“ਪਿਛਲੇ ਮਹੀਨੇ ਚੰਡੀਗੜ੍ਹ ਵਿੱਚ ਇਨ੍ਹਾਂ ਦੁਆਰਾ ਵਿਰੋਧੀਆਂ ਦੀਆਂ ਵੋਟਾਂ ਕੈਂਸਲ ਕਰਕੇ ਜਿਹੜਾ ਚੰਦ ਚਾੜ੍ਹਿਆ ਗਿਆ ਸੀ ...”
(4 ਮਾਰਚ 2024)
ਇਸ ਸਮੇਂ ਪਾਠਕ 125.
ਲੱਖ ਕੋਸ਼ਿਸ਼ਾਂ ਦੇ ਬਾਵਜੂਦ ਅਠਾਰ੍ਹਵੀਂ ਲੋਕ ਸਭਾ, ਜੋ ਤਕਰੀਬਨ ਵੀਹ ਸੌ ਚੌਵੀ ਦੇ ਅਪਰੈਲ ਮਹੀਨੇ ਤਕ ਚੁਣੀ ਜਾਣੀ ਹੈ, ਵਿੱਚ ਵੱਖ-ਵੱਖ ਪਾਰਟੀਆਂ ਅਤੇ ਅਜ਼ਾਦ ਉਮੀਦਵਾਰਾਂ, ਸਮੇਤ ਅਪਰਾਧੀਆਂ ਦਾ ਵੀ ਆਪਣਾ ਹਿੱਸਾ ਹੋਵੇਗਾ। ਇਸ ਚੋਣ ਤੋਂ ਬਾਅਦ ਇਹ ਵਿਅਕਤੀ ਪਾਰਲੀਮੈਂਟ ਵਿੱਚ ਜਾਣ ਸਮੇਂ ਪਹਿਲੇ ਦਿਨ ਤੋਂ ਹੀ ਕਰੋੜਾਂ ਖਰਚੇ ਨਾਲ ਬਣੀ ਨਵੀਂ ਪਾਰਲੀਮੈਂਟ ਵਿੱਚ ਬੈਠਣਗੇ। ਤੁਸੀਂ ਦੇਖੋਗੇ ਕਿ ਬਿਲਡਿੰਗ ਹੀ ਨਵੀਂ ਹੋਵੇਗੀ, ਬਾਕੀ ਪਾਰਟੀਆਂ - ਹੁਕਮਰਾਨ ਦੀਆਂ ਜ਼ਿਆਦਤੀਆਂ, ਵਿਰੋਧੀਆਂ ਦਾ ਰੌਲਾ-ਰੱਪਾ ਅਤੇ ਵਾਕਆਊਟ ਪੁਰਾਣਾ ਹੀ ਹੋਵੇਗਾ।
ਪਿਛਲੇ ਦਸ ਸਾਲਾਂ ਤੋਂ ਰਾਜ ਗੱਦੀ ’ਤੇ ਬੈਠੀ ਭਾਜਪਾ ਨੇ ਅੱਜ ਦੇ ਦਿਨ ਤਕ ਜਮਹੂਰੀ ਦੇਸ਼ ਵਿੱਚ ਬੇਝਿਜਕ ਹੋ ਕੇ ਧਰਮ ਦੀ ਵਰਤੋਂ ਕੀਤੀ ਹੈ ਅਤੇ ਕਰ ਰਹੇ ਹਨ, ਜਿਸਦੀ ਸਾਡਾ ਸੰਵਿਧਾਨ ਆਗਿਆ ਨਹੀਂ ਦਿੰਦਾ। ਸਿੱਖਿਆ ਤੋਂ ਵੱਧ ਖਰਚਾ ਲੋਕਾਂ ਦੀਆਂ ਭਾਵਨਾਵਾਂ ਨੂੰ ਭੜਕਾਉਣ ਖਾਤਰ ਧਾਰਮਿਕ ਸੰਸਥਾਵਾਂ ਨੂੰ ਦਿੱਤਾ ਜਾ ਰਿਹਾ ਹੈ। ਇਸੇ ਕਰਕੇ ਅਜ਼ਾਦੀ ਦੇ ਪੰਝੱਤਰ ਸਾਲ ਬਾਅਦ ਵੀ ਅਸੀਂ ਸਿੱਖਿਆ ਦੇ ਖੇਤਰ ਵਿੱਚ ਦੁਨੀਆ ਦੇ ਮੁਕਾਬਲੇ ਕਿਤੇ ਨਹੀਂ ਲੱਭਦੇ। ਇਸੇ ਕਰਕੇ ਦੇਸ਼ ਦੇ ਆਗੂ ਨੇ ਬਿਨਾਂ ਮੁਕੰਮਲ ਹੋਏ ਰਾਮ ਮੰਦਰ ਦਾ ਉਦਘਾਟਨ ਕਰਕੇ, ਨਿਰਜੀਵ ਪੱਥਰ ਮੂਰਤੀ ਵਿੱਚ ਪ੍ਰਾਣ ਪ੍ਰਤਿਸ਼ਟਾ ਦਾ ਪੰਡਤਾਂ-ਪੁਜਾਰੀਆਂ ਨੂੰ ਪਿੱਛੇ ਕਰਕੇ ਨਾਟਕ ਕੀਤਾ ਹੈ। ਪੈਸੇ ਦੇ ਜ਼ੋਰ ਨਾਲ ਐਸਾ ਅਡੰਬਰ ਰਚਿਆ ਗਿਆ, ਜਿਸ ਨੂੰ ਦੇਖ-ਸੁਣ ਕੇ ਸ਼ਰਧਾਲੂ ਭੁੱਖੇ ਢਿੱਡ ਹੀ ਜੈ ਸ੍ਰੀ ਰਾਮ ਅਲਾਪ ਰਹੇ ਹਨ। ਭੁੱਖ, ਮਹਿੰਗਾਈ, ਅੱਤਿਆਚਾਰ, ਬੇਰੁਜ਼ਗਾਰੀ ਆਦਿ ਖਿਲਾਫ਼ ਲੜਨ ਦੀ ਸ਼ਕਤੀ ਜੈ ਸ੍ਰੀ ਰਾਮ ਨੇ ਖ਼ਤਮ ਕਰ ਦਿੱਤੀ ਹੈ। ਇਸੇ ਕਰਕੇ ਅੱਜ ਦੇ ਦਿਨ ਦੇਸ਼ ਦੀ ਨੌਜਵਾਨੀ, ਜੋ ਦੇਸ਼ ਨੂੰ ਆਧੁਨਿਕ ਬਣਾਉਣ ਵਿੱਚ ਹਿੱਸੇਦਾਰ ਹੁੰਦੀ ਹੈ, ਖੁੰਢੀ ਕਰ ਦਿੱਤੀ ਗਈ ਹੈ। ਅੱਜ ਦੇ ਦਿਨ ਦੇਸ਼ ਦੇ ਮੁਖੀ ਦਾ ਯਾਰਾਨਾ ਜਨਤਾ ਦੀ ਬਜਾਏ ਦੋ-ਤਿੰਨ ਦੇਸ਼ ਦੇ ਵੱਡੇ ਘਰਾਣਿਆਂ ਨਾਲ ਹੈ, ਜਿਹੜੇ ਦੇਸ਼ ਨੂੰ ਆਪਣੀ ਮਰਜ਼ੀ ਨਾਲ ਦਿਸ਼ਾ ਦਿੰਦੇ ਹਨ। ਇਸ ਕਰਕੇ ਦੇਸ਼-ਮੁਖੀ ਤੇ ਉਸ ਦਾ ਲਾਣਾ ਆਮ ਕਰਕੇ ਦੇਸ਼ ਦੀਆਂ ਚੋਣਾਂ ਦੌਰਾਨ ਉਨ੍ਹਾਂ ਵੱਡੇ ਘਰਾਣਿਆਂ ਦੇ ਹੈਲੀਕਾਪਟਰ ਅਤੇ ਜਹਾਜ਼ਾਂ ’ਤੇ ਸਫ਼ਰ ਅਤੇ ਪ੍ਰਚਾਰ ਕਰਦੇ ਹਨ।
ਉਂਜ ਵੀ ਦੇਸ਼ ਦਾ ਸਮੁੱਚਾ ਪੈਸਾ ਸਰਕਾਰ ਪਾਸ ਹੁੰਦਾ ਹੈ, ਜਿਸਦੀ ਦੁਰਵਰਤੋਂ ਨਾਲ ਸੂਬੇ ਦੀਆਂ ਸਰਕਾਰਾਂ, ਉਨ੍ਹਾਂ ਦੇ ਚੁਣੇ ਹੋਏ ਮੈਂਬਰ ਜਾਂ ਲੋੜੀਂਦੇ ਨੇਤਾ ਖਰੀਦੇ ਜਾਂਦੇ ਹਨ। ਫਿਰ ਆਪਣਾ ਠੱਪਾ ਲਾ ਕੇ ਥਾਪੀਆਂ ਮਾਰ ਕੇ ਆਪਣੀ ਪਾਰਟੀ ਦਾ ਪ੍ਰਦਰਸ਼ਨ ਕੀਤਾ ਜਾਂਦਾ ਹੈ, ਜਿਵੇਂ ਪਿਛਲੇ ਸਮੇਂ ਸਰਕਾਰ ਦੁਆਰਾ ਵੱਖ-ਵੱਖ ਸੂਬਿਆਂ ਅਤੇ ਯੂਨੀਅਨ ਟੈਰੇਟਰੀ ਵਿੱਚ ਕੀਤਾ ਗਿਆ ਹੈ। ਜਿਵੇਂ ਚੀਨ ਨੇ ਆਪਣੇ ਵਿਗਿਆਨੀਆਂ ਦੇ ਗਿਆਨ ਦੁਆਰਾ ਸਾਇੰਸ ਦਾ ਸਹਾਰਾ ਲੈ ਕੇ ਚੰਦ ਚਾੜ੍ਹਿਆ ਹੈ, ਉਵੇਂ ਭਾਜਪਾਈਏ ਪੈਸੇ ਦੇ ਜ਼ੋਰ ਨਾਲ ਵੱਖ-ਵੱਖ ਸੂਬਿਆਂ ਵਿੱਚ ਆਪਣੀਆਂ ਕਰਤੂਤਾਂ ਰਾਹੀਂ ਚੰਦ ਚਾੜ੍ਹ ਰਹੇ ਹਨ।
ਦਾਮ ਦੇ ਜ਼ੋਰ ਨਾਲ ਪਿਛਲੇ ਮਹੀਨੇ ਚੰਡੀਗੜ੍ਹ ਵਿੱਚ ਇਨ੍ਹਾਂ ਦੁਆਰਾ ਵਿਰੋਧੀਆਂ ਦੀਆਂ ਵੋਟਾਂ ਕੈਂਸਲ ਕਰਕੇ ਜਿਹੜਾ ਚੰਦ ਚਾੜ੍ਹਿਆ ਗਿਆ ਸੀ, ਉਸ ਦੀ ਰੌਸ਼ਨੀ ਸੁਪਰੀਮ ਕੋਰਟ ਦੇ ਵੱਡੇ ਜੱਜ ਨੇ ਇਨ੍ਹਾਂ ਦੀਆਂ ਗਲਤੀਆਂ ਫੜ ਕੇ ਹਨੇਰੇ ਵਿੱਚ ਬਦਲ ਦਿੱਤੀ। ਪਰ ਮਨੁੱਖ ਜਿਸ ਗੱਲ ਦਾ ਆਦੀ ਹੋ ਜਾਂਦਾ ਹੈ, ਉਹ ਆਪਣੇ ਆਪ ਨੂੰ ਹੋਰ ਅਪਰਾਧ ਕਰਨ ਤੋਂ ਰੋਕ ਨਹੀਂ ਸਕਦਾ। ਇਸੇ ਕਰਕੇ ਤਾਕਤ ਅਤੇ ਪੈਸੇ ਦੇ ਨਸ਼ੇ ਵਿੱਚ ਉਸੇ ਪਾਰਟੀ ਭਾਜਪਾ ਵੱਲੋਂ ਅੱਖ ਵਿੱਚ ਰੜਕਦੀ ਹਿਮਾਚਲ ਸਰਕਾਰ ਨਾਲ ਰਾਜ ਸਭਾ ਦੀਆਂ ਚੋਣਾਂ ਵੇਲੇ ਕੀਤਾ ਗਿਆ, ਜਿਸ ਵਿੱਚ ਸਾਰਾ ਜ਼ੋਰ ਲਾਉਣ ਤੋਂ ਬਾਅਦ ਭਾਜਪਾ ਸਿਰਫ਼ ਟਾਸ ਵਿੱਚ ਜਿੱਤੀ, ਜਿਸ ’ਤੇ ਹਾਲ ਦੀ ਘੜੀ ਹਿਮਾਚਲ ਦੀ ਕਾਂਗਰਸ ਸਰਕਾਰ ਬਚਾ ਲਈ ਗਈ ਹੈ। ਇਸ ਤੋਂ ਕਾਂਗਰਸ ਨੂੰ ਚੌਕਸ ਰਹਿਣਾ ਚਾਹੀਦਾ ਹੈ। ਜ਼ਰੂਰ ਹੀ ਕਾਂਗਰਸੀਆਂ ਵੱਲੋਂ ਕੁਝ ਅਣ-ਗਹਿਲੀਆਂ ਰਹੀਆਂ ਹੋਣਗੀਆਂ ਜੋ ਸੰਬੰਧਤ ਭਾਣਾ ਵਰਤਿਆ। ਕਾਰਾ ਕਰਨ ਵਾਲੇ ਸਾਰੇ ਜਾਇਜ਼-ਨਜਾਇਜ਼ ਹਥਿਆਰ ਵਰਤਦੇ ਹਨ। ਪਰ ਲਗਦਾ ਹੈ ਕਿ ਕਾਂਗਰਸ ਜਾਇਜ਼ ਹਥਿਆਰ ਵਰਤਣ ਵਿੱਚ ਵੀ ਹਰ ਵਾਰ ਫੇਲ ਹੋ ਜਾਂਦੀ ਹੈ ਜਾਂ ਪਛੜ ਜਾਂਦੀ ਹੈ। ਜਿਵੇਂ ਗੋਆ ਵਿੱਚ ਜਿੱਤਦੀ ਕਾਂਗਰਸ ਹੈ ਪਰ ਸਰਕਾਰ ਪੈਸੇ ਦੇ ਜ਼ੋਰ ਨਾਲ ਭਾਜਪਾ ਬਣਾ ਲੈਂਦੀ ਹੈ। ਇਹ ਅਸੀਂ ਨਹੀਂ ਬਲਕਿ ਕਾਂਗਰਸ ਨੇ ਖਿਆਲ ਰੱਖਣਾ ਹੈ ਕਿ ਕਿਵੇਂ ਬਿਨਾਂ ਅਜ਼ਮਾਏ ਪੰਝੀ-ਛੱਬੀ ਸਾਲ ਦੇ ਨੌਜਵਾਨ ਨੂੰ ਟਿਕਟ ਦੇ ਕੇ ਉਸ ਨੂੰ ਜਿਤਾ ਦਿੱਤਾ ਜੋ ਛੇ ਬਾਗੀਆਂ ਵਿੱਚ ਸ਼ਾਮਲ ਹੈ। ਜਿਹੜੇ ਪਾਰਟੀ ਲਈ ਦਿਨ-ਰਾਤ ਇੱਕ ਕਰਦੇ ਹਨ, ਉਨ੍ਹਾਂ ਨੂੰ ਬਣਦਾ ਹੱਕ ਨਾ ਦੇ ਕੇ ਆਪਹੁਦਰੀਆਂ ਕਰੋਗੇ ਤਾਂ ਫਿਰ ਪਾਵਰ ਅਤੇ ਪੈਸੇ ਦੇ ਭੁੱਖੇ ਅਜਿਹਾ ਹੀ ਕਰਨਗੇ। ਭਾਵੇਂ ਸੁਣਨ-ਦੇਖਣ ਵਿੱਚ ਸਾਹਮਣੇ ਆਇਆ ਹੈ ਕਿ ਅਸਲ ਲੜਾਈ ਸਾਬਕ ਰਾਜੇ ਮੁੱਖ ਮੰਤਰੀ ਦੇ ਪਰਿਵਾਰ ਅਤੇ ਡਰਾਈਵਰ ਦੇ ਪਰਿਵਾਰ ਵਿੱਚ ਹੈ। ਪਰ ਅਜਿਹੀ ਚੋਣ ਨੂੰ ਅੱਜ ਦੇ ਦਿਨ ਗਲਤ ਨਹੀਂ ਪ੍ਰਚਾਰਨਾ ਚਾਹੀਦਾ। ਅਗਰ ਕੋਈ ਵੀ ਪਾਰਟੀ ਆਪਣੇ ਵਰਕਰ ਦੀ ਕਦਰ ਨਹੀਂ ਕਰੇਗੀ, ਫਿਰ ਕਿਸ ਦੀ ਕਦਰ ਕਰੇਗੀ? ਹਾਈ ਕਮਾਂਡ ਦੀ ਹਮੇਸ਼ਾ ਬਾਜ਼ ਅੱਖ ਹੋਣੀ ਚਾਹੀਦੀ ਹੈ। ਮਨ-ਮੁਟਾਵੇ ਵੇਲੇ ਸਿਰ ਦਖ਼ਲ ਦੇ ਕੇ ਨਿਪਟਾਉਣੇ ਚਾਹੀਦੇ ਹਨ। ਹਾਈ ਕਮਾਂਡ ਤਕ ਦਾ ਸਭ ਦਾ ਰਸਤਾ ਸਾਫ਼ ਅਤੇ ਸਿੱਧਾ ਹੋਣਾ ਚਾਹੀਦਾ ਹੈ।
ਧਰਮ ਅਤੇ ‘ਦਾਮ’ ਦਾ ਇਸਤੇਮਾਲ ਸਿਰਫ਼ ਕੁਝ ਵਿਰੋਧੀ ਪਾਰਟੀਆਂ ਖ਼ਿਲਾਫ਼ ਹੀ ਨਹੀਂ ਬਲਕਿ ਸਭ ਪਾਰਟੀਆਂ ਖ਼ਿਲਾਫ਼, ਜੋ ਚੋਣਾਂ ਵਿੱਚ ਹਿੱਸਾ ਲੈਂਦੀਆਂ ਹਨ, ਹੁੰਦਾ ਹੈ। ਠੀਕ ਇਸੇ ਤਰ੍ਹਾਂ ਅੱਜ ਦੇ ਦਿਨ ਤਕ ਰਾਜ ਕਰਦੀ ਪਾਰਟੀ ਉਪਰੋਕਤ ਹਥਿਆਰ ਤੋਂ ਇਲਾਵਾ ਸਮੇਂ ਸਿਰ ਸਭ ਸਰਕਾਰੀ ਏਜੰਸੀਆਂ ਦਾ ਪ੍ਰਯੋਗ ਕਰਦੀ ਹੈ। ਜਿਸ ਨਾਲ ਸਭ ਨੂੰ ਭੈਭੀਤ ਕੀਤਾ ਜਾਂਦਾ ਹੈ। ਇਸ ਕਰਕੇ ਪਾਰਟੀਆਂ ਦੀ ਕਮਜ਼ੋਰ ਕੜੀ ਨੂੰ ਤੋੜਿਆ ਜਾਂਦਾ ਹੈ। ਅਸੀਂ ਏਜੰਸੀਆਂ ਦੀ ਜਾਂਚ ਖ਼ਿਲਾਫ਼ ਬਿਲਕੁਲ ਨਹੀਂ ਹਾਂ ਪਰ ਸਮੇਂ ਦੀ ਚੋਣ ਖ਼ਿਲਾਫ਼ ਹਾਂ। ਜਦੋਂ ਸਾਰੀਆਂ ਪਾਰਟੀਆਂ ਚੋਣ ਲਈ ਆਪੋ ਆਪਣੀ ਤਿਆਰੀ ਕਰ ਰਹੀਆਂ ਹਨ ਤਾਂ ਏਜੰਸੀਆਂ ਵੀ ਅਚਾਨਕ ਸਰਗਰਮ ਹੋ ਜਾਂਦੀਆਂ ਹਨ, ਜਿਵੇਂ ਉਨ੍ਹਾਂ ਵੀ ਚੋਣਾਂ ਲੜਨੀਆਂ ਹੋਣ। ਰਾਜ ਸਭਾ ਦੀਆਂ ਚੋਣਾਂ ਹੋ ਰਹੀਆਂ ਹਨ। ਲੋਕ ਸਭਾ ਦੀਆਂ ਚੋਣਾਂ ਦੀ ਘੋਸ਼ਣਾ ਹੋਣ ਵਾਲੀ ਹੈ, ਤੁਸੀਂ ਦੇਖੋਗੇ ਕਿ ਸੂਬਿਆਂ ਦੇ ਮੁੱਖ ਮੰਤਰੀਆਂ, ਸਾਬਕਾ ਮੁੱਖ ਮੰਤਰੀਆਂ ਅਤੇ ਵੱਖ-ਵੱਖ ਮੰਤਰੀਆਂ ਨੂੰ ਸੰਮਨ ਉੱਤੇ ਸੰਮਨ ਭੇਜੇ ਜਾ ਰਹੇ ਹਨ। ਬੜੀ ਅਸਾਨੀ ਨਾਲ ਪੁੱਛਿਆ ਜਾ ਸਕਦਾ ਹੈ ਕਿ ਇਹ ਕੁਝ ਪਹਿਲਾਂ ਕਿਉਂ ਨਹੀਂ ਕੀਤਾ ਜਾ ਸਕਦਾ?
ਅਜਿਹੀਆਂ ਉਪਰੋਕਤ ਕਾਰਵਾਈਆਂ ਵਿੱਚੋਂ ਕੁਝ ਸਬਕ ਨਿਕਲਦੇ ਹਨ, ਜਿਨ੍ਹਾਂ ਨੂੰ ਸਾਨੂੰ ਆਪਣੇ ਲੜ ਬੰਨ੍ਹ ਲੈਣਾ ਚਾਹੀਦਾ ਹੈ ਕਿ ਸਾਨੂੰ ਸਭ ਵਿਰੋਧੀਆਂ ਨੂੰ ਰਲ ਕੇ ਸਿਰਫ਼ ਚੋਣਾਂ ਸਮੇਂ ਹੀ ਨਹੀਂ, ਬਲਕਿ ਪਹਿਲਾਂ ਵੀ ਰਲ ਕੇ ਸਵਾਲ ਉਠਾਉਣੇ ਚਾਹੀਦੇ ਹਨ। ਉਨ੍ਹਾਂ ਖ਼ਿਲਾਫ਼ ਲੜਨਾ ਚਾਹੀਦਾ ਹੈ ਤਾਂ ਜੋ ਸਭ ਵਿਰੋਧੀਆਂ ਵਿੱਚ ਸਾਂਝ ਵਧੇ, ਸਾਂਝੇ ਘੋਲਾਂ ਨੂੰ ਬੂਰ ਪਵੇ। ਜਿੱਥੇ ਅਜਿਹੇ ਸਵਾਲਾਂ ਖ਼ਿਲਾਫ਼ ਲੜਨਾ ਹੈ, ਉੱਥੇ ਹੀ ਈਵੀਐੱਮ ਖ਼ਿਲਾਫ਼ ਲਗਾਤਾਰ ਇੱਕ ਹੋ ਕੇ ਨਿਰੰਤਰ ਲੜਾਈ ਦੇਣੀ ਚਾਹੀਦੀ ਹੈ। ਅਸਲ ਵਿੱਚ ਸਰਕਾਰ ਦਾ ਰੌਲਾ ਘਬਰਾਹਟ ਵਿੱਚੋਂ ਹੈ।
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(4774)
(ਸਰੋਕਾਰ ਨਾਲ ਸੰਪਰਕ ਲਈ: (