“1978 ਵਿੱਚ ਗਵਾਲੀਅਰ ਵਿਖੇ ਦਾਖਲਾ ਲੈ ਕੇ 1981 ਵਿੱਚ ਵਕਾਲਤ ਪਾਸ ਕੀਤੀ ...”
(6 ਜੂਨ 2025)
ਦਸੰਬਰ 1947 - 5 ਜੂਨ 2025
ਜਲੰਧਰ: ਰੋਜ਼ਾਨਾ ‘ਨਵਾਂ ਜ਼ਮਾਨਾ’ ਦੀ ਸੰਚਾਲਕ ਸੰਸਥਾ ‘ਅਰਜਨ ਸਿੰਘ ਗੜਗੱਜ ਫਾਊਂਡੇਸ਼ਨ’ ਦੇ ਸਕੱਤਰ ਐਡਵੋਕਟ ਗੁਰਮੀਤ ਸਿੰਘ ਸ਼ੁਗਲੀ ਦਾ ਵੀਰਵਾਰ ਸਵੇਰੇ ਨਿਊ ਯਾਰਕ ਵਿੱਚ ਹਾਰਟ ਅਟੈਕ ਨਾਲ ਦਿਹਾਂਤ ਹੋ ਗਿਆ। ਉਹ ‘ਨਵਾਂ ਜ਼ਮਾਨਾ’ ਦੇ ਪ੍ਰਿੰਟਰ ਤੇ ਪਬਲਿਸ਼ਰ ਵੀ ਸਨ। ਉੱਘੇ ਕਮਿਊਨਿਸਟ ਆਗੂ ਮਰਹੂਮ ਹੈੱਡਮਾਸਟਰ ਸੋਹਣ ਸਿੰਘ ਦੇ ਛੋਟੇ ਭਰਾਤਾ ਕਾਮਰੇਡ ਸ਼ੁਗਲੀ ਦੋ ਕੁ ਹਫਤੇ ਪਹਿਲਾਂ ਆਪਣੇ ਛੋਟੇ ਬੇਟੇ ਰਮਨਜੀਤ ਸਿੰਘ ਮੰਡ ਕੋਲ ਗਏ ਸਨ। ਤੜਕੇ ਉਨ੍ਹਾਂ ਨੂੰ ਹਾਰਟ ਅਟੈਕ ਆਇਆ ਤਾਂ ਤੁਰੰਤ ਹਸਪਤਾਲ ਲਿਜਾਇਆ ਗਿਆ, ਜਿੱਥੇ ਇੱਕ ਹੋਰ ਅਟੈਕ ਜਾਨਲੇਵਾ ਸਾਬਤ ਹੋਇਆ। ਉਹ ਆਪਣੇ ਪਿੱਛੇ ਪਤਨੀ ਮਹਿੰਦਰ ਕੌਰ ਤੇ ਵੱਡਾ ਬੇਟਾ ਐਡਵੋਕੇਟ ਰਜਿੰਦਰ ਸਿੰਘ ਮੰਡ, ਦੋਸਤਾਂ-ਮਿੱਤਰਾਂ ਤੇ ਮਿਹਨਤਕਸ਼ ਸਾਥੀਆਂ ਦੀ ਵਿਸ਼ਾਲ ਦੁਨੀਆ ਛੱਡ ਗਏ ਹਨ।
‘ਨਵਾਂ ਜ਼ਮਾਨਾ’ ਦੇ ਸੰਪਾਦਕ ਚੰਦ ਫਤਿਹਪੁਰੀ, ਜਨਰਲ ਮੈਨੇਜਰ ਗੁਰਮੀਤ, ਟ੍ਰਸਟੀ ਜਤਿੰਦਰ ਪਨੂੰ ਅਤੇ ਸਟਾਫ ਉਨ੍ਹਾਂ ਦੇ ਵਿਛੋੜੇ ਦੀ ਖਬਰ ਸੁਣ ਕੇ ਸੁੰਨ ਰਹਿ ਗਏ। ਉਨ੍ਹਾਂ ‘ਨਵਾਂ ਜ਼ਮਾਨਾ’ ਦੀ ਬਿਹਤਰੀ ਲਈ ਕਾਮਰੇਡ ਸ਼ੁਗਲੀ ਦੇ ਅਣਥਕ ਯਤਨਾਂ ਨੂੰ ਚੇਤੇ ਕਰਦਿਆਂ ਉਨ੍ਹਾਂ ਦੇ ਪਰਿਵਾਰ ਨਾਲ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਦਸੰਬਰ 1947 ਵਿੱਚ ਪੈਦਾ ਹੋਏ ਕਾਮਰੇਡ ਸ਼ੁਗਲੀ ਨੇ 1963 ਵਿੱਚ ਮੈਟ੍ਰਿਕ ਆਰੀਆ ਹਾਈ ਸਕੂਲ ਅਲਾਵਲਪੁਰ (ਜਲੰਧਰ) ਤੋਂ ਕੀਤੀ। 1965 ਵਿੱਚ ਮੇਹਰ ਚੰਦ ਪੋਲੀਟੈਕਨੀਕਲ ਇੰਸਟੀਚਿਊਟ ਤੋਂ ਟੀਚਿੰਗ ਟਰੇਨਿੰਗ ਦਾ ਕੋਰਸ ਕੀਤਾ ਅਤੇ 1966 ਅਪਰੈਲ ਤੋਂ ਬਿਆਸ ਪਿੰਡ ਵਿੱਚ ਖੁੱਲ੍ਹੇ ਨਵੇਂ ਜਨਤਾ ਹਾਈ ਸਕੂਲ ਵਿੱਚ ਨੌਕਰੀ ਕਰ ਲਈ। ਫਿਰ 1967 ਵਿੱਚ ਅਲਾਵਲਪੁਰ ਵਿਖੇ ਸਨਾਤਨ ਧਰਮ ਹਾਈ ਸਕੂਲ ਵਿੱਚ ਨੌਕਰੀ ਕੀਤੀ, ਜਿੱਥੇ ਕਾਮਰੇਡ ਸੋਹਣ ਸਿੰਘ ਹੈੱਡਮਾਸਟਰ ਸਨ। ਇਸੇ ਦੌਰਾਨ ਉਨ੍ਹਾਂ 1967 ਵਿੱਚ ਪੰਜਾਬ ਯੂਨੀਵਰਸਿਟੀ ਈਵਨਿੰਗ ਕਾਲਜ ਬਸਤੀ ਨੌ ਜਲੰਧਰ ਵਿਖੇ ਪ੍ਰੈੱਪ ਵਿੱਚ ਦਾਖਲਾ ਲੈ ਲਿਆ। ਦਿਨੇ ਸਕੂਲ ਵਿੱਚ ਪੜ੍ਹਾਉਦਿਆਂ-ਪੜ੍ਹਾਉਂਦਿਆਂ ਰਾਤ ਨੂੰ ਕਾਲਜ ਪੜ੍ਹਦਿਆਂ ਉਨ੍ਹਾਂ 1971 ਵਿੱਚ ਬੀ ਏ ਕਰ ਲਈ। ਇਸ ਤੋਂ ਬਾਅਦ ਪੱਤਰ ਵਿਹਾਰ ਰਾਹੀਂ ਸ਼ਿਮਲਾ ਯੂਨੀਵਰਸਿਟੀ ਤੋਂ ਐੱਮ ਏ ਰਾਜਨੀਤੀ ਸ਼ਾਸਤਰ ਕਰ ਲਈ ਅਤੇ ਬਾਅਦ ਵਿੱਚ ਪ੍ਰਾਈਵੇਟ ਤੌਰ ’ਤੇ ਪੰਜਾਬ ਯੂਨੀਵਰਸਿਟੀ ਪਟਿਆਲਾ ਤੋਂ ਐੱਮ ਏ ਪੰਜਾਬੀ ਕੀਤੀ। 1978 ਵਿੱਚ ਗਵਾਲੀਅਰ ਵਿਖੇ ਦਾਖਲਾ ਲੈ ਕੇ 1981 ਵਿੱਚ ਵਕਾਲਤ ਪਾਸ ਕੀਤੀ। ਅਗਸਤ 1981 ਵਿੱਚ ਵਕਾਲਤ ਦੀ ਪ੍ਰੈਕਟਿਸ ਸ਼ੁਰੂ ਕੀਤੀ, ਜੋ ਆਖਰੀ ਦਮ ਤਕ ਜਾਰੀ ਰਹੀ। ਉਨ੍ਹਾਂ ਸਰਕਾਰੀ ਮਿਡਲ ਸਕੂਲ ਰਹੀਮਪੁਰ, ਜ਼ਿਲ੍ਹਾ ਜਲੰਧਰ ਵਿਖੇ ਵੀ ਪੜ੍ਹਾਇਆ।
ਉਨ੍ਹਾਂ ਦਾ ਸਿਆਸੀ ਜੀਵਨ 1967 ਵਿੱਚ ਅਲਾਵਲਪੁਰ ਸਕੂਲ ਵਿੱਚ ਨੌਕਰੀ ਕਰਦਿਆਂ ਹੀ ਸ਼ੁਰੂ ਹੋ ਗਿਆ ਸੀ। ਵੱਡੇ ਭਰਾ ਹੈੱਡਮਾਸਟਰ ਸੋਹਣ ਸਿੰਘ ਪਹਿਲਾਂ ਹੀ ਸੀ ਪੀ ਆਈ ਨਾਲ ਜੁੜੇ ਹੋਏ ਸਨ, ਉਹ ਵੀ ਪਾਰਟੀ ਨਾਲ ਜੁੜ ਗਏ।
1967 ਵਿੱਚ ਪ੍ਰਾਈਵੇਟ ਸਕੂਲਾਂ ਵਿੱਚ ਘੱਟ ਤਨਖਾਹਾਂ ਹੋਣ ਕਰਕੇ ਬੇਚੈਨੀ ਪਾਈ ਜਾਂਦੀ ਸੀ। ਪ੍ਰਾਈਵੇਟ ਟੀਚਰਜ਼ ਯੂਨੀਅਨ ਨੇ ਬੜੀ ਸ਼ਿੱਦਤ ਨਾਲ ਇਹ ਮਸਲਾ ਚੁੱਕਿਆ ਅਤੇ ਸਰਕਾਰੀ ਸਕੂਲਾਂ ਦੇ ਅਧਿਆਪਕਾਂ ਜਿੰਨੀ ਤਨਖਾਹ ਲਈ ਕੁਠਾਰੀ ਕਮਿਸ਼ਨ ਦੀ ਮੰਗ ਕੀਤੀ। ਉਦੋਂ ਲਛਮਣ ਸਿੰਘ ਗਿੱਲ ਦੀ ਸਰਕਾਰ ਸੀ। ਮੰਗ ਮੰਨਵਾਉਣ ਲਈ ਚੰਡੀਗੜ੍ਹ ਜਾਣ ਵਾਲੇ ਪਹਿਲੇ ਜਥੇ ਵਿੱਚ ਕਾਮਰੇਡ ਸ਼ੁਗਲੀ ਵੀ ਸ਼ਾਮਲ ਸਨ। ਉੱਥੇ ਗ੍ਰਿਫਤਾਰੀ ਤੋਂ ਪਹਿਲਾਂ ਕਾਮਰੇਡ ਸ਼ੁਗਲੀ ਨੇ ਇਹ ਕਵਿਤਾ ਪੜ੍ਹੀ:
ਗਿੱਲਾ, ਆਪਣੇ ਹੱਕ ਮੰਗਦੇ ਹਾਂ,
ਕੋਈ ਮੱਝ, ਗਾਂ ਨਹੀਂ ਮੰਗੀ।
ਚੁੱਪ ਕਰਕੇ ਤੂੰ ਪੈਸੇ ਕੱਢਦੇ,
ਨਾ ਸੋਚੀਂ, ਨਾ ਸੰਗੀਂ।
ਫਿਰ ਬੜੇ ਜੋਸ਼ੋ-ਖਰੋਸ਼ ਨਾਲ ਬਾਕੀ ਪੰਜਾਬ ਤੋਂ ਆਏ ਜੱਥਿਆਂ ਨਾਲ ਧੱਕਾਮੁੱਕੀ ਤੋਂ ਬਾਅਦ ਗ੍ਰਿਫਤਾਰੀ ਦਿੱਤੀ। ਪੇਸ਼ੀ ਤੋਂ ਬਾਅਦ ਫੜੇ ਅਧਿਆਪਕਾਂ ਨੂੰ ਅੰਬਾਲਾ ਜੇਲ੍ਹ ਵਿੱਚ ਭੇਜ ਦਿੱਤਾ ਗਿਆ। ਅਖੀਰ ਸਰਕਾਰ ਨੇ ਦਸੰਬਰ ਵਿੱਚ ਮੰਗਾਂ ਮੰਨ ਕੇ ਰਿਹਾ ਕਰ ਦਿੱਤਾ। ਉਨ੍ਹਾਂ ਦਾ ਵਿਆਹ 29 ਸਤੰਬਰ 1968 ਨੂੰ ਹੋਇਆ। ਉਨ੍ਹਾਂ ਸੀ ਪੀ ਆਈ ਵਿੱਚ ਕੰਮ ਕਰਦਿਆਂ ਭਾਰਤ ਨੌਜਵਾਨ ਸਭਾ ਵਿੱਚ ਵੀ ਕੰਮ ਕਰਨਾ ਸ਼ੁਰੂ ਕਰ ਦਿੱਤਾ ਸੀ। ਉਹ ਪਾਠਕ ਵਜੋਂ ‘ਨਵਾਂ ਜ਼ਮਾਨਾ’ ਨਾਲ ਤਾਂ 1967 ਵਿੱਚ ਜੁੜ ਗਏ ਸਨ, ਪਰ ਇਸਦੇ ਟ੍ਰਸਟੀ 1990 ਵਿੱਚ ਬਣੇ।
* * *
ਦੋਸਤੋ, ਅਜੇ ਪਿਛਲੇ ਹਫਤੇ ਹੀ ਮੇਰੀ ਸ਼ੁਗਲੀ ਹੋਰਾਂ ਨਾਲ ਫੋਨ ’ਤੇ ਗੱਲਬਾਤ ਹੋਈ ਸੀ। ਉਹ ਪੂਰੇ ਚੜ੍ਹਦੀ ਕਲਾ ਵਿੱਚ ਸਨ। ਉਨ੍ਹਾਂ ਦੇ ਅਚਾਨਕ ਤੁਰ ਜਾਣ ਬਾਰੇ ਪੜ੍ਹਕੇ ਮਨ ਨੂੰ ਝਟਕਾ ਲੱਗਾ ਹੈ --- ਅਵਤਾਰ ਗਿੱਲ।
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (This email address is being protected from spambots. You need JavaScript enabled to view it.om)