੰਤ ਸਿੰਘ (ਜਿਸ ਨੂੰ ਉਸਨੇ ਗੰਦੀਆਂ ਗਾਲ੍ਹਾਂ ਨਾਲ ਵੀ ਜ਼ਲੀਲ ਕੀਤਾ ਸੀ) ਦੀ ਜੁਰਅਤ ਨਹੀਂ ਸੀ ਕਿ ਉਸਦੀਆਂ ਬੁਚੜਾਨਾ ਕਾਰਵਾਈਆਂ ’ਤੇ ਉਂਗਲ ਉਠਾ ਸਕੇ, ਰੋਕਣਾ ਤਾਂ ਦੂਰ ਦੀ ਗੱਲ।

ਹਕੀਕਤਾਂ:

ਹਕੀਕਤਾਂ ਇਹ ਵੀ ਹਨ ਕਿ ਪੰਜਾਬ ਦੀਆਂ ਸਭ ਰਾਜਨੀਤਿਕ ਪਾਰਟੀਆਂ ਅਤੇ ਆਗੂ ਇਸ ਕਿਸਮ ਦੀ ਗੰਦੀ, ਬਦਲਾਖੋਰ ਅਤੇ ਨੀਵੀਂ ਕਿਸਮ ਦੀ ਰਾਜਨੀਤੀ ਦੀ ਦਲਦਲ ਵਿੱਚ ਫਸੇ ਪਏ ਹਨ। ਸੱਤਾ ਪ੍ਰਾਪਤੀ ਬਾਅਦ ਉਹ ਵਿਰੋਧੀਆਂ ਨੂੰ ਦਬਾਉਣ, ਦਬੱਲਣ, ਝੂਠੇ ਕੇਸਾਂ ਵਿੱਚ ਘਸੀਟਣ, ਗੈਰ ਸੰਵਿਧਾਨਿਕ ਨਜ਼ਰਬੰਦੀ ਜਿਹੇ ਸ਼ਰਮਨਾਕ ਕਾਰਨਾਮਿਆਂ ਲਈ ਪੁਲਿਸ ਦੀ ਵਰਤੋਂ ਕਰਨ ਵਿੱਚ ਬਦਨਾਮ ਹੋ ਚੁੱਕੇ ਹਨ। ਇਸ ਲਈ ਕੋਈ ਵੀ ਸਰਕਾਰ ਆਵੇ, ਪੁਲਿਸ ਦੇ ਪੌਂ ਬਾਰਾਂ ਹੀ ਰਹਿੰਦੇ ਹਨ। ਇਹ ਅਮਨ ਕਾਨੂੰਨ ਸਥਾਪਿਤ ਕਰਨ ਵਾਲੀ ਸੰਸਥਾ ਦੀ ਥਾਂ ਇੱਕ ਗੈਰ ਕਾਨੂੰਨੀ, ਗੈਰ ਸੰਵਿਧਾਨਿਕ ਅਤੇ ਆਪ ਹੁਦਰੀ ਸੰਸਥਾ ਵਜੋਂ ਸਥਾਪਤ ਹੋ ਚੁੱਕੀ ਹੈ ਜੋ ਕਿਸੇ ਵੀ ਨਾਗਰਿਕ ਜਾਂ ਆਗੂ ਵਿਰੁੱਧ ਕਾਰਵਾਈ ਕਰਨ ਲਈ ਅਣਮਨੁੱਖੀ, ਭੈਭੀਤ ਅਤੇ ਆਤੰਕਿਤ ਕਰਨ ਤੋਂ ਇਲਾਵਾ ਮਾਰ ਮੁਕਾਉਣ ਅਤੇ ਆਪੇ ਹੀ ਸਸਕਾਰ ਕਰਨ ਜਾਂ ਫਿਰ ਅਲੋਪ ਕਰਨ ਲਈ ਬਦਨਾਮ ਹੋ ਚੁੱਕੀ ਹੈ। ਇਹ ਕਿਸੇ ਵੀ ਆਦਮੀ, ਔਰਤ, ਬੱਚੇ, ਬੱਚੀ, ਨੌਜਵਾਨ ਨੂੰ ਕਤੂਰੇ ਵਾਂਗ ਚੁੱਕ ਕੇ ਵਗਾਹ ਮਾਰਨ, ਅਣਮਨੁੱਖੀ ਤਸੀਹੇ ਦੇਣ, ਝੂਠੇ ਪਰਚਿਆਂ ਵਿੱਚ ਫਸਾਉਣ, ਔਰਤਾਂ ਨੂੰ ਜਬਰ ਜਨਾਹ ਦਾ ਸ਼ਿਕਾਰ ਬਣਾਉਣ ਲਈ ਬਦਨਾਮ ਹੈ। ਇਸੇ ਕਰਕੇ ਇਲਾਹਾਬਾਦ ਹਾਈਕੋਰਟ ਦੇ ਸਾਬਕਾ ਜੱਜ ਏ ਐੱਨ ਮੁੱਲਾ ਪੁਲਿਸ ਫੋਰਸ ਨੂੰ “ਵਰਦੀਧਾਰੀ ਅਪਰਾਧੀਆਂ ਦਾ ਟੋਲਾ” ਗਰਦਾਨਦਾ ਹੈ ਜੋ ਕਿਸੇ ਅੱਗੇ ਜਵਾਬ ਦੇ ਨਹੀਂ ਹੁੰਦਾ। ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਸਾਬਕਾ ਜੱਜ ਜਸਟਿਸ ਰਣਜੀਤ ਸਿੰਘ ਦਾ ਮੰਨਣਾ ਹੈ ਕਿ ਹਕੀਕਤ ਵਿੱਚ ਪੰਜਾਬ ਵਿੱਚ ਪੁਲਿਸ ਰਾਜ ਸਥਾਪਿਤ ਹੈ। ਇਹ ਕਿਸੇ ਵੀ ਵਿਅਕਤੀ ਨੂੰ ਅਗਵਾ ਕਰਕੇ ਉਸ ਵਿਰੁੱਧ ਝੂਠੀ ਐੱਫ ਆਈਆਰ ਦਰਜ ਕਰਕੇ ਬੰਦੀ ਬਣਾ ਲੈਣ ਦੇ ਸਮਰੱਥ ਹੈ।

ਪਾਕ ਫੌਜ:

ਪਾਕਿਸਤਾਨ ਫੌਜ ਸ਼ੁਰੂ ਤੋਂ ਹੀ ਵੱਖ ਵੱਖ ਫੌਜੀ ਤਖਤ ਪਲਟਿਆ ਰਾਹੀਂ ਸਿਵਲ ਪ੍ਰਸ਼ਾਸਨ ਨੂੰ ਉਲਟਾ ਕੇ ਆਪਣਾ ਸ਼ਾਸਨ ਸਥਾਪਿਤ ਕਰਦੀ ਰਹੀ ਹੈ। ਹੁਣ ਹਾਲਤ ਇਹ ਹੈ ਕਿ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਅਤੇ ਸੂਬਿਆਂ ਦੇ ਮੁੱਖ ਮੰਤਰੀ, ਸਮੁੱਚਾ ਸਿਵਲ ਪ੍ਰਸ਼ਾਸਨ, ਨਿਆਂ ਪਾਲਿਕਾ, ਵਪਾਰ, ਐਕਸਪੋਰਟ, ਸਨਅਤ ਅਤੇ ਕਾਰੋਬਾਰ ਉਸ ਅਧੀਨ ਹਨ। ਸਿਰਫ ਕਾਗਜ਼ੀ ਤੌਰ ’ਤੇ ਪਾਰਲੀਮੈਂਟਰੀ ਕਿਸਮ ਦੀ ਸਰਕਾਰ ਹੈ। ਹਕੀਕਤ ਵਿੱਚ ਬਾਹਰੀ ਅਤੇ ਅੰਦਰੂਨੀ ਸੁਰੱਖਿਆ, ਖੁਫੀਆ ਤੰਤਰ, ਵਿਦੇਸ਼ਾਂ ਨਾਲ ਸੰਬੰਧ, ਯੁੱਧਨੀਤਕ ਅਤੇ ਨੀਤੀਗਤ ਨਿਰਣਿਆਂ, ਪਰਮਾਣੂ ਸਮਰੱਥਾ ਅਤੇ ਰੱਖਿਆ ਬਜਟ ਉੱਤੇ ਪੂਰੀ ਤਰ੍ਹਾਂ ਕਾਬਜ਼ ਹੈ। ਇਸੇ ਕਰਕੇ ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਦੀ ਥਾਂ ਫੌਜ ਦੇ ਮੁਖੀ ਫੀਲਡ ਮਾਰਸ਼ਲ ਸਦ ਆਸਮ ਮਨੀਰ ਅਹਿਮਦ ਸ਼ਾਹ ਨੂੰ ਪਾਕਿਸਤਾਨ ਦੇ ਮੁਖੀ ਵਜੋਂ ਵਾਸ਼ਿੰਗਟਨ ਬੁਲਾ ਕੇ ਮਾਨ ਸਤਿਕਾਰ ਦਿੰਦਾ ਹੈ ਅਤੇ ਉਸ ਨਾਲ ਭੋਜ ਕਰਦਾ ਹੈ। ਇਰਾਨ ਨਾਲ ਸਮਝੌਤੇ ਸੰਬੰਧੀ ਉਸ ਨੂੰ ਪ੍ਰਮੁੱਖ ਜ਼ਿੰਮੇਵਾਰੀ ਸੌਂਪਣ ਵਿੱਚ ਮਾਣ ਮਹਿਸੂਸ ਕਰਦਾ ਹੈ। ਪਾਕਿਸਤਾਨੀ ਫੌਜ ਨੇ ਉੱਥੇ ਸਨ 1958-1971, ਸਨ 1977-1988 ਅਤੇ ਸਨ 1999-2008 ਵਿੱਚ ਫੌਜੀ ਪਲਟਿਆਂ ਰਾਹੀਂ ਸਿੱਧਾ ਸ਼ਾਸਨ ਸਥਾਪਿਤ ਕੀਤਾ।

ਪੰਜਾਬ ਪੁਲਿਸ:

ਜਿਵੇਂ ਫੌਜ ਪਾਕਿਸਤਾਨੀ ਨਿਜ਼ਾਮ ’ਤੇ ਭਾਰੂ ਹੈ ਉਵੇਂ ਹੀ ਪੁਲਿਸ ਭਾਰਤੀ ਪੰਜਾਬ ਰਾਜ ਵਿੱਚ ਭਾਰੂ ਹੈ। ਪੰਜਾਬ ਪੁਲਿਸ ਦੇ ਜੂਲੀਓ ਰਿਬੈਰੋ, ਕੇਪੀਐੱਸ ਗਿੱਲ, ਸੁਮੇਧ ਸੈਣੀ ਵਰਗੇ ਪੁਲਿਸ ਮੁਖੀ, ਇਜ਼ਹਾਰ ਆਲਮ, ਅਜੀਤ ਸਿੰਘ ਸੰਧੂ, ਗੋਬਿੰਦ ਰਾਮ, ਮੁਹੰਮਦ ਮੁਸਤਫਾ, ਰਾਜਜੀਤ ਹੁੰਦਲ, ਨਾਮ ਨਿਹਾਦ ਇੰਸਪੈਕਟਰ ਗੁਰਮੀਤ ਪਿੰਕੀ ਆਦਿ ਅਨੇਕ ਅਜਿਹੇ ਪੁਲਿਸ ਅਫਸਰ ਅਤੇ ਕਰਮਚਾਰੀ ਪੰਜਾਬ ਸਿਵਲ ਪ੍ਰਸ਼ਾਸਨ ਅਤੇ ਨਿਆਂਪਾਲਿਕਾ ’ਤੇ ਭਾਰੂ ਰਹੇ ਹਨ। ਸੁਮੇਧ ਸੈਣੀ ਨੇ ਤਾਂ ਪੰਜਾਬ ਹਰਿਆਣਾ ਹਾਈ ਕੋਰਟ ਆਤੰਕਤ ਕਰਨੋ ਕੋਈ ਕਸਰ ਬਾਕੀ ਨਹੀਂ ਸੀ ਛੱਡੀ। ਅੱਤਵਾਦ ਤੇਦੇ ਕਾਲ ਵੇਲੇ ਇਨ੍ਹਾਂ ਨੇ ਹਜ਼ਾਰਾਂ ਨੌਜਵਾਨ ਝੂਠੇ ਪੁਲਿਸ ਮੁਕਾਬਲਿਆਂ ਵਿੱਚ ਮਾਰ ਮੁਕਾਅ ਸੁੱਟੇ। ਸਾਬਕਾ ਸਬ ਇੰਸਪੈਕਟਰ ਸੁਰਜੀਤ ਸਿੰਘ ਨੇ ਇੰਕਸ਼ਾਫ ਕੀਤਾ ਹੈ ਕਿ ਉਸਨੇ ਤਤਕਾਲੀ ਐੱਸ ਐੱਸ ਪੀ ਪਰਮਜੀਤ ਸਿੰਘ ਦੇ ਦਬਾਅ ਹੇਠ 83 ਬੇਕਸੂਰ ਸਿੱਖ ਨੌਜਵਾਨਾਂ ਝੂਠੇ ਪੁਲਿਸ ਮੁਕਾਬਲਿਆਂ ਵਿੱਚ ਮਾਰ ਮੁਕਾਏ। ਇਵੇਂ ਹੀ ਮਰਹੂਮ ਗੁਰਮੀਤ ਪਿੰਕੀ ਅਤੇ ਹੋਰ ਪੁਲਸੀਏ ਇੰਕਸ਼ਾਫ ਕਰਦੇ ਰਹੇ। ਮਨੁੱਖੀ ਅਧਿਕਾਰਾਂ ਦਾ ਜੁਝਾਰੂ ਜਸਵੰਤ ਸਿੰਘ ਖਾਲੜਾ ਕਿਵੇਂ ਮਾਰ ਮੁਕਾਇਆ, ਕੌਣ ਨਹੀਂ ਜਾਣਦਾ?

ਪੁਲਿਸ ਕੁੱਟਦੀ, ਗੋਲੀਬਾਰੀ ਕਰਦੀ, ਝੂਠੇ ਪੁਲਿਸ ਮੁਕਾਬਲਿਆਂ ਵਿੱਚ ਨੌਜਵਾਨਾਂ ਨੂੰ ਮਾਰਦੀ ਹੈ। ਕਮਾਲ ਦੀ ਗੱਲ ਇਹ ਹੈ ਕਿ ਅਜਿਹੇ ਅਪਰਾਧਾਂ ਦੀ ਸੁਣਵਾਈ ਵੀ ਐੱਸ ਆਈ ਟੀ ਗਠਤ ਕਰਕੇ ਉਹੀ ਕਰਦੀ ਹੈ। ਫਿਰ ਇਨਸਾਫ ਕਿੱਥੋਂ? ਜੇ ਪੁਲਿਸ ਕਾਨੂੰਨ ਮੁਤਾਬਿਕ ਕੰਮ ਕਰੇ ਤਾਂ ਹੀ ਅਪਰਾਧ ’ਤੇ ਕਾਬੂ ਪਾਇਆ ਜਾਣਾ ਸੰਭਵ ਹੁੰਦਾ ਹੈ। ਪਰ ਜੇ ਪੁਲਿਸ ਖੁਦ ਗੈਂਗਸਟਰਵਾਦੀਆਂ ਦੀ ਤਰ੍ਹਾਂ ਗੈਰ ਸੰਵਿਧਾਨਿਕ, ਗੈਰ ਕਾਨੂੰਨੀ ਅਤੇ ਆਪ ਮੁਹਾਰੇ ਕੰਮ ਕਰੇ ਤਾਂ ਨਿਸ਼ਚਿਤ ਤੌਰ ’ਤੇ ਅਪਰਾਧ ਵਧੇਗਾ। ਪ੍ਰਸਿੱਧ ਵਕੀਲ ਰਾਜਵਿੰਦਰ ਸਿੰਘ ਬੈਂਸ ਦਾ ਮੰਨਣਾ ਹੈ ਕਿ ਅਜੋਕੇ ਪੁਲਿਸ ਮੁਖੀ ਗੌਰਵ ਯਾਦਵ ਦੇ ਕਾਰਜਕਾਲ ਵਿੱਚ ਵੀ ਇਹੀ ਹੁੰਦਾ ਰਿਹਾ। ਉਨ੍ਹਾਂ ਅਨੁਸਾਰ ਇਸ ਪੁਲਿਸ ਮੁਖੀ ਦੇ ਕਾਰਜਕਾਲ ਦੌਰਾਨ ਹੁਣ ਤਕ 324 ਝੂਠੇ ਪੁਲਿਸ ਮੁਕਾਬਲੇ ਹੋ ਚੁੱਕੇ ਹਨ। ਕੀ ਇਸ ਲਈ ਪੰਜਾਬ ਦੇ ਗ੍ਰਹਿ ਮੰਤਰੀ ਭਗਵੰਤ ਮਾਨ ਜੋ ਮੁੱਖ ਮੰਤਰੀ ਵੀ ਹਨ, ਇਸ ਵਿੱਚ ਜ਼ਿੰਮੇਵਾਰ ਨਹੀਂ? ਸਿੱਧੂ ਮੂਸੇ ਵਾਲਾ, ਵਿੱਕੀ ਮਿੱਡੂ ਖੇੜਾ, ਪ੍ਰਦੀਪ ਸਿੰਘ, ਰਾਣਾ ਬਲਾਚੌਰੀਆ, ਨੰਗਲ ਅੰਬੀਆਂ, ਗੁਰਵਿੰਦਰ ਸਿੰਘ ਅਤੇ ਤੇਜਪਾਲ ਸਿੰਘ ਕਬੱਡੀ ਖਿਡਾਰੀ ਆਦਿ ਅਨੇਕ ਕਤਲਾਂ ਦਾ ਕੀ ਬਣਿਆ? “ਯੁੱਧ ਨਸ਼ਿਆਂ ਵਿਰੁੱਧ” ਦੇ ਸ਼ਹੀਦ ਪਰਵਿੰਦਰ ਸਿੰਘ ਝੋਟਾ ਦੇ ਕਤਲ ਸੰਬੰਧੀ ਪੁਲਿਸ ਦਾ ਸ਼ਰਮਨਾਕ ਰੋਲ ਸਭ ਦੇ ਸਾਹਮਣੇ ਹੈ। ਫੌਜੀ ਕਰਨਲ ਪੁਸ਼ਪਿੰਦਰ ਸਿੰਘ ਬਾਠ ਦੀ ਪੁਲਿਸ ਵੱਲੋਂ ਹੋਈ ਅਣਮਨੁੱਖੀ ਕੁੱਟਮਾਰ  ਦਾ ਕੀ ਬਣਿਆ? ਦੇਸ਼ ਦਾ ਗ੍ਰਹਿ ਮੰਤਰੀ ਅਮਿਤ ਸ਼ਾਹ ਵੀ ਇਸ ਮਾਮਲੇ ਵਿੱਚ ਪੰਜਾਬ ਪੁਲਿਸ ਦਾ ਕੁਝ ਨਾ ਵਿਗਾੜ ਸਕਿਆ। ਇਸੇ ਕਰਕੇ ਪੰਜਾਬ ਵਿੱਚ ਪੁਲਿਸ ਰਾਜ ਹੈ।

ਪੰਜਾਬ ਪੁਲਿਸ ਅਧਿਕਾਰੀਆਂ ਨੇ ਪਾਕਿਸਤਾਨ ਫੌਜੀ ਅਧਿਕਾਰੀਆਂ ਵਾਂਗ ਦੇਸ਼-ਵਿਦੇਸ਼ ਵਿੱਚ ਅਥਾਹ ਦੌਲਤ ਇਕੱਠੀ ਕੀਤੀ ਹੋਈ ਹੈ ਅਤੇ ਕਰ ਰਹੇ ਹਨ। ਇਨ੍ਹਾਂ ਵਿੱਚ ਕੋਠੀਆਂ, ਫਲੈਟ, ਜ਼ਮੀਨਾਂ, ਸੋਨਾ, ਗੈਰ ਕਾਨੂੰਨੀ ਹਥਿਆਰ ਅਤੇ ਨਸ਼ੀਲੇ ਪਦਾਰਥਾਂ ਦਾ ਵਪਾਰ ਸ਼ਾਮਲ ਹੈ। ਰਾਜ ਵਿੱਚ ਭ੍ਰਿਸ਼ਟਾਚਾਰ, ਅਪਰਾਧ, ਫਿਰੌਤੀਆਂ, ਗੈਂਗਸਟਰਵਾਦ, ਗੈਰ ਕਾਨੂੰਨੀ ਨਸ਼ੀਲੇ ਪਦਾਰਥਾਂ ਦੀ ਵਿਕਰੀ, ਸ਼ਰਾਬ, ਮਾਈਨਿੰਗ, ਸੱਟਾ, ਲੈਂਡ ਅਤੇ ਹਵਾਲਾ ਮਾਫੀਆ, ਪੁਲਿਸ ਅਤੇ ਰਾਜਨੀਤੀਵਾਨਾਂ ਦੀ ਮਿਲੀ ਭੁਗਤ ਦਾ ਨਤੀਜਾ ਹਨ। ਡੀਆਈਜੀ ਹਰਚਰਨ ਭੁੱਲਰ ਤਾਜ਼ਾ ਮਿਸਾਲ ਹੈ। ਪੰਜਾਬ ਸੰਗਠਤ ਅਪਰਾਧ ਦੀ ਹੱਬ ਬਣਿਆ ਹੋਇਆ ਹੈ।

ਅਜਿਹਾ ਕਿਉਂ ਹੈ?

1. ਅੱਤਵਾਦ ਵੇਲੇ ਮਿਲੀਆਂ ਪੁਲਿਸ ਨੂੰ ਅਸੀਮ ਸ਼ਕਤੀਆਂ ਕਿਸੇ ਸਰਕਾਰ ਨੇ ਖਤਮ ਨਹੀਂ ਕੀਤੀਆਂ। 2. ਪੁਲਿਸ ਨੂੰ ਜਾਂਚਾਂ, ਚਾਰਜ ਸ਼ੀਟਾਂ ਅਤੇ ਸਜ਼ਾਵਾਂ ਦੀ ਕੋਈ ਪਰਵਾਹ ਨਹੀਂ। ਜੇਲ੍ਹ ਵਿੱਚੋਂ ਗੈਰ ਕਾਨੂੰਨੀ ਰਿਹਾਈ ਇਨ੍ਹਾਂ ਲਈ ਚੁਟਕੀ ਦਾ ਕੰਮ ਹੈ। ਪੰਜਾਬ ਹਰਿਆਣਾ ਹਾਈ ਕੋਰਟ ਨੇ ਪੁਲਿਸ ਮੁਖੀ ਤੋਂ ਪੁੱਛਿਆ ਕਿ ਉਨ੍ਹਾਂ ਪੁਲਿਸ ਅਫਸਰਾਂ ਦੀ ਲਿਸਟ ਭੇਜੋ ਜਿਹੜੇ ਸਜ਼ਾਵਾਂ ਅਤੇ ਜਾਂਚਾਂ ਦੇ ਚਲਦੇ ਸੇਵਾਵਾਂ ਜਾਰੀ ਰੱਖ ਰਹੇ ਹਨ। ਲੇਕਿਨ ਜਵਾਬ – ਠੈਂਗਾ। 3. ਰਾਜਨੀਤੀਵਾਨਾਂ, ਗੈਂਗਸਟਰਵਾਦੀਆਂ ਅਤੇ ਪੁਲਿਸ ਵਿਚਕਾਰ ਅਪਵਿੱਤਰ ਗੱਠਜੋੜ ਜਾਰੀ ਹੈ। ਮਿਸਾਲ ਵਜੋਂ ਲਾਰੈਂਸ ਬਿਸ਼ਨੋਈ ਉੱਘੇ ਗੈਂਗਸਟਰ ਦੀ ਖਰੜ ਵਿਖੇ ਪੁਲਿਸ ਹਿਰਾਸਤ ਵਿੱਚ ਇੰਟਰਵਿਊ ਤੋਂ ਪੁਲਿਸ ਮੁਖੀ ਗੌਰਵ ਯਾਦਵ ਸ਼ਰੇਆਮ ਮੁੱਕਰ ਗਿਆ ਸੀ। 4. ਗ੍ਰਹਿ ਮੰਤਰੀ ਅਮਿਤ ਸ਼ਾਹ ਪੰਜਾਬ ਵਿੱਚੋਂ ਨਸ਼ਾ 31 ਦਸੰਬਰ, 2029 ਤਕ ਖਤਮ ਕਰਨ ਦਾ ਐਲਾਨ ਕਰਕੇ ਗਏ ਹਨ। ਪਰ ਇਹ ਨਹੀਂ ਦੱਸ ਕੇ ਗਏ ਕਿ ਕਿਵੇਂ? ਜੇ ਪੁਲਿਸ ਅਤੇ ਅਰਧ ਫੌਜੀ ਬਲਾ ਨੂੰ ਪੰਜਾਬੀਆਂ ਵਿਰੁੱਧ ਦਮਨਕਾਰੀ ਢੰਗ ਨਾਲ ਵਰਤਣਾ ਹੈ ਤਾਂ ਰੱਬ ਰਾਖਾ!

ਨਵਾਂ ਨਵਾਂ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋਇਆ ਇੱਕ ਸਾਬਕਾ ਏਡੀਜੀਪੀ ਗੁਰਿੰਦਰ ਸਿੰਘ ਢਿੱਲੋਂ ਫੁੰਕਾਰੇ ਮਾਰ ਰਿਹਾ ਹੈ ਕਿ ਉਸ ਨੂੰ ਕਮਾਂਡ ਸੌਂਪੀ ਜਾਵੇ, ਰਾਜ ਵਿੱਚੋਂ ਨਸ਼ਾ ਰੋਕ ਕੇ ਦਿਖਾਵੇਗਾ। ਜਦੋਂ ਇਹ ਭੱਦਰ ਪੁਰਸ਼ ਪੰਜਾਬ ਪੁਲਿਸ ਵਿੱਚ ਸੀ, ਉਦੋਂ ਕਿਉਂ ਨਾ ਰੋਕਿਆ?

ਦਰਅਸਲ ਜਿਨ੍ਹਾਂ ਦੇਸ਼ਾਂ ਵਿੱਚ ਪੁਲਿਸ ਸਫਲਤਾਪੂਰਵਕ ਅਮਨ ਕਾਨੂੰਨ ਅਤੇ ਅਪਰਾਧ ਰੋਕਣ ਦਾ ਕੰਮ ਕਰਦੀ ਹੈ, ਉੱਥੇ ਉਹ ਹਮੇਸ਼ਾ ਪਾਰਦਰਸ਼ਤਾ, ਕਾਨੂੰਨ ਅਨੁਸਾਰ ਅਤੇ ਪੂਰਨ ਜਵਾਬਦੇਹੀ ਨਾਲ ਕੰਮ ਕਰਦੀ ਹੈ। ਪੁਲਿਸ ਵਰਦੀਸ਼ਾਹੀ ਰੋਕਣ ਲਈ ਪੰਜਾਬ ਵਿੱਚ ਇੱਕ ਦਲੇਰ, ਦੂਰਅੰਦੇਸ਼, ਪ੍ਰਤੀਬੱਧ ਅਤੇ ਸੂਝਵਾਨ ਲੀਡਰਸ਼ਿੱਪ ਦੀ ਲੋੜ ਹੈ। ਮਹਾਨ ਦਾਰਸ਼ਨਿਕ ਪਲੈਟੋ ਦਾ ਕਹਿਣਾ ਹੈ ਕਿ ਜਦੋਂ ਇੱਕ ਮੂਰਖ ਸ਼ਕਤੀ ਹਾਸਲ ਕਰਦਾ ਹੈਪਹਿਲਾਂ ਉਹ ਸੂਝਵਾਨਾਂ ਨੂੰ ਚੁੱਪ ਕਰਾਉਂਦਾ ਹੈ, ਫਿਰ ਉਹ ਹੋਰ ਮੂਰਖਾਂ ਨੂੰ ਆਪਣੇ ਦੁਆਲੇ ਇਕੱਤਰ ਕਰਦਾ ਹੈ ਅਤੇ ਆਖਰ ਵਿੱਚ ਉਹ ਦੇਸ਼ ਨੂੰ ਬਰਬਾਦ ਕਰਨ ਦਾ ਕੰਮ ਕਰਦਾ ਹੈ। ਜਿੰਨਾ ਚਿਰ ਪੰਜਾਬ ਦੀ ਅਗਵਾਈ ਅਜਿਹੀ ਰਾਜਨੀਤਿਕ ਲੀਡਰਸ਼ਿੱਪ ਦੇ ਹੱਥ ਰਹੇਗੀ ਪਾਕਿਸਤਾਨ ਫੌਜ ਵਾਂਗ ਪੰਜਾਬ ਪੁਲਿਸ ਰਾਜ ਦਾ ਹੱਥਠੋਕਾ ਬਣਿਆ ਰਹੇਗਾ।

*       *       *       *       *

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ:
(This email address is being protected from spambots. You need JavaScript enabled to view it.)

About the Author

ਦਰਬਾਰਾ ਸਿੰਘ ਕਾਹਲੋਂ

ਦਰਬਾਰਾ ਸਿੰਘ ਕਾਹਲੋਂ

Kingston, Ontario, Canada.
(Retd. Punjab State Information Commissioner)
Phone: (Canada 1 - 289 - 829 - 2929)

Email: (kahlondarbarasingh@gmail.com)

More articles from this author